ਖਾਸ ਖਬਰਾਂ

ਅਫ਼ਗ਼ਾਨਿਸਤਾਨ ਵਿਚੋਂ ਅਮਰੀਕਾ ਦੀ ਵਾਪਸੀ ਅਤੇ ਤਾਲੀਬਾਨ ਦੇ ਵੱਧ ਰਹੇ ਦਬਦਬੇ ਨਾਲ ਬਦਲ ਰਹੇ ਨੇ ਦੱਖਣੀ ਏਸ਼ੀਆ ਦੇ ਹਾਲਾਤ

July 10, 2021 | By

ਚੰਡੀਗੜ੍ਹ – ਕਰੀਬ ਵੀਹ ਸਾਲ ਬਾਅਦ ਅਮਰੀਕੀ ਫੌਜ ਅਫਗਾਨਿਸਤਾਨ ਛੱਡ ਕੇ ਜਾ ਰਹੀ ਹੈ ਜਾਂ ਕਹਿ ਲਓ ਕਿ ਉਹਨਾਂ ਨੂੰ ਅਫਗਾਨਿਸਤਾਨ ਛੱਡਣਾ ਪੈ ਰਿਹਾ ਹੈ ਅਤੇ ਦੂਜੇ ਪਾਸੇ ਤਾਲਿਬਾਨ ਅੱਜ ਪਹਿਲਾਂ ਨਾਲੋਂ ਮਜਬੂਤ ਸਥਿਤੀ ਵਿੱਚ ਹਨ। ਇਸ ਘਟਨਾਕ੍ਰਮ ਉੱਤੇ ਸਾਰੀ ਦੁਨੀਆ ਦੀਆਂ ਨਿਗਾਹਾਂ ਹਨ ਕਿਉਂਕਿ ਇਸ ਦੇ ਸੰਸਾਰ ਅਤੇ ਦੱਖਣੀ ਏਸ਼ੀਆ ਉੱਤੇ ਅਸਰ ਪੈਣੇ ਲਾਜਮੀ ਹਨ।

ਅਫਗਾਨਿਸਤਾਨ ਵਿਚਲੀ ਮੌਜੂਦਾ ਸਥਿਤੀ

ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਵੱਲੋਂ ਅਫਗਾਨਿਸਤਾਨ ਵਿਚਲੇ 2500 ਦੇ ਕਰੀਬ ਅਮਰੀਕੀ ਫੌਜੀਆਂ ਨੂੰ ਬਾਹਰ ਕੱਢਣ ਦੀ ਆਖਰੀ ਤਰੀਕ 11 ਸਤੰਬਰ 2021 ਐਲਾਨਣ ਤੋਂ ਬਾਅਦ ਅਫਗਾਨਿਸਤਾਨ ਵਿੱਚ ਹਿੰਸਾ ਦਾ ਦੌਰ ਮੁੜ ਸ਼ੁਰੂ ਹੋ ਗਿਆ ਹੈ। ਤਾਲਿਬਾਨ ਵੱਲੋਂ ਅਫਗਾਨਿਸਤਾਨ ਦੇ ਵੱਖ-ਵੱਖ ਸ਼ਹਿਰਾਂ ਦੇ ਪ੍ਰਬੰਧ ਉੱਤੇ ਕਾਬਜ਼ ਹੋ ਰਹੇ ਹਨ। ਹਾਲ ਵਿੱਚ ਹੀ ਤਾਲਿਬਾਨ ਉੱਤਰੀ ਅਫਗਾਨਿਸਤਾਨ ਦੇ ਕਈ ਅਹਿਮ ਸ਼ਹਿਰਾਂ ਵਿੱਚ ਦਾਖਿਲ ਹੋ ਗਏ ਹਨ।

ਜੋਅ ਬਾਇਡਨ

ਖਬਰ ਅਦਾਰੇ ਅਲਜਜ਼ੀਰਾ ਮੁਤਾਬਿਕ ਤਾਲਿਬਾਨ ਅਤੇ ਅਫਗਾਨੀ ਸਰਕਾਰ ਦੀਆਂ ਫੌਜਾਂ ਦੌਰਾਨ ਲੜਾਈ ਦੇ ਚੱਲਦਿਆਂ ਕੁੰਦੂਜ਼ ਸ਼ਹਿਰ ਵਿੱਚੋਂ 5000 ਦੇ ਕਰੀਬ ਅਫਗਾਨ ਪਰਿਵਾਰ ਆਪਣੇ ਘਰ-ਬਾਰ ਛੱਡ ਕੇ ਜਾ ਚੁੱਕੇ ਹਨ।

ਕਾਂਧਾਰ ਅਤੇ ਬੇਘਲਾਨ ਵਰਗੇ ਸੂਬਿਆਂ ਵਿੱਚ ਗਹਿ-ਗੱਚਵੀਂ ਲੜਾਈ ਹੋਣ ਦੀਆਂ ਖਬਰਾਂ ਹਨ, ਜਿੱਥੇ ਕਿ ਸਥਾਨਕ ਖਬਰਖਾਨੇ ਮੁਤਾਬਿਕ ਅਫਗਾਨੀ ਸਰਕਾਰ ਦੀਆਂ ਫੌਜਾਂ ਨੇ ਕੁਝ ਇਲਾਕੇ ਤਾਲਿਬਾਨ ਕੋਲੋਂ ਵਾਪਿਸ ਖੋਹ ਲਏ ਹਨ ਪਰ ਕੁਝ ਇਲਾਕਿਆਂ ਉੱਤੇ ਹਾਲੀ ਵੀ ਤਾਲਿਬਾਨ ਦਾ ਹੀ ਕਬਜ਼ਾ ਹੈ।

ਅਲਜਜ਼ੀਰਾ ਮੁਤਾਬਿਕ ਤਾਲਿਬਾਨ ਨੇ ਮਈ ਮਹੀਨੇ ਵਿੱਚ ਅਮਰੀਕਾਂ ਫੌਜਾਂ ਦੀ ਵਾਪਿਸੀ ਸ਼ੁਰੂ ਹੋਣ ਤੋਂ ਬਾਅਦ ਦਰਜਨਾਂ ਜਿਲ੍ਹਿਆਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ।

ਦੁਨੀਆ ਉੱਤੇ ਅਸਰ:

ਭਾਵੇਂ ਕਿ ਮੌਜੂਦਾ ਅਫਗਾਨ ਸਰਕਾਰ ਨੇ ਤਾਲਿਬਾਨ ਨੂੰ ਟੱਕਰ ਦੇਣ ਦਾ ਐਲਾਨ ਕੀਤਾ ਹੈ ਪਰ ਕਾਬੁਲ ਵਿੱਚ (ਅਫਗਾਨੀ ਸੱਤਾ ਉੱਤੇ) ਤਾਲਿਬਾਨ ਦੀ ਵਾਪਸੀ ਨੂੰ ਉਹਨਾਂ ਦੀ ਜਿੱਤ ਵਜੋਂ ਵੇਖਿਆ ਜਾਵੇਗਾ ਜਿਸ ਦੇ ਕਿ ਪਹਿਲਾਂ ਤੋਂ ਹੀ ਅਸਥਿਰ ਸੰਸਾਰ ਉੱਤੇ ਅਸਰ ਪੈਣਗੇ।

ਕੀ ਅਫਗਾਨਿਸਤਾਨ ਉੱਤੇ ਤਾਲਿਬਾਨ ਦਾ ਮੁਕੰਮਲ ਕਬਜ਼ਾ ਹੁਣ ਯਕੀਨੀ ਹੋ ਗਿਆ ਹੈ?

ਇਸ ਮਸਲੇ ਉੱਤੇ ਪੜਚੋਲਕਾਰ ਵੱਖ-ਵੱਖ ਵਿਚਾਰਾਂ ਦਾ ਪ੍ਰਗਟਾਵਾ ਕਰ ਰਹੇ ਹਨ। ਕੁਝ ਪੜਚੋਲਕਾਰਾਂ ਦਾ ਕਹਿਣਾ ਹੈ ਕਿ ਤਾਲਿਬਾਨ ਆਪਣੀ ਹਿੰਸਕ ਮੁਹਿੰਮ ਨਾਲ ਅਫਗਾਨਿਸਤਾਨ ਉੱਤੇ ਕਾਬਜ਼ ਹੁੰਦੇ ਜਾ ਰਹੇ ਹਨ; ਪਰ ਕੁਝ ਹੋਰ ਪੜਚੋਲਕਾਰਾਂ ਦਾ ਮੰਨਣਾ ਹੈ ਕਿ ਤਾਲਿਬਾਨ ਦੇ ਅਫਗਾਨਿਸਤਾਨ ਉੱਤੇ ਕਬਜ਼ੇ ਨੂੰ ਯਕੀਨੀ ਦੱਸਣ ਵਾਲੀਆਂ ਗੱਲਾਂ ਕਾਹਲੀ ਵਿੱਚ ਲਗਾਈਆਂ ਜਾ ਰਹੀਆਂ ਕਿਆਸਅਰਾਈਆਂ ਹਨ ਕਿਉਂਕਿ ਅਫਗਾਨਿਸਤਾਨ ਦੇ ਗਵਾਂਡੀਆਂ ਜਿਵੇਂ ਕਿ ਇੰਡੀਆ, ਰੂਸ, ਈਰਾਨ ਅਤੇ ਕੇਂਦਰੀ ਏਸ਼ੀਆ ਨੂੰ ਪਤਾ ਹੈ ਕਿ ਅਫਗਾਨਿਸਤਾਨ ਉੱਤੇ ਤਾਲਿਬਾਨ ਦੇ ਕਬਜ਼ੇ ਦਾ ਮਤਲਬ ਹੈ ਕਿ ਇੱਥੇ ਸੁੰਨੀ ਇਸਲਾਮ ਦਾ ਉਭਾਰ ਹੋਵੇਗਾ ਜਿਵੇਂ ਕਿ 1990ਵਿਆਂ ਦੀ ਸ਼ੁਰੂਆਤ ਵੇਲੇ ਵਾਪਰਿਆ ਸੀ।

ਤਾਲਿਬਾਨ ਵਿਚਲੀ ਦਰਾੜ

ਹਿੰਦੋਸਤਾਨ ਟਾਈਮਜ਼ ਵਿੱਚ ਛਪੀ ਇੱਕ ਪੜਚੋਲ ਮੁਤਾਬਿਕ ਤਾਲਿਾਬਨੀ ਆਗੂ ਮੁੱਲਾ ਉਮਰ ਦੇ ਵੱਡੇ ਪੁੱਤਰ ਮੁੱਲਾ ਮੁਹੰਮਦ ਯਾਕੂਬ ਦੀ ਚ੍ਹੜਤ ਨਾਲ ਤਾਲਿਬਾਨ ਦੇ ਵਿੱਚ ਦਰਾੜ ਪੈਣੀ ਸ਼ੁਰੂ ਹੋ ਚੁੱਕੀ ਹੈ। ਤਾਲਿਬਾਨ ਦੀ ਲੀਡਰਸ਼ਿੱਪ ਲਈ ਇਸ ਵੇਲੇ ਮੌਜੂਦਾ ਆਗੂ ਹਿਬਾਤਉੱਲਾ ਅਕੁਨਦਜ਼ਾਦਾ ਦੇ ਡਿਪਟੀਆਂ ਸਿਰਾਜ਼ੂਦੀਨ ਹੱਕਾਨੀ ਅਤੇ ਮੁੱਲਾ ਯਾਕੂਬ ਦਰਮਿਆਨ ਮੁਕਾਬਲੇਬਾਜ਼ੀ ਹੈ।

ਮੁੱਲਾ ਮੁਹੰਮਦ ਯਾਕੂਬ

ਅੰਦਰੂਨੀ ਜੰਗ (ਸਿਵਲ ਵਾਰ) ਦੇ ਬੱਦਲ

ਹਿੰਦੋਸਤਾਨ ਟਾਈਮਜ਼ ਵਿੱਚ ਛਪੀ ਪੜਚੋਲ ਵਿੱਚ ਇਹ ਨੁਕਤਾ ਉਭਾਰਿਆ ਗਿਆ ਕਿ ਪਿਛਲਾ ਤਜ਼ਰਬੇ ਅਨੁਸਾਰ ਤਾਲਿਬਾਨ ਦਾ ਅਫਗਾਨਿਸਤਾਨ ਉੱਤੇ ਸ਼ਾਸਨ ਔਰਤਾਂ, ਤਾਜਿਕ, ਹਜ਼ਾਰਾ ਅਤੇ ਹਰੋਨਾਂ ਘੱਟ-ਗਿਣਤੀਆਂ ਪ੍ਰਤੀ ਨੀਤੀਆਂ ਕਾਰਨ ਗੰਭੀਰ ਅੰਦਰੂਨੀ ਜੰਗ ਵੱਲ ਲਿਜਾ ਸਕਦਾ ਹੈ।

ਤਾਲਿਬਾਨ ਨੂੰ ਕਾਬੂ ਹੇਠ ਰੱਖਣ ਦੀ ਪਾਕਿਸਤਾਨ ਤੇ ਚੀਨ ਨੂੰ ਰੋਕੀ ਰੱਖਣ ’ਚ ਭੂਮਿਕਾ

ਪੜਚੋਲਕਾਰ ਸ਼ੀਸ਼ੀਰ ਗੁਪਤਾ ਦਾ ਕਹਿਣਾ ਹੈ ਕਿ ਅਮਰੀਕਾ ਅਤੇ ਨੈਟੋ ਫੌਜਾਂ ਦੇ ਮੁਕੰਮਲ ਤੌਰ ਉੱਤੇ ਅਫਗਾਨਿਸਤਾਨ ਵਿਚੋਂ ਬਾਹਰ ਚਲੇ ਜਾਣ ਉੱਤੇ ਗਵਾਂਡੀ ਤਾਕਤਾਂ ਇੱਕ ਦੂਜੇ ਨਾਲ ਗੱਲਬਾਤ ਸ਼ੁਰੂ ਕਰਨਗੀਆਂ ਤਾਂ ਕਿ ਤਾਲਿਬਾਨ ਨੂੰ ਕਾਬੂ ਹੇਠ ਰੱਖਿਆ ਜਾ ਸਕੇ, ਅਤੇ ਅਜਿਹਾ ਕਰਕੇ ਪਾਕਿਸਤਾਨ ਤੇ ਇਸਦੇ ਜੋਟੀਦਾਰ ਚੀਨ ਨੂੰ ਵੀ ਰੋਕੀ ਰੱਖਿਆ ਜਾਵੇ।

ਇੰਡੀਆ ਉੱਤੇ ਅਸਰ

ਅਫਗਾਨਿਸਤਾਨ ਵਿੱਚੋਂ ਅਮਰੀਕੀ ਫੌਜਾਂ ਦੇ ਬਾਹਰ ਜਾਣ ਅਤੇ ਤਾਲਿਬਾਨ ਦੀ ਚੜ੍ਹਾਈ ਦਾ ਇੰਡੀਆ ਉੱਤੇ ਅਸਰ ਪੈਣਾ ਲਾਜਮੀ ਹੈ।

ਇੰਡੀਆ ਦੇ ਵਿਸ਼ਲੇਸ਼ਕਾਂ ਨੂੰ ਖਦਸ਼ਾ ਹੈ ਕਿ ਪਾਕਿਸਤਾਨੀ ‘ਡੀਪ-ਸਟੇਟ’ ਕਿ ਇਹ ਹਾਲਾਤ ਇੰਡੀਆ ਦੀ ਸੁਰੱਖਿਆ ਉੱਤੇ ਲਾਜਮੀ ਅਸਰਅੰਦਾਜ਼ ਹੋਣ, ਖਾਸ ਕਰਕੇ ਜੰਮੂ ਅਤੇ ਕਸ਼ਮੀਰ ਵਿੱਚ ਜਿੱਥੇ ਕਿ ਪੂਰਬੀ ਅਫਗਾਨਿਸਤਾਨ ਜੈਸ਼-ਏ-ਮੁਹੰਮਦ ਅਤੇ ਲਸ਼ਕਰ-ਏ-ਤੋਇਬਾ ਨੂੰ ਰਣਨੀਤਕ ਡੂੰਗਾਈ (ਸਟਰੈਟਿਜਿਕ ਡੈਪਥ) ਮੁਹੱਈਆ ਕਰਵਾਉਂਦੇ ਹਨ।

ਜੈਸ਼-ਏ-ਮੁਹੰਮਦ

ਇਹਨਾਂ ਇੰਡੀਅਨ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਇੰਡੀਆ ਪੱਛਮੀ ਤਾਕਤਾਂ ਦੇ ਭਰੋਸੇ ਉੱਤੇ ਨਿਸ਼ਚਿੰਤ ਨਹੀਂ ਹੋ ਸਕਦਾ, ਅਤੇ ਵਿਸ਼ਲੇਸ਼ਕ ਸ਼ੀਸ਼ੀਰ ਗੁਪਤਾ ਦੇ ਕਹਿਣ ਅਨੁਸਾਰ ‘ਇੰਡੀਆ ਨੂੰ ਤੇਜੀ ਨਾਲ ਪੇਸ਼ਕਦਮੀ ਇਹ ਯਕੀਨੀ ਬਣਾਉਣ ਲਈ ਪੇਸ਼ਕਦਮੀ ਕਰਨੀ ਚਾਹੀਦੀ ਹੈ ਕਿ ਮੌਜੂਦਾ ਅਫਗਾਨ ਸਰਕਾਰ ਤਾਲਿਬਾਨਾਂ ਨੂੰ ਚਣੌਤੀ ਦੇਵੇ ਅਤੇ ਅਫਗਾਨ ਫੌਜਾਂ ਨੂੰ ਤਾਲਿਬਾਨ ਕਿਤੇ ਅਸਾਨੀ ਨਾਲ ਹੀ ਨਾ ਹਰਾ ਲੈਣ’।

ਅਮਰੀਕੀ ਫੌਜਾਂ ਦੀ ਵਾਪਸੀ ਦੀ ਆਖਰੀ ਤਰੀਕ

ਇਹ ਗੱਲ ਧਿਆਨ ਦੇਣ ਵਾਲੀ ਹੈ ਕਿ ਮਈ ਦੇ ਮਹੀਨੇ ਵਿੱਚ ਤੱਕ ਅਮਰੀਕੀ ਫੌਜਾਂ ਨੂੰ ਅਫਗਾਨਿਸਤਾਨ ਵਿੱਚੋਂ ਬਾਹਰ ਕੱਢਣ ਦੇ ਸਮਝੌਤੇ ਉੱਤੇ ਫਰਵਰੀ ਮਹੀਨੇ ਵਿੱਚ ਤਾਲਿਬਾਨ ਅਤੇ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਕਤਰ ਦੀ ਰਾਜਧਾਨੀ ਦੋਹਾ ਵਿੱਚ ਦਸਤਖਤ ਕੀਤੇ ਗਏ ਸਨ। ਟਰੰਪ ਤੋਂ ਬਾਅਦ ਅਮਰੀਕਾ ਦੇ ਰਾਸ਼ਟਰਪਤੀ ਬਣੇ ਜੋਅ ਬਾਈਡਨ ਨੇ ਇਸ ਤਰੀਕ ਵਧਾ ਕੇ 11 ਸਤੰਬਰ ਕਰ ਦਿੱਤੀ ਹੈ, ਜਿਸ ਦਿਨ ਕਿ ਅਮਰੀਕਾ ਦੇ ਨਿਊਯਰਕ ਅਤੇ ਵਾਸ਼ਿੰਗਟਰ ਡੀ.ਸੀ. ਵਿੱਚ ਅਲ-ਕਾਇਦਾ ਵੱਲੋਂ ਕੀਤੇ ਹਮਲਿਆਂ ਨੂੰ 20 ਸਾਲ ਪੂਰੇ ਹੋ ਜਾਣੇ ਹਨ।

ਅਫਗਾਨਿਸਤਾਨ ਦੇ ਭਵਿੱਖ ਬਾਰੇ ਅਮਰੀਕਾ ਦਾ ਨਜ਼ਰੀਆ

ਅਫਗਾਨਿਸਤਾਨ ਵਿੱਚ ਵਧ ਰਹੇ ਹਿੰਸਾ ਦੇ ਦੌਰ ਦੌਰਾਨ ਅਫਗਾਨ ਰਾਸ਼ਟਰਪਤੀ ਅਸ਼ਰਫ ਗ਼ਾਨੀ ਵਾਸ਼ਿੰਗਨ ਜਾ ਕੇ ਅਮਰੀਕੀ ਰਾਸ਼ਟਰ ਪਤੀ ਜੌਅ ਬਾਈਡਨ ਨੂੰ ਮਿਲ ਕੇ ਆਇਆ ਹੈ, ਜਿਸ ਨੇ ਅਫਗਾਨਿਸਤਾਨ ਨੂੰ ਅਮਰੀਕਾ ਵੱਲੋਂ ਮਦਦ ਕਰਨ ਦੀ ਗੱਲ ਤਾਂ ਕੀਤੀ ਹੈ ਪਰ ਕਿਹਾ ਹੈ ਕਿ ਅਫਗਾਨਾਂ ਨੂੰ ਆਪ ਹੀ ਆਪਣਾ ਭਵਿੱਖ ਤੈਅ ਕਰਨਾ ਚਾਹੀਦਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,