June 19, 2018 | By ਸਿੱਖ ਸਿਆਸਤ ਬਿਊਰੋ
ਕਾਬੁਲ: ਅਫ਼ਗਾਨਿਸਤਾਨ ਦੇ ਪੂਰਬੀ ਪਕਤੀਆ ਸੂਬੇ ਨਾਲ ਸਬੰਧਤ ਅਵਤਾਰ ਸਿੰਘ ਖ਼ਾਲਸਾ (52) ਅਗਲੀ ਅਫਗਾਨੀ ਸੰਸਦ ਵਿੱਚ ਮੁਲਕ ਦੀਆਂ ਘੱਟਗਿਣਤੀਆਂ ਦੀ ਨੁਮਾਇੰਦਗੀ ਕਰਨਗੇ। ਅਫਗਾਨਿਸਤਾਨ ਵਿੱਚ ਦਹਾਕਿਆਂ ਤੋਂ ਚੱਲ ਰਹੀ ਸਿਆਸੀ ਗੜਬੜ ਕਾਰਨ ਹੋਰ ਘੱਟਗਿਣਤੀ ਭਾਈਚਾਰਿਆਂ ਸਮੇਤ ਸਿੱਖ ਭਾਈਚਾਰੇ ਨੂੰ ਦੇਸ਼ ਦੇ ਸਿਆਸੀ ਪਿੜ ਵਿੱਚ ਜ਼ਿਆਦਾ ਵਿਚਰਨ ਦਾ ਮੌਕਾ ਨਹੀਂ ਮਿਲ ਸਕਿਆ। ਇਸ ਦੌਰਾਨ ਘੱਟਗਿਣਤੀ ਭਾਈਚਾਰਾ ਵਿਦੇਸ਼ਾਂ ਵਿੱਚ ਪਰਵਾਸ ਕਰ ਗਿਆ।
ਸੰਨ 1970 ਵਿੱਚ ਜਿੱਥੇ ਇਨ੍ਹਾਂ ਘੱਟਗਿਣਤੀ ਭਾਈਚਾਰਿਆਂ ਦੀ ਕੁੱਲ ਆਬਾਦੀ 80,000 ਦੇ ਕਰੀਬ ਸੀ, ਹੁਣ ਸੁੰਘੜ ਕੇ ਸਿਰਫ਼ 1000 ਦੇ ਕਰੀਬ ਰਹਿ ਗਈ ਹੈ। ਅਵਤਾਰ ਸਿੰਘ ਖ਼ਾਲਸਾ ਜੋ ਕਿ ਲੰਮੇ ਸਮੇਂ ਤੋਂ ਸਿੱਖ ਭਾਈਚਾਰੇ ਦੇ ਆਗੂ ਰਹੇ ਹਨ, ਸੰਸਦ ਦੇ ਹੇਠਲੇ ਸਦਨ ਤੋਂ ਬਿਨਾਂ ਮੁਕਾਬਲਾ ਚੁਣੇ ਜਾਣਗੇ। ਇਹ ਸੀਟ ਅਫਗਾਨਿਸਤਾਨ ਦੇ ਰਾਸ਼ਟਰਪਤੀ ਵੱਲੋਂ 2016 ਵਿੱਚ ਘੱਟਗਿਣਤੀਆਂ ਲਈ ਰਾਖ਼ਵੀਂ ਕੀਤੀ ਗਈ ਸੀ।
ਅਕਤੂਬਰ ਵਿੱਚ ਹੋਣ ਵਾਲੀਆਂ ਸੰਸਦੀ ਚੋਣਾਂ ਤੋਂ ਬਾਅਦ ਚੁਣੇ ਜਾਣ ਵਾਲੇ 259 ਸੰਸਦ ਮੈਂਬਰਾਂ ਵਿਚਕਾਰ ਉਹ ਇਕੱਲੇ ਘੱਟ ਗਿਣਤੀ ਮੈਂਬਰ ਹੋਣਗੇ। ਖ਼ਾਲਸਾ ਉਮੀਦ ਕਰਦੇ ਹਨ ਕਿ ਅਫ਼ਗਾਨ ਫ਼ੌਜ ਵਿੱਚ ਦਸ ਸਾਲ ਕੰਮ ਕਰਨ ਦਾ ਤਜ਼ਰਬਾ ਇਸ ਦੌਰਾਨ ਉਨ੍ਹਾਂ ਦੇ ਕੰਮ ਆਵੇਗਾ ਤੇ ਉਨ੍ਹਾਂ ਨੂੰ ਸੁਰੱਖਿਆ ਨਾਲ ਸਬੰਧਤ ਸੰਸਦੀ ਕਮੇਟੀ ਵਿੱਚ ਥਾਂ ਮਿਲ ਸਕਦੀ ਹੈ। ਉਨ੍ਹਾਂ ਕਿਹਾ ਕਿ ਉਹ ਇਕੱਲੇ ਘੱਟਗਿਣਤੀ ਭਾਈਚਾਰੇ ਨਾਲ ਜੁੜੇ ਮੁੱਦੇ ਹੀ ਨਹੀਂ ਉਭਾਰਨਾ ਚਾਹੁੰਦੇ ਪਰ ਅਫ਼ਗਾਨਿਸਤਾਨ ਦੇ ਸਾਰੇ ਬਾਸ਼ਿੰਦਿਆਂ ਦੀ ਭਲਾਈ ਲਈ ਵਚਨਬੱਧ ਹਨ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਅਫ਼ਗਾਨਿਸਤਾਨ ਵਿਚ ਸੰਸਦ ਮੈਂਬਰ ਲਈ ਸਿੱਖ ਆਗੂ ਸ. ਅਵਤਾਰ ਸਿੰਘ ਖ਼ਾਲਸਾ ਨੂੰ ਨੁਮਾਂਇੰਦਗੀ ਮਿਲਣ ਦਾ ਸਵਾਗਤ ਕੀਤਾ ਹੈ। ਭਾਈ ਲੌਂਗੋਵਾਲ ਨੇ ਕਿਹਾ ਕਿ ਅਫ਼ਗਾਨਿਸਤਾਨ ਵਿਚ ਘੱਟ ਗਿਣਤੀਆਂ ਦੀ ਨੁਮਾਇੰਦਗੀ ਲਈ ਸ. ਖ਼ਾਲਸਾ ਦਾ ਨਾਂ ਅੱਗੇ ਆਉਣਾ ਸਿੱਖ ਭਾਈਚਾਰੇ ਲਈ ਖ਼ੁਸ਼ੀ ਦੀ ਖ਼ਬਰ ਹੈ।
Related Topics: Afghan parliament, Avtar Singh Khalsa Afghanistan, Sikhs in Afghanistan