October 15, 2018 | By ਸਿੱਖ ਸਿਆਸਤ ਬਿਊਰੋ
ਕੋਟਕਪੂਰਾ : 14 ਅਕਤੂਬਰ ਨੂੰ ਬਰਗਾੜੀ ਗੋਲੀਕਾਂਡ ਦੇ ਸ਼ਹੀਦਾਂ ਦੇ ਤੀਜੇ ਸ਼ਹੀਦੀ ਦਿਹਾੜੇ ਮੌਕੇ ਹੋਏ ਸਮਾਗਮ ਵਿੱਚ ਵੱਡੀ ਗਿਣਤੀ ‘ਚ ਪਹੁੰਚੀ ਸੰਗਤ ਨੂੰ ਸੰਬੋਧਨ ਕਰਦਿਆਂ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਨੇ ਕਿਹਾ ਕਿ “,ਮੈਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਵਿੱਚ ਬੜੀ ਜਿੰਮੇਵਾਰੀ ਨਾਲ ਕਹਿ ਰਿਹਾ ਹਾਂ ਕਿ ਭਾਰਤ ਦਾ ਰਾਸ਼ਟਰੀ ਰੱਖਿਆ ਸਲਾਹਕਾਰ *ਅਜੀਤ ਡੋਵਲ ਸਿੱਧੇ ਤੌਰ ੳੱਤੇ ਸਿੱਖਾਂ ਦੀਆਂ ਭਾਵਨਾਵਾਂ ਨਾਲ ਖੇਡ ਰਿਹਾ ਹੈ, ਸਾਰੀਆਂ ਹਦਾਇਤਾਂ ਉਸ ਵਲੋਂ ਹੀ ਦਿੱਤੀਆਂ ਜਾ ਰਹੀਆਂ ਹਨ।
ਉਹਨਾਂ ਕਿਹਾ ਕਿ ਬਰਗਾੜੀ ਇਨਸਾਫ ਮੋਰਚੇ ਨੂੰ ਲੋਕਾਂ ਵਲੋਂ ਦਿੱਤੀ ਜਾ ਰਹੀ ਏਨੀ ਭਾਰੀ ਹਮਾਇਤ ਨੂੰ ਵੇਖਦਿਆਂ ਭਾਰਤੀ ਸੁਪਰੀਮ ਕੋਰਟ ਦਾ ਮੁੱਖ ਮੁਕੱਦਮ ਇਸ ਮਾਮਲੇ ਨੂੰ ਆਪਣੇ ਹੱਥ ਵਿੱਚ ਕਿੳਂ ਨਹੀਂ ਲੈ ਰਿਹਾ ?
ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਲੋਂ ਬਣਾਏ ਗਏ ਵਿਸ਼ੇਸ਼ ਜਾਂਚ ਦਲ ਉੱਤੇ ਟਿੱਪਣੀ ਕਰਦਿਆਂ ਖਰੜ ਹਲਕੇ ਤੋਂ ਸਾਬਕਾ ਵਿਧਾਇਕ ਨੇ ਕਿਹਾ ਕਿ “ਇਹ ਸਭ ਪਖੰਡ ਤੋਂ ਵੱਧ ਕੇ ਹੋਰ ਕੁਝ ਵੀ ਨਹੀਂ ਹੈ, ਜਦੋਂ ਪਰਚੇ ਦਰਜ ਕਰ ਲਏ ਗਏ ਹਨ, ਜਦੋਂ ਦੋਸ਼ੀ ਸਾਹਮਣੇ ਹਨ ਤਾਂ ਫੇਰ ਜਾਂਚ ਦਲਾਂ ਦੀ ਕੀ ਲੋੜ ਹੈ?
ਉਹਨਾਂ ਪੰਜਾਬ ਹਰਿਆਣਾ ਹਾਈਕੋਰਟ ਵਲੋਂ ਬਰਗਾੜੀ ਗੋਲੀਕਾਂਡ ਦੇ ਦੋਸ਼ੀ ਪੁਲਸ ਅਫਸਰਾਂ ਉੱਤੇ ਕਨੂੰਨੀ ਕਾਰਵਾਈ ਤੇ ਲਾਈ ਗਈ ਰੋਕ ਨੂੰ ਸਿੱਖਾਂ ਨਾਲ ਖੇਡੀ ਜਾ ਰਹੀ ਸਰਕਾਰੀ ਖੇਡ ਕਰਾਰ ਦਿੰਦਿਆਂ ਕਿਹਾ ਕਿ “ ਜੇਕਰ ਕੱਲ੍ਹ ਪੰਜਾਬ ਹਰਿਆਣਾ ਹਾਈਕੋਰਟ ਜਸਟਿਸ ਰਣਜੀਤ ਸਿੰਘ ਕਮੀਸ਼ਨ ਦੀ ਰਿਪੋਰਟ ਨੂੰ ਗੈਰ ਕਨੂੰਨੀ ਕਰਾਰ ਦੇ ਦੇੇਵੇ ਤਾਂ ਫੇਰ ਅਸੀਂ ਕੀ ਕਰਾਂਗੇ “?
*ਭਾਰਤ ਦਾ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਲ ਭਾਰਤ ਦਾ ਸਭ ਤੋਂ ਵੱਧ ਤਾਕਤਵਰ ਅਫਸਰ ਹੈ।
Related Topics: Ajit Doval, Bir Devinder Singh, Captain Amrinder Singh Government, Incident of Beadbi of Guru Granth Shaib at Bargar Village, Justice Ranjeet Singh Commission, Punjab Haryana Highcourt