February 26, 2019 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ: ਖਬਰਾਂ ਹਨ ਕਿ ਲੰਘੇ ਕੱਲ (25 ਫਰਵਰੀ ਨੂੰ) ਸਾਕਾ ਬਹਿਬਲ ਕਲਾਂ ਤੇ ਕੋਟਕਪੂਰਾ ਬਾਰੇ ਜਾਂਚ ਕਰਨ ਲਈ ਬਣਾਏ ਗਏ ਖਾਸ ਜਾਂਚ ਦਲ (ਸਿੱਟ) ਵਲੋਂ ਪੰਜਾਬ ਦੇ ਸਾਬਕਾ ਪੁਲਿਸ ਮੁਖੀ ਸੁਮੇਧ ਸੈਣੀ ਤੋਂ ਪੁੱਛ ਗਿੱਛ ਕੀਤੀ।
ਜ਼ਿਕਰਯੋਗ ਹੈ ਕਿ 14 ਅਕਤੂਬਰ 2015 ਨੂੰ ਜਦੋਂ ਪੰਜਾਬ ਪੁਲਿਸ ਨੇ ਬਹਿਬਲ ਕਲਾਂ ਵਿਖੇ ਸਾਕਾ ਵਰਤਾ ਕੇ ਸ਼ਾਂਤ ਮਈ ਤਰੀਕੇ ਨਾਲ ਗੁਰੂ ਗ੍ਰੰਥ ਸਾਹਿਬ ਦੀ ਘੋਰ ਬੇਅਦਬੀ ਕਰਨ ਵਾਲੇ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਕਰਨ ਵਾਲੇ ਸਿੱਖਾਂ ਉੱਤੇ ਗੋਲੀ ਚਲਾ ਕੇ ਦੋ ਸਿੱਖ ਸ਼ਹੀਦ ਕਰ ਦਿੱਤੇ ਸਨ, ਉਦੋਂ ਸੁਮੇਧ ਸੈਣੀ ਹੀ ਪੰਜਾਬ ਪੁਲਿਸ ਦਾ ਮੁਖੀ ਸੀ। ਇਸ ਤੋਂ ਪਹਿਲਾਂ ਵੀ ਸੁਮੇਧ ਸੈਣੀ ਮਨੁੱਖੀ ਹੱਕਾਂ ਦੇ ਘਾਣ ਤੇ ਕਤਲ ਜਿਹੇ ਸੰਗੀਨ ਜ਼ੁਰਮਾਂ ਦਾ ਦੋਸ਼ੀ ਰਿਹਾ ਹੈ ਤੇ ਉਸ ਉੱਤੇ ਲੁਧਿਆਣੇ ਦੇ ਸੈਣੀ ਮੋਟਰਜ਼ ਵਾਲਿਆਂ ਦੇ ਪਰਵਾਰ ਦੇ ਜੀਆਂ ਨੂੰ ਮਾਰਨ ਦਾ ਮੁਕਦਮਾ ਵੀ ਚੱਲ ਰਿਹਾ ਹੈ।
ਖਬਰਾਂ ਮੁਤਾਬਕ ਸਿੱਟ ਮੁਖੀ ਵਧੀਕ ਏ.ਡੀ.ਜੀ.ਪੀ. ਪ੍ਰਮੋਦ ਕੁਮਾਰ ਅਤੇ ਆਈ.ਜੀ. ਕੁੰਵਰ ਵਿਜੇ ਪ੍ਰਤਾਪ ਨੇ 82ਵੀਂ ਬਟਾਲੀਅਨ ਦੇ ਦਫਤਰ ਵਿਖੇ ਸੁਮੇਧ ਸੈਣੀ ਤੋਂ ਤਰਕਾਲੀਂ 3 ਤੋਂ 5 ਵਜੇ ਤੱਕ, ਦੋ ਘੰਟਿਆਂ ਲਈ, ਪੁੱਛ-ਗਿੱਛ ਕੀਤੀ।
ਸੁਮੇਧ ਸੈਣੀ ਤੋਂ ਸਿੱਖ ਵੱਲੋਂ ਪਹਿਲਾਂ ਬੇਅਦਬੀ ਮਾਮਲਿਆਂ ਦੀ ਜਾਂਚ ਕਰਨ ਵਾਲੇ ਪੁਲਿਸ ਅਫਸਰਾਂ ਏ.ਡੀ.ਜੀ.ਪੀ. ਇੰਦਰਪ੍ਰੀਤ ਸਿੰਘ ਸਹੌਤਾ, ਡੀ.ਆਈ.ਜੀ. ਅਮਰ ਸਿੰਘ ਚਾਹਲ ਅਤੇ ਰਣਬੀਰ ਸਿੰਘ ਖਟੜਾ ਤੋਂ ਵੀ ਪੁੱਛ-ਗਿੱਛ ਕੀਤੀ ਗਈ।
ਅਖਬਾਰੀ ਖਬਰਾਂ ਮੁਤਾਬਕ ਪੁਲਿਸ ਅਫਸਰਾਂ ਨੇ ਇਸ ਬਾਰੇ ਹੋਰ ਵਧੇਰੇ ਜਾਣਕਾਰੀ ਸਾਂਝੀ ਕਰਨ ਤੋਂ ਫਿਲਹਾਲ ਮਨ੍ਹਾ ਕਰ ਦਿੱਤਾ।
Related Topics: Behbal Kalan Goli Kand, Congress Government in Punjab 2017-2022, Punjab Police, Saka Behbal Kalan 2015, Sumedh Saini