April 11, 2021 | By ਸਿੱਖ ਸਿਆਸਤ ਬਿਊਰੋ
ਮੁਲਤਾਨ: ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਿਹਾ ਹੈ ਕਿ ਇੰਡੀਆ ਸਿੱਖ ਸ਼ਰਧਾਲੂਆਂ ਦੇ ਜਥੇ ਨੂੰ ਵਿਸਾਖੀ ਮੌਕੇ ਪਾਕਿਸਤਾਨ ਵਿੱਚ ਆਉਣ ਦੀ ਇਜਾਜਾਤ ਦੇਵੇ। ਉਹਨਾਂ ਕਿਹਾ ਕਿ ਪਾਕਿਸਤਾਨ ਸਰਕਾਰ ਵੱਲੋਂ ਸਿੱਖਾਂ ਦੇ ਜਥੇ ਦਾ ਭਰਪੂਰ ਸਵਾਗਤ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਲੰਘੇ ਫਰਵਰੀ ਮਹੀਨੇ ਸਾਕਾ ਨਨਕਾਣਾ ਸਾਹਿਬ ਦੀ ਸ਼ਤਾਬਦੀ ਮੌਕੇ ਇੰਡੀਆ ਨੇ ਸਿੱਖ ਸ਼ਰਧਾਲੂਆਂ ਨੂੰ ਨਨਕਾਣਾ ਸਾਹਿਬ ਜਾਣ ਲਈ ਲੋੜੀਂਦੀ ਮਨਜੂਰੀ ਨਹੀਂ ਸੀ ਦਿੱਤੀ, ਜਿਸ ਦਾ ਸਿੱਖ ਸੰਸਥਾਵਾਂ ਅਤੇ ਜਥੇਬੰਦੀਆਂ ਵੱਲੋਂ ਤਿੱਖਾਂ ਵਿਰੋਧ ਕੀਤਾ ਗਿਆ ਸੀ।
ਸ਼ਾਹ ਮਹਿਮੂਦ ਕੁਰੈਸ਼ੀ ਨੇ ਬੀਤੇ ਕੱਲ੍ਹ (ਸ਼ਨਿੱਚਰਵਾਰ ਨੂੰ) ਮੁਲਤਾਨ ਵਿੱਚ ਕਿਹਾ ਕਿ ਪਾਕਿਸਤਾਨ ਇੰਡੀਆ ਨਾਲ ਗੱਲਬਾਤ ਦੇ ਲਈ ਤਿਆਰ ਹੈ ਬਸ਼ਰਤੇ ਕਿ ਇੰਡੀਆ ਇਸ ਲਈ ਸੁਖਾਵਾਂ ਮਾਹੌਲ ਬਣਾਵੇ।
ਪਾਕਿਸਤਾਨੀ ਵਿਦੇਸ਼ ਮੰਤਰੀ ਨੇ ਕਿਹਾ ਕਿ ਇੰਡੀਆ ਅਤੇ ਪਾਕਿਸਤਾਨ ਦੇ ਸੰਬੰਧਾਂ ਵਿੱਚ ਕਸ਼ਮੀਰ ਦਾ ਮਸਲਾ ਹੀ ਵੱਡਾ ਅੜਿੱਕਾ ਹੈ ਅਤੇ ਉਹ ਇੰਡੀਆ ਨਾਲ ਗੱਲਬਾਤ ਦੇ ਲਈ ਨਵੀਨ ਦਿੱਲੀ ਆਉਣ ਲਈ ਵੀ ਤਿਆਰ ਹੈ ਜੇਕਰ ਇੰਡੀਆ ਵੱਲੋਂ ਇਸ ਬਾਰੇ ਸੁਖਾਵਾਂ ਮਹੌਲ ਬਣਾਇਆ ਜਾਵੇ।
ਉਸਨੇ ਕਿਹਾ ਕਿ ਪਾਕਿਸਤਾਨ-ਇੰਡੀਆ ਦਰਮਿਆਨ ਕਸ਼ਮੀਰ, ਸਿਆਚਨ, ਦਰਿਆਈ ਪਾਣੀ, ਸਰ ਕਰੀਕ ਤੋਂ ਇਲਾਵਾ ਵੀ ਮਸਲੇ ਹਨ ਅਤੇ ਗੱਲਬਾਤ ਤਾਂ ਹੀ ਸੰਭਵ ਹੈ ਜੇਕਰ ਇੰਡੀਆ ਇਸ ਮਾਮਲੇ ਵਿੱਚ ਕੁਝ ਲਚਕ (ਫਲੈਕਸੀਬਿਲਟੀ) ਵਿਖਾਵੇ। ਪਾਕਿ ਆਗੂ ਨੇ ਕਿਹਾ ਕਿ ਗੱਲਬਾਤ ਲਈ ਪਾਕਿਸਤਾਨ ਕਿਸੇ ਕਾਹਲੀ ਵਿੱਚ ਨਹੀਂ ਹੈ।
ਪਾਕਿਸਤਾਨ ਦੇ ਮੰਤਰੀ ਨੇ ਇਸ ਗੱਲਬਾਤ ਦੌਰਾਨ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਉਚੇਚੇ ਤੌਰ ਉੱਤੇ ਜ਼ਿਕਰ ਵੀ ਕੀਤਾ ਅਤੇ ਕਿਹਾ ਕਿ ਪਾਕਿਸਤਾਨ ਨੇ ਨੇਕਨੀਅਤੀ ਦੇ ਪ੍ਰਗਟਾਵੇ (ਗੁੱਡਵਿੱਲ ਜੈਸਚਰ) ਦੇ ਤੌਰ ਉੱਤੇ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲਿਆ ਹੈ।
Related Topics: Dera Baba Nanak to Kartarpur Sahib Corridor, Gurdwaras in Pakistan, Indo-Pak Relations, Kartarpur Sahib, Sikh News Pakistan, Sikhs In Pakistan