ਸਿੱਖ ਖਬਰਾਂ

ਪਾਕਿਸਤਾਨ ਨੇ ਕਰਤਾਰਪੁਰ ਸਾਹਿਬ ਲਾਂਘੇ ਦੇ ਸਮਝੌਤੇ ਦਾ ਖਰੜਾ ਭਾਰਤ ਸਰਕਾਰ ਨੂੰ ਭੇਜਿਆ

December 30, 2018 | By

ਅੰਮ੍ਰਿਤਸਰ: ਪੂਰਬੀ ਪੰਜਾਬ ਸਥਿਤ ਡੇਰਾ ਬਾਬਾ ਨਾਨਾਕ ਅਤੇ ਪੱਛਮੀ ਪੰਜਾਬ ਦੇ ਗੁਰਦੁਆਰਾ ਦਰਬਾਰ ਸਾਹਿਬ, ਕਰਤਾਰਪੁਰ ਸਾਹਿਬ ਦਰਮਿਆਨ ਬਣਨ ਵਾਲੇ ਲਾਂਘੇ ਬਾਰੇ ਪਾਕਿਸਤਾਨ ਦੀ ਸਰਕਾਰ ਨੇ ਇਕ 14 ਨੁਕਾਤੀ ਸਮਝੌਤੇ ਦਾ ਖਰੜਾ ਭਾਰਤ ਸਰਕਾਰ ਨੂੰ ਭੇਜਿਆ ਹੈ। ਅੰਗਰੇਜ਼ੀ ਵਿਚ ਭੇਜੇ ਗਏ ਇਸ ਖਰੜੇ ਨੂੰ ਇਕ ਅੰਗਰੇਜ਼ੀ ਅਖਬਾਰ ਨੇ ਇੰਨ-ਬਿੰਨ ਛਾਪਣ ਦਾ ਦਾਅਵਾ ਕੀਤਾ ਹੈ। ਇੰਝ ਸਾਹਮਣੇ ਆਏ ਖਰੜੇ ਮੁਤਾਬਕ ਕਰਤਾਰਪੁਰ ਸਾਹਿਬ ਦੇ ਲਾਂਘੇ ਰਾਹੀਂ ਭਾਰਤੀ ਉਪਮਹਾਂਦੀਪ ਵਿਚ ਰਹਿੰਦੇ ਸਿੱਖ ਸ਼ਰਧਾਲੂ ਬਿਨਾਂ ਵੀਜ਼ਾ ਦਰਬਾਰ ਸਾਹਿਬ, ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾ ਸਕਣਗੇ।

⊕ ਖਾਸ ਲੇਖ: ਕਰਤਾਰਪੁਰ ਸਾਹਿਬ ਦਾ ਲਾਂਘਾ: ਕੀ, ਕਦੋਂ, ਕਿਵੇਂ ਤੇ ਕਿਉਂ?

ਦੋਵਾਂ ਦੇਸ਼ਾਂ ਨੂੰ ਆਪਣੇ-ਆਪਣੇ ਪਾਸੇ ਜਾਂਚ ਤੇ ਸੁਰੱਖਿਆ ਚੌਕੀਆਂ, ਸੜਕਾਂ, “ਇਮੀਗ੍ਰੇਸ਼ਨ” ਦਫ਼ਤਰ ਤੇ ਹੋਰ ਬੁਨਿਆਦੀ ਢਾਂਚੇ ਕਾਇਮ ਕਰਨੇ ਹੋਣਗੇ। ਸ਼ਰਤਾਂ ਮੁਤਾਬਕ ਸ਼ਰਧਾਲੂਆਂ ਦੀ ਗਿਣਤੀ ਤੇ ਉਨ੍ਹਾਂ ਸਬੰਧੀ ਹੋਰ ਜਾਣਕਾਰੀ ਦਾ ਮੁਕੰਮਲ ਲੇਖਾ ਰੱਖਿਆ ਜਾਵੇਗਾ ਤੇ ਇਸ ਦੇ ਨਾਲ-ਨਾਲ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਆਉਣ ਵਾਲੇ ਸਿੱਖ ਸ਼ਰਧਾਲੂ ਨੂੰ ਚਾਰ ਮੁੱਖ ਸ਼ਰਤਾਂ ਦਾ ਮੰਨਣੀਆਂ ਪੈਣਗੀਆਂ ਜਿਸ ਤਹਿਤ ਸ਼ਰਧਾਲੂ ਘੱਟੋ-ਘੱਟ 15 ਜੀਆਂ ਦੇ ਜਥੇ ‘ਚ ਆਉਣਗੇ। ਜਥੇ ਵਿਚ ਸ਼ਾਮਲ ਹਰ ਇਕ ਜੀਅ ਕੋਲ ਭਾਰਤ ਸਰਕਾਰ ਵਲੋਂ ਜਾਰੀ ਕੀਤਾ ਪਾਸਪੋਰਟ ਤੇ “ਸਕਿਉਰਿਟੀ ਕਲੀਅਰੈਂਸ ਸਰਟੀਫ਼ਿਕੇਟ” ਜਰੂਰ ਹੋਣਾ ਚਾਹੀਦਾ ਹੈ। ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਤੋਂ ਘੱਟੋ-ਘੱਟ ਤਿੰਨ ਦਿਨ ਪਹਿਲਾਂ ਇਸ ਬਾਰੇ ਜਾਣਕਾਰੀ ਦੇਣੀ ਹੋਵੇਗੀ ਅਤੇ ਸ਼ਰਧਾਲੂ ਗੁਰਦੁਆਰਾ ਸਾਹਿਬ ਦੀ ਹਦੂਦ ਤੋਂ ਬਾਹਰ ਨਹੀਂ ਜਾ ਸਕਣਗੇ।

ਗੁਰਦੁਆਰਾ ਦਰਬਾਰ ਸਾਹਿਬ, ਕਰਤਾਰਪੁਰ ਸਾਹਿਬ

ਸਮਝੌਤੇ ਮੁਤਾਬਕ ਸਿੱਖ ਸ਼ਰਧਾਲੂ ਦਰਬਾਰ ਸਾਹਿਬ, ਕਰਤਾਰਪੁਰ ਸਾਹਿਬ ਵਿਖੇ ਰਾਤ ਨਹੀਂ ਰੁਕ ਸਕਣਗੇ ਅਤੇ ਮਿੱਥੇ ਕੀਤੇ ਸਮੇਂ ਦੇ ਅੰਦਰ ਉਨ੍ਹਾਂ ਨੂੰ ਵਾਪਸ ਪਰਤਣਾ ਪਵੇਗਾ।

ਇਸ ਤੋਂ ਇਲਾਵਾ ਇਸ ਲਾਂਘੇ ਰਾਹੀਂ ਹਰ ਰੋਜ਼ 500 ਸ਼ਰਧਾਲੂ ਹੀ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ‘ਚ ਪਹੁੰਚ ਸਕਣਗੇ ਤੇ ਉਨ੍ਹਾਂ ਨੂੰ ਰੋਜ਼ਾਨਾ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ 9 ਘੰਟੇ ਲਈ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਦੀ ਮਨਜ਼ੂਰੀ ਹੋਵੇਗੀ।

ਸੁਰੱਖਿਆ ਨੂੰ ਧਿਆਨ ‘ਚ ਰੱਖਦਿਆਂ ਸ਼ਰਧਾਲੂਆਂ ਨੂੰ ਆਉਣ ਤੋਂ ਇਨਕਾਰ ਕਰਨ ਜਾਂ ਯਾਤਰਾ ਲਈ ਦਿੱਤਾ ਸਮਾਂ ਘੱਟ ਕਰਨ ਦਾ ਪਾਕਿਸਤਾਨ ਸਰਕਾਰ ਨੂੰ ਪੂਰਾ ਹੱਕ ਹੋਵੇਗਾ ਤੇ ਭਾਰਤ ਤੋਂ ਆਉਣ ਵਾਲੇ ਸ਼ਰਧਾਲੂਆਂ ਨੂੰ ਇਹ ਸਮਝਾਉਣਾ ਭਾਰਤ ਸਰਕਾਰ ਦੀ ਜ਼ਿੰਮੇਵਾਰੀ ਹੋਵੇਗੀ ਕਿ ਸ਼ਰਧਾਲੂ ਪਾਕਿਸਤਾਨ ਆਉਣ ‘ਤੇ ਕਿਸੇ ਤਰ੍ਹਾਂ ਦਾ ਕੋਈ ਨਿਯਮ ਭੰਗ ਨਾ ਕਰਨ।

ਸਮਝੌਤੇ ਦੀਆਂ ਸ਼ਰਤਾਂ ਮੁਤਾਬਕ ਇਸ ਲਾਂਘੇ ਨੂੰ ਲੈ ਕੇ ਜੇਕਰ ਭਵਿੱਖ ‘ਚ ਕੋਈ ਵਿਵਾਦ ਉੱਠਦਾ ਹੈ ਤਾਂ ਦੋਵਾਂ ਦੇਸ਼ਾਂ ਦੇ ਕੂਟਨੀਤਕ ਸਾਂਝੇ ਤੌਰ ‘ਤੇ ਉਸ ਨੂੰ ਹੱਲ ਕਰਨ ਦੇ ਉਪਰਾਲੇ ਕਰਨਗੇ।

ਖਰੜੇ ਮੁਤਾਬਕ ਇਸ ਸਮਝੌਤੇ ਦਾ ਕੋਈ ਵੀ ਅਸਰ ਭਾਰਤ-ਪਾਕਿਸਤਾਨ ਵਿਚਾਲੇ ਹੋਏ ਪੁਰਾਣੇ ਦੁਵੱਲੇ ਸਮਝੌਤਿਆਂ ‘ਤੇ ਨਹੀਂ ਪਵੇਗਾ ਅਤੇ ਭਵਿੱਖ ‘ਚ ਜਦੋਂ ਵੀ ਦੋਵੇਂ ਦੇਸ਼ਾਂ ‘ਚੋਂ ਕਿਸੇ ਨੇ ਵੀ ਸ੍ਰੀ ਕਰਤਾਰਪੁਰ ਸਾਹਿਬ-ਡੇਰਾ ਬਾਬਾ ਨਾਨਕ ਲਾਂਘੇ ਨੂੰ ਲੈ ਕੇ ਕੀਤਾ ਸਮਝੌਤਾ ਤੋੜਨਾ ਹੋਵੇ ਤਾਂ ਉਹ ਦੂਜੇ ਦੇਸ਼ ਨੂੰ ਘੱਟੋ-ਘੱਟ ਇਕ ਮਹੀਨਾ ਪਹਿਲਾਂ ਲਿਖਤੀ ਜਾਣਕਾਰੀ ਦੇਣੀ ਪਵੇਗੀ।

ਤੁਸੀਂ ਸਿੱਖ ਸਿਆਸਤ ਦੇ ਅੰਗਰੇਜ਼ੀ ਖਬਰਾਂ ਵਾਲੇ ਮੰਚ ਤੇ ਸਮਝੌਤੇ ਦਾ ਖਰੜਾ ਪੜ੍ਹ ਸਕਦੇ ਹੋ –

https://sikhsiyasat.net/2018/12/30/pakistan-sends-14-point-draft-agreement-to-india-for-kartarpur-sahib-corridor-read-full-text-of-document/

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , , , , ,