ਲੇਖ » ਸਿੱਖ ਖਬਰਾਂ

ਕਰਤਾਰਪੁਰ ਸਾਹਿਬ ਦਾ ਲਾਂਘਾ ਕਿਥੋਂ-ਕਿਥੋਂ ਦੀ ਲੰਘਦਾ ਏ…

December 14, 2018 | By

ਲੇਖਕ: ਡਾ. ਸੇਵਕ ਸਿੰਘ

ਸਿਆਸਤ ਚੋਣਾਂ ਜਿੱਤਣ ਲਈ ਬੋਲੇ ਗਏ ਝੂਠਾਂ ਜਾਂ ਦੂਜਿਆਂ ਤੇ ਲਾਏ ਗਏ ਵਕਤੀ ਦੋਸ਼ਾਂ ਨੂੰ ਨਹੀਂ ਕਹਿੰਦੇ, ਨਾ ਹੀ ਸਰਕਾਰ ਦੇ ਮੰਤਰੀ ਜਾਂ ਮੁਖੀ ਬਣ ਕੇ ਲੋਕਾਂ ਤੋਂ ਪੈਸੇ ਖਾਣ ਨੂੰ ਸਿਆਸਤ ਕਹਿੰਦੇ ਹਨ।ਰਾਜਸੀ ਮੰਚ ਉੱਤੇ ਵਿਚਰਣ ਵਾਲੇ ਸਾਰੇ ਪਾਤਰ ਹੀ ਸਿਆਸਤਦਾਨ ਨਹੀਂ ਹੁੰਦੇ ਸਗੋਂ ਬਹੁਤੀ ਵਾਰ ਉਹ ਤਾਂ ਸਿਆਸੀ ਕਠਪੁਤਲੀਆਂ ਹੁੰਦੇ ਹਨ।ਅਸਲ ਸਿਆਸਤਦਾਨ ਤਾਂ ਉਹ ਹੁੰਦਾ ਹੈ ਜੋ ਏਹਨਾਂ ਪਾਤਰਾਂ ਦੇ ਕਾਰਜ ਅਤੇ ਬੋਲ ਤੈਅ ਕਰਦਾ ਹੈ।ਸਿਆਸਤ ਅਸਲ ਵਿਚ ਆਉਣ ਵਾਲੇ ਸਮਿਆਂ ਦੇ ਵਰਤਾਰਿਆਂ ਦਾ ਰਾਹ ਤੈਅ ਕਰਨ ਦੀ ਖੇਡ ਹੈ।ਸਿਆਸਤਦਾਨ ਆਪਣੇ ਵਰਤਮਾਨ ਸਮੇਂ ਵਿੱਚ ਵੱਖ ਵੱਖ ਧਿਰਾਂ ਨਾਲ ਲੈਣ ਦੇਣ ਅਤੇ ਘਾਟੇ ਵਾਧੇ ਦੇ ਸਬੰਧ ਕਈ ਪੱਧਰਾਂ ਉਤੇ ਅਤੇ ਕਈ ਪਾਸਿਆਂ ਤੋਂ ਬਣਾਉਂਦੇ ਹਨ ਤਾਂਕਿ ਆਉਣ ਵਾਲੇ ਸਮੇਂ ਵਿਚ ਆਪਣੇ ਹਿੱਤਾਂ ਅਤੇ ਰਾਹਾਂ ਨੂੰ ਪੱਕਿਆਂ ਕੀਤਾ ਜਾ ਸਕੇ।ਪੰਜਾਬ ਦੇ ਰਾਜਸੀ ਮੰਚ ਤੇ ਘੁੰਮਦੇ ਪਾਤਰਾਂ ਨੂੰ ਇਸ ਨੁਕਤੇ ਤੋਂ ਵੇਖਣ ਲਈ ਅਨੇਕਾਂ ਖਬਰਾਂ ਨੂੰ ਕੜੀਆਂ ਵਾਂਗ ਜੋੜਿਆ ਜਾ ਸਕਦਾ ਹੈ।ਇਹ ਲਿਖਤ ਵਰਤਮਾਨ ਦੇ ਸਿਆਸੀ ਵਰਤਾਰੇ ਨੂੰ ਜਾਨਣ ਦੀ ਛੋਟੀ ਜਿਹੀ ਕੋਸ਼ਿਸ਼ ਹੈ।

ਪੰਜਾਬ ਵਿਚ ਕਦੇ ਪੰਜ ਦਰਿਆ ਹੁੰਦੇ ਸਨ ਪਰ ਪਿਛਲੀ ਸਦੀ ਦੇ ਘਾਗ ਸਿਆਸਤਦਾਨਾਂ ਦੀ ਖੇਡ ਕਰਕੇ ਦੁਨੀਆ ਵਿੱਚ ਪੰਜ ਪੰਜਾਬ ਬਣ ਗਏ ਹਨ।ਪੰਜਾਬ ਦੇ ਲੋਕ ਕਿਸੇ ਵੀ ਧੜੇ ਵਿਚ ਹੋਣ ਪਰ ਉਹ ਪੰਜਾਬ ਵਿਚਲੀ ਕਿਸੇ ਵੀ ਉਥਲ ਪੁਥਲ ਦੀ ਸੰਭਾਵਨਾ ਨੂੰ ਕਦੇ 1947 ਅਤੇ ਕਦੇ 1984 ਦੇ ਵੱਖ ਵੱਖ ਕੋਣਾਂ ਤੋਂ ਹੀ ਵੇਖਦੇ ਹਨ।ਇਹ ਗੱਲ ਦਾ ਓਹਨਾਂ ਨੂੰ ਬਹੁਤਾ ਫਰਕ ਨਹੀਂ ਹੁੰਦਾ ਹੈ ਕਿ ਉਹ ਦੁਨੀਆਂ ਤੇ ਲਾਲ ਝੰਡਾ ਗੱਡਣਾ ਚਾਹੁੰਦੇ ਹਨ ਜਾਂ ਹਰਾ।ਚਾਹੇ ਉਹ ਤਿਰੰਗੇ, ਭਗਵੇ ਜਾਂ ਕੇਸਰੀ ਝੰਡੇ ਦੇ ਝੰਡਾਬਰਦਾਰ ਹੋਣ ਅਤੇ ਚਾਹੇ ਓਹ ਚਿੱਟਾ ਝੰਡਾ ਵੀ ਉਚਾ ਕਰ ਕਰ ਕੇ ਵਿਖਾਉਣ ਪਰ ਪਿਛਲੀ ਸਦੀ ਦੀਆਂ ਦੋ ਕਾਟਵੀਆਂ ਲੀਹਾਂ ਓਹਨਾਂ ਦੇ ਚਿਤਵੇ ਜਹਾਨ ਵਿਚ ਚੁੰਬਕ ਦੇ ਉਤਰ ਦੱਖਣ ਵਾਂਗ ਸਥਿਰ ਹਨ।ਇਕ ਪੰਜਾਬ ਜਦੋਂ ਵੀ ਦੂਜੇ ਪੰਜਾਬ ਨੂੰ ਮਿਲਦਾ ਏ ਤਾਂ ਜਿਹੜੀਆਂ ਤਾਕਤਾਂ ਨੇ 1947 ਅਤੇ 1984 ਲੈ ਕੇ ਆਂਦੇ ਸਨ ਉਹ ਪੰਜਾਬ ਨੂੰ ਸਦਾ ਹੀ ਕਾਲੇ ਝੰਡੇ ਦੇ ਰੂਪ ਵਿਚ ਵੇਖਦੀਆਂ ਹਨ।ਇਹ ਕਾਲੇ ਝੰਡੇ ਦਾ ਡਰ ਕੌਮਾਂਤਰੀ ਹਕੂਮਤਾਂ ਨੂੰ ਹੀ ਨਹੀਂ ਸਗੋਂ ਪੰਜਾਬ ਦੇ ਲੋਕਾਂ ਦੇ ਮਨਾਂ ਵਿਚ ਵੀ ਝਲਕਣ ਲੱਗ ਪਿਆ ਹੈ।1849 ਤੋਂ ਬਾਅਦ ਸ਼ੁਰੂ ਹੋਣ ਵਾਲੀ ਹਿਜਰਤ ਜੋ ਕਦੇ ਸਰਾਪ ਵਾਂਗ ਜਾਪਦੀ ਸੀ ਹੁਣ ਡਰ ਕਾਰਨ ਵਰਦਾਨ ਵਾਂਗ ਲੱਗਣ ਲੱਗ ਪਈ ਹੈ।ਟੋਟੇ ਟੋਟੇ ਪੰਜਾਬ ਨੂੰ ਸਮਾਜ ਦੀ ਕੋਈ ਵੀ ਘਟਨਾ ਸਹਿਜ ਵਰਤਾਰਾ ਨਾ ਹੋ ਕੇ ਸ਼ਾਜਸ ਲਗਦੀ ਹੈ ਪਰ ਸਾਜਸ਼ਾਂ ਸਹਿਜ ਵਰਤਾਰੇ ਲਗਦੀਆਂ ਹਨ।

ਕਨੇੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਭਾਰਤੀ ਉਪਮਹਾਂਦੀਪ ਦੀ ਫੇਰੀ ਮੌਕੇ ਭਾਰਤੀ ਖਬਰਖਾਨੇ ਨੇ ਕਨੇਡਾ ਅਤੇ ਸਿੱਖਾਂ ਵਿਰੁਧ ਰੱਜ ਕੇ ਭੰਡੀ ਪ੍ਰਚਾਰ ਕੀਤਾ ਸੀ – ਪ੍ਰਤੀਕਾਤਮਕ ਤਸਵੀਰ

ਕਨੇਡਾ ਦਾ ਪਰਧਾਨ ਮੰਤਰੀ (ਜਸਟਿਨ ਟਰੂਡੋ) ਪੰਜਾਬ ਆਇਆ ਤਾਂ ਭਾਰਤੀ ਖਬਰਖਾਨੇ (ਮੀਡੀਏ) ਨੇ ਓਹਦੇ ਸਿੱਖ ਪੰਜਾਬੀ ਮੋਹ ਵਾਲੇ ਰੂਪ ਦੀ ਬਹੁਤ ਦੁਹਾਈ ਦਿੱਤੀ ਭਾਵੇਂ ਕਿ ਉਹ ਭਾਰਤ ਵਿਚ ਵੀ ਘੁੰਮਿਆ।ਭਾਵੇਂ ਉਹ ਭਾਰਤੀ ਵਪਾਰੀਆਂ ਨਾਲ ਕਰੋੜਾਂ ਦੇ ਇਕਰਾਰਨਾਮੇ ਕਰਕੇ ਗਿਆ ਪਰ ਉਹਦੇ ਕਪੜਿਆਂ ਅਤੇ ਤਸਵੀਰਾਂ ਦੀਆਂ ਖਬਰਾਂ ਖੂਬ ਭਖਾਈਆਂ ਗਈਆਂ ਕਿਉਂਕਿ ਭਾਰਤੀ ਰਾਜਨੀਤੀ ਏਹਨਾਂ ਖਬਰਾਂ ਨਾਲ ਦੋਵਾਂ-ਤਿੰਨਾਂ ਪੰਜਾਬਾਂ ਨੂੰ ਹੀ ਉਲਝਾਉਣਾ ਚਾਹੁੰਦੀ ਸੀ ਸੋ ਓਹ ਉਲ਼ਝ ਗਏ।ਉਲਝਣ ਕਰਕੇ ਓਹਨਾਂ ਨੂੰ ਬਹੁਤ ਬੁਰਾ ਲੱਗਿਆ ਤੇ ਓਹ ਰਾਜਨੀਤੀ ਸਮਝਣ ਅਤੇ ਕਰਨ ਦੀ ਥਾਂ ‘ਮੇਰੇ ਯਾਰ ਨੂੰ ਮੰਦਾ ਨਾ ਬੋਲੀਂ’ ਵਾਲੀ ਭਾਵਨਾ ਤੇ ਉਤਰ ਆਏ।ਭਾਵਨਾ ਅਧੀਨ ਹੋਏ ਲੋਕਾਂ ਨਾਲ ਰਾਜਨੀਤੀ ਕਰਨੀ ਬਹੁਤ ਸੌਖੀ ਹੁੰਦੀ ਹੈ ਜਿਵੇਂ ਹੁਣ ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਮਾਮਲੇ ਵਿਚ ਹੋ ਰਹੀ ਹੈ।ਭਾਵਕ ਹੋਏ ਬੰਦੇ ਨੂੰ ਦੂਰ ਵਿਖਾਈ ਦੇਣੋ ਹਟ ਜਾਂਦਾ ਹੈ ਅਤੇ ਨਾ ਹੀ ਉਹ ਦੂਰ ਵੇਖਣ ਦੀ ਲੋੜ ਮਹਿਸੂਸ ਕਰਦਾ ਹੈ ਜਦਕਿ ਰਾਜਨੀਤੀ ਦਾ ਕੰਮ ਹੀ ਦੂਰ ਵੇਖਣ ਦਾ ਹੁੰਦਾ ਹੈ।ਇਹ ਇਕ ਪਾਸੇ ਰਾਜਨੀਤੀ ਅਤੇ ਦੂਜੇ ਪਾਸੇ ਭਾਵਨਾ ਦੇ ਵਹਿਣ ਦਾ ਸਬੱਬ ਹੈ ਕਿ ਪੰਜਾਬ ਦੇ ਲੋਕਾਂ ਨੂੰ ਕੱਲ੍ਹ ਜਿਹੜਾ ਬੰਦਾ ਨਿਕੰਮਾ ਮਸਖਰਾ ਜਾਪਦਾ ਸੀ ਉਹ ਅੱਜ ਕੌਮਾਂਤਰੀ ਆਗੂ ਲੱਗਣ ਲੱਗ ਪਿਆ ਹੈ।ਬਹੁਤੇ ਲੋਕਾਂ ਨੂੰ ਲਾਂਘੇ ਵਾਲੀ ਗੱਲ ਦੋ ਖਿਡਾਰੀਆਂ ਦੀ ਲਿਹਾਜੋ ਲਿਹਾਜੀ ਵਾਲੀ ਖੇਡ ਜਾਪਦੀ ਹੈ।

ਕਰਤਾਰਪੁਰ ਸਾਹਿਬ ਦਾ ਲਾਂਘਾ ਚਰਚਾ ਵਿਚ ਆਉਣ ਤੋਂ ਪਹਿਲਾਂ ਕੌਮਾਂਤਰੀ ਰਾਜਨੀਤੀ ਵਿਚੋਂ ਕਿਥੋਂ ਕਿਥੋਂ ਲੰਘਦਾ ਹੈ, ਇਹ ਜਾਨਣਾ ਹਰ ਸਿੱਖ ਲਈ ਜਰੂਰੀ ਹੈ। ਸਿੱਖਾਂ ਦੇ ਪੱਖ ਤੋਂ ਕਨੇਡਾ ਇਹ ਲਾਂਘੇ ਵਿਚਲਾ ਬਹੁਤ ਅਹਿਮ ਪੜਾਅ ਹੈ।ਰਾਜਨੀਤੀ ਦਾ ਇਹ ਲਾਂਘਾ ਅਚਾਨਕ ਹੀ ਸਾਬਕਾ ਖਿਡਾਰੀ ਕਰਕੇ ਜਾਂ ਭਾਰਤੀ ਚੋਣਾਂ ਕਰਕੇ ਹੀ ਕਸ਼ਮੀਰ ਵਾਂਗ ਕੌਮਾਤਰੀ ਬਿੰਦੂ ਨਹੀਂ ਬਣ ਗਿਆ। ਇਹ ਮਾਮਲਾ ਭਾਰਤੀ ਹਕੂਮਤ ਦੀ ਆਪਣੇ ਚਹੇਤੇ ਪੰਜਾਬੀ ਦਲ ਨੂੰ ਬਚਾਉਣ ਦੀ ਨਿਰੀ ਕਵਾਇਦ ਵੀ ਨਹੀਂ ਹੈ। ਪੰਥ ਸਦਾ ਲਈ ਪੰਜਾਬ ਦੀ ਭਾਰਤੀ ਸੂਬੇਦਾਰੀ ਦਾ ਲਾਂਘਾ ਨਹੀਂ ਹੈ ਇਹਦੇ ਮਾਅਨੇ ਕੌਮਾਂਤਰੀ ਵੀ ਹਨ।

ਪੰਜਾਬ ਦੀ ਮੌਜੂਦਾ ਰਾਜਸੀ ਹਾਲਤ ਦਾ ਇਕ ਸਿਰਾ ਕੌਮਾਂਤਰੀ ਰਾਜਨੀਤੀ ਵਿਚ ਜੁੜਦਾ ਹੈ ਜਿਥੋਂ ਪੰਜਾਬ ਦੀਆਂ ਪਿਛਲੀਆਂ ਦੋ ਸੂਬਾ ਚੋਣਾਂ ਲਈ ਨਾਮ ਅਤੇ ਨਾਮੇ ਨਾਲ ਹਿਮਾਇਤ ਹੋਈ ਹੈ।ਹਰਜੀਤ ਸਿੰਘ ਸੱਜਣ ਉਸੇ ਮੁਲਕ ਦਾ ਵਜੀਰ ਹੈ ਜਿਸ ਨਾਲ ਪਿਛਲੀ ਸਦੀ ਤੋਂ ਪੰਜਾਬ ਦਾ ਬਹੁਤ ਗੂਹੜਾ ਸਬੰਧ ਹੈ।ਇਸੇ ਮੁਲਕ ਬਾਰੇ ਕਦੇ ਭਾਰਤੀ ਪਰਧਾਨ ਮੰਤਰੀ ਰਾਜੀਵ ਗਾਂਧੀ ਨੇ ਕਿਹਾ ਸੀ ਕਿ ‘ਸਿੱਖ ਇਥੇ ਵੀ ਦੋ ਫੀਸਦੀ ਹਨ ਇਥੇ ਬਣਾ ਲੈਣ ਖਾਲਸਤਾਨ’।ਇਹ ਗੱਲ ਉਸ ਸਿਆਸਤਦਾਨ ਨੇ ਕਿਸ ਹਿਸਾਬ ਨਾਲ ਕਹੀ ਸੀ ਉਹਦੀ ਵਿਚਾਰ ਇਥੇ ਨਹੀਂ ਕਰਨੀ ਪਰ ਕਨੇਡਾ ਅਮਰੀਕਾ ਵਿਚ ਵਸਦੇ ਪੰਜਾਬ ਨੂੰ ਭਾਰਤੀ ਹਕੂਮਤ ਪਾਕਿਸਤਾਨ ਦੀ ਹੱਦ ਬਣੇ ਪੰਜਾਬ ਵਾਂਗ ਹੀ ਵੇਖਦੀ ਰਹੀ ਹੈ।

ਭਾਰਤੀ ਪੰਜਾਬ ਦਾ ਮੁਖ ਮੰਤਰੀ ਪਿਛਲੇ ਸਾਲ ਘਰ ਆਏ ਕਨੇਡਾ ਦੇ ਵਜੀਰ (ਹਰਜੀਤ ਸਿੰਘ ਸੱਜਣ) ਨੂੰ ਮਿਲਣ ਤੋਂ ਨਾਂਹ ਕਰ ਗਿਆ ਸੀ ਅਤੇ ਹੁਣ ਲਾਂਘੇ ਲਈ ਰਸਮੀ ਬੂਹਾ ਬਣਾਉਣ ਵੇਲੇ ਗੁਆਂਢੀ ਮੁਲਕ ਦਾ ਸੱਦਾ ਵੀ ਠੁਕਰਾਅ ਗਿਆ ਹੈ।ਬਹੁਤੇ ਲੋਕਾਂ ਨੂੰ ਇਹ ਗੱਲਾਂ ਉਹਦਾ ਅੜਬ ਸੁਭਾਅ ਲਗਦੀਆਂ ਹਨ ਕਿਉਂਕਿ ਓਹ ਭਾਰਤੀ ਰਾਜਨੀਤੀ ਦੀ ਲੀਹ ਨੂੰ ਜਾਣਦੇ ਹੋਏ ਵੀ ਸਮਝਦੇ ਨਹੀਂ ਹਨ।ਭਾਰਤੀ ਮੁਖਧਾਰਾ ਨੇ ਪੰਜਾਬ ਦੀ ਵੰਡ ਕਬੂਲ ਕੇ ਹੀ ਇਹ ਤੈਅ ਕਰ ਦਿੱਤਾ ਸੀ ਇਸ ਢਾਂਚੇ ਦਾ ਕੋਈ ਨੁਮਾਇੰਦਾ ਸਿੱਖਾਂ ਦੇ ਪੱਖ ਦੀ ਗੱਲ ਨਹੀਂ ਕਰ ਸਕਦਾ।ਇਥੋਂ ਤੱਕ ਕਿ ਭਾਰਤ ਸਰਕਾਰ ਪੰਜਾਬ ਦੇ ਹਿੱਤਾਂ ਦੀ ਗੱਲ ਕਰਨ ਵਾਲੇ ਬੰਦੇ ਨੂੰ ਵੀ ਪੰਜਾਬ ਦਾ ਮੁਖ ਮੰਤਰੀ ਨਹੀਂ ਰਹਿਣ ਦੇਵੇਗੀ।

ਪੂਰਬੀ ਪੰਜਾਬ ਦਾ ਸੂਬੇਦਾਰ ਮੁੱਖ ਮੰਤਰੀ ਅਮਰਿੰਦਰ ਸਿੰਘ (ਪੁਰਾਣੀ ਤਸਵੀਰ)

ਭਾਰਤੀ ਪੰਜਾਬ ਦੇ ਮੁਖ ਮੰਤਰੀ ਦੀ ਹੈਸੀਅਤ ਕਿੰਨੀ ਕੁ ਹੁੰਦੀ ਹੈ ਇਹਦੀ ਮਿਸਾਲ ਹੈ ਕਿ ਜਦੋਂ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਅਤੇ ਮੌੜ ਧਮਾਕੇ ਦੀ ਜਾਂਚ ਸਿੱਧੇ ਰੂਪ ਵਿਚ ਸਿਰਸੇ ਦੇ ਇਕ ਡੇਰੇ ਨਾਲ ਜੁੜ ਗਈ ਤਾਂ ਇਹਦੇ ਬਾਰੇ ਪੱਤਰਕਾਰਾਂ ਅੱਗੇ ਐਲਾਨ ਕਰਨ ਤੋਂ ਪਹਿਲਾਂ ਉਹਦੀ ਮਨਜੂਰੀ ਲੈਣ ਲਈ ਪੰਜਾਬ ਦੇ ਮੁਖ ਮੰਤਰੀ ਨੂੰ ਦਿੱਲੀ ਜਾਣਾ ਪਿਆ ਅਤੇ ਓਥੋਂ ਨਾਂਹ ਹੋਣ ਕਰਕੇ ਉਹਨੂੰ ਚੁਪ ਕਰਨਾ ਪਿਆ। ਇਸਦੇ ਉਲਟ ਇਸੇ ਮੁਖ ਮੰਤਰੀ ਨੂੰ ਨਿਰੰਕਾਰੀ ਭਵਨ ਵਿਚ ਹੋਏ ਧਮਾਕੇ ਬਾਰੇ ਐਲਾਨ ਕਰਨ ਲਈ ਘਰ ਬੈਠੇ ਹੀ ਮਨਜੂਰੀ ਮਿਲ ਗਈ, ਦਿਲੀ ਵੀ ਨਹੀਂ ਜਾਣਾ ਪਿਆ।ਜੇ ਇਕ ਮੁਖ ਮੰਤਰੀ ਉਤੇ ਖੁਫੀਆ ਮਹਿਕਮੇ ਦੀ ਏਨੀ ਕਸ ਹੈ ਤਾਂ ਕੀ ਉਸੇ ਪੰਜਾਬ ਦਾ ਇਕ ਮੰਤਰੀ ਦੂਜੇ ਮੁਲਕ ਜਾ ਕੇ ਆਪ ਮੁਹਾਰੇ ਰੂਪ ਵਿਚ ਕੌਮਾਂਤਰੀ ਹੱਦ ਖੋਹਲਣ ਦੀ ਗੱਲ ਕਰ ਸਕਦਾ ਹੈ?ਉਹ ਵੀ ਅਜਿਹੇ ਮੁਲਕ ਨਾਲ ਜਿਹੜਾ ਭਾਰਤ ਦੇ ਜਨਮ ਲਈ ਕਲਪਿਆ ਹੋਇਆ ਦੁਸ਼ਮਣ ਹੈ।

ਭਾਜਪਾ ਤੋਂ ਕਾਂਗਰਸ ਵਿਚ ਆ ਕੇ ਪੂਰਬੀ ਪੰਜਾਬ ਦਾ ਵਜ਼ੀਰ ਬਣਨ ਵਾਲਾ ਸਿਆਸਤਦਾਨ ਨਵਜੋਤ ਸਿੰਘ ਸਿੱਧੂ ਹਿੰਦੂਤਵੀ ਰਹੁਰੀਤਾਂ ਤੇ ਕਰਮਕਾਂਡ ਖੁੱਲ੍ਹੇ ਆਮ ਨਿਭਾਉਂਦਾ ਹੈ (ਇਕ ਪੁਰਾਣੀ ਤਸਵੀਰ)

ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਬ੍ਰਾਹਮਣੀ ਮੁਖਧਾਰਾ ਵਾਲਾ ਪੱਖ ਵੀ ਵੇਖਣਾ ਚਾਹੀਦਾ ਹੈ।ਇਸ ਖਿੱਤੇ ਵਿਚ ਹਿੰਦੂ ਹਸਤੀ ਨੂੰ ਨਵੇਂ ਸਿਰਿਓ ਕਾਇਮ ਕਰਨ ਵਾਲੀਆਂ ਤਿੰਨ ਵੱਡੀਆਂ ਜਥੇਬੰਦੀਆਂ ਬਣੀਆਂ।ਪਹਿਲੀ ਬ੍ਰਹਮੋ ਸਮਾਜ ਤੋਂ ਅੱਗੇ ਚੱਲ ਕੇ ਆਰੀਆ ਸਮਾਜ ਦੇ ਰੂਪ ਵਿਚ ਬਣੀ।ਦੂਜੀ ਸਵੈ ਸੇਵੀ ਸੰਘ ਦੇ ਰੂਪ ਵਿਚ ਬਣੀ ਅਤੇ ਤੀਜੀ ਹਿੰਦੂ ਮਹਾਂਸਭਾ ਦੇ ਰੂਪ ਵਿਚ ਬਣੀ।ਇਹ ਸਮਾਜ, ਸੰਘ ਅਤੇ ਸਭਾ ਸਿੱਧੇ ਰੂਪ ਵਿਚ ਜਾਂ ਆਪਣੀਆਂ ਸਖਾਵਾਂ ਬਣੀਆਂ ਜਥੇਬੰਦੀਆਂ ਦੇ ਰੂਪ ਵਿਚ ਪਾਕਿਸਤਾਨ ਦੇ ਵਿਰੋਧ ਦਾ ਕੋਈ ਵੀ ਮੌਕਾ ਨਹੀਂ ਜਾਣ ਦਿੰਦੀਆ।ਲ਼ਾਲ ਕ੍ਰਿਸ਼ਨ ਅਡਵਾਨੀ ਜੋ ਪਰਧਾਨ ਮੰਤਰੀ ਹੋਣ ਦਾ ਦਾਅਵੇਦਾਰ ਸੀ, ਉਹਨੇ ਪਾਕਿਸਤਾਨ ਜਾ ਕੇ ਮਰਹੂਮ ਜਿਨਾਹ ਦੀ ਸਿਫਤ ਕਰ ਦਿੱਤੀ ਤਾਂ ਅਣਲਿਖਤੀ ਤੌਰ ਤੇ ਏਹਨਾਂ ਜਥੇਬੰਦੀਆਂ ਨੇ ਉਹਨੂੰ ਆਗੂ ਵਜੋਂ ਹੀ ਨਾ ਮਨਜੂਰ ਕਰ ਦਿੱਤਾ ਅਤੇ ਖਬਰਖਾਨੇ (ਮੀਡੀਏ) ਵਿਚ ਉਹਦੀ ਰੱਜ ਕੇ ਖਿਲਾਫਤ ਹੋਈ।ਪੰਜਾਬ ਦੇ ਇਕ ਮੰਤਰੀ ਨੇ ਜਦੋਂ ਪਾਕਿਸਤਾਨ ਦੇ ਪਰਧਾਨ ਮੰਤਰੀ ਦਾ ਸੱਦਾ ਕਬੂਲਿਆ ਤਾਂ ਖਬਰਖਾਨੇ ਵਿਚ ਉਹਦੀ ਖਿਲਾਫਤ ਤਾਂ ਹੋਈ ਪਰ ਸੰਘ, ਸਮਾਜ ਅਤੇ ਸਭਾ ਨੇ ਉਹਦੇ ਬਾਰੇ ਕੋਈ ਹੋ ਹੱਲਾ ਨਹੀਂ ਕੀਤਾ।ਇਹ ਕੋਈ ਇਤਫਾਕ ਨਹੀਂ ਹੈ ਕਿ ਉਹਦੇ ਭਾਜਪਾ ਨੂੰ ਛੱਡਣ ਤੋਂ ਬਾਅਦ ਵੀ ਏਡੇ ਵੱਡੇ ਬਿਆਨਾਂ ਨੂੰ ਮੁਖਧਾਰਾ ਵਾਲੀਆਂ ਜਥੇਬੰਦੀਆਂ ਏਨੀ ਸਹਿਜਤਾ ਨਾਲ ਲੈਣ।ਇਸ ਲਈ ਇਹ ਮੰਨਣਾ ਚਾਹੀਦਾ ਹੈ ਕਿ ਇਹ ਖਿਡਾਰੀ ਭਾਰਤੀ ਹਕੂਮਤ ਦਾ ਅੱਛਾ ਖਿਡਾਰੀ ਬਣਨ ਦੀ ਦੌੜ ਵਿਚ ਹੈ।ਭਾਜਪਾ ਨੂੰ ਛੱਡਣ ਤੋਂ ਬਾਅਦ ਉਹ ਆਮ ਆਦਮੀ ਅਤੇ ਬੈਂਸ ਭਰਾਵਾਂ ਨਾਲ ਰਾਬਤੇ ਵਿਚ ਰਿਹਾ ਅਤੇ ਇਕ ਸਾਂਝਾ ਮੰਚ ਵੀ ਬਣਾਇਆ ਪਰ ਫਿਰ ਕਾਂਗਰਸ ਵਿਚ ਸ਼ਾਮਲ ਹੋ ਗਿਆ।ਲਿਹਾਜਾ ਉਹਦੇ ਲਈ ਦਲ ਜਾਂ ਬਿਆਨ ਬਦਲਣਾ ਔਖੀ ਗੱਲ ਨਹੀਂ ਹੈ।ਸਿੱਖਾਂ ਨੂੰ ਲੁਭਾਉਣ ਵਾਲੇ ਕੰਮ ਦਾ ਸੂਤਰਧਾਰ ਬਣ ਕੇ ਪੇਸ਼ ਹੋਣਾ ਅਸਲ ਵਿਚ ਪੰਜਾਬ ਦੇ ਨਵੇਂ ਰਾਜਸੀ ਬਦਲ ਦਾ ਮੁਹਾਂਦਰਾ ਤੈਅ ਕਰਨ ਦੀ ਨੀਤੀ ਹੈ।ਕਰਤਾਰਪੁਰ ਦੇ ਲਾਂਘੇ ਦਾ ਇਕ ਪੱਖ ਪੰਜਾਬ ਦੀ ਅੰਦਰੂਨੀ ਰਾਜਨੀਤੀ ਦੀ ਜੋੜ ਤੋੜ ਅਤੇ ਨੇਤਾ ਬਣਨ ਦੀ ਦੌੜ ਨਾਲ ਜੁੜਿਆ ਹੋਇਆ ਹੈ (ਜਿਸ ਬਾਰੇ ਵੱਖਰਾ ਲੇਖ ਬਣਦਾ ਹੈ)।

ਪਿੰਡਾਂ ਵਿਚ ਪੁਰਾਣੇ ਲੋਕ ਸਣ ਜਾਂ ਬਾਣ ਨੂੰ ਦੂਹਰਾ ਤਾਂ ਆਮ ਹੀ ਮੇਲ਼ ਲੈਂਦੇ ਸਨ ਪਰ ਤੀਹਰਾ ਮੇਲ਼ਣਾ ਔਖਾ ਹੁੰਦਾ ਸੀ ਇਹ ਹਰ ਇਕ ਦੇ ਵੱਸ ਦੀ ਗੱਲ ਨਹੀਂ ਹੁੰਦੀ ਸੀ ਕਿ ਤਿੰਨੇ ਲੜੀਆਂ ਇਕੋ ਜਿਹੀਆਂ ਵੀ ਰਹਿਣ ਅਤੇ ਵੱਟ ਵੀ ਇਕਸਾਰ ਚੜੇ ਅਤੇ ਮੇਲ ਵੀ ਮਲ਼ਵਾਂ ਹੋਵੇ।ਰਾਜਨੀਤੀ ਵਿਚ ਸਬੰਧਾਂ ਦੇ ਰੱਸੇ ਹਮੇਸ਼ਾਂ ਹੀ ਤੀਹਰੇ ਚੌਹਰੇ ਹੁੰਦੇ ਹਨ।ਜਦੋਂ ਦੋ ਧਿਰਾਂ ਰਲ ਕੇ ਕਿਸੇ ਤੀਜੇ ਨੂੰ ਹਰਾ ਰਹੀਆਂ ਹੁੰਦੀਆ ਹਨ ਤਾਂ ਉਸੇ ਵੇਲੇ ਹੀ ਉਹ ਕਿਸੇ ਚੌਥੇ ਪੰਜਵੇਂ ਨਾਲ ਰਲ ਕੇ ਇਕ ਦੂਜੇ ਨੂੰ ਵੀ ਹਰਾ ਰਹੀਆਂ ਹੁੰਦੀਆਂ ਹਨ।ਇਥੇ ਤੱਕ ਕਿ ਜਿਸਨੂੰ ਰਲ਼ ਕੇ ਹਰਾ ਰਹੀਆਂ ਹੁੰਦੀਆਂ ਹਨ ਉਸ ਨਾਲ ਰਲ ਕੇ ਵੀ ਇਕ ਦੂਜੇ ਨੂੰ ਹਰਾਉਣ ਦੀ ਖੇਡ ਖੇਡ ਲੈਂਦੀਆਂ ਹਨ।ਜਰਮਨੀ ਦੇ ਨੇਤਾ ਬਿਸਮਾਰਕ ਵਾਂਗ ਸਿਆਸਤਦਾਨ ਆਪਣੇ ਦੋਵਾਂ ਹੱਥਾਂ ਨਾਲ ਸਬੰਧਾਂ ਦੀਆਂ ਪੰਜ ਛੇ ਗੇਂਦਾਂ ਨਾਲ ਵੀ ਖੇਡਦੇ ਰਹਿੰਦੇ ਹਨ।ਨਾ ਸਿਰਫ ਭਾਰਤ ਸਰਕਾਰ ਸਿੱਖਾਂ ਨਾਲ ਦੂਹਰਾ ਤੀਹਰਾ ਖੇਡ ਰਹੀ ਹੈ ਸਗੋਂ ਕਨੇਡਾ ਅਮਰੀਕਾ ਅਤੇ ਪਾਕਿਸਤਾਨ ਵੀ ਆਪਣੇ ਆਪਣੇ ਹਿਸਾਬ ਨਾਲ ਕਈ ਭਾਂਤ ਦੇ ਰੱਸੇ ਮੇਲ਼ ਰਹੇ ਹਨ।

ਭਾਰਤੀ ਖੁਫੀਆ ਮਹਿਕਮੇ ਦਾ ਸਾਬਕਾ ਮੁਖੀ (ਦੁਲਟ) ਜੋ ਆਪਣੇ ਪਾਕਿਸਤਾਨੀ ਮਿਤਰ ਨਾਲ ਰਲਕੇ ਕਿਤਾਬ ਲਿਖਦਾ ਹੈ ਤਾਂ ਦੋ ਮੁਲਕਾਂ ਦੇ ਖੁਫੀਆਂ ਮਾਹਰ ਸਾਂਝੇ ਤੌਰ ਤੇ ਮਨਚਾਹੇ ਤਰੀਕੇ ਨਾਲ ਨਹੀਂ ਲਿਖ ਰਹੇ। ਉਹ ਕਿਸੇ ਤੈਅਸੁਦਾ ਕੰਮ ਲਈ ਲਿਖ ਰਹੇ ਹਨ।ਰਾਜਨੀਤੀ ਦੇ ਵਿਦਵਾਨ ਜਾਣਦੇ ਹਨ ਕਿ ਖੁਫੀਆ ਮਾਹਰ ਹੀ ਬਹੁਤ ਵਾਰ ਅਸਲ ਸਿਆਸਤ ਖੇਡਦੇ ਹਨ। ਜੇ ਭਾਰਤੀ ਖੁਫੀਆ ਮਹਿਕਮੇ  ਦਾ ਸਾਬਕਾ ਮੁਖੀ ਕਸ਼ਮੀਰ ਮਸਲੇ ਦਾ ਹੱਲ ਰਾਜਨੀਤਿਕ ਤੌਰ ਤੇ ਕਰਨ ਨੂੰ ਕਹਿ ਰਿਹਾ ਹੈ ਤਾਂ ਇਹਦੇ ਕੋਈ ਮਾਅਨੇ ਹਨ। ਇਹ ਸਿਰਫ ਚੋਣ ਰਾਜਨੀਤੀ ਵਾਲੇ ਬੰਦੇ ਦਾ ਬਿਆਨ ਨਹੀਂ ਹੈ।ਉਹਨੇ ਭਾਰਤ ਦੇ ਮੌਜੂਦਾ ਰਖਿਆ ਸਲਾਹਕਾਰ ਦੀ ਕਸ਼ਮੀਰ ਨੀਤੀ ਨੂੰ ਗਲਤ ਵੀ ਕਿਹਾ ਹੈ ਪਰ ਕਸ਼ਮੀਰ ਵਿਚ ਜੁਲਮ ਨੀਤੀ ਅਪਣਾਉਣ ਵਾਲੇ ਇਸੇ ਰਖਿਆ ਸਲਾਹਕਾਰ ਦੀ ਚੀਨ ਨਾਲ ਗੱਲਬਾਤ 12ਵੇਂ ਗੇੜ ਵਿਚ ਪਹੁੰਚ ਗਈ ਹੈ।

⊕ ਇਹ ਵੀ ਪੜ੍ਹੋ – ਕਰਤਾਰਪੁਰ ਸਾਹਿਬ ਲਾਂਘੇ ਬਾਰੇ ਇਸ ਵੇਲੇ ਗੱਲ ਅੱਗੇ ਤੁਰਨ ਦੀ ਵਜ੍ਹਾ ਕੀ ਹੈ?

ਚੀਨ ਦੀ ਗੱਲਬਾਤ ਪਾਕਿਸਤਾਨ ਨਾਲ ਕਿਥੋਂ ਤੱਕ ਪਹੁੰਚ ਗਈ ਹੈ ਇਹ ਗੱਲ ਵੀ ਕਰਤਾਰਪੁਰ ਦੇ ਲਾਂਘੇ ਦੀ ਰਾਜਨੀਤੀ ਨੂੰ ਸਮਝਣ ਲਈ ਸਹਾਈ ਹੋਏਗੀ।ਪਾਕਿਸਤਾਨ ਨੇ ਅਮਰੀਕਾ ਨਾਲ ਲੰਮਾ ਸਮਾਂ ਸਬੰਧ ਰੱਖਣ ਦੇ ਬਵਜੂਦ ਆਪਣੇ ਫੌਜੀ ਅੱਡੇ ਵਰਤਣ ਦੀ ਆਗਿਆ ਨਹੀਂ ਦਿੱਤੀ ਸੀ ਪਰ ਚੀਨ ਨੂੰ ਇਹ ਹੱਕ ਹਾਸਲ ਹੋ ਗਿਆ ਹੈ।ਚੀਨ ਨੇ ਤੀਜੀ ਦੁਨੀਆ ਕਹੇ ਜਾਂਦੇ ਮੁਲਕਾਂ ਵਿਚੋਂ ਕਈਆਂ ਨੂੰ ਆਪਣੇ ਕਰਜਈ ਕਰ ਲਿਆ ਹੈ। ਉਹ ਆਪਣੇ ਕਰਜੁ ਚੁਕਾਉਣ ਲਈ ਆਪਣੀ ਮਾਲਕੀ ਵਾਲੀਆਂ ਥਾਵਾਂ ਦਾ ਕਬਜਾ ਚੀਨ ਨੂੰ ਦੇ ਰਹੇ ਹਨ ਜਿਵੇਂ ਸ੍ਰੀ ਲੰਕਾ ਨੇ ਆਪਣੀ ਬੰਦਰਗਾਹ ਚੀਨ ਨੂੰ ਗਹਿਣੇ ਕਰ ਦਿੱਤੀ ਹੈ।ਇਹ ਸਿੱਧੇ ਰੂਪ ਵਿਚ ਭਾਰਤ ਲਈ ਰੱਸਾ ਵਲਿਆ ਹੈ ਕਿਉਂਕਿ ਭਾਰਤ ਨੇ ਅਮਰੀਕਾ ਅਤੇ ਆਸਟਰੇਲੀਆ ਨਾਲ ਮਿਲ ਕੇ ਸਮੁੰਦਰੀ ਕਬਜੇ ਦਾ ਤੀਹਰਾ ਰੱਸਾ ਮੇਲ਼ ਲਿਆ ਹੈ ਜੋ ਸਿੱਧੇ ਰੂਪ ਵਿਚ ਚੀਨ ਦੇ ਵਿਰੁਧ ਇਕਜੁਟਤਾ ਹੈ। ਦੂਜੇ ਪਾਸੇ ਭਾਰਤ ਨੇ ਰੂਸ ਤੋਂ ਮਿਜਾਇਲਾਂ ਖਰੀਦ ਕੇ ਅਮਰੀਕਾ ਤਾਈਂ ਪਾਕਿਸਤਾਨ ਨੂੰ ਜੰਗੀ ਜਹਾਜ ਦੇਣ ਦਾ ਵਿਰੋਧ ਜਤਾਇਆ ਹੈ।ਚੀਨ ਆਪਣੇ ਆਪ ਨੂੰ ਦੁਨੀਆ ਦੀ ਸਭ ਤੋਂ ਵੱਡੀ ਤਾਕਤ ਸਿੱਧ ਕਰਨ ਲਈ ਪਾਕਿਸਤਾਨ ਸਮੇਤ ਹੋਰ ਗੁਆਂਢੀ ਮੁਲਕਾਂ ਨਾਲ ਮਿਲ ਕੇ ਭਾਰਤ ਨੂੰ ਉਹਦੀ ਵਪਾਰਕ ਨੀਤੀ ਵਿਚ ਰਲਣ ਲਈ ਮਜਬੂਰ ਕਰ ਰਿਹਾ ਹੈ।ਇਸ ਕਰਕੇ ਮਾਲਦੀਵ ਵਰਗੇ ਨਿੱਕੇ ਜਿਹੇ ਦੇਸ਼ ਨੇ ਭਾਰਤ ਦੇ ਸਮੁੰਦਰੀ ਫੌਜ ਵਾਲੇ ਅਭਿਆਸ ਦਾ ਹਿੱਸਾ ਬਣਨ ਤੋਂ ਨਾਂਹ ਕਰ ਦਿੱਤੀ ਹੈ।ਭੂਟਾਨ ਵਰਗੇ ਮੁਲਕ ਨਾਲ ਬਿਜਲੀ ਲਈ ਹੋਏ ਸਮਝੌਤੇ ਵਿਚ ਵੀ ਖੱਟਾ ਪੈ ਗਿਆ ਹੈ।ਪਰ ਦੂਜੇ ਪਾਸੇ ਚੀਨ ਏਸ਼ੀਆ ਵਿਚ ਆਪਣੀ ਸਰਦਾਰੀ ਬਣਾਈ ਰਖਣ ਲਈ ਭਾਰਤ-ਪਾਕਿ ਸਮੇਤ ਬਾਕੀ ਮੁਲਕਾਂ ਦੇ ਹਾਲਤ ਵਪਾਰ ਵਿਰੋਧੀ ਨਹੀਂ ਬਣਨ ਦੇਣਾ ਚਾਹੁੰਦਾ ਅਤੇ ਨਾ ਹੀ ਅਮਰੀਕਾ ਦੀ ਦਖਲ ਅੰਦਾਜੀ ਲਈ ਥਾਂ ਬਣਨ ਦੇਣਾ ਚਾਹੁੰਦਾ ਹੈ।ਚੀਨ ਦੇ ਹਿਤ ਨੂੰ ਧਿਆਨ ਵਿਚ ਰਖਦੇ ਹੋਏ ਭਾਰਤ ਨੇ ਦਲਾਈਲਾਮੇ ਦੇ ਸਮਾਗਮਾਂ ਤੋਂ ਦੂਰੀ ਬਣਾਈ ਪਰ ਦੂਜੇ ਪਾਸੇ ਨਵੇਂ ਦਲਾਈਲਾਮਾ ਨੂੰ ਅਮਰੀਕਾ ਨੇ ਅਪਣਾ ਲਿਆ ਹੈ।ਇਹ ਅਮਰੀਕਾ ਵਲੋਂ ਚੀਨ ਅਤੇ ਭਾਰਤ ਦੀ ਸਾਂਝ ਦਾ ਸਿੱਧਾ ਵਿਰੋਧ ਸੀ।ਦੁਨੀਆ ਵਿਚ ਇਸ ਗੱਲ ਦੀ ਪੂਰੀ ਚਰਚਾ ਹੈ ਕਿ ਚੀਨ ਪੁਰਾਣਾ ਰੇਸ਼ਮੀ ਵਪਾਰ ਵਾਲਾ ਰਾਹ ਜਿਉਂਦਾ ਕਰ ਰਿਹਾ ਹੈ ਜਿਸ ਰਾਹੀ ਉਹ ਸਦੀਆਂ ਪਹਿਲਾਂ ਸਾਰੀ ਦੁਨੀਆ ਨਾਲ ਜੁੜਿਆ ਹੋਇਆ ਸੀ।ਇਹ ਰਾਹ ਦੀ ਕਾਇਮੀ ਨਾਲ ਉਹ ਨਾ ਸਿਰਫ ਏਸ਼ੀਆ ਸਗੋਂ ਪੂਰੀ ਦੁਨੀਆ ਦੇ ਵਪਾਰ ਵਿਚ ਆਪਣੀ ਧਾਂਕ ਜਮਾ ਲਵੇਗਾ।ਇਹ ਜਮੀਨੀ ਵਪਾਰ ਰਸਤਾ ਕਰਤਾਰਪੁਰ ਦੇ ਲਾਂਘੇ ਨਾਲ ਵੀ ਜੁੜਦਾ ਹੈ।ਜਿਵੇਂ ਪਾਣੀਆਂ ਦਾ ਘਰ ਤਿੱਬਤ ਨਾ ਸਿਰਫ ਚੀਨ ਅਤੇ ਭਾਰਤ ਦੇ ਆਪਸੀ ਸਬੰਧਾਂ ਦਾ ਬਿੰਦੂ ਬਣਿਆ ਹੈ ਸਗੋਂ ਚੀਨ ਅਤੇ ਅਮਰੀਕਾ ਦੇ ਸਬੰਧਾਂ ਦਾ ਬਿੰਦੂ ਵੀ ਬਣ ਗਿਆ ਹੈ।ਏਵੇਂ ਨਾ ਸਿਰਫ ਛੋਟੇ ਜਾਂ ਕਮਜੋਰ ਮੁਲਕ ਸਗੋਂ ਛੋਟੀਆਂ ਧਿਰਾਂ ਵੀ ਕੌਮਾਂਤਰੀ ਰਾਜਨੀਤੀ ਦਾ ਮੁਹਰਾ ਬਣਦੀਆਂ ਰਹੀਆਂ ਹਨ।ਇਸ ਘੜੀ ਵਪਾਰ ਦੇ ਪੱਖ ਤੋਂ ਹੀ ਨਹੀਂ ਸਗੋਂ ਧਰਮ, ਸਭਿਆਚਾਰ ਅਤੇ ਨਸਲੀ ਪੱਖ ਤੋਂ ਵੀ ਸਿੱਖ ਕੌਮਾਂਤਰੀ ਰਾਜਨੀਤੀ ਵਿਚ ਵੱਖ ਵੱਖ ਧਿਰਾਂ ਦੇ ਰਾਜਸੀ ਦਾਅ ਖੇਡਣ ਦਾ ਕਾਰਨ ਬਣ ਰਹੇ ਹਨ।

ਅਫਗਾਨਿਸਤਾਨ ਦਾ ਸੱਤਾਧਾਰੀ ਮੁਖੀ ਅਤੇ ਸਾਬਕਾ ਆਹਲਾ ਮੰਤਰੀ ਦਰਬਾਰ ਸਾਹਿਬ ਦਰਸ਼ਨ ਕਰਕੇ ਗਏ ਹਨ। ਇਸੇ ਸਾਲ ਚੀਨ ਅਤੇ ਅਮਰੀਕਾ ਦੇ ਰਾਜਦੂਤਾਂ ਨੇ ਵੀ ਦਰਬਾਰ ਸਾਹਿਬ ਫੇਰੀ ਪਾਈ ਹੈ। ਪਿਛਲੇ ਸਮੇਂ ਵਿਚ ਇਰਾਨ ਅਤੇ ਇੰਗਲੈਂਡ ਦੇ ਨੇਤਾ ਵੀ ਮੱਥਾ ਟੇਕ ਕੇ ਗਏ ਹਨ। ਰਾਜਸੀ ਲੋਕਾਂ ਦੀਆਂ ਫੇਰੀਆਂ ਅਤੇ ਗੱਲਾਂ ਦੇ ਮਾਅਨੇ ਰਾਜਸੀ ਹੀ ਹੁੰਦੇ ਹਨ ਚਾਹੇ ਉਹ ਕਿਸੇ ਦੇ ਜਨਮ ਮਰਨ ਤੇ ਵੀ ਕਿਉਂ ਨਾ ਆਏ ਹੋਣ। ਕਨੇਡੇ ਦੇ ਮੌਜੂਦਾ ਪਰਧਾਨ ਮੰਤਰੀ ਦਾ ਇਹ ਕਹਿਣਾ ਕਿ ਉਹਦੀ ਵਜਾਰਤ ਵਿਚ ਭਾਰਤ ਨਾਲੋਂ ਵੱਧ ਸਿੱਖ ਚਿਹਰੇ ਹਨ।ਇਹ ਗੱਲ ਮਨੁੱਖਤਾਵਾਦੀ ਪੈਂਤੜੇ ਤੋਂ ਜਾਂ ਮਜਾਕੀਆ ਰੂਪ ਵਿਚ ਨਹੀਂ ਕਹੀ ਗਈ ਸਗੋਂ ਕੌਮਾਂਤਰੀ ਰਾਜਨੀਤੀ ਵਿਚ ਸਿੱਖਾਂ ਨੂੰ ਆਪਣੇ ਹਿੱਤ ਵਿਚ ਭੁਗਤਾਉਣ ਦੀ ਪਹਿਲਕਦਮੀ ਹੈ।ਇਸੇ ਗੱਲ ਲਈ ਭਾਰਤੀ ਖਬਰਖਾਨਾ ਉਹਦੀ ਸਾਖ ਨੂੰ ਨੌਸਿਖਈਏ ਵਜੋਂ ਪੇਸ਼ ਕਰਦਾ ਹੈ ਕਿਉਂਕਿ ਭਾਰਤੀ ਪਰਬੰਧ ਸਿੱਖਾਂ ਉਤੇ ਆਪਣਾ ਜਨਮਜਾਤ ਹੱਕ ਸਮਝਦਾ ਹੈ ਪਰ ਲਾਂਘੇ ਵਾਲੇ ਸਵਾਲ ਨਾਲ ਇਹ ਤੈਅ ਹੋ ਗਿਆ ਹੈ ਕਿ ਰਾਜਸੀ ਦੁਨੀਆ ਵਿਚ ਹੋਰ ਵਪਾਰੀ-ਮਦਾਰੀ ਵੀ ਸਿੱਖਾਂ ਦੇ ਮਾਮਲੇ ਵਿਚ ਪੈ ਗਏ ਹਨ।ਕਨੇਡਾ ਅਤੇ ਅਮਰੀਕਾ ਨੇ ਹਾਲੇ ਆਪਣੇ ਆਪਣੇ ਸਿੱਖ ਚਿਹਰਿਆਂ ਨੂੰ ਅਪਣਾਇਆ ਹੈ।ਅਮਰੀਕੀ ਚਿਹਰੇ ਨੂੰ ਇੰਗਲੈਂਡ ਨੇ ਵੀ ਮਾਨਤਾ ਦਿੱਤੀ ਹੈ ਅਤੇ ਉਲਟੇ ਰੂਪ ਵਿਚ ਭਾਰਤ ਨੇ ਵੀ।ਪਾਕਿਸਤਾਨ ਨੇ ਪਿਛਲੇ ਸਮੇਂ ਵਿਚ ਗੁਰਦੁਆਰਾ ਕਮੇਟੀ ਬਣਾ ਕੇ, ਗੁਰੂ ਨਾਨਕ ਦੇਵ ਜੀ ਦੇ ਨਾਂ ਦੀ ਯੂਨੀਵਰਸਿਟੀ ਦਾ ਐਲਾਨ ਕਰਕੇ ਅਤੇ ਅਨੰਦ ਕਾਰਜ ਦਾ ਕਾਨੂੰਨ ਬਣਾ ਕੇ ਸਿੱਖ ਚਿਹਰੇ ਲਈ ਥਾਂ ਪੈਦਾ ਕੀਤੀ ਹੈ।

ਅਫਗਾਨਿਸਤਾਨ ਵਿਚ ਭਾਰਤ ਦੀ ਦਖਲ ਅੰਦਾਜੀ ਪਾਕਿਸਤਾਨ ਨਾਲੋਂ ਵੀ ਵੱਧ ਹੋ ਗਈ ਹੈ।ਉਥੋਂ ਦੇ ਅੰਦਰੂਨੀ ਮਾਮਲੇ ਦੀ ਪੰਚੀ ਰੂਸ ਕਰ ਰਿਹਾ ਹੈ ਪਰ ਭਾਰਤ ਨੂੰ ਸਭਾ ਵਿਚ ਬੈਠ ਕੇ ਵੇਖਣ ਦੀ ਆਗਿਆ ਹੈ।ਇਹ ਪਾਕਿਸਤਾਨ ਉਤੇ ਭਾਰਤ ਦਾ ਵਧਵਾਂ ਹੱਥ ਹੈ ਜਿਵੇਂ ਕਦੇ ਅੰਗਰੇਜਾਂ ਨੇ ਸਿੰਧ ਤੇ ਕਬਜਾ ਕਰਕੇ ਰਣਜੀਤ ਸਿੰਘ ਨਾਲ ਕੀਤਾ ਸੀ।ਇਹ ਗੱਲ ਭਾਵੇਂ ਹਵਾਈ ਜਾਪੇ ਪਰ ਪਾਕਿਸਤਾਨ ਨੇ ਇਸਦਾ ਜੁਆਬ ਦੇਣ ਲਈ ਸਿੱਖਾਂ ਨੂੰ ਮਾਣ ਦੇ ਕੇ ਚੌਹਰਾ ਰੱਸਾ ਮੇਲਣ ਦਾ ਦਾਅ ਮਾਰਿਆ ਹੈ ਜੋ ਭਾਰਤ ਨੂੰ ਢੁਕਵੀਂ ਥਾਂ ਤੇ ਰੱਖਣ ਲਈ ਚੀਨ ਅਤੇ ਅਮਰੀਕਾ ਨੂੰ ਵੀ ਪੁਗਦਾ ਹੈ। ਸੰਭਾਵਨਾ ਹੈ ਕਿ ਅਮਰੀਕਾ ਅਤੇ ਚੀਨ ਦੀ ਵਪਾਰਕ ਜੰਗ ਦੁਨੀਆ ਦੇ ਕਈ ਦੇਸ਼ਾਂ ਦੀ ਕਿਸਮਤ ਬਦਲੇਗੀ। ਰਾਜਸੀ ਵਿਦਵਾਨ ਚਿਰਾਂ ਤੋਂ ਲੱਖਣ ਲਾ ਰਹੇ ਹਨ ਕਿ ਸੰਸਾਰ ਇਕਧੁਰੀ (ਅਮਰੀਕਾ) ਦੀ ਥਾਂ ਬਹੁ ਧੁਰੀ ਹੋਏਗਾ।ਹਾਲਾਤ ਕੁਝ ਵੀ ਹੋਣ ਸਿੱਖਾਂ ਨੂੰ ਆਉਂਦੇ ਕੁਝ ਸਾਲਾਂ ਵਿਚ ਹੀ ਇਹ ਮਾਮਲਾ ਤੈਅ ਕਰਨਾ ਪਏਗਾ ਕਿ ਉਹ ਕੌਮਾਂਤਰੀ ਰਾਜਨੀਤੀ ਤੋਂ ਆਪਣੇ ਲਈ ਲਾਂਘਾ ਲੈਂਦੇ ਹਨ ਜਾਂ ਫਿਰ ਭਾਰਤ ਦੇ ਨਾਲ ਨਾਲ ਕੌਮਾਂਤਰੀ ਰਾਜਨੀਤੀ ਦਾ ਲਾਂਘਾ ਵੀ ਬਣਦੇ ਹਨ।

ਸਿੱਖਾਂ ਦੇ ਵੇਖਣ ਲਈ ਇਸ ਮਸਲੇ ਦੇ ਦੋ ਪਹਿਲੂ ਹਨ ਪਹਿਲਾ ਇਹ ਕਿ ਕੌਮਾਂਤਰੀ ਰਾਜਨੀਤੀ ਇਹ ਗੱਲ ਵਿਚ ਵੀ ਦਿਲਚਸਪੀ ਰਖੇਗੀ ਕਿ ਪੰਜਾਬ, ਭਾਰਤ ਅਤੇ ਦੁਨੀਆ ਵਿਚ ਪੇਸ਼ ਹੋਣ ਵਾਲੇ ਸਿੱਖ ਦੀ ਸੂਰਤ ਕਿਹੋ ਜਿਹੀ ਹੋਵੇ। ਇਸ ਕਰਕੇ ਪਹਿਲੋਂ ਹੀ ਭਾਰਤੀ ਪਰਛਾਵਾਂ ਮੰਡੀ ਨੇ ਸੰਨੀ ਦਿਓਲ ਅਤੇ ਅਕਸੈ ਕੁਮਾਰ ਵਰਗੇ ਪੰਜਾਬੀ ਪਿਛੋਕੜ ਵਾਲੇ ਨਕਲਚੀਆਂ ਰਾਹੀਂ ਇਹ ਕੋਸ਼ਿਸ਼ ਕੀਤੀ ਹੈ ਕਿ ਕੁਤਰੀ ਦਾਹੜੀ ਵਾਲੇ ਬੰਦੇ ਦੀ ਦਿਖ ਸਰਦਾਰ ਵਜੋਂ ਪਰਵਾਨ ਹੋ ਜਾਵੇ।ਭਾਰਤ ਅਤੇ ਅਮਰੀਕਾ ਨੂੰ ਉਹ ਸਿੱਖ ਨੇਤਾ ਪੁਗਦਾ ਹੈ ਜੋ ਸਿੱਖੀ ਤੋਂ ਦੂਰ ਹੋਵੇ ਤਾਂਕਿ ਉਹਨੂੰ ਮਨਚਾਹੇ ਤਰੀਕੇ ਨਾਲ ਮੋੜਿਆ ਜਾ ਸਕੇ।ਪਾਕਿਸਤਾਨ ਕਿਹੋ ਜਿਹੇ ਸਿੱਖ ਨੇਤਾ ਦੀ ਚਾਹਨਾ ਵਿਚ ਹੈ ਇਹਦਾ ਉਤਰ ਹਾਲੇ ਸੌਖਾ ਨਹੀਂ ਹੈ ਪਰ ਹਾਲ ਦੀ ਘੜੀ ਸਾਬਕਾ ਖਿਡਾਰੀ ਉਹਦੀ ਚੋਣ ਮੰਨਿਆ ਜਾ ਸਕਦਾ ਹੈ।ਇਹ ਖਿਡਾਰੀ ਭਾਰਤੀ ਅਤੇ ਅਮਰੀਕੀ ਸ਼ਰਤਾਂ ਉਤੇ ਵੀ ਪੂਰਾ ਉਤਰਦਾ ਹੈ।ਇਸ ਮਾਮਲੇ ਵਿਚ ਹਾਲੇ ਬਹੁਤ ਕੁਝ ਵੇਖਣ ਵਾਲਾ ਹੈ ਕਿਉਂਕਿ ਇਕ ਤਾਂ ਕੋਈ ਵੀ ਹਕੂਮਤ ਰਾਜਨੀਤੀ ਖੇਡਣ ਵੇਲੇ ਕਦੇ ਇਕ ਪੱਤਾ ਨਹੀਂ ਰਖਦੀ ਅਤੇ ਦੂਜਾ ਪੰਜਾਬ ਦੀ ਅੰਦਰੂਨੀ ਰਾਜਨੀਤੀ ਵਿਚ ਇਸ ਖਿਡਾਰੀ ਦਾ ਅਜੇ ਅਜਿਹੇ ਆਗੂ ਵਜੋਂ ਪਰਖੇ ਜਾਣਾ ਜਰੂਰੀ ਹੈ ਜਿਸ ਦੁਆਲੇ ਨਵੀਂ ਧਿਰ ਖੜੀ ਹੋਵੇ।

ਸਿੱਖਾਂ ਲਈ ਵੇਖਣ ਵਾਲਾ ਦੂਜਾ ਪਹਿਲੂ ਇਹ ਹੈ ਕਿ ਉਹ ਆਪਣੇ ਆਪ ਨੂੰ ਕਿਥੇ ਰੱਖ ਕੇ ਵੇਖਦੇ ਹਨ। ਕੌਮਾਂਤਰੀ ਮੰਡੀ ਵਿਚ ਤਕੜੀਆਂ ਧਿਰਾਂ ਛੋਟਿਆਂ ਅਤੇ ਅਣਗੌਲਿਆਂ ਨੂੰ ਉਹਨਾਂ ਦੀ ਸਹਿਮਤੀ ਤੋਂ ਬਿਨਾ ਵੀ ਵੰਡ ਅਤੇ ਵਰਤ ਲੈਂਦੀਆਂ ਹਨ। ਇਹ ਗੱਲ ਪੰਜਾਬ ਦੇ ਲੋਕਾਂ ਨੂੰ ਭਲੀ ਭਾਂਤ ਪਤਾ ਹੈ।ਪਾਕਿਸਤਾਨ ਦੇ ਫੌਜ ਮੁਖੀ ਨੇ ਕਰਤਾਰਪੁਰ ਦੇ ਲਾਂਘੇ ਦੀ ਗੱਲ ਕਰਨ ਤੋਂ ਪਹਿਲਾਂ ਭਾਰਤ ਨਾਲ ਸ਼ਾਂਤੀਪੂਰਨ ਸਬੰਧ ਬਣਾਉਣ ਦਾ ਬਿਆਨ ਦਿੱਤਾ ਸੀ।ਜਿਸ ਤਰ੍ਹਾਂ ਸਿੱਖਾਂ ਨੇ ਸਿਰਫ ਐਲਾਨ ਸੁਣ ਕੇ ਹੀ ਪਾਕਿ-ਭਾਰਤੀ ਰਾਜਸੀ ਮੰਚ ਦੇ ਪਾਤਰਾਂ ਦੇ ਧੰਨਵਾਦ ਦਾ ਢੇਰ ਲਾਇਆ ਹੈ ਉਹ ਕੋਈ ਰਾਜਨੀਤਿਕ ਸਮਝ ਦਾ ਪਰਗਟਾਵਾ ਨਹੀਂ ਹੈ।ਏਹ ਹਕੂਮਤਾਂ ਸਿੱਖਾਂ ਨੂੰ ਕੁਝ ਦੇ ਨਹੀਂ ਰਹੀਆਂ ਹਨ ਸਗੋਂ ਆਪਣੇ ਆਪਣੇ ਹਿੱਤ ਤੋਂ ਭਵਿੱਖ ਵਿਚ ਓਹਨਾਂ ਨਾਲ ਵਰਤਣ ਦੇ ਜਾਂ ਓਹਨਾਂ ਨੂੰ ਵਰਤਣ ਦੇ ਮਨਸੂਬੇ ਘੜ ਰਹੀਆਂ ਹਨ। ਰਾਜਨੀਤੀ ਇਕ ਅਜਿਹਾ ਦੇਣ ਲੈਣ ਹੈ ਜਿਸ ਵਿਚ ਮਨੁਖੀ ਹਸਤੀ ਦੇ ਗੁਣਾਂ ਦਾ ਮੁਕਾਬਲਾ ਹੁੰਦਾ ਹੈ ਜਿਸਦੀ ਕੀਮਤ ਵਸਤ ਵਟਾਂਦਰੇ ਨਾਲੋਂ ਬਹੁਤ ਜਿਆਦਾ ਹੁੰਦੀ ਹੈ। ਜੇ ਛੋਟੀਆਂ ਹਸਤੀਆਂ ਰਾਜਨੀਤੀ ਵਿਚ ਪੈਣ ਤਾਂ ਇਹ ਮਹਿਜ ਅੰਕੜਿਆਂ, ਗੱਲਾਂ ਅਤੇ ਨਾਅਰਿਆਂ ਦੀ ਖੇਡ ਬਣ ਜਾਂਦੀ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , , , , , , , , , , , , , ,