ਸਿਆਸੀ ਖਬਰਾਂ » ਸਿੱਖ ਖਬਰਾਂ

ਕਸ਼ਮੀਰ ‘ਚ ਸਾਜਿਸ਼ ਤਹਿਤ ਸਿੱਖਾਂ ਨੂੰ ਮੁਸਲਮਾਨਾਂ ਨਾਲ ਲੜਾਉਣ ਦੀ ਵਿਉਂਤ ਰਚੀ ਜਾ ਰਹੀ ਹੈ: ਦਲ ਖ਼ਾਲਸਾ

August 13, 2016 | By

ਅੰਮ੍ਰਿਤਸਰ: ਦਲ ਖਾਲਸਾ ਦੇ ਪ੍ਰਧਾਨ ਹਰਪਾਲ ਸਿੰਘ ਚੀਮਾ ਨੇ ਸ਼੍ਰੋਮਣੀ ਕਮੇਟੀ ਅਤੇ ਦਿੱਲੀ ਕਮੇਟੀ ਵਲੋਂ ਮੋਦੀ ਸਰਕਾਰ ਪਾਸੋਂ ਕਸ਼ਮੀਰੀ ਸਿੱਖਾਂ ਦੀ ਹਿਫਾਜ਼ਤ ਲਈ ਲਾਈ ਗੁਹਾਰ ਦਾ ਸਿਧਾਂਤਕ ਵਿਰੋਧ ਕਰਦਿਆਂ ਕਿਹਾ ਕਿ ਕਸ਼ਮੀਰ, ਪੰਜਾਬ ਦਾ ਗੁਆਂਢੀ ਸੂਬਾ ਹੈ ਅਤੇ ਆਪਣੇ ਗੁਆਂਢੀ ਨਾਲ ਗੱਲ ਕਰਨ ਲਈ ਦਿੱਲੀ ਦੀ ਦਖਲ਼ਅੰਦਾਜ਼ੀ ਦੀ ਕੋਈ ਲੋੜ ਨਹੀਂ ਹੈ। ਉਹਨਾਂ ਕਿਹਾ ਕਿ ਸ਼੍ਰੀਨਗਰ ਵਿੱਚ ਇੱਕ ਸਾਜਿਸ਼ ਅਤੇ ਸ਼ਰਾਰਤ ਤਹਿਤ ਸਿੱਖਾਂ ਨੂੰ ਮੁਸਲਮਾਨਾਂ ਨਾਲ ਲੜਾਉਣ ਦੀ ਵਿਉਂਤ ਰਚੀ ਜਾ ਰਹੀ ਹੈ ਕਿਉਕਿ ਕੇਂਦਰ ਤੇ ਸੂਬਾ ਸਰਕਾਰ ਦੇ ਹੱਥੋਂ ਉਥੇ ਦੀ ਸਥਿਤੀ ਕੰਟਰੋਲ ਵਿੱਚ ਨਹੀਂ ਆ ਰਹੀ।

ਦਲ ਖ਼ਾਲਸਾ ਦੇ ਬੁਲਾਰੇ ਭਾਈ ਕੰਵਰਪਾਲ ਸਿੰਘ ਅਤੇ ਪ੍ਰਧਾਨ ਭਾਈ ਹਰਪਾਲ ਸਿੰਘ ਚੀਮਾ

ਦਲ ਖ਼ਾਲਸਾ ਦੇ ਬੁਲਾਰੇ ਭਾਈ ਕੰਵਰਪਾਲ ਸਿੰਘ ਅਤੇ ਪ੍ਰਧਾਨ ਭਾਈ ਹਰਪਾਲ ਸਿੰਘ ਚੀਮਾ

ਉਹਨਾਂ ਕਿਹਾ ਕੇਂਦਰ ਤੇ ਜੰਮੂ-ਕਸ਼ਮੀਰ ਸਰਕਾਰ ਦੇ ਗੁਪਤ ਵਿਭਾਗ ਵਲੋਂ ਸਥਿਤੀ ਨੂੰ ਫਿਰਕੂ ਰੰਗਤ ਦੇਣ ਲਈ ਦੋਨਾਂ ਕੌਮਾਂ ਨੂੰ ਆਪਸ ਵਿੱਚ ਭਿੜਾਉਣ ਲਈ ਸਾਜਿਸ਼ਾਂ ਰਚੀਆਂ ਜਾ ਰਹੀਆ ਹਨ। ਉਹਨਾਂ ਕਿਹਾ ਕਿ ਸਿੱਖਾਂ ਵਲੋਂ ਪੰਜਾਬ ਅਤੇ ਹੋਰਨਾਂ ਮੁਲਕਾਂ ਵਿੱਚ ਕਸ਼ਮੀਰੀਆਂ ਨਾਲ ਹੋ ਰਹੇ ਅੱਤਿਆਚਾਰਾਂ ਵਿਰੁੱਧ ਆਵਾਜ਼ ਉਠਾਉਣ ਅਤੇ ਦੋਨਾਂ ਮਜ਼ਲੂਮ ਕੌਮਾਂ ਦੀ ਨੇੜਤਾ ਕਾਰਨ ਕੇਂਦਰ ਸਰਕਾਰ ਬੁਖਲਾਅਟ ਵਿੱਚ ਆ ਗਈ ਹੈ। ਉਹਨਾਂ ਕਿਹਾ ਕਿ ਜੇਕਰ ਫਿਰ ਵੀ ਲੋੜ ਲਹਿਸੂਸ ਹੋਵੇ ਤਾਂ ਸਿੱਖ ਵਸੋਂ ਦੀ ਹੌਂਸਲਾ-ਅਫਜ਼ਾਈ ਲਈ ਸ਼੍ਰੋਮਣੀ ਕਮੇਟੀ ਪੰਥਕ ਜਥੇਬੰਦੀਆਂ ਦੇ ਨਾਲ ਮਿਲਕੇ ਇੱਕ ਡੈਲੀਗੇਸ਼ਨ ਸ਼੍ਰੀਨਗਰ ਭੇਜੇ ਜੋ ਨਿਰਪੱਖ ਤੌਰ ਉਤੇ ਸਥਿਤੀ ਦੀ ਜਾਂਚ ਕਰੇ।

ਕਸ਼ਮੀਰ ਵਿੱਚ ਬਣੀ ਤਣਾਅ ਦੀ ਸਥਿਤੀ ਅਤੇ ਸਿੱਖਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਦੀਆਂ ਖਬਰਾਂ ਦੇ ਮੱਦੇਨਜ਼ਰ ਦਲ ਖਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਸਰਬ ਪਾਰਟੀ ਸਿੱਖ ਤਾਲਮੇਲ ਕਮੇਟੀ ਦੇ ਕਨਵੀਨਰ ਜਗਮੋਹਨ ਸਿੰਘ ਰੈਣਾ ਅਤੇ ਹੁਰੀਅਤ ਕਾਨਫਰੰਸ (ਗਿਲਾਨੀ) ਦੇ ਮੈਂਬਰ ਐਡਵੋਕੇਟ ਦਵਿੰਦਰ ਸਿੰਘ ਨਾਲ ਗੱਲਬਾਤ ਕੀਤੀ। ਵਾਦੀ ਦੇ ਦੋਨਾਂ ਸਿੱਖ ਆਗੂਆਂ ਨੇ ਕੰਵਰਪਾਲ ਸਿੰਘ ਨੂੰ ਦੱਸਿਆ ਕਿ ਸ਼੍ਰੋਮਣੀ ਕਮੇਟੀ ਤੇ ਦਿੱਲੀ ਕਮੇਟੀ ਅਤੇ ਹੋਰਨਾ ਪੰਜਾਬ ਦੇ ਕਾਂਗਰਸੀ ਲੀਡਰਾਂ ਵਲੋਂ ਜੋ ਪ੍ਰਧਾਨ ਮੰਤਰੀ ਨੂੰ ਸਿੱਖਾਂ ਦੀ ਹਿਫਾਜ਼ਤ ਲਈ ਦਖਲਅੰਦਾਜ਼ੀ ਲਈ ਗੁਹਾਰ ਲਾਈ ਗਈ ਹੈ, ਉਹ ਬਿਲਕੁਲ ਗਲਤ ਹੈ।

ਉਹਨਾਂ ਦੱਸਿਆ ਕਿ ਸਿੱਖ ਏਥੇ ਮਹਿਫੂਜ਼ ਹਨ ਅਤੇ ਦੋਨੇ ਭਾਈਚਾਰਿਆਂ ਵਿੱਚ ਕੋਈ ਤਣਾਅ ਜਾਂ ਵੈਰ-ਵਿਰੋਧ ਨਹੀਂ ਹੈ। ਉਹਨਾਂ ਦੱਸਿਆ ਕਿ ਇੱਕਾ-ਦੁੱਕਾ ਘਟਨਾਵਾਂ ਵਾਪਰਦਿਆਂ ਰਹਿੰਦੀਆਂ ਹਨ ਜਦੋਂ ਕੁਝ ਸ਼ਰਾਰਤੀ ਅਤੇ ਬੇਨਾਮ ਲੋਕ ਪਰਚੇ ਵੰਡਕੇ ਜਾਂ ਅਫਵਾਵਾਂ ਫੈਲਾ ਕੇ ਸਿੱਖਾਂ ਅੰਦਰ ਦਹਿਸ਼ਤ ਫੈਲਾਉਣ ਦੀਆਂ ਕੋਸ਼ਿਸ਼ਾਂ ਕਰਦੇ ਰਹਿੰਦੇ ਹਨ। ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਪ੍ਰਧਾਨ ਮੰਤਰੀ ਨੂੰ ਲਿਖ ਕੇ ਗੱਲ ਨੂੰ ਬਿਨਾਂ ਵਜ੍ਹਾ ਤੂਲ ਦਿੱਤਾ ਹੈ ਜਦਕਿ ਏਥੇ ਗੱਲ ਕੁਝ ਵੀ ਨਹੀਂ ਹੈ। ਉਹਨਾਂ ਕਿਹਾ ਕਿ ਕਸ਼ਮੀਰ ਦੇ ਸਿੱਖ ਏਥੋਂ ਦੇ ਲੋਕਾਂ ਦੇ ਸ਼ੰਘਰਸ਼ ਦੇ ਨਾਲ ਹਨ। ਉਹਨਾਂ ਸਪੱਸ਼ਟ ਕੀਤਾ ਕਿ ਕਿਸੇ ਸਿੱਖ ਨੂੰ ਜਬਰੀ ਕਿਸੇ ਖਾਸ ਮੁਲਕ ਦੇ ਹੱਕ ਵਿੱਚ ਨਾਹਰੇ ਲਾਉਣ ਲਈ ਨਹੀਂ ਕਿਹਾ ਜਾਂਦਾ। ਉਹਨਾਂ ਇਹ ਮੰਨਿਆ ਕਿ ਕਸ਼ਮੀਰੀ ਲੋਕਾਂ ਦੇ ਆਜ਼ਾਦੀ ਸੰਘਰਸ਼ ਵਿੱਚ ਸਿੱਖਾਂ ਨੂੰ ਸ਼ਮੂਲੀਅਤ ਕਰਨ ਲਈ ਪ੍ਰੇਰਿਆ ਜ਼ਰੂਰ ਜਾਂਦਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , ,