ਸਿਆਸੀ ਖਬਰਾਂ

ਆਮ ਆਦਮੀ ਪਾਰਟੀ ਨੇ ਸਦਨ ਅੰਦਰ ਕਾਂਗਰਸ ਸਰਕਾਰ ‘ਤੇ ਭੱਖਦੇ ਮੁੱਦਿਆਂ ਤੋਂ ਭੱਜਣ ਦਾ ਲਗਾਇਆ ਦੋਸ਼

March 26, 2017 | By

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ‘ਚ ਮੁੱਖ ਵਿਰੋਧੀ ਧਿਰ ਆਮ ਆਦਮੀ ਪਾਰਟੀ ਨੇ ਸੱਤਾਧਾਰੀ ਕਾਂਗਰਸ ਉਪਰ ਸਦਨ ਦੇ ਅੰਦਰ ਤਾਨਾਸ਼ਾਹੀ ਰਵੱਈਆ ਅਪਣਾਉਣ ਦਾ ਦੋਸ਼ ਲਾਇਆ। ਸ਼ਨੀਵਾਰ ਨੂੰ ਚੰਡੀਗੜ੍ਹ ਦੇ ਪੰਜਾਬ ਭਵਨ ਵਿਚ ਵਿਰੋਧੀ ਧਿਰ ਦੇ ਆਗੂ ਐਡਵੋਕੇਟ ਐਚ.ਐਸ. ਫੂਲਕਾ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਵਿਧਾਨ ਸਭਾ ਦੇ ਚਾਲੂ ਸੈਸ਼ਨ ਦੌਰਾਨ ਸੱਤਾਧਾਰੀ ਦਲ ਭਖਦੇ ਮੁੱਦਿਆ ਤੋਂ ਭੱਜ ਰਿਹਾ ਹੈ। ਇਸ ਕਰਕੇ ਰਾਜਪਾਲ ਦੇ ਭਾਸ਼ਨ ਉਪਰ ‘ਵੋਟ ਆਫ ਥੈਂਕਸ’ (ਧੰਨਵਾਦੀ ਮਤਾ) ਨੂੰ ਅਗਲੇ ਸ਼ੈਸਨ ਤੱਕ ਟਾਲ ਦਿੱਤਾ ਗਿਆ ਹੈ। ਜਿਸ ਦੌਰਾਨ ਆਮ ਆਦਮੀ ਪਾਰਟੀ ਨੇ ਮੁੱਖ ਵਿਰੋਧੀ ਧਿਰ ਦਾ ਫਰਜ਼ ਨਿਭਾਉਦੇ ਹੋਏ ਅਹਿਮ ਮੁੱਦੇ ਅਤੇ ਆਪਣਾ ਪੱਖ ਸਦਨ ਵਿਚ ਰੱਖਣਾ ਸੀ। ਇਸ ਮੌਕੇ ਉਨ੍ਹਾਂ ਨਾਲ ਖਰੜ ਤੋਂ ਵਿਧਾਇਕ ਅਤੇ ਸੀਨੀਅਰ ਆਗੂ ਕੰਵਰ ਸੰਧੂ, ਤਲਵੰਡੀ ਸਾਬੋ ਤੋਂ ਵਿਧਾਇਕ ਪ੍ਰੋ. ਬਲਜਿੰਦਰ ਕੌਰ, ਮੌੜ ਤੋਂ ਵਿਧਾਇਕ ਜਗਦੇਵ ਸਿੰਘ ਕਮਾਲੂ ਅਤੇ ਬਰਨਾਲਾ ਤੋਂ ਵਿਧਾਇਕ ਗੁਰਮੀਤ ਸਿੰਘ (ਮੀਤ ਹੇਅਰ) ਮੌਜੂਦ ਸਨ।

ਆਮ ਆਦਮੀ ਪਾਰਟੀ ਦੇ ਵਿਧਾਇਕ ਚੰਡੀਗੜ੍ਹ ਦੇ ਪੰਜਾਬ ਭਵਨ 'ਚ ਮੀਡੀਆ ਨਾਲ ਗੱਲ ਕਰਦੇ ਹੋਏ

ਆਮ ਆਦਮੀ ਪਾਰਟੀ ਦੇ ਵਿਧਾਇਕ ਚੰਡੀਗੜ੍ਹ ਦੇ ਪੰਜਾਬ ਭਵਨ ‘ਚ ਮੀਡੀਆ ਨਾਲ ਗੱਲ ਕਰਦੇ ਹੋਏ

ਫੂਲਕਾ ਨੇ ਕਿਹਾ ਕਿ ਇਹ ਪਹਿਲੀ ਵਾਰ ਹੋਵੇਗਾ ਕਿ ਪੂਰੇ ਸੈਸ਼ਨ ਦੌਰਾਨ ਵਿਰੋਧੀ ਧਿਰ ਨੂੰ ਬੋਲਣ ਦਾ ਮੌਕਾ ਹੀ ਨਾ ਦਿੱਤੀ ਜਾਵੇ ਕਿਉਂਕਿ ਕੋਈ ਵੀ ਸਵਾਲ ਨਾ ਲੱਗਣ ਦਾ ਬਹਾਨਾ ਲਗਾ ਕਿ ਸਰਕਾਰ ਪ੍ਰਸ਼ਨ ਕਾਲ ਤੋਂ ਵੀ ਟਾਲਾ ਵੱਟ ਰਹੀ ਹੈ। ਇਸ ਕਾਰਨ ਸਾਨੂੰ ਖਦਸਾ ਹੈ ਕਿ ਕੈਪਟਨ ਸਰਕਾਰ ਆਪਣੇ ਵਾਅਦਿਆਂ ਨੂੰ ਸਮੇਂ ਸਿਰ ਪੂਰਾ ਕਰਨ ‘ਚ ਲੀਪਾਪੋਚੀ ਕਰ ਰਹੀ ਹੈ।

ਫੂਲਕਾ ਨੇ ਦੱਸਿਆ ਕਿ ਸੋਮਵਾਰ ਨੂੰ ਉਹ ‘ਸ਼ਾਰਟ ਨੋਟਿਸ ਪ੍ਰਸ਼ਨ’ ਪਾ ਰਹੇ ਹਨ। ਇਸ ਤੋਂ ਇਲਾਵਾ ਧਿਆਨ ਦਿਵਾਉ ਮਤੇ ਰਾਹੀਂ ਉਹ ਭਖਵੇਂ ਮੁੱਦੇ ਸਦਨ ‘ਚ ਚੁੱਕਣਗੇ ਜੋ ਅਗਲੇ ਸਦਨ ਤੱਕ ਲਮਕਾਏ ਨਹੀਂ ਜਾ ਸਕਦੇ। ਇਨ੍ਹਾਂ ਵਿਚ ਪ੍ਰਾਇਵੇਟ ਸਕੂਲਾਂ ਵਲੋਂ ਮਜਾਈ ਜਾ ਰਹੀ ਲੁੱਟ ਦਾ ਮੁੱਦਾ ਅਹਿਮ ਹੈ, ਕਿਉਂਕਿ ਇਸ ਸਮੇਂ ਸਕੂਲਾਂ ਵਿਚ ਦਾਖਲੇ ਸ਼ੁਰੂ ਹੋ ਚੁੱਕੇ ਹਨ ਅਤੇ ਲੱਖਾਂ ਮਾਪੇ ਇਸ ਲੁੱਟ ਤੋਂ ਸਿੱਧੇ ਰੂਪ ਵਿਚ ਪੀੜਿਤ ਹਨ। ਇਸੇ ਤਰ੍ਹਾਂ ਪੰਜਾਬ ਦੇ ਸੈਂਕੜੇ ਪਿੰਡਾਂ ਵਿਚ ਵਾਟਰ ਵਰਕਸ ਦੇ ਟਿਊਬਵੈਲ ਕਨੈਕਸ਼ਨ ਕੱਟੇ ਪਏ ਹਨ। ਜਦਕਿ ਪੀਣ ਯੋਗ ਪਾਣੀ ਮੁਹੱਇਆ ਕਰਨਾ ਸਰਕਾਰ ਦੀ ਬੁਨਿਆਦੀ ਜ਼ਿੰਮੇਵਾਰੀ ਹੈ। ਫੂਲਕਾ ਨੇ ਇਹ ਵੀ ਮੰਗ ਕੀਤੀ ਕਿ ਪੀਣ ਵਾਲਾ ਪਾਣੀ ਪੂਰੀ ਤਰ੍ਹਾਂ ਮੁਫਤ ਮੁਹੱਇਆ ਕੀਤਾ ਜਾਣਾ ਚਾਹੀਦਾ ਹੈ। ਫੂਲਕਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਵੱਡੀ ਗਿਣਤੀ ਵਿਚ ਬਣਾਏ ਜਾ ਰਹੇ ਆਪਣੇ ਸਲਾਹਕਾਰਾਂ ਅਤੇ ਓਐਸਡੀਜ਼ ਨੂੰ ਸੰਵਿਧਾਨ ਦੀ ਉਲੰਘਣਾ ਕਰਾਰ ਦਿੱਤਾ। ਉਨਾਂ ਕਿਹਾ ਕਿ ਧਾਰਾ 164 ‘ਚ ਹੋਈ ਸੋਧ ਅਨੁਸਾਰ ਮੰਤਰੀਆਂ ਦੀ ਗਿਣਤੀ ਕੁੱਲ ਵਿਧਾਇਕਾਂ ਦੇ 15 ਫੀਸਦੀ ਤੋਂ ਵੱਧ ਨਹੀਂ ਹੋਣੀ ਚਾਹੀਦੀ ਜਦਕਿ ਕੈਪਟਨ ਅਮਰਿੰਦਰ ਸਿੰਘ ਇਨ੍ਹਾਂ ਸਲਾਹਕਾਰਾਂ ਨੂੰ ਮੰਤਰੀਆਂ ਅਤੇ ਰਾਜ ਮੰਤਰੀਆਂ ਦੇ ਰੁਤਬੇ ਵੰਡ ਰਹੇ ਹਨ। ਫੂਲਕਾ ਨੇ ਕਿਹਾ ਕਿ ਕੈਪਟਨ ਦੇ ਵਾਅਦੇ ਕਰਕੇ ਕਿਸਾਨਾਂ ਨੇ ਬੈਂਕਾਂ ਦੀਆਂ ਕਿਸ਼ਤਾਂ ਮੋੜਨੀਆਂ ਬੰਦ ਕਰ ਦਿੱਤੀਆਂ ਹਨ, ਪਰ ਬੈਂਕ ਵਿਆਜ ਦਰ ਵਿਆਜ ਲਗਾ ਰਹੇ ਹਨ। ਇਸ ਲਈ ਸਰਕਾਰ ਤੁਰੰਤ ਕਦਮ ਚੁੱਕੇ।

ਕੰਵਰ ਸੰਧੂ ਨੇ ਐਸਵਾਈਐਲ ਦਾ ਮਾਮਲਾ ਅਤੇ ਪ੍ਰੋ. ਬਲਜਿੰਦਰ ਕੌਰ ਨੇ ਅਵਾਰਾ ਪਸ਼ੂਆਂ ਦਾ ਮੁੱਦਾ ਚੁੱਕਿਆ। ਜਦਕਿ ਜਗਦੇਵ ਸਿੰਘ ਕਮਾਲੂ ਨੇ ਮੋੜ ਬੰਬ ਕਾਂਡ ਦੇ ਪੀੜਿਤਾਂ ਨੂੰ ਮੁਆਵਜ਼ੇ ਅਤੇ ਇਨਸਾਫ ਲਈ ਸੀਬੀਆਈ ਜਾਂਚ ਦੀ ਮੰਗ ਕੀਤੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , ,