ਪੰਜਾਬ ਦੀ ਰਾਜਨੀਤੀ » ਸਿਆਸੀ ਖਬਰਾਂ

ਹਾਈ ਕੋਰਟ ਦਾ ਮੌਜੂਦਾ ਜੱਜ ਕਰੇ ਅਕਾਲੀ ਲੀਡਰਾਂ ਦੇ ਹੁਸ਼ਿਆਰਪੁਰ ਜ਼ਮੀਨ ਘੋਟਾਲੇ ਦੀ ਜਾਂਚ: ਖਹਿਰਾ, ਗੌਮਰ

June 24, 2016 | By

ਚੰਡੀਗੜ੍ਹ: ਆਮ ਆਦਮੀ ਪਾਰਟੀ ਨੇ ਵੀਰਵਾਰ ਨੂੰ ਹੁਸ਼ਿਆਰਪੁਰ ਵਿਚ ਬਾਦਲ ਦਲ ਦੇ ਆਗੂਆਂ ਵਲੋਂ ਕਿਸਾਨਾਂ ਨਾਲ ਧੋਖਾ ਕਰਕੇ ਕੀਤੇ ਗਏ ਜ਼ਮੀਨ ਘੋਟਾਲੇ ਦੀ ਜਾਂਚ ਦੀ ਮੰਗ ਕੀਤੀ ਹੈ। ਆਪ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਮੌਜੂਦਾ ਜੱਜ ਕਰੇ।

ਆਮ ਆਦਮੀ ਪਾਰਟੀ ਦੇ ਬੁਲਾਰੇ ਅਤੇ ਸੀਨੀਅਰ ਆਗੂਆਂ ਸੁਖਪਾਲ ਸਿੰਘ ਖਹਿਰਾ ਅਤੇ ਯਾਮਿਨੀ ਗੌਮਰ ਨੇ ਮੀਡੀਆਂ ਰਾਹੀਂ ਦੱਸਿਆ ਕਿ ਇਹ ਸੱਚਾਈ ਹੈ ਕਿ ਪੰਜਾਬ ਵਿਚ ਭੂ-ਮਾਫੀਆ ਬਾਦਲ ਸਰਕਾਰ ਅਤੇ ਅਕਾਲੀ ਆਗੂਆਂ ਦੀ ਸ਼ਹਿ ਹੇਠ ਕੰਮ ਕਰ ਰਿਹਾ ਹੈ। ਇਸੇ ਅਧੀਨ ਹੀ ਇਹ ਗਰੀਬ ਕਿਸਾਨਾਂ ਦੀਆਂ ਜ਼ਮੀਨਾਂ ਹਥਿਆ ਕੇ ਮੋਟਾ ਪੈਸਾ ਕਮਾਉਂਦੇ ਹਨ।

ਆਮ ਆਦਮੀ ਪਾਰਟੀ ਦੇ ਬੁਲਾਰੇ ਅਤੇ ਸੀਨੀਅਰ ਆਗੂਆਂ ਸੁਖਪਾਲ ਖਹਿਰਾ ਅਤੇ ਯਾਮਿਨੀ ਗੌਮਰ {ਫਾਈਲ ਫੋਟੋ}

ਆਮ ਆਦਮੀ ਪਾਰਟੀ ਦੇ ਬੁਲਾਰੇ ਅਤੇ ਸੀਨੀਅਰ ਆਗੂਆਂ ਸੁਖਪਾਲ ਖਹਿਰਾ ਅਤੇ ਯਾਮਿਨੀ ਗੌਮਰ {ਫਾਈਲ ਫੋਟੋ}

ਉਨ੍ਹਾਂ ਨੇ ਕਿਹਾ ਕਿ ਹੁਸ਼ਿਆਰਪੁਰ ਨਾਲ ਸੰਬੰਧਤ 3 ਆਗੂਆਂ ਜਿਨ੍ਹਾਂ ਵਿਚ ਹੁਸ਼ਿਆਰਪੁਰ ਵਿਚ ਮਾਰਕਿਟ ਕਮੇਟੀ ਦੇ ਚੇਅਰਮੈਨ ਅਵਤਾਰ ਸਿੰਘ ਜੌਹਲ, ਕੌਂਸਲਰ ਹਰਪਿੰਦਰ ਗਿੱਲ ਅਤੇ ਜ਼ਿਲ੍ਹਾ ਕੋਪਰੇਟਿਵ ਚੇਅਰਮੈਨ ਸਤਵਿੰਦਰ ਸਿੰਘ ਢੱਟ ਸ਼ਾਮਲ ਹਨ, ਨੇ ਕਿਸਾਨਾਂ ਕੋਲੋਂ ਕੌਡੀਆਂ ਦੇ ਭਾਅ ਜ਼ਮੀਨ ਖਰੀਦ ਕੇ ਬਾਅਦ ਵਿਚ ਨਜਾਇਜ਼ ਢੰਗ ਨਾਲ ਸਰਕਾਰ ਨੂੰ ਕਰੋੜਾਂ ਰੁਪਏ ਵਿਚ ਵੇਚੀ। ਉਨ੍ਹਾਂ ਕਿਹਾ ਕਿ ਜਲੰਧਰ-ਹੁਸ਼ਿਆਰਪੁਰ-ਚਿੰਤਪੁਰਨੀ ਚਹੁ ਮਾਰਗੀ ਪ੍ਰੋਜੈਕਟ ਪਹਿਲਾਂ ਹੀ ਨੋਟੀਫਾਈ ਹੋ ਚੁੱਕਾ ਸੀ ਅਤੇ ਜ਼ਮੀਨ ਦੇ ਮਾਲਕੀ ਅਧਿਕਾਰ ਨੈਸ਼ਨਲ ਹਾਈਵੇ ਅਥਾਰਟੀ ਨੂੰ ਦਿੱਤੇ ਜਾ ਚੁੱਕੇ ਸਨ।

ਖਹਿਰਾ ਨੇ ਕਿਹਾ ਕਿ ਇਨ੍ਹਾਂ ਅਕਾਲੀ ਨੇਤਾਵਾਂ ਨੇ ਪੰਜਾਬ ਸਰਕਾਰ ਦੇ ਅਧਿਕਾਰੀਆਂ ਨਾਲ ਮਿਲਕੇ ਵਾਹੁਣ ਯੋਗ ਜ਼ਮੀਨ ਨੂੰ ਵਪਾਰਕ ਦਿਖਾ ਕੇ ਨਜਾਇਜ਼ ਢੰਗ ਨਾਲ ਜ਼ਿਆਦਾ ਪੈਸੇ ਪ੍ਰਾਪਤ ਕੀਤੇ। ਸੁਖਪਾਲ ਖਹਿਰਾ ਅਤੇ ਯਾਮਿਨੀ ਗੌਮਰ ਨੇ ਕਿਹਾ ਕਿ ਇਹ ਨਾ ਸਿਰਫ ਪੰਜਾਬ ਦੇ ਕਿਸਾਨਾਂ ਨਾਲ ਧੋਖਾ ਹੈ ਪਰੰਤੂ ਇਸ ਨਾਲ ਸਰਕਾਰੀ ਖਜ਼ਾਨੇ ਨੂੰ ਵੀ ਲੁਟਿਆ ਗਿਆ ਹੈ। ਪੰਜਾਬ ਦਾ ਕਿਸਾਨ ਪਹਿਲਾਂ ਹੀ ਬਾਦਲ ਸਰਕਾਰ ਦੀਆਂ ਮਾਰੂ ਨੀਤੀਆਂ ਕਾਰਨ ਮਾੜੇ ਦੌਰ ਵਿਚੋਂ ਗੁਜ਼ਰ ਰਿਹਾ ਹੈ ਅਤੇ ਉਸਤੋਂ ਉਪਰ ਅਕਾਲੀ ਸਰਕਾਰ ਨਾਲ ਸੰਬੰਧਤ ਭੂ-ਮਾਫੀਆ ਦੇ ਲੋਕ ਕਿਸਾਨਾਂ ਨੂੰ ਆਪਣੀਆਂ ਜ਼ਮੀਨਾਂ ਵੇਚਣ ਲਈ ਮਜਬੂਰ ਕਰ ਰਹੇ ਹਨ। ਇਨ੍ਹਾਂ ਅਕਾਲੀ ਆਗੂਆਂ ਨੇ ਕਸਿਾਨਾਂ ਕੋਲੋਂ 30 ਹਜ਼ਾਰ ਰੁਪਏ ਪ੍ਰਤੀ ਮਰਲਾ ਦੇ ਹਿਸਾਬ ਨਾਲ ਜ਼ਮੀਨ ਖਰੀਦ ਕੇ ਪੰਜਾਬ ਸਰਕਾਰ ਨੂੰ 6 ਲੱਖ ਤੋਂ 10 ਲੱਖ ਪ੍ਰਤੀ ਮਰਲਾ ਦੇ ਰੇਟ ਉਤੇ ਵੇਚੀ। ਉਨ੍ਹਾਂ ਕਿਹਾ ਕਿ ਇਹ ਇਕ ਵੱਡਾ ਅਪਰਾਧ ਹੈ ਅਤੇ ਅਕਾਲੀ ਆਗੂਆਂ ਦੀ ਇਸ ਮਾਮਲੇ ਵਿਚ ਸ਼ਮੂਲੀਅਤ ਇਹ ਸਿੱਧ ਕਰਦੀ ਹੈ ਕਿ ਪੰਜਾਬ ਸਰਕਾਰ ਅਤੇ ਅਕਾਲੀ ਆਗੂ ਪੰਜਾਬ ਵਚਿ ਭੂ-ਮਾਫੀਆ ਲਈ ਕੰਮ ਕਰ ਰਹੇ ਹਨ।

ਆਗੂਆਂ ਨੇ ਮੰਗ ਕੀਤੀ ਕਿ ਇਸ ਕੇਸ ਵਿਚ ਹਾਈ ਕੋਰਟ ਦੇ ਮੌਜੂਦਾ ਜੱਜ ਦੁਆਰਾ ਜਾਂਚ ਕੀਤੀ ਜਾਣੀ ਚਾਹੀਦੀ ਹੈ ਪੰਜਾਬ ਸਰਕਾਰ ਨੂੰ ਇਸ ਕੇਸ ਨਾਲ ਸੰਬੰਧੀ ਆਗੂਆਂ ਅਤੇ ਉਨ੍ਹਾਂ ਦੇ ਸਹਿਯੋਗੀਆਂ ਖਿਲਾਫ ਕੇਸ ਦਰਜ ਕਰਕੇ ਕਾਨੂੰਨ ਮੁਤਾਬਕ ਕਾਰਵਾਈ ਕਰਨੀ ਚਾਹੀਦੀ ਹੈ। ਸਰਕਾਰ ਨੂੰ ਦੋਸ਼ੀਆਂ ਕੋਲੋਂ ਪੈਸਾ ਵਾਪਸ ਲੈ ਕੇ ਉਨ੍ਹਾਂ ਕਿਸਾਨਾਂ ਨੂੰ ਵਾਪਸ ਕਰਨਾ ਚਾਹੀਦਾ ਹੈ ਜਿਨ੍ਹਾਂ ਤੋਂ ਇਹ ਜ਼ਮੀਨ ਧੋਖੇ ਨਾਲ ਕੌਡੀਆਂ ਦੇ ਭਾਅ ਖਰੀਦੀ ਗਈ ਸੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,