ਖਾਸ ਖਬਰਾਂ » ਪੰਜਾਬ ਦੀ ਰਾਜਨੀਤੀ

ਆਪ ਦੇ ਅੰਦਰੂਨੀ ਘਮਸਾਣ ਦਾ ਅੱਜ ਸਿਖਰਲਾ ਦਿਨ; ਬਠਿੰਡਾ ਰੈਲੀ ‘ਤੇ ਸਭ ਦੀਆਂ ਨਜ਼ਰਾਂ

August 2, 2018 | By

ਬਠਿੰਡਾ: ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਵਿਚ ਚੱਲ ਰਹੇ ਘਮਸਾਣ ਦਾ ਅੱਜ ਸਿਖਰਲਾ ਦਿਨ ਹੈ ਜਦੋਂ ਦਿੱਲੀ ਤੋਂ ਸੁਨੇਹਾ ਜਾਰੀ ਕਰਕੇ ਪਾਰਟੀ ਦੀ ਹਾਈਕਮਾਂਡ ਵਲੋਂ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਅਹੁਦੇ ਤੋਂ ਹਟਾਏ ਗਏ ਹਲਕਾ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਬਠਿੰਡਾ ਵਿਖੇ ਰੈਲੀ ਕਰਕੇ ਆਪਣਾ ਸ਼ਕਤੀ ਪ੍ਰਦਰਸ਼ਨ ਕਰਨ ਜਾ ਰਹੇ ਹਨ ਤੇ ਦੂਜੇ ਪਾਸੇ ਪਾਰਟੀ ਦੀ ਪੰਜਾਬ ਇਕਾਈ ਦੇ ਸਹਿ ਪ੍ਰਧਾਨ ਡਾ. ਬਲਬੀਰ ਸਿੰਘ ਸਿੱਧੂ ਦਾ ਧੜਾ ਹਾਈਕਮਾਂਡ ਨਾਲ ਮਿਲ ਕੇ ਇਸ ਰੈਲੀ ਨੂੰ ਆਰਐਸਐਸ, ਭਾਜਪਾ-ਅਕਾਲੀ ਦਲ ਬਾਦਲ ਅਤੇ ਬੈਂਸ ਭਰਾਵਾਂ ਵੱਲੋਂ ਸਪਾਂਸਰ ਕਨਵੈੱਨਸ਼ਨ ਦਸ ਰਿਹਾ ਹੈ।

ਹਾਸਿਲ ਜਾਣਕਾਰੀ ਮੁਤਾਬਿਕ ਖਹਿਰਾ ਧੜੇ ਨੇ ‘ਬਠਿੰਡਾ ਰੈਲੀ’ ਲਈ ਨਵਾਂ ਐਲਾਨਨਾਮਾ ਤਿਆਰ ਕਰ ਲਿਆ ਹੈ ਜਿਸ ਦਾ ਐਲਾਨ ਭਲਕੇ ਕੀਤਾ ਜਾਵੇਗਾ। ਰੈਲੀ ਪ੍ਰੋਗਰਾਮਾਂ ਦੇ ਖ਼ਾਕੇ ਨੂੰ ਅੰਤਿਮ ਛੋਹਾਂ ਦੇਣ ਲਈ ਅੱਜ ਇੱਥੇ ਬਾਗ਼ੀ ਵਿਧਾਇਕਾਂ ਨੇ ਦੇਰ ਸ਼ਾਮ ਤੱਕ ਬੰਦ ਦਰਵਾਜ਼ਾ ਮੀਟਿੰਗ ਕੀਤੀ। ਮੀਟਿੰਗ ਵਿੱਚ ਕੁੱਲ ਛੇ ਵਿਧਾਇਕ ਸੁਖਪਾਲ ਖਹਿਰਾ, ਕੰਵਰ ਸੰਧੂ, ਨਾਜ਼ਰ ਸਿੰਘ ਮਾਨਸ਼ਾਹੀਆ, ਜਗਦੇਵ ਸਿੰਘ ਕਮਾਲੂ, ਮਾਸਟਰ ਬਲਦੇਵ ਸਿੰਘ ਜੈਤੋ ਅਤੇ ਪਿਰਮਲ ਸਿੰਘ ਸ਼ਾਮਲ ਸਨ। ਖਹਿਰਾ ਧੜੇ ਦਾ ਅੱਜ ਵਿਧਾਇਕਾਂ ਦਾ ਅੰਕੜਾ ਡੋਲਦਾ ਨਜ਼ਰ ਆਇਆ। ਉਧਰ ਪੰਥਕ ਧਿਰਾਂ ਨੇ ਵੀ ਖਹਿਰਾ ਧੜੇ ਦੇ ਬਠਿੰਡਾ ਪ੍ਰੋਗਰਾਮ ਦੀ ਮੱਠੀ ਸੁਰ ਵਿੱਚ ਹਮਾਇਤ ਕੀਤੀ ਹੈ।

ਰੈਲੀ ਵਾਲੀ ਥਾਂ ਪਹੁੰਚੇ ਸੁਖਪਾਲ ਸਿੰਘ ਖਹਿਰਾ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਪਾਰਟੀ ਹਾਈਕਮਾਂਡ ਵਲੋਂ ਉਨ੍ਹਾਂ ਦਾ ਸਮਰਥਨ ਕਰ ਰਹੇ ਵਿਧਾਇਕਾਂ ਨੂੰ ਅਯੋਗ ਕਰਾਰ ਦੇਣ ਦੀਆਂ ਧਮਕੀਆਂ ਦੇ ਕੇ ਡਰਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬਠਿੰਡਾ ਰੈਲੀ ਆਪ ਦੇ ਨਾਂ ਹੇਠ ਹੀ ਹੋ ਰਹੀ ਹੈ ਤੇ ਜਿਹੜੇ ਵਿਧਾਇਕ ਇਸ ਵਿਚ ਸ਼ਾਮਿਲ ਹੋ ਰਹੇ ਹਨ ਉਹ ਪਾਰਟੀ ਮੈਂਬਰਸ਼ਿਪ ਨਹੀਂ ਛੱਡਣਗੇ।

ਉਨ੍ਹਾਂ ਕਿਹਾ ਕਿ ਵਿਧਾਇਕ ਨੂੰ ਸਿਰਫ ਉਦੋਂ ਹੀ ਅਯੋਗ ਐਲਾਨਿਆ ਜਾ ਸਕਦਾ ਹੈ ਜਦੋਂ ਉਹ ਜਾ ਤਾਂ ਪਾਰਟੀ ਦੀ ਮੈਂਬਰਛਿਪ ਛੱਡੇ ਤੇ ਹੋਰ ਪਾਰਟੀ ਦਾ ਹਿੱਸਾ ਬਣੇ।

ਰੈਲੀ ਦੇ ਪ੍ਰਬੰਧਕ ਦੀਪਕ ਬਾਂਸਲ ਨੇ ਕਿਹਾ ਕਿ ਪੰਡਾਲ ਵਿੱਚ 8 ਤੋਂ 10 ਹਜ਼ਾਰ ਕੁਰਸੀ ਲਗਾਈ ਜਾ ਰਹੀ ਹੈ ਅਤੇ ਕਈ ਹਲਕਿਆਂ ਵਿਚ ਬੱਸਾਂ ਦਾ ਪ੍ਰਬੰਧ ਵੀ ਕੀਤਾ ਗਿਆ ਹੈ। ਰੈਲੀ ਦੇ ਇੰਤਜ਼ਾਮ ਮੁਕੰਮਲ ਹੋ ਗਏ ਹਨ।

ਦੂਜੇ ਪਾਸੇ ਪੰਜਾਬ ਇਕਾਈ ਦੇ ਇੰਚਾਰਜ ਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਬਠਿੰਡਾ ਦੀ ਕਨਵੈਨਸ਼ਨ ਨੂੰ ਇਕ ਵਾਰ ਫਿਰ ਪਾਰਟੀ ਵਿਰੋਧੀ ਕਹਿ ਕੇ ਇਸ ਵਿੱਚ ਸ਼ਾਮਲ ਹੋਣ ਵਾਲੇ ਵਿਧਾਇਕਾਂ ਤੇ ਹੋਰਨਾਂ ਆਗੂਆਂ ਨੂੰ ਅਸਿੱਧੀ ਚਿਤਾਵਨੀ ਦਿੱਤੀ ਹੈ।

ਸੁਖਪਾਲ ਸਿੰਘ ਖਹਿਰਾ ਨੂੰ ਹਟਾ ਕੇ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨਵੇਂ ਆਗੂ ਬਣਾਏ ਗਏ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪਾਰਟੀ ਦੇ ਕੁੱਝ ਗੁਮਰਾਹ ਹੋਏ ਆਗੂਆਂ ਵੱਲੋਂ ਬਠਿੰਡਾ ਵਿਖੇ ਕਰਵਾਈ ਜਾ ਰਹੀ ਕਥਿਤ ‘ਆਪ ਕਨਵੈੱਨਸ਼ਨ‘ ਆਰਐਸਐਸ, ਭਾਜਪਾ-ਅਕਾਲੀ ਦਲ ਬਾਦਲ ਅਤੇ ਬੈਂਸ ਭਰਾਵਾਂ ਵੱਲੋਂ ਸਪਾਂਸਰ ਕਨਵੈੱਨਸ਼ਨ ਹੈ, ਜਿਸ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਦੇ ਨਾਂ ਦਾ ਗ਼ਲਤ ਅਤੇ ਅਨੈਤਿਕ ਇਸਤੇਮਾਲ ਕੀਤਾ ਗਿਆ ਹੈ। ਇੱਥੋਂ ਤੱਕ ਕਿ ਇਸ ਕਨਵੈੱਨਸ਼ਨ ਦੇ ਪ੍ਰਚਾਰ ਲਈ ਆਮ ਆਦਮੀ ਪਾਰਟੀ ਦੇ ਬਹੁਗਿਣਤੀ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਦਾ ਨਾਂ ਅਤੇ ਫ਼ੋਟੋਆਂ ਵੀ ਅਨੈਤਿਕ ਤਰੀਕੇ ਨਾਲ ਵਰਤੀਆਂ ਗਈਆਂ ਹਨ, ਜਦਕਿ ਅਸਲੀਅਤ ‘ਚ ਇਹਨਾਂ ਆਗੂਆਂ ਦਾ ਬੇਗਾਨਿਆਂ ਵੱਲੋਂ ਸਪਾਂਸਰ ਇਸ ਕਨਵੈੱਨਸ਼ਨ ਨਾਲ ਕੋਈ ਲੈਣਾ ਦੇਣਾ ਨਹੀਂ, ਕਿਉਂਕਿ ਇਹ ਕਥਿਤ ਕਨਵੈੱਨਸ਼ਨ ਪੰਜਾਬ ਦੇ ਦਲਿਤ ਅਤੇ ਦੱਬੇ ਕੁਚਲੇ ਸਮਾਜ ਦੇ ਖ਼ਿਲਾਫ਼ ਹੈ।

ਚੀਮਾ ਨੇ ਬੈਂਸ ਭਰਾਵਾਂ ‘ਤੇ ਦੋਸ਼ ਲਾਉਂਦਿਆਂ ਕਿਹਾ ਕਿ ਬੈਂਸ ਭਰਾ ਮੌਕਾ ਪ੍ਰਸਤ ਸਿਆਸਤ ਦੇ ਮਾਹਿਰ ਹਨ, ਜਿੰਨਾ ਨਾਲ ਰਹਿ ਕੇ ਗੱਠਜੋੜ ਧਰਮ ਨਿਭਾਉਣ ਦੀ ਥਾਂ ਆਮ ਆਦਮੀ ਪਾਰਟੀ ਨੂੰ ਭੰਨਣਾ-ਤੋੜਨਾ ਸ਼ੁਰੂ ਕਰ ਦਿੱਤਾ।

ਆਪ ਦੀ ਐਨਆਰਆਈ ਇਕਾਈ ਵੀ ਇਸ ਮਸਲੇ ‘ਤੇ ਦੋਫਾੜ ਹੈ। ਇਸ ਇਕਾਈ ਦੇ ਕੁਝ ਆਗੂਆਂ ਨੇ ਜਿੱਥੇ ਪਹਿਲਾਂ ਸੁਖਪਾਲ ਸਿੰਘ ਖਹਿਰਾ ਵਲੋਂ ਕੀਤੀ ਜਾ ਰਹੀ ਬਠਿੰਡਾ ਰੈਲੀ ਦੀ ਹਮਾਇਤ ਕੀਤੀ ਸੀ, ਉੱਥੇ ਹੁਣ ਕੁਝ ਮੈਂਬਰਾਂ ਨੇ ਲਿਖਤੀ ਬਿਆਨ ਜਾਰੀ ਕਰਕੇ ਦੋਸ਼ ਲਾਇਆ ਕਿ ਇਸ ਸਥਿਤੀ ਲਈ ਆਰਐਸਐਸ-ਭਾਜਪਾ ਦੇ ਇਸ਼ਾਰਿਆਂ ’ਤੇ ਚੱਲ ਰਹੇ ਬੈਂਸ ਭਰਾਵਾਂ ਅਤੇ ਸਿਆਸਤ ਕਰ ਰਹੇ ਖਹਿਰਾ ਅਤੇ ਕੰਵਰ ਸੰਧੂ ਦੀ ਜੋੜੀ ਜ਼ਿੰਮੇਵਾਰ ਹੈ।

ਇਸੇ ਦੌਰਾਨ ‘ਆਪ’ ਪੰਜਾਬ ਦੇ ਸਾਬਕਾ ਕਨਵੀਨਰ ਗੁਰਪ੍ਰੀਤ ਘੁੱਗੀ ਨੇ ਸੋਸ਼ਲ ਮੀਡੀਆ ’ਤੇ ਆਪਣੀ ਵੀਡੀਓ ਜਾਰੀ ਕਰਕੇ ਹਾਈਕਮਾਂਡ ਵਿਰੁੱਧ ਭੜਾਸ ਕੱਢੀ ਅਤੇ ਕਿਹਾ ਕਿ ਭਾਵੇਂ ਉਹ ਇਸ ਕਨਵੈਨਸ਼ਨ ਵਿੱਚ ਕਿਸੇ ਕਾਰਨ ਸ਼ਾਮਲ ਨਹੀਂ ਹੋ ਸਕਦੇ, ਪਰ ਉਹ ਖਹਿਰਾ ਦਾ ਸਮਰਥਨ ਕਰਦੇ ਹਨ।

ਭਾਈ ਬਲਜੀਤ ਸਿੰਘ ਦਾਦੂਵਾਲ ਨੇ ਆਖਿਆ ਕਿ ਭਲਕੇ ਬਠਿੰਡਾ ਰੈਲੀ ਪੰਜਾਬ ਦੇ ਹਿਤਾਂ ਲਈ ਹੋ ਰਹੀ ਹੈ ਅਤੇ ਰਿਮੋਟ ਸਿਆਸਤ ਦੇ ਖ਼ਿਲਾਫ਼ ਹੈ, ਲਿਹਾਜ਼ਾ ਸਾਰੇ ਪੰਜਾਬੀਆਂ ਨੂੰ ਲੋਕ ਹਿਤਾਂ ਦੀ ਹਮਾਇਤ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਉਹ ਖਹਿਰਾ ਦੇ ਧੰਨਵਾਦੀ ਹਨ ਜਿਨ੍ਹਾਂ ਬਰਗਾੜੀ ਮੋਰਚੇ ਦਾ ਸਮਰਥਨ ਕੀਤਾ ਜਦੋਂਕਿ ਦਿੱਲੀ ਦੀ ਲੀਡਰਸ਼ਿਪ ਨੇ ਖਹਿਰਾ ਨੂੰ ਰੋਕਿਆ ਸੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,