March 3, 2017 | By ਸਿੱਖ ਸਿਆਸਤ ਬਿਊਰੋ
ਨਵੀਂ ਦਿੱਲੀ: ਦਿੱਲੀ ਦੇ ਰਾਮਜਸ ਕਾਲਜ ‘ਚ ਲਿਟਰੇਰੀ ਕਮੇਟੀ ਵਲੋਂ ਦੇਸ਼ ਧ੍ਰੋਹ ਦਾ ਮੁਕੱਦਮਾ ਝੱਲ ਰਹੇ ਅਤੇ ਜੇਲ੍ਹ ਜਾ ਚੁੱਕੇ ਜੇ.ਐਨ.ਯੂ. ਦੇ ਵਿਦਿਆਰਥੀ ਉਮਰ ਖਾਲਿਦ ਨੂੰ ਇਕ ਪ੍ਰੋਗਰਾਮ ‘ਚ ਬੁਲਾਉਣ ਦਾ ਆਰ.ਐਸ.ਐਸ. ਦੀ ਹਮਾਇਤ ਪ੍ਰਾਪਤ ਅਖਿਲ ਭਾਰਤੀ ਵਿਦਿਆਰਥੀ ਪਰੀਸ਼ਦ (ਏ.ਬੀ.ਵੀ.ਪੀ.) ਦੇ ਵਿਰੋਧ ਤੋਂ ਬਾਅਦ ਦਿੱਲੀ ਯੂਨੀਵਰਸਿਟੀ ਦੀ ਸਿਆਸਤ ‘ਚ ਗਰਮੀ ਆ ਗਈ ਸੀ।
ਇਸ ਰੌਲੇ ‘ਚ ਕਾਰਗਿਲ ਜੰਗ ‘ਚ ਮਾਰੇ ਗਏ ਭਾਰਤੀ ਫੌਜ ਦੇ ਅਧਿਕਾਰੀ ਦੀ ਪੁੱਤਰੀ ਗੁਰਮੇਹਰ ਕੌਰ ਦੇ ਟਵੀਟ ਅਤੇ ਫੇਰ ਉਸ ਵਲੋਂ ਰੇਪ ਦੀ ਧਮਕੀ ਦੀ ਸ਼ਿਕਾਇਤ ਅਤੇ ਏ.ਬੀ.ਵੀ.ਪੀ. ਦੇ ਵਿਰੋਧ ਤੋਂ ਬਾਅਦ ਦਿੱਲੀ ਯੂਨੀਵਰਸਿਟੀ ਦੇ ਰਾਮਜਸ ਕਾਲਜ ਦੇ ਕੈਂਪਸ ‘ਚ ਮਾਹੌਲ ਕਾਫੀ ਗਰਮ ਹੋ ਗਿਆ ਅਤੇ ਜੇ.ਐਨ.ਯੂ. ਦੇ ਨਾਲ-ਨਾਲ ਹੋਰ ਕਾਲਜਾਂ ਦੇ ਵਿਦਿਆਰਥੀਆਂ ਨੇ ਵੀ ਏ.ਬੀ.ਵੀ.ਪੀ. ਵਲੋਂ ਥੋਪੇ ਜਾ ਰਹੇ ਰਾਸ਼ਟਰਵਾਦ ਦੇ ਵਿਰੋਧ ‘ਚ ਪ੍ਰਦਰਸ਼ਨ ਕੀਤਾ। ਕਈ ਵਿਦਿਆਰਥੀ ਅਤੇ ਸਿਆਸੀ ਜਮਾਤਾਂ ਨੇ ਆਰ.ਐਸ.ਐਸ., ਭਾਜਪਾ ਅਤੇ ਏ.ਬੀ.ਵੀ.ਪੀ. ਦੀ ਗੁੰਡਾਗਰਦੀ ਦਾ ਖੁੱਲ੍ਹ ਕੇ ਵਿਰੋਧ ਕੀਤਾ। ਇਨ੍ਹਾਂ ਹਾਲਾਤਾਂ ਵਿਚ ਕਈ ਸਿਆਸੀ ਦਲਾਂ ਦੇ ਆਗੂ ਸੋਸ਼ਲ ਮੀਡੀਆ ‘ਤੇ ਸਰਗਰਮ ਹੋ ਗਏ।
ਇਸੇ ਮੁੱਦੇ ‘ਤੇ ਹੁਣ ਸੁਪਰੀਮ ਕੋਰਟ ਦੇ ਸਾਬਕਾ ਜੱਜ ਮਾਰਕੰਡੇ ਕਾਟਜੂ ਦਾ ਨਾਂ ਵੀ ਜੁੜ ਗਿਆ ਹੈ। ਜਸਟਿਸ ਕਾਟਜੂ ਨੇ ਟਵੀਟ ਕਰਕੇ ਕਿਹਾ ਹੈ ਕਿ ਏ.ਬੀ.ਵੀ.ਪੀ. ਦੇ ਲੋਕ ਹਮੇਸ਼ਾ ਕਮਜ਼ੋਰ ਲੋਕਾਂ ਨੂੰ ਹੀ ਕਿਉਂ ਡਰਾਉਂਦੇ ਧਮਕਾਉਂਦੇ ਹਨ? ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਲੋਕਾਂ ਨੂੰ ਮੇਰੇ ਕੋਲ ਆਉਣਾ ਚਾਹੀਦਾ ਹੈ। ਮੇਰੇ ਕੋਲ ਡੰਡਾ ਹੈ ਜੋ ਇਨ੍ਹਾਂ ਦੀ ਬੇਸਬਰੀ ਨਾਲ ਉਡੀਕ ਕਰ ਰਿਹਾ ਹੈ।
ਸਬੰਧਤ ਖ਼ਬਰ:
“ਰਾਸ਼ਟਰਵਾਦ ਦੇ ਨਾਂ ‘ਤੇ ਹਿੰਸਾ” ਦਾ ਵਿਰੋਧ ਕਰਨ ਵਾਲੀ ਗੁਰਮਿਹਰ ਨੂੰ ਮਿਲੀ ‘ਬਲਾਤਕਾਰ’ ਦੀ ਧਮਕੀ …
Related Topics: ABVP, Gurmehar Kaur, Hindu Groups, Indian Nationalism, Justice Katju