ਸਿਆਸੀ ਖਬਰਾਂ » ਸਿੱਖ ਖਬਰਾਂ

ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਪਹੂਵਿੰਡ ‘ਚ ‘ਕੌਮ ਦੇ ਨਾਂ ਸੰਦੇਸ਼’ ਪੜ੍ਹਿਆ

October 20, 2017 | By

ਅੰਮ੍ਰਿਤਸਰ (ਨਰਿੰਦਰ ਪਾਲ ਸਿੰਘ): ਬੰਦੀ ਛੋੜ ਦਿਹਾੜੇ ਮੌਕੇ ਕੌਮ ਦੇ ਨਾਮ ਸੰਦੇਸ਼ ਦੇਣ ਤੋਂ ਸ਼੍ਰੋਮਣੀ ਕਮੇਟੀ ਵਲੋਂ ਆਇਦ ਪਾਬੰਦੀਆਂ ਦੇ ਬਾਵਜੂਦ, 2015 ‘ਚ ਪਿੰਡ ਚੱਬਾ ਵਿਖੇ ਹੋਏ ਪੰਥਕ ਇਕੱਠ ‘ਚ ਥਾਪੇ ਗਏ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਵੀ ‘ਕੌਮ ਦੇ ਨਾਮ ਸੰਦੇਸ਼’ ਦਿੱਤਾ। ਜਥੇਦਾਰ ਮੰਡ ਨੇ ਇਹ ਸੰਦੇਸ਼ ਸ਼ਹੀਦ ਬਾਬਾ ਦੀਪ ਸਿੰਘ ਦੇ ਜਨਮ ਅਸਥਾਨ ਪਹੂ ਵਿੰਡ ਪਿੰਡ ਤੋਂ ਦਿੱਤਾ। ਪਿੰਡ ਪਹੂਵਿੰਡ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਵਿਖੇ ਸਿੱਖ ਕੌਮ ਦੇ ਨਾਮ ਜਾਰੀ ਸੰਦੇਸ਼ ਵਿੱਚ ਭਾਈ ਮੰਡ ਨੇ ਕਿਹਾ ਕਿ ‘ਖਾਲਸਾ ਘਲੂਘਾਰਿਆਂ ‘ਚੋਂ ਗੁਜ਼ਰ ਕੇ ਵੀ ਚੜ੍ਹਦੀ ਕਲਾ ਵਿੱਚ ਰਿਹਾ ਹੈ ਪਰ ਅੱਜ ਪੰਥ ਦੇ ਹਾਲਾਤ ਬੜੇ ਚਿੰਤਾਜਨਕ ਬਣੇ ਹੋਏ ਹਨ।

ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਪਹੂਵਿੰਡ 'ਚ 'ਕੌਮ ਦੇ ਨਾਂ ਸੰਦੇਸ਼' ਪੜ੍ਹਿਆ

ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਪਹੂਵਿੰਡ ‘ਚ ‘ਕੌਮ ਦੇ ਨਾਂ ਸੰਦੇਸ਼’ ਪੜ੍ਹਿਆ

ਸਿੱਖ ਵਿਰੋਧੀ ਸਰਕਾਰਾਂ ਤੇ ਇਨ੍ਹਾਂ ਦੇ ਜੋਟੀਦਾਰਾਂ ਵਲੋਂ ਸਰਬੱਤ ਦਾ ਭਲਾ ਮੰਗਣ ਵਾਲੇ ਸਿੱਖ ਪੰਥ ਉਪਰ ਬਾਹਰੀ ਤੇ ਅੰਦਰੂਨੀ ਹਮਲੇ ਬੜੇ ਜ਼ੋਰ ਸ਼ੋਰ ਨਾਲ ਕੀਤੇ ਜਾ ਰਹੇ ਹਨ। ਸਿੱਖ ਵਿਰੋਧੀ ਸੰਸਥਾਵਾਂ ਲੁਕਵੇਂ ਰੂਪ ਵਿੱਚ ਤਖਤਾਂ ਅਤੇ ਗੁਰਧਾਮਾਂ ਉਪਰ ਕਾਬਜ਼ ਹੋ ਬੈਠੀਆਂ ਹਨ ਜਿਸ ਕਾਰਣ ਸਿੱਖ ਪ੍ਰਭੂਸੱਤਾ ਦੇ ਪ੍ਰਤੀਕ ਇਨ੍ਹਾਂ ਮਹਾਨ ਤਖਤਾਂ ਤੋਂ ਪੰਥ ਦੀ ਭਾਵਨਾਵਾਂ ਦੇ ਉਲਟ ਅਤੇ ਸੌਦਾ ਸਾਧ ਵਰਗਿਆਂ ਦੇ ਹੱਕ ਵਿੱਚ ਹੁਕਮਨਾਮੇ ਜਾਰੀ ਕੀਤੇ ਜਾ ਰਹੇ ਹਨ। ਕੁੜੀ ਮਾਰ ਤੇ ਨੜੀਮਾਰਾਂ ਨਾਲ ਪਾਰਟੀਬਾਜ਼ੀ ਵਿੱਚ ਖਾਸ ਰਿਆਇਤਾਂ ਕੀਤੀਆਂ ਜਾ ਰਹੀਆਂ ਹਨ ਜੋ ਚਿੰਤਾ ਦਾ ਵਿਸ਼ਾ ਹੈ’। ਭਾਈ ਮੰਡ ਨੇ ਕਿਹਾ ਕਿ ਲੋੜ ਹੈ ਅਜਿਹੇ ਲੋਕਾਂ ਤੋਂ ਆਪਣੇ ਪਵਿੱਤਰ ਗੁਰਧਾਮ ਅਜ਼ਾਦ ਕਰਾਉਣ, ਬਰਗਾੜੀ ਸਮੇਤ ਹੋਰ ਥਾਵਾਂ ਉਪਰ ਹੋਈ ਗੁਰਬਾਣੀ ਦੀ ਬੇਅਦਬੀ ਅਤੇ ਇਨਸਾਫ ਮੰਗਦੇ ਸਿੱਖਾਂ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰਨ ਵਾਲੇ ਦੋਸ਼ੀਆਂ ਨੂੰ ਸਜਾਵਾਂ ਦਿਵਾਉਣ ਦੀ। ਭਾਈ ਮੰਡ ਨੇ ਕੌਮ ਦੀ ਅਜ਼ਾਦੀ ਖਾਤਰ ਜੂਝਦਿਆਂ ਲੰਬੇ ਸਮੇਂ ਤੋਂ ਜੇਲ੍ਹਾਂ ਵਿੱਚ ਬੰਦ ਭਾਈ ਜਗਤਾਰ ਸਿੰਘ ਹਵਾਰਾ ਅਤੇ ਹੋਰ ਸਿੱਖ ਨਜ਼ਰਬੰਦਾਂ ਦੀ ਰਿਹਾਈ ਲਈ ਯਤਨ ਕਰਨ ‘ਤੇ ਜ਼ੋਰ ਦਿੱਤਾ।

ਸਬੰਧਤ ਖ਼ਬਰ:

ਪੁਲਿਸ, ਟਾਸਕ ਫੋਰਸ ਦੀ “ਸੁਰੱਖਿਆ” ਹੇਠ ਗਿ. ਗੁਰਬਚਨ ਸਿੰਘ ਨੇ ਪੜ੍ਹਿਆ ‘ਕੌਮ ਦੇ ਨਾਮ ਸੰਦੇਸ਼’ …

ਮਿਲੀ ਜਾਣਕਾਰੀ ਮੁਤਾਬਕ ਭਾਈ ਧਿਆਨ ਸਿੰਘ ਮੰਡ, ਭਾਈ ਸਤਨਾਮ ਸਿੰਘ ਮਨਾਵਾ, ਸ੍ਰ: ਜਗਦੇਵ ਸਿੰਘ, ਸ੍ਰ: ਜਸਦੇਵ ਸਿੰਘ ਸਮੇਤ 25-30 ਸਾਥੀਆਂ ਦੇ ਆਪਣੇ ਪਿੰਡ ਤੋਂ ਚਲਕੇ ਤਰਨਤਾਰਨ ਜਿਲ੍ਹੇ ਦੇ ਪਿੰਡ ਪਹੂਵਿੰਡ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਤੀਕ ਪੁਜੇ ਹੀ ਸਨ ਕਿ ਡੀ.ਐਸ.ਪੀ. ਭਿਖੀਵਿੰਡ ਦੇ ਅਗਵਾਈ ਵਿੱਚ ਪੁਲਿਸ ਫੋਰਸ ਨੇ ਗੁਰਦੁਆਰਾ ਸਾਹਿਬ ਨੂੰ ਘੇਰਾ ਪਾ ਲਿਆ। ਹਾਲਾਤ ਦੇਖਦੇ ਹੋਏ ਭਾਈ ਮੰਡ ਨੇ ਗੁਰਦੁਆਰਾ ਸਾਹਿਬ ਅੰਦਰ ਮੌਜੂਦ ਸੰਗਤ ਦੇ ਸਨਮੁਖ ਹੀ ‘ਕੌਮ ਦੇ ਨਾਮ ਸੰਦੇਸ਼’ ਪੜ੍ਹਕੇ ਸੁਣਾਇਆ। ਗੁਰਦੁਆਰਾ ਸਾਹਿਬ ਤੋਂ ਬਾਹਰ ਨਿਕਲਦਿਆਂ ਹੀ ਭਾਈ ਮੰਡ ਨੂੰ ਘੇਰੇ ਵਿੱਚ ਲੈਕੇ ਦੇਰ ਰਾਤ 9 ਵਜੇ ਦੇ ਕਰੀਬ ਉਨ੍ਹਾਂ ਦੇ ਪਿੰਡ ਪਹੁੰਚਾ ਦਿੱਤਾ ਗਿਆ।

ਸਬੰਧਤ ਖ਼ਬਰ:

ਬੰਦੀ ਛੋੜ ਦਿਹਾੜੇ ‘ਤੇ ਸੰਦੇਸ਼ ਪੜ੍ਹਨ ਮੌਕੇ ਪੁਲਿਸ ਕਿਸ ਨੇ ਬੁਲਾਈ? …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,