August 4, 2017 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ: ਪੰਜਾਬ ਸਰਕਾਰ ਦੇ ਚੀਫ ਪ੍ਰਿੰਸੀਪਲ ਸਕੱਤਰ ਸੁਰੇਸ਼ ਕੁਮਾਰ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਸਤੀਫ਼ਾ ਸੌਂਪ ਦਿੱਤਾ ਹੈ। ਮੀਡੀਆ ‘ਚ ਛਪੀਆਂ ਖ਼ਬਰਾਂ ਸੁਰੇਸ਼ ਕੁਮਾਰ ਨੇ ਕੋਈ ਟਿੱਪਣੀ ਕਰਨ ਤੋਂ ਇਨਕਾਰ ਕੀਤਾ ਹੈ। ਸੁਰੇਸ਼ ਕੁਮਾਰ ਨੇ ਆਪਣੇ ਖਿਲਾਫ ਹਾਈਕੋਰਟ ਵਿੱਚ ਕੇਸ ਜਾਣ ਤੋਂ ਬਾਅਦ ਦਫਤਰੀ ਕੰਮਕਾਜ਼ ਰੋਕ ਦਿੱਤਾ ਹੈ। ਉਹ ਅੱਜ ਕੈਬਨਿਟ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣਗੇ।
ਜ਼ਿਕਰਯੋਗ ਹੈ ਕਿ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਇੱਕ ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਪੰਜਾਬ ਸਰਕਾਰ ਤੇ ਚੀਫ ਪ੍ਰਿੰਸੀਪਲ ਸਕੱਤਰ ਸੁਰੇਸ਼ ਕੁਮਾਰ ਨੂੰ ਨੋਟਿਸ ਜਾਰੀ ਕਰਦਿਆਂ ਜਵਾਬ ਮੰਗਿਆ ਸੀ। ਇਹ ਪਟੀਸ਼ਨ ਮੁਹਾਲੀ ਦੇ ਵਕੀਲ ਰਮਨਦੀਪ ਸਿੰਘ ਵੱਲੋਂ ਪਾਈ ਗਈ ਸੀ।
ਪਟੀਸ਼ਕਰਤਾ ਨੇ ਇਲਜ਼ਾਮ ਲਾਇਆ ਹੈ ਕਿ ਸੁਰੇਸ਼ ਕੁਮਾਰ ਦੀ ਨਿਯੁਕਤੀ ਨਾ ਤਾਂ ਨਿਯਮਾਂ ਦੇ ਅਧੀਨ ਹੋਈ ਹੈ ਤੇ ਨਾ ਹੀ ਕਿਸੇ ਤਰ੍ਹਾਂ ਦੇ ਕਾਨੂੰਨ ਦਾ ਹਵਾਲਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਹੈ ਕਿ ਇਹ ਨਿਯੁਕਤੀ ਇੱਕ ਤਰ੍ਹਾਂ ਆਈਏਐਸ ਕਾਡਰ ‘ਤੇ ਕਬਜ਼ਾ ਹੈ। ਪਟੀਸ਼ਨ ‘ਚ ਇਹ ਵੀ ਕਿਹਾ ਗਿਆ ਹੈ ਕਿ ਪੰਜਾਬ ਸਰਕਾਰ ਨੇ ਸੁਰੇਸ਼ ਕੁਮਾਰ ਦੀ ਨਿਯੁਕਤੀ ਕਰਕੇ ਅੰਡਰ ਦਾ ਰੂਲਜ਼ ਆਫ ਬਿਜ਼ਨੈਸ ਗਵਰਨੈਂਸ ਆਫ ਪੰਜਾਬ ਨੂੰ ਤੋੜਿਆ ਹੈ।
ਸਬੰਧਤ ਖ਼ਬਰ:
ਵਕੀਲ ਰਮਨਦੀਪ ਸਿੰਘ ਦਾ ਕਹਿਣਾ ਹੈ ਕਿ ਸੁਰੇਸ਼ ਕੁਮਾਰ ਨੂੰ ਮੁੱਖ ਮੰਤਰੀ ਦੇ ਚੀਫ ਪ੍ਰਿੰਸੀਪਲ ਸਕੱਤਰ ਹੋਣ ਦੇ ਨਾਤੇ ਸਾਰੇ ਵਿਭਾਗਾਂ ਦਾ ਮੁਖੀ ਬਣਾਇਆ ਗਿਆ ਹੈ ਜੋ ਆਲ ਇੰਡੀਆ ਸਰਵਿਸ ਰੂਲ 1951 ਦੇ ਖ਼ਿਲਾਫ ਹੈ। ਉਨ੍ਹਾਂ ਹਾਈਕੋਰਟ ਨੂੰ ਅਪੀਲ ਕੀਤੀ ਹੈ ਸੁਰੇਸ਼ ਕੁਮਾਰ ਦੀ ਨਿਯੁਕਤੀ ਜਲਦ ਤੋਂ ਜਲਦ ਰੱਦ ਕੀਤੀ ਜਾਵੇ।
Related Topics: Advocate Ramandeep Singh, Captain Amrinder Singh Government, corruption, Punjab and Haryana High Court, Punjab Politics