ਲੇਖ

ਆਰ. ਐਸ. ਐਸ ਦਾ ਏਜੰਡਾ ਅਤੇ ਸਿੱਖ

August 30, 2010 | By

– ਡਾ. ਗੁਰਦਰਸ਼ਨ ਸਿੰਘ ਢਿਲੋਂ *

ਪਿਛਲੇ ਕੁਝ ਸਾਲਾਂ ਤੋਂ ਅਸੀਂ ਇਹ ਦੇਖ ਰਹੇ ਹਾਂ ਕਿ ਭਾਜਪਾ-ਆਰਐਸਐਸ ਜੋੜੀ ਨੇ ਦੇਸ਼ ਦੇ ਸਮਾਜਿਕ-ਰਾਜਸੀ ਏਜੰਡੇ ਨੂੰ ਇਕ ਨਵਾਂ ਅਤੇ ਤਿੱਖਾ ਮੋੜ ਦਿਤਾ ਹੈ। ਇਸ ਮੁਲਕ ਦੇ ਬਹੁਗਿਣਤੀ ਭਾਈਚਾਰੇ ਦੇ ਜਜ਼ਬਾਤ ਨੂੰ ਹਵਾ ਦੇ ਕੇ ਭਾਜਪਾ ਚੋਣ-ਰਾਜਨੀਤੀ ਉਤੇ ਆਪਣਾ ਪ੍ਰਭਾਵ ਜਮਾਉਣ ਵਿਚ ਕਾਮਯਾਬ ਹੋਈ ਹੈ ਅਤੇ ਕਿਵੇਂ ਨਾ ਕਿਵੇਂ ਰਾਜ ਸੱਤਾ ਉਤੇ ਵੀ ਹਾਵੀ ਹੋਈ ਹੈ। ਆਰਐਸਐਸ ਰਾਹੀਂ ਪ੍ਰਚਾਰੇ ਅਤੇ ਲਾਗੂ ਕੀਤੇ ਜਾ ਰਹੇ ਭਾਜਪਾ ਦੇ ਫਿਰਕੂ ਏਜੰਡੇ ਨੇ ਹੁਣ ਘਟ ਗਿਣਤੀਆਂ ਨੂੰ ਆਪਣੇ ਭਵਿੱਖ ਤੇ ਇਸ ਮੁਲਕ ਵਿਚ ਦਿਤੇ ਜਾ ਰਹੇ ਸਥਾਨ ਤੇ ਰੁਤਬੇ ਬਾਰੇ ਮੁੜ ਸੋਚਣ ਲਈ ਮਜਬੂਰ ਕਰ ਦਿਤਾ ਹੈ। ਸੱਚ ਤਾਂ ਇਹ ਹੈ ਕਿ ਇਹ ਫਿਰਕੂ ਏਜੰਡਾ ਭਾਰਤੀ ਸਟੇਟ ਦੀ ਮਰਿਆਦਾ ਤੇ ਪਵਿੱਤਰਤਾ ਲਈ ਇਕ ਵੱਡਾ ਖ਼ਤਰਾ ਬਣ ਗਿਆ ਹੈ।

ਇਥੇ ਇਹ ਚੇਤੇ ਕਰਾਇਆ ਜਾਂਦਾ ਹੈ ਕਿ ਸਿੱਖਾਂ ਦੀ ਵੱਖਰੀ ਪਹਿਚਾਣ ਅਤੇ ਹਸਤੀ ਬਾਰੇ ਹਾਲ ਵਿਚ ਹੀ ਚੱਲ ਰਹੀ ਬਹਿਸ ਦੀਆਂ ਜੜ੍ਹਾਂ 19ਵੀਂ ਸਦੀ ਦੇ ਮੁੱਢਲੇ ਦੌਰ ਵਿਚ ਪਈਆਂ ਹੋਈਆਂ ਹਨ ਜਦੋਂ ਆਰੀਆ ਸਮਾਜ ਨੇ ਸਵਾਮੀ ਦਿਆਨੰਦ ਦੀ ਅਗਵਾਈ ਵਿਚ ਇਕ ਹਮਲਾਵਰ ਮੁਹਿੰਮ ਸ਼ੁਰੂ ਕਰ ਦਿਤੀ ਅਤੇ ਇਹ ਕਹਿਣਾ ਸ਼ੁਰੂ ਕਰ ਦਿਤਾ ਕਿ ਸਿੱਖ ਧਰਮ ਆਪਣੇ ਆਪ ਵਿਚ ਵੱਖਰਾ ਧਰਮ ਨਹੀਂ ਹੈ। ਇਹ ਤਾਂ ਮਹਿਜ਼ ਹਿੰਦੂ ਧਰਮ ਦੀ ਇਕ ਸ਼ਾਖਾ ਹੀ ਹੈ। ਗੁਰੂ ਸਾਹਿਬਾਨ ਪ੍ਰਤੀ ਉਸ ਵਲੋਂ ਵਰਤੀ ਗਈ ਨਫ਼ਰਤ ਭਰੀ ਸ਼ਬਦਾਵਲੀ ਅਤੇ ਸਿੱਖਾਂ ਦੇ ਧਾਰਮਿਕ ਗੰ੍ਰਥਾਂ ਬਾਰੇ ਅਤੇ ਪੰਜਾਬੀ ਭਾਸ਼ਾ ਬਾਰੇ ਉਸ ਦੀ ਰਵੱਈਏ ਅਤੇ ਪਹੁੰਚ ਨੇ ਦੋਵਾਂ ਕੌਮਾਂ ਵਿਚ ਇਕ ਵੱਡਾ ਪਾੜ ਦਿਤਾ। ਇਸ ਦਾ ਨਤੀਜਾ ਇਹ ਹੋਇਆ ਕਿ ਭਾਈ ਕਾਨ੍ਹ ਸਿੰਘ ਨਾਭਾ ਨੂੰ ‘ਹਮ ਹਿੰਦੂ ਨਹੀਂ’ ਨਾਂ ਦੀ ਇਕ ਕਿਤਾਬ ਲਿਖਣੀ ਪਈ ਜਿਸ ਵਿਚ ਉਨ੍ਹਾਂ ਨੇ ਨਿੱਗਰ ਤੱਥਾਂ ਅਤੇ ਹਵਾਲਿਆਂ ਨਾਲ ਸਿੱਧ ਕੀਤਾ ਕਿ ਸਿੱਖ ਹਿੰਦੂਆਂ ਦਾ ਹਿੱਸਾ ਨਹੀਂ ਹਨ।

ਪੰਜਾਬ ਵਿਚ ਜਦੋਂ ਸਿੱਖਾਂ ਨੇ ਆਪਣੀ ਵੱਖਰੀ ਤੇ ਨਿਆਰੀ ਹਸਤੀ ਉਤੇ ਜ਼ੋਰ ਦਿਤਾ ਤਾਂ ਲਗਾਤਾਰ ਇਹੋ ਜਿਹੇ ਪ੍ਰਾਪੇਗੰਡੇ ਦੀ ਹਨੇਰੀ ਚਲਾਈ ਗਈ ਕਿ ਸਿੱਖ ਤਾਂ ਹਿੰਦੂਆਂ ਦਾ ਹੀ ਹਿੱਸਾ ਹਨ। ਸਿੱਖਾਂ ਦੀ ਆਜ਼ਾਦ ਹਸਤੀ ਦੇ ਤਿੰਨ ਅੰਗ ਯਾਨੀ ਉਨ੍ਹਾਂ ਦੀ ਬੋਲੀ, ਉਨ੍ਹਾਂ ਦਾ ਇਤਿਹਾਸ ਅਤੇ ਉਨ੍ਹਾਂ ਦੇ ਸਭਿਆਚਾਰ ਉਤੇ ਹਮਲੇ ਕੀਤੇ ਜਾਣ ਲੱਗੇ। ਇਸ ਉਦੇਸ਼ ਨੂੰ ਹਾਸਲ ਕਰਨ ਲਈ ਆਰਐਸਐਸ ਨੇ ਰਾਸ਼ਟਰੀ ਸਿੱਖ ਸੰਗਤ ਨਾਂ ਦੀ ਇਕ ਜਥੇਬੰਦੀ ਖੜ੍ਹੀ ਕਰ ਦਿਤੀ ਜਿਸ ਦਾ ਮਕਸਦ ਖ਼ਾਲਸਾ ਪੰਥ ਨੂੰ ਹਿੰਦੂਆਂ ਦਾ ਇਕ ਹਿੱਸਾ ਸਿੱਧ ਕਰਨਾ ਹੈ। ਇਹ ਵਿਚਾਰ ਵੀ ਪ੍ਰਚਾਰਿਆ ਜਾ ਰਿਹਾ ਹੈ ਕਿ ਸਿੱਖ ਗੁਰੂ ਸਾਹਿਬਾਨ ਭਗਵਾਨ ਰਾਮ ਦੇ ਪੁੱਤਰਾਂ-ਲਵ-ਕੁਸ਼ ਦੀ ਅੰਸ਼ ਹਨ। ਆਰਐਸਐਸ ਜਿਥੇ ਇਹ ਲਗਾਤਾਰ ਯਤਨ ਕਰਦੀ ਆ ਰਹੀ ਹੈ ਕਿ ਸਿੱਖ ਨੌਜਵਾਨਾਂ ਨੂੰ ਕਿਵੇਂ ਨਾ ਕਿਵੇਂ ਲਾਲਚ ਦੇ ਕੇ ਆਰਐਸਐਸ ਦੀਆਂ ਸ਼ਖਾਵਾਂ ਵਿਚ ਲਿਆਂਦਾ ਜਾਵੇ ਉਥੇ ਨਾਲ ਦੀ ਨਾਲ ਕੁਝ ਅਕਾਲੀ ਲੀਡਰਾਂ ਅਤੇ ਜਥੇਦਾਰਾਂ ਨੂੰ ਵੀ ਆਰਐਸਐਸ ਨੇ ਆਪਣੇ ਏਜੰਡੇ ਵੱਲ ਖਿੱਚਿਆ ਹੈ।

ਆਰ. ਐਸ. ਐਸ ਵੱਲੋਂ ਕੀਤੇ ਜਾਂਦੇ ਕੁ-ਪ੍ਰਚਾਰ ਦਾ ਇੱਕ ਨਮੂਨਾ।

ਆਰ. ਐਸ. ਐਸ ਵੱਲੋਂ ਕੀਤੇ ਜਾਂਦੇ ਕੁ-ਪ੍ਰਚਾਰ ਦਾ ਇੱਕ ਨਮੂਨਾ।

ਆਰ. ਐਸ. ਐਸ ਦਾ ਅਸਲ ਨਿਸ਼ਾਨਾ ਇਹ ਹੈ ਕਿ ਸਿੱਖਾਂ ਦੀਆਂ ਉੱਘੀਆਂ ਤੇ ਅਹਿਮ ਇਤਿਹਾਸਕ ਸੰਸਥਾਵਾਂ ਨਾਲ ਨੇੜਤਾ ਤੇ ਸਾਂਝ ਵਧਾਈ ਜਾਵੇ ਅਤੇ ਫਿਰ ਹੌਲੀ ਹੌਲੀ ਸਿੱਖਾਂ ਦੇ ਵੱਖਰੇ ਸਭਿਆਚਾਰ ਅਤੇ ਉਨ੍ਹਾਂ ਦੀ ਨਿਆਰੀ ਹਸਤੀ ਨੂੰ ਹੀ ਨੇਸਤੋ ਨਾਬੂਤ ਕਰ ਦਿਤਾ ਜਾਵੇ। ਇਸ ਦੀ ਪ੍ਰਤੱਖ ਤੇ ਜਿਉਂਦੀ ਜਾਗਦੀ ਮਿਸਾਲ ਉਸ ਸਮੇਂ ਮਿਲੀ ਜਦੋਂ ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਗਿਆਨੀ ਪੂਰਨ ਸਿੰਘ ਨੇ ਖੁਦ ਹੀ ਇਹ ਬਿਆਨ ਦੇ ਦਿਤਾ ਕਿ ਸਿੱਖ ਗੁਰੂ ਤਾਂ ਲਵ-ਕੁਸ਼ ਦੀ ਅੰਸ਼ ਵਿਚੋਂ ਹਨ। ਇਸ ਬਿਆਨ ਨਾਲ ਬਹੁਤ ਸਾਰੀਆਂ ਸਿੱਖ ਜਥੇਬੰਦੀਆਂ ਨੇ ਜ਼ਬਰਦਸਤ ਗੁੱਸੇ ਅਤੇ ਰੋਸ ਦਾ ਇਜ਼ਹਾਰ ਵੀ ਕੀਤਾ।

ਤੁਹਾਨੂੰ ਯਾਦ ਹੋਵੇਗਾ ਕਿ ਆਰ.ਐਸ.ਐਸ. ਖ਼ਾਲਸਾ ਪੰਥ ਦੇ ਤੀਜੇ ਸਾਜਨਾ ਦਿਵਸ ਦੇ ਮੌਕੇ ’ਤੇ ਹੋਏ ਸਮਾਗਮਾਂ ਵਿਚ ਕਿਸ ਤਰ੍ਹਾਂ ਧੂਮ-ਧਾਮ ਨਾਲ ਸ਼ਾਮਲ ਹੋਈ। ਉਸ ਨੇ ਆਪਣੇ ਇਸ ਪ੍ਰੋਗਰਾਮ ਤਹਿਤ ਗੁਰੂ ਗੋਬਿੰਦ ਸਿੰਘ ਜੀ ਦੇ ਪੈਗ਼ਾਮ ਨੂੰ ਕਿਸੇ ਹੋਰ ਪਾਸੇ ਵੱਲ ਮੋੜ ਦਿਤਾ। ਉਨ੍ਹਾਂ ਨੇ ਇਹ ਪ੍ਰਚਾਰ ਸ਼ੁਰੂ ਕਰ ਦਿਤਾ ਕਿ ਖ਼ਾਲਸਾ ਪੰਥ ਤਾਂ ਹਿੰਦੂ ਧਰਮ ਦੀ ਰੱਖਿਆ ਲਈ ਹੀ ਸਾਜਿਆ ਗਿਆ ਸੀ। ਇਹ ਪ੍ਰਚਾਰ ਵੀ ਕੀਤਾ ਜਾਣ ਲੱਗਾ ਕਿ ਗੁਰੂ ਗੋਬਿੰਦ ਸਿੰਘ ਜੀ ਦੁਰਗਾ ਦੇ ਪੁਜਾਰੀ ਸਨ ਅਤੇ ਉਹ ਗੁਰੂ ਨਾਨਕ ਸਾਹਿਬ ਦੇ ਮਾਰਗ ਤੋਂ ਦੂਰ ਚਲੇ ਗਏ ਸਨ।

ਆਰ.ਐਸ.ਐਸ. ਲਗਾਤਾਰ ਇਸ ਤਰਕ ਉਤੇ ਜ਼ੋਰ ਦਿੰਦੀ ਆ ਰਹੀ ਹੈ ਕਿ ਗੁਰੂ ਗੋਬਿੰਦ ਸਿੰਘ ਰਾਸ਼ਟਰੀ ਨਾਇਕ ਹਨ ਜਿਨ੍ਹਾਂ ਨੂੰ ਰਾਣਾ ਪ੍ਰਤਾਪ ਅਤੇ ਸ਼ਿਵਾ ਜੀ ਵਰਗੇ ਯੋਧਿਆਂ ਤੇ ਨਾਇਕਾਂ ਦੇ ਬਰਾਬਰ ਰੱਖਿਆ ਜਾ ਸਕਦਾ ਹੈ। ਇਹੋ ਕਾਰਨ ਹੈ ਕਿ ਆਰ.ਐਸ.ਐਸ. ਦੀਆਂ ਸ਼ਾਖ਼ਾਵਾਂ ਅਤੇ ਕਾਨਫਰੰਸਾਂ ਵਿਚ ਇਨ੍ਹਾਂ ਨਾਇਕਾਂ ਦੀਆਂ ਤਸਵੀਰਾਂ ਨਾਲ ਹੀ ਗੁਰੂ ਗੋਬਿੰਦ ਸਿੰਘ ਜੀ ਦੀ ਇਕ ਤਸਵੀਰ ਵੀ ਲੱਗੀ ਹੁੰਦੀ ਹੈ। ਸਿੱਖ ਵੀ ਹੁਣ ਇਹ ਸਮਝਦੇ ਹਨ ਕਿ ਇਹ ਆਰ.ਐਸ.ਐਸ. ਦੀ ਸੋਚੀ ਸਮਝੀ ਚਾਲ ਹੈ ਜਿਸ ਰਾਹੀਂ ਉਹ ਇਹ ਦੱਸਣਾ ਚਾਹੁੰਦੇ ਹਨ ਕਿ ਦਸ ਗੁਰੂ ਸਾਹਿਬਾਨ ਦਾ ਮਰਤਬਾ ਤੇ ਰੁਤਬਾ ਪੈਗੰਬਰ ਦੇ ਬਰਾਬਰ ਨਹੀਂ ਹੋ ਸਕਦਾ।

ਆਰ.ਐਸ.ਐਸ. ਉਤੇ ਇਹ ਵੀ ਦੋਸ਼ ਲਗਦਾ ਹੈ ਕਿ ਉਹ ਦਸਮ ਗ੍ਰੰਥ ਉਤੇ ਵਧੇਰੇ ਜ਼ੋਰ ਦਿੰਦੇ ਹਨ ਜਦਕਿ ਸਿੱਖਾਂ ਦੇ ਧਾਰਮਿਕ ਗ੍ਰੰਥ ਗੁਰੂ ਗ੍ਰੰਥ ਸਾਹਿਬ ਦੇ ਦਰਜੇ ਨੂੰ ਤੋੜ ਮਰੋੜ ਕੇ ਪੇਸ਼ ਕਰਦੇ ਹਨ, ਹਾਲਾਂਕਿ ਇਹ ਹਕੀਕਤ ਹੈ ਕਿ ਦਸਮ ਗ੍ਰੰਥ ਦੀ ਪ੍ਰਮਾਣਕਤਾ ਅਜੇ ਤੱਕ ਸਥਾਪਤ ਨਹੀਂ ਹੋਈ। ਆਰ.ਐਸ.ਐਸ. ਇਸ ਹਕੀਕਤ ਨੂੰ ਚੰਗੀ ਤਰ੍ਹਾਂ ਸਮਝਦੀ ਹੈ ਕਿ ਸਿੱਖਾਂ ਦੇ ਪਾਵਨ ਗੁਰਧਾਮ ਸਿੱਖ-ਸੱਤਾ ਅਤੇ ਸਿੱਖ-ਜਜ਼ਬੇ ਦਾ ਸਰਸਬਜ਼ ਚਸ਼ਮਾ ਹਨ, ਇਸ ਲਈ ਉਨ੍ਹਾਂ ਨੇ ਸੰਨ 2001 ਵਿਚ ਦਸਵੇਂ ਗੁਰੂ ਦੇ ਪ੍ਰਕਾਸ਼ ਉਤਸਵ ਦੇ ਮੌਕੇ 5 ਜਨਵਰੀ ਤੋਂ ਲੈ ਕ 21 ਜਨਵਰੀ ਤੱਕ ਸਾਰੇ ਪੰਜਾਬ ਦੇ ਮੰਦਰਾਂ ਵਿਚ ਗੁਰੂ ਗ੍ਰੰਥ ਸਾਹਿਬ ਦੇ ਪਾਠਾਂ ਦਾ ਸਿਲਸਿਲਾ ਆਰੰਭ ਕਰਨ ਦਾ ਪ੍ਰੋਗਰਾਮ ਬਣਾਇਆ ਪਰ ਜਦੋਂ ਸਿੱਖ ਸੰਗਤਾਂ ਨੂੰ ਇਹ ਪਤਾ ਲੱਗਾ ਕਿ ਇਹ ਸਾਰਾ ਢਮਢਮਾ ਆਰ.ਐਸ.ਐਸ. ਦੀ ਸਿੱਖ ਧਰਮ ਵਿਚ ਘੁਸਪੈਠ ਕਰਨ ਦੀ ਸੋਚੀ ਸਮਝੀ ਸਾਜਿਸ਼ ਹੈ ਤਾਂ ਉਸ ਨੇ ਝੱਟਪੱਟ ਇਸ ਪ੍ਰੋਗਰਾਮ ਨੂੰ ਅੱਗੇ ਪਾ ਦਿਤਾ।

ਆਰ.ਐਸ.ਐਸ. ਨੇ ਇਕ ਹੋਰ ਚਾਲ ਚੱਲੀ ਜਿਸ ਮੁਤਾਬਕ ਉਸ ਨੇ ਡੇਰਿਆਂ, ਮੱਠਾਂ ਅਤੇ ਆਸ਼ਰਮਾਂ ਵਰਗੀਆਂ ਸੰਸਥਾਵਾਂ ਨੂੰ ਸਰਗਰਮ ਕਰ ਦਿਤਾ ਹੈ। ਇਨ੍ਹਾਂ ਡੇਰਿਆਂ ਦੇ ਮੁਖੀਆਂ ਯਾਨੀ ਅਖੌਤੀ ਸਾਧਾਂ-ਸੰਤਾਂ ਅਤੇ ਮਹੰਤਾਂ ਨੂੰ ਹੱਲਾਸ਼ੇਰੀ ਦਿਤੀ ਹੈ ਕਿ ਉਹ ਪੇਂਡੂ ਇਲਾਕਿਆਂ ਵਿਚ ਘਰ ਘਰ ਜਾ ਕੇ ਡੇਰਾਵਾਦ ਦਾ ਪ੍ਰਚਾਰ ਕਰਨ। ਇਥੇ ਇਹ ਚੇਤੇ ਕਰਾਇਆ ਜਾਂਦਾ ਹੈ ਕਿ ਪੰਜਾਬ ਵਿਚ ਸੰਤ ਸਮਾਜ ਦੇ ਇਕ ਹਿੱਸੇ ਨੂੰ ਵੀ ਇਸ ਪ੍ਰੋਗਰਾਮ ਵਿਚ ਸ਼ਾਮਲ ਕੀਤਾ ਗਿਆ ਹੈ ਅਤੇ ਹਿੰਦੂ ਤਾਕਤਾਂ ਵਲੋਂ ਉਨ੍ਹਾਂ ਦੀ ਪਿੱਠ ਵੀ ਠੋਕੀ ਗਈ ਹੈ। ਇੰਝ ਇਹ ਡੇਰੇ ਇਕ ਤਰ੍ਹਾਂ ਨਾਲ ਸਿੱਖ ਮਰਿਆਦਾ ਦੇ ਉਲਟ ਪੁਜਾਰੀ ਵਰਗ ਦੀ ਸੱਤਾ ਨੂੰ ਹੀ ਲੋਕ ਮਨਾਂ ਵਿਚ ਸਥਾਪਤ ਕਰਨਾ ਚਾਹੁੰਦੇ ਹਨ। ਇਥੋਂ ਤਕ ਕਿ ਸਰਕਾਰ ਵੀ ਕਈ ਸੰਤਾਂ ਨੂੰ ਸਰਪ੍ਰਸਤੀ ਪ੍ਰਦਾਨ ਕਰਦੀ ਹੈ ਅਤੇ ਦੇਖਣ ਵਾਲੀ ਗੱਲ ਇਹ ਹੈ ਕਿ ਸਰਕਾਰ ਇਹ ਕੰਮ ਕਿਸੇ ਸੁਹਿਰਦ ਅਤੇ ਸੰਜੀਦਾ ਜਜ਼ਬਿਆਂ ਦੇ ਅਧੀਨ ਨਹੀਂ ਕਰਦੀ ਸਗੋਂ ਆਪਣੇ ਸੁਆਰਥੀ ਹਿੱਤਾਂ ਨੂੰ ਮੁੱਖ ਰੱਖ ਕੇ ਕਰ ਰਹੀ ਹੈ।

ਇਕ ਹਰ ਚਿੰਤਾ ਵਾਲੀ ਗੱਲ ਇਹ ਵੇਖਣ ਵਿਚ ਆਈ ਹੈ ਕਿ ਕੁਝ ਇਤਿਹਾਸਕਾਰ ਭਾਜਪਾ-ਵਿਸ਼ਵ ਹਿੰਦੂ ਪ੍ਰੀਸ਼ਦ-ਆਰ.ਐਸ.ਐਸ. ਦੇ ਪ੍ਰਭਾਵ ਹੇਠ ਭਾਰਤ ਦੇ ਅਤੀਤ ਦੀ ਮਨਭਾਉਂਦੀ ਵਿਆਖਿਆ ਕਰ ਰਹੇ ਹਨ। ਇਸ ਦਿਸ਼ਾ ਵਿਚ ਉਹ ਕੁਝ ਇਹੋ ਜਿਹੇ ਮਨਭਾਉਂਦੇ ਅਤੇ ਚੋਣਵੇਂ ਇਤਿਹਾਸਕ ਸੋਮਿਆਂ ਦੀ ਚੋਣ ਕਰਕੇ ਇਹ ਸਿੱਧ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਕਿ ਪ੍ਰਾਚੀਨ ਸਮੇਂ ਤੋਂ ਹੀ ਸਟੇਟ ਦਾ ਭਾਰਤੀ ਸੰਕਲਪ ਇਹੋ ਚਲਿਆ ਆ ਰਿਹਾ ਹੈ ਜਿਸ ਵਿਚ ਸੱਤਾ ਦਾ ਕੇਂਦਰੀਕਰਨ (ੂਨਡਿੋਰਮ ਚੲਨਟਰੳਲਸਿੲਦ ਸਟੳਟੲ) ਹੁੰਦਾ ਹੈ। ਉਨ੍ਹਾਂ ਨੇ ਇਸ ਧਾਰਨਾ ਨੂੰ ਵੀ ਰੱਦ ਕਰ ਦਿਤਾ ਹੈ ਕਿ ਭਾਰਤ ਹਮੇਸ਼ਾ ਤੋਂ ਹੀ ਭਿੰਨ-ਭਿੰਨ ਧਰਮਾਂ ਤੇ ਸਭਿਆਚਾਰਾਂ ਦਾ ਬਹੁਕੌਮੀ ਰਾਜ ਰਿਹਾ ਹੈ।

ਆਰ.ਐਸ.ਐਸ.-ਭਾਜਪਾ ਦਾ ਸੰਕੀਰਨ ਨਜ਼ਰੀਆ ਉਨ੍ਹਾਂ ਨੂੰ ਇਹ ਗੱਲ ਸੋਚਣ ਹੀ ਨਹੀਂ ਦਿੰਦਾ ਕਿ ਰਾਜ (ਸਟੇਟ) ਦੇ ਭਾਰਤੀ ਸੰਕਲਪ ਵਿਚ ਸਾਰਿਆਂ ਨੂੰ ਇਕੋ ਰੱਸੇ ਬੰਨਣ ਦੇ (ੂਨਡਿੋਰਮ ੋਰਦੲਰ) ਸਿਧਾਂਤ ਦੀ ਕੋਈ ਜਗ੍ਹਾ ਨਹੀਂ। ਇਹ ਸੰਕਲਪ ਸੱਤਾ ਦੇ ਕੇਂਦਰੀਕਰਨ ਦੇ ਰੁਝਾਨ ਦੀ ਇਜ਼ਾਜਤ ਹੀ ਨਹੀਂ ਦਿੰਦਾ। ਜਿਹੜੇ ਲੋਕ ਪੰਜਾਬ ਲਈ ਵਧੇਰੇ ਖੁਦਮੁਖਤਾਰੀ ਦੀ ਮੰਗ ਕਰਦੇ ਹਨ ਉਨ੍ਹਾਂ ਨੇ ਵੀ ਭਾਜਪਾ ਦੀ ਇਸ ਧਾਰਨਾ ਦਾ ਸਖ਼ਤ ਨੋਟਿਸ ਲਿਆ ਹੈ।

ਆਰ.ਐਸ.ਐਸ. ਦਾ ਇਹ ਤਰਕ ਹੈ ਕਿ ਹਿੰਦੂਤਵ ਦਾ ਸਿਧਾਂਤ ਹੀ ਭਾਰਤ ਦੀ ਏਕਤਾ ਤੇ ਅਖੰਡਤਾ ਦਾ ਆਧਾਰ ਬਣ ਸਕਦਾ ਹੈ। ਆਰ.ਐਸ.ਐਸ. ਇਸ ਧਾਰਨਾ ਉਤੇ ਲਗਾਤਾਰ ਬੌਧਿਕ ਤੇ ਵਿਚਾਰਧਾਰਕ ਅਭਿਆਸ ਕਰਦੀ ਆ ਰਹੀ ਹੈ ਅਤੇ ਉਸ ਵਲੋਂ ਇਸ ਦਿਸ਼ਾ ਵਿਚ ਆਪਣੇ ਪੈਰੋਕਾਰਾਂ ਨੂੰ ਦਿੱਤੇ ਨਾਅਰਿਆਂ ਤੋਂ ਇਹੋ ਪਤਾ ਲਗਦਾ ਹੈ ਕਿ ਇਹੋ ਜਿਹੀ ਮੁਹਿੰਮ ਦਾ ਅਸਲ ਮਕਸਦ ਕੀ ਹੈ। ਆਰ.ਐਸ.ਐਸ. ਦੇ ਸਾਬਕਾ ਮੁਖੀ ਕੇ.ਐਸ. ਸੁਦਰਸ਼ਨ ਰਾਸ਼ਟਰਵਾਦ ਦੀ ਪਰਿਭਾਸ਼ਾ ਦਿੰਦਿਆਂ ਅਕਸਰ ਹੀ ਇਹੋ ਜਿਹੇ ਨਾਅਰੇ ਦਿੰਦੇ ਹਨ। ਜਿਵੇਂ ‘ਕਈ ਫੁੱਲ ਪਰ ਇਕ ਹਾਰ’ ਜਾਂ ‘ਕਈ ਦਰਿਆ ਪਰ ਇਕ ਸਮੁੰਦਰ’। ਇਹੋ ਜਿਹੇ ਪ੍ਰਾਪੇਗੰਡੇ ਨਾਲ ਘੱਟ ਗਿਣਤੀਆਂ ਨੂੰ ਸੁਭਾਵਿਕ ਹੀ ਡੂੰਘੀ ਠੇਸ ਪਹੁੰਚਦੀ ਹੈ।

ਭਾਜਪਾ-ਆਰ.ਐਸ.ਐਸ. ਜੋੜੀ ਨੇ ਗਾਂਧੀ-ਨਹਿਰੂ ਵਲੋਂ ‘ਹਿੰਦੂ’ ਕੌਮ ਦੀ ਉਸ ਪਰਿਭਾਸ਼ਾ ਨੂੰ ਸਪੱਸ਼ਟ ਤੌਰ ’ਤੇ ਰੱਦ ਕਰ ਦਿਤਾ ਹੈ ਜਿਸ ਵਿਚ ਕਿਹਾ ਗਿਆ ਸੀ ਕਿ ਹਿੰਦੂ ਬੜੀ ਹਲੀਮੀ ਅਤੇ ਨਿਮਰਤਾ ਵਿਚ ਰਹਿਣ ਵਾਲੀ ਅਹਿੰਸਾ ਵਾਦੀ ਕੌਮ ਹੈ ਜੋ ਡਾਗਾਂ ਵੱਜਣ ਸਮੇਂ ਵੀ ਆਪਣੀ ਪਿੱਠ ਖੁਦ ਹੀ ਨੰਗੀ ਕਰ ਦਿੰਦੀ ਹੈ। ਪਰ ਦੂਜੇ ਪਾਸੇ ਆਰ.ਐਸ.ਐਸ. ਵਾਲੇ ਇਹ ਦਲੀਲ ਦਿੰਦੇ ਹਨ ਕਿ ਗਾਂਧੀ ਦਾ ਇਹ ਸਿਧਾਂਤ ਇਤਿਹਾਸ ਤੋਂ ਬੇਮੁੱਖ ਹੈ ਅਤੇ ਇਕ ਤਰ੍ਹਾਂ ਨਾਲ ਹਿੰਦੂ ਧਰਮ ਦੀ ਤੋੜ ਮਰੋੜ ਕੇ ਕੀਤੀ ਵਿਆਖਿਆ ਹੈ। ਉਨ੍ਹਾਂ ਦਾ ਵਿਚਾਰ ਹੈ ਕਿ ਇਹੋ ਜਿਹੀ ਵਿਆਖਿਆ ਨੇ ਹਿੰਦੂਆਂ ਵਿਚ ਭਾਂਜਵਾਦ ਦੀ ਭਾਵਨਾ ਲਿਆਂਦੀ ਹੈ ਅਰਥਾਤ ਹਿੰਦੂਆਂ ਨੂੰ ਹਾਰੀ ਹੋਈ ਮਾਨਸਿਕਤਾ ਵਾਲੇ ਲੋਕ ਬਣਾ ਦਿਤਾ ਹੈ। ਇਹੋ ਜਿਹੇ ਵਿਚਾਰ ਨਾਲ ਉਨ੍ਹਾਂ ਲੋਕਾਂ ਨੂੰ ਵੀ ਬਲ ਮਿਲਿਆ ਹੈ ਜੋ ਧਰਮ ਨਿਰਪਖਤਾ ਦੇ ਹਾਮੀ ਹਨ। ਆਰ.ਐਸ.ਐਸ. ਦਾ ਦਾਅਵਾ ਹੈ ਕਿ ਅਸਲ ਵਿਚ ਹਿੰਦੂ ਧਰਮ ਦੀ ਵਿਆਖਿਆ ਦਾ ਕੇਂਦਰ-ਬਿੰਦੂ ਤਾਂ ਕਿਤੇ ਹੋਰ ਹੀ ਹੈ। ਇਥੇ ਇਹ ਗੱਲ ਵਰਨਣਯੋਗ ਹੈ ਕਿ ਗੋਲਵਾਲਕਰ ਨੇ ਇਕ ਸਮੇਂ ਕਿਹਾ ਸੀ ਕਿ ਹਰ ਹਿੰਦੂ ਦੇਵਤਾ ਹਥਿਆਰਬੰਦ ਹੁੰਦਾ ਹੈ। ਅੱਜ ਦੇ ਸਮੇਂ ਵਿਚ ਭਾਰਤ ਨੂੰ ਐਟਮੀ ਹਥਿਆਰਾਂ ਨਾਲ ਲੈਸ ਕਰਨ ਦੀ ਇੱਛਾ ਨੂੰ ਇਸੇ ਰੌਸ਼ਨੀ ਵਿਚ ਵੇਖਿਆ ਜਾਣਾ ਚਾਹੀਦਾ ਹੈ। ਹੁਣ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਜੇਕਰ ਐਟਮੀ ਜੰਗ ਹੋਈ ਤਾਂ ਸਭ ਤੋਂ ਵਧੇਰੇ ਨੁਕਸਾਨ ਪੰਜਾਬ ਦਾ ਹੀ ਹੋਵੇਗਾ।

ਦੂਜੇ ਪਾਸੇ ਅਕਾਲੀ-ਭਾਜਪਾ ਗੱਠਜੋੜ ਵੀ ਆਮ ਵਾਕਰਾਂ ਕੰਮ ਨਹੀਂ ਕਰ ਰਿਹਾ ਜਿਵੇਂ ਕਿ ਉਪਰੋਂ ਉਪਰੋਂ ਸਾਨੂੰ ਇੰਜ ਪ੍ਰਤੀਤ ਹੁੰਦਾ ਹੈ। ਜਦੋਂ ਭਾਜਪਾ ਪੰਜਾਬ ਵਿਚ ਆਪਣਾ ਹਮਲਾਵਰ ਏਜੰਡਾ ਲਾਗੂ ਕਰਦੀ ਹੈ ਤਾਂ ਸਿੱਖਾਂ ਦੇ ਮਨਾਂ ਵਿਚ ਤੁਰਤ ਇਹ ਭਾਵਨਾ ਪੈਦਾ ਹੁੰਦੀ ਹੈ ਕਿ ਭਾਜਪਾ ਸਿੱਖਾਂ ਦੀ ਸਮਾਜਿਕ-ਰਾਜਨੀਤਕ ਹਸਤੀ ਨੂੰ ਖੋਰਾ ਲਾਉਣ ਲਈ ਅਕਾਲੀ ਦਲ ਨੂੰ ਇਸਤੇਮਾਲ ਕਰ ਰਹੀ ਹੈ। ਅਕਸਰ ਹੀ ਇਹ ਕਿਹਾ ਜਾਂਦਾ ਹੈ ਕਿ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਭਾਜਪਾ ਦੇ ਥੱਲੇ ਲੱਗ ਕੇ ਚੱਲ ਰਿਹਾ ਹੈ ਜਾਂ ਇਉਂ ਕਹਿ ਲਵੋ ਕਿ ਅਕਾਲੀ ਦਲ ਦਾ ਰੋਲ ਤੇ ਰੁਤਬਾ ਦੂਜੇ ਦਰਜੇ ਵਾਲਾ ਹੈ ਜਦਕਿ ਭਾਜਪਾ ਦਾ ਰੋਲ ਮੋਹਰੀ ਹੈ। ਸਿੱਖ ਇਹ ਵੀ ਸੋਚਣ ਲੱਗ ਪਏ ਹਨ ਕਿ ਉਨ੍ਹਾਂ ਦੀ ਆਜ਼ਾਦ ਹਸਤੀ ਨੂੰ ਤਹਿਸ਼ ਨਹਿਸ਼ ਕਰਨ ਲਈ ਹਿੰਦੂਤਵ ਤਾਕਤਾਂ ਦੇ ਹਮਲਿਆਂ ਦੀ ਬਾਦਲ ਸਾਹਿਬ ਨੂੰ ਕੋਈ ਚਿੰਤਾ ਨਹੀਂ। ਪੰਜਾਬ ਵਿਚ ਇਕ ਦਹਾਕੇ ਤੋਂ ਵੱਧ ਸਿੱਖ ਕੌਮ ਦੇ ਬੇ-ਬਹਾਅ ਡੁੱਲ੍ਹੇ ਖੂਨ ਦਾ ਵੀ ਬਾਦਲ ਸਾਹਿਬ ਦੀ ਜ਼ਮੀਰ ’ਤੇ ਕੋਈ ਅਸਰ ਨਹੀਂ। ਬਾਦਲ ਸਾਹਿਬ ਦੇ ਵਿਰੋਧੀ ਧੁਰ ਅੰਦਰੋਂ ਇਹ ਮਹਿਸੂਸ ਕਰਦੇ ਹਨ ਕਿ 1994 ਵਿਚ ਮੋਗਾ ਅਕਾਲੀ ਕਾਨਫਰੰਸ ਵਿਚ ਬਾਦਲ ਸਾਹਿਬ ਨੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਨਾਅਰਾ ਲਗਾ ਕੇ ਅਕਾਲੀ ਦਲ ਦੇ ਸਿਧਾਂਤਾਂ ਨੂੰ ਵੱਡਾ ਧੱਕਾ ਪਹੁੰਚਾਇਆ ਹੈ ਜੋ 1920 ਤੋਂ ਹੀ ਇਸ ਦੇ ਵਜੂਦ ਵਿਚ ਆਉਣ ਤੋਂ ਲਗਾਤਾਰ ਸਿੱਖ ਕੌਮ ਦੀਆਂ ਭਾਵਨਾਵਾਂ ਦੀ ਨੁਮਾਇੰਦਗੀ ਕਰਦੀ ਆ ਰਹੀ ਸੀ। ਦੂਜੇ ਪਾਸੇ ਜਿਥੋਂ ਤੱਕ ਪੰਜਾਬ ਦੀਆਂ ਰਾਜਸੀ ਮੰਗਾਂ ਦਾ ਸਵਾਲ ਹੈ, ਭਾਜਪਾ ਨੇ ਆਪਣੇ ਰਾਜਸੀ ਏਜੰਡੇ ਵਿਚ ਇਨ੍ਹਾਂ ਮੰਗਾਂ ਸਬੰਧੀ ਆਪਣੀ ਧਾਰਨਾ ਤੇ ਨੀਤੀਆਂ ਵਿਚ ਕੋਈ ਬੁਨਿਆਦੀ ਤਬਦੀਲੀ ਨਹੀਂ ਕੀਤੀ।

ਅਸੀਂ ਇਹ ਚੇਤੇ ਕਰਾਉਣਾ ਚਾਹੁੰਦੇ ਹਾਂ ਕਿ ਸਿੱਖ ਧਰਮ ਬਾਕਾਇਦਾ ਇਕ ਅਜਿਹਾ ਸਥਾਪਤ ਧਰਮ ਹੈ ਜਿਸ ਵਿਚ ਸਿੱਖੀ ਦੇ ਬੁਨਿਆਦੀ ਸਿਧਾਂਤ ਸਪੱਸ਼ਟ ਤੌਰ ’ਤੇ ਗੁਰੂ ਗ੍ਰੰਥ ਸਾਹਿਬ ਵਿਚ ਦਿਤੇ ਗਏ ਹਨ। ਸਿੱਖ ਗੁਰੂ ਸਾਹਿਬਾਨ ਨੇ ਸਿੱਖ ਸਮਾਜ ਨੂੰ ਨਵੇਂ ਵਿਚਾਰਾਂ ਨਾਲ ਲੈਸ ਕੀਤਾ ਅਤੇ ਇਸ ਵੱਖਰੇ ਰਾਹ ਨੂੰ ਪਹਿਲੇ ਧਰਮਾਂ ਨਾਲੋਂ ਵੱਖਰਾ ਜਾਂ ਅੱਡਰਾ ਕਰ ਦਿਤਾ। ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਵਿਚ ਹੇਠ ਲਿਖੇ ਸ਼ਬਦ ਰਾਹੀਂ ਸਾਫ਼ ਅਤੇ ਸਪੱਸ਼ਟ ਕਰ ਦਿਤਾ ਹੈ ਕਿ ਸਿੱਖ ਇਕ ਆਜ਼ਾਦ ਕੌਮ ਹੈ:

ਭੈਰਉ ਮਹਲਾ

ਵਰਤ ਨ ਰਹਉ ਨ ਮਹ ਰਮਦਾਨਾ॥
ਤਿਸੁ ਸੇਵੀ ਜੋ ਰਖੈ ਨਿਦਾਨਾ।
ਏਕੁ ਗੁਸਾਈ ਅਲਹੁ ਮੇਰਾ।
ਹਿੰਦੂ ਤੁਰਕ ਦੁਹਾਂ ਨੇਬੇਰਾ। ਰਹਾਉ॥
ਹਜ ਕਾਬੈ ਜਾਉ ਨ ਤੀਰਥ ਪੂਜਾ॥
ਏਕੋ ਸੇਵੀ ਅਵਰੁ ਨ ਦੂਜਾ॥
ਪੂਜਾ ਕਰਉ ਨ ਨਿਵਾਜ ਗੁਜਾਰਉ॥
ਏਕ ਨਿਰੰਕਾਰ ਲੇ ਰਿਦੈ ਨਮਸਕਾਰਉ॥
ਨਾ ਹਮ ਹਿੰਦੂ ਨ ਮੁਸਲਮਾਨ॥
ਅਲਹ ਰਾਮ ਕੇ ਪਿੰਡ ਪਰਾਨ॥
(ਪੰਨਾ ੧੧੩੬)

*ਸਾਬਕਾ ਪ੍ਰੋਫੈਸਰ ਆਫ ਹਿਸਟਰੀ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ।

ਇਸ ਲਿਖਤ ਦਾ ਪੰਜਾਬੀ ਤਰਜ਼ਮਾ ਕਰਮਜੀਤ ਸਿੰਘ (ਚੰਡੀਗੜ੍ਹ) ਵੱਲੋਂ ਕੀਤਾ ਗਿਆ ਹੈ, ਮੂਲ ਲਿਖਤ ਅੰਗਰੇਜ਼ੀ ਵਿੱਚ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,