ਲੇਖ » ਸਿੱਖ ਖਬਰਾਂ

ਸਿੱਖੀ ਸੰਪੂਰਨ ਵਿਸ਼ਵ ਧਰਮ ਹੈ ਤੇ ‘ਰਾਸ਼ਟਰੀ ਸਿੱਖ ਸੰਗਤ’ ਅਸਲ ਵਿਚ ‘ਕਲਟ’ ਹੈ

December 11, 2019 | By

ਲੇਖਕ: ਮਹਿੰਦਰ ਸਿੰਘ ਖਹਿਰਾ (ਯੂ.ਕੇ.)

‘ਸਿੱਖਾਂ ਦੀ ਦੁਸ਼ਮਣ ਜਮਾਤ ‘ਰਾਸ਼ਟਰੀ ਸਿੱਖ ਸੰਗਤ’ ਕਲਟ ਹੈ, ਸਿੱਖ ਧਰਮ ਕਲਟ ਨਹੀਂ ਹੈ ਸਗੋਂ ਇਹ ਦੁਨੀਆ ਦੇ ਪੰਜ ਵੱਡੇ ਧਰਮਾਂ ਵਿਚੋਂ ਇਕ ਸੁਤੰਤਰ, ਸੰਪੂਰਨ ਤੇ ਵਿਲੱਖਣ ਸਿੱਖ ਧਰਮ ਹੈ।’

ਮੰਦਰ ਮਸਜਿਦ ਅਯੋਧਿਆ ਵਿਵਾਦ ਬਾਰੇ ਹਾਲ ਵਿਚ ਹੀ ਭਾਰਤੀ ਸੁਪਰੀਮ ਕੋਰਟ ਨੇ ਆਪਣੇ ਫੈਸਲੇ ਵਿਚ ‘ਰਾਸ਼ਟਰੀ ਸਿੱਖ ਸੰਗਤ’ ਦੇ ਕਾਰਕੁੰਨ ਰਜਿੰਦਰ ਸਿੰਘ ਨਿਰਾਲਾ ਦੀ ਗਵਾਹੀ ਨੂੰ ਆਧਾਰ ਬਣਾ ਕੇ ਸਿੱਖ ਧਰਮ ਦੀ ਵਿਆਖਿਆ ‘ਕਲਟ’ ਵਜੋਂ ਕੀਤੀ ਹੈ। ਪਹਿਲੀ ਗੱਲ ਤਾਂ ਇਹ ਹੈ ਕਿ ਮੰਦਰ-ਮਸਜਿਦ ਦੇ ਝਗੜੇ ਵਿਚ ਸਿੱਖ ਧਰਮ ਨੂੰ ਘੜੀਸਣ ਦਾ ਕੋਈ ਆਧਾਰ ਹੀ ਨਹੀਂ ਬਣਦਾ ਕਿਉਂਕਿ ਝਗੜਾ ਕੇਵਲ ਮੰਦਰ ਤੇ ਮਸਜਿਦ ਦਾ ਹੈ; ਮੰਦਰ, ਮਸਜਿਦ ਤੇ ਗੁਰਦੁਆਰੇ ਦਾ ਨਹੀਂ ਹੈ।

ਦੂਸਰੀ ਗੱਲ ‘ਸੁਪਰੀਮ ਕੋਰਟ ਵਲੋਂ ਦਿੱਤੇ ਹਵਾਲਿਆਂ ਵਿਚ ਪੰਨਾ ਨੰ. 992 ਵਿਚ ਸਿੱਖਾਂ ਵਾਸਤੇ ‘ਕਲਟ’ ਸ਼ਬਦ ਦਾ ਇਸਤੇਮਾਲ ਕੀਤਾ ਗਿਆ ਹੈ। ਆਕਸਫੋਰਡ ਡਿਕਸ਼ਨਰੀ ਅਨੁਸਾਰ ‘ਕਲਟ’ ਦਾ ਮਤਲਬ ਹੈ ਉਹ ਧਾਰਮਿਕ ਗਰੁੱਪ ਜੋ ਆਪਣੇ ਧਾਰਮਿਕ ਵਿਸ਼ਵਾਸ਼ਾਂ ਨੂੰ ਕੱਟੜਤਾ ਨਾਲ ਮੰਨਦੇ ਹਨ ਅਤੇ ਕਈ ਤਰੀਕੇ ਦੀਆਂ ਰਸਮਾਂ ਕਰਦੇ ਹਨ ਅਤੇ ਉਹ ਕਿਸੇ ਸਥਾਪਤ ਧਰਮ ਦਾ ਹਿੱਸਾ ਨਹੀਂ ਹੁੰਦੇ।’ ‘ਕਲਟ’ ਵਿਚ ਜਿਸ ਤਰੀਕੇ ਦੀਆਂ ਰਸਮਾਂ ਹੁੰਦੀਆਂ ਹਨ ਉਹ ਸਿੱਖ ਧਰਮ ਵਿਚ ਮੌਜੂਦ ਨਹੀਂ ਹਨ, ਸਗੋਂ ਉਨ੍ਹਾਂ ਦਾ ਖੰਡਨ ਕੀਤਾ ਗਿਆ ਹੈ।

‘ਰਾਸ਼ਟਰੀ ਸਿੱਖ ਸੰਗਤ’ ਦੇ ‘ਕਲਟ’ ਹੋਣ ਦਾ ਸਬੂਤ ਉਨ੍ਹਾਂ ਦੀ ਆਪਣੀ ਨਿਯਮਾਂਵਲੀ ਹੈ। ਰਾਸ਼ਟਰੀ ਸਿੱਖ ਸੰਗਤ (ਆਰ.ਐਸ.ਐਸ) ਨੇ ਆਪਣੀ ਨਿਯਮਾਂਵਲੀ ਹਿੰਦੀ ਵਿਚ ਛਪਵਾਕੇ ਪੂਰੇ ਯੂ.ਪੀ. ਵਿਚ ਸੰਨ 2002 ’ਚ ਵੱਡੀ ਪੱਧਰ ਤੇ ਇਨ੍ਹਾਂ ਦੇ ਸਤਵੇਂ ਸਮਾਗਮ, ਜਿਸ ਨੂੰ ਉਹ ਅਧਿਵੇਸ਼ਨ ਦਾ ਨਾਂ ਦਿੰਦੇ ਹਨ, ਵਿਚ ਵੰਡੀ ਸੀ।

ਯੂ. ਪੀ ਦੇ ਸਿੱਖ ਬੱਚਿਆਂ ਨੂੰ ਬਹੁਤੀ ਹਿੰਦੀ ਹੀ ਆਉਂਦੀ ਹੈ। ਉਨ੍ਹਾਂ ਨੂੰ ‘ਰਾਸ਼ਟਰੀ ਸਿੱਖ ਸੰਗਤ’ ਦੀ ਨਿਯਮਾਵਲੀ ਵਿੱਚ ਇਹ ਸਮਝਾਇਆ ਜਾਂਦਾ ਹੈ ਕਿ ਸਿੱਖ ਹਿੰਦੂ ਧਰਮ ਦਾ ਇਕ ਅਨਿੱਖੜਵਾਂ ਹਿੱਸਾ ਹੈ। ਹਿੰਦੂ ਤੇ ਸਿੱਖ ਇਕ ਸਾਥ ਰਹਿਣ, ਇਸੇ ਲਈ ਸਾਡੇ ਗੁਰੂਆਂ ਨੇ ਸਾਂਝੀਵਾਲਤਾ ਦਾ ਪਾਠ ਪੜ੍ਹਾਇਆ ਸੀ।

ਇਸ ਨਿਯਮਾਂਵਲੀ ਨੂੰ ਪੜ੍ਹ ਕੇ ਆਪ ਜੀ ਦੇ ਰੌਂਗਟੇ ਖੜ੍ਹੇ ਹੋ ਜਾਣਗੇ। ‘ਰਾਸ਼ਟਰੀ ਸਿੱਖ ਸੰਗਤ’ ਦੀ ਨਿਯਮਾਵਲੀ ਵਿਚ ਲਿਖਿਆ ਗਿਆ ਹੈ ਕਿ ‘ਜੇ ਅਰਦਾਸ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿਚ ਨਾ ਹੋਵੇ ਤਾਂ ‘ਸਿੱਖ ਸੰਗਤ’ ਅਰਦਾਸ ਤੋਂ ਪਹਿਲਾਂ ‘ਵੰਦੇ ਮਾਤਰਮ’ ਦਾ ਪਾਠ ਕਰੇ ਅਤੇ ਰਾਮ ਚੰਦਰ ਅਤੇ ਕ੍ਰਿਸ਼ਨ ਦੀਆਂ ਮੂਰਤੀਆਂ ਰੱਖ ਕੇ ਉਸ ‘ਤੇ ਫੁੱਲ ਮਾਲਾ ਚੜ੍ਹਾਈ ਜਾਵੇ। (ਵੇਖੋ – ਇੰਡੀਆ ਅਵੇਅਰਨੈਸ ਜੂਨ 2011, ਪੰਨਾ 18, ਵਿਸ਼ਾ : ਬ੍ਰਾਹਮਣਵਾਦ ਅਵੇਅਰਨੈਸ)।

ਉਕਤ ਹਵਾਲਾ ਪੜ੍ਹਨ ਤੋਂ ਬਾਅਦ ਕੋਈ ਸ਼ੱਕ ਦੀ ਗੁੰਜਾਇਸ਼ ਨਹੀਂ ਰਹਿ ਜਾਂਦੀ ਕਿ ਰਾਸ਼ਟਰੀ ਸਿੱਖ ਸੰਗਤ ਆਪਣੇ ਆਪ ਵਿਚ ਇਕ ‘ਕਲਟ’ ਹੈ ਅਤੇ ਸਿੱਖਾਂ ਦੀ ਅਸਲ ਦੁਸ਼ਮਣ ਸੰਸਥਾ ਹੈ ਜਿਸ ਦੇ ਕਾਰਕੁੰਨ ਰਜਿੰਦਰ ਸਿੰਘ ਨੇ ਸੁਪਰੀਮ ਕੋਰਟ ਵਿਚ ਜਗਤ ਗੁਰੂ, ਗੁਰੂ ਨਾਨਕ ਸਾਹਿਬ ਨੂੰ ਰਾਮ ਚੰਦਰ ਦਾ ‘ਰਾਮ ਭਗਤ’ ਸਿੱਧ ਕਰਨ ਦੀ ਨਾਕਾਮ ਕੋਸ਼ਿਸ਼ ਕੀਤੀ ਹੈ। ਰਾਸ਼ਟਰੀ ਸਿੱਖ ਸੰਗਤ ਦੇ ਰਜਿੰਦਰ ਸਿੰਘ ਦੀ ਗਵਾਹੀ ਦੇ ਬੀਜ ਸਾਨੂੰ ਇਨ੍ਹਾਂ ਤੱਥਾਂ ਤੋਂ ਮਿਲਦੇ ਹਨ ਕਿ ‘ਟਾਈਮਜ਼ ਆਫ਼ ਇੰਡੀਆ’ ਦੇ 22 ਨਵੰਬਰ 2015 ਦੇ ਅੰਕ ਵਿਚ ਛਪੀ ਇਕ ਖ਼ਬਰ ਅਨੁਸਾਰ ਰਾਸ਼ਟਰੀ ਸਵੈਮਸੇਵਕ ਸੰਘ (ਆਰ.ਐਸ.ਐਸ.) ਦੇ ਮੁਖੀ ਮੋਹਨ ਭਾਗਵਤ ਨੇ ‘ਰਾਸ਼ਟਰੀ ਸਿੱਖ ਸੰਗਤ’ (ਆਰ.ਐਸ.ਐਸ.) ਦੇ ਬਾਨੀ ਚਿਰੰਜੀਵ ਸਿੰਘ ਨੂੰ ਸਿੱਖਾਂ ਦੇ ਇਤਿਹਾਸ ਅਤੇ ਧਾਰਮਿਕ ਖੋਜ ਲਈ 85 ਲੱਖ ਰੁਪਏ ਦਿੱਤੇ ਸਨ। ਚਿਰੰਜੀਵ ਸਿੰਘ ਨੇ ਇਹ 85 ਲੱਖ ਰੁਪਏ ਦੀ ਰਾਸ਼ੀ ਭਾਈ ਮਨੀ ਸਿੰਘ ਗੁਰਮਤਿ ਰਿਸਰਚ ਅਤੇ ਅਧਿਐਨ ਕੇਂਦਰ ਨੂੰ ਦਿੱਤੀ ਜਿਸ ਦਾ ਕੰਮ ਸਿੱਖਾਂ ਦੇ ਦਸਤਾਵੇਜਾਂ ਨੂੰ ਇਕੱਠਿਆਂ ਕਰਨਾ ਤੇ ਉਨ੍ਹਾਂ ਦੀ ਨਵੇਂ ਸਿਰਿਓਂ ਵਿਆਂਖਿਆ ਕਰਨਾ ਦੱਸਿਆ ਜਾਂਦਾ ਹੈ। ‘ਰਾਸ਼ਟਰੀ ਸਿੱਖ ਸੰਗਤ ਜੋ ਸਿਰਫ ਸਿੱਖੀ ਨੂੰ ਹੜੱਪ ਕਰਨ ਲਈ ਬਣਾਈ ਗਈ ਹੈ, ਇਸ ਸੰਸਥਾ ਦਾ ਜਾਲ ਬਹੁਤ ਬਰੀਕ ਅਤੇ ਮਜ਼ਬੂਤ ਹੈ’। ਰਾਸ਼ਟਰੀ ਸਿੱਖ ਸੰਗਤ ਨੇ ਜਿੰਨਾ ਵੀ ਸਾਹਿਤ ਛਾਪ ਕੇ ਵੰਡਿਆ ਹੈ ਅਤੇ ਵੰਡ ਰਹੀ ਹੈ, ਉਸ ਵਿਚ ਥਾਂ-ਥਾਂ ਤੇ ਲਿਖਿਆ ਹੋਇਆ ਹੈ ਕਿ ‘ਸਭੀ ਜਾਨਤੇ ਹੈ ਕਿ ਸਿੱਖ ਪੰਥ ਕਾ ਜਨਮ ਹੀ ਹਿੰਦੂ ਧਰਮ ਕੀ ਰਖਸ਼ਾ ਕੇ ਲੀਏ ਹੂਆ ਹੈ’।

 

ਸ. ਕੁਲਬੀਰ ਸਿੰਘ ਕੌੜਾ ਆਪਣੀ ਪੁਸਤਕ ‘ਤੇ ਸਿੱਖ ਵੀ ਨਿਗਲਿਆ ਗਿਆ’ ਵਿਚ ਸਿੱਖਾਂ ਦੀ ਅਸਲੀ ਦੁਸ਼ਮਣ ਰਾਸ਼ਟਰੀ ਸਿੱਖ ਸੰਗਤ ਦੇ ਸਿਰਲੇਖ ਹੇਠ ਪੰਨਾ 294-295 ‘ਤੇ ਰਾਸ਼ਟਰੀ ਸਿੱਖ ਸੰਗਤ ਬਾਰੇ ਲਿਖਦੇ ਹਨ ਕਿ ‘ਜਿਹੜੇ ਗੁਰੂ ਜੀ ਦੇ ਹੁਕਮ ਦੀ ਅਦੂਲੀ ਕਰਕੇ ਵਡਭਾਗ ਸਿੰਘ ਦੇ ਡੇਰੇ, ਤੇ ਕਰਤਾਰਪੁਰ ਧੀਰਮਲੀਆਂ ਦੇ ਗੰਦੇ ਛੱਪੜ ਵਿਚ ਫੋੜੇ ਫਿੰਸੀਆਂ ਹਟਾਉਣ ਲਈ ਇਸ਼ਨਾਨ ਕਰਨ ਜਾਂਦੇ ਸਨ ਤੇ ਮੀਣਿਆਂ ਨਾਲ ਸਬੰਧ ਰੱਖਣ ਵਾਲੇ ਸਿੱਖ ਸਨ ਉਹ ਆਪਣੇ ਆਪ ਹੀ ਇਸ ਨਵੀਂ ਬਣੀ ਰਾਸ਼ਟਰੀ ਸਿੱਖ ਸੰਗਤ ਦੀ ਟੋਲੀ ਨਾਲ ਤੁਰਨ ਲੱਗ ਪਏ ਹਨ। ਪ੍ਰਕਾਸ਼ ਸਿੰਘ ਬਾਦਲ ਦਾ ਅਕਾਲੀ ਦਲ ਤੇ ਸੰਤ ਸਮਾਜ ਵੀ ਇਨ੍ਹਾਂ ਦੇ ਨਾਲ ਹੈ। ਇਹ ਮੋਹਰਾ ਐਸਾ ਖੰਡ ਵਿਚ ਲਪੇਟਿਆ ਗਿਆ ਹੈ ਕਿ ਖਾਣ ਵਾਲੇ ਨੂੰ ਉੱਕਾ ਹੀ ਸ਼ੱਕ ਨਹੀਂ ਪੈਂਦੀ ਅਤੇ ਸਿੱਖ ਇਸ ਨੂੰ ਚਾਕਲੇਟ ਸਮਝ ਕੇ ਛਕੀ ਜਾ ਰਹੇ ਹਨ। ਪੰਜਾਬ ਦੇ ਗੁੱਠੇ ਲੱਗੇ ਸਾਧ ਇਨ੍ਹਾਂ ਨੇ ਨਾਲ ਲਾ ਲਏ ਹਨ। ਅੱਗੋਂ ਇਨ੍ਹਾਂ ਸਾਧਾਂ ਨੇ ਆਪਣੇ ਚੇਲੇ-ਚਾਟਿਆਂ ਰਾਹੀਂ ਤੇਦੂੰਏ ਵਾਂਗ ਜ਼ਾਲ ਫੈਲਾਅ ਰੱਖਿਆ ਹੈ। ਕਹਿੰਦੇ ਹਨ ਤਿੰਨ ਸੌ ਸਾਲਾ ਸਾਲਾਨਾ ਦਿਵਸ ਮਨਾਉਣ ਲਈ ਨਿਸ਼ਚਿਤ ਕੀਤੇ ਗਏ ਤਿੰਨ ਸੌ ਕਰੋੜ ਰੁਪਏ ਵਿਚੋਂ ਸੌ ਕਰੋੜ ਰੁਪਿਆ ਜਿਹੜਾ ਦਿੱਤਾ ਸੀ ਇਸ ਕੰਮ ਵਾਸਤੇ ਹੀ ਖਰਚ ਹੋਇਆ ਸੀ। ਇਸ ਵਿਚੋਂ ਸਿੱਖ ਮੁੰਡਿਆਂ ਨੂੰ ਵੀ ਕੁਝ ਸਹੂਲਤਾਂ ਮਿਲ ਗਈਆਂ। ਉਹ ਹੁਣ ਲੰਡੀ ਹਵਾਈ ਵਾਂਗ ਭੱਜੇ ਫਿਰਦੇ ਹਨ। ਹੁਣ ਚੈਨਲਾਂ ਦੇ ਯੁੱਗ ਵਿਚ ਹਿੰਦੂ ਧਰਮ ਦਾ ਪ੍ਰਚਾਰ ਜ਼ੋਰਾਂ ਤੇ ਹੋ ਰਿਹਾ ਹੈ। ਸਿੱਖੀ ਦਾ ਪ੍ਰਚਾਰ ਕਰਨ ਵਾਲਿਆਂ ਵਿਚੋਂ ਵੀ ਕੁਝ ਚੈਨਲ ਉਹ ਹਨ ਜਿਹੜੇ ਹਿੰਦੂ ਦੇ ਕਬਜੇ ਥੱਲੇ ਹਨ ਅਤੇ ਸਿੱਖ ਧਰਮ ਬਾਰੇ ਦੋਹਰਾ ਮਾਪਦੰਡ ਵਰਤ ਰਹੇ ਹਨ। ‘ਗੁਰੂ ਗ੍ਰੰਥ, ਗੁਰੂ ਪੰਥ’ ਦੇ ਸਿੱਖ ਸਿਧਾਂਤਾਂ ਨੂੰ ਖੋਰਾ ਤਾਂ ਲੱਗ ਹੀ ਰਿਹਾ ਹੈ ਤੇ ਜਿਸ ਤਰੀਕੇ ਨਾਲ ਸਿੱਖ ਧਰਮ ਦੀ ਸਨਾਤਨੀ ਧਰਮ ਅਨੁਸਾਰ ਵਿਆਖਿਆ ਕੀਤੀ ਜਾ ਰਹੀ ਹੈ ਅਤੇ ਗੁਰੂ ਇਤਿਹਾਸ ਤੇ ਸਿੱਖ ਇਤਿਹਾਸ ਨੂੰ ਤੋੜ-ਮਰੋੜ ਕੇ ਦੁਬਾਰਾ ਲਿਖਵਾਇਆ ਜਾ ਰਿਹਾ ਹੈ ਅਤੇ ਸਿੱਖ ਧਰਮ ਦਾ ਇਤਿਹਾਸ ਵਿਖਾਇਆ ਜਾ ਰਿਹਾ ਹੈ ਉਹ ਵੇਖ ਕੇ ਸ਼ਾਇਦ ਸਿੱਖਾਂ ਨੂੰ ਵੀ ਸਿੱਖੀ ਤੋਂ ਨਫ਼ਰਤ ਹੋ ਜਾਵੇ।’

ਜਿਸ ਰਜਿੰਦਰ ਸਿੰਘ ਨੇ ਸੁਪਰੀਮ ਕੋਰਟ ਵਿਚ ਮੰਦਰ ਮਸਜਿਦ ਦੇ ਵਿਵਾਦ ਵਿਚ ਸਿੱਖ ਧਰਮ ਨੂੰ ਪਾਰਟੀ ਬਣਾਇਆ ਹੈ ਉਸ ਨੇ ਹਵਾਲਾ ਵੀ ਆਪਣੀ ਹੀ ਲਿਖੀ ਪੁਸਤਕ ‘ਸਿੱਖ ਇਤਿਹਾਸ ਮੇਂ ਸ੍ਰੀ ਰਾਮ ਜਨਮ ਭੂਮੀ’ ਵਿਚੋਂ ਦਿੱਤਾ ਹੈ। ਰਜਿੰਦਰ ਸਿੰਘ ਦੀ ਇਹ ਕਿਤਾਬ ਮਨਘੜਤ ਕਲਪਿਤ ਕਹਾਣੀਆਂ ’ਤੇ ਆਧਾਰਤ ਹੈ ਅਤੇ ਹਿੰਦੂ ਧਰਮ ਦੇ ਮਿਥਿਹਾਸ ਦੀ ਤਰਜ ਤੇ ਲਿਖੀ ਗਈ ਹੈ, ਕਿਉਂਕਿ ਰਜਿੰਦਰ ਸਿੰਘ ਨੂੰ ਪੈਸੇ ਹੀ ਇਸ ਗੱਲ ਦੇ ਮਿਲਦੇ ਹਨ ਕਿ ਸਿੱਖ ਇਤਿਹਾਸ ਨੂੰ ਹਿੰਦੂ ਮਿਥਿਹਾਸ ਨਾਲ ਮਿਲਗੋਭਾ ਕਰਨਾ ਹੈ। ਹੈਰਾਨੀ ਤਾਂ ਸੁਪਰੀਮ ਕੋਰਟ ਦੇ ਜੱਜਾਂ ਬਾਰੇ ਹੈ ਜਿਨ੍ਹਾਂ ਨੇ ਕਿਸੇ ਗਵਾਹ ਦੀ ਆਪਣੀ ਹੀ ਲਿਖੀ ਪੁਸਤਕ ਵਿਚੋਂ ਦਿੱਤੇ ਰੈਫ਼ਰੈਂਸ ਨੂੰ ਸਹੀ ਮੰਨ ਲਿਆ। ਇਸੇ ਰਾਸ਼ਟਰੀ ਸਿੱਖ ਸੰਗਤ ਦੇ ਰਜਿੰਦਰ ਸਿੰਘ ਨੇ ਇਕ ਹੋਰ ਕਿਤਾਬ ਲਿਖੀ ਹੈ ਕਿ ‘ਹਮ ਹਿੰਦੂ ਹੈਂ’। ਇਸ ਪੁਸਤਕ ਵਿਚ ਉਹ ‘ਪੰਜਾਬ ਸਨਾਤਨ ਧਰਮ ਸਭਾ ਨੂੰ ਸ੍ਰੀ ਅਕਾਲ ਤਖਤ ਦਾ ਕਬਜਾ ਲੈਣ ਦੀ ਪ੍ਰੇਰਨਾ ਤੇ ਹੱਲਾਸ਼ੇਰੀ ਵੀ ਦਿੰਦਾ ਹੈ। ਆਪਣੀ ਪੁਸਤਕ ‘ਹਮ ਹਿੰਦੂ ਹੈਂ’ ਦੇ ਪੰਨਾ 148 ਉਪਰ ‘ਸ੍ਰੀ ਅਕਾਲ ਤਖਤ ਕਿਸ ਕਾ ਹੈ’ ਦੇ ਅਨੁਵਾਨ ਹੇਠ ਰਾਜੇਂਦਰ ਸਿੰਹੁ ਨਿਰਾਲਾ (ਇਹ ਸੁਪਰੀਮ ਕੋਰਟ ਵਾਲਾ ਹੀ ਰਜਿੰਦਰ ਸਿੰਘ ਹੈ) ਲਿਖਦਾ ਹੈ: ਪ੍ਰਿਆ ਸਜਨੋ, ਸ੍ਰੀ ਗੁਰੂ ਹਰਿਗੋਬਿੰਦ ਜੀ (ਛਟੇ ਗੁਰੂ) ਨੇ ਆਪਣੇ ਹਿੰਦੂ ਧਰਮ ਦੀ ਰਖਸ਼ਾ ਕੇ ਲੀਏ ਸ੍ਰੀ ਅਕਾਲ ਬੁੰਗੇ (ਅਕਾਲ ਤਖਤ) ਕਾ ਨਿਰਮਾਣ ਕਰਵਾਇਆ ਥਾ। ਇਸ ਕਾਰਨ ਸ੍ਰੀ ਅਕਾਲ ਤਖਤ ਕੇ ਦਾਇਦ ਕੀ ਅਧਿਕਾਰਨੀ ਪੰਜਾਬ ਸਨਾਤਨ ਧਰਮ ਸਭਾ ਹੈ। ਪੰਜਾਬ ਸਨਾਤਨ ਧਰਮ ਸਭਾ ਕੋ ਚਾਹੀਏ ਵਹ ਸਰਕਾਰ ਸੇ ਸ੍ਰੀ ਅਕਾਲ ਤਖਤ ਕੋ ਆਪਣੇ ਲੀਏ ਦੀਏ ਜਾਨੇ ਕੀ ਮਾਂਗ ਕਰੇ ਔਰ ਉਸ ਸੇ ਅਨੁਰੋਧ ਕਰੇ ਕਿ ਯਹ ਇਤਿਹਾਸਕ ਸਥਲ ਉਸੇ ਸੌਂਪ ਦੀਆ ਜਾਏ ਕਿਉਂਕਿ ਹਮਾਰੇ ਸ੍ਰੀ ਗੁਰੂ ਹਰਗੋਬਿੰਦ ਜੀ ਹਿੰਦੂ ਧਰਮ ਕੇ ਰਖਸ਼ਕ ਔਰ ਉੱਚ ਕੋਟੀ ਕੇ ਹਿੰਦੂ ਗੁਰੂ ਥੇ। ਕਿਉਂਕਿ ਸ੍ਰੀ ਗੁਰੂ ਹਰਗੋਬਿੰਦ ਜੀ ਨੇ ਜਨਮ ਸੇ ਲੇ ਕਰ ਵਿਵਾਹ ਤੱਕ ਸਮਸਤ ਸੰਸਕਾਰ ਆਪਨੇ ਦੁਆਰੇ ਮਾਨਸ ਹਿੰਦੂ ਧਰਮ ਕੀ ਰੀਤੀ ਕੇ ਅਨੁਸਾਰ ਸੰਪੰਨ ਕਰਵਾਏ ਥੇ’ (ਇਹ ਕੋਰਾ ਝੂਠ ਹੈ’ ਸਮਾਂ ਤੇ ਸਥਾਨ ਆਗਿਆ ਨਹੀਂ ਦਿੰਦਾ ਕਿ ਇਸ ਦਾ ਵਿਸਥਾਰ ਨਾਲ ਜੁਆਬ ਲਿਖਿਆ ਜਾ ਸਕੇ)।

ਰਾਸ਼ਟਰ ਸਵਮ-ਸੇਵਕ ਸੰਘ ,ਰਾਸਟਰੀ ਸਿੱਖ ਸੰਗਤ ਦੀ ਸਾਝੀ ਤਸਵੀਰ

ਰਾਸ਼ਟਰੀ ਸਿੱਖ ਸੰਗਤ ਦੇ ਆਪਣੇ ਬਣੇ ਮਿਥ-ਇਤਿਹਾਸਕਾਰ ਰਜਿੰਦਰ ਸਿੰਘ ਦੀ ਗਵਾਹੀ ਦੇ ਆਧਾਰ ਤੇ ਭਾਰਤ ਦੀ ਸੁਪਰੀਮ ਕੋਰਟ ਵਲੋਂ ਗੁਰੂ ਨਾਨਕ ਨੂੰ ਰਾਮ ਚੰਦਰ ਦਾ ਭਗਤ ਤੇ ਸਿੱਖ ਧਰਮ ਨੂੰ ‘ਕਲਟ’ ਕਰਾਰ ਦੇਣਾ ਕੋਈ ਇਤਫਾਕਨ ਜਾਂ ਸਾਧਾਰਨ ਘਟਨਾ ਨਹੀਂ ਹੈ।

ਇਹ ਆਰ.ਐਸ.ਐਸ. ਦੀ ਯੋਜਨਾਬੱਧ ਢੰਗ ਨਾਲ ਘੜੀ ਗਈ ਇਕ ਸਾਜਿਸ਼ ਹੈ। ਰਾਸ਼ਟਰੀ ਸਿੱਖ ਸੰਗਤ ਦੇ ਲੇਖਕ ਰਜਿੰਦਰ ਸਿੰਘ ਕੋਲੋਂ ਸਿੱਖ ਇਤਿਹਾਸ ਨੂੰ ਮਿਥਿਹਾਸ ਬਣਾਉਣ ਅਤੇ ਸਿੱਖ ਧਰਮ ਦੀ ‘ਕਲਟ’ ਵਜੋਂ ਵਿਆਖਿਆ ਕਰਨ ਲਈ ਕਿਤਾਬਾਂ ਲਿਖਵਾਈਆਂ ਗਈਆਂ ਹਨ, ਜਿਨ੍ਹਾਂ ਦੇ ਹਵਾਲਿਆਂ ਦੇ ਅਧਾਰ ‘ਤੇ ਭਾਰਤ ਦੀ ਸੁਪਰੀਮ ਕੋਰਟ ਨੇ ਸਿੱਖ ਧਰਮ ਨੂੰ ‘ਕਲਟ’ ਕਰਾਰ ਦਿੱਤਾ ਹੈ। ਦੇਸ਼ਾਂ, ਵਿਦੇਸ਼ਾਂ ਵਿਚ ਵਸਦੇ ਖਾਲਸਾ ਪੰਥ ਨੂੰ ਕੰਧ ਦੇ ਲਿਖਿਆ ਪੜ੍ਹ ਲੈਣਾ ਚਾਹੀਦਾ ਹੈ। ਰਾਸ਼ਟਰੀ ਸਿੱਖ ਸੰਗਤ ਦੇ ਰਜਿੰਦਰ ਸਿੰਘ ਵਲੋਂ ਸੁਪਰੀਮ ਕੋਰਟ ਵਿਚ ਸਿੱਖ ਧਿਰ ਬਣ ਕੇ ਪੇਸ਼ ਹੋਣ ਨਾਲ, ਸ੍ਰੀ ਅਕਾਲ ਤਖਤ ਸਾਹਿਬ ਦੇ ਰੁਤਬੇ ਨੂੰ ਵੀ ਢਾਹ ਲੱਗੀ ਹੈ, ਕਿਵੁਂਕਿ ਮਿਤੀ 23.7.2004 ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਮਤਾ ਨੰ. ਅ:3-04-3207 ਦੇ ਤਹਿਤ ਰਾਸ਼ਟਰੀ ਸਿੱਖ ਸੰਗਤ ਨੂੰ ਹੇਠ ਲਿਖੇ ਅਨੁਸਾਰ, ਪੰਥ ਵਿਰੋਧੀ ਸੰਸਥਾ ਐਲਾਨਿਆ ਗਿਆ ਹੈ ‘ਪੰਥ ਵਿਰੋਧੀ ਆਰ.ਐਸ.ਐਸ. ਰਾਸ਼ਟਰੀ ਸਿੱਖ ਸੰਗਤ ਜਥੇਬੰਦੀ ਵਲੋਂ ਪਿਛਲੇ ਲੰਬੇ ਸਮੇਂ ਤੋਂ ਸਿੱਖ ਪੰਥ ਵਿਰੋਧੀ ਸਰਗਰਮੀਆਂ ਕੀਤੀਆਂ ਜਾ ਰਹੀਆਂ ਹਨ। ਇਸ ਵਲੋਂ ਆਪਣੀ ਇਸ ਕੋਝੀ ਹਰਕਤ ਨੂੰ ਅਮਲੀ ਜਾਮਾ ਪਹਿਨਾਉਣ ਅਤੇ ਸਿੱਖ ਸੰਗਤਾਂ ਤੇ ਸਿੱਖ ਜਥੇਬੰਦੀਆਂ ਦਾ ਸਹਿਯੋਗ ਹਾਸਲ ਕਰਨ ਲਈ ਸ੍ਰੀ ਅਕਾਲ ਤਖਤ ਸਾਹਿਬ ਤੇ ਹੋਰ ਤਖਤ ਸਾਹਿਬਾਨਾਂ ਦੇ ਸਹਿਯੋਗ ਪ੍ਰਾਪਤ ਹੋਣ ਦਾ ਗੁੰਮਰਾਹਕੁੰਨ ਪ੍ਰਚਾਰ ਕੀਤਾ ਜਾ ਰਿਹਾ ਹੈ। ਸਿੱਖ ਪੰਥ ਦੀ ਆਨ ਸ਼ਾਨ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਪੰਥ ਵਿਰੋਧੀ ਕਿਸੇ ਵੀ ਜਥੇਬੰਦੀ ਨੂੰ ਕਦਾਚਿਤ ਵੀ ਕਿਸੇ ਕਿਸਮ ਦਾ ਕੋਈ ਸਹਿਯੋਗ ਨਹੀਂ ਦਿੱਤਾ ਗਿਆ ਅਤੇ ਨਾ ਹੀ ਦਿੱਤਾ ਜਾਵੇਗਾ।’

ਰਾਸ਼ਟਰੀ ਸਿੱਖ ਸੰਗਤ ਖ਼ਿਲ਼ਾਫ ਜਾਰੀ ਹੋਏ ਹੁਕਮਨਾਮੇ ਦੀ ਲਿਖਤ (1/2)

ਰਾਸ਼ਟਰੀ ਸਿੱਖ ਸੰਗਤ ਖ਼ਿਲ਼ਾਫ ਜਾਰੀ ਹੋਏ ਹੁਕਮਨਾਮੇ ਦੀ ਲਿਖਤ (2/2)

 

ਵਿਸ਼ਵ ਭਰ ਵਿਚ ਵਸਦੇ ਸਿੱਖਾਂ ਅੱਗੇ ਇਹ ਸੁਆਲ ਅੱਜ ਮੂੰਹ ਅੱਡੀ ਖੜ੍ਹਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਪੰਥ ਵਿਰੋਧੀ ਐਲਾਨੀ ਗਈ ਰਾਸ਼ਟਰੀ ਸਿੱਖ ਸੰਗਤ ਨੇ ਜਨਵਰੀ 2017 ਨੂੰ ਤਖਤ ਪਟਨਾ ਸਾਹਿਬ ਵਿਖੇ ਮੋਦੀ ਸਰਕਾਰ ਕੋਲੋਂ 100 ਕਰੋੜ ਰੁਪਏ ਦੀ ਗ੍ਰਾਂਟ ਲੈ ਕੇ ਗੁਰੂ ਗੋਬਿੰਦ ਸਿੰਘ ਦਾ 350ਵਾਂ ਪ੍ਰਕਾਸ਼ ਪੁਰਬ ਕਿਵੇਂ ਮਨਾਇਆ ਤੇ ਹੁਣ ਸੁਪਰੀਮ ਕੋਰਟ ਵਿਚ ਚੱਲ ਰਹੇ ਮੰਦਰ ਮਸਜਿਦ ਦੇ ਕੇਸ ਵਿਚ ਸਿੱਖ ਧਿਰ ਕਿਵੇਂ ਬਣ ਗਈ ਤੇ ਫਿਰ ਸਿੱਖ ਕੋਮ ਨੇ ਸ਼੍ਰੋਮਣੀ ਕਮੇਟੀ ਅਤੇ ਅਕਾਲ ਤਖਤ ਦੇ ਰਾਹੀਂ ਸੁਪਰੀਮ ਕੋਰਟ ਵਿਚ ‘ਕਲਟ’ ਸ਼ਬਦ ਹਟਾਉਣ ਬਾਰੇ ਅਜੇ ਤੱਕ ਪਟੀਸ਼ਨ ਕਿਉਂ ਨਹੀਂ ਪਾਈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,