ਕੌਮਾਂਤਰੀ ਖਬਰਾਂ » ਵਿਦੇਸ਼ » ਸਿਆਸੀ ਖਬਰਾਂ » ਸਿੱਖ ਖਬਰਾਂ

ਹਿੰਦੁਤਵੀ ਆਗੂਆਂ ਦੇ ਅਮਰੀਕਾ ਦਾਖਲੇ ‘ਤੇ ਰੋਕ ਲਾਈ ਜਾਵੇ: ਸਿੱਖ ਆਗੂ

August 29, 2018 | By

ਸਟਾਕਟਨ (ਬਲਵਿੰਦਰਪਾਲ ਸਿੰਘ ਖਾਲਸਾ): ਅਮਰੀਕੀ ਸਿੱਖ ਜਥੇਬੰਦੀਆਂ ਨੇ ਅਮਰੀਕਾ ਵਿੱਚ ਵਸਦੇ ਸਿੱਖਾਂ ਨੂੰ ਦਰਪੇਸ਼ ਆਉਂਦੀਆਂ ਮੁਸ਼ਕਿਲਾਂ ਬਾਰੇ ਅਮਰੀਕੀ ਫੈਡਰਲ ਵਿਧਾਨਪਾਲਿਕਾ ਕਾਂਗਰਸ ਦੇ ਨੁਮਾਂੀੲੰਦੇ ਜੈਰੀ ਮੈਕਨਰਨੀ ਨੂੰ ਜਾਣੂ ਕਰਵਾਇਆ ਤੇ ਮੰਗ ਕੀਤੀ ਕਿ ਆਰ ਐਸ ਐਸ ਦੇ ਮੁਖੀ ਮੋਹਨ ਭਾਗਵਤ ਤੇ ਯੂ.ਪੀ. ਦੇ ਮੁੱਖ ਮੰਤਰੀ ਅਦਿਿਤਆ ਨਾਥ ਯੋਗੀ ਦੇ ਅਮੀਰਕਾ ਦਾਖਲੇ ਉਤੇ ਪਾਬੰਦੀ ਲਵਾਈ ਜਾਵੇ। ਸਿੱਖ ਆਗੂਆਂ ਨੇ ਆਉਣ ਵਾਲੇ ਦਿਨਾਂ ਵਿਚ ਰਾਸ਼ਟਰਵਾਦੀ ਕੱਟੜ ਹਿੰਦੂ ਜਥੇਬੰਦੀਆਂ ਵਲੋਂ ਸ਼ਿਕਾਗੋ ਵਿਚ ਕਰਵਾਏ ਜਾ ਰਹੇ ਹਿੰਦੂ ਫਿਰਕਾ ਪ੍ਰਸਤੀ ਦੇ ਪਸਾਰ ਵਾਲੇ ਪ੍ਰੋਗਰਾਮਾਂ ਬਾਰੇ ਕਾਂਗਰਸ ਦੇ ਨੁਮਾਂਇੰਦੇ ਨੂੰ ਜਾਣੂੰ ਕਰਵਾਉਂਦਿਆਂ ਇਹ ਮੰਗ ਕੀਤੀ। ਜੈਰੀ ਮੈਕਰਨੀ ਸਿੱਖ ਕਾਕਸ ਦੇ ਸੀਨੀਅਰ ਮੈਂਬਰ ਵੀ ਹਨ। ਜੈਰੀ ਮੈਕਨਰਨੀ ਦੇ ਨਾਲ ਸਿੱਖ ਆਗੂਆਂ ਨੇ ” ਮੀਟ ਐਂਡ ਗ੍ਰੀਟ ” ਪ੍ਰੋਗਰਾਮ ਤਹਿਤ ਮੁਲਾਕਾਤ ਕੀਤੀ। ਕੈਲੈਫੋਰਨੀਆ ਰਾਜ ਦੇ ਲੈਥਰੋਪ ਸ਼ਹਿਰ ਦੇ ਮੇਅਰ ਸੁੱਖ ਧਾਲੀਵਾਲ ਨੇ ਇਹ ਬੈਠਕ ਆਪਣੇ ਘਰ ਵਿਖੇ ਬੁਲਾਈ ਸੀ।

ਸੁੱਖ ਧਾਲੀਵਾਲ, ਮੁਡੈਸਟੋ ਦੇ ਉਪ ਮੇਅਰ ਮਨਮੀਤ ਸਿੰਘ ਗਰੇਵਾਲ ਅਤੇ ਹਰਪਰੀਤ ਸਿੰਘ ਸੰਧੂ ਜੋ ਕਿ ਸਿੱਖ ਕਾਕਸ ਕਮੇਟੀ ਦੇ ਡਾਇਰੈਕਟਰ ਹਨ, ਨੇ ਜੈਰੀ ਮੈਕਨਰਨੀ ਦਾ ਸਿੱਖ ਮਸਲਿਆਂ ਨੂੰ ਉੱਚੇਚੇ ਤੌਰ ਤੇ ਸਬੰਧਿਤ ਸਰਕਾਰੀ ਅਦਾਰਿਆਂ ਕੋਲ ਚੁੱਕਣ ਅਤੇ ਉਨ੍ਹਾਂ ਦੇ ਹੱਲ ਕਰਨ ਉਤੇ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਜਦੋਂ ਜਦੋਂ ਵੀ ਅਮਰੀਕਾ ‘ਚ ਰਹਿ ਰਹੇ ਸਿੱਖ ਭਾਈਚਾਰੇ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਤਾਂ ਜੈਰੀ ਮੈਕਨਰਨੀ ਖੁੱਲੇ ਦਿਲ ਨਾਲ ਸਿੱਖ ਭਾਈਚਾਰੇ ਦੀ ਮਦਦ ਕਰਦੇ ਰਹੇ ਹਨ।

ਗੌਰਤਲਬ ਹੈ 9/11 ਦੇ ਹਮਲੇ ਤੋਂ ਬਾਅਦ ਅਮਰੀਕਾ ਵਿੱਚ ਵਸਦੇ ਸਿੱਖਾਂ ਦੇ ਨਾਲ ਪਹਿਚਾਣ ਦੀ ਗਲਤੀ ਕਰਕੇ ਕਈ ਨਸਲਵਾਦੀ ਹਮਲੇ ਹੋਏ ਨੇ ਜਿਸ ਦੇ ਵਿੱਚ ਕੁਝ ਸਿੱਖਾਂ ਨੂੰ ਆਪਣੀ ਜਾਨ ਵੀ ਗੁਆਉਣੀ ਪਈ। ਪਿਛਲੇ ਦਿਨੀਂ ਨਿਊ ਜਰਸੀ ‘ਚ ਹੋਏ ਨਸਲਵਾਦੀ ਹਮਲੇ ਵਿੱਚ ਇੱਕ ਸਿੱਖ ਦੀ ਜਾਨ ਚਲੀ ਗਈ ਸੀ। ਸੁੱਖ ਧਾਲੀਵਾਲ ਅਤੇ ਮਨਮੀਤ ਸਿੰਘ ਗਰੇਵਾਲ ਨੇ ਪਿਛਲੇ ਦਿਨਾਂ ਚ ਹੋਏ ਇਨ੍ਹਾਂ ਨਸਲਵਾਦੀ ਹਮਲਿਆਂ ਦੀ ਜਾਣਕਾਰੀ ਕਾਂਗਰਸ ਦੇ ਨੁਮਾਂਇੰਦੇ ਜੈਰੀ ਮੈਕਨਰਨੀ ਨਾਲ ਸਾਂਝੀ ਕੀਤੀ।

ਇਸ ਤੋਂ ਇਲਾਵਾ ਆਏ ਪਤਵੰਤੇ ਸਿੱਖ ਆਗੂਆਂ ਨੇ ਸਕੂਲਾਂ ਵਿੱਚ ਸਿੱਖ ਵਿਿਦਆਰਥੀਆਂ ਨਾਲ ਕੁੱਟਕਮਾਰ-ਧੱਕੇਸ਼ਾਹੀ ਹੋਣ ਦੀਆਂ ਆ ਰਹੀਆਂ ਸ਼ਿਕਾਇਤਾਂ ਬਾਰੇ ਵੀ ਕਾਂਗਰਸ ਦੇ ਨੁਮਾਂਇੰਦੇ ਨੂੰ ਜਾਣੂ ਕਰਵਾਇਆ। ਉਤਰੀ ਕੈਲੀਫੋਰਨੀਆ ਵਿੱਚ ਚੱਲ ਰਹੇ ਪਾਣੀ ਦੇ ਮਸਲੇ ‘ਤੇ ਵੀ ਇਸ ਬੈਠਕ ਵਿੱਚ ਵਿਸਤਾਰ ਨਾਲ ਚਰਚਾ ਹੋਈ। ਸਿੱਖ ਆਗੂਆਂ ਨੇ ਦੱਸਿਆ ਕਿ ਸਿੱਖ ਭਾਈਚਾਰਾ ਇੱਕ ਅਮਨ ਪਸੰਦ ਕੌਮ ਹੈ ਅਤੇ ਅਮਰੀਕਾ ਦੀ ਤਰੱਕੀ ਵਿੱਚ ਆਪਣਾ ਅਹਿਮ ਯੋਗਦਾਨ ਪਾ ਰਿਹਾ ਹੈ।

ਅਮਰੀਕੀ ਸਿੱਖ ਕੌਕਸ ਕਮੇਟੀ ਦੇ ਡਾਇਰੈਕਟਰ ਹਰਪ੍ਰੀਤ ਸਿੰਘ ਨੇ ਆਪਣੇ ਸੰਬੋਧਨ ਵਿੱਚ ਦੱਸਿਆ ਕਿ ਆਏ ਦਿਨ ਅਮਰੀਕਾ ਵਿੱਚ ਸਿੱਖਾਂ ਨੂੰ ਨਸਲੀ ਹਿੰਸਾ ਦਾ ਨਿਸ਼ਾਨਾ ਬਣਾਉਣ ਦੀਆਂ ਖਬਰਾਂ ਆ ਰਹੀਆਂ ਹਨ ਤੇ ਕਿਵੇਂ ਸਿੱਖਾਂ ਨੂੰ ਨਫ਼ਰਤ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਸਕੂਲਾਂ ਵਿੱਚ ਵੀ ਉਨ੍ਹਾਂ ਨਾਲ ਭੇਦਭਾਵ ਕੀਤਾ ਜਾਂਦਾ ਹੈ। ਉਨ੍ਹਾਂ ਨੂੰ ਨਸਲੀ ਟਿੱਪਣੀਆਂ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਅਹਿਜੇ ਵਤੀਰੇ ਕਾਰਨ ਉਹ ਆਪਣੇ ਆਪ ਨੂੰ ਅਸੁਰੱਖਿਤ ਮਹਿਸੂਸ ਕਰਦੇ ਹਨ।

ਸਿੱਖ ਆਗੂਆਂ ਨੇ ਜੈਰੀ ਮੈਕਨਰਨੀ ਕੋਲੋਂ ਮੰਗ ਕੀਤੀ ਕਿ ਪਿਛਲੇ ਦਿਨੀਂ ਸਿੱਖਾਂ ਉਤੇ ਹੋਈ ਨਸਲੀ ਹਿੰਸਾ ਦੇ ਦੋਸ਼ੀਆਂ ਨੂੰ ਫੜ ਕਿ ਸਜ਼ਾ ਦਵਾਈ ਜਾਵੇ। ਜੈਰੀ ਮੈਕਨਰਨੀ ਨੇ ਮੀਟ ਐਂਡ ਗ੍ਰੀਟ ਪ੍ਰੋਗਰਾਮ ਵਿੱਚ ਆਏ ਸਿੱਖ ਆਗੂਆਂ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਵਿਸ਼ਵਾਸ ਦਵਾਇਆ ਕਿ ਉਹ ਸਿੱਖ ਭਾਈਚਾਰੇ ਨਾਲ ਪੁਰਜ਼ੋਰ ਤਰੀਕੇ ਨਾਲ ਖੜੇ ਹਨੇ। ਉਨ੍ਹਾਂ ਕਿਹਾ ਕਿ ਸਿੱਖ ਭਾਈਚਾਰੇ ਨੇ ਅਮਰੀਕਾ ਦੀ ਤਰੱਕੀ ਵਿੱਚ ਆਪਣਾ ਭਰਪੂਰ ਸਹਿਯੋਗ ਪਾਇਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਹ ਸਿੱਖ ਭਾਈਚਾਰੇ ਦਾ ਦਿਲੋਂ
ਇੱਜਤ ਤੇ ਮਾਣ ਕਰਦੇ ਹਨ। ਮੈਕਨਰਨੀ ਨੇ ਕਿਹਾ ਕਿ ਉਹ ਸਿੱਖਾਂ ਦੀ ਪਹਿਚਾਣ ਨੂੰ ਅਮਰੀਕਾ ਭਰ ‘ਚ ਯਕੀਨੀ ਬਣਾਉਣ ਦਾ ਯਤਨ ਕਰਦੇ ਰਹਿਣਗੇ ਅਤੇ ਸਿੱਖਾਂ ਦੇ ਖਿਲਾਫ ਹੋ ਰਹੇ ਨਸਲਵਾਦ ਨੂੰ ਠੱਲ ਪਾਉਣ ਲਈ ਢੁਕਵੇਂ ਕਦਮ ਚੁੱਕਣ ਲਈ ਸਰਕਾਰ ਨੂੰ ਕਹਿਣਗੇ।

ਇਸ ਮੌਕੇ ਤੇ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਸਵੰਤ ਸਿੰਘ ਹੋਠੀ, ਕੋਆਰਡੀਨੇਟਰ ਡਾ: ਪ੍ਰਿਤਪਾਲ ਸਿੰਘ, ਜਾਹਨ ਸਿੰਘ ਗਿੱਲ, ਕੁਲਜੀਤ ਸਿੰਘ ਨਿਝਰ, ਦਵਿੰਦਰ ਸਿੰਘ ਬੱਬਰ, ਮਨਜੀਤ ਸਿੰਘ ਬਰਾੜ ਆਦਿ ਹਾਜ਼ਰ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , ,