ਸਿੱਖ ਖਬਰਾਂ

ਸਹਿਜਧਾਰੀ ਵੋਟਾਂ ਬਾਰੇ ਅਦਾਲਤੀ ਫੈਸਲੇ ‘ਤੇ ਵਿਦੇਸ਼ੀਂ ਰਹਿੰਦੇ ਸਿੱਖਾਂ ਵੱਲੋਂ ਵੀ ਵਿਚ ਤੱਖਾਂ ਪ੍ਰਤੀਕਰਮ

December 23, 2011 | By

ਡਰਬੀ, ਇੰਗਲੈਂਡ (23 ਦਸੰਬਰ, 2011): ਹਾਈਕੋਰਟ ਵੱਲੋਂ ਸਹਿਜਧਾਰੀਆਂ ‘ਤੇ ਰੋਕ ਲਾਉਣ ਬਾਰੇ ਨੋਟੀਫਿਕੇਸ਼ਨ ਰੱਦ ਕਰਨ ਦੇ ਮਾਮਲੇ ਬਾਰੇ ਪ੍ਰਤੀਕਰਮ ਪ੍ਰਗਟ ਕਰਦਿਆਂ ਅਖੰਡ ਕੀਰਤਨੀ ਜਥਾ ਯੂ ਕੇ ਤੇ ਯੂਰਪ ਦੇ ਜਥੇਦਾਰ ਭਾਈ ਰਘਵੀਰ ਸਿੰਘ, ਜਨਰਲ ਸਕੱਤਰ ਸ: ਰਾਜਿੰਦਰ ਸਿੰਘ ਪੁਰੇਵਾਲ ਅਤੇ ਅਖੰਡ ਕੀਰਤਨੀ ਜਥਾ ਯੂਕੇ ਦੇ ਪੋਲੀਟੀਕਲ ਵਿੰਗ ਦੇ ਆਗੂਆਂ ਜਥੇਦਾਰ ਬਲਬੀਰ ਸਿੰਘ ਅਤੇ ਭਾਈ ਜੋਗਾ ਸਿੰਘ, ਕਾਰ ਸੇਵਾ ਕਮੇਟੀ ਸਿੱਖ ਗੁਰਧਾਮ ਪਾਕਿਸਤਾਨ ਦੇ ਜਥੇਦਾਰ ਅਵਤਾਰ ਸਿੰਘ ਸੰਘੇੜਾ, ਬ੍ਰਿਟਿਸ਼ ਸਿੱਖ ਕੌਂਸਲ ਦੇ ਪ੍ਰਧਾਨ ਸ: ਕੁਲਵੰਤ ਸਿੰਘ ਢੇਸੀ ਤੇ ਜਨਰਲ ਸਕੱਤਰ ਸ: ਤਰਸੇਮ ਸਿੰਘ ਦਿਓਲ, ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਦੇ ਜਨਰਲ ਸਕੱਤਰ ਭਾਈ ਮਲਕੀਤ ਸਿੰਘ ਨੇ ਕਿਹਾ ਕਿ ਬੇਸ਼ੱਕ ਹਾਈਕੋਰਟ ਦਾ ਇਹ ਫ਼ੈਸਲਾ ਮੰਦਭਾਗਾ ਹੈ, ਇਸ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਵੀ ਗੈਰ ਜ਼ਿੰਮੇਵਾਰਾਨਾ ਭੂਮਿਕਾ ਨਿਭਾਈ ਹੈ। ਨਾਲ ਹੀ ਇਸ ਨੋਟੀਫਿਕੇਸ਼ਨ ਨੂੰ ਕਾਨੂੰਨੀ ਸ਼ਕਲ ਨਾ ਦੇਣ ਵਿਚ ਉਸ ਮੌਕੇ ਦੀ ਭਾਜਪਾ ਸਰਕਾਰ ਵੀ ਪੂਰੀ ਜ਼ਿੰਮੇਵਾਰ ਹੈ। ਯੂ.ਕੇ ਦੇ ਉਕਤ ਆਗੂਆਂ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਅਕਾਲੀ ਦਲ ਬਾਦਲ ਦੇ ਸਿਆਸੀ ਵਿੰਗ ਵਜੋਂ ਹੀ ਕੰਮ ਕਰ ਰਹੀ ਹੈ । ਸਿੱਖਾਂ ਦੀਆਂ ਇਹ ਦੋਵੇਂ ਸੰਸਥਾਵਾਂ ਆਪਣੀ ਸਹੀ ਜ਼ਿੰਮੇਵਾਰੀ ਨਹੀਂ ਨਿਭਾਅ ਰਹੀਆਂ। ਇਹਨਾਂ ਦਾ ਮਕਸਦ ਹਰ ਮੁੱਦੇ ਨੂੰ ਸਿਆਸੀ ਮੁਫ਼ਾਦ ਲਈ ਵਰਤਣਾ ਹੁੰਦਾ ਹੈ। ਪਿਛਲੇ ਸਮੇਂ ਵਿਚ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਹੁਣ ਤੱਕ ਜਿੰਨੇ ਵੀ ਮੋਰਚੇ ਲਾਏ ਸਾਰੇ ਵਕਤੀ ਤੌਰ ‘ਤੇ ਵੋਟਾਂ ਬਟੋਰਨ ਤੱਕ ਹੀ ਸੀਮਤ ਰਹੇ ਤੇ ਮੌਕਾ ਵਿਹਾਅ ਜਾਣ ‘ਤੇ ਦਲ ਨੇ ਇਹਨਾਂ ਵੱਲੋਂ ਮੂੰਹ ਮੋੜ ਲਿਆ, ਜਿਵੇਂ ਕਿ ਅਨੰਦਪੁਰ ਸਾਹਿਬ ਦਾ ਮਤਾ, ਜਿਸ ਵਿਚ ਪਾਣੀਆਂ ਦਾ ਮਸਲਾ, ਚੰਡੀਗੜ੍ਹ ਦਾ ਮਸਲਾ, ਸਿੱਖਾਂ ਨੂੰ ਹਿੰਦੂ ਕਰਾਰ ਦੇਣ ਵਾਲੀ ਸੰਵਿਧਾਨ ਦੀ ਧਾਰਾ 25 ਦਾ ਮਸਲਾ, ਅਨੰਦ ਮੈਰਿਜ਼ ਐਕਟ, ਜੂਨ 1984 ਦੇ ਸ਼ਹੀਦਾਂ ਦੀ ਯਾਦਗਾਰ ਦਾ ਮੁੱਦਾ, ਧਰਮੀ ਫੌਜੀਆਂ ਦਾ ਮੁੜ ਵਸੇਬਾ ਆਦਿ। ਉਕਤ ਆਗੂਆਂ ਨੇ ਕਿਹਾ ਕਿ ਜੇ ਕਦੇ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਨੇ ਇਹਨਾਂ ਮੁੱਦਿਆਂ ‘ਤੇ ਕੋਈ ਚਰਚਾ ਵੀ ਕੀਤੀ ਤਾਂ ਵਕਤੀ ਤੌਰ ‘ਤੇ ਲੋਕਾਂ ਦੀ ਹਮਦਰਦੀ ਜਿੱਤਣ ਵਾਸਤੇ ਹੀ, ਪਰ ਸੁਹਿਰਦਤਾ ਨਾਲ ਇਹਨਾਂ ਬਾਰੇ ਠੋਸ ਕੰਮ ਨਹੀਂ ਕੀਤਾ।
ਆਗੂਆਂ ਨੇ ਕਿਹਾ ਕਿ ਜੇ ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਬਾਦਲ ਆਪਣੇ ਕੰਮ ਅਤੇ ਸਿੱਖ ਕੌਮ ਲਈ ਸਮਰਪਿਤ ਹੁੰਦੇ ਤਾਂ 2003 ਵਿਚ ਜਦੋਂ ਕੇਂਦਰ ਸਰਕਾਰ ਵੱਲੋਂ ਸਹਿਜਧਾਰੀ ਵੋਟਰਾਂ ਬਾਰੇ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ, ਤਾਂ ਉਸ ਦੇ ਨਿਰਧਾਰਤ ਸਮੇਂ ਦੇ ਵਿਚ ਹੀ ਕੇਂਦਰ ਸਰਕਾਰ ਦੇ ਇਜਲਾਸ ਵਿਚ ਪੇਸ਼ ਕਰਕੇ ਇਸ ਨੂੰ ਕਾਨੂੰਨੀ ਸ਼ਕਲ ਦੇਣੀ ਚਾਹੀਦੀ ਸੀ, ਪਰ ਇਹ ਤਿੰਨੇ ਸੰਸਥਾਵਾਂ (ਸ਼੍ਰੋਮਣੀ ਕਮੇਟੀ, ਅਕਾਲੀ ਦਲ ਬਾਦਲ ਅਤੇ ਭਾਜਪਾ) ਸਿੱਖ ਕੌਮ ਦੇ ਵਾਸਤੇ ਸੁਹਿਰਦ ਨਹੀਂ ਹਨ। ਇਸੇ ਲਈ ਇਹਨਾਂ ਨੇ ਇਮਾਨਦਾਰੀ ਨਾਲ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਈ। ਬਸ ਇਹ ਮੁੱਦਿਆਂ ਨੂੰ ਲਟਕਦੇ ਰੱਖ ਕੇ ਸਿੱਖਾਂ ਦੀ ਵਕਤੀ ਤੌਰ ‘ਤੇ ਹਮਦਰਦੀ ਹਾਸਲ ਕਰਕੇ ਵੋਟਾਂ ਲੈਣ ਤੱਕ ਹੀ ਸੀਮਤ ਰਹਿੰਦੇ ਹਨ। ਉਕਤ ਆਗੂਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਪੀਲ ਕੀਤੀ ਕਿ ਉਹ ਸਿਆਸੀ ਮੁਫਾਦ ਛੱਡ ਕੇ ਸਿੱਖ ਕੌਮ ਦੇ ਧਾਰਮਿਕ ਮੁੱਦਿਆਂ ‘ਤੇ ਧਿਆਨ ਜ਼ਿਆਦਾ ਕੇਂਦਰਿਤ ਕਰੇ ਅਤੇ ਆਪਣੀ ਜ਼ਿੰਮੇਵਾਰੀ ਇਮਾਨਦਾਰੀ ਨਾਲ ਨਿਭਾਵੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,