
July 5, 2011 | By ਪਰਦੀਪ ਸਿੰਘ
ਫ਼ਤਿਹਗੜ੍ਹ ਸਾਹਿਬ (4 ਜੁਲਾਈ, 2011): ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ ਅਤੇ ਜਥੇਬੰਦਕ ਸਕੱਤਰ ਸੰਤੋਖ ਸਿੰਘ ਸਲਾਣਾ ਨੇ ਅਕਾਲੀ-ਭਾਜਪਾ ਦੇ ਪੰਜਾਬ ਬੰਦ ਬਾਰੇ ਟਿਪੱਣੀ ਕਰਦਿਆਾਂ ਕਿਹਾ ਕਿ ਅਕਾਲੀ ਭਾਜਪਾ ਦਾ ਬੰਦ ਦਾ ਇਹ ਸਿਆਸੀ ਸੱਦਾ ਸੀ ਜਿਸ ਕਾਰਨ ਪੰਜਾਬ ਦੇ ਲੋਕਾਂ ਨੇ ਇਸ ਨੂੰ ਪੂਰੀ ਤਰ੍ਹਾਂ ਨਾਕਾਰ ਦਿੱਤਾ ਹੈ। ਅੱਜ ਵੀ ਸਮੁੱਚੇ ਪੰਜਾਬ ਵਿੱਚ ਵਪਾਰਕ ਅਦਾਰੇ ਆਮ ਵਾਂਗ ਖੁੱਲੇ ਰਹੇ ਹਨ। ਇਸ ਤੋਂ ਅਕਾਲੀ ਭਾਜਪਾ ਨੂੰ ਆਗਾਮੀ ਚੋਣਾਂ ਵਿੱਚ ਅਪਣਾ ਭੱਵਿਖ ਵੇਖ ਲੈਣਾ ਚਾਹੀਦਾ ਹੈ। ਇਸ ਤੋਂ ਉਨਾਂ ਨੂੰ ਇਹ ਵੀ ਸਮਝ ਆ ਚੁੱਕੀ ਹੋਵੇਗੀ ਕਿ ਪਿਛਲੇ ਪੰਜ ਸਾਲਾਂ ਵਿੱਚ ਜੋ ਉਨ੍ਹਾਂ ਵਲੋਂ ‘ਰਾਜ ਨਹੀਂ ਸੇਵਾ’ ਦਾ ਦਿੱਤਾ ਗਿਆ ਨਾਹਰਾ ਲੋਕਾਂ ਨੇ ਇਸ ਨਾਹਰੇ ਨੂੰ ਕਿੰਨਾ ਕੁ ਸੱਚ ਮੰਨਿਆ ਹੈ। ਉਨ੍ਹਾਂ ਕਿਹਾ ਕਿ ਅਕਾਲੀ ਭਾਜਪਾ ਨੂੰ ਲੋਕ ਮੁੱਦਿਆਂ ਨਾਲ ਕੋਈ ਸਰੋਕਾਰ ਨਹੀਂ ਸਗੋਂ ਉਹ ਇਨ੍ਹਾਂ ਮੁੱਦਿਆਂ ’ਤੇ ਸਿਰਫ਼ ਸਿਆਸੀ ਰੋਟੀਆਂ ਹੀ ਸੇਕ ਰਹੇ ਹਨ। ਹੁਣ ਤੱਕ ਦੇ ਕਾਰਜਕਾਲ ਦੌਰਾਨ ਪੰਜਾਬ ਸਰਕਾਰ ਨੇ ਖੁਦ ਕੋਈ ਲੋਕ-ਪੱਖੀ ਕਦਮ ਨਹੀਂ ਚੁੱਕਿਆ ਜਿਸ ਕਾਰਨ ਸਰਕਾਰ ਚਲਾ ਰਹੀ ਇਸ ਧਿਰ ਦੇ ਸੱਦੇ ਨੂੰ ਲੋਕਾਂ ਵਲੋਂ ਬੁਰੀ ਤਰ੍ਹਾਂ ਨਾਕਾਰ ਦਿੱਤਾ ਹੈ। 25 ਸਾਲ ਰਾਜ ਕਰਨ ਦਾ ਦਾਅਵਾ ਕਰਨ ਵਾਲੇ ਅਕਾਲੀ ਦਲ ਬਾਦਲ ਨੂੰ ਲੋਕਾਂ ਦੇ ਇਸ ਫ਼ਤਵੇ ਤੋਂ ਪੰਜਾਬ ਦੀ ਸਿਆਸਤ ਦੇ ਭੱਵਿਖ ਬਾਰੇ ਜਾਣ ਲੈਣਾ ਚਾਹੀਦਾ ਹੈ ਕਿ ਸਿਰਫ਼ ਫੋਕੇ ਦਾਅਵੇ-ਵਾਅਦੇ ਕਰਨ ਵਾਲੇ ਸਿਆਸਤਦਾਨਾਂ ਨੂੰ ਲੋਕ ਹੁਣ ਸਵੀਕਾਰ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਖੁਦ ਅਪਣੇ ਹੱਕ ਮੰਗਦੇ ਬੇਰੁਜ਼ਗਾਰਾਂ, ਮੁਲਾਜ਼ਮਾਂ ਅਤੇ ਕਿਸਾਨਾਂ ਤੇ ਜ਼ਬਰ ਕਰ ਰਹੀ ਹੈ। ਮਹਿੰਗਾਈ ਅਤੇ ਭ੍ਰਿਸ਼ਟਾਚਾਰ ਦੇ ਮੁੱਦੇ ’ਤੇ ਕੇਂਦਰ ਵਿਰੁੱਧ ਬੰਦ ਤੇ ਧਰਨਿਆਂ ਦਾ ਵਿਖਾਵਾ ਕਰਨ ਤੋਂ ਪਹਿਲਾਂ ਅਕਾਲੀ ਭਾਜਪਾ ਨੂੰ ਅਪਣੇ ਭ੍ਰਿਸ਼ਟ ਆਗੂਆਂ ’ਤੇ ਕਾਨੂੰਨੀ ਕਾਰਵਾਈ ਕਾਰਨੀ ਚਾਹੀਦੀ ਹੈ। ਇਸ ਮੌਕੇ ਭਾਈ ਚੀਮਾ ਨਾਲ ਗੁਰਮੀਤ ਸਿੰਘ ਗੋਗਾ- ਪ੍ਰਧਾਨ ਜਿਲ੍ਹਾ ਪਟਿਆਲਾ, ਅਮਰਜੀਤ ਸਿੰਘ ਬਡਗੁਜਰਾਂ, ਗੁਰਮੁਖ ਸਿਘ ਡਡਹੇੜੀ, ਹਰਪਾਲ ਸਿੰਘ ਸ਼ਹੀਦਗੜ੍ਹ, ਹਰਪ੍ਰੀਤ ਸਿੰਘ ਹੈਪੀ, ਭਗਵੰਤ ਸਿੰਘ ਮਹੱਦੀਆ ਅਤੇ ਪ੍ਰਮਿੰਦਰ ਸਿੰਘ ਕਾਲਾ ਵੀ ਹਾਜ਼ਰ ਸਨ।
Related Topics: Akali Dal Panch Pardhani, ਸ਼੍ਰੋਮਣੀ ਅਕਾਲੀ ਦਲ (ਬਾਦਲ) Shiromani Akali Dal (Badal)