ਖਾਸ ਖਬਰਾਂ » ਸਿੱਖ ਖਬਰਾਂ

ਫੁਲਕਾਰੀ ਸਿਰਲੇਖ ਹੇਠ ਛਪੀਆਂ ਪਾਠ ਪੁਸਤਕਾਂ ਵਿੱਚ ਸਿੱਖ ਇਤਿਹਾਸ ਅਤੇ ਗੁਰਬਾਣੀ ਨਾਲ ਛੇੜਛਾੜ

May 7, 2018 | By

ਅੰਮ੍ਰਿਤਸਰ, (ਨਰਿੰਦਰ ਪਾਲ ਸਿੰਘ): ਸਿੱਖ ਇਤਿਹਾਸ, ਗੁਰ ਇਤਿਹਾਸ ਅਤੇ ਗੁਰਬਾਣੀ ਦੇ ਅਰਥਾਂ ਦਾ ਅਨਰਥ ਕਰਨਾ ਤਾਂ ਜਿਵੇਂ ਕੁਝ ਲੇਖਕਾਂ ਤੇ ਪ੍ਰਕਾਸ਼ਕਾਂ ਦਾ ਕਾਰੋਬਾਰ ਹੀ ਬਣ ਗਿਆ ਹੈ । ਪੰਜਾਬ ਸਕੂਲ ਸਿਖਿਆ ਬੋਰਡ ਵਲੋਂ ਇਤਿਹਾਸ ਦੀਆਂ ਕਿਤਾਬਾਂ ਵਿੱਚ ਸਿੱਖ ਇਤਿਹਾਸ ਤੇ ਗੁਰ ਇਤਿਹਾਸ ਨਾਲ ਕੀਤੀ ਗਈ ਛੇੜਛਾੜ ਤੇ ਤਬਦੀਲੀ ਖਿਲਾਫ ਤਾਂ ਸ਼੍ਰੋਮਣੀ ਕਮੇਟੀ ਦਾ ਇਜਲਾਸ ਬੁਲਾ ਲਿਆ ਗਿਆ ਹੈ, ਪਰ ਜੋ ਛੇੜਛਾੜ ਨਿੱਜੀ ਪ੍ਰਕਾਸ਼ਕ ਤੇ ਅਖੌਤੀ ਵਿਦਵਾਨ ਕਰ ਰਹੇ ਹਨ ਉਨ੍ਹਾਂ ਖਿਲਾਫ ਕਾਰਵਾਈ ਕਦੋਂ ਹੋਵੇਗੀ? ਇਹ ਵਿਚਾਰ ਅੰਮ੍ਰਿਤਸਰ ਤੋਂ ਸ਼੍ਰੋਮਣੀ ਕਮੇਟੀ ਦੇ  ਮੈਂਬਰ ਸ੍ਰ: ਹਰਜਾਪ ਸਿੰਘ ਸੁਲਤਾਨ ਵਿੰਡ ਨੇ ਪ੍ਰਗਟ ਕਰਦਿਆਂ ਵੱਖ ਵੱਖ ਨਿੱਜੀ ਸਕੂਲਾਂ ਵਿੱਚ ਕਲਾਸ ਪੰਜਵੀਂ, ਛੇਵੀਂ ਤੇ ਸੱਤਵੀਂ ਦੇ ਵਿਦਿਆਰਥੀਆਂ ਨੂੰ ਪੜਾਈ ਜਾ ਰਹੀ ਪੁਸਤਕ ‘ਫੁਲਕਾਰੀ’ ਦਾ ਪਰਦਾਫਾਸ਼ ਕੀਤਾ ਹੈ।

ਸ੍ਰ: ਹਰਜਾਪ ਸਿੰਘ ਵਲੋਂ ਪੱਤਰਕਾਰਾਂ ਦੇ ਸਾਹਮਣੇ ਪੇਸ਼ ਕੀਤੀ ਗਈ ਉਪਰੋਕਤ ਪੁਸਤਕ, ਜੋ ਕਿ ਪੰਜਾਬੀ ਪਾਠ ਪੁਸਤਕਾਂ ਭਾਗ 5, 6, 7 ਦੇ ਰੂਪ ਵਿੱਚ ਹਨ ਡਾ: ਜਸਪ੍ਰੀਤ ਸਿੱਧੂ ਨਾਮੀ ਕਿਸੇ ਲੇਖਕਾ ਦੁਆਰਾ ਲਿਖੀਆਂ ਹੋਈਆਂ ਹਨ। ਡਾ: ਸਿੱਧੂ ਨੇ ਆਪਣੀ ਵਿਦਿਅਕ ਯੋਗਤਾ ਐਮ.ਏ., ਐਮ ਐਡ, ਪੀ.ਐਚ.ਡੀ (ਪੰਜਾਬੀ) ਛਾਪੀ ਹੋਈ ਹੈ ਤੇ ਇਹ ਪੁਸਤਕ ਲੜੀ ਦਿੱਲੀ ਸਥਿਤ ਕਿਸੇ ਨਿਊ ਸਰਸਵਤੀ ਹਾਊਸ (ਇੰਡੀਆ) ਪ੍ਰ:ਲਿ: ਨਾਮੀ ਪ੍ਰਕਾਸ਼ਕ ਵਲੋਂ ਛਾਪੀ ਹੋਈ ਹੈ।

ਪਾਠ ਪੁਸਤਕ ਭਾਗ-5 ਵਿੱਚ ਸ੍ਰੀ ਦਰਬਾਰ ਸਾਹਿਬ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਹੈ ਕਿ ‘ਲਗਭਗ 19 ਸਾਲ ਮਗਰੋਂ ਇਹ ਸਥਾਨ ਬਣਕੇ ਤਿਆਰ ਹੋਇਆ ਸੀ। ਜਿਥੇ ਅੱਜ ਕੱਲ੍ਹ ਅੰਮ੍ਰਿਤਸਰ ਵਸਿਆ ਹੋਇਆ ਹੈ। ਇਹ ਸਾਰੀ ਥਾਂ ਬਾਦਸ਼ਾਹ ਅਕਬਰ ਨੇ ਗੁਰੂ ਜੀ ਨੂੰ ਦਾਨ ਵਿੱਚ ਦਿੱਤੀ ਸੀ’।

ਪੁਸਤਕ ਭਾਗ-6 ਅਤੇ 7 ਵਿੱਚ ਗੁਰਬਾਣੀ ਦੀਆਂ ਪੰਕਤੀਆਂ ਵਿੱਚ ਐਨੇ ਸ਼ਬਦ ਜੋੜ ਗਲਤ ਹਨ ਕਿ ਕਿਸੇ ਨੇ ਗੁਰਬਾਣੀ ਛਾਪਦੇ ਸਮੇਂ ਮਿਲਤ ਕਰਨੀ ਜਰੂਰੀ ਹੀ ਨਹੀ ਸਮਝੀ।

ਉਪਰੋਕਤ ਤਿੰਨੋਂ ਹੀ ਪੁਸਤਕਾਂ ਦੀ ਇੱਕ ਇੱਕ ਕਾਪੀ ਸ਼੍ਰੋਮਣੀ ਕਮੇਟੀ ਪਰਧਾਨ ਗੋਬਿੰਦ ਸਿੰਘ ਲੋਂਗੋਵਾਲ ਨੂੰ ਸੌਪਦਿਆਂ ਸ੍ਰ:ਹਰਜਾਪ ਸਿੰਘ ਸੁਲਤਾਨਵਿੰਡ ਨੇ ਕਿਹਾ ਕਿ ਗੁਰਬਾਣੀ, ਗੁਰ ਇਤਿਹਾਸ ਤੇ ਸਿੱਖ ਇਤਿਹਾਸ ‘ਤੇ ਹੋ ਰਹੇ ਚੁਫੇਰਿਓਂ ਹਮਲੇ ਰੋਕਣ ਲਈ ਸਾਨੂੰ ਨਿੱਜੀ ਤੌਰ ਤੇ ਆਪਣੇ ਆਲੇ ਦੁਆਲੇ ਦੀ ਪੁਣ-ਛਾਣ ਕਰਨੀ ਬਣਦੀ ਹੈ। ਉਨ੍ਹਾਂ ਦੱਸਿਆ ਕਿ ਇਹ ਪੁਸਤਕ ਲੜੀ ਵਿੱਚ ਸਿੱਖ ਇਤਿਹਾਸ ਨਾਲ ਕੀਤੀ ਗਈ ਛੇੜਛਾੜ ਅਤੇ ਗੁਰਬਾਣੀ ਦੇ ਅਰਥਾਂ ਦੇ ਕੀਤੇ ਅਨਰਥ ਦਾ ਮਾਮਲਾ, ਸਿਰਫ ਇੱਕ ਨਿੱਜੀ ਸਕੂਲ ਵਿੱਚ ਪੜਾਈਆਂ ਜਾ ਰਹੀਆਂ ਪੁਸਤਕਾਂ ਦੀ ਪੜਚੋਲ ਕਰਨ ਤੇ ਸਾਹਮਣੇ ਆਇਆ ਹੈ। ਸ਼੍ਰੋਮਣੀ ਕਮੇਟੀ ਪਰਧਾਨ ਨੇ ਇਸ ਮਾਮਲੇ ਤੇ ਕਾਰਵਾਈ ਕਰਨ ਦਾ ਯਕੀਨ ਜਰੂਰ ਦਿਵਾਇਆ ਪਰ ਸ੍ਰ:ਹਰਜਾਪ ਸਿੰਘ ਨੇ ਪੁਸਤਕ ਲੜੀ ਦੀ ਲੇਖਕਾ ਤੇ ਪ੍ਰਕਾਸ਼ਕ ਖਿਲਾਫ ਪੁਲਿਸ ਕੇਸ ਦਰਜ ਕਰਾਉਣ ਦਾ ਫੈਸਲਾ ਲਿਆ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,