ਲੇਖ

ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼: ਬ੍ਰਹਿਮੰਡੀ ਵਰਤਾਰਾ

November 29, 2020 | By

ਅਕਾਲ ਨੇ ਜਦੋਂ ਸਮੁੱਚੇ ਬ੍ਰਹਿਮੰਡ ਵਿਚਲੀਆਂ ਲੱਖਾਂ ਗਲੈਕਸੀਆਂ ਦੇ ਅਨੇਕਾਂ ਧਰਤ ਰੂਪੀ ਗ੍ਰਹਿਆਂ ਵਿਚੋਂ ਇਸ ਧਰਤ ਨੂੰ ਜੀਵਨ ਲਈ ਚੁਣਿਆ ਤਾਂ ਇਸ ਧਰਤ ਨੂੰ ਇੱਕ ਮਜ਼ਬੂਤ ਟੇਕ ਅਤੇ ਆਸਰੇ ਦੀ ਬਖ਼ਸ਼ਿਸ ਵੀ ਕੀਤੀ। ਉਹ ਆਸਰਾ ਤੇ ਟੇਕ ਸੀ ਸੰਤੁਲਨ ਦੀ ਧਰਤੀ ਦੀ ਹਰ ਵਸਤ ਅਤੇ ਹਰ ਪਹਿਲੂ ਦਾ ਸੰਤੁਲਨ ਪੈਦਾ ਹੋਇਆ ਹੈ। ਜਦੋਂ ਵੀ ਕੋਈ ਪਲੜਾ ਭਾਰੀ ਪੈਂਦਾ ਹੈ ਤਾਂ ਇਸ ਦਾ ਸੰਤੁਲਨ ਪੈਦਾ ਹੋ ਜਾਂਦਾ ਹੈ। ਇਹ ਗੱਲ ਕੇਵਲ ਇਸ ਧਰਤ ਤੇ ਹੀ ਲਾਗੂ ਨਹੀਂ ਹੈ ਬਲਕਿ ਪੂਰਾ ਬ੍ਰਹਿਮੰਡ ਹੀ ਇਸ ਟੇਕ ਤੇ ਟਿਕਿਆ ਹੋਇਆ ਹੈ। ਕੁਝ ਵਰਤਾਰੇ ਅਜਿਹੇ ਵਾਪਰਦੇ ਹਨ ਜੋ ਸਮੁੱਚੇ ਬ੍ਰਹਿਮੰਡ ਦੇ ਹਰ ਕਣ ਤੇ ਕੋਈ ਨਾ ਕੋਈ ਅਸਰ ਜਰੂਰ ਪਾਉਂਦੇ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਇਸ ਧਰਤ ਤੇ ਆਮਦ ਅਜਿਹੇ ਹੀ ਇੱਕ ਬ੍ਰਹਿਮੰਡੀ ਵਰਤਾਰੇ ਦੀ ਰਮਜ ਹੈ। ਇਸ ਵਰਤਾਰੇ ਨੂੰ ਦਰਸ਼ਨ ਅਤੇ ਪਦਾਰਥ ਦੋਹਾਂ ਪੱਧਰਾਂ ਤੇ ਸਮਝਣ ਦੀ ਲੋੜ ਹੈ।

ਭਾਵੇਂ ਵਰਤਾਰਾ ਨਵੀਨ ਨਹੀਂ ਸੀ ਪਰ ਵਿਲੱਖਣ ਅਤੇ ਬ੍ਰਹਿਮੰਡੀ ਰੂਪੀ ਜ਼ਰੂਰ ਸੀ। ਗੱਲ ਸ਼ੁਰੂ ਕਰਨ ਤੋਂ ਪਹਿਲਾਂ 600 ਈ ਪੂ ਦੇ ਨੇੜੇ ਤੇੜੇ ਦੇ ਇੱਕ ਹਵਾਲੇ ਨੂੰ ਵਿਚਾਰਿਆ ਜਾ ਸਕਦਾ ਹੈ।

ਚੀਨ ਵਿੱਚ ਕਨਫਿਊਸ਼ਿਅਸ਼ (551-479ਈ: ਪੂ) ਆਪਣਾ ਦਰਸ਼ਨ ਲੈ ਕੇ ਆਉਂਦਾ ਹੈ। ਜਿਸ ਨੂੰ ਕਨਫਿਊਸਿਅਜਮ ਕਿਹਾ ਗਿਆ। ਇਸ ਦਰਸ਼ਨ ਰਾਹੀਂ ਕਨਫਿਊਸਿਅਸ ਨੇ ਨਿੱਜੀ ਅਤੇ ਰਾਜ ਪ੍ਰਤੀ ਵਫਾਦਾਰੀ, ਸਮਾਜਿਕ ਰਿਸ਼ਤਿਆਂ ਵਿੱਚ ਸੁਧਾਰ, ਨਿਆਂ ਅਤੇ ਗੰਭੀਰਤਾ ਤੇ ਜ਼ੋਰ ਦਿੱਤਾ। ਪਰ ਜੇਕਰ ਸਮੁੱਚੇ ਰੂਪ ਵਿੱਚ ਦੇਖਿਆ ਜਾਏ ਤਾਂ ਕਨਫਿਊਸਿਅ ਇੱਕ ਨੀਤੀ ਸ਼ਾਸਤਰ ਦਾ ਆਗੂ ਸੀ ਨਾ ਕਿ ਕੋਈ ਧਾਰਮਿਕ ਆਗੂ। ਉਸਨੇ ਸਾਰਾ ਜ਼ੋਰ ਸਥਾਪਤੀ (ਰਾਜ ) ਤੇ ਦਿੱਤਾ। ਉਸ ਕੋਲ ਕੋਈ ਅਧਿਆਤਮਕ ਭੁੱਖ ਦੀ ਤ੍ਰਿਪਤੀ ਦਾ ਸੁਨੇਹਾ ਨਹੀਂ ਸੀ।

ਉਸ ਤੋਂ ਕੁੱਝ ਚਿਰ ਬਾਅਦ ਯੂਨਾਨ ਵਿੱਚ ਅਰਸਤੂ ਪੱਛਮੀ ਦਰਸ਼ਨ ਪੇਸ਼ ਕਰਦਾ ਹੈ। ਉਸ ਦੇ ਗੁਰੂ ਸ਼ੁਕਰਾਤ ਨੂੰ ਪੱਛਮੀ ਦਰਸ਼ਨ ਦਾ ਪਿਤਾਮਾ ਕਿਹਾ ਜਾਂਦਾ ਹੈ। ਇਹ ਦਰਸ਼ਨ ਮੂਲ ਰੂਪ ਵਿੱਚ ਤਰਕ ਅਤੇ ਵਿਗਿਆਨ ਦਾ ਮੁੱਢਲਾ ਰੂਪ ਮੰਨਿਆ ਜਾ ਸਕਦਾ ਹੈ ਜਿਸ ਵਿਚ ਅਲੰਕਾਰ (Mataphysics) ਅਤੇ ਪਦਾਰਥ (Materialism) ਤੇ ਵਧੇਰੇ ਜ਼ੋਰ ਦਿੱਤਾ ਗਿਆ। ਉਸ ਦੇ ਦਰਸ਼ਨ ਨੇ ਪੱਛਮੀ ਸੋਚ ਤੇ ਬਹੁਤ ਡੂੰਘਾ ਅਸਰ ਪਾਇਆ ਅਤੇ ਉਸ ਸਮੇਂ ਦੀਆਂ ਤਤਕਾਲੀ ਬੌਧਿਕ ਚਰਚਾਵਾਂ ਦਾ ਵਿਸ਼ਾ ਵੀ ਰਿਹਾ ਪਰ ਜਿਆਦਾ ਜ਼ੋਰ ਪਦਾਰਥ ਅਤੇ ਤਰਕ ਤੇ ਹੋਣ ਕਾਰਨ ਇਹ ਅਧਿਆਤਮਕ ਚੇਤਨਾ ਨੂੰ ਨਾ ਛੋਹ ਸਕਿਆ।

ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ, ਪਾਕਿਸਤਾਨ

ਉਸ ਸਮੇਂ ਜਦੋਂ ਪਦਾਰਥਵਾਦ ਦਾ ਖਿਲਾਰਾ ਅਤੇ ਪਸਾਰਾ ਸ਼ਿਖਰਾਂ ਨੂੰ ਛੋਹ ਰਿਹਾ ਸੀ ਤਾਂ ਮਹਾਤਮਾ ਬੁੱਧ ਨੇ ਇੱਕ ਵਿਲੱਖਣ ਤੇ ਨਿਵੇਕਲਾ ਦਰਸ਼ਨ ਪੇਸ਼ ਕੀਤਾ ਜੋਂ ਪਹਿਲਾਂ ਦੇ ਦੋ ਚਰਚਿਤ ਦਰਸ਼ਨਾਂ ਰਾਹੀਂ ਪਏ ਸਮਾਜਿਕ ਅਤੇ ਧਾਰਮਿਕ ਚੇਤਨਾ ਦੇ ਖਲਾਅ ਨੂੰ ਵੱਡਾ ਹਲੂਣਾ ਸੀ। ਮਹਾਤਮਾ ਬੁੱਧ ਨੇ ਨਾ ਕੇਵਲ ਮੁਕਤੀ ਦੇ ਮਾਰਗ ਤੇ ਜ਼ੋਰ ਦਿੱਤਾ ਬਲਕਿ ਬਰਾਬਰਤਾ ਅਤੇ ਅਜ਼ਾਦੀ ਦਾ ਵੱਡਾ ਸੁਨੇਹਾ ਵੀ ਇਸ ਸੰਸਾਰ ਨੂੰ ਦਿੱਤਾ। ਮਹਾਤਮਾ ਬੁੱਧ ਦਾ ਦਰਸ਼ਨ ਸਮਾਜਿਕ ਬਰਾਬਰੀ, ਨਿਆਂ ਅਤੇ ਅਧਿਆਤਮਕ ਚਾਨਣ ਨਾਲ ਭਰਪੂਰ ਹੋਣ ਕਾਰਨ ਕਾਫੀ ਪ੍ਰਭਾਵੀ ਸੀ, ਪਰ ਇਸ ਦਰਸ਼ਨ ਦੀਆਂ ਕੁੱਝ ਸੀਮਾਵਾਂ ਸਨ। ਇਸ ਰਾਹੀਂ ਸਮਾਜ ਦੇ ਦੁਰਾਕਾਰੇ ਅਖੌਤੀ ਪਛੜੇ ਲੋਕਾਂ ਨੂੰ ਬਰਾਬਰਤਾ ਤਾਂ ਮਿਲ ਗਈ ਪਰ ਇਹ ਬਰਾਬਰਤਾ ਕੇਵਲ ਬੋਧੀ ਆਸ਼ਰਮਾਂ ਤੱਕ ਮਹਿਦੂਦ ਸੀ। ਮਹਾਤਮਾ ਬੁੱਧ ਉਨ੍ਹਾਂ ਲੋਕਾਂ ਨੂੰ ਸਮਾਜ ਵਿੱਚ ਰਹਿੰਦਿਆਂ ਬਰਾਬਰਤਾ ਨਾ ਦਿਵਾ ਸਕੇ। ਇਸ ਤੋਂ ਇਲਾਵਾ ਇਸ ਦਰਸ਼ਨ ਨੇ ਮੁਕਤੀ ਅਤੇ ਸਮਾਧੀ ਨੂੰ ਅੰਤਿਮ ਰੂਪ ਮੰਨ ਲਿਆ ਜਿਸ ਅਨੁਸਾਰ ਧਿਆਨ ਵੀ ਅਵਸਥਾ ਤੋਂ ਬਾਅਦ ਮਨੁੱਖ ਸੁੰਨਯ (ਭਾਵ ਜ਼ੀਰੋ) ਹੋ ਜਾਂਦਾ ਹੈ। ਇਸ ਤੋਂ ਅਗਲੇ ਪਾਰ ਦੀ ਬ੍ਰਹਿਮੰਡੀ ਹੋਂਦ/ਅਣਹੋਂਦ ਬਾਰੇ ਕੁੱਝ ਵੀ ਨਹੀਂ ਕਿਹਾ ਗਿਆ। ਦੂਜੀ ਗੱਲ ਸੀ ਕਿ ਇਹ ਧਾਰਮਿਕ ਜਿੰਦਗੀ ਅਤੇ ਦੁਨਿਆਵੀ (ਸਮਾਜਿਕ) ਜੀਵਨ ਦਾ ਨਿਖੇੜ ਕਰਨ ਵਾਲਾ ਫਲਸਫਾ ਸੀ। ਇਸੇ ਲਈ ਮਹਾਤਮਾ ਬੁੱਧ ਦੇ ਦਰਸ਼ਨ ਦਾ ਲਿਸ਼ਕਾਰਾ ਹੌਲੀ-ਹੌਲੀ ਆਪਣੀ ਬੌਧਿਕ ਚਮਕ ਗਵਾਉਂਦਾ ਨਜ਼ਰ ਪੈਂਦਾ ਹੈ। ਇਸ ਤਰ੍ਹਾਂ ਇਹ ਦਰਸ਼ਨ ਉਸ ਸੰਤੁਲਨ ਦਾ ਇੱਕ ਵੱਡਾ ਰੂਪ ਜਰੂਰ ਸੀ ਜਿਸ ਦਾ ਜਿਕਰ ਪਹਿਲਾਂ ਹੋਇਆ ਹੈ ਪਰ ਇਸ ਦੀ ਸੀਮਾ ਸੀ ਭਾਵ ਇਹ ਬ੍ਰਹਿਮੰਡ ਪੱਧਰ ਦਾ ਨਹੀਂ ਸੀ।

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜੋ ਨਵੀਨ ਦਰਸ਼ਨ ਇਸ ਜਗਤ ਨੂੰ ਦਿੱਤਾ ਉਸਦੇ ਰਾਹੀਂ ਹੀ ਗੁਰੂ ਨਾਨਕ ਨੂੰ ਜਾਣਿਆ ਜਾ ਸਕਦਾ ਹੈ। ਜੇਕਰ ਕੋਈ ਮਨੁੱਖ ਪਦਾਰਥ ਦਰਸ਼ਨ ਰਾਹੀਂ ਵੀ ਗੁਰੂ ਨਾਨਕ ਸਾਹਿਬ ਨੂੰ ਜਾਨਣਾ ਚਾਹੁੰਦਾ ਹੋਵੇ. ਤਾਂ ਵੀ ਪਹਿਲਾਂ ਗੁਰੂ ਨਾਨਕ ਜੀ ਵੱਲੋਂ ਦਿੱਤੇ ਨਵੇਂ ਦਰਸ਼ਨ ਨੂੰ ਸਮਝਣਾ ਪਏਗਾ।

ਆਓ ਪਹਿਲਾਂ ਗੁਰੂ ਸਾਹਿਬ ਦੀ ਧਰਤ ਤੇ ਆਮਦ ਤੋਂ ਪਹਿਲਾਂ ਦੇ ਹਾਲਾਤ ਤੇ ਵਿਚਾਰ ਕਰੀਏ ਅਤੇ ਕੁੱਝ ਸੰਸਾਰਕ ਘਟਨਾਵਾਂ ਨੂੰ ਦੇਖੀਏ ਭਾਵ ਪਦਾਰਥ ਦਰਸ਼ਨ ਰਾਹੀਂ ਤਤਕਾਲੀ ਹਾਲਤਾਂ ਬਾਰੇ ਨਜ਼ਰ ਮਾਰੀਏ। ਰੋਮਨ ਸਾਮਰਾਜ ਡਿੱਗਣ ਤੋਂ ਬਾਅਦ ਓਟੋਮਾਨ ਸਾਮਰਾਜ ਦਾ ਉਭਾਰ ਹੁੰਦਾ ਹੈ। ਜਿਸ ਦਾ ਪਸਾਰਾ ਪਰਸ਼ੀਅਨ ਸਾਮਰਾਜ, ਈਰਾਨ, ਅਫਗਾਨਿਸਤਾਨ, ਅਰਬ ਦੇਸ਼ਾਂ ਅਤੇ ਮਿਸਰ ਤੱਕ ਸੀ। ਦੂਜੇ ਪਾਸੇ ਮੁਗਲ ਸਾਮਰਾਜ ਦਾ ਉਭਾਰ ਹੁੰਦਾ ਹੈ। ਅਲਾਉਦੀਨ ਖਿਲਜ਼ੀ ਭਾਰਤ ਦੇ ਵੱਡੇ ਹਿੱਸੇ ਤੇ ਰਾਜ ਸਥਾਪਿਤ ਕਰ ਲੈਂਦਾ ਹੈ ਅਤੇ ਦਿੱਲੀ ਨੂੰ ਆਪਣੀ ਰਾਜਧਾਨੀ ਬਣਾਉਂਦਾ ਹੈ। ਇਸ ਤਰ੍ਹਾਂ ਦੁਨੀਆਂ ਦੇ ਦੋ ਸਭ ਤੋਂ ਵੱਡੇ ਸਾਮਰਾਜ ਮੁਸਲਿਮ ਹਨ ਭਾਵ ਕਿ ਇਸਲਾਮ ਪੂਰਨ ਤੌਰ ਤੇ ਰਾਜ (Statehood) ਵਿੱਚ ਤਬਦੀਲ ਹੋ ਜਾਂਦਾ ਹੈ। ਯੂਰਪ ਵਪਾਰੀ ਦੇ ਰੂਪ ਵਿੱਚ ਉੱਭਰਦਾ ਹੈ। ਕੰਲੋਬਸ ਅਤੇ ਵਾਸਕੋਂ –ਡੀ – ਗਾਮਾ ਨਵੀਆਂ ਮੰਡੀਆਂ ਦੇ ਖੋਜ ਵਿੱਚ ਸਮੁੰਦਰ ਗਾਹੁੰਦੇ ਹਨ। ਉਹਨਾਂ ਦੀਆਂ ਸਮੁੰਦਰੀ ਯਾਤਰਾਵਾਂ ਵਪਾਰਕ ਸੰਘਾਂ ਦੇ ਥਾਪੜੇ ਅਧੀਨ ਸਨ ਇਸ ਤਰ੍ਹਾਂ ਉਹ ਵਪਾਰਕ ਘਰਾਣਿਆਂ ਦੀ ਲੁੱਟ ਦੀ ਨੀਂਹ ਰੱਖਦੇ ਹਨ ਜੋ ਕਿ ਬਾਅਦ ਵਿੱਚ ਬਸਤੀਵਾਦੀ ਰਾਜ ਦੇ ਰੂਪ ਵਿੱਚ ਸਾਡੇ ਸਾਹਮਣੇ ਆਉਂਦੀ ਹੈ । ਠੀਕ ਉਸੇ ਸਮੇਂ ਚੀਨ ਵਿਗਿਆਨ ਲੈ ਕੇ ਆਉਂਦਾ ਹੈ। ਚੀਨ ਕਾਗਜ਼ ਅਤੇ ਬਾਰੂਦ ਮੰਡੀ ਵਿੱਚ ਲਿਆਉਂਦਾ ਹੈ। ਭਾਵੇਂ ਕਿ ਕਾਗਜ਼ ਇਸ ਤੋਂ ਪਹਿਲਾਂ ਵੀ ਬਣਦਾ ਸੀ ਪਰ ਚੀਨ ਮਸ਼ੀਨ ਦੁਆਰਾ ਬਣਿਆ ਕਾਗਜ਼ ਲੈ ਕੇ ਆਇਆ। ਇਸੇ ਸਮੇਂ ਜੰਗਾਂ ਵਿੱਚ ਬਾਰੂਦ ਦੀ ਵਰਤੋਂ ਹੋਣ ਲੱਗੀ। ਇਸ ਤਰਾਂ ਅਸੀ ਦੇਖ ਸਕਦੇ ਹਾਂ ਕਿ ਠੀਕ ਇੱਕੋ ਸਮੇਂ ਤਕਨੀਕ ਜਨਮ ਲੈ ਰਹੀ ਹੈ। ਵੱਡੇ ਸਾਮਰਾਜ ਬਣ ਰਹੇ ਹਨ, ਸਾਇੰਸ ਉੱਭਰ ਰਹੀ ਹੈ ਅਤੇ ਵਪਾਰ ਦਾ ਨਵੀਨਤਮ ਰੂਪ ਪੈਦਾ ਹੋ ਰਿਹਾ ਹੈ, ਇਹ ਸਾਰਾ ਇਕੋ ਸਦੀ ਭਾਵ ਪੰਦਰਵੀਂ ਸਦੀ ਵਿੱਚ ਵਾਪਰ ਰਿਹਾ ਹੈ ।ਨਵੇਂ ਉਭਾਰਾ ਵਿੱਚ ਧਰਮ, ਅਧਿਆਤਮਕਤਾ ਅਤੇ ਰੂਹਾਨੀਅਤ ਮਨਫੀ ਹੁੰਦੀ ਤੁਰੀ ਜਾ ਰਹੀ ਹੈ। ਮਨੁੱਖੀ ਹਸਤੀ ਦੀ ਹੋਂਦ ਦਾ ਕੋਈ ਝਲਕਾਰਾ ਨਹੀਂ ਮਿਲ ਰਿਹਾ। ਇਸ ਤਰਾਂ ਇੱਕ ਕੁਚੱਜਾ ਅਸੰਤੁਲਨ ਖੜਾ ਹੋ ਗਿਆ ਹੈ।

ਇਹਨਾਂ ਹਾਲਤਾਂ ਵਿੱਚ ਸਮੁੱਚਾ ਬ੍ਰਹਿਮੰਡ ਇੱਕ ਅਰਦਾਸ ਦੀ ਅਵਸਥਾ ਵਿੱਚ ਆਉਂਦਾ ਹੈ ਜਿਸ ਨੂੰ ਭਾਈ ਗੁਰਦਾਸ ਜੀ ‘ਸੁਣੀ ਪੁਕਾਰ ਦਾਤਾਰ ਪ੍ਰਭ’ ਨਾਲ ਸੰਬੋਧਿਤ ਹੁੰਦੇ ਹਨ । ਕੱਤਕ ਦੀ ਪੁੰਨਿਆ ਨੂੰ ਆਦਮ ਜਾਤ ਉੱਤੇ ਸਭ ਤੋਂ ਵੱਡੀ ਬਖਸ਼ਿਸ ਕਰਨ ਲਈ ਰਾਇਬੁਲਾਰ ਦੀ ਤਲਵੰਡੀ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰਕਾਸ਼ਮਾਨ ਹੁੰਦੇ ਹਨ। ਗੁਰੂ ਸਾਹਿਬ ਦੀ ਆਮਦ ਨਾਲ ਬ੍ਰਹਿਮੰਡ ਦੇ ਕਣ-ਕਣ ਵਿੱਚ ਨਵਾਂ ਜੀਵਨ ਸੰਚਾਰ ਹੋ ਗਿਆ। ਹਵਾਵਾਂ ਵਿੱਚ ਰੂਹਾਨੀ ਸੁਗੰਧੀ ਘੁਲਣ ਲੱਗੀ, ਚੰਦਰਮਾ ਦੀ ਲੋਅ ਨੇ ਹਨੇਰੇ ਨੂੰ ਉੱਜਲ ਕਰ ਦਿੱਤਾ ਤੇ ਸੂਰਜ ਦੀ ਧੁੱਪ ਨੇ ਧਰਤੀ ਤੇ ਪੈ ਰਹੀ ਅੰਧ ਵਿਸ਼ਵਾਸਾਂ ਦੀ ਧੁੰਦ ਨੂੰ ਹਟਾ ਦਿੱਤਾ, ਨੀਲੇ ਅਸਮਾਨ ਦੀ ਛੱਤ ਨੇ ਆਪਣਾ ਰੂਪ ਹੋਰ ਨਿਖਾਰ ਲਿਆ. ਧਰਤੀ ਦੀ ਕਈ ਸਦੀਆਂ ਦੀ ਅਰਦਾਸ ਪੂਰੀ ਹੋਈ ਅਤੇ ਸਮੁੱਚਾ ਜਗਤ ਗੁਰੂ ਸਾਹਿਬ ਦੇ ਪ੍ਰਕਾਸ਼ ਨਾਲ ਨਵੇਂ ਰੂਪ ਵਿੱਚ ਖਿੜ ਗਿਆ। ਇਸ ਵਰਤਾਰੇ ਬਾਰੇ ਭਾਈ ਗੁਰਦਾਸ ਜੀ ਦਾ ਬਚਨ ਹੈ ਕਿ ਸਤਿਗੁਰੂ ਜੀ ਦੇ ਪ੍ਰਕਾਸ਼ ਨਾਲ ਕੂੜ ਦੀ ਧੁੰਦ ਹਟ ਕੇ ਜਗਤ ਵਿੱਚ ਨਵਾਂ ਚਾਨਣ ਹੋ ਗਿਆ। ਜਿਸਨੂੰ ਨਿਰਾਪੁਰੀ ਦੁਨਿਆਵੀ ਸਮਝ ਅਤੇ ਤਰਕ ਦੇ ਸਹਾਰੇ ਨਹੀਂ ਬੁੱਝਿਆ ਜਾ ਸਕਦਾ।

ਗੁਰੂ ਸਾਹਿਬ ਨੇ ਸਭ ਤੋਂ ਪਹਿਲਾਂ ‘ਨਿਰਭਉ ਨਿਰਵੈਰੁ’ ਦਾ ਸੁਨੇਹਾ ਦਿੰਦਿਆਂ ਮਨੁੱਖ ਨੂੰ ਉਨ੍ਹਾਂ ਸਾਰੇ ਤੈਆਂ ਤੋਂ ਮੁਕਤ ਕੀਤਾ ਜੋ ਉਸ ਸਮੇਂ ਦੇ ਧਾਰਮਿਕ ਨੇਤਾਵਾਂ ਨੇ ਮਨੁੱਖਤਾ ਦੀ ਲੁੱਟ ਲਈ ਪ੍ਰਚਲਿਤ ਕੀਤੇ ਹੋਏ ਸਨ ਅਤੇ ਉਸ ਦੇ ਅਧਿਆਤਮਕ ਮਾਰਗ ਦੇ ਰਾਹ ਦਾ ਰੋੜਾ ਸਨ। ਫੇਰ ਸਮੁੱਚ ਜੀਵਨ ਵਿੱਚ ਕਿਰਤ ਰਾਹੀਂ ਸਰੀਰਕ ਤੰਦਰੁਸਤੀ ਅਤੇ ਨਾਮ ਜਪਣ ਨਾਲ ਮਾਨਸਿਕ ਖੇੜੇ ਵਿੱਚ ਰਹਿ ਕੇ ਵੰਡ ਛਕਣ ਦਾ ਹੋਕਾ ਦਿੱਤਾ। ਇਹੀ ਸਰਬੱਤ ਦੇ ਭਲੇ ਦਾ ਸਿਧਾਂਤ ਹੈ। ਇਹ ਫਲਸਫਾ ਉਸ ਵਖਰੇਵੇਂ ਦਾ ਖਾਤਮਾ ਵੀ ਕਰਦਾ ਹੈ ਜੋ ਰਵਾਇਤੀ ਧਾਰਨਾਵਾਂ ਨੇ ਅਧਿਆਤਮਕ ਅਤੇ ਕਿਰਤੀ ਜੀਵਨ ਵਿੱਚ ਪਾਇਆ ਹੋਇਆ ਸੀ ਅਤੇ ਜਿਸ ਅਨੁਸਾਰ ਨਾਮ ਜਪਣ ਵਾਲਾ ਉੱਚ ਵਰਗ (elite) ਸੀ, ਕਿਰਤੀ ਨਹੀਂ ਸੀ। ਗੁਰੂ ਸਾਹਿਬ ਵੱਲੋਂ ਬਖਸ਼ਿਸ ਕੀਤਾ ਮੂਲ ਮੰਤਰ ਮਨੁੱਖ ਨੂੰ ਬਹੁਤ ਸਾਰੇ ਭਰਮਾਂ ਵਿਚੋਂ ਉਭਾਰਦਾ ਹੋਇਆ ਸਮੇਂ ਅਤੇ ਪਦਾਰਥ ਦੇ ਬੰਧਨ ਤੋਂ ਮੁਕਤੀ ਦਿੰਦਾ ਹੈ ਫਿਰ ਜਦੋਂ ਮਨੁੱਖ ਨੂੰ ਇਹ ਅਹਿਸਾਸ ਹੋ ਜਾਂਦਾ ਹੈ ਕਿ ਸਭ ਕੁੱਝ ‘ਆਦਿ ਸਚੁ, ਜੁਗਾਦਿ ਸਚੁ’ ਦੇ ਅਧੀਨ ਹੈ ਤਾਂ ਉਹ ਪ੍ਰਭੂ ਵੱਲੋਂ ਦਿੱਤੀਆਂ ਦਾਤਾਂ ਵੰਡਦਾ ਹੈ । ਚਾਹੇ ਫੇਰ ਉਸ ਦਾ ਰੂਪ ਲੰਗਰ ਹੋਵੇ ਜਾ ਕੋਈ ਹੋਰ।

ਗੁਰੂ ਸਾਹਿਬ ਦਾ ਫਲਸਫਾ ਕੇਵਲ ਨਿੱਜੀ ਅਨੁਭਵ ਦਾ ਨਹੀਂ ਹੈ। ਇਸ ਦਾ ਇੱਕ ਰੂਪ ਸਮਾਜਿਕ ਵੀ ਹੈ। ਸਮਾਜਿਕ ਬਰਾਬਰਤਾ ਤੇ ਨਿਆ ਦਾ ਜੋ ਨਿੱਘਰ ਸਿਧਾਂਤ ਗੁਰੂ ਜੀ ਨੇ ਬਖਸ਼ਿਆ, ਉਸ ਲਈ ਸਮੁੱਚੀ ਖਲਕਤ ਦਾ ਰੋਮ-ਰੋਮ ਉਹਨਾਂ ਦਾ ਰਿਣੀ ਹੈ। ਉਹਨਾਂ ਨੇ ਨਾ ਕੇਵਲ ਦਾ ਸਮਾਜਿਕ ਵੰਡ ਨੂੰ ਨਕਾਰਿਆ ਬਲਕਿ ਸਮਾਜਿਕ ਬਰਾਬਰੀ ਦਾ ਰੁਤਬਾ ਕਾਇਮ ਕਰ ਹਲੀਮੀ ਰਾਜ ਦਾ ਸੰਕਲਪ ਵੀ ਦਿੱਤਾ।

ਗੁਰੂ ਸਾਹਿਬ ਜੀ ਨੇ ਖਾਲਸ ਕੁਦਰਤ ਦੇ ਆਦਰਸ਼ ਸਬੰਧੀ ਜੋ ਸੁਨੇਹਾ ਮਨੁੱਖਤਾ ਦੀ ਝੋਲੀ ਪਾਇਆ ਹੈ ਉਹ ਬ੍ਰਹਿਮੰਡ ਦੇ ਹਰ ਕਣ ਪ੍ਰਭਾਵਿਤ ਕਰਦਾ ਹੈ। ਗੁਰੂ ਸਾਹਿਬ ਜੀ ਦੇ ਜੀਵਨ ਦੀ ਸਮਝ ਪਾਉਣਾ ਅਤੇ ਉਸ ਸਬੰਧੀ ਲਿਖ ਸਕਣਾ ਇੱਕ ਬੇਹੱਦ ਵਿਸ਼ਾਲ ਅਤੇ ਉੱਚੀ ਸੁਰਤ ਦਾ ਕਾਰਜ ਹੈ। ਗੁਰੂ ਨੂੰ ਕੇਵਲ ਦੁਨਿਆਵੀ ਸਮਝ ਦੇ ਪੈਂਤੜੇ ਤੋਂ ਦੇਖਣਾ ਤੇ ਫਿਰ ਉਸ ਤੇ ਕੋਈ ਵੀ ਵਿਚਾਰ ਬਣਾਉਣੀ ਇੱਕ ਬੇਹੱਦ ਅਧੂਰਾ ਤੇ ਨਿੱਤਾ ਯਤਨ ਹੈ। ਫਿਰ ਅਸੀਂ ਗੁਰੂ ਲਈ ਦੁਨਿਆਵੀਂ ਸੰਬੋਧਨ ਜਿਵੇਂ ਮਹਾਨ ਦਾਰਸ਼ਨਿਕ, ਤਰਕਸ਼ੀਨ ਆਗੂ ਆਦਿ ਹੀ ਵਰਤ ਕੇ ਆਪਣੀ ਛੋਟੀ ਸੋਚ ਦਾ ਪ੍ਰਗਟਾਵਾ ਕਰ ਰਹੇ ਹੁੰਦੇ ਹਾਂ। ਇਹ ਪੈਗੰਬਰੀ ਵਰਤਾਰਾ ਹੈ ਜਿਸਨੂੰ ਪੈਗੰਬਰ ਦੇ ਦੱਸੇ ਰਾਹ ਰਾਹੀਂ ਹੀ ਸਮਝਿਆ ਜਾ ਸਕਦਾ ਹੈ ਪੈਗੰਬਰ ਦੀ ਰਮਜ਼ ਨੂੰ ਸਮਝਣਾ ਕਿਸੇ ਵਿਰਲੇ ਦੇ ਹਿੱਸੇ ਹੀ ਆ ਸਕਦਾ ਹੈ। ਅਸੀਂ ਤਾਂ ਅਰਦਾਸ ਕਰ ਸਕਦੇ ਹਾਂ ਕਿ ਇਸ ਬ੍ਰਹਿਮੰਡ ਦੇ ਹਰ ਕਣ ਵਿੱਚ ਸਮਾਏ ਹੋਏ ਗੁਰੂ ਨਾਨਕ ਸਾਹਿਬ ਦੀ ਕ੍ਰਿਪਾ ਰੂਪੀ ਬਾਣੀ ਸਾਨੂੰ ਉਨ੍ਹਾਂ ਸਾਰੇ ਬੰਧਨਾਂ ਤੋਂ ਮੁਕਤ ਕਰ ਦੇਵੇ ਜੋ ਉਸ ਜਗਤ ਗੁਰੂ ਦੇ ਦਰਸਾਏ ਰਾਹ ਤੇ ਤੁਰਨ ਵੇਲੇ ਸਾਡੇ ਮਨਾਂ ਵਿੱਚ ਥਿੜਕਣ ਪੈਦਾ ਕਰਦੇ ਹਨ।

ਲੇਖਕ – ਅਮਨਦੀਪ ਸਿੰਘ, ਸ. ਸ. ਮਾਸਟਰ.
ਸ. ਸ. ਸ. ਕੱਦੋਂ ਲੁਧਿਆਣਾ
92167-16300

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,