ਲੇਖ » ਸਿੱਖ ਖਬਰਾਂ

ਅੱਜ ਤੇ ਵਿਸ਼ੇਸ਼: ਮੇਰੀ ਰਾਮ ਕਹਾਣੀ – ਬਾਬਾ ਸੋਹਣ ਸਿੰਘ ਭਕਨਾ

January 4, 2016 | By

ਭਾਰਤ ਦੀ ਆਜ਼ਾਦੀ ਦੀ ਲੜਾਈ ਲਈ ਮਹਾਨ ਕੁਰਬਾਨੀ ਦੇਣ ਵਾਲੇ ਬਾਬਾ ਸੋਹਨ ਸਿੰਘ ਭਕਨਾ ਦਾ ਗਦਰ ਪਾਰਟੀ ਨੂੰ ਕਾਇਮ ਕਰਨ ਅਤੇ ਅੱਗੋਂ ਲਹਿਰ ਨੂੰ ਸੇਧ ਦਿੰਦਿਆਂ ਸੰਘਰਸ਼ ਦੇ ਰਾਹ ਪਾਉਣ ਵਿੱਚ ਬੜਾ ਵੱਡਾ ਯੋਗਦਾਨ ਹੈ। ਉਨ੍ਹਾਂ ਨੇ ਲੰਮਾ ਸਮਾਂ ਜੇਲ੍ਹ ਕੱਟਣ ਬਾਅਦ ਦੇਸ਼ ਆਜ਼ਾਦ ਹੋਣ ਪਿੱਛੋਂ ਵੀ ਆਮ ਲੋਕਾਂ ਦੇ ਦੁਖ ਦਰਦਾਂ ਨੂੰ ਦੂਰ ਕਰਾਉਣ ਲਈ ਆਖ਼ਰੀ ਦਮ ਤੱਕ ਸਰਗਰਮੀ ਨਾਲ ਕੰਮ ਕੀਤਾ। ਬਾਬਾ ਜੀ ਨੇ ਅਪਣੀਆਂ ਯਾਦਾਂ ਨੂੰ ‘ਮੇਰੀ ਰਾਮ ਕਹਾਣੀ’ ਦੇ ਨਾਂਅ ਹੇਠ ਲੋਕਾਂ ਦੇ ਰੂਬਰੂ ਕੀਤਾ। ਇਹ ਯਾਦਾਂ ਪਹਿਲਾਂ ‘ਕਿਰਤੀ’ ਰਿਸਾਲੇ ਵਿੱਚ ਛਪੀਆਂ, ਜਿਸ ਵਿੱਚ ਬਾਬਾ ਜੀ ਨੇ ਸਭ ਕੁਝ ਨੂੰ ਬੜੀ ਬੇਬਾਕੀ ਨਾਲ ਬਿਆਨ ਕੀਤਾ। ਪਰ ਇਨ੍ਹਾਂ ਯਾਦਾਂ ਨੂੰ 1967 ਵਿਚ ‘ਜੀਵਨ ਸੰਗਰਾਮ’ ਦੇ ਸਿਰਲੇਖ ਹੇਠ ਕਿਤਾਬੀ ਰੂਪ ਵਿੱਚ ਛਾਪਣ ਸਮੇਂ, ਇਨ੍ਹਾਂ ਵਿਚ ਦਰਜ ਕੁਝ ‘ਕੌੜੀਆਂ ਸੱਚਾਈਆਂ’ ਨੂੰ ਸੋਧ ਕੇ ‘ਨਰਮ’ ਕਰ ਦਿੱਤਾ ਗਿਆ। ਗ਼ਦਰ ਲਹਿਰ ਸਬੰਧੀ ਬੜੀ ਲਗ਼ਨ ਨਾਲ ਕੰਮ ਕਰਨ ਵਾਲੇ ਰਾਜਵਿੰਦਰ ਸਿੰਘ ਰਾਹੀ ਨੇ ‘ਕਿਰਤੀ’ ਰਿਸਾਲੇ ਦੇ ਪੁਰਾਣੇ ਅੰਕ ਲੱਭ ਕੇ ‘ਅਸਲੀ ਯਾਦਾਂ’ ਨੂੰ ਮੁੜ ਕਿਤਾਬੀ ਰੂਪ ਦਿੱਤਾ ਹੈ। ਗਦਰ ਲਹਿਰ ਸਬੰਧੀ ਗੁਰਦੁਆਰਾ ਸਾਹਿਬ ਸਟਾਕਟਨ, ਜੋ ਗ਼ਦਰ ਲਹਿਰ ਦਾ ਜਨਮ ਸਥਾਨ ਹੈ, ਵਿਖੇ ਇਸ ਮਹੀਨੇ ਦੋ ਭਾਗਾਂ ਵਿੱਚ ਹੋਣ ਜਾ ਰਹੀ ਕਾਨਫਰੰਸ ਦੇ ਮੌਕੇ ਅਸੀਂ ਇਨ੍ਹਾਂ ਯਾਦਾਂ ਦੇ ਕੁਝ ਹਿੱਸੇ ‘ਕੌਮਾਂਤਰੀ ਅੰਮ੍ਰਿਤਸਰ ਟਾਈਮਜ਼’ ਦੇ ਪਾਠਕਾਂ ਦੀ ਨਜ਼ਰ ਕਰ ਰਹੇ ਹਾਂ-ਸੰਪਾਦਕ

ਗਦਰੀ ਬਾਬੇ ਬਾਬਾ ਸੋਹਣ ਸਿੰਘ ਭਕਨਾ ਜੀ ਦੀ ਤਸਵੀਰ।

ਗਦਰ ਪਾਰਟੀ ਬਣ ਗਈ
ਮੈਂ ਪਹਿਲਾਂ ਲਿਖ ਚੁਕਾ ਹਾਂ ਕਿ ਅਮਰੀਕਾ ਦੀ ਆਜ਼ਾਦੀ ਤੇ ਹਿੰਦੁਸਤਾਨ ਦੀ ਗੁਲਾਮੀ ਅਤੇ ਉਸ ਪੁਰ ਅਮਰੀਕਾ ਤੇ ਕੈਨੇਡਾ ਵਲੋਂ ਨਿਤ ਦੀਆਂ ਬੇਪਤੀਆਂ ਨੇ ਹੁਣ ਹਿੰਦੀਆਂ ਦੇ ਕੌਮੀ ਜਜ਼ਬਾਤਾਂ ਨੂੰ ਬਹੁਤ ਹਦ ਤੱਕ ਜਗਾ ਦਿੱਤਾ ਸੀ। ਕਸਰ ਸਿਰਫ਼ ਉਨ੍ਹਾਂ ਨੂੰ ਜਥੇਬੰਦ ਕਰਕੇ ਓਹਨਾਂ ਅਗਾੜੀ ਕੰਮ ਰੱਖਣ ਦੀ ਹੀ ਸੀ। ਇਸੇ ਖਿਆਲ ਨੂੰ ਮੁੱਖ ਰੱਖ ਕੇ ਹਿੰਦੀ ਮਹਾਂਸਭਾ ਕਾਇਮ ਕੀਤੀ ਗਈ ਸੀ ਜਿਸ ਦਿਹਾੜੇ ਅਸਟੋਰੀਆ ਵਿਚ ਇਹ ਸਭਾ ਕਾਇਮ ਕੀਤੀ ਗਈ ਉਸ ਦਿਨ ਕੌਣ ਜਾਣਦਾ ਸੀ ਕਿ ਇਹ ਕੁਝ ਆਦਮੀਆਂ ਦਾ ਇਕ ਨਿੱਕਾ ਜਿਹਾ ਜਥਾ ਸਚਮੁੱਚ ਹੀ ਇਨ੍ਹਾਂ ਲੋਹੜੇ ਮਾਰਿਆ ਕੰਮ ਕਰ ਦਿਖਾਏਗਾ। ਇਸ ਸਭਾ ਦਾ ਪਹਿਲਾ ਇਕੱਠ ਸੈਂਟ ਜਾਹਨ, ਦੂਜਾ ਪੋਰਟਲੈਂਡ, ਤੀਜਾ ਲਿਫਟਨ ਤੇ ਚੌਥਾ ਬਰਮੈਡਲਵਲ ਵਿਚ ਹੋਇਆ। ਇਨ੍ਹਾਂ ਇਕੱਠਾਂ ਦੇ ਵਿਚਕਾਰ ਹੀ ਅਸਟੋਰੀਆ ਦੇ ਹਿੰਦੀਆਂ ਵਲੋਂ ਦੇਸ਼ ਭਗਤ ਭਾਈ ਬਲਵੰਤ ਸਿੰਘ ਤੇ ਇਕ ਹੋਰ ਸੱਜਣ ਜੀ ਸਾਰੇ ਓਰੀਗਨ ਦੇ ਹਿੰਦੀਆਂ ਨੂੰ ਅਸਟੋਰੀਆ ਵਿਚ ਦਰਸ਼ਨ ਦੇਣ ਲਈ ਬੇਨਤੀ ਕਰਨ ਆਏ। ਇਸ ਸੱਦਾ ਪੱਤਰ ਪੁਰ ਪੋਰਟਲੈਂਡ ਦੇ ਆਲੇ ਦੁਆਲੇ ਦੇ ਸਾਰੇ ਹਿੰਦੀ ਭਾਈ ਹਰਦਿਆਲ ਸਮੇਤ ਪੁੱਜੇ। ਅਸਟੋਰੀਆ ਵਾਲਿਆਂ ਨੇ ਬਾਹਰੋਂ ਆਏ ਗਏ ਭਰਾਵਾਂ ਦਾ ਬੜੇ ਆਦਰ ਭਾ ਤੇ ਚਾਉ ਨਾਲ ਸੁਆਗਤ ਕੀਤਾ। ਹੁਣ ਅਸਟੋਰੀਆ ਵਿਚ ਓਰੀਗਨ ਸਟੇਟ ਦੇ ਸਾਰੇ ਹਿੰਦੀ ਆਣ ਜੁੜੇ। ਲੈਕਚਰ ਆਦਿਕ ਹੋ ਚੁੱਕਣ ਮਗਰੋਂ ਆਮ ਰਾਇ ਦਾ ਆਧਾਰ ਪੁਰ ਇਹ ਫੈਸਲਾ ਹੋਇਆ ਕਿ ਨਵੇਂ ਸਿਰਿਓਂ ਫਿਰ ਨਵੀਂ ਚੋਣ ਕਰਕੇ ਇਕ ਬਾਕਾਇਦਾ ਸੁਸਾਇਟੀ ਕਾਇਮ ਕੀਤੀ ਜਾਵੇ ਜਿਸ ਦਾ ਮੁੱਖ ਮੰਤਵ ਹਿੰਦੁਸਤਾਨ ਨੂੰ ਆਜ਼ਾਦ ਕਰਾਉਣਾ ਹੋਵੇ। ਇਸ ਉਦੇਸ਼ ਨੂੰ ਸਾਹਮਣੇ ਰੱਖ ਕੇ ਨਵੀਂ ਚੋਣ ਕੀਤੀ ਗਈ ਤੇ ‘ਹਿੰਦੀ ਮਹਾਂ ਸਭਾ’ ਦੀ ਥਾਂ ਇਸ ਦਾ ਨਾਮ ‘ਹਿੰਦੀ ਐਸੋਸੀਏਸ਼ਨ’ ਰਖਿਆ ਗਿਆ। ਮਗਰੋਂ ਜੋ ਗਦਰ ਪਾਰਟੀ ਨਾਮ ਕਰਕੇ ਮਸ਼ਹੂਰ ਹੋਈ। ਇਸ ਦੇ ਚੀਫ ਸੈਕਟਰੀ ਲਾਲਾ ਹਰਦਿਆਲ ਜੀ, ਪ੍ਰਧਾਨ ਮੈਂ ਤੇ ਮੀਤ ਪ੍ਰਧਾਨ ਭਾ: ਕੇਸਰ ਸਿੰਘ ਜੀ ਅਤੇ ਖਜ਼ਾਨਚੀ ਭਾ: ਕਾਂਸ਼ੀ ਰਾਮ (ਪੰਡਤ) ਜੀ ਥਾਪੇ ਗਏ। ‘ਗ਼ਦਰ ਪਾਰਟੀ’ ਦਾ ਮੁੱਖ ਮੰਤਵ, ਉਸ ਦੇ ਨਿਯਮ, ਉਪ ਨਿਯਮ ਤੇ ਪਾਰਟੀ ਦੇ ਮੈਂਬਰਾਂ ਦੇ ਫਰਜ਼ ਇਕ ਕਮੇਟੀ ਦੀ ਦੀਰਘ ਵਿਚਾਰ ਦੁਆਰਾ ਬਣਾਏ ਗਏ :

ਆਦਰਸ਼ : ਆਜ਼ਾਦੀ ਤੇ ਬਰਾਬਰੀ
1. ਆਜ਼ਾਦੀ ਦਾ ਹਰ ਇਕ ਪਰੇਮੀ, ਬਿਨਾ ਜਾਤ ਪਾਤ ਜਾਂ ਦੇਸ਼ ਕੌਮ ਦੇ ਲਿਹਾਜ਼ ਦੇ ਇਸ ‘ਹਿੰਦੀ ਐਸੋਸੀਏਸ਼ਨ’ ਵਿਚ ਸ਼ਾਮਲ ਹੋ ਸਕਦਾ ਏ।
2. ਗ਼ਦਰ ਪਾਰਟੀ ਦੇ ਹਰ ਇਕ ਸਿਪਾਹੀ ਦਾ ਆਪੋ ਵਿਚ ਦੀ ਕੌਮੀ ਨਾਤਾ ਹੋਵੇਗਾ ਨਾ ਕਿ ਮਜ਼ਬੀ ਅਤੇ ਨਾ ਹੀ ਗ਼ਦਰ ਪਾਰਟੀ ਵਿਚ ਕਦੀ ਮਜ਼ਹਬੀ ਚਰਚਾਵਾਦ ਕੀਤੀ ਜਾਵੇਗੀ। ਆਸਤਕ (ਰੱਬ ਨੂੰ ਮੰਨਣ ਵਾਲੇ) ਨਾਸਤਕ (ਰੱਬ ਤੋਂ ਬੇਮੁਖ) ਹਿੰਦੂ, ਮੁਸਲਮਾਨ, ਸਿੱਖ, ਈਸਾਈ ਆਦਿਕ ਮਜ਼ਹਬੀ ਖਿਆਲਾਂ ਨੂੰ ਲੈ ਕੇ, ਕੋਈ ਆਦਮੀ ‘ਗ਼ਦਰ ਪਾਰਟੀ’ ਵਿਚ ਸ਼ਾਮਲ ਨਹੀਂ ਹੋ ਸਕੇਗਾ। ਹਰ ਇਕ ਹਿੰਦੁਸਤਾਨੀ, ਹਿੰਦੁਸਤਾਨੀ ਹੁੰਦਾ ਹੋਇਆ ਤੇ ਹਰ ਇਕ ਮਨੁੱਖ, ਮਨੁੱਖ ਹੁੰਦਾ ਹੋਇਆ, ਇਸ ਦਾ ਮੈਂਬਰ ਬਣ ਸਕੇਗਾ।’
3. ਖਾਣ ਪੀਣ ਵਲੋਂ ਸਭ ਨੂੰ ਖੁਲ੍ਹ ਹੋਵੇਗੀ। ਭਾਵੇਂ ਕੋਈ ਮਾਸ ਖਾਵੇ ਜਾਂ ਸਬਜ਼ੀ, ਗਾਂ ਭਾਵੇਂ ਸੂਅਰ, ਹਲਾਲ ਖਾਵੇ ਜਾਂ ਝਟਕਾ, ਉਸ ਦੀ ਆਜ਼ਾਦੀ ਵਿਚ ਕਿਸੇ ਨੂੰ ਦਖ਼ਲ ਦੇਣ ਦਾ ਹੱਕ ਨਹੀਂ ਹੋਵੇਗਾ।
4. ਕੋਈ ਇਕ ਆਦਮੀ ਆਪ ਹੁਦਰਾ ਲੀਡਰ ਨਹੀਂ ਸਮਝਿਆ ਜਾਵੇਗਾ ਇਕ ਚੋਣਵੀਂ ਪ੍ਰਬੰਧਕ ਕਮੇਟੀ ਦੇ ਹੱਥ ਵਿਚ ਸਾਰਾ ਕੰਮ ਕਾਜ ਹੋਵੇਗਾ। ਓਹੋ ਕਮੇਟੀ ਆਮ ਖਾਸ ਅਹੁਦਿਆਂ ਲਈ, ਆਪਣੇ ਵਿਚੋਂ ਕੰਮ ਕਰਨ ਵਾਲਿਆਂ ਨੂੰ ਓਹਨਾਂ ਦੇ ਅਹੁਦਿਆਂ ਪੁਰ ਆਮਿ ਰਾਏ ਅਨੁਸਾਰ ਥਾਪੇਗੀ।
5. ਇਸ ਕਮੇਟੀ ਦੇ ਵੀ ਦੋ ਭਾਗ ਹੋਣਗੇ। ਇਕ ਸੈਂਦਕ (ਪਰਗਟ) ਤੇ ਦੂਜਾ ਗੁਪਤ-ਗੁਪਤ ਭਾਗ ਵਿਚ ਤਿੰਨ ਮੈਂਬਰ ਹੋਣਗੇ। ਸਾਰੇ ਗੁਪਤ ਕੰਮਾਂ ਦਾ ਬੋਝ ਉਹਨਾਂ ਤਿੰਨਾਂ ਆਦਮੀਆਂ ਪੁਰ ਹੋਵੇਗਾ, ਬਾਕੀ ਸੈਂਦਕ ਕੰਮ ਪ੍ਰਬੰਧਕ ਕਮੇਟੀ ਦੇ ਪਗਰਟ ਭਾਗ ਦੇ ਹੱਕ ਵਿਚ ਹੋਣਗੇ। ਜਿਤਨਾ ਰੁਪਈਆ ਗੁਪਤ ਕਮੇਟੀ, ਪਰਬੰਧਕ ਕਮੇਟੀ ਪਾਸੋਂ ਮੰਗੇਗੀ ਉਸ ਨੂੰ ਬਿਨਾ ਕੋਈ ਕਾਰਨ ਪੁੱਛਣ ਦੇ ਹੀ ਦੇਣਾ ਹੋਵੇਗਾ ਤੇ ਨਾ ਹੀ ਪਰਬੰਧਕ ਕਮੇਟੀ ਨੂੰ ਇਹ ਹੱਕ ਹੋਵੇਗਾ, ਕਿ ਉਹ ਗੁਪਤ ਕਮੇਟੀ ਨੂੰ ਉਸ ਵਕਤ ਤਕ ਹਿਸਾਬ ਦੇਣ ਲਈ ਮਜ਼ਬੂਰ ਕਰ ਸਕੇ, ਜਦੋਂ ਤਕ ਕਿ ਗੁਪਤ ਕਮੇਟੀ ਖ਼ੁਦ ਹਿਸਾਬ ਕਿਤਾਬ ਦੇਣਾ ਯੋਗ ਨਾ ਸਮਝੇ। ਜੇ ਪਰਬੰਧਕ ਕਮੇਟੀ ਨੂੰ ਗੁਪਤ ਕਮੇਟੀ ਦੇ ਕਿਸੇ ਮੈਂਬਰ ਦੀ ਲਿਆਕਤ ਜਾਂ ਨੀਯਤ ਪੁਰ ਸ਼ੱਕ ਹੋਵੇ, ਤਾਂ ਉਹ ਉਸ ਮੈਂਬਰ ਨੂੰ ਬਦਲਨ ਜਾਂ ਬਰਖਾਸਤ ਕਰਨ ਦਾ ਹੱਕ ਰੱਖਦੀ ਹੈ।
6. ਪਰਬੰਧਕ ਜਾਂ ਗੁਪਤ ਕਮੇਟੀ ਦਾ ਕੋਈ ਮੈਂਬਰ ਜੇ ਬੇਈਮਾਨੀ ਕਰੇਗਾ ਤੇ ਸੁਸਾਇਟੀ ਦਾ ਰੁਪਿਆ ਆਦਿਕ ਖੁਰਦ ਬੁਰਦ ਕਰੇਗਾ, ਜਾਂ ਸੁਸਾਇਟੀ ਦੇ ਭੇਤਾਂ ਨੂੰ ਵੈਰੀਆਂ ਪਾਸ ਪਰਗਟ ਕਰੇਗਾ, ਤਾਂ ਸਿੱਧ ਹੋ ਜਾਣ ਪੁਰ ਉਸ ਨੂੰ ਮੌਤ ਦੀ ਸਜ਼ਾ ਮਿਲੇਗੀ।
7. ਗ਼ਦਰ ਪਾਰਟੀ ਦਾ ਕੋਈ ਮੈਂਬਰ ਕਿਸੇ ਤਰ੍ਹਾਂ ਦਾ ਨਸ਼ਾ ਨਹੀਂ ਵਰਤੇਗਾ।
8. ਹਰ ਇਕ ਮੈਂਬਰ ਨੂੰ ਸੁਸਾਇਟੀ ਦਾ ਹਰ ਇਕ ਹੁਕਮ ਮੰਨਣਾ ਹੋਵੇਗਾ ਜੇ ਕੋਈ ਮੈਂਬਰ ਆਗਿਆ ਪਾਲਣ ਵਿਚ ਢਿਲਾਈ ਕਰੇਗਾ, ਜਾਂ ਕੰਨੀ ਕਤਰਾਏਗਾ ਤਾਂ ਸੁਸਾਇਟੀ ਉਸ ਨੂੰ ਯੋਗ ਸਜ਼ਾ ਦੇਣ ਦੀ ਹੱਕਦਾਰ ਹੈ।
9. ਪਰਗਟ ਖਰਚ ਦੀ ਰਿਪੋਰਟ ਪਰਬੰਧਕ ਕਮੇਟੀ ਹਰ ਮਹੀਨੇ ਪ੍ਰਕਾਸ਼ਤ ਕਰੇਗੀ।
10. ਦਫ਼ਤਰ ਤੇ ਛਾਪਾਖਾਨਾ ਆਦਿਕ ਸਾਰੇ ਪਰਬੰਧਕ ਕਮੇਟੀ ਦੀ ਨਿਗਰਾਨੀ ਵਿਚ ਰਹਿਣਗੇ।
11. ਕਿਸੇ ਮੈਂਬਰ ਨੂੰ ਖਾਸ ਚੰਦਾ ਦੇਣ ਪੁਰ ਮਜਬੂਰ ਨਹੀਂ ਕੀਤਾ ਜਾਵੇਗਾ। ਸਗੋਂ ਹਰ ਇਕ ਮੈਂਬਰ ਦੀ ਮਰਜ਼ੀ ਪੁਰ ਨਿਰਭਰ ਹੋਵੇਗਾ।
12. ਸੁਸਾਇਟੀ ਦਾ ਕੌਮੀ ਬੋਲਾ ‘ਬੰਦੇ ਮਾਤਰਮ’ ਹੋਵੇਗਾ।

ਸਿਪਾਹੀ ਦਾ ਕਰਤੱਬ :
1. ਦੁਨੀਆਂ ਦੇ ਕਿਸੇ ਵੀ ਹਿੱਸੇ ਵਿਚ ਜਿਥੇ ਕਿ ਗੁਲਾਮੀ ਦੇ ਵਿਰੁੱਧ ਜੰਗ ਛਿੜੇ, ਗ਼ਦਰ ਪਾਰਟੀ ਦੇ ਸਿਪਾਹੀ ਦਾ ਫਰਜ਼ ਹੋਵੇਗਾ ਕਿ ਉਹ ਆਜ਼ਾਦੀ ਤੇ ਬਰਾਬਰੀ ਦੇ ਹਾਮੀਆਂ ਦੀ ਹਰ ਤਰ੍ਹਾਂ ਤਨੋ ਮਨੋ ਸਹਾਇਤਾ ਕਰੇ।
2. ਹਿੰਦੁਸਤਾਨੀਆਂ ਦੀ ਆਜ਼ਾਦੀ ਲਈ ਤਨ, ਮਨ, ਧਨ, ਗੱਲ ਕੀ ਜਿਸ ਤਰ੍ਹਾਂ ਦੀ ਵੀ ਕੁਰਬਾਨੀ ਕਰਨੀ ਪਵੇ, ਗ਼ਦਰ ਪਾਰਟੀ ਦਾ ਸਿਪਾਹੀ ਉਸ ਤੋਂ ਅੰਗ ਨਾ ਮੋੜੇਗਾ।
3. ਹਿੰਦੁਸਤਾਨ ਵਿਚੋਂ ਅੰਗਰੇਜ਼ੀ ਤੇ ਇਕ ਪੁਰਖੀ ਰਾਜ ਦੀ ਸਫ ਵਲ੍ਹੇਟ ਕੇ ‘ਇਕ ਮਈ ਪੰਚਾਇਤ’ ਕਾਇਮ ਕਰਨਾ ਹਰ ਇਕ ਮੈਂਬਰ ਦਾ ਪਹਿਲਾ ਫਰਜ਼ ਹੈ।
4. ਬਾਰ ਬਾਰ ਫੇਲ੍ਹ ਹੋਣ ਪੁਰ ਵੀ ਆਪਣੇ ਆਦਰਸ਼ ਤੋਂ ਪਿਛੇ ਨਾ ਹਟਣਾ, ਜਦੋਂ ਤੀਕ ਗ਼ਦਰ ਪਾਰਟੀ ਦਾ ਇਕ ਮੈਂਬਰ ਵੀ ਜਿਉਂਦਾ ਰਹੇ, ਆਪਣੇ ਕੰਮ ਨੂੰ ਬਰਾਬਰ ਜਾਰੀ ਰੱਖਣਾ ਇਸ ਦੀ ਡਿਊਟੀ ਹੈ।

ਭਾ: ਹਰਦਿਆਲ ਉਤੇ ਪੁਲਿਸ ਦਾ ਹਮਲਾ
ਤਰੀਕ ਤਾਂ ਯਾਦ ਨਹੀਂ ਪਰ ਅਪਰੈਲ 1914 ਦੀ ਗੱਲ ਏ ਇਕ ਦਿਨ ਭਾਈ ਹਰਦਿਆਲ ਅਮਰੀਕਨਾਂ ਦੀ ਇਕ ਇਕੱਤਰਤਾ ਵਿਚ ਸਤ ਵਜੇ ਲੈਕਚਰ ਦੇਣ ਲਈ ਜਾ ਰਹੇ ਸਨ। ਜਦੋਂ ਭਾਈ ਹਰਦਿਆਲ ਤੇ ਦੂਜੇ ਸਾਥੀ ਦੇਸ਼ ਭਗਤ ਟਰੇਮ ਕਾਰ ਤੋਂ ਉਤਰ ਕੇ ਉਸ ਮਕਾਨ ਪੁਰ ਚੜ੍ਹਨ ਲੱਗੇ ਜਿਥੇ ਇਕੱਠ ਹੋਣਾ ਸੀ, ਤਾਂ ਫੌਰਨ ਪੁਲਿਸ ਦੀ ਮੋਟਰ ਆ ਖੜੀ ਹੋਈ। ਇਕ ਪੁਲਸੀਏ ਨੇ ਭਾਈ ਹਰਦਿਆਲ ਨੂੰ ਵਰੰਟ ਦਿਖਾ ਕੇ ਆਖਿਆ ਕਿ ‘ਕਿਰਪਾ ਕਰਕੇ ਸਾਡੇ ਨਾਲ ਰਤਾ ਠਾਣੇ ਤੱਕ ਚੱਲੋ।’

ਸੱਭਿਆਰ ਨੂੰ ਉਸ ਦਿਨ ਮੈਂ ਵੀ ਬਾਹਰ ਦੇ ਦੌਰੇ ਦਾ ਕੰਮ ਛੱਡ ਕੇ ਕਿਸੇ ਜ਼ਰੂਰੀ ਕੰਮ ਲਈ ਦਫ਼ਤਰ ਵਿਚ ਆਯਾ ਹੋਇਆ ਸਾਂ ਤੇ ਭਾਈ ਹਰਦਿਆਲ ਦੇ ਆਖੇ ਇਕੱਠ ਦੀ ਕਾਰਵਾਈ ਦੇਖਣ ਲਈ ਨਾਲ ਆ ਗਿਆ ਸਾਂ। ਪੁਲਿਸ ਵਾਲੇ ਭਾਈ ਹਰਦਿਆਲ ਨੂੰ ਆਪਣੀ ਮੋਟਰ ਵਿਚ ਬਿਠਾਉਣ ਹੀ ਲੱਗੇ ਸਨ ਕਿ ਦੇਸ਼ ਭਗਤਾਂ ਨੇ ਝਟ ਜੇਬਾਂ ‘ਚੋਂ ਪਿਸਤੌਲ ਕੱਢ ਲਏ ਤੇ ਮਰਨ ਮਾਰਨ ਲਈ ਤਿਆਰ ਹੋ ਗਏ। ਭਾਈ ਕਰਤਾਰ ਸਿੰਘ ਨੂੰ ਮੈਂ ਅੱਖ ਦੀ ਸੈਨਤ ਨਾਲ ਨਾ ਰੋਕਦਾ, ਤਾਂ ਕਿਸੇ ਦਾ ਕੌਡਾ ਜ਼ਰੂਰ ਚਿੱਤ ਕਰ ਦੇਂਦਾ। ਇਸ ਉਦਮ ਨੂੰ ਵੇਖਦੇ ਪੁਲਿਸ ਵਾਲੇ ਸਮਝ ਗਏ ਕਿ ਇਸ ਮੌਕੇ ਭਾਈ ਹਰਦਿਆਲ ਨੂੰ ਹੱਥ ਪਾਇਆ ਤਾਂ ਜ਼ਰੂਰ ਕਈ ਜਾਨਾਂ ਜਾਣਗੀਆਂ। ਇਹ ਸੋਚ ਕੇ ਪੁਲਿਸ ਨੇ ਭਾਈ ਹਰਦਿਆਲ ਨੂੰ ਕਿਹਾ ਕਿ ‘ਆਪ ਵਾਰੰਟ ਪੁਰ ਸਹੀ ਪਾ ਦਿਓ ਤੇ ਭਲਕੇ ਅਦਾਲਤ ਵਿਚ ਹਾਜ਼ਰ ਹੋ ਕੇ ਮੁਕੱਦਮੇ ਦੇ ਫੈਸਲੇ ਹਾਜ਼ਰ ਜ਼ਮਾਨਤ ਦਾਖਲ ਕਰ ਦਿਓ।’ ਭਾਈ ਹਰਦਿਆਲ ਨੇ ਵਾਰੰਟ ਪੁਰ ਦਸਤਖਤ ਕਰ ਦਿਤੇ ਤੇ ਪੁਲਿਸ ਮੁੜ ਗਈ।

ਭਾਈ ਹਰਦਿਆਲ ਦੇ ਕਈ ਅਮਰੀਕਨ ਮਿੱਤਰਾਂ ਨੇ, ਅਮਰੀਕਾ ਤੋਂ ਅੰਗਰੇਜ਼ੀ ਗੌਰਨਮੈਂਟ ਦੀ ਅੰਦਰਲੀ ਪਾਲਿਸੀ ਪੁਰ ਵਿਚਾਰ ਕਰਦਿਆਂ ਹੋਇਆਂ, ਉਹਨਾਂ ਨੂੰ ਇਹ ਸਲਾਹ ਦਿੱਤੀ ਕਿ ‘ਤੁਹਾਡਾ ਹੁਣ ਅਮਰੀਕਾ ਵਿਚ ਰਹਿਣਾ ਖਤਰੇ ਤੋਂ ਖਾਲੀ ਨਹੀਂ ਹੈ।’ ਆਖਰ ਭਾਈ ਹਰਦਿਆਲ ਨੇ ਇਹ ਮਾਮਲਾ ਕਮੇਟੀ ਦੇ ਰੂਬਰੂ ਪੇਸ਼ ਕੀਤਾ। ਕਮੇਟੀ ਨੇ ਵੀ ਭਾਈ ਹਰਦਿਆਲ ਨੂੰ ਅਮਰੀਕਾ ਤੋਂ ਬਚਕੇ ਕੱਢ ਦੇਣਾ ਹੀ ਯੋਗ ਸਮਝਿਆ, ਤੇ ਉਹਨਾਂ ਦੇ ਸਫਰ ਖਰਚ ਤੇ ਜ਼ਰੂਰੀ ਸਮਾਨ ਦਾ ਪੂਰਾ ਪੂਰਾ ਪ੍ਰਬੰਧ ਕਰ ਦਿਤਾ ਅਤੇ ‘ਨਕਦ ਡਾਲਰ ਵੀ ਕਾਫੀ ਦੇ ਦਿੱਤੇ।’ ਜ਼ਮਾਨਤ ਵਾਲਾ ਇਕ ਹਜ਼ਾਰ ਡਾਲਰ ਵੀ ਅਦਾਲਤ ਵਿਚ ਹੀ ਛੱਡ ਦਿੱਤਾ। ਗੱਲ ਕੀ, ਪੂਰੀ ਰਾਖੀ ਨਾਲ ਆਪ ਨੂੰ ਅਮਰੀਕਾ ਤੋਂ ਸਵਿਟਜ਼ਰਲੈਂਡ ਘਲ ਦਿੱਤਾ। ਭਾਈ ਹਰਦਿਆਲ ਨੂੰ ਵਾਲ ਵਾਲ ਬਚਾ ਕੇ ਅਮਰੀਕਾ ਤੋਂ ਸੋਸਾਇਟੀ ਆਪਣੇ ਫਰਜ਼ਾਂ ਤੋਂ ਸਰਖਰੂ ਹੋ ਗਈ।

ਭਾਈ ਹਰਦਿਆਲ ਜਦੋਂ ਸਾਡੇ ਕੋਲੋਂ ਵਿਦਾ ਹੋਣ ਲੱਗੇ ਤਾਂ ਮੈਨੂੰ ਵੱਖਰਿਆਂ ਸੱਦ ਕੇ ਆਖਿਓ ਨੇ : ‘ਰਾਮ ਚੰਦਰ ਜੋ ਆਸ਼ਰਮ ਵਿਚ ਰਹਿੰਦਾ ਏ ਤਿਆਗੀ ਬੰਦਾ ਨਹੀਂ ਹੈ, ਆਪਨੇ ਉਸ ਦਾ ਖਿਆਲ ਰੱਖਣਾ।’ ਭਾਈ ਹਰਦਿਆਲ ਦਾ ਕਿਆਸ ਬਿਲਕੁਲ ਠੀਕ ਨਿਕਲਿਆ। ਅਖੀਰ ਰਾਮ ਚੰਦਰ ਮਾਯਾ ਉਤੇ ਡੁਲ੍ਹ ਪਿਆ। ਭਾਈ ਹਰਦਿਆਲ ਦੇ ਤਿਆਗ ਦੀ ਸਲਾਹੁਤ ਉਨ੍ਹਾਂ ਦੇ ਵੈਰੀਆਂ ਨੂੰ ਵੀ ਕਰਨੀ ਪੈਂਦੀ ਹੈ। ਜੇ ਓਹਨਾਂ ਵਿਚ ਕੋਈ ਘਾਟਾ ਹੈ, ਤਾਂ ਸਿਰਫ ਦ੍ਰਿੜਤਾ ਦਾ ਹੀ ਹੈ। ਉਹ ਕਿਸੇ ਇਕ ਨਿਸ਼ਾਨੇ ਪੁਰ ਡਟਕੇ ਕੰਮ ਨਹੀਂ ਕਰ ਸਕਦੇ। ਨਹੀਂ ਤਾਂ ਓਹਨਾਂ ਦੀ ਲਿਆਕਤ ਅਤੇ ਤਿਆਗ-ਬਿਰਤੀ ਉਤੇ ਕਿਸੇ ਨੂੰ ਸ਼ਕ ਨਹੀਂ ਹੋ ਸਕਦਾ। ਸੁਸਾਇਟੀ ਜਦੋਂ ਆਪ ਨੂੰ ਰੋਟੀ ਕਪੜੇ ਤੋਂ ਬਿਨਾਂ 15 ਡਾਲਰ ਮਹੀਨਾ ਖਰਚ ਦੇਂਦੀ ਹੁੰਦੀ ਸੀ ਤਾਂ ਉਹ ਸਿਰਫ ਪੰਜ ਡਾਲਰ ਖਰਚ ਕੀਤਾ ਕਰਦੇ ਸਨ। ਬਾਕੀ ਦਸ ਡਾਲਰ ਉਹ ਸਹਾਇਤਾ ਵਜੋਂ ਸੁਸਾਇਟੀ ਨੂੰ ਹੀ ਮੋੜ ਦਿੱਤਾ ਕਰਦੇ ਸਨ। ਉਹਨਾਂ ਦਾ ਜੀਵਨ ਬਿਲਕੁਲ ਸਾਦਾ ਸੀ, ਉਹ ਘੱਟ ਤੋਂ ਘੱਟ ਖਰਚ ਪੁਰ ਆਪਣਾ ਜੀਵਨ ਬਤੀਤ ਕਰਦੇ ਸਨ।

ਹਰਦਿਆਲ ਦੇ ਚਲੇ ਜਾਣ ਮਗਰੋਂ ਸਾਡੇ ਵਿਰੋਧੀਆਂ ਨੂੰ ਨਿਸ਼ਚਾ ਸੀ, ਕਿ ਗ਼ਦਰ ਪਾਰਟੀ ਤਿੱਤਰ ਬਿੱਤਰ ਹੋ ਜਾਵੇਗੀ ਤੇ ਅਖ਼ਬਾਰ ਵੀ ਨਹੀਂ ਚਲ ਸਕੇਗਾ। ਐਪਰ ਓਹਨਾਂ ਦਾ ਇਹ ਖਿਆਲ ਕੱਚਾ ਤੇ ਅਲੜ੍ਹਪੁਣੇ ਦਾ ਨਤੀਜਾ ਸੀ। ਆਖਰ ਓਹਨਾਂ ਦਾ ਇਹ ਖਿਆਲ ਗ਼ਲਤ ਸਾਬਤ ਹੋਇਆ। ਸੁਸਾਇਟੀ ਦਾ ਜੋਸ਼ ਠੰਢਾ ਪੈ ਜਾਣ ਦੀ ਥਾਂ ਹੋਰ ਵਧ ਗਿਆ। ਅਖ਼ਬਾਰ ਬੰਦ ਤਾਂ ਕੀ ਹੋਣਾ ਸੀ ਸਗੋਂ ਹੋਰ ਉਨਤੀ ਕਰ ਗਿਆ। ਭਾਈ ਹਰਦਿਆਲ ਦੇ ਹੁੰਦਿਆਂ ਹੋਇਆਂ ਹੀ ਅਖ਼ਬਾਰ ਸਿਰਫ ਉਰਦੂ ਤੇ ਪੰਜਾਬੀ ਵਿਚ ਛਪਦਾ ਸੀ ਪਰ ਹੁਣ ਉਰਦੂ, ਪੰਜਾਬੀ, ਹਿੰਦੀ ਤੇ ਗੁਜਰਾਤੀ ਆਦਿਕ ਬੋਲੀਆਂ ਵਿਚ ਵੀ ਛਪਣ ਲੱਗ ਪਿਆ। ਇਸ ਤਰ੍ਹਾਂ ਸਾਡੇ ਵਿਰੋਧੀਆਂ ਦੀਆਂ ਆਸਾਂ ਉਮੈਦਾਂ ਪੁਰ ਪਾਣੀ ਫਿਰ ਗਿਆ। ਓਹਨਾਂ ਨੂੰ ਏਨਾ ਹੀ ਪਤਾ ਸੀ ਕਿ ਸਿਰਫ ਭਾਈ ਹਰਦਿਆਲ ਇਸ ਲਹਿਰ ਨੂੰ ਚਲਾਣ ਵਾਲਾ ਹੈ। ਉਹਨਾਂ ਨੂੰ ਇਸ ਗੱਲ ਦਾ ਕੋਈ ਪਤਾ ਨਹੀਂ ਸੀ ਕਿ ਭਾਈ ਹਰਦਿਆਲ ਤਾਂ ਐਡੀਟਰੀ ਤੋਂ ਛੁੱਟ ਹੋਰ ਕੁਝ ਵੀ ਨਹੀਂ ਕਰਦੇ ਤੇ ਨਾ ਹੀ ਕਰ ਸਕਦੇ ਨੇ। ਉਹ ਇਹ ਵੀ ਨਹੀਂ ਸਨ ਜਾਣਦੇ ਕਿ ਇਸ ਕੰਮ ਨੂੰ ਚਲਾਣ ਵਾਲੀ ਇਕ ਬਕਾਇਦਾ ਸੁਸਾਇਟੀ ਹੈ ਨਾ ਕਿ ਇਕ ਆਦਮੀ, ਹਾਂ ਜੇ ਆਮ ਹਿੰਦੀ ਅਮਰੀਕਾ ਤੋਂ ਕੱਢੇ ਜਾਂਦੇ ਤਾਂ ਅਖ਼ਬਾਰ ਤੇ ਕੰਮ ਬੰਦ ਹੋ ਸਕਦਾ ਸੀ ਨਹੀਂ ਤਾਂ ਕਦੀ ਨਹੀਂ। ਇਕ ਦੋ ਜਾਂ ਚਾਰ ਆਦਮੀ ਕੱਢਣ ਨਾਲ ਸੁਸਾਇਟੀ ਦਾ ਕੁਝ ਨਹੀਂ ਸੀ ਖੁੱਸਦਾ।

ਭਾਈ ਹਰਦਿਆਲ ਦੇ ਚਲੇ ਜਾਣ ਮਗਰੋਂ ਸੁਸਾਇਟੀ ਨੂੰ ਐਡੀਟਰ ਦੀ ਲੋੜ ਸੀ। ਸੋ ਕਮੇਟੀ ਨੇ ਰਾਮ ਚੰਦਰ ਨੂੰ ਐਡੀਟਰੀ ਦਾ ਕੰਮ ਸੌਂਪ ਦਿੱਤਾ। ਉਰਦੂ ਰਾਮ ਚੰਦਰ ਲਿਖਦਾ ਹੁੰਦਾ ਸੀ ਤੇ ਪੰਜਾਬ ਕਰਤਾਰ ਸਿੰਘ (ਸਰਾਭਾ) ਅਤੇ ਗੁਜਰਾਤੀ ਲਿਖਣ ਪੁਰ ਭਾਈ ਖੇਮ ਚੰਦਰ ਟਿਕਿਆ ਗਿਆ।

ਜਦੋਂ ਸੁਸਾਇਟੀ ਅਖ਼ਬਾਰ ਦਾ ਪ੍ਰਬੰਧ ਕਰ ਚੁੱਕੀ ਸੀ ਤਾਂ ਦੂਜੀ ਲੋੜ ਇਕ ਚੀਫ ਸੈਕਟਰੀ ਦੀ ਸੀ। ਕਿਉਂ ਜੋ ਐਡੀਟਰੀ ਤੇ ਚੀਫ ਸੈਕਟਰੀ ਦਾ ਕੰਮ ਭਾਈ ਹਰਦਿਆਲ ਦੇ ਜ਼ਿਮੇ ਹੀ ਸੀ। ਹੁਣ ਦੋਵੇਂ ਕੰਮ ਸੁਸਾਇਟੀ ਨੇ ਦੋ ਆਦਮੀਆਂ ਦੇ ਸਪੁਰਦ ਕਰਨੇ ਹੀ ਮੁਨਾਸਿਬ ਸਮਝੇ। ਸੁਸਾਇਟੀ ਦੇ ਚੰਗੇ ਭਾਗਾਂ ਨੂੰ ਚੀਫ ਸੈਕਟਰੀ ਇਕ ਐਹੋ ਜੇਹੇ ਸੱਚੇ ਦੇਸ਼ ਭਗਤ ਤਿਆਗੀ ਚੁਣੇ ਗਏ, ਜਿਨ੍ਹਾਂ ਦੀ ਦ੍ਹਿੜਤਾ, ਸਚਾਈ, ਆਸ ਤੇ ਤਿਆਗ ਦਾ ਟਾਕਰਾ ਭਾਈ ਹਰਦਿਆਲ ਵੀ ਨਹੀਂ ਸੀ ਕਰ ਸਕਦਾ। ਉਸ ਸੱਚੇ ਦੇਸ਼ ਭਗਤ ਦਾ ਪਵਿੱਤਰ ਨਾਮ ਭਾਈ ਸੰਤੋਖ ਸਿੰਘ ਜੀ ਸੀ, ਜਿਨ੍ਹਾਂ ਨੇ ਅਮਰੀਕਾ ਤੋਂ ਮੁੜ ਕੇ ਅੰਮ੍ਰਿਤਸਰੋਂ ਗਰੀਬਾਂ ਦੇ ਸੱਚੇ ਹਮਦਰਦ ਮਾਸਕ ਪੱਤਰ ‘ਕਿਰਤੀ’ ਨੂੰ ਜਨਮ ਦਿੱਤਾ। ਭਾਈ ਸੰੋਤਖ ਸਿੰਘ ਜੀ ਦੀ ਉਸਤਤੀ ਤੇ ਉਹਨਾਂ ਦੇ ਗੁਣਾਂ ਦੀ ਫੋਟੋ ਖਿਚਣਾ ਮੇਰੀ ਲੇਖਣੀ ਦੇ ਬਲ ਤੋਂ ਬਾਹਰ ਹੈ। ਉਹ ਸਾਰੇ ਦੇਸ਼ ਭਗਤ, ਜੋ ਉਹਨਾਂ ਨਾਲ ਮਿਲ ਕੇ ਕੰਮ ਕਰਦੇ ਰਹੇ ਹਨ, ਭਾਈ ਸਾਹਿਬ ਦੇ ਗੁਣਾਂ ਨੂੰ ਚੰਗੀ ਤਰ੍ਹਾਂ ਜਾਣਦੇ ਹਨ। ਸੱਚ ਤਾਂ ਇਹ ਹੈ ਕਿ ਭਾਈ ਸੰਤੋਖ ਸਿੰਘ ਜੀ ਵਰਗੇ ਸੱਚੇ ਦੇਸ਼ ਭਗਤ ਤੇ ਕੰਮ ਕਰਨ ਵਾਲੇ ਸੰਸਾਰ ਵਿਚ ਵਿਰਲੇ ਹੀ ਹਨ।

ਜਦੋਂ ਭਾਈ ਹਰਦਿਆਲ ਅਮਰੀਕਾ ਤੋਂ ਚਲੇ ਗਏ ਸਨ ਤਾਂ ਓਹਨਾਂ ਦੀ ਥਾਂ ਭਾਈ ਸੰਤੋਖ ਸਿੰਘ ਚੀਫ ਸੈਕਟਰੀ ਥਾਪੇ ਗਏ ਸਨ ਤਾਂ ਸਾਰਾ ਕੰਮ ਓਹਨਾਂ ਦੇ ਹੱਥ ਵਿਚ ਸੀ। ਭਾਈ ਸੰਤੋਖ ਸਿੰਘ ਜੀ ਤੋਂ ਬਿਨਾਂ ਭਾਈ ਹਰਦਿਆਲ ਤੋਂ ਮਗਰੋਂ ਮੈਂ ਓਥੇ ਹਾਜ਼ਰ ਰਹਿੰਦਾ ਸਾਂ ਤੇ ਸਾਰੇ ਕੰਮ ਆਪਣੀ ਨਿਗਰਾਨੀ ਵਿਚ ਕਰਵਾਉਂਦਾ ਸਾਂ। ਰਾਮਚੰਦਰ ਤਾਂ ਸਿਰਫ ਇਕ ਤਨਖ਼ਾਹਦਾਰ ਐਡੀਟਰ ਸੀ। ਭਾਈ ਹਰਦਿਆਲ ਤੋਂ ਮਗਰੋਂ ਨਵੇਂ ਚੀਫ ਸੈਕਟਰੀ ਭਾਈ ਸੰਤੋਖ ਸਿੰਘ ਜੀ ਦੀ ਸਚਾਈ, ਕੁਰਬਾਨੀ ਤੇ ਘਾਲਣਾ ਨੇ ਅਮਰੀਕਨ ਗ਼ਦਰ ਪਾਰਟੀ ਨੂੰ ਬਹੁਤ ਉੱਚਿਆ ਕੀਤਾ। ਭਾਈ ਹਰਦਿਆਲ ਉਤੇ ਤਾਂ ਕਈ ਪਾਸਿਆਂ ਤੋਂ ਟੀਕਾ ਟਿਪਣੀ ਵੀ ਹੋ ਸਕਦੀ ਹੈ ਪਰ ਭਾਈ ਸੰਤੋਖ ਸਿੰਘ ਅਜਿਹੇ ਸੱਚੇ ਹੀਰੇ ਸੀ, ਜਿਸ ਦੀ ਦ੍ਰਿੜਤਾ ਤੇ ਕੁਰਬਾਨੀ ਉਤੇ ਵੈਰੀਆਂ ਨੂੰ ਵੀ ਵਾਹ ਵਾਹ ਕਰਨਾ ਪੈਂਦਾ ਸੀ।

ਜਿਨ੍ਹੀਂ ਦਿਨੀਂ ਭਾਈ ਸੰਤੋਖ ਸਿੰਘ ਜੀ ਨੂੰ ਚੀਫ ਸੈਕਟਰੀ ਥਾਪਿਆ ਗਿਆ ਸੀ, ਓਹਨੀਂ ਦਿਨੀਂ ਉਹ ਕੈਲੇਫੋਰਨੀਆ ਵਿਚ ਜ਼ਮੀਨ ਠੇਕੇ ‘ਤੇ ਲੈ ਕੇ ਭਾਈ ਵਿਸਾਖਾ ਸਿੰਘ ਜੀ ਨਾਲ ਮਿਲ ਕੇ ਆਲੂ ਲਵਾ ਰਹੇ ਸਨ। ਜਦੋਂ ਮੈਂ ਉਹਨਾਂ ਦੇ ਪਾਸ ਪੁੱਜਾ ਤਾਂ ਸੁਸਾਇਟੀ ਵਿਚ ਉਹਨਾਂ ਨੂੰ ਕੰਮ ਕਰਨ ਲਈ ਕਿਹਾ ਤਾਂ ਓਹਨਾਂ ਉੱਤਰ ਦਿਤਾ, ‘ਆਪਣੀ ਸਭਾ ਵਿਚ ਮੇਰੇ ਨਾਲੋਂ ਹੱਛੇ ਹੱਛੇ ਕੰਮ ਕਰਨ ਵਾਲੇ ਦੇਸ਼ ਭਗਤ ਹੈਗੇ ਨੇ, ਆਪ ਮੈਨੂੰ ਇਸ ਵਾਹੀ ਸਾਹੀ ਦੇ ਧੰਦੇ ਵਿਚ ਰੁਝਿਆ ਰਹਿਣ ਦਿਓ। ਇਸ ਕੰਮ ਵਿਚੋਂ ਮੈਂ ਰੁਪਿਆ ਕਮਾਕੇ ਵਿਤੁ ਅਨੁਸਾਰ ਸੁਸਾਇਟੀ ਨੂੰ ਸਹਾਇਤਾ ਦੇਂਦਾ ਰਹਾਂਗਾ।’ ਐਪਰ ਮੈਂ ਚੰਗੀ ਤਰ੍ਹਾਂ ਜਾਣਦਾ ਸਾਂ, ਕਿ ਉਹ ਕਿਹੋ ਜਿਹੇ ਸੱਚੇ ਦੇਸ਼ ਭਗਤ ਤੇ ਕੰਮ ਕਰਨ ਵਾਲੇ ਸੱਜਣ ਹਨ। ਇਸ ਲਈ ਮੈਂ ਤਿੰਨ ਕੁ ਦਿਨ ਓਹਨਾਂ ਨਾਲ ਕੌਮੀ ਹਾਣ ਲਾਭ ਸਬੰਧੀ ਚਰਚਾ ਕਰਦਾ ਰਿਹਾ। ਆਖਰ ਉਹਨਾਂ ਨੇ ਸੁਸਾਇਟੀ ਵਿਚ ਕੰਮ ਕਰਨਾ ਮੰਨ ਲਿਆ ਤੇ ਇਸ ਇਕੱਤਰਤਾ ਵਿਚ ਉਹ ਚੀਫ ਸੈਕਰੇਟਰੀ ਵੀ ਚੁਣੇ ਗਏ। ਹੁਣ ਓਹਨਾਂ ਨੇ ਆਪਣਾ ਸਾਰਾ ਵਕਤ ਤੇ ਜੀਵਨ ਸੁਸਾਇਟੀ ਨੂੰ ਅਰਪਨ ਕਰ ਦਿੱਤਾ ਤੇ ਖੂਬ ਡਟਕੇ ਕੰਮ ਕਰਨ ਲੱਗ ਪਏ।

ਸਟਾਕਟਨ ਵਿਚ ਹਿੰਦੀ ਸਿਰਲੱਥਾਂ ਦਾ ਭਾਰਾ ਰਾਜਸੀ ਦੀਵਾਨ
1914 ਦੇ ਫਰਵਰੀ ਮਹੀਨੇ ਸਟਾਕਟਨ (ਕੈਲੀਫੋਰਨੀਆ) ਵਿਚ ਭਾਈ ਕਰਤਾਰ ਸਿੰਘ ਸਰਾਭਾ, ਭਾਈ ਜਵਾਲਾ ਸਿੰਘ, ਭਾਈ ਵਿਸਾਖਾ ਸਿੰਘ ਤੇ ਭਾਈ ਕਰਮ ਸਿੰਘ ਆਦਿਕ ਦੇਸ਼ ਭਗਤਾਂ ਦੇ ਉਦਮ ਨਾਲ ਇਕ ਦੀਵਾਨ ਰਖਿਆ ਗਿਆ। ਇਸ਼ਤਿਹਾਰਾਂ ਰਾਹੀਂ ਅਮਰੀਕਾ ਦੇ ਸਾਰੇ ਹਿੰਦੀਆਂ ਪਾਸ ਇਸ ਦੀਵਾਨ ਨੂੰ ਸੋਭਾ ਦੇਣ ਲਈ ਬੇਨਤੀ ਕੀਤੀ ਗਈ। ਓਰੀਗਨ ਸਟੇਟ ਦੇ ਸਾਰੇ ਹਿੰਦੀਆਂ ਨੇ ਮੈਨੂੰ ਤੇ ਭਾਈ ਕੇਸਰ ਸਿੰਘ ਨੂੰ ਇਸ ਦੀਵਾਨ ਵਿਚ ਸ਼ਾਮਲ ਹੋਣ ਲਈ ਚੁਣਿਆ। ਭਾਈ ਭਗਤ ਸਿੰਘ (ਮਸ਼ਾਹੂਰ ਗਾਂਧਾ ਸਿੰਘ) ਮੁਨਸ਼ੀ ਰਾਮ ਸਕੱਤਰ ਅਸਟੋਰੀਆ ਬਰਾਂਚ ਤੇ ਇਕ ਹੋਰ ਦੇਸ਼ ਭਗਤ ਵੀ ਆਪਣੀ ਖੁਸ਼ੀ ਨਾਲ ਇਸ ਦੀਵਾਨ ਦੀ ਕਾਰਵਾਈ ਦੇਖਣ ਲਈ ਸਾਡੇ ਨਾਲ ਰਲ ਗਏ।

ਅਸੀਂ ਪੰਜ ਦੀਵਾਨ ਦੇ ਟਿੱਕੇ ਗਏ ਦਿਨ ਤੋਂ ਇਕ ਦਿਨ ਪਹਿਲਾਂ ਸਾਨ ਫਰਾਂਸਿਸਕੋ ਪੁੱਜ ਗਏ ਭਾਈ ਹਰਦਿਆਲ ਓਹਨੀਂ ਦਿਨੀਂ ਵਿਚ ਡੈਪੂਟੇਸ਼ਨ ਨਾਲ ਗਏ ਹੋਏ ਸਨ, ਜੋ ਸਟਾਕਟਨ ਗੁਰਦੁਆਰਾ ਕਮੇਟੀ ਵਲੋਂ ਅਮਰੀਕਾ ਦੇ ਪ੍ਰੈਜੀਡੈਂਟ ਪਾਸ ਇਸ ਵਾਸਤੇ ਗਿਆ ਸੀ ਕਿ ਉਹ ਹਿੰਦੁਸਤਾਨੀਆਂ ਨੂੰ ਵੀ ਹੋਰਨਾਂ ਮੁਲਕਾਂ ਦੇ ਲੋਕਾਂ ਵਾਂਗੂ ਅਮਰੀਕਾ ਵਿਚ ਦਾਖ਼ਲ ਹੋਣ ਦੇਣ। ਇਸ ਡੈਪੂਟੇਸ਼ਨ ਦੀ ਮੁਲਾਕਾਤ ਪ੍ਰੈਜ਼ੀਡੈਂਟ ਨਾਲ ਤਾਂ ਨਾ ਹੋ ਸਕੀ, ਹਾਂ ਚੀਫ ਸੈਕਟਰੀ ਮਿ : ਬ੍ਰਾਊਨ ਨਾਲ ਮੁਲਾਕਾਤ ਹੋਈ। ਉਸ ਨੇ ਉਤਰ ਦਿਤਾ ਕਿ ਜੇ ਚੀਨ ਤੇ ਜਪਾਨ ਆਦਿਕ ਦੇਸ਼ਾਂ ਵਾਂਗੂ ਆਪਨੇ ਗੌਰਨਮੈਂਟ ਵੀ ਸਾਡੇ ਨਾਲ ਇਹ ਫੈਸਲਾ ਕਰ ਲਵੇ ਕਿ ਹਿੰਦੁਸਤਾਨੀਆਂ ਦੀ ਏਨੀ ਗਿਣਤੀ ਹਰ ਸਾਲ ਅਮਰੀਕਾ ਵਿਚ ਆਯਾ ਕਰੇਗੀ ਤਾਂ ਸਾਨੂੰ ਕੋਈ ਉਜਰ ਨਹੀਂ ਹੋਵੇਗਾ। ਅਮਰੀਕਾ ਗੌਰਨਮੈਂਟ ਇਸਦੇ ਵਾਸਤੇ ਤਿਆਰ ਹੈ। ਪਰ ਇਹ ਓਹਨਾਂ ਦਾ ਸਿਆਣਪ ਭਰਿਆ ਉਤਰ ਸੀ। ਮਿ: ਬ੍ਰਾਊਨ ਚੰਗੀ ਤਰ੍ਹਾਂ ਜਾਣਦਾ ਸੀ ਕਿ ਅੰਗਰੇਜ਼ੀ ਗੌਰਨਮੇਂਟ ਹਿੰਦੁਸਤਾਨੀਆਂ ਵਾਸਤੇ ਅਮਰੀਕਾ ਨਾਲ ਅਜਿਹਾ ਫੈਸਲਾ ਕਰਨ ਲਈ ਕਦੀ ਤਿਆਰ ਨਾ ਹੋਵੇਗੀ ਕਿਉਂ ਜੋ ਅੰਗਰੇਜ਼ੀ ਗੌਰਨਮੈਂਟ ਹਿੰਦੁਸਤਾਨੀਆਂ ਦਾ ਬਾਹਰ ਆਜ਼ਾਦ ਦੇਸ਼ਾਂ ਵਿਚ ਜਾਣਾ ਕਦੀ ਪਸੰਦ ਨਹੀਂ ਕਰਦੀ। ਉਸ ਨੂੰ ਸਦਾ ਇਹੋ ਭੈਅ ਰਹਿੰਦਾ ਏ ਕਿ ਹਿੰਦੁਸਤਾਨੀ ਕਿਤੇ ਆਜ਼ਾਦ ਦੇਸ਼ਾਂ ਦੀ ਹਵਾ ਨਾ ਖਾ ਜਾਣ। ਜਿਸਤੋਂ ਉਹਨਾਂ ਦੇ ਸਿਰ ਵਿਚ ਆਜ਼ਾਦੀ ਦਾ ਪਾਗਲਪਨ ਸਮਾ ਜਾਵੇ, ਚੀਫ ਸੈਕਟਰੀ ਅਮਰੀਕਾ ਇਹਨਾਂ ਗੱਲਾਂ ਦਾ ਖੂਬ ਜਾਣੂ ਸੀ ਕਿ Ḕਨਾ ਨੌਂ ਮਣ ਤੇਲ ਇਕੱਠਾ ਹੋਵੇ ਤੇ ਨਾ ਹੀ ਰਾਧਕਾ ਨੱਚੇ’। ਖੈਰ ਕੁਝ ਵੀ ਹੋਇਆ ਪਰ ਗੁਰਦੁਆਰਾ ਕਮੇਟੀ ਦਾ ਇਹ ਉਦਮ ਨੇਕ ਨੀਤੀ ਤੇ ਦੇਸ਼ ਪਰੇਮ ਵਿਚ ਭਿੱਜਾ ਹੋਇਆ ਸੀ। ਗੁਰਦੁਆਰਾ ਕਮੇਟੀ ਵਿਚ ਵੀ ਅਕਸਰ ਦੇਸ਼ ਕੌਮ ਦੇ ਦਰਦੀ ਹੱਛੇ ਹੱਛੇ ਆਦਮੀ ਮੌਜੂਦ ਸਨ। ਗੁਰਦੁਆਰਾ ਕਮੇਟੀ ਦੇ ਪ੍ਰਧਾਨ ਭਾਈ ਧਰਮ ਸਿੰਘ ਜੀ, ਚੀਫ ਸਕੱਤਰ ਸੰਤ ਤਾਰਾ ਸਿੰਘ ਜੀ ਤੇ ਕਈ ਹੋਰ ਮੈਂਬਰ ਵੀ ਇਸ ਦੀਵਾਨ ਵਿਚ ਸ਼ਾਮਲ ਹੋਣ ਲਈ ਆਏ। ਉਹਨਾਂ ਸਾਰਿਆਂ ਨਾਲ ਸਾਡੀ ਮੁਲਾਕਾਤ ਹੋਈ। ਦੋ ਤਿੰਨ ਦਿਨ ਮਗਰੋਂ ਭਾਈ ਹਰਦਿਆਲ ਵੀ ਵਾਪਸ ਆ ਗਏ।

ਕੈਲੇਫੋਰਨੀਆ ਦੇ ਕੰਮ ‘ਚ ਅੜਿੱਕੇ
ਮੈਂ ਉਪਰ ਦੱਸ ਆਇਆ ਹਾਂ, ਕਿ ਕੈਲੇਫੋਰਨੀਆ ਨਾਲੋਂ ਓਰੀਗਨ ਸਟੇਟ ਵਿਚ ਜਥੇਬੰਦੀ ਪਹਿਲਾਂ ਹੋ ਗਈ ਸੀ ਤੇ ਪਹਿਲਾਂ ਪਹਿਲਾਂ ਅਖਬਾਰ ਵਾਸਤੇ ਰੁਪਿਆ ਵੀ ਓਰੀਗਨ ਸਟੇਟ ਦੇ ਹਿੰਦੀਆਂ ਨੇ ਹੀ ਦਿਤਾ ਸੀ। ਜਦੋਂ ਫਰਵਰੀ 1914 ਵਿਚ ਮੈਂ ਕੈਲੇਫੋਰਨੀਆ ਪੁੱਜਾ, ਤਾਂ ਉਸ ਵਕਤ ਉਥੋਂ ਦੇ ਹਿੰਦੀਆਂ ਵਿਚ ਕੋਈ ਬਕਾਇਦਾ ਜਥੇਬੰਦੀ ਨਹੀਂ ਸੀ। ਇਸ ਜਥੇਬੰਦੀ ਦੇ ਨਾ ਹੋਣ ਦਾ ਕਾਰਨ ਇਹ ਸੀ ਕਿ ਇਕ ਤਾਂ ਦੋਹਾਂ ਥਾਵਾਂ ਦੇ ਹਿੰਦੀਆਂ ਦੀ ਰਿਹਾਇਸ਼ ਤੇ ਕੰਮ ਵਿਚ ਜ਼ਮੀਨ ਅਸਮਾਨ ਦਾ ਫਰਕ ਸੀ। ਓਰੀਗਨ ਸਟੇਟ ਦੇ ਹਿੰਦੀ ਸਦਾ ਇਕ ਥਾਂ ਕਾਰਖਾਨਿਆਂ ਵਿਚ ਕੰਮ ਕਰਦੇ ਘਰ ਵਾਂਗੂੰ ਰਹਿੰਦੇ ਤੇ ਹਰ ਸਾਤੇ ਆਪੋ ਆਪਣੇ ਕਾਰਖਾਨਿਆਂ ਵਿਚ ਇਕੱਠ ਕਰ ਲੈਂਦੇ ਸਨ ਐਪਰ ਕੈਲੇਫੋਰਨੀਆ ਦੇ ਹਿੰਦੀਆਂ ਦੀ ਹਾਲਤ ਐਨ ਇਸ ਦੇ ਉਲਟ ਸੀ। ਉਹਨਾਂ ਨੂੰ ਪਿੰਡਾਂ ਦੀਆਂ ਪੈਲੀਆਂ ਵਿਚ ਕੰਮ ਕਰਨਾ ਪੈਂਦਾ ਸੀ, ਉਹ ਵੀ ਪੰਜ ਦਿਨ ਕਿਤੇ, ਸਤ ਦਿਨ ਕਿਤੇ। ਸਦਾ ਮੁਸਾਫਰਾਂ ਵਾਂਗੂੰ ਬਿਸਤਰਾ ਸਿਰ ਚਾਈ ਫਿਰਨਾ ਪੈਂਦਾ ਸੀ। ਦੋ ਚਾਰ ਮਹੀਨੇ ਇਕ ਥਾਂ ਟਿਕ ਕੇ ਕੰਮ ਕਰਨਾ ਅਸੰਭਵ ਸੀ। ਅਜਿਹੀ ਹਾਲਤ ਵਿਚ ਓਹੋ ਆਦਮੀ ਓਹਨਾਂ ਦੀ ਜਥੇਬੰਦੀ ਕਰ ਸਕਦਾ ਸੀ, ਜੋ ਬਾਹਰ ਪਿੰਡਾਂ ਵਿਚ ਓਹਨਾਂ ਦੇ ਮਗਰ ਮਗਰ ਭੌਂਦਾ ਫਿਰੇ ਤੇ ਆਪਣਾ ਸੁਖ-ਸੁਆਰਥ ਛਿੱਕੇ ਟੰਗ ਦੇਵੇ। ਨਾਲੇ ਹੋਵੇ ਵੀ ਇਹੋ ਜਿਹਾ ਕਿ ਜਿਸ ਪੁਰ ਲੋਕਾਂ ਨੂੰ ਭਰੋਸਾ ਹੋਵੇ। ਕਿਉਂ ਜੋ ਇਹ ਸਿਧੇ ਸਾਦੇ ਹਿੰਦੀ ਬਹੁਤ ਵੇਰੀ ਪੜ੍ਹੇ ਲਿਖੇ ਚਾਲਾਕ ਲੋਕਾਂ ਹਥੋਂ ਠੱਗੇ ਜਾ ਚੁੱਕੇ ਸਨ। ਇਸ ਲਈ ਹੁਣ ਓਹਨਾਂ ਨੂੰ ਛੇਤੀ ਛੇਤੀ ਕਿਸੇ ਉਤੇ ਭਰੋਸਾ ਨਹੀਂ ਸੀ ਹੋ ਸਕਦਾ।

ਮੁਸਲਮਾਨ ਭਰਾਵਾਂ ਦੀ ਲਾਲਾ ਹਰਦਿਆਲ ‘ਤੇ ਨਾਰਾਜ਼ਗੀ
ਦੂਜੇ ਮੁਸਲਮਾਨ ਭਰਾਵਾਂ ਨੂੰ ਲਾਲਾ ਹਰਦਿਆਲ ਉਤੇ ਇਕ ਬੜੀ ਭਾਰੀ ਸ਼ਿਕਾਇਤ ਇਹ ਸੀ ਕਿ ਜਦੋਂ ਭਾਈ ਜਵਾਲਾ ਸਿੰਘ ਨੇ ਹਿੰਦੁਸਤਾਨ ਦੇ ਅੱਡ ਅੱਡ ਸੂਬਿਆਂ ਤੋਂ ਵਜੀਫਿਆਂ ਪੁਰ ਅਮਰੀਕਾ ਵਿਚੋਂ ਵਿਦਿਆਰਥੀ ਮੰਗਵਾਏ ਸਨ ਤਾਂ ਓਹਨਾਂ ਵਿਚ ਸੂਬਾ ਮਦਰਾਸ ਦਾ ਇਕ ਮੁਸਲਮਾਨ ਲੜਕਾ ਭਾਈ ਮਹਿਮੂਦ ਵੀ ਸੀ। ਮੁਸਲਮਾਨਾਂ ਦਾ ਖਿਆਲ ਸੀ ਕਿ ਭਾਈ ਹਰਦਿਆਲ ਨੇ ਜਾਣ ਬੁਝ ਕੇ ਭਾਈ ਮਹਿਮੂਦ ਨੂੰ ਵਜ਼ੀਫੇ ਤੋਂ ਵਿਰਵਾ ਰੱਖਿਆ ਸੀ। ਕਿਉਂ ਜੋ ਕਿਸੇ ਕਾਰਨ ਉਸ ਨੂੰ ਵਜੀਫਾ ਨਹੀਂ ਸੀ ਮਿਲਿਆ। ਖੈਰ, ਮੈਨੂੰ ਇਸ ਗੱਲ ਦਾ ਤਾਂ ਪੱਕਾ ਪਤਾ ਨਹੀਂ ਭਾਈ ਮਹਿਮੂਦ ਕਿਉਂ ਵਜੀਫੇ ਤੋਂ ਵਿਰਵੇ ਰਹੇ, ਕੀ ਉਸ ਵਿਚ ਭਾਈ ਹਰਦਿਆਲ ਦਾ ਵੀ ਕੋਈ ਕਸੂਰ ਸੀ ਜਾਂ ਨਹੀਂ? ਹਾਂ, ਮੈਂ ਇਹ ਤਾਂ ਕਹਿ ਸਕਦਾ ਹਾਂ ਕਿ ਜੋ ਵਿਦਿਆਰਥੀ ਦਿੱਲੀ ਤੋਂ ਭਾਈ ਹਰਦਿਆਲ ਦੀ ਸਫਾਰਸ਼ ਪੁਰ ਮੰਗਵਾਇਆ ਗਿਆ ਸੀ, ਉਹ ਉਸ ਮੁਸਲਮਾਨ ਲੜਕੇ ਨਾਲੋਂ ਬਹੁਤ ਰੱਦੀ ਸੀ। ਉਸ ਨੂੰ ਵਜੀਫਾ ਦੇਣਾ ਭਾਈ ਜਵਾਲਾ ਸਿੰਘ ਦੇ ਰੁਪਏ ਨੂੰ ਖੂਹ ਖਾਤੇ ਸੁਟਣਾ ਸੀ। ਉਸ ਵਿਚ ਸਿਵਾਇ ਅਪਸਵਾਰਥ ਦੇ ਦੇਸ਼ ਭਗਤੀ ਤੇ ਵਤਨ ਪਰੇਮ ਦਾ ਰਤਾ ਲੇਸ ਨਹੀਂ ਸੀ। ਜਦੋਂ ਮੈਂ ਉਸ ਲੜਕੇ ਦਾ ਗਉਂ-ਪਰੇਮ ਡਿਠਾ ਤਾਂ ਮੈਨੂੰ ਵੀ ਭਾਈ ਹਰਦਿਆਲ ਦੀ ਚੋਣ ਪੁਰ ਅਫਸੋਸ ਹੋਇਆ। (ਦਿੱਲੀ ਦਾ ਇਹ ਵਿਦਿਆਰਥੀ ਗੋਬਿੰਦ ਬਿਹਾਰੀ ਲਾਲ ਸੀ, ਜੋ ਰਿਸ਼ਤੇ ਵਿੱਚ ਹਰਦਿਆਲ ਦਾ ਸਾਲਾ ਲਗਦਾ ਸੀ-ਸੰਪਾਦਕ)
ਇਸ ਗੱਲ ਨੇ ਪਹਿਲਾਂ ਪਹਿਲਾਂ ਕੈਲੇਫੋਰਨੀਆ ਅੰਦਰ ਸਾਡੇ ਕੰਮ ਵਿਚ ਬਹੁਤ ਅੜਿਕੇ ਡਾਹੇ। ਐਪਰ ਸਹਿਜੇ ਸਹਿਜੇ ਅਸਾਂ ਇਹਨਾਂ ਔਕੜਾਂ ਨੂੰ ਦੂਰ ਕਰਕੇ ਆਪਣਾ ਰਾਹ ਸਾਫ ਕਰ ਲਿਆ ਤੇ ਮੁਸਲਮਾਨਾਂ ਨੂੰ ਸੁਸਾਇਟੀ ਉਤੇ ਕੋਈ ਗਿਲਾ ਬਾਕੀ ਨਾ ਰਿਹਾ ਬਹੁਤ ਸਾਰੇ ਵਤਨ ਪਰੇਮੀ ਮੁਸਲਮਾਨਾਂ ਨੇ ਵੀ ਚੰਦੇ ਦਿੱਤੇ। ਇਹ ਵੱਖਰੀ ਗੱਲ ਹੈ ਕਿ ਅਮਰੀਕਾ ਦੇ ਹਿੰਦੀ ਮੁਸਲਮਾਨ ਆਮ ਤੌਰ ਪੁਰ ਸੁਸਾਇਟੀ ਵਿਚ ਸ਼ਾਮਲ ਨਹੀਂ ਹੋਏ। ਪਰ ਅਸੀਂ ਇਹ ਵੀ ਨਹੀਂ ਕਹਿ ਸਕਦੇ ਕਿ ਮੁਸਲਮਾਨਾਂ ਨੇ ਸੁਸਾਇਟੀ ਦੇ ਕੰਮ ਵਿਚ ਕੋਈ ਹਿੱਸਾ ਹੀ ਨਹੀਂ ਲਿਆ ਜਾਂ ਰੁਪਏ ਪੈਸੇ ਨਾਲ ਸਹਾਇਤਾ ਹੀ ਨਹੀਂ ਕੀਤੀ।

ਸ਼ਹਿਰਾਂ ਦੇ ਜਲਸੇ ਕੁਝ ਨਹੀਂ ਸੰਵਾਰਦੇ
ਪਿੱਛੇ ਦੱਸੇ ਕਾਰਨਾਂ ਕਰਕੇ ਭਾਈ ਹਰਦਿਆਲ Ḕਯੁਗਾਂਤਰ ਆਸ਼ਰਮ’ ਵਿਚ ਬਹਿ ਕੇ ਸਿਰਫ ਅਖ਼ਬਾਰ ਲਿਖਣ ਤੋਂ ਬਿਨਾਂ ਬਾਹਰ ਜਾ ਕੇ ਹੋਰ ਕੋਈ ਕੰਮ ਨਹੀਂ ਕਰ ਸਕਦਾ ਸੀ। ਇਹੋ ਕਾਰਨ ਸੀ ਕਿ ਸਾਨਫਰਾਂਸਿਸਕੋ ਤੋਂ ਅਖ਼ਬਾਰ ਨਿਕਲਣ ਪੁਰ ਵੀ ਕੈਲੇਫੋਰਨੀਆ ਦੇ ਹਿੰਦੀਆਂ ਵਿਚ ਜਾਗ੍ਰਤੀ ਦੇ ਕੋਈ ਚਿੰਨ੍ਹ ਨਜ਼ਰ ਨਹੀਂ ਸਨ ਆਉਂਦੇ। ਅਖ਼ਬਾਰ ਲੋਕਾਂ ਨੂੰ ਉਭਾਰ ਸਕਦਾ ਸੀ ਪਰ ਕਰਨੀ ਦੇ ਪਹੇ ਪਾਉਣਾ ਤੇ ਜਥੇਬੰਦ ਕਰਨਾ ਅਖ਼ਬਾਰ ਦੀ ਸਮਰੱਥਾ ਤੋਂ ਬਾਹਰ ਸੀ। ਨਾ ਹੀ ਕਦੇ ਕਦਾਈਂ ਸ਼ਹਿਰ ਜਾਂ ਨਗਰ ਵਿਚ ਇਕੱਠ ਕਰ ਛੱਡਣ ਨਾਲ ਇਹ ਕੰਮ ਪੂਰਾ ਹੋ ਸਕਦਾ ਸੀ। ਦੋ ਤਰੈ ਜਲਸੇ ਕੁਝ ਕੁ ਦੇਸ਼ ਭਗਤਾਂ ਨੇ ਕੀਤੇ ਵੀ, ਪਰ ਉਹਨਾਂ ਨਾਲ ਕੋਈ ਵੜੀ ਜਥੇਬੰਦੀ ਨਾ ਹੋ ਸਕੀ। ਸਿਰਫ ਉਹ ਦੇਸ਼ ਭਗਤ ਮਾੜੀ ਮੋਟੀ ਸੇਵਾ ਕਰਦੇ ਸਨ, ਉਹਨਾਂ ਦੇ ਦਿਲਾਂ ਵਿਚ ਪਹਿਲਾਂ ਹੀ ਦੇਸ਼ ਪਰੇਮ ਦਾ ਅੰਸ਼ ਸੀ। ਨਹੀਂ ਤਾਂ ਹੋਰ ਸਧਾਰਨ ਹਿੰਦੀ ਐਨ ਉਹੋ ਜੇਹੇ ਕੋਰੇ ਪਏ ਸਨ, ਜਿਵੇਂ ਆਵੇ ਤੋਂ ਕਢਿਆ ਭਾਂਡਾ।
ਹੁਣ ਇਹ ਸਲਾਹ ਬਣੀ ਕਿ ਕੈਲੇਫੋਰਨੀਆ ਵਿਚ ਰਹਿਕੇ ਮੈਂ ਇਹ ਕੰਮ ਕਰਾਂ। ਭਾਈ ਕੇਸਰ ਸਿੰਘ ਤੇ ਮੁਨਸ਼ੀ ਰਾਮ ਤਾਂ ਦੀਵਾਨ ਦੀ ਸਮਾਪਤੀ ਪਰ ਆਸਟੋਰੀਆ ਨੂੰ ਮੁੜ ਆਏ ਪਰ ਮੈਂ ਕੈਲੇਫੋਰਨੀਆ ਦੇ ਪਿੰਡਾਂ ਵਿਚ ਆਪਣਾ ਕੰਮ ਸ਼ੁਰੂ ਕਰ ਦਿਤਾ। ਭਾਈ ਭਗਤ ਸਿੰਘ ਤੇ ਭਾਈ ਕਰਤਾਰ ਸਿੰਘ ਨੂੰ ਆਪਣੇ ਨਾਲ ਲਿਆ। ਕਿਉਂ ਜੋ ਇਹ ਦੋਵੇਂ ਪਹਿਲਾਂ ਕੈਲੇਫੋਰਨੀਆ ਵਿਚ ਫਿਰੇ ਟੁਰੇ ਹੋਏ ਸਨ ਤੇ ਜਿਥੇ ਜਿਥੇ ਹਿੰਦੀ ਰਹਿੰਦੇ ਸਨ, ਇਹਨਾਂ ਨੂੰ ਉਹਨਾਂ ਦੇ ਟਿਕਾਣਿਆਂ ਦਾ ਪਤਾ ਸੀ। ਅਸੀਂ ਸਵੇਰ ਤੋਂ ਸ਼ਾਮ ਤੱਕ ਬਰਾਬਰ ਚੱਕਰ ਕਢਦੇ ਫਿਰਦੇ ਤੇ ਹਿੰਦੀਆਂ ਪਾਸ ਜਾ ਕੇ ਮਿਲਦੇ ਅਤੇ ਉਹਨਾਂ ਨੂੰ ਬਕਾਇਦਾ ਜਥੇਬੰਦ ਕਰਦੇ। ਜਿਹਨਾਂ ਸੱਜਣਾਂ ਨੇ ਕੈਲੇਫੋਰਨੀਆ ਦੀਆਂ ਨਿੱਕੀਆਂ ਨਿੱਕੀਆਂ ਕੂਲ੍ਹਾਂ (ਨਦੀਆਂ) ਨੂੰ ਦੇਖਿਆ ਹੈ ਉਹ ਚੰਗੀ ਤਰ੍ਹਾਂ ਜਾਣਦੇ ਹਨ ਕਿ ਉਥੇ ਪੈਦਲ ਟੁਰਨਾ ਕਿੰਨਾ ਕੁ ਔਖਾ ਹੈ ਪਰ ਸਾਨੂੰ ਇਸ ਔਕੜ ਦੀ ਰਤਾ ਜਿੰਨੀ ਪਰਵਾਹ ਨਹੀਂ ਸੀ। ਅਸੀਂ ਆਪਣੀ ਧੁਨ ਵਿਚ ਮਗਨ ਸਾਰਾ ਦਿਨ ਟੁਰੇ ਰਹਿੰਦੇ ਸਾਂ, ਤੇ ਹਰ ਰੋਜ਼ ਵੱਧ ਤੋਂ ਵੱਧ ਕੰਮ ਕਰਨ ਦਾ ਯਤਨ ਕਰਦੇ ਸੀ। ਜਦ ਕਦੀ ਸਾਡੇ ਕਪੜੇ ਵਧੇਰੇ ਖਰਾਬ ਹੋ ਜਾਂਦੇ ਸਨ ਜਾਂ ਇਕ ਅੱਧਾ ਦਿਨ ਵਿਸਰਾਮ ਕਰਨ ਦੀ ਲੋੜ ਹੁੰਦੀ ਸੀ ਤਾਂ ਭਾਈ ਵਿਸਾਖਾ ਜੀ ਤੇ ਭਾਈ ਜਵਾਲਾ ਸਿੰਘ ਜੀ ਦੇ ਘਰ ਆ ਕੇ ਟਿਕਦੇ ਹੁੰਦੇ ਸਾਂ ਤੇ ਓਥੇ ਹੀ ਕਪੜੇ ਸਾਫ ਕੀਤਾ ਕਰਦੇ ਸਾਂ ਕਿਉਂ ਜੋ ਇਹਨਾਂ ਗੁਰਮੁਖਾਂ ਦੇ ਘਰ ਦੇਸ ਭਗਤਾਂ ਦੇ ਸੁਖਧਾਮ ਸਨ। ਮੇਰੀ ਜਾਚੇ ਕੈਲੇਫੋਰਨੀਆ ਵਿਚ ਸ਼ਾਇਦ ਹੀ ਕੋਈ ਦੇਸ਼ ਭਗਤ ਹੋਵੇਗਾ, ਜਿਸ ਨੇ ਇਸ ਘਰ ਵਿਚ ਦੋ ਚਾਰ ਦਿਨ ਆ ਕੇ ਸੁਖਾਸਨ ਨਾ ਕੀਤਾ ਹੋਵੇ ਤੇ ਪ੍ਰੇਮ ਪ੍ਰਸ਼ਾਦ ਨਾ ਛਕਿਆ ਹੋਵੇ। ਸੰਤ ਤੇਜਾ ਸਿੰਘ ਜੀ ਢੇਰ ਚਿਰ ਇਹਨਾਂ ਦੇਸ਼ ਭਗਤਾਂ ਦੇ ਘਰ ਹੀ ਟਿਕੇ ਰਹੇ। ਭਾਈ ਹਰਦਿਆਲ ਨੇ ਵੀ ਗਰਮੀਆਂ ਵਿਚ ਕਈ ਵਾਰ ਭਾਈ ਜਵਾਲਾ ਸਿੰਘ ਜੀ ਦੇ ਘਰ ਅਸ਼ਰਾਮ ਕੀਤਾ। ਸ਼ਾਇਦ ਭਾਈ ਪ੍ਰਮਾਨੰਦ ਨੇ ਵੀ ਇਕ ਦੋ ਦਿਨ ਕਦੀ ਇਥੇ ਜ਼ਰੂਰ ਕੱਟੇ ਹੋਣਗੇ। ਵਿਦਿਆਰਥੀ ਵੀ ਛੁੱਟੀਆਂ ਵਿਚ ਅਕਸਰ ਇਹਨਾਂ ਪਾਸ ਆ ਜਾਇਆ ਕਰਦੇ ਸਨ। ਇਸ ਤੋਂ ਛੁੱਟ Ḕਜਰਸੀ’ ਨਾਮੇ ਪਿੰਡ ਵਿਚ ਇਕ ਹੋਰ ਟਿਕਾਣਾ ਵੀ ਸੀ ਜਿਥੇ ਭਾਈ ਕਰਮ ਸਿੰਘ ਜੀ ਤੇ ਓਹਨਾਂ ਦੇ ਕੁਝ ਸਾਥੀ ਰਹਿੰਦੇ ਸਨ। ਕਦੀ ਕਦੀ ਓਥੇ ਜਾ ਕੇ ਵੀ ਅਸੀਂ ਥਕੇਵਾਂ ਲਾਹੁੰਦੇ ਹੁੰਦੇ ਸਾਂ ਤੇ ਉਹਨਾਂ ਦੀਆਂ ਪਰੇਮ ਝੋਕਾਂ ਮਾਣਿਆ ਕਰਦੇ ਸਾਂ।

ਪਾਰਟੀ ਦੀਆਂ ‘ਸ਼ਾਖ਼ਾਂ’ ਖੋਲ੍ਹੀਆਂ ਗਈਆਂ
ਕੰਮ ਸ਼ੁਰੂ ਕਰਨ ਪੁਰ ਮੈਂ ਪਹਿਲਾਂ ਓਹਨਾਂ ਗੱਲਾਂ ਨੂੰ ਸਾਫ ਕਰਨਾ ਯੋਗ ਸਮਝਿਆ ਜੋ ਲਿਖੇ-ਪੜ੍ਹੇ ਆਦਮੀਆਂ ਤੇ ਭਾਈ ਹਰਦਿਆਲ ਬਾਰੇ ਆਮ ਹਿੰਦੀਆਂ ਤੇ ਮੁਸਲਮਾਨ ਭਰਾਵਾਂ ਵਿਚ ਫੈਲੀਆਂ ਹੋਈਆਂ ਸਨ। ਇਸ ਵਿਚ ਮੈਨੂੰ ਸਫਲਤਾ ਵੀ ਚੰਗੀ ਪਰਾਪਤ ਹੋਈ। ਬਹੁਤ ਹੱਦ ਤੱਕ ਲੋਕਾਂ ਦੇ ਦਿਲਾਂ ਵਿਚੋਂ ਭੁਲੇਖੇ ਦੂਰ ਹੋ ਗਏ ਤੇ ਸੁਸਾਇਟੀ ਉਤੇ ਨਿਸਚਾ ਕਰਨ ਲੱਗ ਪਏ। ਇਸ ਤਰ੍ਹਾਂ ਜਿਥੇ ਜਿਥੇ ਅਸੀਂ ਜਾਂਦੇ ਉਥੇ ਉਥੇ ਹੀ ਸੁਸਾਇਟੀ ਦੀ ਇਕ ਸ਼ਾਖ਼ ਕਾਇਮ ਕਰਕੇ ਮੈਂਬਰਾਂ ਦੀ ਆਮ ਰਾਇ ਨਾਲ ਇਕ ਬਰਾਂਚ ਸਕੱਤਰ ਥਾਪ ਦੇਂਦੇ ਤੇ ਅਖ਼ਬਾਰ ਪੁੱਜਣ ਦਾ ਵੀ ਪੱਕਾ ਬਾਨ੍ਹਣੂੰ ਬੰਨ੍ਹ ਦੇਂਦੇ। Ḕਗ਼ਦਰ ਦੀ ਗੂੰਜ’ ਆਦਿਕ ਕੌਮੀ ਗੀਤਾਂ ਦੀਆਂ ਪੁਸਤਕਾਂ ਵੀ ਉਹਨਾਂ ਵਿਚ ਵੰਡ ਦੇਂਦੇ। ਸ਼ਰਾਬ ਨਾ ਪੀਣ ਦਾ ਵੀ ਨਾਲੋ ਨਾਲ ਉਪਦੇਸ਼ ਕਰਦੇ। ਬਹੁਤ ਸਾਰੇ ਆਦਮੀਆਂ ਪਾਸੋਂ ਸ਼ਰਾਬ ਨਾ ਪੀਣ ਦਾ ਪਰਣ ਵੀ ਕਰਾਉਂਦੇ। ਸੁਸਾਇਟੀ ਨੂੰ ਚੰਦਾ ਦੇਣਾ ਜਾਂ ਨਾ ਦੇਣਾ ਮੈਂਬਰਾਂ ਦੀ ਮਰਜ਼ੀ ਪੁਰ ਛੱਡ ਦੇਂਦੇ।

ਅਮਲੀ ਕੰਮ
ਨਵੰਬਰ 1913 ਨੂੰ Ḕਗ਼ਦਰḔ ਅਖ਼ਬਾਰ ਦਾ ਪਹਿਲਾ ਪਰਚਾ ਨਿਕਲਿਆ ਸੀ ਤੇ ਅਪਰੈਲ 1914 ਨੂੰ ਭਾਈ ਹਰਦਿਆਲ ਅਮਰੀਕਾ ਛੱਡ ਕੇ ਚਲੇ ਗਏ ਸਨ। ਕੋਈ ਪੰਜ ਕੁ ਮਹੀਨੇ ਭਾਈ ਹਰਦਿਆਲ ਨੇ ਸੁਸਾਇਟੀ ਦਾ ਕੰਮ ਕੀਤਾ ਹੋਵੇਗਾ। ਇਹਨਾਂ ਦਿਨਾਂ ਵਿਚ ਸਿਵਾਏ ਅਖ਼ਬਾਰ ਜਾਂ ਗ਼ਦਰ ਦੀ ਗੂੰਜ ਆਦਿਕ ਕੁਝ ਕੁ ਪੁਸਤਕਾਂ ਛਾਪਣ ਦੇ ਹੋਰ ਕੋਈ ਅਮਲੀ ਕੰਮ ਕਰਨ ਦੀ ਨੀਂਹ ਭਾਈ ਹਰਦਿਆਲ ਨੇ ਨਹੀਂ ਸੀ ਰੱਖੀ। ਮੈਂ ਉਹਨਾਂ ਦੇ ਨਾਲ ਕੰਮ ਕਰਕੇ ਜਿਥੋਂ ਤਕ ਓਹਨਾਂ ਦੀ ਲਿਆਕਤ ਦੇ ਬਲ ਨੂੰ ਤੋਲਿਆ ਹੈ, ਮੇਰੀ ਜਾਚੇ ਉਹ ਕੋਈ ਅਮਲੀ ਕੰਮ ਕਰਨ ਜਾਂ ਕਰਾਣ ਯੋਗ ਹੀ ਨਹੀਂ ਹਨ, ਉਹ ਇਕ ਫਲਾਸਫਰ ਜ਼ਰੂਰ ਹਨ। ਪਰ ਇਸ ਫਲਾਸਫੀ ਨੂੰ ਵਰਤਣ ਦਾ ਓਹਨਾਂ ਵਿਚ ਬਲ ਹੈ ਨਹੀਂ।

ਭਾਈ ਹਰਦਿਆਲ ਦੇ ਚਲੇ ਜਾਣ ਮਗਰੋਂ ਭਾਈ ਸੰਤੋਖ ਸਿੰਘ ਜੀ ਤੇ ਮੈਂ ਕਈ ਦਿਨ ਓਹਨਾਂ ਉਤੇ ਵਿਚਾਰ ਕਰਦੇ ਰਹੇ, ਜਿਨ੍ਹਾਂ ਨੂੰ ਵਰਤ ਕੇ ਅਸੀਂ ਹਿੰਦੁਸਤਾਨ ਵਿਚ ਅੰਗਰੇਜ਼ੀ ਹਕੂਮਤ ਦਾ ਟਕਰਾ ਕਰਨ ਯੋਗ ਹੋ ਸਕੀਏ। ਬੰਗਾਲ ਪਾਰਟੀ ਦਾ ਬੰਬ ਬਨਾਣ ਦਾ ਢੰਗ ਸਾਨੂੰ ਕਿਸੇ ਹੱਦ ਤੱਕ ਪਸੰਦ ਜ਼ਰੂਰ ਸੀ, ਪਰ ਸਾਨੂੰ ਉਸ ਵਿਚ ਕੋਈ ਵਧੇਰੇ ਸਫਲਤਾ ਨਜ਼ਰ ਨਹੀਂ ਸੀ ਆਉਂਦੀ। ਜਦੋਂ ਤਕ ਸਾਡੇ ਪਾਸ ਹਵਾਈ ਜਹਾਜ਼ ਮੌਜੂਦ ਨਾ ਹੋਣ ਤੇ ਉਹਨਾਂ ਰਾਹੀਂ ਅੰਗਰੇਜ਼ੀ ਫੌਜਾਂ ‘ਤੇ ਬੰਬਾਂ ਦੀ ਵਰਖਾ ਨਾ ਕੀਤੀ ਜਾਵੇ। ਇਸ ਲਈ ਅਸੀਂ ਪਹਿਲਾਂ ਫੈਸਲਾ ਇਹ ਕੀਤਾ ਕਿ ਅਮਰੀਕਾ ਵਿਚ ਜਿਤਨੇ ਹਿੰਦੀ ਗੱਭਰੂ ਫੌਜੀ ਕੰਮ ਕਰਨ ਜੋਗੇ ਹਨ ਓਹਨਾਂ ਨੂੰ ਹਵਾਈ ਜਹਾਜ਼ਾਂ ਦਾ ਕੰਮ ਸਿਖਾਇਆ ਜਾਵੇ। ਫਿਰ ਜਿਹੜੇ ਗੱਭਰੂ ਓਹਨਾਂ ਵਿਚੋਂ ਹੁਸ਼ਿਆਰ ਤੇ ਲਾਇਕ ਮਾਲੂਮ ਹੋਣ ਉਹਨਾਂ ਨੂੰ ਉਹਨਾਂ ਦੇਸ਼ਾਂ ਵਿਚ ਘਲਿਆ ਜਾਵੇ ਜਿਥੇ ਉਹ ਚੰਗੀ ਤਰ੍ਹਾਂ ਹਵਾਈ ਜਹਾਜ਼ ਦੀ ਲੜਾਈ ਦੀ ਪ੍ਰੈਕਟਿਸ ਕਰ ਸਕਣ ਤੇ ਹੋਰ ਹੋਰ ਫੌਜੀ ਕੰਮ ਵੀ ਸਿਖ ਸਕਣ।

ਅਮਰੀਕਾ ਤੋਂ ਹੋਰਨਾਂ ਦੇਸ਼ਾਂ ਵਿਚ ਬੰਦੇ ਘਲਣ ਲਈ ਵੀ ਬਹੁਤ ਸਾਰੇ ਰੁਪਏ ਦੀ ਲੋੜ ਸੀ, ਪਰ ਸੁਸਾਇਟੀ ਪਾਸ ਇਸ ਵਕਤ ਰੁਪਈਆ ਹੈ ਨਹੀਂ ਸੀ। ਇਸ ਲਈ ਅਸੀਂ ਸਿਰਫ ਇਕ ਗੱਭਰੂ ਕੰਮ ਸਿੱਖਣ ਵਾਸਤੇ ਘੱਲਣ ਦੀ ਵਿਚਾਰ ਕੀਤੀ। ਇਸ ਤਰ੍ਹਾਂ ਇਕ ਤਾਂ ਵੇਖਿਆ ਜਾਵੇਗਾ ਪਈ ਸਾਡੇ ਗੱਭਰੂ ਇਸ ਕੰਮ ਨੂੰ ਸਿੱਖ ਵੀ ਸਕਦੇ ਹਨ ਕਿ ਨਹੀਂ ਦੂਜੇ ਉਸ ਦੇ ਸਿਖ ਆਵਣ ਪੁਰ ਕਿਸੇ ਅਮਰੀਕਨ ਨਾਲ ਮਿਲ ਮਿਲਾ ਕੇ ਹਵਾਈ ਜਹਾਜ਼ ਦਾ ਲਾਈਸੈਂਸ ਲੈ ਲਵਾਂਗੇ ਤੇ ਐਓਂ ਬਾਕੀ ਗੱਭਰੂਆਂ ਨੂੰ ਵੀ ਸਿਖਾ ਦੇਵਾਂਗੇ। ਇਸ ਤਰ੍ਹਾਂ ਰੁਪਈਆ ਵੀ ਘੱਟ ਖਰਚ ਹੋਵੇਗਾ, ਨਾਲ ਕੰਮ ਵੀ ਮਾੜਾ ਮੋਟਾ ਸਿਖਿਆ ਜਾਵੇਗਾ। ਪਹਿਲਾ ਆਦਮੀ ਜੋ ਅਸਾਂ ਘੱਲਣ ਲਈ ਚੁਣਿਆ, ਉਹ ਭਾਈ ਕਰਤਾਰ ਸਿੰਘ ਸੀ। ਉਸ ਨੂੰ ਈਸਟ (ਪੂਰਬ) ਵਿਚ ਹਵਾਈ ਜਹਾਜ਼ ਦਾ ਕੰਮ ਸਿਖਣ ਲਈ ਘਲ ਦਿੱਤਾ ਗਿਆ।

ਕੈਲੇਫੋਰਨੀਆ ਵਿਚ ਜਥੇਬੰਦੀ
ਜਦੋਂ ਪ੍ਰਬੰਧਕ ਕਮੇਟੀ ਤੇ ਆਸ਼ਰਮ ਦੇ ਸਾਰੇ ਕੰਮਾਂ ਦਾ ਪੂਰਾ ਪੂਰਾ ਬਾਨ੍ਹਣੂ ਬਝ ਗਿਆ, ਭਾਈ ਸੰਤੋਖ ਸਿੰਘ ਜੀ ਨੇ ਲਾਲਾ ਹਰਦਿਆਲ ਦੀ ਥਾਂ ਸੰਭਾਲ ਲਈ, ਤੇ ਕਰਤਾਰ ਸਿੰਘ ਨੂੰ ਵੀ ਹਵਾਈ ਜਹਾਜ਼ ਦਾ ਕੰਮ ਸਿਖਣ ਲਈ ਆਖ ਦਿਤਾ ਗਿਆ ਤਾਂ ਫਿਰ ਮੈਂ ਕੈਲੇਫੋਰਨੀਆ ਵਿਚ ਜਥੇਬੰਦੀ ਦਾ ਕੰਮ ਸ਼ੁਰੂ ਕਰ ਦਿਤਾ। ਇਸ ਵੇਰੀ ਮੈਂ ਇਕੱਲਾ ਹੀ ਬਾਹਰ ਨਿਕਲਿਆ ਕਿਉਂ ਜੋ ਹੁਣ ਮੈਨੂੰ ਬਹੁਤ ਹੱਦ ਤੱਕ ਕੈਲੀਫੋਰਨੀਆ ਦੇ ਪਿੰਡਾਂ ਦਾ ਰਾਹ ਮਾਲੂਮ ਹੋ ਗਿਆ ਸੀ। ਕਦੀ ਕਦੀ ਭਾਈ ਭਗਤ ਸਿੰਘ ਤੇ ਇਕ ਦੂਜਾ ਕਰਤਾਰ ਸਿੰਘ ਥੋੜੇ ਥੋੜੇ ਦਿਨਾਂ ਲਈ ਮੇਰੇ ਨਾਲ ਸਹਾਇਤਾ ਵਾਸਤੇ ਜਾਇਆ ਕਰਦੇ ਸਨ। ਨਹੀਂ ਤਾਂ ਆਮ ਕਰਕੇ ਮੈਂ ਇਕੱਲਾ ਰਹਿੰਦਾ ਸੀ। ਐਪਰ ਹਿੰਦੀਆਂ ਨੂੰ ਹੁਣ ਬਹੁਤ ਹੱਦ ਤੱਕ ਸੁਸਾਇਟੀ ਪੁਰ ਵਿਸ਼ਵਾਸ ਹੋ ਗਿਆ ਸੀ ਤੇ ਪਿੰਡਾਂ ਤੋਂ ਮੈਨੂੰ ਦੇਸ਼ ਭਗਤਾਂ ਵਲੋਂ ਹੁਣ ਇਸ ਕੰਮ ਵਿਚ ਪੂਰੀ ਪੂਰੀ ਸਹਾਇਤਾ ਮਿਲਣ ਲੱਗ ਪਈ ਸੀ। ਇਸ ਤੋਂ ਬਿਨਾਂ ਕੈਲੇਫੋਰਨੀਆ ਦੇ ਹਿੰਦੀਆਂ ਨੂੰ ਭਾਈ ਸੰਤੋਖ ਸਿੰਘ ਜੀ ਪੁਰ ਮੇਰੇ ਨਾਲੋਂ ਭੀ ਕਈ ਗੁਣਾ ਵੱਧ ਵਿਸ਼ਵਾਸ ਸੀ। ਜਿਸ ਦਿਨ ਤੋਂ ਉਹ ਚੀਫ ਸੈਕਟਰੀ ਬਣੇ ਸਨ ਕੈਲੇਫੋਰਨੀਆ ਦੇ ਹਿੰਦੀਆਂ ਦੇ ਦਿਲਾਂ ਵਿਚੋਂ ਸਾਰੀ ਬੇਪ੍ਰਤੀਤੀ ਦੂਰ ਹੋ ਗਈ ਸੀ।

ਦੇਸ਼ ਭਗਤਾਂ ਦੀ ਮਦਦ ਦੇ ਨਵੇਂ ਚੀਫ ਸੈਕਟਰੀ ਭਾਈ ਸੰਤੋਖ ਸਿੰਘ ਦੀ ਘਾਲਣਾ ਅਰ ਨੇਕਨੀਤੀ ਦੇ ਕਾਰਨ ਮੈਨੂੰ ਕੈਲੀਫੋਰਨੀਆ ਦੀ ਜਥੇਬੰਦੀ ਵਿਚ ਪੂਰੀ ਪੂਰੀ ਸਫਲਤਾ ਪ੍ਰਾਪਤ ਹੋਈ। ਸਾਨਫਰਾਂਸਿਸਕੋ ਦੇ ਇਲਾਕੇ ਵਿਚ ਜਿਥੇ ਹਿੰਦੀ ਵਸਦੇ ਸਨ, ਸਾਰੇ ਇਕ ਲੜੀ ਵਿਚ ਪਰੋਤੇ ਗਏ ਤੇ ਥਾਂ ਪੁਰ ਥਾਂ ਦੇਸ਼ ਭਗਤੀ ਦੇ ਜਥੇ ਕਾਇਮ ਹੋ ਗਏ। ਜੋ ਹਰ ਸਮੇਂ ਤੇ ਹਰ ਹਾਲਤ ਅੰਦਰ ਸੁਸਾਇਟੀ ਦੇ ਹੁਕਮ ਅੰਦਰ ਸੇਵਾ ਕਰਨ ਨੂੰ ਤਿਆਰ ਸਨ। ਇਸ ਜਥੇਬੰਦੀ ਦੇ ਕੰਮ ਵਿਚ ਸਟਾਕਟਨ ਗੁਰਦੁਆਰਾ ਕਮੇਟੀ ਨੇ ਸਾਡੀ ਕਿਸੇ ਤਰ੍ਹਾਂ ਵਿਰੋਧਤਾ ਨਾ ਕੀਤੀ। ਭਾਵੇਂ ਗਦਰ ਪਾਰਟੀ ਦੇ ਕਈ ਮੈਂਬਰਾਂ ਵਲੋਂ ਕਦੀ ਕਦੀ ਗਲਤੀ ਨਾਲ ਓਹਨਾਂ ਪੁਰ ਹਮਲੇ ਵੀ ਕੀਤੇ ਗਏ ਤੇ ਕਈ ਵੇਰੀ ਗੜਬੜ ਮਚ ਜਾਣ ਦਾ ਡਰ ਵੀ ਪੈਦਾ ਹੋ ਗਿਆ, ਸਟਾਕਟਨ ਦੇ ਇਕ ਜਲਸੇ ਵਿਚ ਗਦਰ ਪਾਰਟੀ ਦੇ ਇਕ ਦੋ ਮੈਂਬਰਾਂ ਵਲੋਂ ਕੁਝ ਵਧੀਕੀ ਵੀ ਹੋਈ। ਪਰ ਸੰਤ ਤਾਰਾ ਸਿੰਘ ਜੀ ਤੇ ਕਮੇਟੀ ਦੇ ਹੋਰਨਾਂ ਮੈਂਬਰਾਂ ਨੇ ਜਦੋਂ ਸਾਡੀ ਸੁਸਾਇਟੀ ਦੇ ਮੈਂਬਰਾਂ ਨੇ ਆਪਣੀ ਗਲਤੀ ਪੁਰ ਅਫਸੋਸ ਪ੍ਰਗਟ ਕੀਤਾ ਤਾਂ ਤੁਰੰਤ ਜਲਸੇ ਵਿਚ ਸ਼ਾਮਲ ਹੋਣ ਪਰਵਾਨ ਕਰ ਲਿਆ। ਸੰਤ ਤਾਰਾ ਸਿੰਘ ਜੀ ਨੇ ਬੜੇ ਪ੍ਰੇਮ ਭਰੇ ਸ਼ਬਦਾਂ ਵਿਚ ਤਕਰੀਰ ਵੀ ਕੀਤੀ ਜਿਸ ਨਾਲ ਪਹਿਲਾਂ ਵਾਂਗੂੰ ਹੀ ਮੇਲ ਮਿਲਾਪ ਹੋ ਗਿਆ। ਮੈਂ ਅੱਜ ਵੀ ਸੰਤ ਤਾਰਾ ਸਿੰਘ ਜੀ ਤੇ ਸਟਾਕਟਨ ਗੁਰਦੁਆਰਾ ਕਮੇਟੀ ਦੇ ਮੈਂਬਰਾਂ ਦਾ ਧੰਨਵਾਦ ਕਰਦਾ ਹਾਂ। ਜਿਹਨਾਂ ਨੇ ਦੇਸ਼ ਸੇਵਾ ਵਿਚ ਕਿਸੇ ਤਰ੍ਹਾਂ ਦਾ ਅੜਿੱਕਾ ਨਾ ਡਾਹਿਆ, ਸਗੋਂ ਵਿਤੁ ਅਨੁਸਾਰ ਸਹਾਇਤਾ ਕੀਤੀ।
———————————————

ਗ਼ਦਰ ਪਾਰਟੀ (1914-15)
ਗ਼ਦਰ ਪਾਰਟੀ ਅਮਰੀਕਾ-ਕੈਨੇਡਾ ਵਿਚ ਮਿਹਨਤ ਮਜ਼ਦੂਰੀ ਕਰਨ ਲਈ ਪਹੁੰਚੇ ਪੰਜਾਬੀ ਕਿਸਾਨਾਂ, ਜਲਾਵਤਨ ਦੇਸ਼ ਭਗਤਾਂ ਤੇ ਓਥੇ ਪੜ੍ਹਾਈ ਲਈ ਗਏ ਹਿੰਦੀ ਵਿਦਿਆਰਥੀਆਂ ਦੀ ਰਲਵੀਂ ਮਿਲਵੀਂ ਕੋਸ਼ਿਸ਼ ਰਾਹੀਂ 1912-13 ਵਿਚ ਕਾਇਮ ਹੋਈ ਸੀ।
ਇਹ ਗੱਲ ਇਕ ਅਜੂਬੇ ਤੋਂ ਘੱਟ ਨਹੀਂ ਕਿ ਮਾਮੂਲੀ ਪੜ੍ਹੇ ਲਿਖੇ ਪੇਂਡੂ ਕਿਸਾਨ ਜਿਨ੍ਹਾਂ ਵਿਚ ਕੁਝ ਪੁਰਾਣੇ ਫ਼ੌਜੀ ਵੀ ਸਨ, ਸਿਰਫ਼ ਡਾਲਰ ਕਮਾਉਣ ਲਈ ਸੱਤ ਸਮੁੰਦਰ ਪਾਰ ਮਿਹਨਤ ਮਜ਼ਦੂਰੀ ਲਈ ਗਏ, ਪਰ ਉਥੇ ਰਹਿੰਦਿਆਂ ਉਨ੍ਹਾਂ ਅਜਿਹਾ ਪਲਟਾ ਖਾਧਾ ਕਿ ਗ਼ਦਰ ਪਾਰਟੀ ਦੀ ਲਲਕਾਰ ਤੇ ਨਾ ਸਿਰਫ਼ ਆਪਣਾ ਖ਼ੂਲ ਪਸੀਨਾ ਇਕ ਕਰਕੇ ਬਣਾਈਆਂ ਜਾਇਦਾਦਾਂ ਨੂੰ ਹੀ ਲੱਤ ਮਾਰ ਦਿੱਤੀ ਬਲਕਿ ਸੀਸ ਤਲੀ ‘ਤੇ ਰੱਖ ਕੇ ਹਜ਼ਾਰਾਂ ਦੀ ਗਿਣਤੀ ਵਿਚ ਦੇਸ਼ ਵੱਲ ਚਾਲੇ ਪਾ ਲਏ।
ਵਿਦੇਸ਼ੀ ਰਹਿ ਕੇ ਉਨ੍ਹਾਂ ਨੂੰ ਪਹਿਲੀ ਵਾਰ ਆਪਣੇ ਗੁਲਾਮ ਹੋਣ ਦਾ ਅਹਿਸਾਸ ਹੋਇਆ ਤਾਂ ਅੱਠੇ ਪਹਿਰ ਇਹੀ ਗੁਣਗਣਾਉਂਦੇ :-

Ḕਦੇਸ਼ ਪੈਣ ਧੱਕੇ ਬਾਹਰ ਮਿਲੇ ਢੋਈ ਨਾ,
ਸਾਡਾ ਪਰਦੇਸੀਆਂ ਦਾ ਦੇਸ ਕੋਈ ਨਾ।।
ਇਸ ਜਥੇਬੰਦੀ ਦਾ ਨਾਂ ਪਹਿਲਾਂ Ḕਹਿੰਦੀ ਐਸੋਸੀਏਸ਼ਨ ਆਫ਼ ਪੈਸਿਫਿਕ ਕੋਸਟ’ ਰੱਖਿਆ ਗਿਆ ਸੀ, ਪਰ ਪਹਿਲੀ ਨਵੰਬਰ 1913 ਤੋਂ ਇਸ ਦੇ ਪਰਚੇ Ḕਗ਼ਦਰ’ ਤੋਂ ਇਹ Ḕਗ਼ਦਰ ਪਾਰਟੀ’ ਕਰਕੇ ਪ੍ਰਸਿੱਧ ਹੋਈ। ਇਸ ਹਫ਼ਤਾਵਰੀ ਪਰਚੇ ਦਾ ਨਾਉਂ Ḕਗ਼ਦਰ’, 1857 ਦੇ ਗ਼ਦਰ ਨੂੰ ਨਿਸ਼ਾਨਾ ਮੰਨ ਕੇ ਰੱਖਿਆ ਗਿਆ ਸੀ। ਅਖ਼ਬਾਰ ਦੇ ਮੁੱਖ ਪੰਨੇ ‘ਤੇ Ḕਜਉ ਤਉ ਪ੍ਰੇਮ ਖੇਲਨ ਦਾ ਚਾਉ, ਸਿਰ ਧਰ ਤਲੀ ਗਲੀ ਮੋਰੀ ਆਉ, ਲਿਖਿਆ ਹੁੰਦਾ ਸੀ।

ਜੁਲਾਈ-ਅਗਸਤ 1914 ਨੂੰ ਪਹਿਲਾ ਮਹਾਂਯੁੱਘ ਸ਼ੁਰੂ ਹੋਣ ‘ਤੇ ਅੰਗਰੇਜ਼ਾਂ ਦੀ ਮਜ਼ਬੂਰੀ ਦਾ ਫਾਇਦਾ ਉਠਾਉਣ ਲਈ 5-8-1914 ਨੂੰ ਪਾਰਟੀ ਨੇ Ḕਐਲਾਨੇ ਜੰਗ’ ਕਰ ਦਿੱਤਾ। ਪਾਰਟੀ ਦੇ ਸੱਦੇ ‘ਤੇ ਹਜ਼ਾਰਾਂ ਗ਼ਦਰੀ ਦੇਸ਼ ਵੱਲ ਇਹ ਗਾਉਂਦੇ ਹੋਏ ਚੱਲ ਪਏ :-
‘ਚਲੋ ਚਲੀਏ ਦੇਸ਼ ਨੂੰ ਯੁੱਧ ਕਰਨ, ਇਹੋ ਆਖ਼ਰੀ ਬਚਨ ਤੇ ਫੁਰਮਾਨ ਹੋ ਗਏ।’

ਇਸੇ ਦੌਰਾਨ ਬਾਬਾ ਗੁਰਦਿੱਤ ਸਿੰਘ ਦੀ ਅਗਵਾਈ ਹੇਠ Ḕਕਾਮਾਗਾਟਾਮਾਰੂ’ ਨਾਮੀ ਜਹਾਜ਼ ਵਿਚ ਕੈਨੇਡਾ ਪਹੁੰਚਣ ਵਾਲੇ ਹਿੰਦੀ ਮੁਸਾਫ਼ਰਾਂ ਨਾਲ ਜੋ ਸਲੂਕ ਵੈਨਕੂਵਰ (ਕੈਨੇਡਾ) ਵਿਚ ਹੋਇਆ ਅਤੇ ਵਾਪਸ ਕਲਕੱਤੇ ਬੱਜ-ਬੱਜ ਘਾਟ ਪਹੁੰਚਣ ‘ਤੇ ਗੋਲੀਆਂ ਨਾਲ ਜਿਵੇਂ ਉਨ੍ਹਾਂ ਦਾ ਸਵਾਗਤ ਹੋਇਆ, ਉਸ ਨੇ ਸਮਝੋ ਬਲਦੀ ‘ਤੇ ਤੇਲ ਛਿੜਕ ਦਿੱਤਾ।

ਅਨੇਕਾਂ ਗ਼ਦਰੀ ਜਿਨ੍ਹਾਂ ਵਿਚ ਪਾਰਟੀ ਦੇ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ ਤੇ ਮੀਤ ਪ੍ਰਘਾਨ ਬਾਬਾ ਕੇਸਰ ਸਿਘ ਠੱਠਗੜ੍ਹ ਵੀ ਸਨ, ਜਹਾਜ਼ਾਂ ਤੋਂ ਉਤਰਦਿਆਂ ਹੀ ਫੜ ਲਏ ਗਏ, ਪਰ ਫੇਰ ਵੀ ਬਾਕੀ ਰਹਿੰਦਿਆਂ ਨੇ ਹਿੰਦੀ ਫੌਜੀਆਂ ਨੂੰ ਤੇ ਆਮ ਲੋਕਾਂ ਨੂੰ ਨਾਲ ਲੈ ਕੇ 19-2-1915 ਨੂੰ ਗ਼ਦਰ ਦੀ ਵਿਊਂਤ ਬਣਾਈ, ਜੋ ਮੁਖ਼ਬਰੀ ਕਰਕੇ ਸਿਰੇ ਨਾ ਚੜ੍ਹ ਸਕੀ। ਪਿੱਛੋਂ ਸੈਂਕੜੇ ਗ਼ਦਰੀਆਂ ਨੂੰ ਫਾਂਸੀ ਗੋਲੀ ਰਾਹੀਂ ਸ਼ਹੀਦ ਕੀਤਾ ਗਿਆ ਤੇ ਅਨੇਕਾਂ ਨੇ ਅੰਡੇਮਾਨ ਦੇ ਨਰਕਾਂ ਵਿਚ ਤਸੀਹੇ ਝੱਲੇ।
(ਆਤਮ ਕਥਾ : ਸੰਤ ਬਾਬਾ ਵਿਸਾਖਾ ਸਿੰਘ ਵਿਚੋਂ)

ਸੰਪਾਦਕ ਵਲੋਂ ਨੋਟ -ਮਾਲਵਿੰਦਰਜੀਤ ਸਿੰਘ ਵੜੈਚ

ਸੰਨ 1913-ਗ਼ਦਰ ਪਾਰਟੀ ਦਾ ਕਾਇਮ ਹੋਣਾ
ਸੂਬਾ ਵਿਚ ਅਮਰੀਕਾ ਕੈਲੀਫੋਰਨੀ ਜੀ, ਉਸ ਜਗ੍ਹਾ ਝੱਟ ਲੰਘਾ ਰਹੇ ਸਾਂ।
ਕਾਰ ਵਾਹੀ ਦੀ ਨਾਲ ਸਾਂ ਕਰੀ ਜਾਂਦੇ, ਨਾਲੇ ਰਲ ਕੇ ਨਾਮ ਧਿਆ ਰਹੇ ਸਾਂ।
ਪੈਸਾ ਖੱਟ ਕੇ ਵਾਹੀ ਦੀ ਕਾਰ ਵਿਚੋਂ, ਸੇਵਾ ਮੁਲਕ ਦੀ ਵਿਚ ਜੀ ਲਾ ਰਹੇ ਸਾਂ।
ਆਏ ਗਏ ਭਰਾਵਾਂ ਦੀ ਸੇਵ ਕਰਦੇ, ਲੰਗਰ ਰਲ ਕੇ ਸੋਹਣਾ ਚਲਾ ਰਹੇ ਸਾਂ।
ਭਾਰਤ ਵਰਸ਼ ਦੇ ਵੇਖ ਕਰ ਕਸ਼ਟ ਸਾਰੇ, ਸੁਰਤ ਮੁਲਕ ਦੀ ਸੇਵਾ ਮੇਂ ਲਾ ਰਹੇ ਸਾਂ।
ਕਈ ਥਾਈਂ ਫਿਰ ਜਾ ਕੇ ਆਪ ਵੀਰੋ, ਖਿਆਲ ਭਾਈਆਂ ਦਾ ਏਧਰ ਭਵਾ ਰਹੇ ਸਾਂ।
ਜ਼ਾਲਮ ਜ਼ੁਲਮ ਜੋ ਵੀਰੋ ਕਮਾ ਰਹੇ ਸੀ, ਸਾਰੇ ਵੀਰਾਂ ਨੂੰ ਦਸ ਦਸਾ ਰਹੇ ਸਾਂ।
ਭਾਰਤ ਵਰਸ਼ ਨੂੰ ਕਿਵੇਂ ਆਜ਼ਾਦ ਕਰੀਏ, ਸੋਹਣਾ ਸੋਚ ਕੇ ਦਾਅ ਤਕਾ ਰਹੇ ਸਾਂ।
ਲਾਹ ਦੇਈਏ ਗ੍ਰਹਿਣ ਫ਼ਰੰਗ ਵਾਲਾ, ਪੱਬਾਂ ਤੋੜੀ ਜੀ ਜ਼ੋਰ ਫਿਰ ਲਾ ਰਹੇ ਸਾਂ।
ਦਿਨੇ ਰਾਤ ਸੀ ਸੰਗਤੇ ਕਾਰ ਏਹੋ, ਭਲਾ ਮੁਲਕ ਦਾ ਸਾਰੇ ਹੀ ਚਾਹ ਰਹੇ ਸਾਂ।
ਤੋੜ ਦੇਈਏ ਗੁਲਾਮੀ ਜੰਜੀਰ ਸਾਰੇ, ਸਦਾ ਪਕੀਆਂ ਖੂਬ ਪਕਾ ਰਹੇ ਸਾਂ।
ਕੀਤੀ ਮੇਹਰ ਮਹਾਰਾਜ ਨੇ ਆਪ ਸੋਹਣੀ, ਪਾਸ ਉਸ ਪੁਕਾਰ ਪੁਚਾ ਰਹੇ ਸਾਂ।
ਸਿੰਘ ਦਾਸ ਵਸਾਖ ਬਿਆਣਦਾ ਜੀ, ਅਕਾਲ ਪੁਰਖ ਤੋਂ ਮੰਗ ਦੁਆ ਰਹੇ ਸਾਂ।

ਕਲਾਫੋਰਨੀ ਵਿਚ ਸਾਂ ਅਸੀਂ ਸੰਤੋ, ਸੇਵਾ ਮੁਲਕ ਦੀ ਸਾਰੇ ਕਮੌਣ ਲੱਗੇ।
ਸੋਹਣਾ ਵੀਰਾਂ ਦਾ ਹੋ ਖਿਆਲ ਰਿਹਾ, ਇਕ ਦੂਜੇ ਨੂੰ ਸਦ ਮਿਲੌਣ ਲੱਗੇ।
ਖੁਦ ਗਰਜ਼ੀਉ ਸਤਿਗੁਰਾਂ ਰੱਖ ਲਿਆ, ਸਾਰੇ ਸੇਵਾ ਮੇਂ ਪੈਰ ਜਮੌਣ ਲੱਗੇ।
ਸੋਹਣੀ ਰਲ ਕੇ ਵੀਰ ਸੀ ਸੇਵ ਕਰਦੇ, ਰਲ ਸਾਰੇ ਸੀ ਬਣਤ ਬਨੌਣ ਲੱਗੇ।
ਪਾਸੇ ਦੂਸਰੇ ਹੋਈ ਜੀ ਖੇਡ ਸੋਹਣੀ, ਨਵੀਂ ਕਲਾ ਮਹਾਰਾਜ ਵਰਤੌਣ ਲੱਗੇ।
ਸੋਹਣ ਸਿੰਘ ਜੀ ਵੀਰ ਜੋ ਭਕਨੇ ਦੇ, ਕਠੇ ਸਿੰਘਾਂ ਨੂੰ ਏਹ ਕਰੌਣ ਲੱਗੇ।
ਕੇਸਰ ਸਿੰਘ ਜੀ ਠੱਠ ਜੀ ਗੜ੍ਹ ਵਾਲੇ, ਸਾਰੇ ਵੀਰਾਂ ਨੂੰ ਏਹ ਸਮਝੌਣ ਲੱਗੇ।
ਉਧਮ ਸਿੰਘ ਜੀ ਢੰਡ ਕਸੇਲੀਆਂ ਜੀ, ਹਰਦਿਆਲ ਜੀ ਉਥੇ ਫਿਰ ਔਣ ਲੱਗੇ।
ਮੰਗਲ ਸਿੰਘ ਜੀ ਲਾਲ ਹੈ ਪੁਰੇ ਵਾਲਾ, ਕਾਂਸ਼ੀ ਰਾਮ ਨੂੰ ਛੇਤੀ ਮੰਗੌਣ ਲੱਗੇ।
ਭਾਗ ਸਿੰਘ ਤੇ ਮੁਣਸੀ ਜੀ ਰਾਮ ਆਏ, ਜਗਤ ਰਾਮ ਜੀ ਰੱਖ ਵਖੌਣ ਲੱਗੇ।
ਮਿਲਿਆ ਆਣ ਸ਼ਹੀਦ ਕਰਤਾਰ ਸਿੰਘ ਜੀ, ਪਿਰਥੀ ਸਿੰਘ ਜੀ ਨਾਲ ਸੁਹੌਣ ਲੱਗੇ।
ਕੱਠ ਹੋ ਗਿਆ ਏਹ ਵਿਕਟੋਰੀਆ ਮੇਂ, ਵੀਰ ਰਲ ਕੇ ਜਫ਼ੀਆਂ ਪੌਣ ਲੱਗੇ।
ਕਈ ਸੈਂਕੜੇ ਭਾਈ ਸੀ ਆਏ ਉਥੇ, ਸਾਰੇ ਮੁਲਕ ਦਾ ਭਲਾ ਤਕੌਣ ਲੱਗੇ।
ਸੋਹਣ ਸਿੰਘ ਤੇ ਹਰਦਿਆਲ ਸਮਝੋ, ਦੋਵੇਂ ਉਠ ਪ੍ਰਚਾਰ ਸੁਨੌਣ ਲੱਗੇ।
ਕੇਸਰ ਸਿੰਘ ਤੇ ਸਿੰਘ ਕਰਤਾਰ ਸੋਹਣੇ, ਇਹ ਦੋਵੇਂ ਜੀ ਹਥ ਵਖੌਣ ਲੱਗੇ।
ਉਧਮ ਸਿੰਘ ਜੋ ਢੰਡ ਕਸੇਲੀਆ ਸੀ, ਸਾਰਾ ਜ਼ੁਲਮ ਜੋ ਖੋਲ੍ਹ ਬਤੌਣ ਲੱਗੇ।
ਧੂਮ ਧਾਮ ਦੇ ਨਾਲ ਏਹ ਜੋੜ ਹੋਇਆ, ਸੋਹਣੇ ਵੱਧ ਕੇ ਹੱਥ ਵਖੌਣ ਲੱਗੇ।
ਵਾਹਵਾ ਦਿੱਤੀ ਕਮੇਟੀ ਬਣਾ ਉਥੇ, ਚੰਦਾ ਲਾ ਫਿਰ ਸਾਰੇ ਉਗਰ੍ਹੌਣ ਲੱਗੇ।
ਬੰਦੋਬਸਤ ਜੀ ਕਰਕੇ ਵੀਰ ਚੰਗੇ, ਮਿੰਬਰ ਚੁਣਕੇ ਫੇਰ ਬਣੌਣ ਲੱਗੇ।
ਜੋੜ ਮੇਲ ਇਉਂ ਸਿੰਘੋ ਸੀ ਬਹੁਤ ਹੋਏ, ਜ਼ੁਲਮ ਯਾਦ ਕਰ ਸਾਰੇ ਪਛਤੌਣ ਲੱਗੇ।
ਸੋਹਣੇ ਦਿੱਤੇ ਅਸੂਲ ਬਣਾ ਸੰਤੋ, ਸੋਹਣ ਸਿਘ ਪ੍ਰਧਾਨ ਅਖਵੌਣ ਲੱਗੇ।
ਏਸੇ ਤਰ੍ਹਾਂ ਸਕੱਤਰ ਖਜ਼ਾਨਚੀ ਜੀ, ਸੋਹਣਾ ਰਲ ਗੁਰਮਤਾ ਪਕੌਣ ਲੱਗੇ।
ਸਾਰਾ ਕਰਕੇ ਬੰਦੋ ਜੀ ਬਸਤ ਉਥੇ, ਸਾਡੇ ਵੱਲ ਫਿਰ ਧਾ ਕੇ ਔਣ ਲੱਗੇ।
ਰੱਬਾ ਬੇ-ਪਰਵਾਹੀਆਂ ਤੇਰੀਆਂ ਨੇ, ਨਵੇਂ ਹੋਰ ਹੀ ਰੰਗ ਵਖੌਣ ਲੱਗੇ।
ਆਣ ਵੀਰੋ ਪ੍ਰੇਮ ਦੀ ਲਹਿਰ ਵਗ ਪਈ, ਇਕ ਦੂਜੇ ਨੂੰ ਵੀਰ ਸਮਝੌਣ ਲੱਗੇ।
ਸੁਣੋ ਬੇਨਤੀ ਸਿੰਘ ਵਸਾਖ ਦੀ ਜੀ, ਸਾਹਿਬ ਵਿਛੜੇ ਵੀਰ ਮਿਲੌਣ ਲੱਗੇ।

ਸ੍ਰੀਮਾਨ ਭਾਈ ਸੋਹਣ ਸਿੰਘ ਜੀ ਦਾ ਸਾਡੇ ਪਾਸ ਆਉਣਾ ਤੇ ਜਲਸਾ ਕਰਨਾ

ਸੋਹਣ ਸਿੰਘ ਤੇ ਦੂਸਰੇ ਕੇਸਰ ਸਿੰਘ ਜੀ, ਕਾਂਸ਼ੀ ਰਾਮ ਮੈਂ ਦਿਆਂ ਗਣਾਏ ਕੇ ਤੇ।
ਉਧਮ ਸਿੰਘ ਤੇ ਪੰਜਵੇਂ ਭਾਗ ਸਿੰਘ ਜੀ, ਮੁਣਸੀ ਰਾਮ ਮੈਂ ਲਿਖਾ ਸੁਣਾਇ ਕੇ ਤੇ।
ਅਰਜਣ ਸਿੰਘ ਜੀ ਸੱਤਵਾਂ ਨਾਲ ਏਹਨਾਂ, ਸਤੇ ਵੀਰ ਏਹ ਆਏ ਸੀ ਧਾਇ ਕੇ ਤੇ।
ਸਟਾਕ ਟੋਣ ਦੇ ਵਿਚ ਏਹ ਆਣ ਪਹੁੰਚੇ, ਸਾਨੂੰ ਮਿਲੇ ਸੀ ਜਫ਼ੀਆਂ ਪਾਇ ਕੇ ਤੇ।
ਅਸਾਂ ਰਲ ਕੇ ਫਿਰ ਸਲਾਹ ਕੀਤੀ, ਰਾਤੀਂ ਸੁੱਤੇ ਸਾਂ ਮਤਾ ਪਕਾਇ ਕੇ ਤੇ।
ਸਾਰੇ ਵੀਰਾਂ ਨੂੰ ਸਦ ਸੀ ਭੇਜੀਆਂ ਜੀ, ਚਿੱਠੇ ਸਿੰਘਾਂ ਦੇ ਹਥੀਂ ਫੜਾਇ ਕੇ ਤੇ।
ਸਾਰੇ ਵੀਰ ਫਿਰ ਆਣ ਸੀ ਹੋਏ ਕੱਠੇ, ਸਟਾਕ ਟੋਣ ਦੇ ਵਿਚ ਫਿਰ ਆਇ ਕੇ ਤੇ।
ਜੁਆਲਾ ਸਿੰਘ ਪ੍ਰਧਾਨ ਬਣਾਇ ਦੀਆ, ਸਾਰੇ ਸਿੰਘਾਂ ਨੂੰ ਪੁਛ ਪੁਛਾਇ ਕੇ ਤੇ।
ਧੂਮਧਾਮ ਦੇ ਨਾਲ ਸੀ ਹੋਇਆ ਜਲਸਾ, ਲੈਕਚਰ ਹੋਏ ਸੀ ਵੱਜ ਵਜਾਇ ਕੇ ਤੇ।
ਗੌਰਮਿੰਟ ਜੋ ਜ਼ੁਲਮ ਕਮਾ ਰਹੀ ਏ, ਦਸੇ ਵੀਰਾਂ ਨੂੰ ਜੋਸ਼ ਵਿਚ ਆਇ ਕੇ ਤੇ।
ਸਾਰਾ ਦਿਨ ਹੀ ਵੀਰ ਜੀ ਰਿਹਾ ਜਲਸਾ, ਤੌੜੀ ਵਜਦੀ ਰਹੀ ਖੜਕਾਇ ਕੇ ਤੇ।
ਵਾਰੀ ਵਾਰੀ ਮੈਦਾਨ ਮੇਂ ਵੀਰ ਔਂਦੇ, ਗੱਜ ਰਹੇ ਸੀ ਦਿਲ ਵਧਾਇ ਕੇ ਤੇ।
ਦਿਲੋਂ ਚਾਹੁੰਦੇ ਸੀ ਮਰੀਏ ਜਾਂ ਮਾਰ ਦੇਈਏ, ਜੋਸ਼ ਖਾ ਰਹੇ ਮੁੱਛਾਂ ਨੂੰ ਤਾਇ ਕੇ ਤੇ।
ਬਹੁਤ ਸਿੰਘ ਸੀ ਉਥੇ ਤਿਆਰ ਹੋਏ, ਇਕ ਦੂਜੇ ਤੋਂ ਪੈਰ ਵਧਾਏ ਕੇ ਤੇ।

ਸਾਰਾ ਦਿਨ ਹੀ ਗੈਹਮਾਂ ਸੀ ਗੈਹਮ ਰਹੀ, ਇਕ ਦੂਜੇ ਨੂੰ ਰਹੇ ਸਮਝਾਏ ਕੇ ਤੇ।
ਦਿਲੋਂ ਸੋਚਦੇ ਅਸੀਂ ਜੀ ਕੈਰ ਜੰਮੇ, ਪਛੋਤਾਂਵਦੇ ਸਿਰ ਝੁਕਾਏ ਕੇ ਤੇ।
ਦਾਗ਼ ਲਾ ਦੀਆਂ ਅਸਾਂ ਹੈ ਜੋਧਿਆਂ ਨੂੰ, ਕੰਨੀ ਸੁਣਦੇ ਸੀ ਅੱਖੀਂ ਉਠਾਇ ਕੇ ਤੇ।
ਮਸਤ ਹੋਂਵਦੇ ਵੀਰ ਜੀ ਸੱਪ ਵਾਂਗੂੰ, ਹਟਦੇ ਵੀਰ ਜਦ ਸੱਚ ਸੁਣਾਇ ਕੇ ਤੇ।
ਲੈਕਚਰ ਸੁਣ ਰਹੇ ਨਾਲ ਪ੍ਰੇਮ ਦੇ ਜੀ, ਪਛਤੌਣ ਜੀ ਧੌਣ ਝੁਕਾਇ ਕੇ ਤੇ।
ਐਵੇਂ ਜਨਮ ਗੁਆ ਲਿਆ ਵੀਰ ਆਪਾਂ, ਦੁਨੀਆਂ ਵਿਚ ਕੀ ਖਟਿਆ ਆਇ ਕੇ ਤੇ।
ਕੀਤਾ ਭਜਨ ਨਾ ਪਰਉਪਕਾਰ ਕੀਤਾ, ਮਾਣਸ ਜਨਮ ਗੁਆ ਲਿਆ ਖਾਇ ਕੇ ਤੇ।
ਮੁੱਛਾਂ ਤਾਂਵਦੇ ਜੋਸ਼ ਮੇਂ ਆਣ ਕਰਕੇ, ਜ਼ੁਲਮ ਜ਼ਾਲਮਾਂ ਵਾਲਾ ਤਕਾਇ ਕੇ ਤੇ।
ਦਿਲੋਂ ਸੋਚਦੇ ਗੋਰਿਆਂ ਮਾਰ ਮਰੀਏ, ਇਕ ਦੂਜੇ ਨੂੰ ਦੇਖ ਦਿਖਾਇ ਕੇ ਤੇ।
ਸਾਨੂੰ ਹੋ ਕੀ ਗਿਆ ਹੈ ਮੁਰਦਿਉ ਓਏ, ਕਿਉਂ ਬੈਠੋ ਹੋ ਧੌਣਾਂ ਨਿਵਾਇ ਕੇ ਤੇ।
ਲਾਜ ਆਂਵਦੀ ਤੁਸਾਂ ਨੂੰ ਮੂਲ ਨਾਹੀਂ, ਗੋਰੇ ਬੈਠੇ ਤੁਹਾਨੂੰ ਦਬਾਇ ਕੇ ਤੇ।
ਲਾਏ ਤੁਸਾਂ ਨੂੰ ਪਾਬਰਾਂ ਜੇਜ਼ੀਏ ਨੇ, ਬੈਠ ਮੁਲਕ ਨੂੰ ਲੁਟਾਇ ਕੇ ਤੇ।
ਆਣ ਤੁਸਾਂ ਦੀ ਗਈ ਹੁਣ ਅੱਜ ਕਿਥੇ, ਬੈਠੇ ਮੁਲਕ ਨੂੰ ਤੁਸੀਂ ਭੁਲਾਇ ਕੇ ਤੇ।
ਭਾਰਤ ਵਰਸ਼ ਨੂੰ ਏਹਨਾਂ ਹੈ ਜ਼ੇਰ ਕੀਤਾ, ਤੁਸੀਂ ਮਰੋ ਖਾਂ ਮੌਹਰਾ ਹੁਣ ਖਾਇ ਕੇ ਤੇ।
ਭਾਰਤ ਵਾਸੀਏ ਤੀਹ ਕਰੋੜ ਤੁਸੀਂ, ਗੋਰੇ ਹੈ ਕੀ ਵੇਖੋ ਗਣਾਇ ਕੇ ਤੇ।
ਤੀਹ ਤੇ ਚਾਰ ਕਰੋੜ ਕਿਥੇ, ਮਰੋ ਤੁਸੀਂ ਓਏ ਹੁਣ ਸ਼ਰਮਾਇ ਕੇ ਤੇ।
ਮੇਹਣੇ ਮਾਰਦੇ ਤੁਸਾਂ ਨੂੰ ਮੁਲਕ ਸਾਰੇ, ਦਾਸ ਰਹੇ ਹੋ ਤੁਸੀਂ ਸਦਵਾਇ ਕੇ ਤੇ।
ਏਸ ਜਿਉਣ ਤੋਂ ਤੁਸਾਂ ਨੂੰ ਮਰਨ ਚੰਗਾ, ਐਵੇਂ ਬੈਠੇ ਹੋ ਪੇਟ ਵਧਾਇ ਕੇ ਤੇ।
ਆਉ ਨਿਤਰੋ ਤੁਸੀਂ ਮੈਦਾ ਗਜੋ, ਮਾਰੋ ਗੋਰਿਆਂ ਸ਼ੇਰੋ ਭਜਾਇ ਕੇ ਤੇ।
ਲਾਹ ਦਿਉ ਗ੍ਰਹਿਣ ਫ਼ਰੰਗ ਤੁਸੀਂ, ਕੱਢੋ ਬਿਲਿਆਂ ਤੁਸੀਂ ਨਸਾਏ ਕੇ ਤੇ।
ਸ਼ੇਰੋ ਤੁਸਾਂ ਦੇ ਅੱਗੇ ਏਹ ਚੀਜ਼ ਕੀ ਨੇ, ਛੱਡੋ ਏਨਾਂ ਦੀ ਅਲਖ ਮੁਕਾਇ ਕੇ ਤੇ।
ਜਿਥੋਂ ਚੱਲ ਕੇ ਆਏ ਨੇ ਇਹ ਪਾਜੀ, ਉਥੇ ਤੱਕ ਹੁਣ ਛੱਡੋ ਪੁਚਾਇ ਕੇ ਤੇ।

ਮਾਰੋ ਪਾਬਰਾਂ ਗੋਰਿਆਂ ਰੋਲ ਕਰਕੇ ਮਜ਼ਾ ਏਹਨਾਂ ਨੂੰ ਛੱਡੋ ਚਖਾਇ ਕੇ ਤੇ।
ਹਥ ਏਨਾਂ ਨੂੰ ਪਾਉ ਖਾਂ ਤੁਸੀਂ ਸ਼ੇਰੋ, ਰੋਂਦੇ ਜਾਣ ਏਹ ਮਾਰੋ ਕੁਹਾਏ ਕੇ ਤੇ।
ਪਤਾ ਲੱਗੇ ਫਿਰ ਵਿਚ ਸੰਸਾਰ ਸਾਰੇ, ਤੁਸੀਂ ਤੁਰੋ ਖਾਂ ਮਤੇ ਪਕਾਇ ਕੇ ਤੇ।
ਰੌਲਾ ਪਾ ਦਿਉ ਚਲ ਕੇ ਮੁਲਕ ਅੰਦਰ, ਮੁਲਖੋ ਬਿਲਿਆਂ ਕਢ ਧਕਾਇ ਕੇ ਤੇ।
ਯਾਦ ਰੱਖਣ ਤੁਹਾਨੂੰ ਏਹ ਜੁਗਾਂ ਤਾਈਂ, ਛਡੋ ਕੰਨਾ ਨੂੰ ਹੱਥ ਲੁਆਇ ਕੇ ਤੇ।
ਪਹਿਲੇ ਦਿਨ ਸੀ ਐਸਾ ਪ੍ਰਚਾਰ ਹੋਇਆ, ਦਿਤਾ ਮੈਂ ਸੁਣਾ ਲਖਾਇ ਕੇ ਤੇ।
ਦਇਆ ਕਰੀ ਮਹਾਰਾਜ ਤੂੰ ਦਾਸ ਉਪਰ, ਸ਼ਰਨ ਆਪ ਹੀ ਡਿਗਾ ਹਾਂ ਆਏ ਕੇ ਤੇ।
ਸਿੰਘ ਦਾਸ ਵਸਾਖ ਨੂੰ ਬਖਸ਼ ਲੈਣਾ, ਪੈਜ ਨਾਮੇ ਦੀ ਰਖੀ ਤੂੰ ਧਾਇ ਕੇ ਤੇ।

ਸਾਰਾ ਦਿਨ ਹੀ ਜੋੜ ਸੀ ਮੇਲ ਰਿਹਾ, ਉਠ ਸੂਰਮੇ ਜ਼ੁਲਮ ਸੁਣਾਂਵਦੇ ਸੀ।
ਭਾਰਤ ਵਰਸ਼ ਨੂੰ ਜਿਵੇਂ ਹੈ ਚੂਰ ਕੀਤਾ, ਸਿੰਘ ਗੱਜ ਕੇ ਵੀਰ ਬਤਾਂਵਦੇ ਸੀ।
ਸੋਹਣ ਸਿੰਘ ਤੇ ਸਿੰਘ ਕਰਤਾਰ ਸਮਝੋ, ਸੋਹਣੇ ਉਠ ਕੇ ਹੱਥ ਦਖਾਂਵਦੇ ਸੀ।
ਜਗਤ ਰਾਮ ਤੇ ਸਿੰਘ ਸੰਤੋਖ ਭਾਈ, ਪਾਸ ਮਤੇ ਏਹ ਫੇਰ ਕਰਾਂਵਦੇ ਸੀ।
ਜੁਆਲਾ ਸਿੰਘ ਤੇ ਦੂਸਰਾ ਦਾਸ ਸਮਝੋ, ਕਈ ਵੀਰਾਂ ਦਾ ਦਿਲ ਉਲਟਾਂਵਦੇ ਸੀ।
ਉਧਮ ਸਿੰਘ ਤੇ ਕੇਸਰ ਜੀ ਸਿੰਘ ਭਾਈ, ਸੋਹਣੀ ਉਠ ਕੇ ਧੂੜ ਧੁਮਾਂਵਦੇ ਜੀ।
ਨੌਦ ਸਿੰਘ ਤੇ ਦੂਸਰੇ ਕੇਹਰ ਸਿੰਘ ਜੀ, ਕਈਆਂ ਨਾਲ ਇਹ ਬਹਿਸ ਬਸਾਂਵਦੇ ਜੀ।
ਬਿਸ਼ਨ ਸਿੰਘ ਤੇ ਕਾਂਸ਼ੀ ਜੀ ਰਾਮ ਦੂਜਾ, ਹਰਨਾਮ ਸਿੰਘ ਨੂੰ ਨਾਲ ਰਲਾਂਵਦੇ ਜੀ।
ਹਜ਼ਾਰਾ ਸਿੰਘ ਤੇ ਮੁਣਸ਼ੀ ਜੀ ਰਾਮ ਸਮਝੋ, ਬਹੁਤ ਵੀਰਾਂ ਨੂੰ ਏਹ ਸਮਝਾਂਵਦੇ ਜੀ।
ਭਾਗ ਸਿੰਘ ਤੇ ਕਾਹਨ ਜੀ ਸਿੰਘ ਭਾਈ, ਸੋਹਣੇ ਸੋਚ ਗੁਰਮਤੇ ਪਕਾਂਵਦੇ ਸੀ।
ਸਾਰਾ ਦਿਨ ਹੀ ਜਲਸਾ ਸੀ ਖ਼ੂਬ ਰਿਹਾ, ਬਣਤਾਂ ਸੋਹਣੀਆਂ ਰਲ ਬਣਾਂਵਦੇ ਸੀ।
ਗੱਜ ਵੱਜ ਕੇ ਸਿੰਘ ਸੀ ਸੂਰਮੇ ਜੀ, ਦਿਲੋਂ ਮਰਨਾ ਜਾਂ ਮਾਰਨਾ ਚਾਂਹਵਦੇ ਸੀ।

ਕਈ ਉਠ ਕੇ ਜੋਧੇ ਸੀ ਉਸ ਜਗ੍ਹਾ, ਨਾਮ ਆਪਣਾ ਦਰਜ ਕਰਾਂਵਦੇ ਸੀ।
ਬਹੁਤ ਬਣ ਜੀ ਗਏ ਸਹੈਕ ਉਥੇ, ਮਿੰਬਰ ਬਣ ਕਈ ਨਾਮ ਲਖਾਂਵਦੇ ਸੀ।
ਮੁਲਕ ਮਲਿਆ ਆਣ ਕਰ ਗੋਰਿਆਂ ਨੇ, ਜੋਸ਼ ਵਿਚ ਆ ਮੁੱਛਾਂ ਨੂੰ ਤਾਂਵਦੇ ਸੀ।
ਵੇਖ ਕਰਨੀਆਂ ਸੂਰਮੇ ਉਸ ਜਗ੍ਹਾ, ਦਿਲ ਆਪਣੇ ਬਹੁਤ ਪਛਤਾਂਵਦੇ ਸੀ।
ਸਾਨੂੰ ਹੋ ਕੀ ਗਿਆ ਹੈ ਮੁਰਦਿਉ ਉਏ, ਕਈ ਵੀਰਾਂ ਨੂੰ ਟੁੰਬ ਜਗਾਂਵਦੇ ਸੀ।
ਆਪਾਂ ਮੁਲਕ ਵਿਸਾਰ ਵੈਰਾਨ ਕੀਤਾ, ਕਈ ਸੋਚ ਸਲਾਹ ਦੁੜਾਂਵਦੇ ਸੀ।
ਜਨਮ ਪਾਇ ਕੇ ਭਲਾ ਨਾ ਕੰਮ ਕੀਤਾ, ਦਿਲੋਂ ਸੋਚ ਕਰ ਨੀਵੀਆਂ ਪਾਂਵਦੇ ਸੀ।
ਦਿੱਤੇ ਨਾਮ ਲਿਖਾ ਸੀ ਬਹੁਤਿਆਂ ਨੇ, ਪਰਚਾਰ ਸੁਣਕਰ ਜੋਸ਼ ਮੇਂ ਆਂਵਦੇ ਸੀ।
ਮੁਲਕ ਚਲ ਕਰ ਧੂੜ ਧੁਮ ਦਈਏ, ਸਾਰੇ ਵੀਰ ਕਚੀਚੀਆਂ ਖਾਂਵਦੇ ਸੀ।
ਏਹਨਾਂ ਜ਼ਾਲਮਾਂ ਮੁਲਖ ‘ਚ ਕਹਿਰ ਕੀਤੈ, ਗੌਰਮਿੰਟ ਦਾ ਜ਼ੁਲਮ ਚਤਾਂਵਦੇ ਸੀ।
ਚੰਦਾ ਦਿਤਾ ਲਿਖਾ ਫਿਰ ਸਾਰਿਆਂ ਨੇ, ਡਾਲਾ ਵੀਰ ਫੇਰ ਕੱਠਾ ਕਰਾਂਵਦੇ ਸੀ।
ਜਤਨ ਹੋ ਰਿਹਾ ਮੁਲਕ ਦੇ ਭਲੇ ਦਾ ਜੀ, ਖੇਡ ਆਪ ਮਹਾਰਾਜ ਵਰਤਾਂਵਦੇ ਸੀ।
ਸੋਹਣੇ ਰਲ ਕੇ ਵੀਰਾਂ ਗੁਰਮਤੇ ਕੀਤੇ, ਪਰਚਾ ਕੱਢੀਏ ਬਣਤ ਬਣਾਂਵਦੇ ਸੀ।
ਆਸਾ ਵੀਰਾਂ ਦੀ ਗੁਰਾਂ ਨੇ ਪੂਰੀ ਕੀਤੀ, ਸ਼ੁਕਰ ਸਿੰਘ ਫਿਰ ਸਾਰੇ ਮਨਾਂਵਦੇ ਸੀ।
ਜਿਧਰ ਹਥ ਪੌਂਦੇ ਕੰਮ ਰਾਸ ਹੁੰਦਾ, ਸੋਹਣਾ ਰਲ ਫਿਰ ਸਾਥ ਨਿਭਾਂਵਦੇ ਸੀ।
ਸ਼ਾਮ ਪਈ ਫਿਰ ਵੀਰ ਸਲਾਹ ਕਰਕੇ, ਜਲਸਾ ਖਤਮ ਕਰ ਕੂਚ ਬੁਲਾਂਵਦੇ ਸੀ।
ਸਿੰਘ ਦਾਸ ਵਸਾਖ ਬਿਆਣਦਾ ਜੀ, ਅਡੋ ਅਡ ਫਿਰ ਘਰਾਂ ਨੂੰ ਜਾਂਵਦੇ ਸੀ।

ਸਟਾਕ ਟੌਣ ਮੇਂ ਵੀਰ ਗੁਰਮਤੇ ਕਰਕੇ, ਅਡੋ ਅਡ ਸੀ ਗਏ ਪੱਧਾਰ ਸੰਤੋ।
ਸੋਹਣ ਸਿੰਘ ਤੇ ਦੂਸਰੇ ਕੇਸਰ ਸਿੰਘ ਜੀ, ਸੋਹਣਾ ਏਹਨਾਂ ਦਾ ਚਿਤ ਉਦਾਰ ਸੰਤੋ।
ਕਾਂਸ਼ੀ ਰਾਮ ਤੇ ਊਧਮ ਜੀ ਸਿੰਘ ਜਾਣੋ, ਭਾਗ ਸਿੰਘ ਸੀ ਨਾਲ ਹੋਸ਼ਿਆਰ ਸੰਤੋ।
ਕਰਤਾਰ ਸਿੰਘ ਜੀ ਛੇਵਾਂ ਜੀ ਨਾਲ ਏਹਨਾਂ, ਸਾਰੇ ਆਏ ਸੀ ਕਰ ਵੀਚਾਰ ਸੰਤੋ।
ਸਾਡੇ ਗਏ ਫਿਰ ਮਿਲ ਖਿਆਲ ਵੀਰੋ, ਸੋਹਣਾ ਹੋਇਆ ਫਿਰ ਸਾਡਾ ਪਿਆਰ ਸੰਤੋ।
ਕਈ ਦਿਨ ਫਿਰ ਕਠੇ ਜੀ ਰੈਹ ਕਰਕੇ, ਰਹੇ ਕਈ ਦਲੀਲਾਂ ਨੂੰ ਧਾਰ ਸੰਤੋ।
ਦਿਨੇ ਰਾਤ ਹੀ ਮੁਲਕ ਦੀ ਸੋਚ ਲੱਗੀ, ਨਾਲੇ ਰਹੇ ਸਾਂ ਨਾਮ ਚਤਾਰ ਸੰਤੋ।
ਜਿਵੇਂ ਮੁਲਕ ਦਾ ਵੀਰ ਜੀ ਭਲਾ ਹੋਵੇ, ਜੁਗਤ ਰਿਹਾ ਬਣਾ ਕਰਤਾਰ ਸੰਤੋ।
ਸੋਹਣਾ ਹੋਇਆ ਫਿਰ ਸਾਡਾ ਪ੍ਰੇਮ ਵੀਰੋ, ਕੀਤੀ ਦਇਆ ਸੀ ਸਿਰਜਨੇਹਾਰ ਸੰਤੋ।
ਦੂਜੇ ਆਏ ਸੀ ਮੁੜ ਵਿਕਟੋਰੀਆ ਨੂੰ, ਏਧਰ ਬਹੁਤ ਸੀ ਕਾਰ ਵਿਚਾਰ ਸੰਤੋ।
ਜੇਹੜੇ ਗਏ ਕਮੇਟੀ ਬਣਾ ਏਥੇ, ਆਣ ਉਸ ਦਾ ਕੀਤਾ ਸੁਧਾਰ ਸੰਤੋ।
ਸੋਹਣ ਸਿੰਘ ਅਤੇ ਦੂਜੇ ਕਰਤਾਰ ਸਿੰਘ ਜੀ, ਸਾਡੇ ਪਾਸੇ ਏਹ ਰਹੇ ਬਲਹਾਰ ਸੰਤੋ।
ਸੋਹਣ ਸਿੰਘ ਜੀ ਜਾ ਕਰ ਦੂਰ ਨੇੜੇ, ਕਰਦੇ ਸਿੰਘਾਂ ਨੂੰ ਜਾ ਤਿਆਰ ਸੰਤੋ।
ਜ਼ਾਲਮ ਜ਼ੁਲਮ ਜੋ ਰਹੇ ਕਮਾ ਵੀਰੋ, ਦਸ ਰਹੇ ਸੀ ਜਾ ਨਿਤਾਰ ਸੰਤੋ।
ਸੁੰਦਰ ਵੀਰ ਜੀ ਜਾ ਵਿਚਾਰ ਦੱਸਕੇ, ਕਰਦੇ ਸਿੰਘਾਂ ਦਾ ਚਿਤ ਉਦਾਰ ਸੰਤੋ।
ਸਿੰਘ ਦਾਸ ਵਸਾਖ ਦਾ ਬੇਨਤੀ ਜੀ, ਕਰੇ ਮੇਹਰ ਜੀ ਆਪ ਦਾਤਾਰ ਸੰਤੋ।

ਧੰਨਵਾਦ ਸਾਹਿਤ “ਕੌਮਾਂਤਰੀ ਅੰਮ੍ਰਿਤਸਰ ਟਾਇਮਜ਼” ਵਿੱਚੋਂ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: