ਚੋਣਵੀਆਂ ਲਿਖਤਾਂ » ਲੇਖ

ਸੰਤਾਲੀ ਮੌਕੇ ਵੱਖਰਾ ਸਿੱਖ ਮੁਲਕ ਨਾ ਬਣ ਸਕਣ ਦੀ ਅਸਲੀਅਤ ਕੀ ਹੈ? (ਕਿਸ਼ਤ ਦੂਜੀ)

August 15, 2018 | By

ਕੀ 1947 ਵਿੱਚ ਸਿੱਖਾਂ ਨੂੰ ਆਪਣਾ ਵੱਖਰਾ ਮੁਲਕ ਮਿਲਦਾ ਸੀ ਤੇ ਉਹਨਾਂ ਨਹੀਂ ਲਿਆ? ਇਹ ਸਵਾਲ ਅਕਸਰ ਕੀਤਾ ਜਾਂਦਾ ਹੈ ਤੇ ਇਸ ਬਾਰੇ ਕਈ ਤਰ੍ਹਾਂ ਦੀਆਂ ਧਾਰਨਾਵਾਂ ਅਤੇ ਵਿਆਖਿਆਵਾਂ ਮੌਜੂਦ ਹਨ। ਸੀਨੀਅਰ ਪੱਤਰਕਾਰ ਸ. ਗੁਰਪ੍ਰੀਤ ਸਿੰਘ ਮੰਡਿਆਣੀ ਨੇ ਇਸ ਲੰਮੀ ਲਿਖਤ ਰਾਹੀਂ ਇਸ ਮਸਲੇ ‘ਤੇ ਆਪਣਾ ਨਜ਼ਰੀਆ ਸਾਂਝਾ ਕੀਤਾ ਹੈ ਜੋ ਪਾਠਕਾਂ ਦੀ ਜਾਣਕਾਰੀ ਹਿਤ ਦੋ ਕਿਸ਼ਤਾਂ ਵਿੱਚ ਛਾਪਿਆ ਜਾ ਸਕਦਾ ਹੈ। ਇਸ ਮਾਮਲੇ ਵਿੱਚ ਜੇਕਰ ਕੋਈ ਵੀ ਹੋਰ ਗੰਭੀਰ ਲਿਖਤ ਆਵੇਗੀ ਤਾਂ ਉਸ ਨੂੰ ਪਾਠਕਾਂ ਨਾਲ ਸਾਂਝਾ ਕਰਨ ਬਾਰੇ ਜਰੂਰ ਵਿਚਾਰ ਕਰਾਂਗੇ – ਸੰਪਾਦਕ।

ਗੁਰਪ੍ਰੀਤ ਸਿੰਘ ਮੰਡਿਆਣੀ

35. ਵੱਖਰੇ ਸਿੱਖ ਮੁਲਕ ਦਾ ਮੁੱਦਾ ਕਦੇ ਗੰਭੀਰਤਾ ਨਾਲ ਉਭਰਿਆ ਹੀ ਨਹੀਂ: ਅੰਗਰੇਜਾਂ ਦੇ ਭਾਰਤ ਵਿੱਚੋਂ ਚਲੇ ਜਾਣ ਤੋਂ ਬਾਅਦ ਮੁਲਕ ਦੀ ਸਿਆਸੀ ਸ਼ਕਲ ਵੱਖਰੀ ਹੋਣੀ ਸੀ। ਮੁਸਲਮਾਨ ਅਵਾਮ ਆਪਣੀ ਸਿਆਸੀ ਪਾਰਟੀ ਮੁਸਲਿਮ ਲੀਗ ਰਾਹੀਂ ਆਪਣੀ ਖਾਤਰ ਵੱਖਰਾ ਮੁਲਕ ਲੈਣ ਲਈ ਕਲੀਅਰ ਕੱਟ ਸਟੈਂਡ ਲਈ ਬੈਠਾ ਸੀ। ਦੂਜੇ ਪਾਸੇ ਸਿੱਖ ਆਗੂਆਂ ਨੇ ਅੰਮ੍ਰਿਤਸਰ ਵਿੱਚ ਅਗਸਤ 1944 ਅਤੇ ਲਾਹੌਰ ਵਿੱਚ ਅਕਤੂਬਰ 1944 ਨੂੰ ਸਿਰਫ ਰਸਮੀ ਤੌਰ ‘ਤੇ ਵੱਖਰੇ ਸਿੱਖ ਮੁਲਕ ਦੀ ਗੱਲ ਤੋਰੀ। ਇਹ ਗੱਲ ਵੀ ਆਪਣੇ ਖਾਤਰ ਨਾ ਹੋ ਕੇ ਸਿੱਖਾਂ ਨੇ ਪਾਕਿਸਤਾਨ ਦੀ ਮੰਗ ਦੇ ਖਿਲਾਫ ਕੀਤੀ ਸੀ। ਜਿਸਦਾ ਸਿੱਧਾ ਮਤਲਬ ਸੀ ਕਿ ਜੇ ਪਾਕਿਸਤਾਨ ਬਣਨਾ ਹੈ ਤਾਂ ਸਿੱਖ ਮੁਲਕ ਵੀ ਬਣਨਾ ਚਾਹੀਦਾ ਹੈ। ਰਸਮੀ ਮੰਗ ਕਰਨ ਤੋਂ ਇਲਾਵਾ ਸਿੱਖਾਂ ਨੇ ਇਹਦੇ ਬਾਬਤ ਕੋਈ ਗੰਭੀਰ ਵਿਉਂਤਬੰਦੀ ਨਹੀਂ ਕੀਤੀ। ਬਲਕਿ ਪਾਕਿਸਤਾਨ ਦੀ ਕਾਇਮੀ ਨੂੰ ਰੋਕਣ ਖਾਤਰ ਸਾਰਾ ਟਿੱਲ ਲਾ ਦਿੱਤਾ। ਮਾਰਚ 1947 ਵਿੱਚ ਪੋਠੋਹਾਰ (ਜਿਲ੍ਹਾ ਰਾਵਲਪਿੰਡੀ ਵਗੈਰਾ) ਅਤੇ ਵੰਡ ਤੋਂ ਬਾਅਦ ਹੋਇਆ ਸਿੱਖਾਂ ਦਾ ਕਤਲੇਆਮ ਸਿੱਖਾਂ ਵੱਲੋਂ ਪਾਕਿਸਤਾਨ ਦੇ ਖਿਲਾਫ ਸਟੈਂਡ ਲੈਣ ਦੇ ਸਿੱਟੇ ਵਜੋਂ ਸੀ।

ਇਸ ਲੇਖ ਦੀ ਪਹਿਲੀ ਕਿਸ਼ਤ ਪੜਨ ਲਈ ਹੇਠਾਂ ਵਾਲੀ ਤੰਦ ਖੋਲੋ।

ਸੰਤਾਲੀ ਮੌਕੇ ਵੱਖਰਾ ਸਿੱਖ ਮੁਲਕ ਨਾ ਬਣ ਸਕਣ ਦੀ ਅਸਲੀਅਤ ਕੀ ਹੈ? (ਕਿਸ਼ਤ ਪਹਿਲੀ)

ਸਿੱਖਾਂ ਨੇ ਕਦੇ ਵੀ ਆਪਣੀ ਖਾਤਰ ਕੋਈ ਸਟੈੇਂਡ ਨਹੀਂ ਲਿਆ ਬਲਕਿ ਉਨ੍ਹਾਂ ਦਾ ਸਟੈਂਡ ਹਮੇਸਾਂ ਅੰਗਰੇਜਾਂ ਅਤੇ ਮੁਸਲਮਾਨਾਂ ਦੇ ਖਿਲਾਫ ਹੁੰਦਾ ਸੀ। ਦੂਜੇ ਲਫ਼ਜਾਂ ਵਿੱਚ ਗੱਲ ਕਰੀਏ ਤਾਂ ਉਨ੍ਹਾਂ ਦੇ ਇਹ ਸਟੈਂਡ ਉਹੀ ਹੁੰਦਾ ਸੀ ਜੋ ਕਿ ਹਿੰਦੂਆਂ ਦਾ ਆਪਣੀ ਸਿਆਸੀ ਪਾਰਟੀ ਕਾਂਗਰਸ ਰਾਹੀਂ ਹੁੰਦਾ ਸੀ। ਹਿੰਦੂਆਂ ਦਾ ਸਟੈਂਡ ਇਹ ਹੁੰਦਾ ਸੀ ਕਿ ਅੰਗਰੇਜ ਚੁੱਪਚਾਪ ਇੱਥੋਂ ਚਲੇ ਜਾਣ ਬਾਕੀ ਦੀ ਗੱਲ ਅਸੀਂ ਆਪੇ ਹੱਲ ਕਰਾਂਗੇ। ਮੁਸਲਮਾਨਾਂ ਦੀ ਦਿਲਚਸਪੀ ਅੰਗਰੇਜਾਂ ਨੂੰ ਇੱਥੋਂ ਛੇਤੀ ਕੱਢਣ ਵਿੱਚ ਨਹੀ ਸੀ ਬਲਕਿ ਉਹ ਚਾਹੁੰਦੇ ਸਨ ਕਿ ਅੰਗਰੇਜ ਆਪਣੇ ਹੁੰਦੇ-ਹੁੰਦੇ ਅਜਿਹਾ ਸਿਆਸੀ ਢਾਂਚਾ ਬਣਾ ਕੇ ਜਾਣ ਜੀਹਦੇ ਵਿੱਚ ਮੁਸਲਮਾਨਾਂ ਦੇ ਹਿੱਤ ਮਹਿਫੂਜ ਹੋਣ। ਜਦੋਂ ਅਜਿਹਾ ਨਾ ਹੁੰਦਾ ਦਿਿਸਆ ਤਾਂ ਉਨ੍ਹਾਂ ਨੇ ਸਾਰਾ ਜੋਰ ਵੱਖਰਾ ਮੁਲਕ ਲੈਣ ਤੇ ਲਾ ਦਿੱਤਾ। ਸਿੱਖਾਂ ਦਾ ਸਟੈਂਡ ਵੀ ਇਹੀ ਸੀ ਕਿ ਅੰਗਰੇਜ ਛੇਤੀ ਤੋਂ ਛੇਤੀ ਮੁਲਕ ਛੱਡ ਜਾਣ। ਮੁਸਲਮਾਨਾਂ ਵਾਂਗ ਉਨ੍ਹਾਂ ਨੇ ਅਜਿਹੀ ਕੋਈ ਮੰਗ ਨਹੀ ਰੱਖੀ ਕਿ ਅੰਗਰੇਜ ਜਾਣ ਤੋਂ ਪਹਿਲਾ ਸਿੱਖ ਹਿੱਤ ਸੁਰੱਖਿਅਤ ਕਰਕੇ ਜਾਣ। ਸਿੱਖਾਂ ਨੇ ਹਮੇਸ਼ਾਂ ਮੁਸਲਮਾਨ ਦੀ ਹਰੇਕ ਮੰਗ ਦਾ ਵਿਰੋਧ ਕੀਤਾ। ਉਨ੍ਹਾਂ ਦਾ ਹਰੇਕ ਸਿਆਸੀ ਪੈਂਤੜਾਂ ਉਹੀ ਹੁੰਦਾ ਸੀ ਜੋ ਕਿ ਕਾਂਗਰਸ ਚਾਹੁੰਦੀ ਸੀ। ਇਹਦੀਆ ਕੁੱਝ ਕੁ ਵੰਨਗੀਆ ਹੇਠ ਲਿਖੀਆਂ ਹਨ।

1928 ਵਿੱਚ ਇੱਕ ਬਰਤਾਵਨੀ ਕਮਿਸ਼ਨ ਭਾਰਤ ਆਇਆ ਜਿਸਨੂੰ ਸਾਈਮਨ ਕਮਿਸ਼ਨ ਆਖਿਆ ਜਾਂਦਾ ਹੈ। ਇਹ ਕਮਿਸ਼ਨ ਇਹ ਪਤਾ ਲਾਉਣ ਭਾਰਤ ਆਇਆ ਸੀ ਕਿ ਅੰਗਰੇਜਾਂ ਦੇ ਭਾਰਤ ਛੱਡ ਜਾਣ ਤੋਂ ਬਾਅਦ ਅਜ਼ਾਦ ਭਾਰਤ ਦੀ ਕੀ ਸ਼ਕਲੋ ਸੂਰਤ ਬਣੇਗੀ। ਕਾਂਗਰਸ ਨੇ ਇਹਦਾ ਬਾਈਕਾਟ ਇਹ ਕਹਿ ਕੇ ਕੀਤਾ ਕਿ ਅੰਗਰੇਜਾਂ ਨੂੰ ਅਜਿਹਾ ਕਰਨ ਦਾ ਕੋਈ ਹੱਕ ਨਹੀਂ ਉਹ ਚੁੱਪਚਾਪ ਇੱਥੋਂ ਚਲੇ ਜਾਣ ਬਾਕੀ ਅਸੀਂ ਆਪਦਾ ਆਪੇ ਦੇਖ ਲਵਾਂਗੇ। ਇੱਥੋਂ ਮੁਸਲਮਾਨਾਂ ਦਾ ਖਦਸ਼ਾ ਹੋਰ ਵਧਿਆ ਕਿ ਅਜ਼ਾਦ ਮੁਲਕ ਦੀ ਸਿਆਸੀ ਸ਼ਕਲੋਂ ਸੂਰਤ ਉਹੀ ਹੋਵੇਗੀ ਜੋ ਹਿੰਦੂ ਬਹੁ ਗਿਣਤੀ ਚਾਹੇਗੀ। ਜੀਹਦਾ ਸਿੱਧਮ ਸਿੱਧਾ ਮਤਲਬ ਇਹ ਸੀ ਕਿ ਮੁਸਲਮਾਨ ਦੇ ਮੁਫਾਦ ਹਿੰਦੂ ਬਹੁ ਗਿਣਤੀ ਦੀ ਮਰਜੀ ਤੇ ਨਿਰਭਰ ਹੋਣਗੇ। ਇਹ ਦੇਖ ਕੇ ਉਹ ਪਾਕਿਸਤਾਨ ਦੀ ਮੰਗ ਵੱਲ ਹੋਰ ਗੰਭੀਰ ਹੋ ਗਏ। ਵਕਤ ਦਾ ਤਕਾਜ਼ਾ ਮੰਗ ਕਰਦਾ ਸੀ ਕਿ ਸਿੱਖ ਆਗੂ ਵੀ ਕਮਿਸ਼ਨ ਕੋਲ ਆਪਣੀ ਇਹ ਮੰਗ ਰੱਖਦੇ ਕਿ ਅਜ਼ਾਦ ਭਾਰਤ ਵਿੱਚ ਸਿੱਖ ਹਿੱਤਾਂ ਦੀ ਰੱਖਿਆ ਦਾ ਕੋਈ ਬਾਨਣੂ ਬੰਨ੍ਹਿਆ ਜਾਵੇ। ਪਰ ਉਨ੍ਹਾਂ ਨੇ ਨਾ ਆ ਦੇਖਿਆ ਨਾ ਤਾਅ ਦੇਖਿਆ ਕਾਂਗਰਸ ਦੀ ਬੋਲੀ ਬੋਲਦਿਆ ਸਾਈਮਨ ਕਮਿਸ਼ਨ ਦਾ ਬਾਈਕਾਟ ਕਰ ਦਿੱਤਾ। ਇੱਥੇ ਇਹ ਗੱਲ ਦੱਸਣੀ ਜਰੂਰੀ ਹੈ ਕਿ ਸਿਰਫ ਅਗਸਤ 1947 ਦਾ ਹੀ ਸਮਾਂ ਨਹੀਂ ਸੀ ਜਦੋਂ ਅੰਗਰੇਜਾਂ ਨੇ ਸਭ ਤੋਂ ਪੁੱਛਿਆ ਕਿ ਤੁਸੀ ਕੀ ਚਾਹੁੰਨੇ ਓ ਤਾਂ ਸਿੱਖਾਂ ਨੇ ਜਵਾਬ ਦੇ ਦਿੱਤਾ । ਮੁਸਲਮਾਨਾਂ ਨੇ ਪਾਕਿਸਤਾਨ ਮੰਗ ਲਿਆ ਜੋ ਕਿ ਉਨ੍ਹਾਂ ਨੂੰ ਮਿਲ ਗਿਆ। ਮੁਸਲਮਾਨਾਂ ਨੇ ਪਾਕਿਸਤਾਨ ਦੀ ਮੰਗ ਨੂੰ ਸਾਕਾਰ ਕਰਨ ਲਈ ਦਹਾਕਿਆ ਤੋਂ ਇਹਦੀ ਖਾਤਰ ਹਾਲਾਤ ਤਿਆਰ ਕੀਤੇ। ਜਦਕਿ ਸਿੱਖਾਂ ਦਾ ਕੋਈ ਪੈਂਤੜਾ ਆਪਣੀ ਖਾਤਰ ਨਹੀਂ ਸੀ। ਇਹਦੇ ਮੱਦੇਨਜ਼ਰ ਇਹ ਸੰਭਵ ਵੀ ਨਹੀਂ ਸੀ ਕਿ ਵੱਖਰੇ ਸਿੱਖ ਰਾਜ ਦੀ ਮੰਗ 1947 ਵਿੱਚ ਜਾ ਕੇ ਕੀਤੀ ਜਾਂਦੀ ਤਾਂ ਉਹ ਪੂਰੀ ਹੋ ਜਾਂਦੀ।

36. ਆਪਦਾ ਮੁਫਾਦ ਸੋਚੇ ਬਿਨ੍ਹਾ ਸਿੱਖ ਕਾਂਗਰਸ ਦੀ ਪੈੜ੍ਹ ਵਿੱਚ ਪੈਰ ਧਰਦੇ ਰਹੇ: 1930 ਵਿੱਚ ਹੋਈਆਂ ਚੋਣਾਂ ਦਾ ਕਾਂਗਰਸ ਨੇ ਬਾਈਕਾਟ ਕੀਤਾ ਤੇ ਸਿੱਖ ਲੀਗ ਨੇ ਵੀ ਕਾਂਗਰਸ ਮਗਰ ਲੱਗ ਕੇ ਬਾਈਕਾਟ ਕਰ ਦਿੱਤਾ। ਉਨ੍ਹੀਂ ਦਿਨੀਂ ਅਕਾਲੀ ਦਲ ਪੂਰੀ ਤਰ੍ਹਾਂ ਇੱਕ ਸਿਆਸੀ ਪਾਰਟੀ ਵਜੋਂ ਨਹੀ ਸੀ ਉਭਰਿਆ ਅਤੇ ਸਿੱਖ ਲੀਗ ਹੀ ਸਿੱਖਾਂ ਦੀ ਨੁਮਾਇੰਦਾ ਜਮਾਤ ਸੀ। ਸਿੱਖ ਲੀਗ ਸਿੱਖਾਂ ਦੀ ਪਾਰਟੀ ਹੋਣ ਦੇ ਬਾਵਜੂਦ ਇਹਦਾ ਸਿਆਸੀ ਪ੍ਰੋਗਰਾਮ ਕਾਂਗਰਸ ਤੋਂ ਇੱਕ ਇੰਚ ਵੀ ਵੱਖਰਾਂ ਨਹੀ ਸੀ। ਇੱਥੋਂ ਤੱਕ ਕਿ ਸਿੱਖ ਲੀਗ ਦੇ ਅਹੁਦੇਦਾਰ ਨਾਲੋਂ-ਨਾਲ ਕਾਂਗਰਸ ਦੇ ਵੀ ਅਹੁਦੇਦਾਰ ਸੀਗੇ। ਸਿੱਖ ਲੀਗ ਦਾ ਸਕੱਤਰ ਸਰਦੂਲ ਸਿੰਘ ਕਵੀਸ਼ਰ ਪੰਜਾਬ ਕਾਂਗਰਸ ਕਮੇਟੀ ਦਾ ਵੀ ਸਕੱਤਰ ਸੀ। ਬਾਬਾ ਖੜਕ ਸਿੰਘ ਸਿੱਖ ਲੀਗ ਦਾ ਵੀ ਸੈਕਟਰੀ ਸੀ ਤੇ ਨਾਲੋਂ ਨਾਲ ਪੰਜਾਬ ਕਾਂਗਰਸ ਦਾ ਵੀ ਪ੍ਰਧਾਨ ਸੀ। ਜਦੋਂ 1930 ‘ਚ ਕਾਂਗਰਸ ਨੇ ਵਿਦੇਸ਼ੀ ਚੀਜਾਂ ਦੇ ਬਾਈਕਾਟ ਦਾ ਪ੍ਰੋਗਰਾਮ ਦਿੱਤਾ ਤਾਂ ਇਸ ਨਿਰੇ ਪੁਰੇ ਸਿਆਸੀ ਪ੍ਰੋਗਰਾਮ ਨੂੰ ਸਿੱਖ ਆਗੂਆਂ ਨੇ ਸਿੱਖਾਂ ਦੇ ਧਾਰਮਿਕ ਪ੍ਰੋਗਰਾਮ ਵਜੋਂ ਮਾਨਤਾ ਦਿੱਤੀ। ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਮਾਸਟਰ ਤਾਰਾ ਸਿੰਘ ਨੇ ਸਿੱਖਾਂ ਨੂੰ ਅਪੀਲ ਕੀਤੀ ਕਿ ਉਹ ਗੁਰੂ ਗਰੰਥ ਸਾਹਿਬ ਜੀ ਦੇ ਰੁਮਾਲੇ ਵੀ ਵਿਦੇਸ਼ੀ ਕੱਪੜੇ ਦੇ ਨਾ ਬਣਾਉਣ। ਦੇਗ ਵੀ ਦੇਸੀ ਖੰਡ ਦੀ ਬਣੀ ਹੋਈ ਪ੍ਰਵਾਨ ਕੀਤੀ ਜਾਵੇ।

ਇੱਕ ਵਾਰ ਮਹਾਰਾਜਾ ਪਟਿਆਲਾ ਭੁਪਿੰਦਰ ਸਿੰਘ ਨੇ ਅੰਗਰੇਜਾਂ ਨੂੰ ਇਸ ਗੱਲ ਲਈ ਮਨਾ ਲਿਆ ਸੀ ਕਿ ਉਹ ਗੁਰਦੁਆਰਾ ਸੀਸ ਗੰਜ ਦਿੱਲੀ ਦੇ ਨਾਲ ਲੱਗਦੀ ਕੋਤਵਾਲੀ ਗੁਰਦੁਆਰੇ ਨੂੰ ਦੇ ਦੇਣ । ਮਾਸਟਰ ਤਾਰਾ ਸਿੰਘ ਨੇ ਇਹ ਕਹਿੰਦਿਆ ਸਖਤ ਸਟੈਂਡ ਲਿਆ ਕਿ ਅਸੀਂ ਗੁਰਦੁਆਰੇ ਖਾਤਰ ਅੰਗਰੇਜਾਂ ਹੱਥੋਂ ਕੱਖ ਨਹੀਂ ਲੈਣਾਂ। ਸਿੱਖ ਨਿੱਕੀ ਤੋਂ ਲੈ ਕੇ ਵੱਡੀ ਗੱਲ ਤੱਕ ਸਿੱਖ ਇਸ ਸਟੈਂਡ ਤੇ ਗੱਡਮੇਂ ਪੈਂਰੀ ਖੜ੍ਹੇ ਰਹੇ ਕਿ ਅਸੀ ਜੋ ਲੈਣਾਂ ਹੈ ਕਾਂਗਰਸ ਤੋਂ ਹੀ ਲਵਾਂਗੇ। ਸਿੱਖਾਂ ਦਾ ਇਹ ਸਟੈਂਡ ਐਨ ਅਖੀਰ ਤੱਕ ਕਾਇਮ ਰਿਹਾ। ਦਸਬੰਰ 1946 ਨੂੰ ਜਦੋਂ ਬਰਤਾਨਵੀ ਸਰਕਾਰ ਨੇ ਮੁਸਲਿਮ ਲੀਗ ਕਾਂਗਰਸ ਅਤੇ ਸਿੱਖਾਂ ਦਾ ਇੱਕ ਇੱਕ ਨੁਮਾਇੰਦਾ ਲੰਡਨ ਸੱਦਿਆ ਤਾਂ ਕਿ ਹਿੰਦੁਸਤਾਨ ਨੂੰ ਇੱਕਠਾ ਰੱਖਣ ਦੀ ਆਖਰੀ ਕੋਸ਼ਿਸ਼ ਕੀਤੀ ਜਾਵੇ। ਪਰ ਇਹ ਕੋਸ਼ਿਸ਼ ਵੀ ਫੇਲ ਹੋ ਗਈ। ਸਿੱਖ ਲੀਡਰਾਂ ਨੂੰ ਤਾਂ ਭਾਵੇਂ ਸਿੱਖਾਂ ਦੀ ਹੋਣੀ ਦੀ ਕੋਈ ਪ੍ਰਵਾਹ ਨਹੀ ਸੀ ਪਰ ਅੰਗਰੇਜ ਜਰੂਰ ਸਿੱਖਾਂ ਬਾਬਤ ਫਿਕਰਮੰਦ ਸਨ। ਉਨ੍ਹਾਂ ਦਾ ਫਿਕਰ ਇਹ ਸੀ ਕਿ ਪੰਜਾਬ ਦੀ ਵੰਡ ਨਾਲ ਸਿੱਖ ਕੌਮ ਦੋ ਹਿੱਸਿਆ ਵਿੱਚ ਵੰਡੀ ਜਾਵੇਗੀ ਜੀਹਦੇ ਨਾਲ ਇਹਦਾ ਭਾਰੀ ਨੁਕਸਾਨ ਹੋਵੇਗਾ। ਲੰਡਨ ਗਏ ਸਿੱਖਾਂ ਦੇ ਨੁਮਾਇੰਦੇ ਸ੍ਰ ਬਲਦੇਵ ਸਿੰਘ ਨੂੰ ਬਰਤਾਨਵੀ ਪਾਰਲੀਮੈਂਟ ਮੈਂਬਰਾਂ ਨੇ ਕੁੱਝ ਦਿਨ ਰੁਕਣ ਦੀ ਸਲਾਹ ਦਿੱਤੀ ਤਾਂ ਕਿ ਸਿੱਖ ਕੌਮ ਬਾਬਤ ਕੁਛ ਸੋਚਿਆ ਜਾ ਸਕੇ। ਬਲਦੇਵ ਸਿੰਘ ਨੇ ਇਹ ਗੱਲ ਉੱਥ ਹੀ ਨਹਿਰੂ ਨੂੰ ਦੱਸ ਦਿੱਤੀ। ਨਹਿਰੂ ਕਦ ਇਹ ਗੱਲ ਚਾਹੁੰਦਾ ਸੀ। 7 ਦਸੰਬਰ 1946 ਵਾਲੇ ਦਿਨ ਲੰਡਨ ਤੋਂ ਦਿੱਲੀ ਜਾਣ ਵਾਲੀ ਫਲਾਇਟ ਵਿੱਚ ਉਹਨੇ ਪਹਿਲਾ ਬਲਦੇਵ ਸਿੰਘ ਨੂੰ ਜਹਾਜ ਦੀਆਂ ਪੌੜੀਆਂ ਚੜਾਇਆ ਤੇ ਮਗਰੋਂ ਆਪ ਚੜ੍ਹਿਆ । ਜਹਾਜ਼ ਦੀਆਂ ਪੌੜੀਆਂ ਵਿਚੋਂ ਹੀ ਬਲਦੇਵ ਸਿੰਘ ਨੇ ਕੁੱਝ ਦਿਨ ਠਹਿਰਨ ਦੀ ਗੁਜ਼ਾਰਿਸ਼ ਕਰਨ ਵਾਲੇ ਬਰਤਾਨਵੀ ਐਮ ਪੀਜ਼ ਨੂੰ ਜਵਾਬ ਦਿੰਦਿਆਂ ਆਖਿਆ ਕਿ ਸਿੱਖਾਂ ਦੀ ਕੋਈ ਮੰਗ ਨਹੀਂ ਹੈ, ਅਸੀਂ ਅੰਗਰੇਜਾਂ ਤੋਂ ਕੱਖ ਹੀ ਲੈਣਾ ਜੋ ਲੈਣਾ ਅਸੀਂ ਆਪੇ ਨਹਿਰੂ ਹੁਣਾ ਤੋਂ ਲੈ ਲਾਵਾਂਗੇ ਸਿੱਖਾਂ ਦੀ ਇੱਕੋਂ ਇੱਕ ਮੰਗ ਹੈ ਕਿ ਅੰਗਰੇਜ ਹਿੰਦੁਸਤਾਨ ਨੂੰ ਫੌਰੀ ਖਾਲੀ ਕਰ ਜਾਣ। ਬੱਸ ਇਹੀ ਆਖਰੀ ਮੌਕਾ ਸੀ ਜੀਹਨੂੰ ਠੁੱਡ ਮਾਰਕੇ ਸਿੱਖ ਆਗੂ ਨੇ ਜਿੱਥੇ ਸਿੱਖ ਕੌਮ ਨਾਲ ਗੱਦਾਰੀ ਤਾਂ ਕੀਤੀ ਹੀ ਉੱਥੇ ਇਹ ਸਪੱਸ਼ਟ ਇਸ਼ਾਰਾ ਵੀ ਕਰ ਦਿੱਤਾ ਕਿ ਅਗਾਂਹ ਤੋਂ ਕੋਈ ਬੰਦਾ ਸਿੱਖ ਆਗੂਆ ਨੂੰ ਅਜਿਹੀ ਸਲਾਹ ਦੇ ਕੇ ਆਪਦੀ ਬੇਇਜੱਤੀ ਨਾ ਕਰਵਾਏ । ਹਾਂ ਸ੍ਰ ਬਲਦੇਵ ਸਿੰਘ ਨੇ ਜੋ ਸਿੱਖਾਂ ਖਾਤਰ ਲੈਣਾਂ ਸੀ ਉਹ ਇਹ ਸੀ ਜੀਹਦਾ ਬਿਆਨ ਸਿਰਦਾਰ ਕਪੂਰ ਸਿੰਘ ਆਪ ਦੀ ਕਿਤਾਬ ਸਾਚੀ ਸਾਖੀ ਸਫਾ ਨੰਬਰ 161 ਦੇ ਫੁੱਟ ਨੋਟ ਤੇ ਇਉਂ ਕਰਦੇ ਹਨ “1949 ਵਿੱਚ ਸੰਵਿਧਾਨ ਬਣ ਰਿਹਾ ਸੀ ਜਿਸ ਵਿੱਚ ਸਿੱਖ ਹਿੱਤ ਦੀ ਕੋਈ ਮੱਦ ਸ਼ਾਮਿਲ ਨਾ ਕੀਤੀ ਤਾਂ ਮਾਸਟਰ ਤਾਰਾ ਸਿੰਘ ਇਸ ਬਾਬਤ ਰੋਸ ਜਾਹਿਰ ਕਰਨ ਖਾਤਰ ਜਦੋਂ ਰੇਲ ਗੱਡੀ ਰਾਹੀਂ ਦਿੱਲੀ ਜਾ ਰਹੇ ਸਨ ਤਾਂ ਉਨ੍ਹਾਂ ਨੂੰ ਰਾਹ ਵਿੱਚ ਹੀ ਗਿਰਫਤਾਰ ਕਰ ਲਿਆ। ਉਦੋਂ ਰੱਖਿਆ ਮੰਤਰੀ ਬਣ ਚੁੱਕੇ ਸ੍ਰ ਬਲਦੇਵ ਸਿੰਘ ਨੇ ਰੇਡੀਓ ਤੇ ਆਪਣਾ ਇੱਕ ਬਿਆਨ ਜਾਰੀ ਕੀਤਾ ਜਿਸ ਵਿੱਚ ਉਨ੍ਹਾਂ ਨੇ ਕਿਹਾ ਮਾਸਟਰ ਤਾਰਾ ਸਿੰਘ ਮੂਰਖਤਾ ਕਰ ਰਹੇ ਹਨ। 1949 ਦਸੰਬਰ ਵਿੱਚ ਚਮਕੌਰ ਸਾਹਿਬ ਹੋਈ ਸਾਹਿਬਜ਼ਾਦਿਆਂ ਦੀ ਸਲਾਨਾ ਸ਼ਹੀਦੀ ਸਭਾ ਵਿੱਚ ਸ੍ਰ ਬਲਦੇਵ ਸਿੰਘ ਤਕਰੀਰ ਕਰਦਿਆ ਮਾਸਟਰ ਤਾਰਾ ਸਿੰਘ ਦੇ ਰੋਸ ਦਾ ਇਓ ਜਵਾਬ ਦਿੱਤਾ ”ਹਿੰਦੂਆਂ ਨੇ ਇੱਕ ਸਿੱਖ ਨੂੰ ਰੱਖਿਆ ਮੰਤਰੀ ਬਣਾਇਆ ਹੋਇਆ ਹੈ ਇਹਤੋਂ ਵੱਧ ਸਿੱਖ ਉਨ੍ਹਾਂ ਤੋਂ ਹੋਰ ਕੋਈ ਭਾਲਦੇ ਨੇ” ਇਹ ਲਫਜ਼ ਉਨ੍ਹਾਂ ਨੇ ਸਿਰਦਾਰ ਕਪੂਰ ਸਿੰਘ ਦੀ ਹਾਜ਼ਰੀ ਵਿੱਚ ਕਹੇ ।

37. ਕਾਂਗਰਸ ਵੱਲੋਂ ਅੰਗਰੇਜਾਂ ਖਿਲਾਫ ਨਾ ਮਿਲਵਰਤਣ ਅੰਦੋਲਨ ਦੀ ਸਿੱਖਾਂ ਦੀ ਬਿਨਾਂ ਸ਼ਰਤ ਹਮਾਇਤ: ਕਾਂਗਰਸ ਵੱਲੋਂ ਜਦੋਂ ਕੋਈ ਅੰਗਰੇਜਾਂ ਦੇ ਖਿਲਾਫ ਰੌਲਾ-ਗੌਲਾ ਕੀਤਾ ਜਾਂਦਾ ਸੀ ਤਾਂ ਸਿੱਖ ਅੱਡੀਆ ਚੁੱਕ ਕੇ ਮੂਹਰੇ ਹੁੰਦੇ ਸੀ ਕਦੇ ਇਹ ਗੱਲ ਨਹੀ ਸੀ ਪੁੱਛੀ ਜਾਂਦੀ ਕਿ ਇਹਦੇ ਵਿੱਚ ਸਿੱਖਾਂ ਦਾ ਕੀ ਫਾਇਦਾ ਹੋਵੇਗਾ। ਇਹ ਗੱਲ ਤਾਂ ਨਹੀਂ ਸੀ ਕੀਤੀ ਜਾਂਦੀ ਕਿ ਉਨ੍ਹਾਂ ਨੂੰ ਹਿੰਦੂਆਂ ਦਾ ਹਿੱਤ ਤੇ ਸਿੱਖਾਂ ਦਾ ਹਿੱਤ ਇਕੋ ਜਿਹਾ ਲੱਗਦਾ ਸੀ। ਉਹ ਤਾਂ ਲੱਗਦਾ ਸੀ ਸਿੱਖਾਂ ਦੇ ਮਨ ਵਿੱਚ ਕਦੇ ਵੀ ਹਿੰਦੂਆਂ ਤੋਂ ਅਹਿਸਾਸ-ਏ-ਅਲੈਹਦਗੀ ਨਹੀਂ ਪੈਦਾ ਹੋਈ। ਜੇ ਕਿਸੇ ਨੂੰ ਦੂਜੇ ਤੋਂ ਅਲੈਹਦਗੀ ਦਾ ਅਹਿਸਾਸ ਨਹੀਂ ਤਾਂ ਉਹ ਕਦੇ ਵੀ ਦੂਜੇ ਨੂੰ ਦੂਜਾ ਨਹੀਂ ਸਮਝੂਗਾ ਜਿਸ ਕਰਕੇ ਸਾਡੇ ਤੇ ਥੋਡੇ ਦਾ ਵਿਚਾਰ ਮਨ ਵਿੱਚ ਨਹੀਂ ਆ ਸਕਦਾ। ਇਹੀ ਕਾਰਨ ਹੈ ਕਿ ਸਿੱਖਾਂ ਨੇ ਕਦੇ ਕਾਂਗਰਸ ਭਾਵ ਹਿੰਦੂਆਂ ਤੋਂ ਇਹ ਨਹੀਂ ਪੁੱਛਿਆ ਥੋਡੇ ਨਾਲ ਤੁਰਨ ਦਾ ਸਾਨੂੰ ਕੀ ਫਾਇਦਾ ਹੋਵੇਗਾ। ਇਹੀ ਸਾਰੀ ਗੱਲ ਦਾ ਨਿਚੋੜ ਹੈ। ਇਸੇ ਕਰਕੇ ਕਾਂਗਰਸ ਵੱਲੋਂ ਅੰਗਰੇਜਾਂ ਦੇ ਖਿਲਾਫ ਕੀਤੇ ਗਏ ਨਾ ਮਿਲਵਰਤਣ ਅੰਦੋਲਨ ਦੀ ਵੀ ਸਿੱਖਾਂ ਨੇ ਬਿਨ੍ਹਾਂ ਸ਼ਰਤ ਹਮਾਇਤ ਕੀਤੀ । ਇਹੀ ਬਿਨਾਂ ਸ਼ਰਤ ਹਮਾਇਤ ਵਾਲੀ ਨੀਤੀ ਅੱਜ ਵੀ ਬਾਦਸਤੂਰ ਜਾਰੀ ਹੈ। ਬਿਨਾਂ ਸ਼ਰਤ ਦੇ ਨਾਲ ਨਾਲ ਬਿਨ ਮੰਗਵੀ ਵੀ ਹਮਾਇਤ ਕੀਤੀ ਜਾਂਦੀ ਹੈ। 1942 ਵਿੱਚ ਜਦੋਂ ਕਾਂਗਰਸ ਨੇ ਅੰਗਰੇਜਾਂ ਦੇ ਖਿਲਾਫ ਭਾਰਤ ਛੱਡੋ ਅੰਦੋਲਨ ਸ਼ੁਰੂ ਕੀਤਾ ਤਾਂ ਉਦੋਂ ਕਾਂਗਰਸ ਦੇ ਝੰਡੇ ਦੀ ਬਣਤਰ ਬਾਰੇ ਕਾਂਗਰਸ ਵਿੱਚ ਵਿਚਾਰ ਚੱਲ ਰਿਹਾ ਸੀ। ਅਕਾਲੀ ਦਲ ਨੇ ਮੰਗ ਕੀਤੀ ਕਿ ਕਾਂਗਰਸ ਦੇ ਝੰਡੇ ਵਿੱਚ ਸਿੱਖਾਂ ਦਾ ਕੇਸਰੀ ਰੰਗ ਪਾਇਆ ਜਾਵੇ ਪਰ ਕਾਂਗਰਸ ਨੇ ਇਹਨੂੰ ਠੁਕਰਾ ਦਿੱਤਾ। ਇੱਥੇ ਵੀ ਆਹਿਸਾਸੇ ਅਲੈਹਦਗੀ ਗੈਰਹਾਜਰ ਜਾਪਦੀ ਹੈ। ਜੇ ਸਿੱਖਾਂ ਆਹਿਸਾਸੇ ਅਲੈਹਦਗੀ ਹੁੰਦਾਂ ਤਾਂ ਉਨ੍ਹਾਂ ਨੂੰ ਕਾਂਗਰਸ ਤੋਂ ਅਜਿਹੀ ਮੰਗ ਕਰਨ ਦੀ ਲੋੜ ਨਹੀ ਸੀ। ਸਿਆਸੀ ਤਕਾਜਾ ਇਹ ਮੰਗ ਕਰਦਾ ਸੀ ਕਿ ਕਾਂਗਰਸ ਤੋਂ ਕੁੱਝ ਮੰਗਣ ਦੀ ਬਜਾਏ ਚੁੱਪ ਰਿਹਾ ਜਾਂਦਾ ਜਦੋਂ ਕਾਂਗਰਸ ਸਿੱਖਾਂ ਤੋਂ ਹਮਾਇਤ ਮੰਗਦੀ ਤਾਂ ਉਹਦੇ ਮੂਹਰੇ ਆਪਦੀਆ ਸ਼ਰਤਾਂ ਰੱਖੀਆ ਜਾਂਦੀਆ ਤੇ ਕਿਹਾ ਜਾਂਦਾ ਕਿ ਕਾਂਗਰਸ ਦੱਸੇ ਕਿ ਉਹਨੂੰ ਸਿੱਖਾਂ ਦੀ ਲੋੜ ਹੈ ਕਿ ਨਹੀ ਜੇ ਸਿੱਖਾਂ ਦੀ ਲੋੜ ਸਮਝਦੇ ਪਹਿਲਾ ਝੰਡੇ ਵਿੱਚ ਸਾਡਾ ਰੰਗ ਪਾਓ ਪਰ ਇਹ ਗੱਲ ਤਾਂ ਹੁੰਦੀ ਜੇ ਅਸੀ ਤੁਸੀਂ ਦਾ ਫਰਕ ਹੁੰਦਾ ਨਾਲੇ ਸਿੱਖਾਂ ਦੀ ਨੁਮਾਇੰਦਗੀ ਕਰਦੀ ਜਮਾਤ ਅਕਾਲੀ ਦਲ ਦਾ ਵੱਖਰਾ ਝੰਡਾ ਸੀਗਾ ਤਾਂ ਫਿਰ ਕਾਂਗਰਸ ਦੇ ਝੰਡੇ ਵਿਚ ਸਿੱਖਾਂ ਦਾ ਰੰਗ ਪਵਾਉਣ ਦੀ ਲੋੜ ਹੀ ਨਹੀਂ ਸੀ। ਇਹ ਕਿਹਾ ਜਾਣਾ ਚਾਹੀਦਾ ਸੀ ਕਿ ਕਾਂਗਰਸ ਨੇ ਜੇ ਅੰਗਰੇਜ਼ਾਂ ਦੇ ਖਿਲਾਫ ਸਿੱਖਾਂ ਦੀ ਹਮਾਇਤ ਲੈਣੀ ਹੈ ਤਾਂ ਅਕਾਲੀ ਦਲ ਦੇ ਝੰਡੇ ਨੂੰ ਕਾਂਗਰਸ ਦੇ ਝੰਡੇ ਦੇ ਬਰਾਬਰ ਗੱਡਿਆ ਜਾਵੇ। ਪਰ ਸਿੱਖ ਤਾਂ ਅਸੀਂ ਤੁਸੀਂ ਦਾ ਫਰਕ ਪਹਿਲਾਂ ਹੀ ਮੁਕਾਈ ਬੈਠੇ ਸੀ। ਝੰਡੇ ਵਿੱਚ ਸਿੱਖਾਂ ਦਾ ਰੰਗ ਨਾ ਪਾਉਣ ਤੋਂ ਸਿੱਖ ਆਗੂ ਅਜੇ ਨਰਾਜ ਹੀ ਬੈਠੇ ਸਨ ਉਧਰੋਂ ਕਾਂਗਰਸ ਨੇ ਭਾਰਤ ਛੱਡੋ ਅੰਦੋਲਨ ਦਾ ਐਲਾਨ ਕਰ ਦਿੱਤਾ। ਕਾਂਗਰਸ ਨੂੰ ਸਿੱਖਾਂ ਦੀ ਤਸੀਰ ਦਾ ਪਤਾ ਸੀ ਉਨ੍ਹਾਂ ਨੇ ਇਸ ਅੰਦੋਲਨ ਖਾਤਰ ਅਕਾਲੀ ਦਲ ਭਾਵ ਸਿੱਖਾਂ ਤੋਂ ਕੋਈ ਹਮਾਇਤ ਨਾ ਮੰਗੀ ਪਰ ਫਿਰ ਵੀ ਸਿੱਖ ਚੁੱਪ ਕਰਕੇ ਬਿਨ੍ਹਾਂ ਕਿਸੇ ਦੇ ਸੱਦਿਓ ਇਸ ਅੰਦੋਲਨ ਵਿੱਚ ਕੱੁਦ ਪਏ ਬਹਾਨਾ ਇਹ ਲਾਇਆ ਗਿਆ ਕਿ ਓਹ ਯਾਰ ! ਆਪਾਂ ਤੋਂ ਬਿਨ੍ਹਾਂ ਜੇ ਕਾਂਗਰਸ ਦੀ ਹਾਰ ਹੋ ਗਈ ਤਾਂ ਇਹਦਾ ਮੇਹਣਾ ਆਪਾਂ ਨੂੰ ਮਿਲੇਗਾ। ਜਦੋਂ ਕਿਸੇ ‘ਚ ਅਸੀ ਤੁਸੀ ਦਾ ਅਹਿਸਾਸ ਮੁੱਕ ਜਾਵੇ ਤਾਂ ਅਜਿਹੀ ਸੂਰਤੇਹਾਲ ਵਿੱਚ ਹੀ ਬੰਦਾ ਕਿਸੇ ਦੀ ਹਾਰ ਨੂੰ ਆਪ ਦੀ ਹਾਰ ਸਮਝਦਾ ਹੈ । ਅਕਾਲੀਆਂ ਭਾਵ ਸਿੱਖਾਂ ਵੱਲੋਂ ਆਪਣੇ ਆਪ ਨੂੰ ਕਾਂਗਰਸ ਭਾਵ ਹਿੰਦੂਆਂ ਦਾ ਹੀ ਅੰਗ ਸਮਝ ਲਿਆ ਗਿਆ ਤਾਂ ਇਸ ਵਿੱਚੋਂ ਆਪਣੀ ਖਾਤਰ ਵੱਖਰੇ ਮੁਲਕ ਦਾ ਅਹਿਸਾਸ ਕਿਥੋਂ ਪੈਦਾ ਹੋਣਾ ਸੀ।

38 ਬਰਤਾਨਵੀ ਸ਼ਹਿਜਾਦੇ ਦੀ ਖਾਲਸਾ ਕਾਲਜ ਫੇਰੀ ਦੀ ਸਿੱਖਾਂ ਵੱਲੋਂ ਮੁਖਾਲਫਿਤ: ਬਰਤਾਨਵੀ ਸਰਕਾਰ ਸਿੱਖਾਂ ਨੂੰ ਇੱਕ ਵੱਖਰੀ ਕੌਮ ਵਜੋਂ ਮਾਨਤਾ ਦਿੰਦਿਆਂ ਇਹਨੂੰ ਹਿੰਦੂ ਮੁਸਲਮਾਨਾਂ ਤੋਂ ਬਾਅਦ ਇੱਕ ਤੀਜੀ ਸਿਆਸੀ ਧਿਰ ਮੰਨਦੀ ਸੀ। ਵੱਖਰੀਆਂ ਕੌਮੀ ਨਿਸ਼ਾਨੀਆਂ ਵਜੋਂ ਮੁਸਲਮਾਨਾਂ ਅਤੇ ਹਿੰਦੂਆਂ ਦੀਆਂ ਯੂਨੀਵਰਸਿਟੀਆਂ ਸੀਗੀਆ । 1921 ਵਿੱਚ ਬਰਤਾਵਨੀ ਸਰਕਾਰ ਨੇ ਹਿੰਦੂ ਯੂਨੀਵਰਸਿਟੀ ਬਨਾਰਸ ਅਤੇ ਮੁਸਲਿਮ ਯੂਨੀਵਰਸਿਟੀ ਅਲੀਗੜ੍ਹ ਦੀ ਤਰਜ਼ ਤੇ ਸਿੱਖਾਂ ਦਾ ਰੁਤਬਾ ਇਨ੍ਹਾਂ ਦੇ ਬਰਾਬਰ ਕਰਨ ਖਾਤਰ ਅੰਮ੍ਰਿਤਸਰ ਵਿਚ ਇਕ ਸਿੱਖ ਯੂਨੀਵਰਸਿਟੀ ਕਾਇਮ ਕਰਨ ਦਾ ਫੈਸਲਾ ਕੀਤਾ। ਇਸਦਾ ਐਲਾਨ ਬਰਤਾਵਨੀ ਸਹਿਜਾਦੇ ਪ੍ਰਿੰਸ ਆਫ ਵੇਲਜ਼ ਨੇ ਖਾਲਸਾ ਕਾਲਜ ਅੰਮ੍ਰਿਤਸਰ ਆ ਕੇ ਕਰਨਾ ਸੀ। ਪਰ ਸਿੱਖ ਤਾਂ ਅੰਗਰੇਜ਼ ਸਰਕਾਰ ਨੂੰ ਹਰ ਮੌਕੇ ਬੱਦੂ ਕਰਨ ਦੀ ਤਾਕ ਵਿਚ ਰਹਿੰਦੇ ਸਨ। ਜਿਵੇਂ ਕਿ ਗੁਰਦੁਆਰਾ ਸੀਸ ਗੰਜ ਨਾਲ ਲੱਗਦੀ ਕੋਤਵਾਲੀ ਲੈਣ ਤੋਂ ਸਿੱਖਾਂ ਨੇ ਇਨਕਾਰ ਕੀਤਾ ਉਸੇ ਦਸਤੂਰ ਮੁਤਾਬਕ ਸਿੱਖਾਂ ਨੇ ਸਿੱਖ ਯੂਨੀਵਰਸਿਟੀ ਦੇ ਖਿਲਾਫ ਅੱਡੀਆਂ ਚੱਕ ਲਈਆਂ। ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਬਕਾਇਦਾ ਮਤਾ ਪਾਸ ਕਰਕੇ ਸਿੱਖਾਂ ਨੂੰ ਇਸ ਪ੍ਰੋਗਰਾਮ ਦੇ ਬਾਈਕਾਟ ਦਾ ਸੱਦਾ ਦਿੱਤਾ। ਖਾਲਸਾ ਕਾਲਜ ਦੇ ਪ੍ਰੋਫੈਸਰਾਂ ਤੋਂ ਹੜਤਾਲ ਕਰਵਾ ਦਿੱਤੀ। ਖਾਲਸਾ ਕਾਲਜ ਦੇ ਪ੍ਰੋਫੈਸਰ ਅਤੇ ਮਾਸਟਰ ਤਾਰਾ ਸਿੰਘ ਦੇ ਭਰਾ ਪ੍ਰੋਫੈਸਰ ਨਿਰੰਜਣ ਸਿੰਘ ਨੇ ਐਲਾਨ ਕੀਤਾ ਕਿ ਮੈਂ ਸਹਿਜਾਦੇ ਦੀ ਗੱਡੀ ਮੂਹਰੇ ਲੰਮਾਂ ਪੈ ਕੇ ਜਾਨ ਤਾਂ ਦੇ ਸਕਦਾ ਪਰ ਉਹਦੀ ਗੱਡੀ ਆਪਦੇ ਜਿਉਦੇ ਜੀਅ ਖਾਲਸਾ ਕਾਲਜ ਵਿੱਚ ਵੜ੍ਹਨ ਨਹੀ ਦੇਣੀ। ਉਧਰ ਸਰਕਾਰ ਨੇ ਕਿਹੜਾ ਸਿੱਖਾਂ ਨੂੰ ਧੱਕੇ ਨਾਲ ਚੂਰੀ ਖਵਾਉਣੀ ਸੀ ਉਹਨੇ ਇਹ ਪ੍ਰੋਗਰਾਮ ਰੱਦ ਕਰ ਦਿੱਤਾ ਤੇ ਸਿੱਖਾਂ ਨੂੰ ਮੁਲਕ ਵਿੱਚ ਤੀਜੀ ਧਿਰ ਵਜੋਂ ਮਾਨਤਾ ਦੇਣ ਵਾਲੀ ਇੱਕ ਹੋਰ ਕਾਰਵਾਈ ਧਰੀ ਧਰਾਈ ਰਹਿ ਗਈ। ਜਿਹੜੀ ਚੀਜ ਸਿੱਖਾਂ ਨੂੰ ਬਿਨ ਮੰਗਿਆ ਮਿਲ ਰਹੀ ਸੀ ਉਹ ਵੀ ਲੈ ਨਾ ਹੋਈ। ਇਹਦਾ ਕਾਰਨ ਇਹ ਸੀ ਕਿ ਸਿੱਖਾਂ ਨੂੰ ਹਿੰਦੂਆਂ ਨਾਲੋਂ ਬਤੌਰ ਇਕ ਵੱਖਰੀ ਕੌਮ ਮਾਨਤਾ ਮਿਲਣ ਵੱਲ ਗੱਲ ਵੱਧਦੀ ਸੀ ਪਰ ਸਿੱਖ ਕਦਾਚਿਤ ਹਿੰਦੂਆਂ ਵੱਖਰੇ ਹੋਣ ਦਾ ਖਿਆਲ ਮਨ ਵਿੱਚ ਨਹੀ ਸੀ ਲਿਆ ਸਕਦੇ ਜਿਸ ਕਰਕੇ ਸਿੱਖ ਅਵਾਮ ਆਪਣੇ ਲੀਡਰਾਂ ਦੀਆ ਇਹ ਹਰਕਤਾਂ ਚੰਗੀਆ ਲੱਗਦੀਆ ਸਨ । ਇਹ ਮਿਸਾਲ ਇਹ ਦੱਸਣ ਲਈ ਕਾਫੀ ਹੈ ਕਿ ਸਿੱਖਾਂ ਆਗੂਆਂ ਦੀਆਂ ਅਜਿਹੀਆਂ ਅਹਿਮਕਾਨਾ ਹਰਕਤਾਂ ਲਈ ਸਿਰਫ ਸਿੱਖ ਆਗੂਆਂ ਨੂੰ ਹੀ ਕਸੂਰਵਾਰ ਕਰਾਰ ਦੇਣਾ ਜਾਇਜ਼ ਨਹੀਂ ਹੈ। ਕਿਉਂਕਿ ਸਿੱਖ ਅਵਾਮ ਨੇ ਕਦੇ ਵੀ ਅਜਿਹੇ ਆਗੂਆਂ ਦੀਆਂ ਕਾਰਵਾਈਆਂ ਨਾਲ ਅਸਹਿਮਤੀ ਜ਼ਾਹਰ ਨਹੀਂ ਕੀਤੀ ਬਲਕਿ ਗੱਜ ਵੱਜ ਕੇ ਇਨ੍ਹਾਂ ਗੱਲਾਂ ਦੀ ਹਮਾਇਤ ਕੀਤੀ। ਮਿਸਾਲ ਵਜੋਂ ਇਸ ਤੋਂ ਕੁੱਝ ਦਿਨ ਬਾਅਦ ਖਾਲਸਾ ਕਾਲਜ ਦੇ ਪ੍ਰੋਫੈਸਰਾਂ ਨੇ ਪ੍ਰਿੰਸ ਦੀ ਥਾਂ ਤੇ ਇੱਕ ਹਿੰਦੂ ਕਾਂਗਰਸੀ ਲੀਡਰ ਪੰਡਤ ਮਦਨ ਮੋਹਨ ਮਾਲਵਈਆ ਨੂੰ ਖਾਲਸਾ ਕਾਲਜ ਅੰਮ੍ਰਿਤਸਰ ਸੱਦਿਆ । ਖਾਲਸਾ ਕਾਲਜ ਦੇ ਪ੍ਰੋਫੈਸਰ ਸਿੱਖ ਵਿਿਦਆਰਥੀਆ ਨੂੰ ਨਾਲ ਲੈ ਕੇ ਰੇਲਵੇ ਸ਼ਟੇਸਨ ਤੇ ਉਹਦੀ ਆਉ ਭਗਤ ਲਈ ਪੁੱਜੇ । ਇਹ ਆਉ ਭਗਤ ਆਮ ਆਉ ਭਗਤਾਂ ਵਾਂਗ ਰਸਮੀ ਨਹੀਂ ਸੀ ਬਲਕਿ ਉਨ੍ਹਾਂ ਨੇ ਇਸ ਖਾਤਰ ਆਪਣੀ ਅਣਖ ਅਤੇ ਰੁਤਬੇ ਦਾ ਖਿਆਲ ਵੀ ਦਰਕਿਨਾਰ ਕਰ ਦਿੱਤਾ। ਮਾਲਵੀਏ ਖਾਤਰ ਇੱਕ ਉਚੇਚੀ ਘੋੜਾ ਬੱਗੀ ਮੰਗਾਈ ਗਈ । ਇੱਥੇ ਹੀ ਬੱਸ ਨਹੀਂ ਸਿੱਖ ਵਿਿਦਆਰਥੀਆ ਨੇ ਬੱਗੀ ਨਾਲੋਂ ਘੋੜੇ ਖੋਲ੍ਹ ਦਿੱਤੇ ਅਤੇ ਆਪਦੀਆ ਧੌਣਾਂ ਬੱਗੀ ਦੇ ਜੂਲੇ ਹੇਠਾਂ ਦੇ ਦਿੱਤੀਆਂ। ਆਪ ਘੋੜੇ ਬਣਕੇ ਮਾਲਵਈਆ ਦੀ ਬੱਗੀ ਮੂਹਰੇ ਜੁੜੇ ਤੇ ਇਓਂ ਇੱਕ ਜਲੂਸ ਦੀ ਸ਼ਕਲ ਵਿੱਚ ਉਹਨੂੰ ਖਾਲਸਾ ਕਾਲਜ ਤੱਕ ਲੈ ਕੇ ਗਏ। ਮਾਲਵਈਆ ਕੁੱਛ ਦੇਣ ਜੋਗਾ ਤਾਂ ਨਹੀ ਸੀ ਉਹਨੇ ਸਿਰਫ ਪ੍ਰਿੰਸ ਦੀ ਕਪੱਤ ਕਰਨ ਖਾਤਰ ਸਿੱਖਾਂ ਨੂੰ ਸ਼ਾਬਾਸ਼ ਦਿੱਤੀ। ਸੋ ਸਿੱਖ ਹਿੰਦੂਆਂ ਤੋਂ ਸ਼ਾਬਾਸ਼ ਲੈਣ ਖਾਤਰ ਆਪਦਾ ਹਿੱਤ ਗਵਾਉਣ ਨੂੰ ਵੀ ਵਡਭਾਗੇ ਸਮਝਦੇ ਸਨ। ਵੈਸੇ ਤਾਂ ਕੋਈ ਅਜਿਹੀ ਮਿਸਾਲ ਨਹੀਂ ਜਿੱਥੇ ਅੰਗਰੇਜ਼ਾਂ ਨੇ ਸਿੱਖ ਹਿਤਾਂ ਨੂੰ ਅੱਖੋਂ ਪਰੋਖੇ ਕੀਤਾ ਹੋਵੇ ਪਰ ਜੋ ਸਿੱਖਾਂ ਦਾ ਅੰਗਰੇਜ਼ਾਂ ਪ੍ਰਤੀ ਰਵੱਈਆ ਸੀ ਉਹਦੇ ਮੁਤਾਬਕ ਜੇ ਉਹ ਸਿੱਖਾਂ ਨੂੰ ਕੁਝ ਨਾ ਵੀ ਦਿੰਦੇ ਤਾਂ ਵੀ ਜਾਇਜ਼ ਕਿਹਾ ਜਾਣਾ ਸੀ। ਜਦੋਂ ਕੋਈ ਬੰਦਾ ਹਰ ਵੇਲੇ ਕਿਸੇ ਨੂੰ ਬੱਦੂ ਕਰਨ ’ਤੇ ਹੀ ਲੱਗਿਆ ਰਹੇ ਤਾਂ ਉਹਦੀ ਮਨੋ ਅਵਸਥਾ ਅਸੀਂ ਸਾਰੇ ਸਮਝ ਸਕਦੇ ਹਾਂ ਪਰ ਅੰਗਰੇਜ਼ਾਂ ਨੇ ਸਿੱਖਾਂ ਨਾਲ ਕਦੇ ਵੀ ਬਦਲੇ ਵਾਲਾ ਰਵੱਈਆ ਅਖਤਿਆਰ ਨਹੀਂ ਕੀਤਾ। ਸਿੱਖਾਂ ਨੇ ਹਿੰਦੂਆਂ ਨਾਲ ਅਸੀਂ ਤੇ ਤੁਸੀਂ ਦਾ ਐਨਾ ਫਰਕ ਮਿਟਾਇਆ ਹੋਇਆ ਸੀ ਕਿ ਉਨ੍ਹਾਂ ਨੇ ਹਿੰਦੂਆਂ ਨੂੰ ਇਹ ਮੋੜਵਾਂ ਸਵਾਲ ਨਹੀਂ ਕੀਤਾ ਕਿ ਜਦੋਂ ਤੁਸੀਂ ਸਰਕਾਰ ਤੋਂ ਬਨਾਰਸ ਹਿੰਦੂ ਯੂਨੀਵਰਸਿਟੀ ਬਣਵਾਈ ਹੈ ਤਾਂ ਅਸੀਂ ਸਿੱਖ ਯੂਨੀਵਰਸਿਟੀ ਕਿਉਂ ਨਾ ਬਣਵਾਈਏ? ਸਿੱਖ ਯੂਨੀਵਰਸਿਟੀ ਲੈਣ ਤੋਂ ਇਨਕਾਰ ਕਰਨ ਲਈ ਸ਼ਾਬਾਸ਼ ਦੇਣ ਆਏ ਮਦਨ ਮੋਹਨ ਮਾਲਵੀਏ ਮੂਹਰੇ ਘੋੜਿਆਂ ਵਾਂਗੂੰ ਜੁੜਕੇ ਸਿੱਖਾਂ ਨੇ ਇਹ ਸਬੂਤ ਦਿੱਤਾ ਕਿ ਮਾਲਵੀਆ ਜੀ ਭਾਵੇਂ ਤੁਸੀਂ ਸਾਨੂੰ ਇਨਕਾਰ ਕਰਨ ਦੀ ਸਲਾਹ ਤਾਂ ਨਹੀਂ ਸੀ ਦਿੱਤੀ ਪਰ ਸਾਡੇ ਵਲੋਂ ਅਜਿਹੇ ਇਨਕਾਰ ਕਰਨ ਦੀ ਥੋਡੇ ਵਲੋਂ ਸ਼ਾਬਾਸ਼ ਤੋਂ ਅਸੀਂ ਗਦਗਦ ਹਾਂ। ਥੋਡੇ ਸਾਡੇ ਦੀ ਐਨੀ ਅਣਹੋਂਦ ਸੀ ਕਿ ਹਿੰਦੂਆਂ ਦੀ ਬਨਾਰਸ ਯੂਨੀਵਰਸਿਟੀ ਨੂੰ ਸਿੱਖ ਆਪ ਦੀ ਹੀ ਸਮਝਦੇ ਸਨ। ਇਥੇ ਜ਼ਿਕਰਯੋਗ ਹੈ ਕਿ ਏਸ ਬਨਾਰਸ ਹਿੰਦੂ ਯੂਨੀਵਰਸਿਟੀ ਦਾ ਨੀਂਹ ਪੱਥਰ ਸਿੱਖਾਂ ਦੇ ਉੱਘੇ ਧਾਰਮਿਕ ਆਗੂ ਸੰਤ ਅਤਰ ਸਿੰਘ ਮਸਤੂਆਣਾ ਨੇ ਰੱਖਿਆ ਸੀ।

ਆਮ ਤੌਰ ਤੇ ਅੱਜ ਕੱਲ ਦੇ ਸਿੱਖ ਉਦੋਂ ਦੇ ਸਿੱਖ ਲੀਡਰਾਂ ਵਿੱਚ ਹੀ ਕਸੁੂਰ ਕੱਢਦੇ ਨੇ ਅਤੇ ਉਨ੍ਹਾਂ ਨੇ ਇਹ ਪੜਚੌਲ ਕਰਨ ਦੀ ਕੋਸ਼ਿਸ਼ ਨਹੀ ਕੀਤੀ ਕਿ ਸਿੱਖ ਲੀਡਰਾਂ ਦੀਆ ਇਨ੍ਹਾਂ ਹਰਕਤਾਂ ਨੂੰ ਸਿੱਖ ਕੌਮ ਨੇ ਕਿੰਨੀ ਕੁ ਮਾਨਤਾ ਦਿੱਤੀ। ਆਪਣੇ ਅਵਾਮ ਦੀ ਹਮਾਇਤ ਤੋਂ ਬਿਨ੍ਹਾਂ ਕਿਸੇ ਲੀਡਰ ਦੀ ਲੀਡਰੀ ਇੱਕ ਦਿਹਾੜੀ ਵੀ ਟਿੱਕ ਨਹੀ ਸਕਦੀ । ਮੋਦੀ ਤੋਂ ਪਹਿਲਾ ਲਾਲ ਕ੍ਰਿਸ਼ਨ ਅਡਵਾਨੀ ਬੀ ਜੇ ਪੀ ਭਾਵ ਹਿੰਦੂਆ ਦਾ ਬਹੁਤ ਹੀ ਹਰਮਨ ਪਿਆਰਾ ਲੀਡਰ ਰਿਹਾ ਹੈ। ਬੀ ਜੇ ਪੀ ਦਾ ਕੌਮੀ ਪ੍ਰਧਾਨ ਹੁੰਦਿਆ ਹੋਇਆ ਉਹ ਪਾਕਿਸਤਾਨ ਵਿੱਚ ਮੁਹੰਮਦ ਅਲੀ ਜਨਾਹ ਦੀ ਕਬਰ ਫੁੱਲਾਂ ਦਾ ਹਾਰ ਝੜਾ ਆਇਆ ਇਹ ਗੱਲ 4 ਜੂਨ 2005 ਦੀ ਹੈ। ਉਹਦੀ ਇਹ ਹਰਕਤ ਹਿੰਦੂਆਂ ਨੂੰ ਚੰਗੀ ਨਾ ਲੱਗੀ। ਜਿਹੜੇ ਲੋਕ ਅਡਵਾਨੀ ਨੂੰ ਹੱਥੀ ਛਾਵਾਂ ਕਰਦੇ ਸੀ ਉਹੀ ਅਡਵਾਨੀ ਦੇ ਪੁਤਲੇ ਫੂਕਣ ਲੱਗੇ। ਅਖੀਰ ਅਡਵਾਨੀ ਨੂੰ ਪ੍ਰਧਾਨਗੀ ਤੋਂ ਅਸਤੀਫਾ ਦੇ ਕੇ ਜਾਨ ਛੁਡਾਉਣੀ ਪਈ। ਕੋਈ ਵੀ ਲੀਡਰ ਕਿਸੇ ਕੌਮ ਦਾ ਉਦੋਂ ਤੱਕ ਹੀ ਲੀਡਰ ਰਹਿ ਸਕਦਾ ਹੈ ਜਦੋਂ ਤੱਕ ਉਹ ਕੌਮੀ ਜਜ਼ਬਾਤਾਂ ਦੇ ਨਾਲ ਚੱਲਦਾ ਹੈ। ਨਹੀ ਤਾਂ ਅਡਵਾਨੀ ਵਾਗੂੰ ਕੀਤੀ ਕਿਸੇ ਇੱਕ ਕੁਤਾਹੀ ਵਾਂਗ ਹੀ ਅਰਸ਼ ਤੋਂ ਫਰਸ਼ ਤੇ ਆ ਜਾਂਦਾ ਹੈ। ਪਰ ਇਹ ਦੇਖਣ ਵਿੱਚ ਨਹੀ ਆਇਆ ਕਿ ਸਿੱਖ ਆਗੂਆ ਦੀਆ ਇਨ੍ਹਾਂ ਹਰਕਤਾਂ ਨੂੰ ਸਿੱਖ ਕੌਮ ਨੇ ਕਦੇ ਗਲਤ ਕਿਹਾ ਹੋਵੇ। ਬਲਕਿ ਅਜਿਹੇ ਆਗੂਆ ਨੂੰ ਗਲਤ ਕਹਿਣ ਵਾਲੇ ਲੋਕਾਂ ਨੂੰ ਸਿੱਖ ਕੌਮ ਨੇ ਗਲਤ ਕਿਹਾ। ਇਹ ਗੱਲ ਨਹੀ ਸੀ ਉਸ ਵੇਲੇ ਸਿੱਖਾਂ ਦੀ ਸਿਰਫ ਇਹੀ ਲੀਡਰਸਿਪ ਸੀ ਜਿਹੜੀ ਅੰਗਰੇਜਾਂ, ਮੁਸਲਮਾਨਾਂ ਦੇ ਬਰਖਿਲਾਫ ਅਤੇ ਕਾਂਗਰਸ ਦੇ ਹੱਕ ਵਿੱਚ ਤੁਰਨ ਦੀ ਨੀਤੀ ਤੇ ਚੱਲ ਰਹੀ ਸੀ । ਬਲਕਿ ਦੂਜੇ ਪਾਸੇ ਚੀਫ ਖਾਲਸਾ ਦੀਵਾਨ ਵਾਲੀ ਲੀਡਰਸਿਪ ਵੀ ਸਿੱਖਾਂ ਵਿੱਚ ਸੀਗੀ ਜਿਹੜੀ ਕਿ ਇਸ ਲਾਈਨ ਦੀ ਹਾਮੀ ਸੀ ਕਿ ਸਿੱਖਾਂ ਨੂੰ ਜੋ ਕੁੱਝ ਮਿਲਣਾ ਹੈ ਅੰਗਰੇਜਾਂ ਹੱਥੋ ਹੀ ਮਿਲਣਾ ਹੈ। ਪਰ ਸਿੱਖ ਅਵਾਮ ਨੇ ਇਨ੍ਹਾਂ ਨੂੰ ਅੰਗਰੇਜਾਂ ਦੇ ਪਿੱਠੂ ਹੋਣ ਦਾ ਬਦੂ ਨਾਮ ਦਿੱਤਾ। ਇਹ ਤੋਂ ਇਲਾਵਾ ਉਨ੍ਹਾਂ ਨੂੰ ਵੋਟਾਂ ਵਿੱਚ ਹਰਾਉਂਦੇ ਵੀ ਰਹੇ। ਸ੍ਰ ਸੁੰਦਰ ਸਿੰਘ ਮਜੀਠੀਆ ਦੀ ਅਗਵਾਈ ਵਾਲੇ ਚੀਫ ਖਾਲਸਾ ਦੀਵਾਨ ਨੂੰ 1937 ਦੀਆ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਦਲ ਦੇ ਮੁਕਾਬਲੇ ਹਾਰ ਹੋਈ। 1942 ਵਿੱਚ ਦੀਵਾਨ ਦੀਆ ਸੀਟਾਂ ਹੋਰ ਘੱਟ ਗਈਆ ਤੇ ਅਕਾਲੀ ਦਲ ਦੀਆ ਵਧੀਆ। 1946 ਦੀਆ ਚੋਣਾਂ ਵਿੱਚ ਚੀਫ ਖਾਲਸਾ ਦੀਵਾਨ ਦਾ ਮੁਕੰਮਲ ਸਫਾਇਆ ਹੋ ਗਿਆ ਤੇ ਅਕਾਲੀ ਦਲ ਸਿੱਖਾਂ ਦੀ ਇੱਕੋ ਇੱਕ ਨੁਮਾਇੰਦਾ ਜਮਾਤ ਬਣਕੇ ਉੱਭਰੀ । ਇੱਥੇ ਜਿਕਰਯੋਗ ਹੈ ਕਿ ਇਹ ਤਿੰਨੇ ਚੋਣਾਂ ਧਾਰਮਿਕ ਰਾਖਵਾਂਕਰਨ ਮੁਤਾਬਿਕ ਹੋਈਆ ਸੀ ਭਾਵ ਸਿੱਖਾਂ ਲਈ ਰਿਜਰਵ ਹਲਕੇ ਵਿੱਚ ਸਿੱਖ ਹੀ ਚੋਣ ਲੜ ਸਕਦਾ ਸੀ ਤੇ ਉਹਦੇ ਲਈ ਵੋਟਾਂ ਵੀ ਸਿੱਖਾਂ ਦੀਆ ਪੈੇਂਦੀਆ ਸਨ। ਦੂਜੇ ਲਫ਼ਜਾਂ ਵਿੱਚ ਸਿੱਖ ਨੂੰ ਸਿੱਖ ਹੀ ਚੁਣਦੇ ਸੀ ਤੇ ਮੁਸਲਮਾਨਾਂ ਨੂੰ ਮੁਸਲਮਾਨ। ਇਹਦੇ ਨਾਲ ਨਾਲ 1926 ਤੋਂ ਲੈ ਕੇ 1944 ਤੱਕ ਸੱਤ ਵਾਰ ਹੋਈਆ ਸ਼ਰੋਮਣੀ ਪ੍ਰਬੰਧਕ ਕਮੇਟੀ ਦੀਆ ਚੋਣਾਂ ਵਿੱਚ ਵੀ ਹੌਲੀ ਹੌਲੀ ਅਕਾਲੀ ਦਲ ਹੀ ਭਾਰੂ ਹੁੰਦਾ ਗਿਆ। ਉਦੋਂ ਸ਼ਰੋਮਣੀ ਕਮੇਟੀ ਦੀਆ ਵੋਟਾਂ ਤਿੰਨ ਸਾਲ ਬਾਦ ਹੁੰਦੀਆ ਸਨ ਸ਼ਰੋਮਣੀ ਕਮੇਟੀ ਵਿੱਚ ਸਿੱਖ ਹੀ ਵੋਟਰ ਹੁੰਦੇ ਸਨ ਤੇ ਸਿੱਖ ਹੀ ਉਮੀਦਵਾਰ ਸਹਿਜਧਾਰੀ ਵੋਟਰਾਂ ਦਾ ਕੋਈ ਵਜੂਦ ਨਹੀ ਸੀ। ਕਹਿਣ ਦਾ ਭਾਵ ਇਹ ਹੋਇਆ ਕਿ ਉਸ ਸਮੇਂ ਦੀ ਸਿੱਖ ਲੀਡਰਸ਼ਿਪ ਸਿੱਖ ਅਵਾਮ ਨੂੰ ਚੰਗੀ ਲੱਗਦੀ ਸੀ। ਸੋ, ਉਸ ਲੀਡਰਸ਼ਿਪ ਨੇ ਉਹੀ ਕੀਤਾ ਜੋ ਸਿੱਖ ਕੌਮ ਨੂੰ ਚੰਗਾ ਲੱਗਦਾ ਸੀ। ਦੂਜੇ ਲਫ਼ਜਾਂ ਵਿੱਚ ਮਤਲਬ ਇਹ ਹੋਇਆ ਕਿ ਜੋ ਉਦੋਂ ਸਿੱਖ ਲੀਡਰਸ਼ਿਪ ਨੇ ਕੀਤਾ ਜੇ ਉਦੇ ਲਈ ਲੀਡਰਸ਼ਿਪ ਦੋਸ਼ੀ ਹੈ ਤਾਂ ਨਾਲ ਦੀ ਨਾਲ ਸਿੱਖ ਕੌਮ ਵੀ ਇਸ ਦੋਸ਼ ਵਿੱਚ ਬਰਾਬਰ ਦੀ ਹਿੱਸੇਦਾਰ ਹੈ। 1955 ਵਿੱਚ ਲੱਗੇ ਪੰਜਾਬੀ ਸੂਬੇ ਮੋਰਚੇ ਦੌਰਾਨ ਸਿੱਖਾਂ ਦੀਆ ਮੰਗਾਂ ਨੂੰ ਦਬਾਉਣ ਖਾਤਰ ਸਰਕਾਰ ਨੇ ਤਸ਼ੱਦਦ ਕੀਤਾ ਤਾਂ ਜਾ ਕੇ ਇਹ ਗੱਲ ਬਹੁਤ ਪਤਲੀ ਸ਼ਕਲ ਵਿੱਚ ਤੁਰਨੀ ਸ਼ੁਰੂ ਹੋਈ। ਕਿ ਸਿੱਖ ਲੀਡਰਸ਼ਿਪ ਨੇ 1947 ਵਿੱਚ ਸਿੱਖਾਂ ਲਈ ਵੱਖਰਾਂ ਮੁਲਕ ਨਾ ਲੈ ਕੇ ਗਲਤੀ ਕੀਤੀ ਹੈ। 1982 ਵਿੱਚ ਧਰਮ ਯੁੱਧ ਮੋਰਚੇ ਦੌਰਾਨ ਅਤੇ 1984 ਦੇ ਘੱਲੂਘਾਰੇ ਤੋਂ ਬਾਅਦ ਇਹ ਚਰਚਾਂ ਹੋਰ ਉੱਭਰਵੀ ਸ਼ਕਲ ਵਿੱਚ ਜਾਹਰ ਹੋਈ। ਪਰ ਅੱਜ ਵੀ ਸਿੱਖਾਂ ਦੀ ਆਟੇ ‘ਚ ਲੂਣ ਜਿਨੀ ਮਿਕਦਾਰ ਹੀ ਇਹ ਕਹਿੰਦੀ ਹੈ ਸਿੱਖ ਲੀਡਰਸ਼ਿਪ ਨੇ ਉਦੋ ਗਲਤੀ ਕੀਤੀ। ਅੱਜ ਦੇ ਹਿਸਾਬ ਨਾਲ 1947 ਮੌਕੇ ਦੀ ਸਿੱਖ ਕੌਮ ਦੀ ਸੋਚ ਦਾ ਜੇ ਅੰਦਾਜ਼ਾ ਲਾਈਏ ਤਾਂ ਇਹ ਕਹਿ ਸਕਦੇ ਹਾਂ ਕਿ ਉਦੋਂ ਸਿੱਖ ਕੌਮ ਦਾ ਇੱਕ ਫੀਸਦੀ ਹਿੱਸਾ ਵੀ ਵੱਖਰੇ ਮੁਲਕ ਦਾ ਹਾਮੀ ਨਹੀ ਹੋਣਾ। ਸੋ ਇਕੱਲੀ ਲੀਡਰਸ਼ਿਪ ਨੂੰ ਦੋਸ ਦੇਣਾ ਵਾਜਿਬ ਨਹੀ ਹੈ।

39 ਸਿੱਖਾਂ ਨੇ ਬੇਕਿਰਕੀ ਨਾਲ ਆਪ ਦੇ ਪੈਰੀ ਆਪ ਕੁਹਾੜੇ ਮਾਰੇ: ਬਰਤਾਨਵੀ ਰਾਜ ਦੌਰਾਨ ਜਦੋਂ ਕਾਂਗਰਸ ਦੀ ਅਗਵਾਈ ਵਿੱਚ ਹਿੰਦੂ ਅੰਗਰੇਜਾਂ ਨੂੰ ਹਿੰਦੁਸਤਾਨ ‘ਚੋ ਕੱਢਣ ਇੱਕ ਨੁਕਾਤੀ ਏਜੰਡੇ ਤੇ ਕੰਮ ਕਰ ਰਹੇ ਸਨ ਤਾਂ ਉਨ੍ਹਾਂ ਦੇ ਸਾਰੇ ਮੁਫਾਦ ਇਸੇ ਨੁਕਤੇ ਵਿੱਚ ਆ ਜਾਂਦੇ ਸਨ। ਉਨ੍ਹਾਂ ਨੂੰ ਆਪਣੇ ਖਾਤਰ ਕੋਈ ਵੀ ਹੋਰ ਮੰਗ ਅੰਗਰੇਜਾਂ ਤੋਂ ਮਨਵਾਉਣ ਦੀ ਲੋੜ ਨਹੀਂ ਸੀ। ਕਿਉਂਕਿ ਜੇ ਅੰਗਰੇਜ ਨਿਕਲਦੇ ਸੀ ਤਾਂ ਬਹੁਗਿਣਤੀ ਹੋਣ ਕਰਕੇ ਸਾਰਾ ਰਾਜ ਹੀ ਉਨ੍ਹਾਂ ਦੇ ਹੱਥ ਆ ਜਾਣਾ ਸੀ। ਜਦੋਂ ਅੰਗਰਜੇ ਕਿਸੇ ਵੀ ਅਜਿਹੇ ਮੁੱਦੇ ਤੇ ਚਰਚਾਂ ਛੇੜਦੇ ਸਨ ਜਿਸ ਵਿੱਚ ਇਹ ਵੇਖਿਆ ਜਾਣਾ ਹੁੰਦਾ ਸੀ ਕਿ ਜੀਹਨੂੰ ਅਸੀਂ ਰਾਜ ਭਾਗ ਸੌਂਪ ਕੇ ਜਾਣਾ ਹੈ ਉਹ ਢਾਂਚਾ ਕਿਹੋ ਜਿਹਾ ਹੋਵੇ ਤਾਂ ਹਿੰਦੂ ਪੱਬ ਚੱਕ ਕੇ ਅੰਗਰੇਜਾਂ ਦੇ ਇਹ ਕਹਿ ਕੇ ਗਲ ਪੈਂਦੇ ਸੀ ਕਿ ਥੋਨੂੰ ਬਾਅਦ ਥਾਈਂ ਕੀ ਤੁਸੀਂ ਇੱਕ ਵਾਰ ਇੱਥੋਂ ਤੁਰਦੇ ਬਣੋਂ ਬਾਅਦ ਦੀ ਅਸੀਂ ਆਪੇ ਨਿਬੇੜਾਂਗੇ। ਜਦ ਕਿ ਮੁਸਲਮਾਨ ਇਸੇ ਗੱਲ ਤੋਂ ਤਰੱਬਕਦੇ ਸੀ। ਉਨ੍ਹਾਂ ਦਾ ਤੌਖਲਾ ਸੀ ਕਿ ਬਾਅਦ ਵਿੱਚ ਸਾਰਾ ਕੰਮ ਹਿੰਦੂ ਬਹੁਗਿਣਤੀ ਦੇ ਹੱਥ ਵਿੱਚ ਹੋਊਗਾ ਅਸੀਂ ਮਾਰੇ ਜਾਵੇਗਾ। ਸੋ, ਮੁਸਲਮਾਨਾਂ ਦੀ ਅੰਗਰੇਜ਼ਾਂ ਕੋਲੋ ਵੱਡੀ ਮੰਗ ਇਹ ਸੀ ਕਿ ਆਪਦੇ ਹੁੰਦਿਆਂ ਹੁੰਦਿਆਂ ਸਾਰੇ ਫੈਸਲੇ ਕਰਾਕੇ ਜਾਵੋ ਤੇ ਜਾਂ ਸਾਨੂੰ ਅੱਡ ਕਰਕੇ ਜਾਵੋ। ਜਿਨ੍ਹਾਂ ਚਿਰ ਅੰਗਰੇਜੀ ਰਾਜ ਰਿਹਾ ਉਨ੍ਹਾਂ ਚਿਰ ਮੁਸਲਮਾਨ ਅੰਗਰੇਜਾਂ ਤੋਂ ਆਪਣੇ ਮੁਫਾਦਾਂ ਦੀ ਰੱਖਿਆ ਖਾਤਰ ਰਾਜਭਾਗ ਵਿੱਚ ਆਪਣੀ ਮੁਨਾਸਿਬ ਹਿੱਸੇਦਾਰ ਤੇ ਜੋਰ ਪਾਉਂਦੇ ਰਹੇ। ਇਹ ਤੋਂ ਉਲਟ ਸਿੱਖ ਰਾਜ ਭਾਗ ਵਿਚ ਆਪ ਦੀ ਮੁਨਾਸਿਬ ਹਿੱਸੇਦਾਰੀ ਮੰਗਣ ਦੀ ਬਜਾਏ ਮੁਸਲਮਾਨਾਂ ਦੀ ਹਿੱਸੇਦਾਰੀ ਨੂੰ ਰੋਕਣ ਤੇ ਆਪਦਾ ਸਾਰਾ ਜੋਰ ਲਾਉਂਦੇ ਰਹੇ ਤੇ ਨਾ ਉਨ੍ਹਾਂ ਨੂੰ ਇਸ ਗੱਲ ਦਾ ਫਿਕਰ ਸੀ ਕਿ ਅੰਗਰੇਜਾਂ ਦੇ ਜਾਣ ਤੋਂ ਬਾਅਦ ਸਾਡਾ ਕੀ ਬਣੂੰਗਾ। ਬਲਕਿ ਉਹ ਕਾਂਗਰਸ ਦੇ ਅੰਗਰੇਜਾਂ ਨੂੰ ਭਜਾਉਣ ਵਾਲੇ ਇੱਕੋ ਇੱਕ ਏਜੰਡੇ ਤੇ ਜ਼ੋਰ ਲਾਉਂਦੇ ਰਹੇ। ਜਦੋਂ ਅੰਗਰੇਜਾਂ ਨੇ ਸਿੱਖਾਂ ਨੂੰ ਰਾਜ ਭਾਗ ਵਿਚ ਹਿੱਸੇਦਾਰ ਬਣਾਉਣ ਖਾਤਰ ਉਨ੍ਹਾਂ ਨੂੰ ਬਿਨ ਮੰਗਿਆਂ ਚੋਣ ਖੇਤਰਾਂ ਵਿੱਚ ਰਾਖਵਾਂਕਰਨ ਦਿੱਤੀ ਤਾਂ ਸਿੱਖ ਇਹਦੇ ਖਿਲਾਫ ਇਸ ਕਦਰ ਅੰਗਰੇਜਾਂ ਦੇ ਗਲ ਪਏ ਜੀਹਦੀ ਮਿਸਾਲ ਪੰਥਕ ਇਤਿਹਾਸ ਵਿਚ ਅੱਜ ਤਾਈਂ ਨਹੀਂ ਮਿਲਦੀ। ਸਿੱਖਾਂ ਨੂੰ ਇਹ ਰਾਖਵਾਂਕਰਨ ਕਮਿਊਨਲ ਐਵਾਰਡ ਦੇ ਤਹਿਤ ਮਿਿਲਆ ਸੀ। ਜਿਹੜੀ ਰਿਆਇਤ ਮੁਸਲਮਾਨਾਂ ਨੇ ਆਪਣੇ ਖਾਤਰ ਲੜਕੇ ਲਈ ਸੀ ਉਹ ਸਿੱਖਾਂ ਨੂੰ ਮੁਫਤੋਂ-ਮੁਫਤ ਮਿਲ ਰਹੀ ਸੀ। ਪਰ ਸਿੱਖਾਂ ਨੇ ਇਸ ਰਿਆਇਤ ਨੂੰ ਇਹ ਕਹਿ ਕੇ ਠੁੱਡੇ ਮਾਰੇ ਕਿ ਹਾਂ-ਹਾਂ ਇਹੋ ਜਿਹੀ ਰਿਆਇਤ ਮੁਸਲਮਾਨਾਂ ਨੂੰ ਕਾਹਤੋਂ ਮਿਲੀ ਹੈ।

40. ਕੀ ਸੀ ਕਮਿਊਨਲ ਐਵਾਰਡ?: ਅੰਗਰੇਜੀ ਰਾਜ ਵਿੱਚ ਵਿਧਾਨ ਸਭਾ ਅਤੇ ਲੋਕ ਸਭਾਵਾਂ ਖਾਤਰ 1909 ਤੋਂ ਵੋਟਾਂ ਪੈਣੀਆਂ ਸ਼ੁਰੂ ਹੋ ਗਈਆ ਸਨ। ਪਰ ਉਦੋਂ ਵੋਟ ਦਾ ਅਖਤਿਆਰ ਹਰੇਕ ਕਿਸੇੇ ਨੂੰ ਨਹੀ ਸੀ ਹੁੰਦਾ। ਘੱਟੋਂ ਘੱਟ ਮੈਟ੍ਰਿਕ ਪਾਸ, ਕੁੱਛ ਖਾਸ ਹੱਦ ਤੋਂ ਵੱਧ ਜਮੀਨੀ ਮਾਮਲਾ ਦੇਣ ਵਾਲਾ ਜਾਂ ਇਨਕਮ ਟੈਕਸ ਦੇਣ ਵਾਲਾ ਹੀ ਵੋਟਰ ਬਣ ਸਕਦਾ ਸੀ। ਮੁਸਲਮਾਨ ਜਨਤਾ ਵਧੇਰੇ ਅਨਪੜ੍ਹ ਅਤੇ ਗਰੀਬ ਸੀ ਜਿਸ ਕਰਕੇ ਉਨ੍ਹਾਂ ਦੀ ਵੋਟ ਫੀਸਦੀ ਆਪਦੀ ਆਬਾਦੀ ਨਾਲੋਂ ਘੱਟ ਬਣਦੀ ਸੀ । ਅੱਜ ਵਾਙੰੂ ਸਾਂਝੇ ਚੋਣ ਹਲਕੇ ਹੋਣ ਕਰਕੇ ਉਨ੍ਹਾਂ ਦੇ ਨੁਮਾਇੰਦੇ ਬਹੁਤ ਘੱਟ ਗਿਣਤੀ ਵਿੱਚ ਜਿੱਤਦੇ ਸੀ।

ਇਸੇ ਤਰ੍ਹਾਂ ਸਿੱਖਾਂ ਦਾ ਵੀ ਇਹੀ ਹਾਲ ਸੀ 1909 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਸਿੱਖਾਂ ਨੂੰ ਕੋਈ ਸੀਟ ਨਾ ਮਿਲੀ। 1912 ਵਿੱਚ ਸਿਰਫ ਇੱਕ ਸਿੱਖ ਉਮੀਦਵਾਰ ਜਿਿਤਆ ਅਤੇ ਫਿਰ 1916 ਦੀਆਂ ਚੋਣਾਂ ਵਿੱਚ ਸਿੱਖਾਂ ਨੂੰ ਕੋਈ ਸੀਟ ਨਾ ਮਿਲੀ। ਇਸੇ ਤਰ੍ਹਾਂ ਛੋਟੀਆਂ ਚੋਣਾਂ ਵਿੱਚ ਸਿੱਖਾਂ ਦਾ ਹਾਲ ਮਾੜਾ ਸੀ। 1884 ਦੇ ਅੰਕੜਿਆ ਮੁਤਾਬਿਕ ਪੰਜਾਬ ਦੀਆਂ ਕੁੱਲ 96 ਮਿਊਂਸੀਪਲ ਕਮੇਟੀਆਂ ਸੀਗੀਆਂ। ਜਿਨ੍ਹਾਂ ਵਿੱਚੋਂ 72 ਵਿੱਚ ਹਿੰਦੂਆਂ ਦੀ ਬਹੁਸੰਮਤੀ ਸੀ, 12 ਤੇ ਮੁਸਲਮਾਨ ਕਾਬਜ ਸੀਗੇ ਜਦਕਿ ਸਿਰਫ ਇਕੋ ਇਕ ਤਰਨਤਾਰਨ ਮਿਊਂਸੀਪਲ ਕਮੇਟੀ ਤੇ ਸਿੱਖਾਂ ਦਾ ਕਬਜਾ ਸੀ।

1921 ਦੀ ਮਰਦਮਸ਼ੁਮਾਰੀ ਮੁਤਾਬਿਕ ਪੰਜਾਬ ਵਿੱਚ ਮੁਸਲਮਾਨ ਵਸੋਂ 50 ਫੀਸਦੀ, ਹਿੰਦੂ 35 ਫੀਸਦੀ ਅਤੇ ਸਿੱਖ 12 ਫੀਸਦੀ ਸੀ। ਪਰ ਵੋਟ ਸ਼ਕਤੀ ਦੇ ਲਿਹਾਜ ਨਾਲ ਮੁਸਲਮਾਨ ਵੋਟਰ 40 ਫੀਸਦੀ, ਸਿੱਖ 24 ਫੀਸਦੀ ਬਣਦੇ ਸੀ। 24 ਫੀਸਦੀ ਵੋਟਰਾਂ ਦੇ ਹੁੰਦਿਆਂ ਵੀ ਸਿੱਖ ਕੋਈ ਸੀਟ ਨਹੀਂ ਸੀ ਜਿੱਤ ਰਹੇ। ਇਸ ਘਾਟੇ ਨੂੰ ਦੂਰ ਕਰਾਉਣ ਖਾਤਰ 1916 ਵਿੱਚ ਇੱਕ ਲਖਨਊ ਪੈਕਟ ਨਾਂ ਦਾ ਸਮਝੌਤਾ ਹੋਇਆ ਜਿਸ ਵਿੱਚ ਕਾਂਗਰਸ ਨੇ ਮੁਸਲਮਾਨਾਂ ਖਾਤਰ ਵੱਖਰੇ ਚੋਣ ਖੇਤਰਾਂ ਦੀ ਮੰਗ ਮੰਨ ਲਈ ਪਰ ਸਿੱਖਾਂ ਨੂੰ ਕੁੱਝ ਨਾ ਦਿੱਤਾ। ਨਾ ਦੇਣਾ ਇੱਕ ਪਾਸੇ ਰਿਹਾ ਇਸ ਸਮਝੌਤੇ ਖਾਤਰ ਚੱਲੀ ਲੰਬੀ ਗੱਲਬਾਤ ਵਿੱਚ ਨਾ ਤਾਂ ਸਿੱਖ ਨੁਮਾਇੰਦੇ ਨੂੰ ਸੱਦਿਆ ਗਿਆ, ਇੱਥੋਂ ਤੱਕ ਸਿੱਖਾਂ ਦਾ ਜ਼ਿਕਰ ਤੱਕ ਨਾ ਹੋਇਆ। ਚੀਫ ਖਾਲਸਾ ਦੀਵਾਨ ਅਤੇ ਮਹਾਰਾਜਾ ਪਟਿਆਲਾ ਭੁਪਿੰਦਰ ਸਿੰਘ ਨੇ ਸੈਕਟਰੀ ਆਫ ਸਟੇਟ ਫਾਰ ਇੰਡੀਆ ਕੋਲ ਸਿੱਖਾਂ ਨੂੰ ਅਜਿਹਾ ਹੱਕ ਦਿਵਾਉਣ ਲਈ ਪੈਰਵਾਈ ਕੀਤੀ, ਜਦੋਂ ਉਹ 1917 ਵਿੱਚ ਇਸ ਮਾਮਲੇ ਨੂੰ ਹੋਰ ਘੋਖਣ ਖਾਤਰ ਪੰਜਾਬ ਆਇਆ। ਪਰ ਸਿੱਖਾਂ ਦੀ ਭਾਰੂ ਧਿਰ ਨੇ ਕਾਂਗਰਸ ਦੀ ਪੈੜ ਵਿੱਚ ਪੈੜ ਧਰਦਿਆਂ ਉਹੀ ਰੱਟ ਲਾਈ ਰੱਖੀ ਕਿ ਸਾਨੂੰ ਕੁਛ ਨਹੀਂ ਚਾਹੀਦਾ ਬਸ ਇੱਥੋਂ ਅੰਗਰੇਜ ਚਲੇ ਜਾਣ।

ਪਰ ਬਰਤਾਨਵੀ ਸਰਕਾਰ ਸਿੱਖਾਂ ਦੀ ਭਾਰੂ ਧਿਰ ਨੂੰ ਦਰਕਿਨਾਰ ਕਰਦਿਆਂ ਸਿੱਖਾਂ ਨੂੰ ਮੁਸਲਮਾਨਾਂ ਅਤੇ ਹਿੰਦੂਆਂ ਦੇ ਬਰਾਬਰ ਤੀਜੀ ਧਿਰ ਵਾਲੇ ਦਰਜੇ ਮੁਤਾਬਿਕ ਸਤਿਕਾਰ ਦੇ ਰਹੀ ਸੀ। ਉਨ੍ਹਾਂ ਨੇ ਇਕੱਲਾ ਸਤਿਕਾਰ ਨਹੀਂ ਦਿੱਤਾ ਬਲਕਿ ਸਰਕਾਰੀ ਤੌਰ ਤੇ ਸਿੱਖਾਂ ਨੂੰ ਤੀਜੀ ਧਿਰ ਵਜੋਂ ਮਾਨਤਾ ਵੀ ਦਿੱਤੀ। ਭਾਰਤ ਦੇ ਸੰਵਿਧਾਨਿਕ ਸੁਧਾਰਾਂ ਬਾਰੇ ਮੌਂਟੇਗ-ਚੈਮਸਫ਼ੋਰਡ ਦੀ 1918 ਵਿੱਚ ਨਸ਼ਰ ਹੋਈ ਰਿਪੋਰਟ ਵਿੱਚ ਇਹ ਸ਼ਪੱਸਟ ਕਿਹਾ ਗਿਆ ਪੰਜਾਬ ਅੰਦਰ ਸਿੱਖ ਇੱਕ ਵੱਖਰੀ ਅਤੇ ਅਹਿਮ ਕੌਮ ਹੈ ਉਹ ਭਾਰਤੀ ਫੌਜ ਨੂੰ ਬਹਾਦਰ ਸਿਪਾਹੀ ਮੁਹੱਈਆ ਕਰਦੇ ਨੇ। ਪਰ ਹਰ ਥਾਂ ਘੱਟ ਗਿਣਤੀ ਹੋਣ ਕਰਕੇ ਉਹ ਵੋਟਾਂ ਵਿੱਚ ਜਿੱਤ ਨਹੀਂ ਸਕਦੇ। ਇਸ ਕਰਕੇ ਮੁਸਲਮਾਨਾਂ ਨੂੰ ਚੋਣ ਖੇਤਰਾਂ ਵਿੱਚ ਦਿੱਤੇ ਰਾਖਵਾਂਕਰਨ ਦੀ ਤਰਜ਼ ਤੇ ਸਿੱਖਾਂ ਲਈ ਵੀ ਚੋਣ ਖੇਤਰ ਰਾਖਵੇਂ ਕੀਤੇ ਜਾਣ।

ਮੌਂਟੇਗ-ਚੈਮਸਫ਼ੋਰਡ ਦੀ ਰਿਪੋਰਟ ਤੇ ਹੋਈ ਬਹਿਸ ਦੌਰਾਨ ਜਦੋਂ ਪੰਜਾਬ ਐਸੰਬਲੀ ਵਿੱਚ ਇੱਕ ਨਾਮਜ਼ਦ ਸਿੱਖ ਮੈਂਬਰ ਸ੍ਰ ਗੱਜਣ ਸਿੰਘ ਨੇ ਸਿੱਖਾਂ ਲਈ ਰਿਜਰਵੇਸ਼ਨ ਦੀ ਮੰਗ ਕੀਤੀ ਤਾਂ ਹਿੰਦੂ ਤੇ ਮੁਸਲਮਾਨ ਮੈਂਬਰਾਂ ਨੇ ਅੱਗ ਦੀ ਲਾਟ ਕੱਢਣ ਵਾਂਗ ਇਸ ਗੱਲ ਦਾ ਵਿਰੋਧ ਕੀਤਾ। ਹਿੰਦੂਆਂ ਵਲੋਂ ਸਿੱਖਾਂ ਦਾ ਵਿਰੋਧ ਤਾਂ ਸਮਝ ਵਿੱਚ ਪੈਂਦਾ ਹੈ ਪਰ ਸਿੱਖਾਂ ਦੀ ਭਾਰੂ ਲੀਡਰਸ਼ਿਪ ਨੇ ਵੀ ਸਿੱਖਾਂ ਨੂੰ ਮਿਲ ਰਹੀ ਇਸ ਰਿਆਇਤ ਦੇ ਖਿਲਾਫ ਹਿੰਦੂ ਮੁਸਲਮਾਨਾਂ ਨਾਲੋਂ ਵੀ ਉੱਚੀ ਲਾਟ ਮਾਰੀ। ਮੁਸਲਮਾਨਾਂ ਦਾ ਪੱਖ ਇਹ ਸੀ ਸਿੱਖ ਤਾਂ ਹਿੰਦੂਆਂ ਦਾ ਹਿੱਸਾ ਨੇ ਤਾਂ ਇਨ੍ਹਾਂ ਨੂੰ ਵੱਖਰਾ ਰਾਖਵਾਂਕਰਨ ਕਾਹਦਾ ? ਹਿੰਦੂ ਕਹਿੰਦੇ ਸੀ ਸਿੱਖ ਤਾਂ ਸਾਡੇ ‘ਚੋ ਹੀ ਨੇ ਸਰਕਾਰ ਇਨ੍ਹਾਂ ਨੂੰ ਰਾਖਵਾਂਕਰਨ ਦੇ ਕੇ ਹਿੰਦੂਆਂ ਨਾਲੋਂ ਪਾੜ ਰਹੀ ਹੈ। ਲਾਲਾ ਲਾਜਪਾਤ ਰਾਏ ਵੱਲੋਂ ਕੱਢੇ ਜਾਂਦੇ ਇੱਕ ਆਰੀਆ ਸਮਾਜੀ ਪਰਚੇ ” ਪੰਜਾਬੀ” ਨੇ ਇਸ ਤਜਵੀਜ ਦੀ ਪੁੱਜ ਕੇ ਮੁਖਾਲਫਤ ਕੀਤੀ ਤੇ ਕਿਹਾ ਕਿ ਇਹ ਸਿੱਖਾਂ ਨੂੰ ਹਿੰਦੂਆਂ ਨਾਲੋਂ ਪਾੜਨ ਵਾਲੀ ਸ਼ਰਾਰਤ ਹੈ। ਅਜਿਹੀ ਕਾਰਵਾਈ ਨਾਲ ਹਿੰਦੂਆਂ ਨੇ ਤਾਂ ਅੰਗਰੇਜਾਂ ਤੇ ਪਾੜੋ ਤੇ ਰਾਜ ਕਰੋਂ ਦਾ ਇਲਜਾਮ ਲਾਉਣਾ ਹੀ ਸੀ ਪਰ ਬਹੁ ਗਿਣਤੀ ਵਿੱਚ ਸਿੱਖ ਵੀ ਅੰਗਰੇਜਾਂ ਨੂੰ ਪਾੜੋ ਤੇ ਰਾਜ ਕਰੋ ਵਾਲਾ ਬਦੂ ਨਾਮ ਦੇਣ ਲੱਗੇ।
ਸਿੱਖਾਂ, ਮੁਸਲਮਾਨਾਂ ਲਈ ਚੋਣ ਖੇਤਰਾਂ ਵਿੱਚ ਦਿੱਤੀ ਜਾਣ ਵਾਲੀ ਇਸ ਰਾਖਵਂੇ ਕਰਨ ਨੂੰ ਕਮਿਊਨਲ ਐਵਾਰਡ ਆਖਿਆ ਗਿਆ।

41. ਕਮਿਊਨਲ ਐਵਾਰਡ ਲਾਗੂ ਹੋ ਗਿਆ: ਸਿੱਖਾਂ ਨੂੰ ਰਾਖਵਾਂਕਰਨ ਦੇਣ ਦੇ ਖਿਲਾਫ ਸਿ ੱ ਖਾਂ ਸਣੇ ਹਿੰਦੂ-ਮੁਸਲਮਾਨਾਂ ਵੱਲੋਂ ਲੱਖ ਬੂ ਦੁਹਾਈ ਪਾਉਣ ਦੇ ਬਾਵਜੂਦ ਬਰਤਾਨਵੀ ਸਰਕਾਰ ਨੇ ਸਿੱਖਾਂ ਨੂੰ ਰਾਖਵਾਂਕਰਨ ਦੇਣ ਦਾ ਐਲਾਨ ਕਰ ਦਿੱਤਾ। ਸਿੱਖਾਂ ਦੀ ਪੰਜਾਬ ਵਿੱਚ ਆਬਾਦੀ 12 ਫੀਸਦੀ ਤੋਂ ਵੀ ਘੱਟ ਸੀ ਪਰ ਉਨ੍ਹਾਂ ਵਾਸਤੇ ਪੰਜਾਬ ਵਿਧਾਨ ਸਭਾ ਵਿੱਚ 18 ਫੀਸਦੀ ਸੀਟਾਂ ਰਾਖਵੀਆਂ ਰੱਖੀਆਂ ਗਈਆਂ। ਮੁਸਲਮਾਨਾਂ ਦੀ ਅਬਾਦੀ ਮੁਤਾਬਿਕ ਉਨ੍ਹਾਂ ਨੂੰ 51 ਫੀਸਦੀ ਰਾਖਵਾਂਕਰਨ ਮਿਿਲਆ। ਇਹ ਐਲਾਨ ਬਰਤਾਨਵੀ ਪ੍ਰਧਾਨ ਮੰਤਰੀ ਰਾਮਸੇ ਮੈਕਡਾਨਲਡ ਨੇ ਕਮਿਊਨਲ ਐਵਾਰਡ ਦੇ ਨਾਂ ਥੱਲੇ ਅਕਤੂਬਰ 1932 ਨੂੰ ਕੀਤਾ।

ਸਿੱਖਾਂ ਨੇ ਕਮਿਊਨਲ ਐਵਾਰਡ ਦੇ ਖਿਲਾਫ ਇਸ ਕਦਰ ਸਿੰਗਾਂ ਤੇ ਮਿੱਟੀ ਚੱਕੀ ਜਿਸ ਨਾਲ ਸਿੱਖ ਇਤਿਹਾਸ ਵੀ ਸ਼ਰਮਾਅ ਗਿਆ । ਉਨੀਂ ਦਿਨੀਂ ਸਰਕਾਰ ਨੇ ਮਾਸਟਰ ਤਾਰਾ ਸਿੰਘ ਦੇ ਲਾਹੌਰ ਦਾਖਲੇ ’ਤੇ ਪਾਬੰਦੀ ਲਾਈ ਹੋਈ ਸੀ ਤੇ ਉਹ ਲਾਹੌਰ ਨਾਲ ਵਹਿੰਦੇ ਦਰਿਆ ਰਾਵੀ ਦੇ ਪਰਲੇ ਕੰਢੇ ਕਸਬੇ ਸ਼ਾਹਦਰਾ ਵਿੱਚ ਬੈਠਾ ਸੀ । ਉੱਥੋਂ ਬੈਠਾ ਹੀ ਉਹ ਲਾਹੌਰ ਵਿੱਚ ਬੈਠੇ ਅਕਾਲੀਆਂ ਨੂੰ ਹਦਾਇਤਾਂ ਦੇ ਰਿਹਾ ਸੀ। ਉਹਦੀਆਂ ਹਦਾਇਤਾਂ ‘ਤੇ ਗੁਰਦੁਆਰਾ ਡੇਰਾ ਸਾਹਿਬ ਲਾਹੌਰ ਦੇ ਨਾਲ ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ਤੇ ਅਕਾਲੀਆਂ ਦੀ ਕਮਿਊਨਲ ਐਵਾਰਡ ਦੇ ਖਿਲਾਫ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਮਾਸਟਰ ਤਾਰਾ ਸਿੰਘ ਨੇ ਗਿਆਨੀ ਕਰਤਾਰ ਸਿੰਘ ਦੇ ਹੱਥ ਇੱਕ ਲਿਖਤੀ ਮਤਾ ਪਾਸ ਕਰਨ ਲਈ ਘੱਲਿਆ ਮਤਾ ਇਹ ਸੀ “ਅਸੀਂ ਬੋਟੀ ਬੋਟੀ ਕਟਵਾ ਕੇ ਤਾਂ ਮਰ ਜਾਵਾਂਗੇ ਪਰ ਆਪਦੇ ਜਿਊਂਦੇ ਜੀ ਕਮਿਊਨਲ ਐਵਾਰਡ ਲਾਗੂ ਨਹੀਂ ਹੋਣ ਦਿਆਂਗੇ । ਹੇ ਗੁਰੂ ਗੋਬਿੰਦ ਸਿੰਘ ਤੂੰ ਪੰਥ ਦਾ ਵਾਲੀ ਕਹਾਉਦਾ ਹੈਂ! ਜੇ ਅਸੀਂ ਕਮਿਊਨਲ ਐਵਾਰਡ ਨੂੰ ਰੋਕਣ ਖਾਤਰ ਵੱਡੀ ਤੋਂ ਵੱਡੀ ਕੁਰਬਾਨੀ ਕਰਨੋ ਝਿਜਕੀਏ ਤਾਂ ਅਸੀਂ ਤੇਰੇ ਸਿੱਖ ਨਹੀਂ। ਪਰ ਜੇ ਤੂੰ ਸਾਡੀਆਂ ਕੁਰਬਾਨੀਆਂ ਨੂੰ ਸਫਲਤਾ ਨਾ ਬਖਸ਼ੇਂ ਤਾਂ ਤੂੰ ਪੰਥ ਦਾ ਵਾਲੀ ਨਹੀਂ।”

ਪੰਥਕ ਇਤਿਹਾਸ ਵਿੱਚ ਇਹ ਪਹਿਲੀ ਦਫਾ ਹੋਇਆ ਕਿ ਕਿਸੇ ਸਿੱਖ ਨੇ ਆਪਣੇ ਗੁਰੂ ਨੂੰ ਇਹ ਕਹਿ ਕੇ ਵੰਗਾਰ ਪਾਈ ਹੋਵੇ ਕਿ ਜੇ ਤੂੰ ਸਾਡਾ ਫਲਾਣਾ ਕੰਮ ਨਾ ਕੀਤਾ ਤਾਂ ਤੂੰ ਸਾਡਾ ਗੁਰੂ ਨਹੀਂ। ਕਮਿਊਨਲ ਐਵਾਰਡ ਦੇ ਖਿਲਾਫ ਬੋਟੀ ਬੋਟੀ ਕੱਟ ਮਰਨ ਦੀ ਸੌਂਹ ਖਾਣੀ ਤੇ ਗੁਰੂ ਨੂੰ ਕਮਿਊਨਲ ਐਵਾਰਡ ਰੋਕਣ ਖਾਤਰ ਵੰਗਾਰ ਪਾਉਣ ਨਾਲ ਪਾਠਕ ਸਮਝ ਗਏ ਹੋਣਗੇ ਕਿ ਸਿੱਖ ਲੀਡਰਸ਼ਿਪ ਇਹ ਤੋਂ ਵੱਡੀ ਹੋਰ ਕੀ ਲਾਟ ਮਾਰ ਸਕਦੇ ਸੀ । ਜਿੱਥੇ ਇੱਕ ਵੀ ਸਿੱਖ ਐਮ.ਐਲ.ਏ ਦੀ ਚੋਣ ਨਹੀਂ ਸੀ ਜਿੱਤਦਾ ਉੱਥੇ ਹੁਣ ਸੌ ਮਗਰ 18 ਜਿੱਤਣੇ ਸੀ। ਪਰ ਸਿੱਖਾਂ ਨੂੰ 18 ਦੀ ਖੁਸ਼ੀ ਨਹੀਂ ਸੀ 51 ਮੁਸਲਮਾਨਾਂ ਦੀ ਤਕਲੀਫ ਸੀ । ਇਹ ਮੰਗ ਨਹੀਂ ਸੀ ਕਿ ਸਾਨੂੰ ਰਾਖਵਾਂਕਰਨ ਘੱਟ ਮਿਿਲਆ ਹੈ ਮੰਗ ਇਹ ਸੀ ਕਿ ਸਾਨੂੰ ਚਾਹੇ ਕੱਖ ਨਾ ਮਿਲੇ ਪਰ ਮੁਸਲਮਾਨਾਂ ਨੂੰ ਕੁੱਛ ਨਹੀਂ ਮਿਲਣਾ ਚਾਹੀਦਾ।

ਜਦੋਂ ਇਹ ਖ਼ਬਰਾਂ ਲੰਡਨ ਪਹੁੰਚੀਆਂ ਕਿ ਸਿੱਖ ਤਾਂ ਕਮਿਊਨਲ ਐਵਾਰਡ ਦੇ ਖਿਲਾਫ ਮਰਨ ਮਾਰਨ ਤੇ ਉੱਤਰੇ ਖੜ੍ਹੇ ਨੇ ਤਾਂ ਬਰਤਾਨਵੀ ਸਰਕਾਰ ਬੜੀ ਫਿਕਰਮੰਦ ਹੋਈ। ਉਨ੍ਹਾਂ ਦਾ ਇਹ ਤਜ਼ਰਬਾ ਸੀ ਕਿ ਜੇ ਸਿੱਖ ਆਈ ’ਤੇ ਆ ਜਾਣ ਤਾਂ ਮਰਨੋਂ ਨਹੀਂ ਡਰਦੇ । ਕਮਿਊਨਲ ਐਵਾਰਡ ਦੀ ਮੁਖਾਲਫਤ ਤੋਂ ਪੈਦਾ ਹੋਣ ਵਾਲੀ ਮਾਰ ਕਾਟ ਤੋਂ ਡਰਦਿਆਂ ਬਰਤਾਨਵੀ ਸਰਕਾਰ ਨੇ ਗਵਰਨਰ ਪੰਜਾਬ ਨੂੰ ਇੱਕ ਗੁਪਤ ਹਦਾਇਤ ਘੱਲੀ ਕਿ ਕਮਿਊਨਲ ਐਵਾਰਡ ਦੇ ਖਿਲਾਫ ਪੈਦਾ ਹੋਣ ਵਾਲੀ ਹਿੰਸਾਂ ਵਿੱਚ ਜੇ ਮੌਤਾਂ 20 ਤੋਂ ਵੱਧ ਜਾਣ ਤਾਂ ਕਮਿਊਨਲ ਐਵਾਰਡ ਨੂੰ ਰੱਦ ਕਰਨ ਦਾ ਐਲਾਨ ਕਰ ਦਿੱਤਾ ਜਾਵੇ। ਉਧਰ ਮੁਸਲਮਾਨ ਵੀ ਡਰ ਗਏ ਕਿ ਸਿੱਖਾਂ ਦੇ ਦਬਾਅ ਥੱਲੇ ਆ ਕੇ ਸਰਕਾਰ ਇਸ ਐਵਾਰਡ ਨੂੰ ਰੱਦ ਕਰ ਸਕਦੀ ਹੈ। ਬਣੀ ਬਣਾਈ ਖੇਡ ਨੂੰ ਵਿਗੜਨ ਤੋਂ ਰੋਕਣ ਲਈ ਮੁਸਲਮਾਨ ਆਗੂਆਂ ਨੇ ਸਿੱਖ ਆਗੂਆਂ ਨੂੰ ਪਰਚਾਉਣ ਖਾਤਰ ਗੱਲਬਾਤ ਤੋਰੀ। ਮੁਸਲਮਾਨਾਂ ਨੇ ਸਿੱਖਾਂ ਨੂੰ ਇਹ ਤਜਵੀਜ ਦਿੱਤੀ ਕਿ ਜੇ ਥੋਨੂੰ ਰਿਜਰਵੇਸ਼ਨ 18 ਦੀ ਥਾਂ 30 ਫੀਸਦੀ ਮਿਲ ਜਾਵੇ ਤਾਂ ਕੀ ਥੋਡੀ ਤਸੱਲੀ ਹੋਜੂ? ਸਿੱਖ ਕਹਿੰਦੇ ਹਾਂ ਸਾਡੀ 30 ਨਾਲ ਸਾਡੀ ਤਸੱਲੀ ਹੋਜੂ। ਮੁਸਲਮਾਨ ਕਹਿੰਦੇ ਤਾਂ ਫਿਰ ਲਿਖੋ ਸਮਝੌਤਾ । ਤਾਂ ਸਿੱਖਾਂ ਦਾ ਐਡਾ ਹਾਸੋ ਹੀਣਾਂ ਜਵਾਬ ਇਹ ਸੀ ਕਹਿੰਦੇ ਨਹੀਂ ! ਨਾਲੋਂ ਨਾਲ ਹਿੰਦੂਆਂ ਨੂੰ ਵੀ 30 ਫੀਸਦੀ ਦੇਵੋ । ਭਾਵ ਇਹ ਸੀ ਕਿ ਹਿੰਦੂ ਸਿੱਖ ਰਲਕੇ 60 ਫੀਸਦੀ ਹੋ ਜਾਣ ਤੇ ਮੁਸਲਮਾਨ ਕਿਸੇ ਵੀ ਸੂਰਤ ਬਹੁ ਸੰਮਤੀ ਵਿੱਚ ਨਾ ਆ ਸਕਣ। ਸੋ ਮੁਸਲਮਾਨਾਂ ਨਾਲ ਵੀ ਗੱਲਬਾਤ ਟੁੱਟ ਗਈ। ਪਰ ਕਮਿਊਨਲ ਐਵਾਰਡ ਦੇ ਖਿਲਾਫ ਨਾ ਕੋਈ ਸਿੱਖ ਕਟਿਆ ਅਤੇ ਨਾ ਹੀ ਕੋਈ ਮਰਿਆ। ਕਮਿਊਨਲ ਐਵਾਰਡ ਚੁੱਪਚਾਪ ਲਾਗੂ ਹੋ ਗਿਆ। ਮੁਸਲਮਾਨਾਂ ਵੱਲੋਂ ਤਜਵੀਜਸ਼ੁਦਾ 30 ਫੀਸਦੀ ਨੂੰ ਠੋਕਰ ਮਾਰ ਕੇ ਸਿੱਖ 18 ਫੀਸਦੀ ਤੇ ਸਬਰ ਸ਼ੁਦਾ ਹੋ ਗਏ । ਇਹ ਸਮਾਂ ਸਿੱਖਾਂ ਖਾਤਰ ਉਹ ਸੀ ਜਦੋਂ ਵੱਖਰੇ ਸਿੱਖ ਮੁਲਕ ਦੀਆਂ ਵਿਊਂਤਬੰਦੀਆ ਕੀਤੀਆਂ ਜਾਣੀਆਂ ਸਨ। ਪਰ ਸਿੱਖ ਆਪਣੀ ਖਾਤਰ ਕੁੱਝ ਵੀ ਨਾ ਸੋਚਦੇ ਹੋਏ ਆਪਦੀ ਸਾਰੀ ਤਾਕਤ ਮੁਸਲਮਾਨਾਂ ਦੇ ਖਿਲਾਫ ਜਾਇਆ ਕਰ ਰਹੇ ਸਨ ਤੇ ਨਾਲ ਦੀ ਨਾਲ ਹਿੰਦੂਆਂ ਵੱਲੋਂ ਮੁਸਲਮਾਨਾਂ ਖਿਲਾਫ ਬਣਦੀ ਲੜਾਈ ਨੂੰ ਆਪਣੀ ਸਮਝ ਕੇ ਲੜ ਰਹੇ ਸਨ। ਉਪਰਲੀਆਂ ਸਾਰੀਆਂ ਗੱਲਾਂ ਤੋਂ ਸਮਝ ਆ ਜਾਣੀ ਚਾਹੀਦੀ ਹੈ ਕਿ ਸਿੱਖ ਹਿੰਦੂਆਂ ਨਾਲ ਅਸੀਂ ਤੁਸੀਂ ਦਾ ਭੇਦ ਮਿਟਾ ਕੇ ਚੱਲ ਰਹੇ ਸਨ, ਕਿਤੇ ਵੀ ਉਨ੍ਹਾਂ ਨਾਲ ਵਖਰੇਵਾਂ ਨਹੀਂ ਸੀ । ਸੋ, ਅਜਿਹੇ ਮਾਹੌਲ ਵਿੱਚ ਵੱਖਰੇ ਮੁਲਕ ਦਾ ਸੁਫਨਾ ਕਿੱਥੋਂ ਆਉਣਾ ਸੀ?

42. ਸਿੱਖਾਂ ਨੇ ਕੋਈ ਵੀ ਸਿਆਸੀ ਦਬਾਅ ਵਾਲਾ ਤਰੀਕਾ ਇਸਤੇਮਾਲ ਨਾ ਕੀਤਾ: ਅਖੀਰ ਗੱਲ ਤੁਰਦੀ ਤੁਰਦੀ ਵੰਡ ‘ਤੇ ਆਣ ਪਹੁੰਚੀ 3 ਜੂਨ 1947 ਨੂੰ ਸਾਰੀਆਂ ਧਿਰਾਂ ਦੀ ਸਹਿਮਤੀ ਨਾਲ ਲਾਰਡ ਮਾਊਂਟਬੈਟਨ ਨੇ ਵੰਡ ਦਾ ਜਿਹੜਾ ਫਾਰਮੂਲਾ ਨਸ਼ਰ ਕੀਤਾ ਉਸ ਮੁਤਾਬਕ ਮੁਸਲਮਾਨ ਬਹੁਗਿਣਤੀ ਵਾਲੇ ਸੂਬੇ ਸਿੰਧ ਤੇ ਸਰਹੱਦੀ ਸੂਬਾ, ਪਾਕਿਸਤਾਨ ਵੱਲ ਜਾਣੇ ਸੀ। ਮੁਸਲਿਮ ਬਹੁਗਿਣਤੀ ਵਾਲੇ ਹੀ ਪੰਜਾਬ ਅਤੇ ਬੰਗਾਲ ਦੀ ਵੰਡ ਹੋਣੀ ਸੀ ਬਸ਼ਰਤੇ ਇਨ੍ਹਾਂ ਸੂਬਿਆਂ ਦੀਆਂ ਵਿਧਾਨ ਸਭਾਵਾਂ ਵੰਡ ਦਾ ਮਤਾ ਪਾਸ ਕਰਦੀਆਂ। ਜਿਵੇਂ ਪੰਜਾਬ ਵਿਧਾਨ ਸਭਾ ਦਾ ਇਜਲਾਸ ਦੋ ਹਿੱਸਿਆਂ ਵਿਚ ਹੋਇਆ ਮੁਸਲਮਾਨ ਬਹੁਗਿਣਤੀ ਵਾਲੇ ਇਲਾਕੇ ਪੱਛਮੀ ਪੰਜਾਬ ਦੇ ਐੱਮ.ਐੱਲ.ਏ. ਇਕ ਹਿੱਸੇ ਵਿਚ ਬੈਠੇ ਤੇ ਗੈਰ ਮੁਸਲਮਾਨ ਬਹੁਗਿਣਤੀ ਵਾਲੇ ਦੱਖਣ-ਪੂਰਬੀ ਪੰਜਾਬ ਦੇ ਐੱਮ.ਐੱਲ.ਏ. ਦੂਜੇ ਹਿੱਸੇ ਵਿਚ ਬੈਠੇ। ਦੋਨਾਂ ਤੋਂ ਇਹ ਪੁੱਛਿਆ ਗਿਆ ਕਿ ਕੀ ਤੁਸੀਂ ਵੰਡ ਚਾਹੁੰਦੇ ਹੋ ਤੇ ਜੇ ਚਾਹੁੰਦੇ ਹੋ ਤਾਂ ਤੁਸੀਂ ਹਿੰਦੁਸਤਾਨ ਜਾਂ ਪਾਕਿਸਤਾਨ ‘ਚੋਂ ਕਿਧਰ ਰਲਣਾ ਪਸੰਦ ਕਰੋਂਗੇ? ਪੱਛਮ ਵਾਲਿਆਂ ਨੇ ਵੰਡ ਦੇ ਖਿਲਾਫ ਮਤਾ ਪਾਸ ਕੀਤਾ। ਪੂਰਬ ਵਾਲਿਆਂ ਨੇ ਵੰਡ ਦੇ ਹੱਕ ਵਿਚ ਮਤਾ ਪਾਸ ਕੀਤਾ। ਫਾਰਮੂਲਾ ਇਹ ਵੀ ਸੀ ਕਿ ਜੇ ਕੋਈ ਵੀ ਇਕ ਹਿੱਸਾ ਵੰਡ ਦੇ ਹੱਕ ਵਿਚ ਮਤਾ ਪਾਸ ਕਰੇਗਾ ਤਾਂ ਸੂਬੇ ਦੀ ਵੰਡ ਕਰ ਦਿੱਤੀ ਜਾਵੇਗੀ। ਪੂਰਬ ਵਾਲੇ ਮਤੇ ਦੇ ਮੁਤਾਬਕ ਵੰਡ ਪਾਸ ਹੋ ਗਈ ਤੇ ਪੂਰਬ ਵਾਲਿਆਂ ਨੇ ਹਿੰਦੁਸਤਾਨ ਵਿਚ ਜਾਣ ਦਾ ਮਤਾ ਪਾਸ ਕੀਤਾ। ਪੱਛਮ ਵਾਲਿਆਂ ਨੇ ਪਾਕਿਸਤਾਨ ‘ਚ ਜਾਣ ਦਾ ਮਤਾ ਪਾਸ ਕੀਤਾ। ਫਾਰਮੂਲੇ ਮੁਤਾਬਕ ਮੁਸਲਿਮ ਬਹੁਗਿਣਤੀ ਵਾਲੇ ਜ਼ਿਲ੍ਹੇ ਪੱਛਮੀ ਭਾਵ ਪਾਕਿਸਤਾਨ ਵੱਲ ਜਾਣੇ ਤਹਿ ਹੋਏ ਤੇ ਪੂਰਬ ਵਾਲੇ ਗ਼ੈਰ ਮੁਸਲਿਮ ਆਬਾਦੀ ਵਾਲੇ ਜ਼ਿਲ੍ਹੇ ਹਿੰਦੁਸਤਾਨ ਵਿਚ ਜਾਣੇ ਤਹਿ ਹੋਏ। ਕੁਝ ਜ਼ਿਲ੍ਹੇ ਅੱਧ ਵਿਚਕਾਰ ਭਾਵ ਝਗੜੇ ਵਾਲੇ ਮਿੱਥੇ ਗਏ। ਝਗੜੇ ਵਾਲੇ ਜ਼ਿਲ੍ਹੇ ਇਹ ਸਨ ਫਿਰੋਜ਼ਪੁਰ, ਹੁਸ਼ਿਆਰਪੁਰ, ਜਲੰਧਰ, ਲੁਧਿਆਣਾ, ਗੁਰਦਾਸਪੁਰ, ਲਾਹੌਰ, ਸ਼ੇਖੂਪੁਰਾ, ਮਿੰਟਗੁੰਮਰੀ, ਲਾਇਲਪੁਰ, ਗੁਜਰਾਂਵਾਲਾ, ਅੰਮ੍ਰਿਤਸਰ, ਸਿਆਲਕੋਟ, ਮੁਲਤਾਨ ਤੇ ਹਿਸਾਰ। ਇਨ੍ਹਾਂ ਜ਼ਿਿਲ੍ਹਆਂ ਦੀ ਵੰਡ ਦਾ ਕੰਮ ਇਕ ਕਮਿਸ਼ਨ ਨੂੰ ਦੇਣ ਦਾ ਫੈਸਲਾ ਹੋਇਆ।

ਵਿਧਾਨ ਸਭਾ ਦੇ ਪੂਰਬੀ ਹਿੱਸੇ ਵਿਚ ਸਿੱਖ ਅਤੇ ਮੁਸਲਮਾਨ ਬਹੁ-ਗਿਣਤੀ ਵਿਚ ਸਨ ਜੇ ਸਿੱਖ ਮੁਸਲਮਾਨਾਂ ਨਾਲ ਸਮਝੌਤੇ ‘ਤੇ ਆ ਜਾਂਦੇ ਤਾਂ ਪੰਜਾਬ ਦੀ ਵੰਡ ਨਹੀਂ ਸੀ ਹੋਣੀ ਤੇ ਸਾਰੇ ਦਾ ਸਾਰਾ ਪੰਜਾਬ ਪਾਕਿਸਤਾਨ ਵਿਚ ਸ਼ਾਮਿਲ ਹੋਣਾ ਸੀ। ਉਸ ਵੇਲੇ ਪੰਜਾਬ ਦਾ ਨਕਸ਼ਾ ਇਹ ਸੀ ਪਾਕਿਸਤਾਨ ਵਾਲਾ ਸਾਰਾ ਪੰਜਾਬ, ਭਾਰਤ ਦੇ ਹਿੱਸੇ ਵਾਲਾ 1966 ਵੇਲੇ ਦਾ ਪੰਜਾਬ ਜੀਹਦੇ ਵਿਚ ਹਰਿਆਣਾ ਤੇ ਹਿਮਾਚਲ ਵੀ ਸ਼ਾਮਿਲ ਸੀ, ਜੇ ਇਹ ਗੱਲ ਹੋ ਜਾਂਦੀ ਤਾਂ ਭਾਰਤ ਦੀ ਰਾਜਧਾਨੀ ਦਿੱਲੀ ਤਿੰਨ ਪਾਸਿਆਂ ਤੋਂ ਪਾਕਿਸਤਾਨ ਨਾਲ ਘਿਰ ਜਾਣੀ ਸੀ। ਤੇ ਹਿੰਦੁਸਤਾਨ ਕੋਲ ਕਸ਼ਮੀਰ ਤਕ ਪਹੁੰਚਣ ਦਾ ਵੀ ਕੋਈ ਰਾਹ ਨਹੀਂ ਰਹਿਣਾ ਸੀ ਤੇ ਕਸ਼ਮੀਰ ਵੀ ਆਰਾਮ ਨਾਲ ਪਾਕਿਸਤਾਨ ਦਾ ਹਿੱਸਾ ਬਣ ਸਕਦਾ ਸੀ।

ਸਿਆਸੀ ਮਸਲਿਆਂ ਵਿਚ ਸਿਆਸੀ ਦਬਾਅ ਅਤੇ ਸੌਦੇਬਾਜ਼ੀ ਆਪਣੀ ਹਿੱਤਾਂ ਲਈ ਵਰਤੀ ਜਾਂਦੀ ਹੈ ਜੇ ਸਿੱਖ ਆਗੂ ਉਦੋਂ ਇਸੇ ਦਾਅਪੇਚ ਤੋਂ ਕੰਮ ਲੈਂਦੇ ਤਾਂ ਉਨ੍ਹਾਂ ਨੂੰ ਇਹ ਕਹਿਣਾ ਚਾਹੀਦਾ ਸੀ ਜੇ ਹਿੰਦੁਸਤਾਨ ਸਾਨੂੰ ਕੁਝ ਨਹੀਂ ਦਿੰਦਾ ਤਾਂ ਅਸੀਂ ਪਾਕਿਸਤਾਨ ਨਾਲ ਚਲੇ ਜਾਵਾਂਗੇ। ਜਿਵੇਂ ਉਤੇ ਤਸਵੀਰ ਦੱਸੀ ਗਈ ਹੈ ਕਿ ਪੰਜਾਬ, ਹਰਿਆਣਾ, ਹਿਮਾਚਲ ਤੇ ਕਸ਼ਮੀਰ ਹੱਥੋਂ ਜਾਂਦਾ ਦੇਖ ਅਤੇ ਆਪ ਦਾ ਸਦਰ ਮੁਕਾਮ ਦਿੱਲੀ ਪਾਕਿਸਤਾਨ ਨਾਲ ਤਿੰਨ ਪਾਸਿਆਂ ਤੋਂ ਘਿਰਦਾ ਦੇਖ ਖੌਫਜ਼ਦਾ ਜ਼ਰੂਰ ਹੋਣੇ ਸਨ। ਇਸੇ ਦਬਾਅ ਦੇ ਤਹਿਤ ਉਨ੍ਹਾਂ ਤੋਂ ਵੱਡੀ ਤੋਂ ਵੱਡੀ ਗੱਲ ਵੀ ਮਨਵਾਈ ਜਾ ਸਕਦੀ ਸੀ। ਹਿੰਦੁਸਤਾਨੀ ਆਗੂ ਘੱਟੋ-ਘੱਟ ਐਨਾ ਕਹਿਣ ਲਈ ਮਜ਼ਬੂਰ ਹੋ ਜਾਂਦੇ ਕਿ ਅਸੀਂ ਦਿੱਲੀ ਨੂੰ ਤਿੰਨ ਪਾਸਿਓਂ ਮੁਸਲਮਾਨ ਰਾਜ ਨਾਲ ਘਿਰਣ ਦੀ ਬਜਾਏ ਸਿੱਖਾਂ ਦੇ ਰਾਜ ਨਾਲ ਘਿਿਰਆ ਪਸੰਦ ਕਰਾਂਗੇ ਪਰ ਜਦੋਂ ਕੋਈ ਸਿਆਸੀ ਧਿਰ ਪਹਿਲਾਂ ਹੀ ਇਹ ਐਲਾਨ ਕਰ ਦੇਵੇ ਕਿ ਅਸੀਂ ਦੂਜੀ ਧਿਰ ਨਾਲ ਤਾਂ ਉੱਕਾ ਹੀ ਸਮਝੌਤਾ ਨਹੀਂ ਕਰਨਾ ਤਾਂ ਉਹਦੇ ਕੋਲ ਪਹਿਲੀ ਧਿਰ ਨਾਲ ਸਮਝੌਤਾ ਕਰਨ ਦੀ ਪਹਿਲੀ ਅਤੇ ਆਖਰੀ ਮਜ਼ਬੂਰੀ ਹੁੰਦੀ ਹੈ। ਇਹ ਸਮਝੌਤਾ ਨਹੀਂ ਬਲਕਿ ਆਤਮ ਸਮਰਪਣ ਹੁੰਦਾ ਹੈ। ਜਦੋਂ ਦੂਜੀ ਧਿਰ ਨੂੰ ਇਹ ਸਪੱਸ਼ਟ ਹੋਵੇ ਕਿ ਕਿਸੇ ਫਲਾਣੀ ਧਿਰ ਦਾ ਮੇਰੇ ਨਾਲ ਸਮਝੌਤਾ ਕਰਨ ਤੋਂ ਬਿਨਾ ਕੋਈ ਚਾਰਾ ਹੀ ਨਹੀਂ ਤਾਂ ਦੂਜੀ ਧਿਰ ਉਹਦੀ ਕੋਈ ਸ਼ਰਤ ਕਿਉਂ ਮੰਨੇਗੀ? ਭਾਵ ਜਦੋਂ ਸਿੱਖ ਪਹਿਲਾਂ ਹੀ ਗੱਜਵੱਜ ਕੇ ਐਲਾਨ ਕਰੀ ਬੈਠੇ ਸੀ ਕਿ ਅਸੀਂ ਮੁਸਲਮਾਨਾਂ ਨਾਲ ਨਹੀਂ ਜਾਣਾ ਅਤੇ ਹਿੰਦੁਸਤਾਨ ‘ਚ ਹੀ ਰਹਿਣਾ ਹੈ ਤਾਂ ਫਿਰ ਹਿੰਦੁਸਤਾਨੀ ਆਗੂਆਂ ਨੂੰ ਕਿਹੜੀ ਲੋੜ ਸੀ ਕਿ ਉਹ ਸਿੱਖਾਂ ਦੀ ਕੋਈ ਸ਼ਰਤ ਮੰਨਦੇ। ਹਾਲਾਂਕਿ ਮੁਸਲਿਮ ਲੀਗ ਸਿੱਖਾਂ ਵਲੋਂ ਪਾਕਿਸਤਾਨ ਨਾਲ ਰਲਣ ਦੀ ਸੂਰਤ ਵਿਚ ਉਨ੍ਹਾਂ ਦੀ ਫੌਜ ਵਿਚ 40 ਫੀਸਦੀ ਹਿੱਸੇਦਾਰੀ ਅਤੇ ਪੰਜਾਬ ਦਾ ਗਵਰਨਰ ਜਾਂ ਮੁੱਖ ਮੰਤਰੀ ਦਾ ਅਹੁਦਾ ਸਦਾ ਵਾਸਤੇ ਸਿੱਖਾਂ ਲਈ ਰਿਜ਼ਰਵ ਕਰਨ ਲਈ ਤਿਆਰ ਸੀ। ਪੰਜਾਬ ਵਿਚ ਸਾਰੇ ਅਹੁਦਿਆਂ ‘ਤੇ 33 ਫੀਸਦੀ ਅਤੇ ਕੇਂਦਰੀ ਪੱਧਰ ‘ਤੇ 20 ਫੀਸਦੀ ਸਿੱਖਾਂ ਲਈ ਸੀਟਾਂ ਰਿਜ਼ਰਵ ਹੋਣਗੀਆਂ। ਉਨ੍ਹਾਂ ਦਾ ਇਹ ਵੀ ਦਾਅਵਾ ਸੀ ਪਾਕਿਸਤਾਨ ਵਿਚ ਕੋਈ ਕਾਨੂੰਨ ਜਾਂ ਵਿਧਾਨ, ਜਿਸ ਨੂੰ ਕਿ ਸਿੱਖ ਬਹੁ-ਸੰਮਤੀ ਨਾਲ ਕਹਿਣ ਕਿ ਸਿੱਖਾਂ ਦੇ ਬਰਖਿਲਾਫ ਵਿਤਕਰੇ ਭਰਿਆ ਹੈ, ਪਾਸ ਹੋ ਕੇ ਲਾਗੂ ਨਹੀਂ ਹੋ ਸਕੇਗਾ, ਜਿਤਨਾ ਚਿਰ ਕਿ ਪਾਕਿਸਤਾਨ ਦਾ ਸੁਪਰੀਮ ਕੋਰਟ ਇਹ ਨਾ ਕਹਿ ਦੇਵੇ ਕਿ ਉਸ ਕਾਨੂੰਨ ਦਾ ਸਿੱਖਾਂ ਉਤੇ ਕੋਈ ਅਸਰ ਸਿੱਧਾ ਨਹੀਂ ਪੈਂਦਾ। ਇਹ ਤਜਵੀਜ਼ਾਂ ਮੁਹੰਮਦ ਅਲੀ ਜਿਨਾਹ ਨੇ ਮਈ 1947 ਵਿਚ ਮਾਸਟਰ ਤਾਰਾ ਸਿੰਘ ਤੇ ਮਹਾਰਾਜਾ ਯਾਦਵਿੰਦਰ ਸਿੰਘ ਪਟਿਆਲਾ ਨੂੰ ਪੇਸ਼ ਕੀਤੀਆਂ। ਜਿਨਾਹ ਨੇ ਇਹ ਵੀ ਦੱਸਿਆ ਕਿ ਇਹਦੇ ਨਾਲ ਸਾਨੂੰ ਇਹ ਫਾਇਦਾ ਹੈ ਕਿ ਸਾਰਾ ਪੰਜਾਬ ਅਤੇ ਸਾਰਾ ਬੰਗਾਲ ਪਾਕਿਸਤਾਨ ਦੇ ਹਿੱਸੇ ਆਉਂਦਾ ਹੈ ਇਹਦੇ ਬਦਲੇ ਵਿਚ ਸਾਡੇ ਵਲੋਂ ਪਾਕਿਸਤਾਨ ਵਿਚ ਸਿੱਖਾਂ ਨੂੰ ਖੁਦਮੁਖਤਿਆਰੀ ਦੇਣਾ ਕੋਈ ਮਹਿੰਗਾ ਸੌਦਾ ਨਹੀਂ। ਪਰ ਮਾਸਟਰ ਤਾਰਾ ਸਿੰਘ ਨੇ ਇਸ ਤਜਵੀਜ਼ ਦਾ ਕੋਈ ਜਵਾਬ ਨਾ ਦਿੱਤਾ। ਜਲੰਧਰ ਤੋਂ ਨਿਕਲਦੇ ਰੋਜ਼ਾਨਾ ਅਖਬਾਰ ‘ਜਥੇਦਾਰ’ 11 ਅਕਤੂਬਰ 1962 ਦੇ ਅੰਕ ਵਿਚ ਆਪਣੀ ਲਿਖੀ ਸੰਪਾਦਕੀ ਵਿਚ ਮਾਸਟਰ ਤਾਰਾ ਸਿੰਘ ਨੇ ਤਸਲੀਮ ਕੀਤਾ ਕਿ 1947 ਵਿਚ ਅੰਗਰੇਜ਼ ਤੇ ਮੁਸਲਿਮ ਲੀਗ ਦੀ ਇਹ ਕੋਸ਼ਿਸ਼ ਸੀ ਕਿ ਸਿੱਖਾਂ ਅਤੇ ਮੁਸਲਿਮ ਲੀਗ ਵਿਚਾਲੇ ਕੋਈ ਸਮਝੌਤਾ ਹੋ ਜਾਵੇ ਤਾਂ ਉਸ ਵਿਚ ਸਭ ਤੋਂ ਵੱਡੀ ਰੁਕਾਵਟ ਮੈਂ ਹੀ ਸਾਂ।

ਵੰਡ ਤੋਂ ਬਾਅਦ ਮਾਸਟਰ ਤਾਰਾ ਸਿੰਘ ਨੇ ਇਹ ਬਹਾਨਾ ਲਾਇਆ ਕਿ ਇਨ੍ਹਾਂ ਵਾਅਦਿਆਂ ਨੂੰ ਮੁਸਲਿਮ ਲੀਗ ਲਿਖਤੀ ਤੌਰ ‘ਤੇ ਦੇਣ ਲਈ ਤਿਆਰ ਨਹੀਂ ਸੀ। ਮਾਸਟਰ ਜੀ ਦੇ ਏਸ ਬਹਾਨੇ ਵਿਚ ਕੋਈ ਦਮ ਨਹੀਂ ਲਗਦਾ ਕਿਉਂਕਿ ਸਿੱਖਾਂ ਨਾਲ ਜੋ ਵਾਅਦੇ ਹਿੰਦੁਸਤਾਨੀ ਆਗੂਆਂ ਨੇ ਕੀਤੇ ਉਹ ਕਿਹੜਾ ਲਿਖਤੀ ਤੌਰ ‘ਤੇ ਦਿੱਤੇ ਸੀ। ਹਿੰਦੁਸਤਾਨੀ ਆਗੂਆਂ ਨੇ ਕਿਸੇ ਵੀ ਮਤੇ ਰਾਹੀਂ ਜਾਂ ਬਕਾਇਦਾ ਤੌਰ ‘ਤੇ ਕੋਈ ਵੀ ਵਾਅਦਾ ਨਹੀਂ ਕੀਤਾ। ਬਸ ਇਕ ਵਾਰੀ ਮਹਾਤਮਾ ਗਾਂਧੀ ਨੇ ਗੁਰਦੁਆਰਾ ਸੀਸ ਗੰਜ ਦਿੱਲੀ ਵਿਚ ਆ ਕੇ ਇਹ ਬਿਆਨ ਦਿੱਤਾ ਕਿ ਮੈਨੂੰ ਹਿੰਦੁਸਤਾਨ ਦੇ ਪੱਛਮੀ ਹਿੱਸੇ ਵਿਚ ਕੋਈ ਅਜਿਹਾ ਹਿੱਸਾ ਬਣਨ ‘ਤੇ ਇਤਰਾਜ਼ ਨਹੀਂ ਹੋਵੇਗਾ ਜਿੱਥੇ ਸਿੱਖ ਆਜ਼ਾਦੀ ਦਾ ਨਿੱਘ ਮਾਣ ਸਕਣ। ਹੁਣ ਪਾਠਕ ਖੁਦ ਇਸ ਗੱਲ ਦਾ ਅੰਦਾਜ਼ਾ ਲਗਾ ਸਕਦੇ ਹਨ ਕਿ ਇਹ ਕੋਈ ਵਾਅਦਾ ਨਹੀਂ ਸੀ ਬਲਕਿ ਅਜਿਹੀ ਗੋਲ ਗੱਲ ਸੀ ਜੀਹਦਾ ਕੋਈ ਮੂੰਹ ਸਿਰਾ ਨਹੀਂ ਸੀ। ਗਾਂਧੀ ਨੇ ਤਾਂ ਇਹ ਵੀ ਨਹੀਂ ਕਿਹਾ ਕਿ ਅਸੀਂ ਸਿੱਖਾਂ ਨੂੰ ਆਜ਼ਾਦੀ ਦਾ ਨਿੱਘ ਦਿਆਂਗੇ ਬਲਕਿ ਇਹ ਕਿਹਾ ਕਿ ਮੈਨੂੰ ਅਜਿਹਾ ਨਿੱਘ ਮਿਲਣ ਵਿਚ ਕੋਈ ਇਤਰਾਜ਼ ਨਹੀਂ ਹੋਵੇਗਾ। ਦੂਜੇ ਪਾਸੇ ਜਦੋਂ ਮਹਾਤਮਾ ਗਾਂਧੀ ਨੇ ਮਿਸਟਰ ਜਿਨਾਹ ਨੂੰ ਪਾਕਿਸਤਾਨ ਬਣਨ ਤੋਂ ਰੋਕਣ ਖਾਤਰ ਆਪਣੀ ਚਤੁਰਾਈ ਵਰਤਣੀ ਚਾਹੀ ਤਾਂ ਜਿਨਾਹ ਨੇ ਗਾਂਧੀ ਦੀ ਚਤੁਰਾਈ ਵਾਲੇ ਲਫਜ਼ ਰਾਹ ‘ਚ ਹੀ ਬੁੱਚ ਲਏ। ਗਾਂਧੀ ਨੇ ਜਿਨਾਹ ਨੂੰ ਆਖਿਆ ਕਿ ਤੂੰ ਇਕ ਚੁਆਨੀ ਜਿੱਡਾ ਪਾਕਿਸਤਾਨ ਲੈ ਰਿਹਾ ਤੂੰ ਹਿੰਦੁਸਤਾਨ ਰਹਿ ਅਸੀਂ ਤੈਨੂੰ ਇਹਦੇ ‘ਚ ਅਠਿਆਨੀ ਜਿੰਨਾ ਹਿੱਸੇਦਾਰ ਬਣਾਵਾਂਗੇ। ਜਿਨਾਹ ਬਿਨਾਂ ਸੋਚੇ ਬੋਲਿਆ ਕਿ “ਓ ਗਾਂਧੀ ਤੂੰ ਮੇਰੀ ਜਦੋਂ ਚੁਆਨੀ ਨੀਂ ਜਰਦਾ ਤਾਂ ਤੂੰ ਮੈਨੂੰ ਅਠਿਆਨੀ ਕਿੱਥੋਂ ਦੇ ਦੇਵੇਂਗਾ। ਜੇ ਦੇਵੇਂਗਾ ਤਾਂ ਅਠਿਆਨੀ ਜ਼ਰੂਰ ਖੋਟੀ ਹੋਊਗੀ।” ਇਥੋਂ ਸਿੱਖ ਅਤੇ ਮੁਸਲਮਾਨ ਆਗੂਆਂ ਦੀ ਸਿਆਸੀ ਸੋਝੀ ਦਾ ਫਰਕ ਪਤਾ ਲੱਗ ਜਾਂਦਾ ਹੈ ਤੇ ਨਾਲ ਦੀ ਨਾਲ ਹਿੰਦੂ ਆਗੂਆਂ ਦੀ ਚਤੁਰਾਈ ਵੀ ਜ਼ਾਹਰ ਹੁੰਦੀ ਹੈ।

43. ਕੀ ਅੰਗਰੇਜ਼ਾਂ ਨੇ ਸਿੱਖਾਂ ਨੂੰ ਵੱਖਰੇ ਰਾਜ ਦੀ ਪੇਸ਼ਕਸ਼ ਕੀਤੀ ਸੀ?: ਅੰਗਰੇਜ਼ਾਂ ਨੇ ਸਿੱਧਮ-ਸਿੱਧੀ ਕੋਈ ਪੇਸ਼ਕਸ਼ ਸਿੱਖਾਂ ਨੂੰ ਅਜਿਹੀ ਨਹੀਂ ਕੀਤੀ। ਉਹਦਾ ਕਾਰਨ ਇਹ ਸੀ ਕਿ ਅੰਗਰੇਜ਼ ਕਿਸੇ ਕੌਮ ਨੂੰ ਅਜਿਹੀ ਸਿੱਧੀ ਪੇਸ਼ਕਸ਼ ਕਰਕੇ ਇਹ ਇਲਜ਼ਾਮ ਆਪਣੇ ਸਿਰ ਨਹੀਂ ਸੀ ਲੈਣਾ ਚਾਹੁੰਦੇ ਕਿ ਅੰਗਰੇਜ਼ ਭਾਰਤ ਦੇ ਤਿੰਨ ਟੋਟੇ ਕਰਨਾ ਚਾਹੁੰਦੇ ਨੇ ਜਾਂ ਉਹ ਸਿੱਖਾਂ ਨੂੰ ਹਿੰਦੂਆਂ ਨਾਲੋਂ ਤੋੜਣਾ ਚਾਹੁੰਦੇ ਨੇ। ਉਨ੍ਹਾਂ ਨੇ ਮੁਸਲਮਾਨਾਂ ਨੂੰ ਵੀ ਕਦੇ ਇਹ ਨਹੀਂ ਕਿਹਾ ਕਿ ਤੁਸੀਂ ਆਪਦੇ ਖਾਤਰ ਵੱਖਰਾ ਮੁਲਕ ਮੰਗੋ। ਅੰਗਰੇਜ਼ਾਂ ਨੇ ਜਦੋਂ ਮੁਸਲਮਾਨਾਂ ਲਈ ਵੱਖਰੇ ਚੋਣ ਖੇਤਰਾਂ ਦੀ ਮੰਗ ਮੰਨੀ ਤਾਂ ਉਨ੍ਹਾਂ ‘ਤੇ ਹਿੰਦੂਆਂ ਨੇ ਇਹ ਇਲਜ਼ਾਮ ਲਾਇਆ ਕਿ ਉਹ ਮੁਸਲਮਾਨਾਂ ਨੂੰ ਵੱਖ ਹੋਣ ਦੀ ਹੱਲਾਸ਼ੇਰੀ ਦਿੰਦੇ ਨੇ। ਅੰਗਰੇਜ਼ਾਂ ਨੇ ਸਿੱਖਾਂ ਵਲੋਂ ਬਿਨਾਂ ਮੰਗਣ ‘ਤੇ ਵੀ ਉਨ੍ਹਾਂ ਨੂੰ ਜੋ ਕੁਝ ਦਿੱਤਾ ਉਹਦੇ ਬਦਲੇ ਧੰਨਵਾਦ ਦੀ ਬਜਾਏ ਸਿੱਖਾਂ ਨੇ ਉਲਟੀ ਉਨ੍ਹਾਂ ਦੀ ਲਾਹ-ਪਾਹ ਹੀ ਨਹੀਂ ਕੀਤੀ ਸਗੋਂ ਦਿੱਤਾ ਹੋਇਆ ਵਾਪਸ ਲੈਣ ਲਈ ਮਰਨ-ਮਾਰਨ ਤਕ ਉਤਾਰੂ ਵੀ ਹੋਏ। ਜਿਵੇਂ ਪਾਠਕ ਪਿੱਛੇ ਪੜ੍ਹ ਆਏ ਹਨ ਕਿ ਕੋਤਵਾਲੀ ਗੁਰਦੁਆਰਾ ਸੀਸ ਗੰਜ ਨੂੰ ਦੇਣ, ਖ਼ਾਲਸਾ ਕਾਲਜ ਨੂੰ ਯੂਨੀਵਰਸਿਟੀ ਦਾ ਦਰਜਾ ਦੇਣ ਆਉਂਦੇ ਬਰਤਾਨਵੀ ਸ਼ਹਿਜ਼ਾਦੇ ਨੂੰ ਸਿੱਖਾਂ ਨੇੇ ਵਾਪਸ ਮੋੋੜਿਆ। ਮੁਸਲਮਾਨਾਂ ਦੇ ਨਾਲ ਸਿੱਖਾਂ ਨੂੰ ਚੋਣ ਹਲਕਿਆਂ ਵਿਚ ਬਿਨ ਮੰਗੀ ਰਿਜ਼ਰਵੇਸ਼ਨ ਦੇਣ ‘ਤੇ ਜਿਵੇਂ ਸਿੱਖਾਂ ਨੇ ਸਿੰਗਾਂ ‘ਤੇ ਮਿੱਟੀ ਚੱਕੀ ਉਹ ਵੀ ਪਾਠਕ ਪਿੱਛੇ ਪੜ੍ਹ ਆਏ ਹਨ। ਸੋ ਅਜਿਹੀ ਸੂਰਤੇਹਾਲ ਵਿਚ ਅੰਗਰੇਜ਼ ਕਿਵੇਂ ਸਿੱਖਾਂ ਨੂੰ ਅਜਿਹੀ ਪੇਸ਼ਕਸ਼ ਕਰ ਸਕਦੇ ਸਨ। ਜੇ ਸਿੱਖਾਂ ਵਲੋਂ ਮੰਗ ਕੀਤੀ ਜਾਂਦੀ ਤਾਂ ਜ਼ਰੂਰ ਇਸ ਮੰਗ ‘ਤੇ ਗੌਰ ਕਰਦੇ।

ਜਦੋਂ ਦਸੰਬਰ ਵਿਚ ਸਿੱਖ ਮੁਸਲਮਾਨ ਤੇ ਹਿੰਦੂ ਨੁਮਾਇੰਦਿਆਂ ਨੂੰ ਮੁਲਕ ਦੀ ਵੰਡ ਬਾਰੇ ਗੱਲ ਕਰਨ ਲਈ ਲੰਡਨ ਸੱਦਿਆ ਤਾਂ ਉਥੇ ਜਦੋਂ ਕੁਝ ਬਰਤਾਨਵੀ ਪਾਰਲੀਮੈਂਟ ਮੈਂਬਰਾਂ ਨੇ ਸਿੱਖ ਨੁਮਾਇੰਦੇ ਸਰਦਾਰ ਬਲਦੇਵ ਸਿੰਘ ਨੂੰ ਆਖਿਆ ਕਿ ਤੂੰ ਕੁਝ ਦਿਨ ਹੋਰ ਇਥੇ ਰੁਕ ਜਾ ਤਾਂ ਕਿ ਸਿੱਖਾਂ ਦਾ ਕੁਝ ਬਣਾਉਣ ਲਈ ਅਸੀਂ ਸੋਚੀਏ ਤਾਂ ਬਲਦੇਵ ਸਿੰਘ ਨੇ ਉਨ੍ਹਾਂ ਦੀ ਵੀ ਉਲਟੀ ਲਾਹ-ਪਾਹ ਹੀ ਕੀਤੀ ਜਿਵੇਂ ਤੁਸੀਂ ਪਿਛੇ ਪੜ੍ਹ ਆਏ ਹੋ। ਇਹ ਗੱਲ ਪੱਕੀ ਹੈ ਕਿ ਅੰਗਰੇਜ਼ਾਂ ਨੂੰ ਸਿੱਖਾਂ ਦਾ ਦਰਦ ਜ਼ਰੂਰ ਸੀ। ਜਦੋਂ ਵਾਇਸਰਾਏ ਹਿੰਦ ਲਾਰਡ ਮਾਊਂਟਬੈਟਨ ਨੇ 3 ਜੂਨ ਨੂੰ ਵੰਡਾਰੇ ਦੀ ਪਲੈਨ ਨਸ਼ਰ ਕੀਤੀ ਤਾਂ ਉਸ ਵਿਚ ਉਹਨੇ ਖਾਸ ਤੌਰ ‘ਤੇ ਕਿਹਾ ਕਿ ਪੰਜਾਬ ਦੀ ਵੰਡ ਨਾਲ ਸਿੱਖ ਕੌਮ ਵੀ ਵੰਡੀ ਜਾਣੀ ਹੈ ਜੀਹਦਾ ਕਿ ਸਾਨੂੰ ਭਾਰੀ ਦੁੱਖ ਹੈ। ਪਰ ਸਿੱਖ ਆਗੂ ਵੰਡ ਮਨਜ਼ੂਰ ਕਰਦੇ ਨੇ ਤੇ ਅਸੀਂ ਕੀ ਕਰ ਸਕਦੇ ਹਾਂ। ਮਾਊਂਟਬੈਟਨ ਦਾ ਸਿੱਧਾ ਇਸ਼ਾਰਾ ਸੀ ਕਿ ਸਿੱਖੋ ਜਦ ਤੁਹਾਡੇ ਲੀਡਰ ਹੀ ਤੁਹਾਡੇ ਖਾਤਰ ਕੁਝ ਨਹੀਂ ਮੰਗਦੇ ਤਾਂ ਅਸੀਂ ਤੁਹਾਨੂੰ ਕੀ ਦੇ ਦੇਈਏ? ਨਾਲੇ ਵੱਖਰਾ ਸਿੱਖ ਮੁਲਕ ਬਣਨਾ ਕੋਈ ਇਕ ਦੋ ਦਿਨਾਂ ਦਾ ਜਾਂ ਦੋ ਚਾਰ ਮਹੀਨਿਆਂ ਦਾ ਅਮਲ ਨਹੀਂ ਸੀ ਬਲਕਿ ਇਹਦੇ ਲਈ ਹਾਲਾਤ ਪੈਦਾ ਕਰਨ ਲਈ ਕਈ ਦਹਾਕੇ ਲੱਗਣੇ ਸੀ।

44. ਸਿੱਖ ਕੌਮ ਦੀ ਕਿਤੇ ਬੱਝਵੀਂ ਆਬਾਦੀ ਨਾ ਹੋਣ ਦਾ ਬਹਾਨਾ ਲਾਇਆ ਬਾਅਦ ਵਿਚ ਸਿੱਖਾਂ ਨੇ: ਆਮ ਤੌਰ ‘ਤੇ ਸਿੱਖ ਰਾਜ ਬਣ ਸਕਣ ਵਿਚ ਤਕਨੀਕੀ ਢੁੱਚਰ ਇਹ ਦੱਸੀ ਜਾ ਰਹੀ ਹੈ ਕਿ ਸਮੁੱਚੇ ਪੰਜਾਬ ਵਿਚ ਸਿੱਖਾਂ ਦੀ ਕਿਤੇ ਬੱਝਵੀਂ ਵਸੋਂ ਨਹੀਂ ਸੀ ਸਿਰਫ ਤਰਨਤਾਰਨ ਅਤੇ ਮੋਗਾ ਤਹਿਸੀਲਾਂ ਵਿਚ ਹੀ ਸਿੱਖ ਬਹੁਗਿਣਤੀ ਵਿਚ ਸੀ। ਮਾਸਟਰ ਤਾਰਾ ਸਿੰਘ ਨੇ ਇਸੇ ਢੁੱਚਰ ਨੂੰ ਬਹਾਨਾ ਬਣਾ ਕੇ ਸਫਾਈ ਦਿੱਤੀ ਕਿ ਅਸੀਂ ਵੱਖਰੇ ਮੁਲਕ ਬਾਰੇ ਤਾਂ ਨਹੀਂ ਸੋਚਿਆ ਕਿ ਸਿੱਖਾਂ ਦੀ ਕਿਤੇ ਬੱਝਵੀਂ ਆਬਾਦੀ ਨਹੀਂ ਸੀ। ਇਹ ਜ਼ਰੂਰੀ ਨਹੀਂ ਹੁੰਦਾ ਕਿ ਕਿਸੇ ਕੌਮ ਦੇ ਰਾਜ ਵਿਚ ਉਹਦੀ ਬਹੁਗਿਣਤੀ ਹੋਵੇ। ਹਿੰਦੁਸਤਾਨ ਵਿਚ ਹਿੰਦੂ ਬਹੁਸੰਮਤੀ ਹੋਣ ਦੇ ਬਾਵਜੂਦ ਮੁਸਲਮਾਨਾਂ ਦਾ ਹਿੰਦੁਸਤਾਨ ਵਿਚ ਇਕ ਹਜ਼ਾਰ ਸਾਲ ਤਕ ਰਾਜ ਰਿਹਾ। ਭਾਰਤ ਸਣੇ ਇਕ ਚੌਥਾਈ ਦੁਨੀਆਂ ਵਿਚ ਸੈਂਕੜੇ ਸਾਲ ਰਾਜ ਰਿਹਾ। ਸਿੱਖ ਰਾਜ ਅਖਵਾਉਂਦੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿਚ ਸਿੱਖ ਆਬਾਦੀ ਸਿਰਫ 7 ਫੀਸਦ ਸੀ। 1849 ਵਿਚ ਅੰਗਰੇਜ਼ਾਂ ਨੇ ਹਿੰਦੂ ਗੁਲਾਬ ਸਿੰਘ ਡੋਗਰੇ ਨੂੰ 95 ਫੀਸਦੀ ਮੁਸਲਮਾਨ ਆਬਾਦੀ ਵਾਲੇ ਸੂਬੇ ਕਸ਼ਮੀਰ ਦਾ ਰਾਜ ਸੌਂਪਿਆ। 1949 ਵਿਚ ਜਦੋਂ ਯਹੂਦੀਆਂ ਦਾ ਆਪਣਾ ਕੌਮੀ ਖੁਦਮੁਖਤਿਆਰ ਮੁਲਕ ਇਜ਼ਰਾਈਲ ਬਣਿਆ ਤਾਂ ਉਥੇ ਮੁਸਲਮਾਨ ਆਬਾਦੀ 6 ਲੱਖ, ਇਸਾਈ 86 ਹਜ਼ਾਰ ਤੇ ਯਹੂਦੀ ਆਬਾਦੀ ਸਿਰਫ 46 ਹਜ਼ਾਰ ਸੀ। ਆਪਣਾ ਰਾਜ ਆਉਣ ਸਾਰ ਹੀ ਦੁਨੀਆਂ ਦੇ ਵੱਖ ਵੱਖ ਮੁਲਕਾਂ ਵਿਚ ਖਿੰਡੇ ਪੁੰਡੇ ਯਹੂਦੀ ਆ ਕੇ ਆਪਣੇ ਕੌਮੀ ਘਰ ਵਿਚ ਵਸ ਗਏ ਤੇ ਇਥੇ ਯਹੂਦੀਆਂ ਦੇ ਆਬਾਦੀ ਕੁਝ ਵਰ੍ਹਿਆਂ ਵਿਚ ਹੀ 6 ਲੱਖ ਹੋ ਗਈ।

ਨਾਲੇ ਇਹ ਕੋਈ ਜ਼ਰੂਰੀ ਨਹੀਂ ਹੁੰਦਾ ਕਿ ਜਿਹੜਾ ਕੰਮ ਇਤਿਹਾਸ ਵਿਚ ਪਹਿਲਾਂ ਨਾ ਹੋਇਆ ਹੋਵੇ ਉਹ ਕਦੇ ਹੋ ਹੀ ਨਹੀਂ ਸਕਦਾ। ਨਾ ਹੀ ਕੋਈ ਅਜਿਹਾ ਪੱਕਾ ਸਿਧਾਂਤ ਸੀ ਕਿ ਕਿਸੇ ਦਾ ਕੌਮੀ ਘਰ ਬਣਨ ਲਈ ਉਥੇ ਉਹਦੀ ਬਹੁਗਿਣਤੀ ਜ਼ਰੂਰੀ ਹੈ। ਅਜਿਹੇ ਫੈਸਲੇ ਖਾਤਰ ਕਿਸੇ ਦੀਆਂ ਲੇਲੜੀਆਂ ਕੱਢਣੀਆਂ ਜ਼ਰੂਰੀ ਨਹੀਂ ਹੁੰਦੀਆਂ। ਸਿਆਸਤ ਵਿਚ ਜੋ ਕੁਝ ਲਿਆ ਜਾਂਦਾ ਹੈ ਉਹ ਦਬਾਅ ਦੇ ਤਹਿਤ ਹੀ ਲਿਆ ਜਾਂਦਾ ਹੈ। ਉਸ ਵੇਲੇ ਜੇ ਸਿੱਖ ਆਪਣੀ ਖਾਤਰ ਸਟੈਂਡ ਲੈਂਦੇ ਤਾਂ ਪਾਕਿਸਤਾਨ ਤੇ ਹਿੰਦੁਸਤਾਨ ਦੋਵੇਂ ਉਨ੍ਹਾਂ ਦੀਆਂ ਮੰਗਾਂ ਮੰਨਣ ਖਾਤਰ ਮਜ਼ਬੂਰ ਹੁੰਦੇ। ਸਿੱਖ ਜਿਹੜੀ ਧਿਰ ਨਾਲ ਵੀ ਖੜ੍ਹਦੇ ਉਹਨੂੰ ਬਹੁਤ ਵੱਡਾ ਫਾਇਦਾ ਹੋਣਾ ਸੀ ਤੇ ਦੂਜੀ ਨੂੰ ਬਹੁਤ ਵੱਡਾ ਨੁਕਸਾਨ। ਦੋਵੇਂ ਧਿਰਾਂ ਆਪਣਾ ਨੁਕਸਾਨ ਘਟਾਉਣ ਖਾਤਰ ਸਿੱਖਾਂ ਦਾ ਅੱਧ ਵਿਚਾਲੇ ਖੜ੍ਹਣਾ ਭਾਵ ਆਪਣਾ ਵੱਖਰਾ ਰਾਜ ਦੇਣਾ ਮਨਜ਼ੂਰ ਕਰ ਸਕਦੀਆਂ ਸੀ। ਬਹੁਗਿਣਤੀ ਵਾਲੀ ਵੀ ਢੁੱਚਰ ਦੂਰ ਹੋ ਸਕਦੀ ਸੀ ਜੇ ਸਿੱਖ ਪਹਿਲਾਂ ਤੋਂ ਹੀ ਇਹਦੇ ਬਾਰੇ ਸੋਚਦੇ। ਉਸ ਵੇਲੇ ਪੰਜਾਬ ਧੁਰ ਉੱਤਰ ਵਿਚ ਜ਼ਿਲ੍ਹਾ ਅਟਕ ਤੋਂ ਲੈ ਕੇ ਦੱਖਣ ਵਿਚ ਦਿੱਲੀ ਤੋਂ ਅਗਾਂਹ ਗੁੜਗਾਓਂ ਤਕ ਫੈਲਿਆ ਹੋਇਆ ਸੀ। ਜੀਹਨੂੰ ਅੱਜਕਲ੍ਹ ਹਰਿਆਣਾ ਆਖਿਆ ਜਾਂਦਾ ਹੈ ਇਹ ਸਾਰਾ ਅੰਬਾਲਾ ਡਵੀਜ਼ਨ ਦਾ ਹਿੱਸਾ ਸੀ ਤੇ ਇਥੇ ਹਿੰਦੂਆਂ ਦੀ ਆਬਾਦੀ 76 ਫੀਸਦ ਸੀ। ਉਤਰੀ ਪੰਜਾਬ ਵਿਚ ਮੁਸਲਮਾਨ ਆਬਾਦੀ 74 ਫੀਸਦ ਸੀ। ਵਿਚਕਾਰਲੇ ਪੰਜਾਬ ਦਰਿਆ ਰਾਵੀ ਤੋਂ ਲੈ ਕੇ ਘੱਗਰ ਦਰਿਆ ਤਕ ਦਾ ਇਲਾਕਾ ਅਸਲ ਵਿਚ ਸਿੱਖਾਂ ਦਾ ਘਰ ਸੀ।

45. ਬੱਝਵੀਂ ਅਬਾਦੀ ਵਾਲਾ ਅੜਿੱਕਾ ਦੂਰ ਕਰਨ ਦੀ ਕੋਸ਼ਿਸ਼ ਅੰਗਰੇਜ਼ਾਂ ਨੇ 1930 ਵਿੱਚ ਕੀਤੀ ਪਰ ਸਿੱਖਾਂ ਨੂੰ ਸਮਝ ਨਾ ਆਈ: 1930 ਵਿਚ ਹੋਈ ਗੋਲ ਮੇਜ ਕਾਨਫਰੰਸ ਦੌਰਾਨ ਪੰਜਾਬ ਦੇ ਫਾਈਨੈਨਸ਼ਲ ਕਮਿਸ਼ਨਰ ਰਹਿ ਚੁੱਕੇ ਸਰ ਜੈਫਰੀ ਕਾਰਬੈੱਟ ਨੇ ਇਹ ਸੁਝਾਅ ਦਿੱਤਾ ਕਿ ਅੰਬਾਲਾ ਡਵੀਜ਼ਨ ਨੂੰ ਪੰਜਾਬ ਵਿਚੋਂ ਕੱਢ ਦਿੱਤਾ ਜਾਵੇ ਕਿਉਂਕਿ ਇਹਦੀ ਸੱਭਿਅਤਾ ਅਤੇ ਬੋਲੀ ਮੇਰਠ ਅਤੇ ਆਗਰਾ ਡਵੀਜ਼ਨਾਂ ਨਾਲ ਰਲਦੀ ਹੈ, ਸੋ ਇਹਨੂੰ ਉਹਦੇ ਨਾਲ ਮਿਲਾ ਦਿੱਤਾ ਜਾਵੇ। ਇਸ ਇਲਾਕੇ ਨੂੰ ਨਾ ਹੀ ਪੰਜਾਬ ਦੇ ਦਰਿਆ ਸਿੰਜਦੇ ਨੇ। ਪਰ ਸਿੱਖਾਂ ਨੇ ਇਸ ਤਜਵੀਜ਼ ਦਾ ਜ਼ਬਰਦਸਤ ਵਿਰੋਧ ਕੀਤਾ ਕਿਉਂਕਿ ਇਹਦੇ ਨਾਲ ਮੁਸਲਮਾਨ ਆਬਾਦੀ 63 ਫੀਸਦ ਹੋ ਜਾਣੀ ਸੀ। ਜੇ ਸਿੱਖਾਂ ਦੇ ਮਨ ਵਿਚ ਵੱਖਰੇ ਸਿੱਖ ਰਾਜ ਦਾ ਕੋਈ ਨਕਸ਼ਾ ਹੁੰਦਾ ਤਾਂ ਉਹ ਇਹ ਮੰਗ ਕਰਦੇ ਕਿ ਘੱਗਰ ਦਰਿਆ ਤੋਂ ਹੇਠਲਾ ਇਲਾਕਾ ਭਾਵ ਅੰਬਾਲਾ ਡਵੀਜ਼ਨ ਵੀ ਪੰਜਾਬ ਵਿਚੋਂ ਕੱਢ ਦਿਓ ਤੇ ਰਾਵੀ ਤੋਂ ਉਪਰਲੀ ਮੁਸਲਮਾਨ ਬਹੁਗਿਣਤੀ ਵਾਲਾ ਇਲਾਕਾ ਵੀ ਪੰਜਾਬ ਵਿਚੋਂ ਕੱਢ ਦਿਓ। ਇਉਂ ਹੋਣ ਨਾਲ ਰਾਵੀ ਤੇ ਘੱਗਰ ਵਿਚਾਲੇ ਜਿਹੜਾ ਕੇਂਦਰੀ ਪੰਜਾਬ ਬਚਦਾ ਉਹ ਸਿੱਖਾਂ ਦੇ ਰਾਜ ਦੀ ਨੀਂਹ ਧਰ ਸਕਦਾ ਸੀ। ਮਸ਼ਹੂਰ ਸਿੱਖ ਵਿਦਵਾਨ ਆਪਣੀ ਕਿਤਾਬ ‘ਵੀਹਵੀ ਸਦੀ ਦੀ ਸਿੱਖ ਰਾਜਨੀਤੀ’ ਦੇ ਸਫਾ 81 ‘ਤੇ ਪੇਸ਼ਕਦਮੀ ਤੇ ਕੁਰਾਹਾ ਵਾਲੇ ਕਾਂਡ ਵਿਚ ਲਿਖਦੇ ਹਨ ਕਿ “ਸਾਰੇ ਪੰਜਾਬ ਵਿਚ ਉਸ ਵੇਲੇ ਸਿੱਖ ਆਬਾਦੀ 50 ਲੱਖ ਸੀ ਜਿਸ ਵਿਚੋਂ 20 ਲੱਖ ਕੇਂਦਰੀ ਪੰਜਾਬ ਵਿਚ ਵਸਦੇ ਸੀ। ਕੇਂਦਰੀ ਪੰਜਾਬ ਦਾ ਕੁੱਲ ਰਕਬਾ 22,500 ਵਰਗ ਕਿਲੋਮੀਟਰ ਸੀ। ਇਹਦੀ ਕੁੱਲ ਵਸੋਂ 1 ਕਰੋੜ 5 ਲੱਖ ਸੀ। ਜੀਹਦੇ ਵਿਚ 31.6 ਫੀਸਦ ਹਿੰਦੂ, 34.5 ਫੀਸਦ ਮੁਸਲਮਾਨ ਤੇ 33.7 ਫੀਸਦ ਸਿੱਖ ਵਸੋਂ ਸੀ। ਪੰਜਾਬ ਦੀ ਕੁੱਲ ਸਿੱਖ ਵਸੋਂ ਵਿਚੋਂ 70 ਫੀਸਦ ਵਸੋਂ ਇਸ ਇਲਾਕੇ ਵਿਚ ਵਸਦੀ ਸੀ। ਉਤਰੀ ਪੰਜਾਬ ਵਿਚ ਵਸਦੀ ਸਿੱਖ ਵਸੋਂ ਦਾ ਤਬਾਦਲਾ ਤੇ ਕੇਂਦਰੀ ਪੰਜਾਬ ਦੀ ਮੁਸਲਮਾਨ ਵਸੋਂ ਨਾਲ ਹੋ ਜਾਂਦਾ ਤਾਂ ਇਥੇ ਸਿੱਖ ਆਬਾਦੀ 60 ਫੀਸਦ ਤਕ ਹੋ ਸਕਦੀ ਸੀ। ਇਉਂ ਉਹ ਅਮਲੀ ਮੁਸ਼ਕਲ ਦੂਰ ਹੋ ਜਾਣੀ ਸੀ ਜੋ ਕਿ ਸਿੱਖ ਕੌਮ ਦੀ ਆਜ਼ਾਦੀ ਦੇ ਰਾਹ ਵਿਚ ਮੁੱਖ ਰੁਕਾਵਟ ਮੰਨੀ ਜਾ ਰਹੀ ਸੀ। ਇਸਦੇ ਨਾਲ ਹੀ ਸਿੱਖ ਆਗੂ ਆਪਣੀ ਤਰਕ ਵਿਹੂਣੀ ਤੇ ਦੀਵਾਲੀਆ ਕਿਸਮ ਦੀ ਰਾਜਨੀਤੀ ਦੇ ਸੰਤਾਪ ਤੋਂ ਮੁਕਤ ਹੋ ਸਕਦੇ ਸਨ।” ਪਰ ਇਹ ਕੁਝ ਮੁਮਕਿਨ ਹੀ ਨਹੀਂ ਸੀ ਕਿਉਂਕਿ ਸਿੱਖ ਕਿਸੇ ਪਲ ਵੀ ਹਿੰਦੂਆਂ ਤੋਂ ਅਲਹਿਦਾ ਹੋਣ ਦੀ ਸੋਚ ਨਹੀਂ ਸੀ ਰੱਖਦੇ। ਉਨ੍ਹਾਂ ਦੀ ਸਾਰੀ ਰਾਜਨੀਤੀ ਮੁਸਲਮਾਨਾਂ ਨੂੰ ਖੂੰਝੇ ਲਾਉਣ ਵਾਲੇ ਨੁਕਤਾ-ਏ-ਨਿਗਾਹ ਤੋਂ ਹੀ ਤੁਰਦੀ ਸੀ। ਜਦੋਂ ਅੰਬਾਲਾ ਡਵੀਜ਼ਨ ਨੂੰ ਪੰਜਾਬ ਤੋਂ ਅੱਡ ਕਰਨ ਦੀ ਗੱਲ ਤੁਰੀ ਤਾਂ ਸਿੱਖਾਂ ਨੇ ਕਿਹਾ ਕਿ ਅੰਬਾਲਾ ਡਵੀਜ਼ਨ ਨੂੰ ਪੰਜਾਬ ਵਿਚੋਂ ਨਾ ਕੱਢੋ ਬਲਕਿ ਮੁਸਲਮਾਨ ਬਹੁਗਿਣਤੀ ਵਾਲੀ ਰਾਵਲਪਿੰਡੀ ਡਵੀਜ਼ਨ ਨੂੰ ਪੰਜਾਬ ‘ਚੋਂ ਕੱਢੋ। ਜੇ ਦੋਨੇਂ ਡਵੀਜ਼ਨਾਂ ਨੂੰ ਕਢਾਉਣ ਦੀ ਗੱਲ ਕੀਤੀ ਜਾਂਦੀ ਤਾਂ ਉਹ ਸਿੱਖ ਹਿੱਤ ਮੁਤਾਬਕ ਹੁੰਦੀ ਤੇ ਉਹ ਮੰਨੀ ਵੀ ਜਾ ਸਕਦੀ ਸੀ।

46. ਸਿੱਖ ਆਗੂਆਂ ਦੇ ਫੈਸਲੇ ਵਿਚ ਸਿੱਖ ਆਵਾਮ ਦਾ ਰੋਲ: ਪਿਛੇ ਦੱਸੇ ਕਾਰਨਾਂ ਤੋਂ ਸਪੱਸ਼ਟ ਹੈ ਕਿ ਸਿੱਖ ਆਗੂਆਂ ਨੇ ਵੱਖਰਾ ਸਿੱਖ ਰਾਜ ਲੈਣ ਲਈ ਕੋਈ ਕੋਸ਼ਿਸ਼ ਨਹੀਂ ਕੀਤੀ। ਸਿੱਖਾਂ ਨੂੰ ਵੱਖਰਾ ਰਾਜ ਮਿਲਦਾ ਸੀ ਜਾਂ ਨਹੀਂ ਇਹਦਾ ਕੋਈ ਸਿੱਧਾ ਹਾਂ ਜਾਂ ਨਾਂਹ ਵਿਚ ਜਵਾਬ ਨਹੀਂ ਹੈ। ਇਹ ਗੱਲ ਵੀ ਠੀਕ ਨਹੀਂ ਕਿ ਰਾਜ ਮਿਲਦਾ ਸੀ ਤੇ ਨਾ ਹੀ ਇਹ ਗੱਲ ਸੱਚ ਹੈ ਕਿ ਰਾਜ ਨਹੀਂ ਸੀ ਮਿਲਦਾ। ਪਰ ਇਕ ਗੱਲ ਜ਼ਰੂਰ ਸੱਚ ਹੈ ਕਿ ਜੇ ਕੋਸ਼ਿਸ਼ ਕੀਤੀ ਜਾਂਦੀ ਤਾਂ ਵੱਖਰਾ ਸਿੱਖ ਰਾਜ ਜ਼ਰੂਰ ਮਿਲ ਸਕਦਾ ਸੀ। ਸਿੱਖ ਲੀਡਰਾਂ ਵਲੋਂ ਹਿੰਦੁਸਤਾਨ ਨਾਲ ਰਹਿਣ ਦੇ ਲਈ ਸਟੈਂਡ ਪਿਛੇ ਸਿੱਖ ਆਵਾਮ ਦੀ ਸੋਚ ਦਾ ਸਿੱਧਾ ਹੱਥ ਸੀ ਨਹੀਂ ਤਾਂ ਇਹ ਕਦੇ ਨਹੀਂ ਹੋ ਸਕਦਾ ਕਿ ਜੇ ਕਿਸੇ ਕੌਮ ਦੀ ਲੀਡਰਸ਼ਿਪ ਉਸ ਕੌਮ ਦੀ ਸੋਚ ਮੁਤਾਬਕ ਕੰਮ ਨਾ ਕਰੇ ਤੇ ਕੌਮ ਆਪਦਾ ਹੋਰ ਲੀਡਰ ਨਾ ਚੁਣੇ। ਜਿਵੇਂ ਸਿੱਖਾਂ ਦੀ ਲੀਡਰਸ਼ਿਪ ਪਹਿਲਾਂ ਚੀਫ ਖਾਲਸਾ ਦੀਵਾਨ ਦੇ ਹੱਥ ‘ਚ ਸੀ। ਤੇ ਉਹ ਅੰਗਰੇਜ਼ਾਂ ਨਾਲ ਇਹ ਕਹਿ ਕੇ ਸੁਲਾਹ ਰੱਖਦੇ ਸਨ ਕਿ ਜੋ ਸਿੱਖਾਂ ਨੇ ਲੈਣਾ ਹੈ ਉਹ ਅੰਗਰੇਜ਼ੀ ਸਰਕਾਰ ਨਾਲ ਸੁਲਾਹ ਵਿਚ ਹੀ ਲਿਆ ਜਾ ਸਕਦਾ ਹੈ। ਜਦੋਂ ਕਾਂਗਰਸ ਦਾ ਅਸਰ ਪੰਜਾਬ ਵਿਚ ਵਧਿਆ ਤਾਂ ਉਨ੍ਹਾਂ ਨੇ ਸਿੱਖਾਂ ਨੂੰ ਅੰਗਰੇਜ਼ਾਂ ਦੇ ਖਿਲਾਫ ਉਠਣ ਦਾ ਪ੍ਰਚਾਰ ਸ਼ੁਰੂ ਕਰ ਦਿੱਤਾ। ਸਿੱਖਾਂ ਦੇ ਮਨ ਨੂੰ ਅੰਗਰੇਜ਼ਾਂ ਦੇ ਬਰਖਿਲਾਫ ਚੱਲਣ ਦੀ ਗੱਲ ਭਾਅ ਗਈ। ਇਥੇ ਨਵੀਂ ਸਿੱਖ ਲੀਡਰਸ਼ਿਪ ਪੈਦਾ ਹੋਈ ਜਿਨ੍ਹਾਂ ਨੇ ਕਾਂਗਰਸ ਨਾਲ ਮਿਲਵਰਤਨ ਅਤੇ ਅੰਗਰੇਜ਼ਾਂ ਦੇ ਖਿਲਾਫ ਝੰਡਾ ਚੱਕਿਆ। ਸਿੱਖ ਆਵਾਮ ਨੇ ਚੀਫੀਆਂ ਦੇ ਉਲਟ ਨਵੀਂ ਸਿੱਖ ਲੀਡਰਸ਼ਿਪ ਨੂੰ ਆਪਣੀ ਹਮਾਇਤ ਦੇ ਦਿੱਤੀ। ਜੀਹਨੂੰ ਮਾਸਟਰ ਤਾਰਾ ਸਿੰਘ, ਬਾਬਾ ਖੜਕ ਸਿੰਘ, ਗਿਆਨੀ ਕਰਤਾਰ ਸਿੰਘ ਬਗੈਰਾ ਦੀ ਲੀਡਰਸ਼ਿਪ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਇਹ ਲੀਡਰਸ਼ਿਪ ਪਹਿਲਾਂ ਸਿੱਖ ਲੀਗ ਦੇ ਝੰਡੇ ਥੱਲੇ ਕੰਮ ਕਰਦੀ ਰਹੀ ਤੇ ਬਾਅਦ ‘ਚ ਅਕਾਲੀ ਦਲ ਦੇ ਝੰਡੇ ਥੱਲੇ। ਇਹ ਲੀਡਰਸ਼ਿਪ ਨੇ ਜਦੋਂ ਵੀ ਕਦੇ ਕਾਂਗਰਸ ਦੀ ਮਨਸ਼ਾ ਪੂਰੀ ਕਰਨ ਖਾਤਰ ਅੰਗਰੇਜ਼ਾਂ ਦੇ ਖਿਲਾਫ ਸਿੱਖਾਂ ਤੋਂ ਹਮਾਇਤ ਮੰਗੀ ਤਾਂ ਸਿੱਖ ਆਵਾਮ ਨੇ ਵਧ ਚੜ੍ਹਕੇ ਇਸ ਲੀਡਰਸ਼ਿਪ ਨੂੰ ਆਪਣੀ ਹਮਾਇਤ ਦੇ ਕੇ ਕਾਮਯਾਬ ਕੀਤਾ। ਕਾਂਗਰਸ ਲੀਡਰਸ਼ਿਪ ਨੇ ਹਮੇਸ਼ਾ ਸਿੱਖਾਂ ਦੇ ਧਾਰਮਿਕ ਜਜ਼ਬਾਤਾਂ ਨੂੰ ਮਾਸਟਰ ਤਾਰਾ ਸਿੰਘ ਵਾਲੇ ਲੀਡਰਸ਼ਿਪ ਦੇ ਮਾਰਫਤ ਆਪਣੇ ਸਿਆਸੀ ਮਨਸੂਬਿਆਂ ਦੀ ਪੂਰਤੀ ਲਈ ਵਰਤਿਆ।

ਮਿਸਾਲ ਦੇ ਤੌਰ ‘ਤੇ 1920-21 ਵਿਚ ਜਦੋਂ ਮਹੰਤਾਂ ਨੂੰ ਗੁਰਦੁਆਰਿਆਂ ਵਿਚੋਂ ਕੱਢਣ ਲਈ ਕਰਤਾਰ ਸਿੰਘ ਝੱਬਰ ਦਾ ਜੱਥਾ ਕੰਮ ਕਰ ਰਿਹਾ ਸੀ ਤਾਂ ਸਮੁੱਚੀ ਕਾਂਗਰਸ ਲੀਡਰਸ਼ਿਪ ਇਹਦੇ ਖਿਲਾਫ ਸੀ। ਜਦੋਂ ਕਰਤਾਰ ਸਿੰਘ ਝੱਬਰ ਦਾ ਜਥਾ ਗੁਰਦੁਆਰਾ ਪੰਜਾ ਸਾਹਿਬ ‘ਤੇ ਕਬਜ਼ੇ ਲਈ ਜਾਣ ਵਾਸਤੇ ਗੁਰਦੁਆਰਾ ਡੇਰਾ ਸਾਹਿਬ ਲਾਹੌਰ ਠਹਿਿਰਆ ਹੋਇਆ ਸੀ ਤਾਂ ਉਥੇ ਅਮਰ ਸਿੰਘ ਝਬਾਲ ਰਾਹੀਂ ਗਾਂਧੀ ਨੇ ਝੱਬਰ ਨੂੰ ਸੁਨੇਹਾ ਘੱਲਿਆ ਕਿ ਤੁਸੀਂ ਗੁਰਦੁਆਰਿਆਂ ‘ਤੇ ਕਬਜ਼ੇ ਨਾ ਕਰੋ, ਤੁਸੀਂ ਕਾਂਗਰਸ ਦਾ ਕੰਮ ਕਰੋ, ਜਦੋਂ ਆਪਾਂ ਨੂੰ ਆਜ਼ਾਦੀ ਮਿਲ ਗਈ ਤਾਂ ਇਹ ਕੰਮ ਅਸੀਂ ਫਿਰ ਦੇਖਾਂਗੇ। ਉਨ੍ਹਾਂ ਦਿਨਾਂ ਵਿਚ ਗਾਂਧੀ ਨੇ ਸਿੱਖ ਲੀਗ ਦੇ ਬਰੈਡਲੇ ਹਾਲ ਲਾਹੌਰ ਵਿਚ ਹੋਏ ਇਜਲਾਸ ਦੌਰਾਨ ਤਕਰੀਰ ਵਿਚ ਕਿਹਾ ਕਿ “ਮਹੰਤੋਂ ਕੋ ਗੁਰਦੁਆਰੋਂ ਸੇ ਨਿਕਾਲਨਾ ਜ਼ੁਲਮ ਹੈ। ਯੇਹ ਕਾਮ ਬੰਦ ਹੋਨਾ ਚਾਹੀਏ।” ਮਾਸਟਰ ਤਾਰਾ ਸਿੰਘ ਦੀ ਲੀਡਰਸ਼ਿਪ ਨੇ ਇਕ ਮਤਾ ਪਾਸ ਕਰਾ ਕੇ ਕਬਜ਼ੇ ਰੋਕਣ ਦਾ ਹੁਕਮ ਸੁਣਾਇਆ। ਝੱਬਰ ਦਾ ਜੱਥਾ ਮਹੰਤਾਂ ਤੋਂ ਕਬਜ਼ੇ ਖੋਹ ਰਿਹਾ ਸੀ ਤੇ ਪ੍ਰਸ਼ਾਸਨ ਮਹੰਤਾਂ ਦੀ ਕੋਈ ਗੱਲ ਨਹੀਂ ਸੀ ਸੁਣ ਰਿਹਾ ਬਲਕਿ ਜਿੱਥੇ ਲੋੜ ਪੈਂਦੀ ਸੀ ਉਥੇ ਪ੍ਰਸ਼ਾਸਨ ਝੱਬਰ ਦੇ ਜੱਥੇ ਦੀ ਮਦਦ ਕਰ ਰਿਹਾ ਸੀ। ਗੁਰਦੁਆਰਾ ਪੰਜਾ ਸਾਹਿਬ ਵਿਚ ਪੁਲਿਸ ਨੇ ਲਾਠੀਚਾਰਜ ਕਰਕੇ ਮਹੰਤ ਦੇ ਹੱਕ ਵਿਚ ਆਏ ਬੰਦਿਆਂ ਨੂੰ ਦਵੱਲਿਆ। ਮਹੰਤ ਵਲੋਂ ਲੱਖ ਦਾਦ-ਫਰਿਆਦ ਦੇ ਬਾਵਜੂਦ ਡੀ.ਸੀ. ਨੇ ਮਹੰਤ ਨੂੰ ਗੁਰਦੁਆਰਾ ਛੱਡਣ ਦਾ ਹੁਕਮ ਸੁਣਾਇਆ। ਨਨਕਾਣਾ ਸਾਹਿਬ ਦੇ ਮਹੰਤ ਨਰੈਣ ਦਾਸ ਵਲੋਂ ਹਾੜੇ ਕੱਢਣ ਦੇ ਬਾਵਜੂਦ ਵੀ ਸਰਕਾਰ ਨੇ ਉਹਦੀ ਕੋਈ ਮਦਦ ਨਹੀਂ ਕੀਤੀ। ਨਨਕਾਣਾ ਸਾਹਿਬ ਵਾਲਾ ਜਿਹੜਾ ਸਾਕਾ ਹੋਇਆ ਹੈ ਉਹਦੇ ਲਈ ਪੂਰੀ ਸੂਰੀ ਅਕਾਲੀ ਲੀਡਰਸ਼ਿਪ ਜ਼ਿੰਮੇਵਾਰ ਹੈ। ਇਹ ਸਾਬਤ ਕਰਨ ਲਈ ਇਸ ਲੇਖ ਦੇ ਲਿਖਾਰੀ ਨੇ ਇਕ ਵੱਖਰੀ ਲੇਖ ਲੜੀ ਵੀ ਲਿਖੀ ਹੈ।

ਨਨਕਾਣਾ ਸਾਹਿਬ ਸਾਕੇ ਤੋਂ ਬਾਅਦ ਉਥੇ ਜਿਹੜਾ ਸ਼ਹੀਦੀ ਸਮਾਗਮ ਹੋਇਆ ਉਥੇ ਗਾਂਧੀ ਵੀ ਪਹੁੰਚਿਆ ਉਹਨੇ ਇਸ ਕਤਲੇਆਮ ਖਾਤਰ ਨਰੈਣ ਦਾਸ ਨੂੰ ਕਸੂਰਵਾਰ ਕਹਿਣ ਦੀ ਬਜਾਏ ਅੰਗਰੇਜ਼ ਸਰਕਾਰ ਨੂੰ ਹੀ ਕਸੂਰਵਾਰ ਕਿਹਾ। ਮਹੰਤ ਦੇ ਖਿਲਾਫ ਇਕ ਵੀ ਲਫਜ਼ ਗਾਂਧੀ ਦੀ ਜ਼ੁਬਾਨ ਤੋਂ ਨਹੀਂ ਫੁੱਟਿਆ। ਕਾਂਗਰਸੀ ਤੇ ਉਘੇ ਆਰੀਆ ਸਮਾਜੀ ਆਗੂ ਲਾਲਾ ਲਾਜਪਤ ਰਾਏ ਵੀ ਉਥੇ ਪਹੁੰਚਿਆ ਤੇ ਸਾਕੇ ਲਈ ਅੰਗਰੇਜ਼ਾਂ ਨੂੰ ਕਸੂਰਵਾਰ ਦੱਸਿਆ। ਇਹੀ ਲਾਲਾ ਪਹਿਲਾਂ ਮਹੰਤ ਦੇ ਹੱਕ ਵਿਚ ਡੱਟਕੇ ਖੜ੍ਹਾ ਸੀ ਆਪਦੇ ਰਸਾਲੇ ਵਿਚ ਮਹੰਤ ਦੇ ਹੱਕ ਵਿਚ ਲਿਖਦਾ ਸੀ ਤੇ ਮਹੰਤ ਨੂੰ ਕਬਜ਼ਾ ਬਰਕਰਾਰ ਰੱਖਣ ਖਾਤਰ ਕਾਨੂੰਨੀ ਜੁਗਤਾਂ ਦੱਸਦਾ ਸੀ। ਇਹੀ ਲਾਲਾ ਉਥੇ ਸਿੱਖਾਂ ਨੂੰ ਮੱਤਾਂ ਦੇ ਰਿਹਾ ਸੀ ਕਿ ਤੁਸੀਂ ਅੰਗਰੇਜ਼ਾਂ ਦੇ ਖਿਲਾਫ ਹੋਵੇ। ਗਾਂਧੀ ਨੇ ਨਨਕਾਣਾ ਸਾਹਿਬ ਕਤਲੇਆਮ ਨੂੰ ਜਲਿਆਂਵਾਲੇ ਬਾਗ ਦਾ ਦੂਜਾ ਐਡੀਸ਼ਨ ਦੱਸਦਿਆਂ ਸਿੱਖਾਂ ਨੂੰ ਅੰਗਰੇਜ਼ਾਂ ਦੇ ਖਿਲਾਫ ਹੋਣ ਦੀ ਅਪੀਲ ਕੀਤੀ। ਉਹਨੇ ਮਹੰਤ ਨੂੰ ਬਚਾਉਣ ਖਾਤਰ ਇਸ ਮੁਕੱਦਮੇ ਦਾ ਬਾਈਕਾਟ ਕਰਨ ਦਾ ਮਤਾ ਪਾਸ ਕਰਨ ਦੀ ਅਪੀਲ ਕੀਤੀ। ਕਰਤਾਰ ਸਿੰਘ ਝੱਬਰ ਦੀ ਲੀਡਰਸ਼ਿਪ ਮੁਕੱਦਮੇ ਦਾ ਬਾਈਕਾਟ ਨਹੀਂ ਸੀ ਚਾਹੁੰਦੀ ਪਰ ਕਾਂਗਰਸ ਨਾਲ ਮਿਲ ਕੇ ਚੱਲਣ ਵਾਲੀ ਮਾਸਟਰ ਤਾਰਾ ਸਿੰਘ ਵਾਲੀ ਲੀਡਰਸ਼ਿਪ ਨੇ ਮੁਕੱਦਮੇ ਦੇ ਬਾਈਕਾਟ ਦੇ ਹੱਕ ਵਿਚ ਤਕਰੀਰ ਕੀਤੀ, ਜਿਸ ਨੂੰ ਸਿੱਖ ਆਵਾਮ ਨੇ ਕਬੂਲ ਕੀਤਾ। ਇਸ ਤਰੀਕੇ ਨਾਲ ਝੱਬਰ ਵਾਲੀ ਲੀਡਰਸ਼ਿਪ ਨੂੰ ਸਿੱਖਾਂ ਨੇ ਪਰਾਂ ਧੱਕ ਦਿੱਤਾ। ਦੇਖੋ ਜਿਹੜੀ ਲੀਡਰਸ਼ਿਪ ਨੇ ਗੁਰਦੁਆਰੇ ਮਹੰਤਾਂ ਤੋਂ ਆਜ਼ਾਦ ਕਰਾਉਣ ਦਾ ਵਿੱਢ-ਵਿੱਢਿਆ ਅਤੇ ਕਾਮਯਾਬੀ ਹਾਸਲ ਕੀਤੀ ਉਹਦੀ ਬਜਾਏ ਸਿੱਖਾਂ ਨੂੰ ਉਹ ਲੀਡਰਸ਼ਿਪ ਪਸੰਦ ਆਈ ਜਿਹੜੀ ਮਹੰਤਾਂ ਦੇ ਸਿੱਧੇ ਅਤੇ ਅਸਿੱਧੇ ਤਰੀਕੇ ਨਾਲ ਹੱਕ ਵਿਚ ਸੀ ਤੇ ਅੰਗਰੇਜ਼ਾਂ ਦੇ ਵਿਰੋਧ ‘ਚ ਸੀ। ਉਥੇ ਹਾਜ਼ਰ ਸਿੱਖ ਸੰਗਤ ਨੇ ਗਾਂਧੀ ਤੇ ਲਾਲੇ ਵਰਗੇ ਉਨ੍ਹਾਂ ਬੰਦਿਆਂ ਨੂੰ ਤਾਂ ਕਬੂਲ ਕੀਤਾ ਜਿਹੜੇ ਸ਼ਰੇਆਮ ਮਹੰਤਾਂ ਦੇ ਹੱਕ ਵਿਚ ਖੜ੍ਹੇ ਸਨ। ਜੇ ਸਿੱਖ ਸੰਗਤ ਇਹ ਕਬੂਲ ਨਾ ਕਰਦੀ ਤਾਂ ਸਿੱਖ ਲੀਡਰਸ਼ਿਪ ਦੀ ਕੀ ਮਜਾਲ ਸੀ ਕਿ ਉਹ ਉਨ੍ਹਾਂ ਨੂੰ ਇਥੇ ਸੱਦਦੀ ਤੇ ਉਨ੍ਹਾਂ ਵਲੋਂ ਦਿੱਤੀ ਗਈ ਬਾਈਕਾਟ ਦੀ ਸਲਾਹ ਨੂੰ ਖਿੜ੍ਹੇ ਮੱਥੇ ਕਬੂਲ ਕਰਦੀ। ਜਦੋਂ ਗੁਰਦੁਆਰਾ ਡੇਰਾ ਸਾਹਿਬ ਕਰਤਾਰ ਸਿੰਘ ਝੱਬਰ ਨੂੰ ਗਾਂਧੀ ਦਾ ਕਬਜ਼ਾ ਰੋਕਣ ਵਾਲਾ ਸੁਨੇਹਾ ਪੁੱਜਿਆ ਤਾਂ ਝੱਬਰ ਨੇ ਆਖਿਆ ਕਿ ਅਸੀਂ ਕਬਜ਼ੇ ਕਰ ਰਹੇ ਹਾਂ ਤੇ ਸਰਕਾਰ ਚੁੱਪ ਹੈ ਜਦੋਂ ਮੁਲਕ ਆਜ਼ਾਦ ਹੋ ਗਿਆ ਤਾਂ ਗੁਰਦੁਆਰਿਆਂ ਦੀ ਆਜ਼ਾਦੀ ਹੋਰ ਵੀ ਖਤਰੇ ਵਿਚ ਪੈ ਜਾਵੇਗੀ। ਅੰਗਰੇਜ਼ ਤੀਜੀ ਧਿਰ ਹੈ ਜੋ ਕਿ ਸਾਡੇ ਧਾਰਮਿਕ ਮਾਮਲਿਆਂ ਵਿਚ ਨਿਰਪੱਖ ਹੈ ਤੇ ਗਾਂਧੀ ਹੁਰੀਂ ਅੱਜ ਵੀ ਮਹੰਤਾਂ ਦੇ ਹੱਕ ਵਿਚ ਨੇ ਤੇ ਜਦੋਂ ਇਨ੍ਹਾਂ ਦੇ ਹੱਥ ਵਿਚ ਰਾਜ ਆਇਆ ਤਾਂ ਫਿਰ ਕਿਉਂ ਨਾ ਹੋਣਗੇ?

47. ਅੰਗਰੇਜਾਂ ਨੇ ਕਿਹਾ ਕਿ ਸਿੱਖੋ! ਕੁਝ ਆਪਦੇ ਖਾਤਰ ਮੰਗੋ, ਕਾਂਗਰਸ ਖਾਤਰ ਤੁਸੀਂ ਸਾਡੇ ਨਾਲ ਮੱਥਾ ਨਾ ਲਾਓ: ਇਹਤੋਂ ਬਾਅਦ ਜਦੋਂ ਕਾਂਗਰਸ ਨੇ ਨਾ-ਮਿਲਵਰਤਨ ਅੰਦੋਲਨ ਦਾ ਐਲਾਨ ਕੀਤਾ ਤਾਂ ਸਿੱਖਾਂ ਨੇ ਇਹਦੀ ਹਮਾਇਤ ਕੀਤੀ। ਅੰਗਰੇਜ਼ਾਂ ਨੇ ਸਿੱਖਾਂ ਨੂੰ ਬਕਾਇਦਾ ਤੌਰ ‘ਤੇ ਇਸ ਅੰਦੋਲਨ ਤੋਂ ਵੱਖ ਹੋ ਜਾਣ ਦੀ ਅਪੀਲ ਕੀਤੀ ਤੇ ਕਿਹਾ ਕਿ ਜੋ ਤੁਹਾਡੀਆਂ ਮੰਗਾਂ ਨੇ ਸਾਨੂੰ ਦੱਸੋ ਅਸੀਂ ਸਾਰੀਆਂ ਮੰਨਣ ਨੂੰ ਤਿਆਰ ਹਾਂ ਪਰ ਤੁਸੀਂ ਸਾਡੇ ਖਿਲਾਫ ਕਾਂਗਰਸ ਦੀ ਮੁਹਿੰਮ ਦਾ ਸਾਥ ਨਾ ਦਿਓ। ਇਹਤੋਂ ਬਾਅਦ ਅਕਾਲੀਆਂ ਨੇ ਜਿਹੜਾ ਗੁਰੂ ਕੇ ਬਾਗ ਮੋਰਚਾ ਲਾਇਆ ਉਹ ਵੀ ਅੰਗਰੇਜ਼ਾਂ ਨਾਲ ਸਿਆਸੀ ਟਕਰਾਅ ਵਿਚੋਂ ਨਿਕਲਿਆ ਸੀ ਨਾ ਕਿ ਧਾਰਮਿਕ ਟਕਰਾਅ ਵਿਚੋਂ। ਸਰਕਾਰ ਨੇ ਅਕਾਲੀਆਂ ‘ਤੇ ਉਦੋਂ ਸਖਤੀ ਸ਼ੁਰੂ ਕੀਤੀ ਜਦੋਂ ਸਿੱਖਾਂ ਦੇ ਧਾਰਮਿਕ ਜਜ਼ਬਾਤਾਂ ਨੂੰ ਭੜਕਾਅ ਕੇ ਸਰਕਾਰ ਨਾਲ ਸਿਆਸੀ ਟਕਰਾਅ ਲੈ ਰਹੇ ਸੀ। ਜੈਤੋਂ ਦਾ ਮੋਰਚਾ ਵੀ ਸਿਆਸੀ ਟਕਰਾਅ ‘ਚੋਂ ਹੀ ਨਿਕਲਿਆ ਸੀ। ਨਾਭੇ ਵਾਲੇ ਰਾਜੇ ਨੂੰ ਗੱਦੀਓਂ ਲਾਹੁਣਾ ਅੰਗਰੇਜ਼ਾਂ ਦਾ ਇਕ ਸਿਆਸੀ ਕਦਮ ਸੀ ਪਰ ਸਿੱਖਾਂ ਨੇ ਇਹਨੂੰ ਧਾਰਮਿਕ ਮੁੱਦਾ ਬਣਾਕੇ ਅੰਗਰੇਜ਼ਾਂ ਨਾਲ ਟੱਕਰ ਲਈ ਹਾਲਾਂਕਿ ਸਿੱਖ ਹਿੱਤਾਂ ਦੇ ਲਿਹਾਜ਼ ਨਾਲ ਮਹਾਰਾਜਾ ਪਟਿਆਲਾ, ਮਹਾਰਾਜਾ ਨਾਭੇ ਨਾਲੋਂ ਕਈ ਕਦਮ ਅੱਗੇ ਸੀ। ਮਹਾਰਾਜਾ ਭੁਪਿੰਦਰ ਸਿੰਘ ਪਟਿਆਲਾ ਤੋਂ ਹਮਾਇਤ ਮੰਗਣ ਗਏ ਮਹੰਤ ਨਰੈਣ ਦਾਸ ਨੂੰ ਟਕੇ ਅਰਗਾ ਜਵਾਬ ਹੀ ਨਹੀਂ ਦਿੱਤਾ ਬਲਕਿ ਬੰਦਿਆਂ ਵਾਂਗੂੰ ਕਬਜ਼ਾ ਪੰਥ ਦੇ ਸਪੁਰਦ ਕਰਨ ਦੀ ਤਾਕੀਦ ਕੀਤੀ। ਨਨਕਾਣਾ ਸਾਹਿਬ ਸਾਕੇ ਤੋਂ ਬਾਅਦ ਜਦੋਂ ਸ਼ਹੀਦੀ ਪ੍ਰੋਗਰਾਮ ਚੱਲ ਰਿਹਾ ਸੀ ਤਾਂ ਉਥੇ ਮਹਾਰਾਜਾ ਭੁਪਿੰਦਰ ਸਿੰਘ ਦੀ ਇਕ ਤਾਰ ਪੁੱਜੀ ਤਾਂ ਅਕਾਲੀ ਅਮਰ ਸਿੰਘ ਝਬਾਲ ਵਰਗਿਆਂ ਨੇ ਇਹ ਕਹਿ ਕੇ ਤਾਰ ਪੜ੍ਹਣੋਂ ਇਨਕਾਰ ਕਰ ਦਿੱਤਾ ਕਿ ਸਾਨੂੰ ਰਾਜੇ ਮਹਾਰਾਜਿਆਂ ਦੀ ਹਮਾਇਤ ਦੀ ਕੋਈ ਲੋੜ ਨਹੀਂ ਹੈ ਪਰ ਕਰਤਾਰ ਸਿੰਘ ਝੱਬਰ ਦੇ ਕਹਿਣ ‘ਤੇ ਇਹ ਤਾਰ ਪੜ੍ਹੀ ਗਈ ਜਿਸ ਵਿਚ ਮਹਾਰਾਜਾ ਭੁਪਿੰਦਰ ਸਿੰਘ ਨੇ ਸ਼ਹੀਦੀਆਂ ‘ਤੇ ਅਫਸੋਸ ਜ਼ਾਹਰ ਕਰਦਿਆਂ ਆਖਿਆ ਸੀ ਕਿ ਮੈਨੂੰ ਸ਼ਹੀਦ ਪਰਿਵਾਰਾਂ ਦੀ ਲਿਸਟ ਘੱਲ ਦਿੱਤੀ ਜਾਵੇ ਤਾਂ ਕਿ ਮੈਂ ਉਨ੍ਹਾਂ ਨੂੰ ਪੈਨਸ਼ਨ ਲਾ ਸਕਾਂ। ਉਹਤੋਂ ਬਾਅਦ ਵੀ ਜਦੋਂ ਸਿੱਖਾਂ ਹੱਥੋਂ ਨਰੈਣ ਦਾਸ ਦਾ ਸਾਲਾ ਬਿਸ਼ਨ ਦਾਸ ਕਤਲ ਹੋ ਗਿਆ ਤਾਂ ਮਹਾਰਾਜਾ ਭੁਪਿੰਦਰ ਸਿੰਘ ਨੇ ਸਿੱਖਾਂ ਨੂੰ ਬਰੀ ਕਰਾਉਣ ਵਿਚ ਅਹਿਮ ਰੋਲ ਅਦਾ ਕੀਤਾ। ਪਰ ਮਹਾਰਾਜਾ ਭੁਪਿੰਦਰ ਸਿੰਘ ਸਿੱਖਾਂ ਨੂੰ ਸਿਆਸੀ ਕਾਰਨਾਂ ਕਰਕੇ ਨਹੀਂ ਸੀ ਭਾਉਂਦਾ। ਕਾਰਨ ਇਹ ਸੀ ਕਿ ਉਹ ਅੰਗਰੇਜ਼ਾਂ ਦੇ ਹੱਕ ਵਿਚ ਸੀ ਜੋ ਕਿ ਕਾਂਗਰਸ ਨੂੰ ਚੰਗਾ ਨਹੀਂ ਸੀ ਲੱਗਦਾ। ਕਿਉਂਕਿ ਅਕਾਲੀਆਂ ਨੂੰ ਕਾਂਗਰਸ ਚੰਗੀ ਲੱਗਦੀ ਸੀ ਇਸ ਕਰਕੇ ਉਨ੍ਹਾਂ ਨੂੰ ਭੁਪਿੰਦਰ ਸਿੰਘ ਚੰਗਾ ਨਹੀਂ ਸੀ ਲੱਗਦਾ। ਜੇ ਅਕਾਲੀਆਂ ਦੀ ਨਾਂ-ਪਸੰਦੀ ਦਾ ਕਾਰਨ ਉਹਦਾ ਮਹਾਰਾਜਾ ਹੋਣਾ ਹੀ ਹੁੰਦਾ ਤਾਂ ਉਹ ਨਾਭੇ ਵਾਲੇ ਮਹਾਰਾਜੇ ਨਾਲ ਵੀ ਭੁਪਿੰਦਰ ਸਿੰਘ ਵਰਗਾ ਹੀ ਸਲੂਕ ਕਰਦੇ। ਪਰ ਨਾਭੇ ਵਾਲੇ ਦੀ ਗੱਦੀ ਖੁੱਸਣ ਦਾ ਅਕਾਲੀਆਂ ਨੂੰ ਐਨਾ ਦੁੱਖ ਹੋਇਆ ਕਿ ਉਹਦੇ ਪਿਛੇ ਹਜ਼ਾਰਾਂ ਗ੍ਰਿਫਤਾਰੀਆਂ ਤੇ ਸੈਂਕੜੇ ਸਿੱਖਾਂ ਦੀਆਂ ਸ਼ਹੀਦੀਆਂ ਤੋਂ ਇਲਾਵਾ ਜਾਇਦਾਦਾਂ ਜ਼ਬਤ ਕਰਾਈਆਂ ਅਤੇ ਨੌਕਰੀਆਂ ਛੁਡਵਾਈਆਂ।

48. ਮਹਾਰਾਜਾ ਪਟਿਆਲਾ ਦੇ ਖਿਲਾਫ ਤੇ ਮਹਾਰਾਜਾ ਨਾਭਾ ਦੇ ਹੱਕ ਵਿੱਚ ਕਿਉਂ ਹੋਏ ਸਿੱਖ?: ਇਹ ਗੱਲ ਨਹੀਂ ਸੀ ਕਿ ਇਕ ਸਿੱਖ ਰਾਜੇ ਨਾਲ ਧੱਕਾ ਹੋਣ ਕਰਕੇ ਹੀ ਅਕਾਲੀਆਂ ਨੇ ਉਹਦੇ ਹੱਕ ‘ਚ ਜੈਤੋਂ ਦਾ ਮੋਰਚਾ ਲਾਇਆ ਅਸਲ ‘ਚ ਗੱਲ ਇਹ ਸੀ ਕਿ ਨਾਭੇ ਵਾਲਾ ਅੰਗਰੇਜ਼ਾਂ ਦੇ ਖਿਲਾਫ ਤੇ ਕਾਂਗਰਸ ਦੇ ਹੱਕ ਵਿਚ ਸੀ। ਅਕਾਲੀਆਂ ਦੀ ਸਾਰੀ ਨਕਲੋ ਹਰਕਤ ਇਸੇ ਫਾਰਮੂਲੇ ਦੇ ਤਹਿਤ ਹੁੰਦੀ ਸੀ ਕਿ ਕਾਂਗਰਸ ਦੇ ਨਾਲ ਰਲ ਕੇ ਪੂਰਾ ਟਿੱਲ ਲਾ ਕੇ ਅੰਗਰੇਜ਼ਾਂ ਦੇ ਖਿਲਾਫ ਲੜਾਈ ਲੜਣੀ ਹੈ। ਹੁਣ ਨਾਭੇ ਵਾਲੇ ਮਹਾਰਾਜੇ ਦੀ ਸਿੱਖੀ ਦੇਖੋ, ਵੀਹਵੀਂ ਸਦੀ ਦੇ ਸ਼ੁਰੂ ਵਿਚ ਸਿੰਘ ਸਭਾ ਲਹਿਰ ਵੇਲੇ ਜਦੋਂ ਹਿੰਦੂਆਂ ਦਾ ਅਤੇ ਸਿੱਖਾਂ ਦਾ ਸਿਧਾਂਤਕ ਟਕਰਾਅ ਹੋਇਆ ਤਾਂ ਨਾਭੇ ਵਾਲੇ ਨੇ ਸਿੱਖਾਂ ਦੇ ਖਿਲਾਫ ਅਤੇ ਹਿੰਦੂਆਂ ਦੇ ਹੱਕ ਵਿਚ ਠੋਕਵਾਂ ਸਟੈਂਡ ਲਿਆ। ਉਦੋਂ ਆਰੀਆ ਸਮਾਜੀਆਂ ਨੇ ਸਿੱਖ ਬੰਦੇ ਦੇ ਨਾਂਅ ਥੱਲੇ ਇਕ ਕਿਤਾਬਚਾ ਛਪਾਇਆ ਜਿਸ ਦਾ ਸਿਰਲੇਖ ਸੀ ‘ਹਮ ਹਿੰਦੂ ਹੈਂ’ ਭਾਵ ਸਿੱਖ ਕਹਿ ਰਹੇ ਸੀ ਕਿ ਅਸੀਂ ਹਿੰਦੂ ਹਾਂ। ਉਨ੍ਹੀਂ ਦਿਨੀਂ ਉਘੇ ਸਿੱਖ ਵਿਦਵਾਨ ਭਾਈ ਕਾਨ੍ਹ ਸਿੰਘ ਨਾਭਾ, ਨਾਭਾ ਰਿਆਸਤ ਵਿਚ ਅਹਿਲਕਾਰ ਦੇ ਤੌਰ ‘ਤੇ ਤੈਨਾਤ ਸਨ। ਉਨ੍ਹਾਂ ਦਾ ਜੀਅ ਕੀਤਾ ਕਿ ਇਸ ਕਿਤਾਬਚੇ ਦਾ ਜੁਆਬ ਦਿੱਤਾ ਜਾਵੇ ਪਰ ਉਨ੍ਹਾਂ ਨੂੰ ਨਾਲੋਂ ਨਾਲ ਇਹ ਵੀ ਪਤਾ ਸੀ ਕਿ ਮਹਾਰਾਜਾ ਖੁਦ ਸਿੱਖਾਂ ਨੂੰ ਹਿੰਦੂ ਹੀ ਕਹਿੰਦਾ ਹੈ ਤੇ ਉਹ ਮੇਰੀ ਅਜਿਹੀ ਲਿਖਤ ਉਤੇ ਜ਼ਰੂਰ ਔਖਾ ਹੋਵੇਗਾ। ਭਾਈ ਕਾਨ੍ਹ ਸਿੰਘ ਨਾਭਾ ਨੇ ਆਰੀਆ ਸਮਾਜੀਆਂ ਦੇ ਕਿਤਾਬਚੇ ਦੇ ਜੁਆਬ ਵਿਚ ਇਕ ਕਿਤਾਬਚਾ ‘ਹਮ ਹਿੰਦੂ ਨਹੀਂ’ ਦੇ ਸਿਰਲੇਖ ਹੇਠ 1895 ਵਿਚ ਲਿਿਖਆ। ਪਰ ਨਾਭੇ ਵਾਲੇ ਰਾਜੇ ਤੋਂ ਡਰਦਿਆਂ ਉਨ੍ਹਾਂ ਨੇ ਇਹ ਕਿਤਾਬਚਾ ਰਿਆਸਤ ਤੋਂ ਦੂਰ ਜਾ ਕੇ ਲਾਹੌਰੋਂ ਛਪਵਾਇਆ ਅਤੇ ਲਿਖਾਰੀ ਦਾ ਨਾਮ ਵੀ ਕਾਨ੍ਹ ਸਿੰਘ ਨਾ ਲਿਖਦਿਆਂ ਆਪਣੇ ਉਪ ਨਾਮ ਹਰੀ ਬ੍ਰਿਜੇਸ਼ ਦੇ ਅੰਗਰੇਜ਼ੀ ਵਾਲੇ ਮੁਢਲੇ ਅੱਖਰ ਐੱਚ.ਬੀ. ਦੇ ਨਾਂ ਹੇਠ ਛਪਵਾਇਆ।

ਜਦੋਂ ਇਹ ਕਿਤਾਬਚਾ ਲੋਕਾਂ ਵਿਚ ਆਇਆ ਤਾਂ ਆਰੀਆ ਸਮਾਜੀ ਝੱਟ ਸਮਝ ਗਏ ਕਿ ਇਹਦਾ ਲਿਖਾਰੀ ਕਾਨ੍ਹ ਸਿੰਘ ਹੀ ਹੋ ਸਕਦਾ ਹੈ। ਆਰੀਆ ਸਮਾਜ ਦੀ ਅਗਵਾਈ ਹੇਠ ਹਿੰਦੂ ਮਹਾਰਾਜਾ ਨਾਭਾ ਨੂੰ ਮਿਲੇ ਤੇ ਕਿਹਾ ਆਹ ਦੇਖੋ ਆਪਦੇ ਕਾਨ੍ਹ ਸਿੰਘ ਦੀ ਕਰਤੂਤ ਉਹਨੇ ਇਹ ਲਿਖਕੇ ਵੱਡਾ ਜ਼ੁਲਮ ਕੀਤਾ ਹੈ ਕਿ ਸਿੱਖ ਹਿੰਦੂ ਨਹੀਂ ਹਨ। ਇਸ ਘੋਰ ਪਾਪ ਦੇ ਤਹਿਤ ਕਾਨ੍ਹ ਸਿੰਘ ਨੂੰ ਫੌਰੀਂ ਦਰਬਾਰ ਵਿਚੋਂ ਕੱਢਿਆ ਜਾਵੇ। ਮਹਾਰਾਜਾ ਝੱਟ ਸਹਿਮਤ ਹੋ ਗਿਆ। ਸੋ ਇਹ ਸੀ ਮਹਾਰਾਜਾ ਨਾਭੇ ਦੀ ਸਿੱਖੀ ਜੀਹਦੇ ਪਿਛੇ ਅਕਾਲੀਆਂ ਨੇ ਮੋਰਚਾ ਲਾਇਆ। ਇਥੇ ਹੀ ਬਸ ਨਹੀਂ ਆਰੀਆ ਸਮਾਜੀਆਂ ਨੇ ਦੁਬਾਰਾ ਫਿਰ ਕਾਨ੍ਹ ਸਿੰਘ ਨੂੰ ਨਿਸ਼ਾਨਾ ਬਣਾਇਆ। ਗੱਲ ਇਉਂ ਹੋਈ ਕਿ ਜਦੋਂ ਕਾਨ੍ਹ ਸਿੰਘ ਨਾਭਾ ਦੀ ਫਿਰ ਰਾਜੇ ਨੂੰ ਲੋੜ ਮਹਿਸੂਸ ਹੋਈ ਤਾਂ ਉਹਨੇ ਕਾਨ੍ਹ ਸਿੰਘ ਨੂੰ ਅੰਗਰੇਜ਼ੀ ਰਿਆਸਤ ਦਾ ਪ੍ਰਬੰਧ ਦੇਖਣ ਵਾਲੇ ਅੰਗਰੇਜ਼ੀ ਏਜੰਟ ਦੇ ਦਫਤਰ ਵਿਚ ਆਪਦੇ ਨੁਮਾਇੰਦੇ ਦੇ ਤੌਰ ‘ਤੇ ਤਾਇਨਾਤ ਕਰ ਦਿੱਤਾ। ਜੀਹਦਾ ਪ੍ਰਭਾਵ ਇਹੋ ਦਿੱਤਾ ਗਿਆ ਕਿ ਭਾਵੇਂ ਕਾਨ੍ਹ ਸਿੰਘ ਨੂੰ ਮੁੜ ਨੌਕਰੀ ‘ਤੇ ਰੱਖ ਲਿਆ ਗਿਆ ਹੈ ਪਰ ਉਹਦਾ ਰਾਜ ਦਰਬਾਰ ਵਿਚ ਕੋਈ ਦਖਲ ਨਹੀਂ। ਸਿੰਘ ਸਭਾ ਲਹਿਰ ਤੋਂ ਪਹਿਲਾਂ ਦਰਬਾਰ ਸਾਹਿਬ ਦੀ ਪਰਕਰਮਾ ਵਿਚ ਹਿੰਦੂ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਰੱਖੀਆਂ ਹੋਈਆਂ ਸਨ ਤੇ ਇਨ੍ਹਾਂ ਨੂੰ ਲੋਕ ਮੱਥਾ ਟੇਕਦੇ ਸਨ। ਪਰਕਰਮਾ ਦੇ ਇਕ ਕਮਰੇ ਵਿਚ ਚੌਂ-ਭੁਜਾ ਵਾਲੀ ਦੇਵੀ ਦੀ ਮੂਰਤੀ ਰੱਖੀ ਹੋਈ ਸੀ ਜੀਹਦੇ ਮੂਹਰੇ ਗੁਰੂ ਗੋਬਿੰਦ ਸਿੰਘ ਦੀ ਮੂਰਤੀ ਬਣਾਕੇ ਉਨ੍ਹਾਂ ਨੂੰ ਬੜੀ ਅਧੀਨਗੀ ਨਾਲ ਦੇਵੀ ਮੂਹਰੇ ਝੁਕੇ ਹੋਏ ਦਿਖਾਇਆ ਗਿਆ ਸੀ। ਸਿੰਘ ਸਭਾ ਨੇ ਡੀ.ਸੀ. ਅੰਮ੍ਰਿਤਸਰ ਨੂੰ ਮੂਰਤੀਆਂ ਚੁਕਾਉਣ ਖਾਤਰ ਅਪੀਲ ਕੀਤੀ। ਡੀ.ਸੀ. ਨੇ ਦਰਬਾਰ ਸਾਹਿਬ ਵਿਚੋਂ ਮੂਰਤੀਆਂ ਚੁਕਵਾ ਦਿੱਤੀਆਂ। ਭਾਈ ਕਾਨ੍ਹ ਸਿੰਘ ਨਾਭਾ ਨੇ ਨਾਭਾ ਰਿਆਸਤ ਦੇ ਆਪਦੇ ਸਰਕਾਰੀ ਲੈਟਰਪੈੱਡ ਉਤੇ ਡੀ.ਸੀ. ਅੰਮ੍ਰਿਤਸਰ ਨੂੰ ਇਕ ਵਧਾਈਆਂ ਦੀ ਚਿੱਠੀ ਲਿਖ ਦਿੱਤੀ। ਦੂਜੇ ਪਾਸੇ ਮੂਰਤੀਆਂ ਚੱਕਣ ਦੇ ਖਿਲਾਫ ਹਿੰਦੂਆਂ ਨੇ ਜਲਸੇ ਮੁਜ਼ਾਹਰੇ ਸ਼ੁਰੂ ਕੀਤੇ ਹੋਏ ਸਨ। ਇਸ ਬਾਬਤ ਡੀ.ਸੀ. ਨੂੰ ਮਿਲਣ ਗਏ ਇਕ ਹਿੰਦੂ ਡੈਪੂਟੇਸ਼ਨ ਨੂੰ ਡੀ.ਸੀ. ਨੇ ਭਾਈ ਕਾਨ੍ਹ ਸਿੰਘ ਨਾਭਾ ਦੀ ਉਹ ਵਧਾਈ ਵਾਲੀ ਚਿੱਠੀ ਵਿਖਾ ਦਿੱਤੀ ਤੇ ਕਿਹਾ ਕਿ ਆਹ ਦੇਖੋ ਇਕ ਵੱਡਾ ਸਿੱਖ ਵਿਦਵਾਨ ਤਾਂ ਮੈਨੂੰ ਵਧਾਈ ਦੇ ਰਿਹਾ ਹੈ ਤੁਸੀਂ ਕਿਵੇਂ ਕਹਿੰਦੇ ਹੋ ਕਿ ਮੂਰਤੀਆਂ ਚੱਕਣੀਆਂ ਗਲਤ ਨੇ। ਬੱਸ ਵਿਚਾਰਾ ਕਾਨ੍ਹ ਸਿੰਘ ਫੇਰ ਫਸ ਗਿਆ। ਹਿੰਦੂਆਂ ਨੇ ਉਹੀ ਗੱਲ ਮਹਾਰਾਜਾ ਨਾਭਾ ਨੂੰ ਜਾ ਦੱਸੀ। ਮਹਾਰਾਜੇ ਨੇ ਕਾਨ੍ਹ ਸਿੰਘ ਨੂੰ ਇਹ ਦੋਸ਼ ਲਾ ਕੇ ਫੇਰ ਨੌਕਰੀਓਂ ਕੱਢ ਦਿੱਤਾ ਕਿ ਤੇਰੇ ਵਲੋਂ ਸਰਕਾਰੀ ਲੈਟਰਹੈੱਡ ‘ਤੇ ਡੀ.ਸੀ. ਨੂੰ ਵਧਾਈ ਦੇਣ ਦਾ ਮਤਲਬ ਇਹ ਹੋਇਆ ਕਿ ਨਾਭਾ ਰਿਆਸਤ ਵੀ ਮੂਰਤੀਆਂ ਚੱਕਣ ਦੇ ਖਿਲਾਫ ਹੈ। ਹੁਣ ਤੁਸੀਂ ਮਹਾਰਾਜਾ ਪਟਿਆਲਾ ਤੇ ਮਹਾਰਾਜਾ ਨਾਭਾ ਦੀ ਸਿੱਖੀ ਦੀ ਤੁਲਨਾ ਖੁਦ ਕਰ ਲਓ। ਇਥੇ ਇਹ ਜ਼ਿਕਰਯੋਗ ਹੈ ਕਿ ਸਿੱਖਾਂ ਨੇ ਮਹਾਰਾਜੇ ਨਾਭੇ ਦੇ ਹੱਕ ਵਿਚ ਇਕ ਸਿੱਖ ਰਾਜੇ ਨਾਲ ਹਮਦਰਦੀ ਦਾ ਬਹਾਨਾ ਲਾਉਂਦਿਆਂ ਮੋਰਚਾ ਲਾਇਆ ਦੂਜੇ ਪਾਸੇ ਮਹਾਰਾਜਾ ਪਟਿਆਲਾ ਦੇ ਖਿਲਾਫ ਸਿੱਖ ਮਹਾਰਾਜਾ ਹੁੰਦਿਆਂ ਹੋਇਆਂ ਮੋਰਚਾ ਲਾਇਆ। ਮਹਾਰਾਜਾ ਪਟਿਆਲਾ ਦੇ ਖਿਲਾਫ ਲੱਗੇ ਮੋਰਚੇ ਦੌਰਾਨ ਜੇਲ੍ਹ ਵਿਚ ਪ੍ਰਾਣ ਤਿਆਗਣ ਵਾਲਾ ਸੇਵਾ ਸਿੰਘ ਠੀਕਰੀਵਾਲਾ ਅੱਜ ਵੀ ਸਿੱਖਾਂ ਦਾ ਹੀਰੋ ਹੈ ਤੇ ਮਹਾਰਾਜਾ ਨਾਭੇ ਦੇ ਹੱਕ ਵਿਚ ਮੋਰਚੇ ਲਾਉਣ ਵਾਲੇ ਵੀ ਸਿੱਖਾਂ ਦੇ ਹੀਰੋ ਨੇ। ਇਥੇ ਇਹ ਮਿਸਾਲ ਦੇਣ ਦਾ ਮਤਲਬ ਇਹ ਹੈ ਕਿ ਸਿੱਖ ਆਵਾਮ ਨੇ ਪਿਛਲੀ ਲੀਡਰਸ਼ਿਪ ਨੂੰ ਦਰਕਿਨਾਰ ਕਰਦਿਆਂ ਉਹ ਲੀਡਰਸ਼ਿਪ ਨੂੰ ਸ਼ਹੀਦੀਆਂ ਦੇ ਕੇ ਕਾਮਯਾਬ ਕੀਤਾ ਜਿਹੜੀ ਸਿੱਖਾਂ ਦੇ ਹਿੱਤਾਂ ਦੀ ਤਾਂ ਕੋਈ ਗੱਲ ਨਹੀਂ ਸੀ ਕਰਦੀ ਬਲਕਿ ਅੰਗਰੇਜ਼ਾਂ ਨੂੰ ਮੁਲਕ ‘ਚੋਂ ਕੱਢਣ ਵਾਲੇ ਇਕ ਨੁਕਾਤੀ ਕਾਂਗਰਸ ਦੇ ਪ੍ਰੋਗਰਾਮ ਦੀ ਹਮਾਇਤ ਕਰਦੀ ਸੀ। ਇਹਦਾ ਸਿੱਧਾ ਭਾਵ ਇਹ ਹੈ ਕਿ ਸਿੱਖ ਲੀਡਰਸ਼ਿਪ ਸਿੱਖਾਂ ਦਾ ਮੁਫਾਦ ਮੂਹਰੇ ਰੱਖਣ ਦੀ ਬਜਾਇ ਅੱਖਾਂ ਮੀਚਕੇ ਕਾਂਗਰਸ ਦੀ ਪੈੜ ’ਚ ਪੈਰ ਧਰਦੀ ਸੀ। ਸੋਚਣ ਵਾਲੀ ਗੱਲ ਇਹ ਹੈ ਕਿ ਉਦੋਂ ਜੇ ਸਿੱਖ ਆਵਾਮ ਵੱਖਰਾ ਮੁਲਕ ਚਾਹੁੰਦੀ ਹੁੰਦੀ ਤਾਂ ਕਾਂਗਰਸ ਨਾਲ ਅਤੇ ਹਿੰਦੁਸਤਾਨ ਨਾਲ ਰਹਿਣ ਵਾਲੀ ਅਕਾਲੀ ਲੀਡਰਸ਼ਿਪ ਉਨ੍ਹਾਂ ਦੀ ਕਦੀ ਵੀ ਲੀਡਰ ਨਹੀਂ ਸੀ ਰਹਿ ਸਕਦੀ। ਜੇ ਅਕਾਲੀ ਲੀਡਰਸ਼ਿਪ ਕਾਂਗਰਸ ਨਾਲ ਬੱਝੀ ਵੀ ਰਹਿੰਦੀ ਤਾਂ ਇਹਦੀ ਥਾਂ ਵੱਖਰੇ ਮੁਲਕ ਦੀ ਹਮਾਇਤ ਕਰਨ ਵਾਲੀ ਲੀਡਰਸ਼ਿਪ ਨੇ ਲੈ ਲੈਣੀ ਸੀ। ਇਹ ਸਭ ਕਾਸੇ ਦਾ ਨਿਚੋੜ ਇਹ ਹੈ ਕਿ ਲੀਡਰਸ਼ਿਪ ਨੇ ਉਹੀ ਕੁਝ ਕੀਤਾ ਜੋ ਕੌਮ ਚਾਹੁੰਦੀ ਸੀ। ਕੌਮ ਦਾ ਇਕ ਨੁਕਾਤੀ ਪ੍ਰੋਗਰਾਮ ਅੰਗਰੇਜ਼ਾਂ ਨੂੰ ਇਥੋਂ ਕੱਢਣਾ ਸੀ ਸੋ ਉਹ ਨਿਕਲ ਗਏ ਪੰਜਾਬ ਦੀ ਵੰਡ ਉਨ੍ਹਾਂ ਦੇ ਲੀਡਰਾਂ ਨੇ ਖੁਦ ਕਬੂਲ ਕੀਤੀ। ਸਿੱਖ ਕੌਮ ਨੇ ਲੀਡਰਸ਼ਿਪ ਦੇ ਇਸ ਫੈਸਲੇ ‘ਤੇ ਉਦੋਂ ਕੋਈ ਇਤਰਾਜ਼ ਨਹੀਂ ਕੀਤਾ। ਪੰਜਾਬ ਦੀ ਵੰਡ ਹੋ ਗਈ। ਆਬਾਦੀ ਦੇ ਤਬਾਦਲੇ ਦਾ ਸਿੱਖ ਲੀਡਰਸ਼ਿਪ ਨੇ ਕੋਈ ਅੰਦਾਜ਼ਾ ਨਹੀਂ ਲਾਇਆ। ਅੰਗਰੇਜ਼ਾਂ ਵਲੋਂ ਅਬਾਦੀ ਦੀ ਤਬਾਦਲੇ ਬਾਰੇ ਪੁੱਛਣ ‘ਤੇ ਨਹਿਰੂ ਨੇ ਕਿਹਾ ਕਿ ਇਹਦੀ ਕੋਈ ਲੋੜ ਨਹੀਂ। ਜੇ ਆਬਾਦੀ ਦੇ ਤਬਾਦਲੇ ਦਾ ਅੰਦਾਜ਼ਾ ਲਾਇਆ ਜਾਂਦਾ ਤਾਂ ਇਹਦੇ ਅਮਨ-ਅਮਾਨ ਨਾਲ ਤਬਾਦਲੇ ਦਾ ਵੀ ਅੰਗਰੇਜ਼ ਇੰਤਜ਼ਾਮ ਆਪਦੇ ਹੁੰਦੇ ਹੁੰਦੇ ਕਰਦੇ। ਪਰ ਸਾਰੀ ਸਿੱਖ ਲੀਡਰਸ਼ਿਪ ਦਾ ਇਕੋ ਇਕ ਬਿਆਨ ਸੀ ਕਿ ਅੰਗਰੇਜ਼ੋ ਤੁਸੀਂ ਇਥੋਂ ਛੇਤੀ ਨਿਕਲੋ ਸਾਡਾ ਫਿਕਰ ਨਾ ਕਰੋ ਸਾਨੂੰ ਜੋ ਲੋੜ ਹੋਈ ਉਹ ਸਾਰੀ ਨਹਿਰੂ ਹੁਰੀਂ ਪੂਰੀ ਕਰਨਗੇ। ਸੋ ਜਿਵੇਂ ਸਿੱਖਾਂ ਨੇ ਚਾਹਿਆ ਉਵੇਂ ਹੋ ਗਿਆ ਜੋ ਲੱਖਾਂ ਸਿੱਖਾਂ ਦੇ ਕਤਲ, ਬੇਪਤੀਆਂ ਤੇ ਅਰਬਾਂ ਦੀ ਜਾਇਦਾਦ ਦਾ ਜੋ ਨੁਕਸਾਨ ਹੋਇਆ ਉਹਦੇ ਬਦਲੇ ਖੁਦ ਨੂੰ ਜ਼ਿੰਮੇਵਾਰ ਕਹਿਣ ਦੀ ਬਜਾਏ ਇਹਦੀ ਜ਼ਿੰਮੇਵਾਰੀ ਅੰਗਰੇਜ਼ਾਂ ‘ਤੇ ਸੁੱਟ ਕੇ ਲੀਡਰਸ਼ਿਪ ਨੇ ਕੰਮ ਸਾਰ ਲਿਆ। ਉਨ੍ਹਾਂ ਨੇ ਮਗਰ ਮਗਰ ਸਿੱਖ ਕੌਮ ਵੀ ਇਹਦੇ ਲਈ ਲੀਡਰਸ਼ਿਪ ਨੂੰ ਜ਼ਿੰਮੇਵਾਰ ਕਹਿਣ ਦੀ ਬਜਾਏ ਇਹੀ ਕਹਿੰਦੀ ਹੈ ਕਿ “ਚੰਦਰਾ ਗੋਰਾ ਸਾਨੂੰ ਤਬਾਹ ਕਰ ਗਿਆ।” ਹਾਲਾਂਕਿ ਗੋਰੇ ਵਾਇਸਰਾਏ ਲਾਰਡ ਮਾਊਂਟਬੈਟਨ ਨੇ ਸਿੱਖਾਂ ਦੀ ਇਸ ਤਬਾਹੀ ਦੀ ਪੇਸ਼ਨਗੋਈ 3 ਜੂਨ 1947 ਨੂੰ ਆਪਦੇ ਰੇਡੀਓ ਭਾਸ਼ਨ ਵਿਚ ਕਰ ਦਿੱਤੀ ਸੀ ਤੇ ਇਹ ਵੀ ਆਖ ਦਿੱਤਾ ਸੀ ਕਿ ਥੋਡੀ ਲੀਡਰਸ਼ਿਪ ਇਹੀ ਚਾਹੁੰਦੀ ਹੈ। ਗੱਲ ਦਾ ਤੱਤਸਾਰ ਇਹ ਹੈ ਕਿ ਇਕੱਲੀ ਸਿੱਖ ਲੀਡਰਸ਼ਿਪ ਨੂੰ ਦੋਸ਼ ਦੇਣਾ ਇਕ ਅਧੂਰਾ ਸੱਚ ਹੈ। ਸਾਰਾ ਸੱਚ ਇਹ ਹੈ ਕਿ ਸਿੱਖ ਅਵਾਮ ਜੋ ਕੁਝ ਚਾਹੰੁਦਾ ਸੀ ਲੀਡਰਸ਼ਿਪ ਨੇ ਉਹੀ ਕੀਤਾ।

– ਖਤਮ –

ਗੁਰਪ੍ਰੀਤ ਸਿੰਘ ਮੰਡਿਆਣੀ

ਪਿੰਡ ਮੰਡਿਆਣੀ, ਜ਼ਿਲ੍ਹਾ ਲੁਧਿਆਣਾ

ਫੋਨ: 088726-64000

ਈ-ਮੇਲ:- :[email protected]

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,