ਚੋਣਵੀਆਂ ਲਿਖਤਾਂ » ਲੇਖ

ਸ਼ਖ਼ਸੀਅਤ ਦੇ ਵਿਕਾਸ ‘ਚ ਅਹਿਮ ਭੂਮਿਕਾ ਹੈ ਪੁਸਤਕਾਂ ਦੀ

April 23, 2021 | By

ਲੇਖਕ ਇਕਵਾਕ ਸਿੰਘ ਪੱਟੀ ਦੀ ਲਿਖਤ “ਸ਼ਖ਼ਸੀਅਤ ਦੇ ਵਿਕਾਸ ‘ਚ ਅਹਿਮ ਭੂਮਿਕਾ ਹੈ ਪੁਸਤਕਾਂ ਦੀ”  ਅਜੀਤ ਅਖਬਾਰ ਵਿਚੋਂ ਲਈ ਗਈ ਹੈ ਇੱਥੇ ਅਸੀ ਮੁੜ ਤੋਂ ਪਾਠਕਾਂ ਲਈ ਸਾਂਝੀ ਕਰ ਰਹੇ – 

ਕਹਿੰਦੇ ਨੇ ‘ਪੁਸਤਕ ਹੱਥ ਵਿਚ ਹੋਵੇ ਤਾਂ ਸ਼ਿੰਗਾਰ ਹੁੰਦੀ ਹੈ, ਸਿਰ ‘ਤੇ ਚੜ੍ਹ ਜਾਵੇ ਤਾਂ ਹੰਕਾਰ ਹੁੰਦੀ ਹੈ ਪਰ ਜੇ ਦਿਲ ਵਿਚ ਵਸ ਜਾਵੇ ਤਾਂ ਪਿਆਰ ਹੁੰਦੀ ਹੈ।’ ਕਿਉਂਕਿ ਕਿਤਾਬ ਜਾਂ ਪੁਸਤਕ ਸਾਡੇ ਜੀਵਨ ਵਿਚ ਇਕ ਅਹਿਮ ਮਹੱਤਤਾ ਰੱਖਦੀ ਹੈ। ਪੁਸਤਕਾਂ ਪੜ੍ਹ ਕੇ ਲੋਕਾਂ ਦੇ ਜੀਵਨ ਵਿਚ ਐਸੇ ਬਦਲਾਅ ਆਏ ਕਿ ਉਨ੍ਹਾਂ ਦੁਨੀਆ ਦੇ ਜਿਊਣ ਦੇ ਤੌਰ-ਤਰੀਕੇ ਹੀ ਬਦਲ ਦਿੱਤੇ। ਜੇਕਰ ਅਸੀਂ ਕਿਤਾਬਾਂ ਨਾ ਪੜ੍ਹਨ ਦੇ ਸ਼ੌਕ ਨੂੰ ਆਪਣੀ ਜ਼ਿੰਦਗੀ ਦਾ ਇਕ ਵੱਡਾ ਔਗੁਣ ਮੰਨ ਲਈਏ ਤਾਂ ਇਸ ਵਿਚ ਕੋਈ ਦੋ ਰਾਵ੍ਹਾਂ ਨਹੀਂ ਹੋਣਗੀਆਂ, ਕਿਉਂਕਿ ਬਿਨਾਂ ਸ਼ੱਕ ਸਾਡੇ ਘਰ ਪਰਿਵਾਰ ਵਿਚ ਤਕਨੀਕ ਸਬੰਧੀ ਅਤੇ ਅਗਾਂਹਵਧੂ ਜ਼ਮਾਨੇ ਦੀਆਂ ਹਰ ਤਰ੍ਹਾਂ ਦੀ ਸੁੱਖ ਸਹੂਲਤਾਂ ਮੌਜੂਦ ਹੋਣ ਪਰ ਜੇਕਰ ਘਰ ਦੇ ਵਿਚ ਕੋਈ ਕਿਤਾਬਾਂ/ਪੁਸਤਕਾਂ ਪੜ੍ਹਨ ਦਾ ਸ਼ੌਕੀਨ ਨਹੀਂ ਹੈ ਜਾਂ ਸਾਹਿਤ ਨੇ ਕਦੇ ਸਾਡੇ ਘਰ ਦੀ ਦਹਿਲੀਜ਼ ਪਾਰ ਨਹੀਂ ਕੀਤੀ ਤਾਂ ਅਜਿਹੇ ਘਰ ਨੂੰ ਬੌਧਿਕ ਤੌਰ ‘ਤੇ ਸੱਖਣਾ ਘਰ ਕਿਹਾ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ ਅਤੇ ਇਹ ਮੇਰੇ ਸਮਾਜ ਜਾਂ ਸਾਡੇ ਪੰਜਾਬੀ ਸਮਾਜ ਦਾ ਇਕ ਕੌੜਾ ਸੱਚ ਹੈ। ਜਦ ਕਿ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਜਿਸ ਪੱਛਮੀ ਸਮਾਜ ਤੋਂ ਅਸੀਂ ਆਪਣੇ ਕੱਪੜਿਆਂ ਤੋਂ ਲੈ ਕੇ ਰਹਿਣ-ਸਹਿਣ ਅਤੇ ਖਾਣ-ਪੀਣ ਤੱਕ ਦੀ ਨਕਲ ਕਰਦੇ ਹਾਂ ਉਸੇ ਪੱਛਮੀ ਸਮਾਜ ਵਿਚ ਸਾਹਿਤ ਨੂੰ ਆਪਣੀ ਜ਼ਿੰਦਗੀ ਵਿਚ ਸਭ ਤੋਂ ਅਹਿਮ ਸਥਾਨ ਦਿੱਤਾ ਜਾਂਦਾ ਹੈ। ਕਿਤਾਬਾਂ ਸਾਨੂੰ ਜਿਥੇ ਦੁਨੀਆ ਦੇ ਵਿਦਵਾਨਾਂ/ਬੁੱਧੀਜੀਵੀਆਂ ਦੇ ਤਜਰਬੇ ਅਤੇ ਦੇਸ਼ ਦੁਨੀਆ ਸਬੰਧੀ ਹਰ ਪੱਖ ਤੋਂ ਹਰ ਵਿਸ਼ੇ ‘ਤੇ ਭਰਪੂਰ ਗਿਆਨ ਦਿੰਦੀਆਂ ਹਨ ਉੱਥੇ ਜ਼ਿੰਦਗੀ ਜਿਊਣ ਦਾ ਢੰਗ ਵੀ ਦੱਸਦੀਆਂ ਹਨ। ਇਹੀ ਕਾਰਨ ਹੈ ਕਿ ਅੰਗਰੇਜ਼ੀ ਦੇ ਪ੍ਰਸਿੱਧ ਵਿਦਵਾਨ ਰਾਬਰਟ ਸਾਊਥੇ ਨੇ ਕਿਹਾ ਸੀ, ‘ਪੁਸਤਕਾਂ ਮੇਰੀਆਂ ਸਭ ਤੋਂ ਚੰਗੀਆਂ ਦੋਸਤ ਹਨ, ਜੋ ਹਮੇਸ਼ਾ ਦੁੱਖ ਵਿਚ ਮੈਨੂੰ ਸਹਾਰੇ ਦਾ ਅਤੇ ਦਰਦ ਵਿਚ ਅਰਾਮ ਦਾ ਅਹਿਸਾਸ ਕਰਾਉਂਦੀਆਂ ਹਨ।’

ਹੁਣ ਅਸੀਂ ਆਪਣੇ ਸਮਾਜ ਦੀ ਗੱਲ ਕਰੀਏ ਤਾਂ ਪੜ੍ਹਨ ਵਲੋਂ ਤਾਂ ਸਾਡਾ ਬਾਬਾ ਆਦਮ ਹੀ ਨਿਰਾਲਾ ਹੈ, ਕਿਉਂਕਿ ਅਸੀਂ ਆਪਣੀ ਪੜ੍ਹਨ ਵਾਲੀ ਰੁਚੀ ਨੂੰ ਪੈਦਾ ਹੀ ਨਹੀਂ ਹੋਣ ਦਿੰਦੇ। ਸਿੱਟੇ ਵਜੋਂ ਸਾਡੇ ਪੰਜਾਬੀ ਸੱਭਿਆਚਾਰ ਵਿਚ ਲਾਇਬ੍ਰੇਰੀਆਂ ਦੀ ਗਿਣਤੀ ਘੱਟ ਹੁੰਦੀ ਜਾ ਰਹੀ ਹੈ। ਇੱਥੇ ਪ੍ਰਸਿੱਧ ਲੇਖਕ ਸ: ਗੁਰਬਖਸ਼ ਸਿੰਘ ਪ੍ਰੀਤਲੜੀ ਵਲੋਂ ਸਮਾਜ ਦੀ ਇਸ ਹਾਲਤ ‘ਤੇ ਇਕ ਪ੍ਰਤੀਕਰਮ ਜ਼ਾਹਰ ਕਰਦਿਆਂ ਬੜੀ ਵਾਜਬ ਗੱਲ ਕਹੀ ਸੀ, ਉਨ੍ਹਾਂ ਲਿਖਿਆ, ‘ਕਾਨੂੰਨ, ਥਾਣੇ, ਅਦਾਲਤਾਂ, ਜੇਲ੍ਹਾਂ ਆਦਿ ਮਨੁੱਖ ਦੀ ਜਹਾਲਤ ਅਤੇ ਮੂਰਖਤਾ ਵਿਚੋਂ ਉਪਜੀਆਂ ਸੰਸਥਾਵਾਂ ਹਨ। ਸਹੀ ਅਰਥਾਂ ਵਿਚ ਸਮਾਜ ਉਦੋਂ ਉੱਨਤੀ ਕਰੇਗਾ ਜਦੋਂ ਅਦਾਲਤਾਂ, ਥਾਣਿਆਂ ਅਤੇ ਜੇਲ੍ਹਾਂ ਨਾਲੋਂ ਸਾਡੀਆਂ ਲਾਇਬ੍ਰੇਰੀਆਂ ਵੱਡੀਆਂ ਅਤੇ ਵਧੇਰੇ ਹੋਣਗੀਆਂ।’ ਹੁਣ ਲਾਇਬ੍ਰੇਰੀਆਂ ਤਾਂ ਹੀ ਜ਼ਿਆਦਾ ਹੋਣਗੀਆਂ ਜਦੋਂ ਪੜ੍ਹਨ ਵਾਲੇ ਵਧੇਰੇ ਹੋਣਗੇ। ਕਿਤਾਬਾਂ ਬਾਰੇ ਗੰਗਾਧਰ ਤਿਲਕ ਦੇ ਵਿਚਾਰ ਬੜੇ ਖੂਬ ਹਨ, ਉਹ ਕਹਿੰਦੇ ਹਨ, ‘ਮੈਂ ਨਰਕ ਵਿਚ ਵੀ ਚੰਗੀਆਂ ਪੁਸਤਕਾਂ ਦਾ ਸਵਾਗਤ ਕਰਾਂਗਾ, ਕਿਉਂਕਿ ਪੁਸਤਕਾਂ ਵਿਚ ਇਹ ਸ਼ਕਤੀ ਹੈ ਕਿ ਜਿੱਥੇ ਵੀ ਉਹ ਹੋਣਗੀਆਂ, ਉੱਥੇ ਹੀ ਸਵਰਗ ਬਣ ਜਾਏਗਾ।’ ਪਰ ਸਾਡੇ ਤਾਂ ਇੱਥੇ ਘਰਾਂ ਵਿਚ ਅਖ਼ਬਾਰਾਂ ਵੀ ਲੋਕ ਘੱਟ ਹੀ ਪੜ੍ਹਦੇ ਹਨ।

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਦੇਸ਼-ਵਿਦੇਸ਼ ਵਿੱਚ ਮੰਗਵਾਉਣ ਲਈ ਤੰਦ ਛੂਹੋ

ਸ਼ਾਇਦ ਇਸੇ ਕਰਕੇ ਲੋਕਾਂ ਦੇ ਵਿਚ ਪੁਸਤਕ ਪ੍ਰੇਮ ਪੈਦਾ ਕਰਨ ਲਈ ਇਕ ਖ਼ਾਸ ਦਿਨ ਮਿੱਥ ਲਿਆ ਗਿਆ। ਦੁਨੀਆ ਭਰ ਵਿਚ ਪੁਸਤਕ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਲਈ ਇਸ ਦਿਨ ਨੂੰ ਨਿਰਧਾਰਤ ਤੌਰ ‘ਤੇ ਮਨਾਉਣ ਦੀ ਸ਼ੁਰੂਆਤ 23 ਅਪ੍ਰੈਲ, 1995 ਤੋਂ ਯੂਨੈਸਕੋ ਵਲੋਂ ਕੀਤੀ ਗਈ ਸੀ ਅਤੇ ਇਸ ਨੂੰ ਵਿਸ਼ਵ ਪੁਸਤਕ ਦਿਵਸ ਜਾਂ ਪੁਸਤਕ ਪ੍ਰਕਾਸ਼ਨ ਅਧਿਕਾਰ ਦੇ ਤੌਰ ‘ਤੇ ਮਨਾਇਆ ਜਾਣ ਲੱਗ ਪਿਆ। ਪਹਿਲੀ ਵਾਰ ਪੁਸਤਕ ਦਿਹਾੜਾ 23 ਅਪ੍ਰੈਲ, 1923 ਨੂੰ ਸਪੇਨ ਵਿਚ ਮਨਾਇਆ ਗਿਆ ਸੀ। ਜਦ ਕਿ 1923 ਤੋਂ ਪਹਿਲਾਂ ਇਹ ਦਿਨ ਗੁਲਾਬ ਦਿਨ ਵਜੋਂ ਮਨਾਇਆ ਜਾਂਦਾ ਸੀ ਅਤੇ ਇਸ ਦਿਨ ਲੋਕ ਇਕ-ਦੂਜੇ ਨੂੰ ਗੁਲਾਬ ਦਾ ਫੁੱਲ ਦਿਆ ਕਰਦੇ ਸਨ, ਪਰ ਇਸੇ ਦਿਨ ਸਪੇਨ ਦੇ ਪ੍ਰਸਿੱਧ ਲੇਖਕ ਮਿਗੁਏਲ ਦੇ ਸਰਵਾਂਤੇਸ ਦੀ ਮੌਤ ਹੋ ਗਈ ਸੀ, ਜਿਸ ਕਰਕੇ ਇਹ ਦਿਨ ਸਪੇਨ ਦੇ ਲੋਕਾਂ ਨੇ ਸ਼ਰਧਾਂਜਲੀ ਦੇ ਰੂਪ ਵਿਚ ਇਕ-ਦੂਜੇ ਨੂੰ ਪੁਸਤਕਾਂ ਦੇ ਕੇ ਮਨਾਇਆ ਸੀ, ਜੋ ਕਿ ਵਿਸ਼ਵ ਭਰ ਵਿਚ ਪੁਸਤਕ ਦਿਵਸ ਮਨਾਉਣ ਦਾ ਪ੍ਰੇਰਨਾ ਸਰੋਤ ਬਣਿਆ। ਇਤਫਾਕ ਵੱਸ ਵੈਸੇ 23 ਅਪ੍ਰੈਲ ਦਾ ਦਿਨ ਵਿਸ਼ਵ ਸਾਹਿਤ ਦੇ ਖੇਤਰ ਵਿਚ ਕਈ ਮਹਾਨ ਲੇਖਕਾਂ ਦੇ ਜਨਮ ਅਤੇ ਮੌਤ ਦੇ ਦਿਨ ਨਾਲ ਵੀ ਸਬੰਧ ਰੱਖਦਾ ਹੈ। ਵਿਲੀਅਮ ਸ਼ੇਕਸਪੀਅਰ ਦਾ ਜਨਮ ਅਤੇ ਮੌਤ (1564-1616 ਈ:) ਵੀ ਇਸੇ ਦਿਨ ਹੋਈ ਸੀ। ਮਿਗੁਏਲ ਦੇ ਸਰਵਾਂਤੇਸ, ਪੇਰੂ ਦੇ ਇੰਕਾ ਗਾਰਸੀਲਾਸੋ ਡੀ ਲਾ ਵੇਗਾ (ਪ੍ਰਸਿੱਧ ਲੇਖਕ 23 ਅਪ੍ਰੈਲ, 1616), ਜੌਸੇਪ ਪਲਾ (ਸਪੇਨ ਦਾ ਪੱਤਰਕਾਰ ਅਤੇ ਲੇਖਕ 23 ਅਪ੍ਰੈਲ, 1981), ਪੀ.ਐੱਲ. ਟਰੇਵਰਸ (ਆਸਟ੍ਰੇਲੀਆ ਦੀ ਪ੍ਰਸਿੱਧ ਨਾਵਲਕਾਰ ਅਤੇ ਪੱਤਰਕਾਰ 23 ਅਪ੍ਰੈੱਲ, 1996) ਦੇ ਦਿਹਾਂਤ ਇਸ ਦਿਨ ਹੋਏ ਸਨ। ਮਾਰੀਸ ਦਰੂਓ (ਫਰਾਂਸੀਸੀ ਸਾਹਿਤਕਾਰ 23 ਅਪ੍ਰੈਲ, 1918), ਵਲਾਦੀਮੀਰ ਨਾਬੋਕੋਵ (ਰੂਸੀ ਅਮਰੀਕੀ ਨਾਵਲਾਕਾਰ), ਮੈਨੁਇਲ ਮੇਜ਼ੀਆ ਵਲੇਜ਼ੋ (ਕੋਲੰਬੀਆਈ ਪੱਤਰਕਾਰ ਅਤੇ ਲੇਖਕ 23 ਅਪ੍ਰੈਲ, 1923) ਅਤੇ ਹਾਲਦਾਰ ਲੈਕਸਨੈਸ (ਆਈਸਲੈਂਡ ਦਾ ਲੇਖਕ 23 ਅਪ੍ਰੈਲ, 1902) ਜਿਹੇ ਲੇਖਕਾਂ ਦਾ ਜਨਮ ਇਸੇ ਦਿਨ ਹੋਇਆ ਸੀ।

ਖ਼ੈਰ! ‘ਵਿਸ਼ਵ ਪੁਸਤਕ ਦਿਵਸ’ ਪੜ੍ਹਨ ਅਤੇ ਪੁਸਤਕ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਹੁਣ ਇਹ ਜਾਣਿਆ-ਪਛਾਣਿਆ ਦਿਵਸ ਬਣ ਗਿਆ ਹੈ। ਇਹ ਦਿਨ ਇਕ ਸੌ ਤੋਂ ਵੱਧ ਦੇਸ਼ਾਂ ਵਿਚ ਮਨਾਇਆ ਜਾਂਦਾ ਹੈ। ਇਸ ਮੌਕੇ ਯੂਨੈਸਕੋ ਵਲੋਂ ਹਰ ਸਾਲ ਵਿਸ਼ਵ ਦੇ ਕਿਸੇ ਇਕ ਦੇਸ਼ ਦੇ ਸ਼ਹਿਰ ਨੂੰ ‘ਯੂਨੈਸਕੋ ਵਿਸ਼ਵ ਪੁਸਤਕ ਰਾਜਧਾਨੀ’ ਦਾ ਦਰਜਾ ਪ੍ਰਦਾਨ ਕੀਤਾ ਜਾਂਦਾ ਹੈ। ਉਹ ਸ਼ਹਿਰ ਉਸ ਵਿਸ਼ੇਸ਼ ਸਾਲ, ਜੋ 23 ਅਪ੍ਰੈਲ ਤੋਂ ਅਗਲੇ ਸਾਲ 22 ਅਪ੍ਰੈਲ ਤੱਕ ਹੁੰਦਾ ਹੈ। ਭਾਰਤ ਦੀ ਰਾਜਧਾਨੀ ਦਿੱਲੀ ਸ਼ਹਿਰ ਨੂੰ ਸਾਲ 2005 ਵਿਚ ਵਿਸ਼ਵ ਪੁਸਤਕ ਰਾਜਧਾਨੀ ਬਣਨ ਦਾ ਮਾਣ ਪ੍ਰਾਪਤ ਹੋਇਆ ਸੀ। ਦੋਸਤੋ! ਚੰਗੀ ਕਿਤਾਬ ਰੂਹ ਦੀ ਖੁਰਾਕ ਹੁੰਦੀ ਹੈ। ਭਾਵੇਂ ਕਿ ਅੱਜਕੱਲ੍ਹ ਇੰਟਰਨੈੱਟ ਦੇ ਜ਼ਮਾਨੇ ਵਿਚ ਹਰ ਵਿਸ਼ੇ ‘ਤੇ ਜਾਣਕਾਰੀ ਪ੍ਰਾਪਤ ਕਰਨਾ ਬੜਾ ਸੌਖਾ ਹੋ ਗਿਆ ਹੈ, ਪਰ ਇਸ ਦੇ ਬਾਵਜੂਦ ਪੁਸਤਕ ਪੜ੍ਹਨ ਦਾ ਇਕ ਆਪਣਾ ਹੀ ਸੁਆਦ ਹੈ। ਇਸ ਲਈ ਆਉ! 23 ਅਪ੍ਰੈਲ ਦੇ ਦਿਨ ਕੋਈ ਵੀ ਨਾਵਲ, ਕਹਾਣੀ, ਕਵਿਤਾ, ਨਾਟਕ ਜਾਂ ਆਪਣੀ ਪਸੰਦ ਦੇ ਕਿਸੇ ਵਿਸ਼ੇ ਦੀ ਕੋਈ ਇਕ ਪੁਸਤਕ ਖਰੀਦ ਕੇ ਪੜ੍ਹਨਾ ਸ਼ੁਰੂ ਕਰੀਏ।

ਰਤਨ ਇੰਸਟੀਚਿਊਟ, ਸੁਲਤਾਨਵਿੰਡ ਰੋਡ, ਅੰਮ੍ਰਿਤਸਰ।
ਮੋ: 98150-24920

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: