ਖੇਤੀਬਾੜੀ » ਲੇਖ

ਘੱਟੋ ਘੱਟ ਸਮਰਥਨ ਮੁੱਲ (MSP) ਬਨਾਮ ਵੱਧ ਤੋਂ ਵੱਧ ਵਿਕਰੀ ਮੁੱਲ (MRP)

October 30, 2020 | By

ਇੰਡੀਆ ਵਿੱਚ ਕਿਸਾਨੀ ਮੁੜ ਤੋਂ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਤੇ ਖਾਸ ਕਰਕੇ ਪੰਜਾਬ ਦੀ ਕਿਸਾਨੀ। ਹਾਲਾਂ ਕਿ ਕਿਸਾਨੀ ਦੇ ਕੁਝ ਮਸਲੇ ਸਾਰੇ ਮੁਲਕ ਵਿਚ ਕਰੀਬ ਕਰੀਬ ਇਕੋ ਜਿਹੇ ਹਨ ਪਰ ਫੇਰ ਵੀ ਕੁਝ ਬਹੁਤ ਡੂੰਘੇ ਗੁੱਝੇ ਤੇ ਜਰੂਰੀ ਨੁਕਤੇ ਹਨ ਜਿਨ੍ਹਾਂ ਕਰਕੇ ਪੰਜਾਬ ਦੀ ਕਿਸਾਨੀ ਬਾਕੀ ਇੰਡੀਆ ਦੀ ਕਿਸਾਨੀ ਨਾਲੋਂ ਕੁਝ ਵੱਖਰੀ ਹੈ। ਸ਼ਾਇਦ ਇਹੋ ਕਾਰਨ ਹੈ ਕਿ ਮੌਜੂਦਾ ਸੰਘਰਸ਼ ਵਿੱਚ ਸਿਰਫ ਤੇ ਸਿਰਫ ਪੰਜਾਬ ਦੇ ਕਿਸਾਨ ਮਜਦੂਰ ਹੀ ਲਡ਼ਦੇ ਦਿਸ ਰਹੇ ਹਨ।

ਇਹ ਤਾਂ ਨਹੀ ਕਹਿ ਸਕਦਾ ਕਿ ਮੈ ਕਿਸਾਨੀ ਨਾਲ ਕਿਸੇ ਪਾਸਿਓਂ ਵੀ ਜੁੜਿਆ ਨਹੀ ਹਾਂ ਕਿਉਂਕਿ ਕਿਸਾਨੀ ਨਾਲ ਹਰ ਕੋਈ ਜੁੜਿਆ ਹੋਇਆ ਹੈ। ਉਹ ਵੀ ਜੁੜੇ ਹੋਏ ਹਨ ਜਿਹੜੇ ਕਿ ਕਿਸੇ ਵੀ ਤਰੀਕੇ ਜੁੜੇ ਲੱਗ ਨਹੀ ਰਹੇ ਜਾਂ ਮੰਨ ਨਹੀ ਰਹੇ। ਸੋ ਇਸ ਤਰੀਕੇ ਹਰ ਇਕ ਉਤੇ ਇਹ ਫਰਜ ਆਇਦ ਹੈ ਕਿ ਉਹ ਇਸ ਘੋਲ ਵਿੱਚ ਆਪਣਾ ਬਣਦਾ ਤਿਲ ਫੁਲ ਯੋਗਦਾਨ ਪਾਵੇ।

ਮੇਰੇ ਨਿੱਜ ਉੱਤੇ ਇਹ ਫਰਜ ਦੂਹਰਾ ਤੀਹਰਾ ਹੋ ਕੇ ਆਇਦ ਹੁੰਦਾ ਹੈ। ਪਹਿਲਾ ਇਸ ਗੱਲੋਂ ਕਿ ਮੈ ਨਾ ਸਹੀ ਪਰ ਮੇਰੇ ਪੁਰਖੇ ਖੇਤੀ ਕਰਦੇ ਰਹੇ ਹਨ। ਦੂਜਾ ਇਸ ਕਰ ਕਿ ਵਡੇਰਿਆਂ ਨੇ ਇਸ ਕਿੱਤੇ ਨੂੰ ਉੱਤਮ, ਵਪਾਰ ਨੂੰ ਮੱਧਮ ਤੇ ਨੌਕਰੀ ਨੂੰ ਨਖਿੱਧ ਮੰਨਿਆ ਹੈ। ਮੈ ਵੀ ਮੰਨਦਾਂ।

ਬਾਕੀ ਨੁਕਤਿਆਂ ਨੂੰ ਛੱਡ ਮੈ ਹਾਲ ਦੀ ਘੜੀ ਆਪਣੀ ਇਸ ਗੱਲ ਨੂੰ ਐਮ ਐਸ ਪੀ ਜਣੀ ਘੱਟੋ ਘੱਟ ਸਮਰਥਨ ਮੁੱਲ ਅਤੇ ਐਮ ਆਰ ਪੀ ਜਣੀ ਵੱਧ ਤੋਂ ਵੱਧ ਵਿਕਰੀ ਮੁੱਲ ਤੱਕ ਸੀਮਤ ਰੱਖਾਂਗਾ।

ਜਿਥੇ ਕਿ ਬਹੁਤੀਆਂ ਸਿਆਸੀ ਜਮਾਤਾਂ ਅਤੇ ਕੁਝ ਕੁ ਕਿਸਾਨ ਹਤੈਸ਼ੀ ਕਹਾਉੰਦੀਆਂ ਜਥੇਬੰਦੀਆਂ ਜਾਣੇ ਅਨਜਾਣੇ ਆਪਣੇ ਸਾਰੇ ਘੋਲ ਨੂੰ  ਘੱਟੋ ਘੱਟ ਸਮਰਥਨ ਮੁੱਲ (ਐਮ ਐਸ ਪੀ) ਦੇ ਦੁਆਲੇ ਹੀ ਲੜ ਰਹੇ ਹਨ ਉਥੇ ਬਹੁਤ ਸਾਰੇ ਸੂਝਵਾਨ ਮਾਹਰਾਂ ਨੇ ਇਸ ਨੁਕਤੇ ਨੂੰ ਅਧੂਰਾ ਮੰਨਿਆ ਹੈ ਤੇ ਐਲਾਨੀਆ ਕਿਹਾ ਹੈ ਕਿ ਕੇਵਲ ਏਸ ਇੱਕ ਗੱਲ ਨਾਲ ਕਿਸਾਨੀ ਦੇ ਰੋਗ ਦੂਰ ਨਹੀਂ ਹੋ ਸਕਦੇ।

ਇਸ ਬਾਬਤ ਪਹਿਲਾ ਨੁਕਤਾ ਇਹੋ ਹੈ ਕਿ ਖੇਤੀ ਉਪਜਾਂ ਹੀ ਇਕ ਇਹੋ ਜਿਹੀਆਂ ਸ਼ੈਆਂ ਹਨ ਜਿਨ੍ਹਾਂ ਲਈ ਕਿ ਘੱਟੋ ਘੱਟ ਸਮਰਥਨ ਮੁੱਲ ਉਤੇ ਵੇਚਣ ਦੇ ਨਿਯਮ ਬਣੇ ਹਨ। ਦੂਜੇ ਪਾਸੇ ਖੇਤੀ ਉਪਜਾਂ ਤੋਂ ਛੁੱਟ ਹਰ ਇੱਕ ਸ਼ੈਅ ਵੱਧ ਤੋਂ ਵੱਧ ਵਿਕਰੀ ਮੁੱਲ ਉਤੇ ਜਣੀ ਕਿ ਐਮ ਆਰ ਪੀ ਉਤੇ ਵਿਕਦੀ ਹੈ।

ਹੁਣ ਇਸ ਨੁਕਤੇ ਨੂੰ ਇਕ ਪੱਧਰ ਹੋਰ ਡੂੰਘਾ ਜਾ ਕੇ ਵਾਚਿਆ ਜਾਵੇ ਤਾਂ ਕਿਸਾਨਾਂ ਨੂੰ ਬਹੁਤ ਵਧੀਆ ਤਰੀਕੇ ਪਤਾ ਹੈ ਕਿ ਘੱਟੋ ਘੱਟ ਸਮਰਥਨ ਮੁੱਲ (ਐਮ ਐਸ ਪੀ) ਹੋਣ ਦੇ ਬਾਵਜੂਦ ਉਨ੍ਹਾਂ ਦੀ ਉਪਜ ਇਸ ਤੋਂ ਵੀ ਕਿਤੇ ਘੱਟ ਮੁੱਲ ਤੇ ਵੇਚਣ ਲਈ ਉਹ ਮਜਬੂਰ ਹੁੰਦੇ ਹਨ ਤੇ ਦੂਜੇ ਪਾਸੇ ਬਹੁਤ ਸਾਰੀਆਂ ਸ਼ੈਆਂ ਅਜਿਹੀਆਂ ਹਨ ਜੋ ਕਿ ਉਨ੍ਹਾਂ ਦਾ ਵੱਧ ਤੋਂ ਵੱਧ ਵਿਕਰੀ ਮੁੱਲ (ਐਮ ਆਰ ਪੀ) ਨਿਯਤ ਹੋਣ ਤੇ ਉਤੇ ਛਪੇ ਹੋਣ ਦੇ ਬਾਵਜੂਦ ਉਸ ਤੋਂ ਵੀ ਵੱਧ ਮੁੱਲ ਉਤੇ ਸਰੇ ਆਮ ਵਿਕਦੀਆਂ ਹਨ। ਇਸ ਖਿੱਤੇ ਦੇ ਸਭ ਤੋਂ ਵੱਡੇ ਕਾਰੋਬਾਰ ਸ਼ਰਾਬ ਦੀ ਉਦਾਹਰਣ ਪਰਤੱਖ ਹੈ ਜੋ ਕਿ ਉਸ ਉਤੇ ਲਿਖੇ ਵਧ ਤੋਂ ਵਧ ਨਿਕਲ ਵਿਕਰੀ ਮੁੱਲ ਤੋਂ ਵੀ ਵੱਧ ਹਰ ਥਾਂ ਵਿਕਦੀ ਹੈ। ਜਦ ਕਿ ਖੇਤੀ ਜਿਣਸਾਂ ਦੇ ਸਮਰਥਨ ਮੁੱਲ ਤੋਂ ਅੱਧੇ ਤੋਂ ਵੀ ਘੱਟ ਮੁੱਲ ਤੇ ਵੇਚਣ ਦੀਆਂ ਖਬਰਾਂ ਆਮ ਛਪਦੀਆਂ ਰਹਿੰਦੀਆਂ ਹਨ।

ਜਿਥੇ ਹੁਣ ਸਿਆਸੀ ਜਮਾਤਾਂ ਸਾਰੀ ਖੇਡ ਨੂੰ ਐਮਐਸਪੀ ਦੁਆਲੇ ਖੇਡ ਕੇ ਬੁੱਤਾ ਸਾਰ ਰਹੀਆਂ ਹਨ ਤੇ ਆਪਣੇ ਪੱਧਰ ਤੇ ਮਤੇ ਪਾ ਕੇ ਐਮ ਐਸ ਪੀ ਨੂੰ ਆਪਣੇ ਪੱਧਰ ਤੇ ਲਾਗੂ ਕਰਨ ਦੇ ਕਨੂੰਨ ਬਣਾ ਰਹੀਆਂ ਹਨ ਉਥੇ ਇਹ ਜਿਕਰਯੋਗ ਹੈ ਕਿ ਇਸ ਐਮ ਐਸ ਪੀ ਭਾਵ ਘੱਟੋ ਘੱਟ ਸਮਰਥਨ ਮੁੱਲ ਉਤੇ ਖਰੀਦ ਲਈ ਜਿੰਮੇਵਾਰ ਅਦਾਰਿਆਂ ਦੀ ਨਕੇਲ ਕੇਂਦਰ ਹੱਥ ਹੁੰਦੀ ਹੈ।

ਇਹ ਸਾਰੀ ਖੇਡ ਇਸ ਮਨੋਵਿਗਿਆਨ ਦੁਆਲੇ ਹੀ ਘੁੰਮਦੀ ਹੈ ਕਿ ਕਿਸੇ ਵੀ ਸ਼ੈਅ ਦੇ ਤੈਅ ਮੁੱਲ ਚਾਹੇ ਕਿ ਉਹ ਐਮ ਐਸ ਪੀ ਹੋਵੇ ਤੇ ਚਾਹੇ  ਉਹ ਐਮ ਆਰ ਪੀ ਕਿਸੇ ਬੰਦੇ ਨੂੰ ਉਸ ਨਿਯਤ ਮੂੱਲ ਤੋਂ ਵਧ ਪੈਸੇ ਦੇਣੇ ਔਖੇ ਲੱਗਦੇ ਹਨ। ਹੁਣ ਇਸ ਮਨੋਵਿਗਿਆਨ ਨੂੰ ਸਮਝਣ ਲਈ ਤੁਸੀਂ ਆਪਣੇ ਆਪ ਨੂੰ ਵਪਾਰੀ ਸਮਝ ਕੇ ਕਿਸਾਨ ਦੀ ਉਪਜ ਸਰਕਾਰ ਵੱਲੋਂ ਨੀਯਤ ਐਮ ਐਸ ਪੀ ਤੋਂ ਵੱਧ ਮੁੱਲ ਦੇ ਕੇ ਖਰੀਦਣ ਬਾਰੇ ਸੋਚ ਕੇ ਵੇਖੋ। ਇਸ ਗੱਲ ਦਾ ਕਿਆਸ ਤੱਕ ਨਹੀ ਕੀਤਾ ਜਾ ਸਕਦਾ ਕਿ ਕਦੇ ਕਿਸਾਨੀ ਉਪਜ ਐਮ ਐਸ ਪੀ ਮੁੱਲ ਤੋਂ ਵੱਧ ਵਿਕ ਵੀ ਸਕਦੀ ਹੈ ਤੇ ਦੂਜੇ ਪਾਸੇ ਐਮ ਆਰ ਪੀ ਤੋਂ ਜਦ ਕਿਸੇ ਨੂੰ ਕੋਈ ਸ਼ੈਅ ਭੋਰਾ ਘਟ ਵੀ ਮਿਲ ਜਾਵੇ ਤਾਂ ਉਹ ਜਿੱਤਿਆ ਮਹਿਸੂਸ ਕਰਦਾ ਹੈ ਭਾਂਵੇ ਉਹ ਮੁੱਲ ਦਿੱਤੀ ਰਿਆਇਤ ਤੋਂ ਬਾਅਦ ਵੀ ਕਿੰਨਾ ਹੀ ਮਹਿੰਗਾ ਕਿਉਂ ਨਾ ਹੋਵੇ। ਵੱਧ ਤੋਂ ਵੱਧ ਵਿਕਰੀ ਮੁੱਲ ਤੈਅ ਹੀ ਇਸ ਤਰੀਕੇ ਕੀਤਾ ਜਾਂਦਾ ਹੈ ਕਿ ਜੇ ਉਹ ਘੱਟ ਮੁੱਲ ਤੇ ਵੀ ਵੇਚਣੀ ਪਵੇ ਤਾਂ ਵੀ ਵੇਚਣ ਵਾਲਾ ਪੈਦਾ ਕਰਨ ਵਾਲਾ ਅਤੇ ਸਾਰੇ ਵਿਚੋਲਿਆਂ ਦੀ ਲੜੀ ਲਾਹੇ ਵਿੱਚ ਹੀ ਰਹੇ।

 ਕੱਪੜਿਆਂ ਜੁੱਤੀਆਂ ਅਤੇ ਇਸ ਕਿਸਮ ਦੇ ਕਹਿੰਦੇ ਕਹਾਉਂਦੇ ਮਾਅਰਕਿਆਂ ਦੇ ਸਾਜੋ ਸਮਾਨ ਨੂੰ ਅੱਧ ਮੁੱਲ ਉਤੇ ਜਾਂ ਇਸ ਤੋਂ ਵੀ ਘੱਟ ਮੁੱਲ ਉਤੇ ਵਿਕਦਾ ਆਮ ਵੇਖਿਆ ਜਾ ਸਕਦਾ ਹੈ ਤੇ ਇਸ ਗੱਲ ਤੋਂ ਇਹ ਅੰਦਾਜਾ ਸਹਿਜੇ ਹੀ ਲਾਇਆ ਜਾ ਸਕਦਾ ਹੈ ਕਿ ਉਨ੍ਹਾਂ ਦਾ ਵੱਧ ਤੋਂ ਵੱਧ ਵਿਕਰੀ ਮੁੱਲ ਕਿੰਨੇ ਵੱਡੇ ਮੁਨਾਫੇ ਨੂੰ ਵਿੱਚ ਜੋੜ ਕੇ ਨੀਯਤ ਕੀਤਾ ਹੋਇਆ ਹੈ। ਭੋਰਾ ਛੋਟੇ ਪਰ ਨਾਮੀ ਮਾਅਰਕਿਆਂ ਦੀਆਂ ਕੱਪਡ਼ਿਆਂ ਜੁੱਤੀਆਂ ਦੀਆਂ ਹੱਟੀਆਂ ਹਰ ਨਿੱਕੇ ਮੋਟੇ ਸ਼ਹਿਰ ਕਸਬੇ ਵਿੱਚ ਖੁੱਲ੍ਹ ਗਈਆਂ ਹਨ ਜਿੱਥੇ ਕਿ ਇਹ ਐਮ ਆਰ ਪੀ ਤੋਂ ਅੱਸੀ ਫੀਸਦੀ ਰਿਆਇਤ ਤੱਕ ਤੇ ਵਿਕਦੀਆਂ ਹਨ ਤੇ ਫੇਰ ਵੀ ਬਣਾਉਣ ਵਾਲੇ ਤੋਂ ਲੈ ਕੇ ਵੇਚਣ ਵਾਲਿਆਂ ਤਕ ਅਤੇ ਵਿਚਲੇ ਸਾਰੇ ਵਿਚੋਲਿਆਂ ਦੀ ਜੇਬ ਦੇ ਵਿੱਚ ਕੁਝ ਨਾ ਕੁਝ ਪਾਉਂਦੀਆਂ ਹਨ।

ਵੱਧ ਤੋਂ ਵੱਧ ਵਿਕਰੀ ਮੁੱਲ ਤੋਂ ਉਤੇ ਕਿਸੇ ਸ਼ੈਅ ਨੂੰ ਵੇਚਣਾ ਕਾਨੂੰਨਨ ਅਪਰਾਧ ਹੈ ਪਰ ਫੇਰ ਵੀ ਵਿਕਦੀਆਂ ਹਨ ਪਰ ਘੱਟ ਤੋਂ ਘੱਟ ਸਮਰਥਨ ਮੁੱਲ ਤੋਂ ਵੀ ਘੱਟ ਮੁੱਲ ਉਤੇ ਉਤੇ ਕਿਸੇ ਸ਼ੈਅ ਨੂੰ ਖਰੀਦਣਾ ਕੋਈ ਗੁਨਾਹ ਨਹੀ ਹੈ ਤੇ ਹੀ ਇਹ ਆਮ ਤੌਰ ਉਤੇ ਘੱਟ ਮੁੱਲ ਉਤੇ ਤੇ ਬਹੁਤੀ ਵੇਰ ਉਸ ਤੋਂ ਵੀ ਘੱਟ ਮੁੱਲ ਤੇ ਹੀ ਖਰੀਦੀਆਂ ਜਾਂਦੀਆਂ ਹਨ।

ਅੰਨ ਦਾਤੇ ਦੀ ਬਰਬਾਦੀ ਅਤੇ ਖ਼ੁਸ਼ਹਾਲੀ ਇਸ ਐਮ ਐਸ ਪੀ ਅਤੇ ਐਮ ਆਰ ਪੀ ਵਿਚਲੇ ਪਾੜੇ ਵਿਚਲੀਆਂ ਗਿਣਤੀਆਂ ਮਿਣਤੀਆਂ ਵਿਚੋਂ ਸਮਝੀ ਜਾ ਸਕਦੀ ਹੈ। ਪਰ ਇਹ ਇਸ ਸਾਰੇ ਕਾਸੇ ਦਾ ਇੱਕ ਛੋਟਾ ਜਿਹਾ ਨੁਕਤਾ ਮਾਤਰ ਹੀ ਹੈ ਪਰ ਹੁਕਮਰਾਨਾਂ ਦੀ ਨੀਤੀ ਤੇ ਨੀਅਤ ਨੂੰ ਸਮਝਣ ਲਈ ਲਾਹੇਵੰਦ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,