ਚੋਣਵੀਆਂ ਲਿਖਤਾਂ » ਲੇਖ

ਸਾਕਾ ਸਰਹੰਦ ( ਲੇਖਕ: ਇਕਵਾਲ ਸਿੰਘ ਪੱਟੀ )

December 27, 2018 | By

ਲੜਨਾ ਕੌਮ ਖਾਤਰ, ਮਰਨਾ ਕੌਮ ਖਾਤਰ,
ਜਿਸ ਕੌਮ ਦੀਆਂ ਮੁੱਢ ਤੋਂ ਆਦਤਾਂ ਨੇ।
ਉਹ ਕੌਮ ਮਰਜੀਵੜੇ ਕਰੇ ਪੈਦਾ,
ਉਹਨੂੰ ਲਾਉਂਦੀਆਂ ਰੰਗ ਸ਼ਹਾਦਤਾਂ ਨੇ।

ਸੰਸਾਰ ਵਿਚ ਉਹ ਕੌਮਾਂ ਕਦੇ ਵੀ ਜਿੰਦਾ ਨਹੀਂ ਰਹਿ ਸਕਦੀਆਂ, ਜਿੰਨ੍ਹਾ ਕੌਮਾਂ ਵਿੱਚ ਕੁਰਬਾਨੀ ਦਾ ਜਜ਼ਬਾ ਨਾ ਹੋਵੇ। ਜਿੰਨ੍ਹਾਂ ਕੌਮਾਂ ਕੋਲ ਕੁਰਬਾਨੀਆਂ ਹੋਇਆ ਕਰਦੀਆਂ ਹਨ, ਉਹ ਕੌਮਾਂ ਸੰਸਾਰ ਅੰਦਰ ਸੂਰਜ ਦੀ ਤਰ੍ਹਾਂ ਚਮਕਦੀਆਂ ਹਨ। ਸੰਸਾਰ ਵਿੱਚ ਸਿੱਖ ਕੌਮ ਦੂਜੀਆਂ ਕੌਮਾਂ ਨਾਲੋਂ ਵੱਖਰੀ ਹੈ ਕਿਉਂਕਿ ਸਿੱਖ ਕੌਮ ਕੋਲ ਕੁਰਬਾਨੀ ਭਰੇ ਉਹ ਸਾਕੇ ਹਨ, ਜਿੰਨ੍ਹਾਂ ਦੀ ਮਿਸਾਲ ਸੰਸਾਰ ਦੇ ਇਤਿਹਾਸ ਵਿੱਚ ਕਿਧਰੇ ਨਹੀਂ ਮਿਲਦੀ। ਇਨ੍ਹਾਂ ਵਿੱਚ ਕੇਵਲ 6 ਅਤੇ 8 ਸਾਲ ਦੀਆਂ ਉਹ ਮਹਾਨ ਆਤਮਾਵਾਂ ਨੇ ਵਜ਼ੀਰ ਖਾਂ ਦੀ ਕਚਹਿਰੀ ਵਿੱਚ ਅਣਖ ਅਤੇ ਗੈਰਤ ਦਾ ਅਜਿਹਾ ਸਬੂਤ ਦਿੱਤਾ ਜਿਸਦੀ ਮਿਸਾਲ ਦੁਨੀਆਂ ਦੇ ਇਤਿਹਾਸ ਵਿੱਚ ਕਿਧਰੇ ਵੀ ਵੇਖਣ ਨੂੰ ਨਹੀਂ ਮਿਲਦੀ। ਅੱਜ ਵੀ ਇਸ ਸਾਕੇ ਤੋਂ ਰੋਸ਼ਨੀ ਲੈ ਕੇ ਗੁਰੂ ਨਾਨਕ ਨਾਮ ਲੇਵਾ ਸਿੱਖ ਜਿਥੇ ਵੀ ਵੱਸਦਾ ਹੈ, ਆਪਣੇ ਧਰਮ ਲਈ, ਮਾਨਵਤਾ ਦੇ ਲਈ ਮਰ ਮਿਟਣ ਲਈ ਹਮੇਸ਼ਾਂ ਤਿਆਰ ਰਹਿੰਦਾ ਹੈ।

ਗੱਲ ਉਸ ਸਮੇਂ ਦੀ ਹੈ ਜਦੋਂ ਪਹਾੜੀ ਰਾਜਿਆਂ ਨੇ ਸ੍ਰੀ ਆਨੰਦਪੁਰ ਸਾਹਿਬ ਜੀ ਨੂੰ ਘੇਰਾ ਪਾ ਲਿਆ ਅਤੇ 6-7 ਮਹੀਨੇ ਘੇਰਾ ਜਾਰੀ ਰਿਹਾ। ਫਿਰ ਦੁਸ਼ਮਣਾਂ ਨੇ ਸਤਿਗੁਰੂ ਜੀ ਕੋਲ ਝੂਠੀਆਂ ਕਸਮਾਂ ਖਾਧੀਆਂ ਕਿ ਆਪ ਜੀ ਕਿਲ੍ਹੇ ਨੂੰ ਖਾਲੀ ਕਰ ਦੇਵੋ ਅਸੀਂ ਆਪ ਜੀ ਨੂੰ ਕੁਝ ਨਹੀਂ ਕਹਾਂਗੇ। ਅਤੇ ਗੁਰੂ ਸਾਹਿਬ ਨੇ ਸਰਬੱਤ ਦੇ ਭਲੇ ਅਤੇ ਮਨੁੱਖਤਾ ਦੀ ਭਲਾਈ ਲਈ ਸ੍ਰੀ ਆਨੰਦਪੁਰ ਸਾਹਿਬ ਨੂੰ ਛੱਡਿਆ ਅਤੇ ਅਜੇ ਕੁਝ ਦੂਰ ਹੀ ਗਏ ਸਨ ਕਿ ਦੁਸ਼ਮਣਾਂ ਦੇ ਟਿੱਡੀ ਦਲ ਨੇ ਖਾਧੀਆਂ ਹੋਈਆਂ ਕਸਮਾਂ ਨੂੰ ਛਿੱਕੇ ਤੇ ਟੰਗਦਿਆਂ ਸਿੱਖਾਂ ਉਪਰ ਹਮਲਾ ਬੋਲ ਦਿੱਤਾ। ਅੱਗੇ ਸਿਰਸਾ ਨਦੀ ਵੀ ਚੜ੍ਹੀ ਹੋਈ ਸੀ। ਮੈਦਾਨ-ਏ-ਜੰਗ ਵਿਚ ਸਰਸਾ ਦੇ ਕੰਢੇ ਤੋਂ ਜਦੋਂ ਸਾਹਿਬੇ ਕਮਾਲ ਚੋਜੀ ਪ੍ਰੀਤਮ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ। ਇੱਥੇ ਇੱਕ ਗੱਲ ਜ਼ਰੂਰ ਨੋਟ ਕਰਨੀ ਕਿ “ਜੇ ਗੁਰੂ ਪਾਤਸ਼ਾਹ ਚਾਹੁੰਦੇ ਤਾਂ ਇਥੇ ਵੀ ਆਪਣੇ ਪਰਿਵਾਰ ਨੂੰ ਬਚਾ ਕੇ ਰੱਖ ਸਕਦੇ ਹਨ ?” ਬਿਲਕੁਲ ਰੱਖ ਸਕਦੇ ਸਨ ਪਰ ਸੰਸਾਰ ਨੂੰ ਇੱਕ ਮਿਸਾਲ ਦੇਣੀ ਸੀ ਕਿ ਗੁਰੂ ਦਾ ਸਿੱਖ ਭਾਵੇਂ 6 ਅਤੇ 8 ਦੀ ਉਮਰ ਦਾ ਹੋਵੇ, ਭਾਵੇਂ ਉਹ ਬੁੱਢੜੀ ਮਾਤਾ, ਬਿਰਧ ਹੋਵੇ, ਭਾਵੇਂ ਗੁਰੂ ਕੇ ਮਹਿਲ ਹੋਣ ਜਾਂ ਗੁਰੂ ਪਾਤਸ਼ਾਹ ਆਪ ਹੋਣ ਜਾਂ ਫਿਰ ਭਾਂਵੇ ਗਿਣਤੀ ਦੇ ਭੁੱਖੇ-ਭਾਣੇ 40 ਸਿੰਘ ਹੋਣ ਸਿੱਖੀ ਸਿਧਾਂਤ ਵਾਸਤੇ ਜੂਝ ਕੇ ਮਰਨਾ ਪਵੇਗਾ।

ਜਦ ਪਰਿਵਾਰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਅਤੇ ਫਿਰ ਕਦੇ ਵੀ ਮੇਲ ਨਾ ਹੋ ਸਕਿਆ। ਤਾਂ ਪਰਿਵਾਰ ਨਾਲੋਂ ਵੱਖ ਹੋਏ ਛੋਟੇ ਸਾਹਿਬਜ਼ਾਦਿਆਂ ਨੂੰ ਗੰਗੂ ਬ੍ਰਾਹਮਣ (ਜੋ 20-22 ਸਾਲ ਦੇ ਕਰੀਬ ਗੁਰੂ ਘਰ ਦਾ ਨੌਕਰ ਵੀ ਰਹਿ ਚੁੱਕਾ ਸੀ) ਆਪਣੇ ਪਿੰਡ ਲੈ ਗਿਆ ਅਤੇ ਲਾਲਚ ਵੱਸ ਆ ਕੇ ਛੋਟੇ ਸਾਹਿਬਜ਼ਾਦਿਆਂ ਦੀ ਸੂਹ ਮੋਰਿੰਡੇ ਦੇ ਥਾਣੇ ਵਿੱਚ ਜਾ ਕੇ ਸਮੇਂ ਦੀ ਜ਼ਾਲਮ ਸਰਕਾਰ ਨੂੰ ਦਿੱਤੀ। ਕਿ ਬਾਗੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਅਤੇ ਲਾਲ ਮੇਰੇ ਘਰ ਵਿੱਚ ਹਨ। ਤੁੁਸੀਂ ਉਹਨਾਂ ਨੂੰ ਗ੍ਰਿਫਤਾਰ ਕਰ ਲਵੋ ਅਤੇ ਸੂਹ ਦੇਣ ਬਦਲੇ ਰੱਖਿਆ ਇਨਾਮ ਮੈਨੂੰ ਦੇ ਦੇਵੋ। ਜਿਸ ਦੀ ਬਦੌਲਤ ਮਾਤਾ ਗੁਜਰੀ ਜੀ ਅਤੇ ਮਾਸੂਮ ਜਿੰਦਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਹ 21-22 ਦਸੰਬਰ ਦੀ ਠੰਡੀ ਰਾਤ ਸੀ ਜਦ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਨੂੰ ਠੰਡੇ ਬੁਰਜ ਅੰਦਰ ਕੈਦ ਕੀਤਾ ਗਿਆ ਸੀ।

ਜਦੋਂ ਅਗਲੇ ਦਿਨ ਮਾਸੂਮ ਜਿੰਦਾਂ ਨੂੰ ਵਜ਼ੀਰ ਖਾਂ ਦੀ ਕਚਹਿਰੀ ਅੰਦਰ ਪੇਸ਼ ਕੀਤਾ ਜਾਣ ਲੱਗਾ ਤਾਂ ਉਸ ਵਜ਼ੀਰ ਖਾਂ ਨੇ ਸ਼ਰਾਰਤ ਨਾਲ ਕਿਲ੍ਹੇ ਦਾ ਵੱਡਾ ਦਰਵਾਜ਼ਾ ਬੰਦ ਕਰਵਾ ਦਿੱਤਾ ਅਤੇ ਛੋਟੀ ਖਿੜਕੀ ਖੋਲ਼੍ਹ ਦਿੱਤੀ ਤਾਂ ਕਿ ਜਦ ਛੋਟੇ ਸਾਹਿਬਜ਼ਾਦੇ ਅੰਦਰ ਆਉਣਗੇ ਤਾਂ ਉਹਨਾਂ ਦਾ ਸੀਸ ਝੁਕ ਜਾਵੇਗਾ ਅਤੇ ਅਸੀਂ ਤਾੜੀ ਮਾਰ ਕੇ ਆਖਾਂਗੇ ਕਿ “ਗੁਰੂ ਦਾ ਸਿੱਖ ਝੁਕ ਗਿਆ।” ਪਰ, ਇਸਦੇ ਉਲਟ ਜਦ ਸਾਹਿਬਜ਼ਾਦੇ ਅੰਦਰ ਪ੍ਰਵੇਸ਼ ਕਰਨ ਲੱਗੇ ਤਾਂ ਪਹਿਲਾਂ ਖਿੜਕੀ ਰਾਹੀਂ ਆਪਣੇ ਪੈਰ ਰੱਖੇ ਫਿਰ ਸੀਸ ਅਤੇ ਛਾਤੀ ਤਾਨ ਕੇ ਗੱਜ ਕੇ ਫਤਿਹ ਬੁਲਾ ਦਿੱਤੀ। ਕੋਲ ਖੜ੍ਹਾ ਸੁੱਚਾ ਨੰਦ ਦੇ ਸੱਤੀਂ ਕੱਪੜੀ ਅੱਗ ਲੱਗ ਗਈ ਅਤੇ ਕਹਿਣ ਲੱਗਾ, “ਓਏ! ਇਹ ਤੁਹਾਡੇ ਗੁਰੂ ਗੋਬਦ ਸਿੰਘ ਦਾ ਦਰਬਾਰ ਨਹੀਂ। ਇਹ ਸੂਬਾ ਸਰਹੰਦ ਵਜ਼ੀਰ ਖਾਂ ਦੀ ਕਚਿਹਰੀ ਹੈ, ਝੁਕ ਕੇ ਸਲਾਮ ਕਰੋ।” ਤਾਂ ਸਾਹਿਬਜ਼ਾਦਿਆਂ ਦਾ ਜੁਆਬ ਸੀ, “ਸਾਨੂੰ ਪਤਾ ਹੈ, ਪਰ ਗੁਰੂ ਘਰ ਦਾ ਸਿਧਾਂਤ ਹੈ ਕਿ ਜਿੱਥੇ ਵੀ ਜਾਣਾ ਹੈ ਗੱਜ ਕੇ ਫਤਿਹ ਹੀ ਬੁਲਾਉਣੀ ਹੈ।

ਵਜ਼ੀਰ ਖਾਂ ਦੀ ਕਚਹਿਰੀ ਦੇ ਅੰਦਰ ਕਹਿੰਦੇ ਨੇ ਜੇਕਰ ਕਿਸੇ ਦਾ ਈਮਾਨ ਡੁਲ੍ਹਾਉਣਾ ਹੋਵੇ ਤਾਂ ਤਿੰਨ ਤਰੀਕਿਆਂ ਨਾਲ ਡੁਲ੍ਹਾਇਆ ਜਾਂਦਾ ਹੈ। ਪਹਿਲਾਂ ਕਿਸੇ ਨੂੰ ਬਹੁਤਾ ਪਿਆਰ ਕਰ ਲਵੋ ਤਾਂ ਉਹ ਡੋਲ੍ਹ ਜਾਂਦਾ ਹੈ। ਦੂਜਾ ਲਾਲਚ ਨਾਲ ਅਤੇ ਤੀਜਾ ਡਰਾਵਾ ਦੇ ਕੇ। ਇਹ ਤਿੰਨੇ ਤਰੀਕੇ ਗੁਰੂ ਦੇ ਲਾਲਾਂ ਤੇ ਵੀ ਅਜ਼ਮਾਏ ਗਏ।
ਪਹਿਲਾਂ ਬੱਚਿਆਂ ਨੂੰ ਬੜੇ ਪਿਆਰ ਨਾਲ ਪੁੱਛਿਆ ਗਿਆ ਕਿ, ਬੱਚਿਓ! ਜੇ ਤੁਹਾਨੂੰ ਛੱਡ ਦਿੱਤਾ ਜਾਵੇ ਤਾਂ ਤੁਸੀਂ ਵੱਡੇ ਹੋ ਕੇ ਕੀ ਕਰੋਗੇ ? ਲਾਲ ਕਹਿਣ ਲੱਗੇ :

“ਵਿੱਚ ਜੰਗਲਾਂ ਜਾਵਾਂਗੇ, ਸਿੱਖਾਂ ਨੂੰ ਜੋੜ ਲਿਆਵਾਂਗੇ (ਭਾਵ ਇਕੱਠੇ ਕਰਾਂਗੇ)
ਸ਼ਸਤਰ ਇਕੱਠੇ ਕਰਾਂਗੇ, ਘੋੜਿਆਂ ਉਪਰ ਚੜ੍ਹਾਂਗੇ, ਨਾਲ ਤੁਹਾਡੇ ਲੜਾਂਗੇ।”

ਦਰਬਾਰੀ ਕਹਿਣ ਲੱਗੇ ਕਿ ਇਹ ਸਪੋਲੀਏ ਹਨ, ਇਹਨਾਂ ਨੂੰ ਜਿਊਂਦਿਆਂ ਨਹੀਂ ਛੱਡਣਾ ਚਾਹੀਦਾ। ਪਰ ਫਿਰ ਇੱਕ ਵਾਰੀ ਪਿਆਰ ਨਾਲ ਕਿਹਾ ਜਾਣ ਲੱਗਾ: “ਤੁਸੀਂ ਬੜੇ ਮਾਸੂਮ ਹੋ, ਨਿੱਕੀਆਂ ਜਿੰਦਾਂ ਹੋ, ਤੁਹਾਨੂੰ ਕੋਹ-ਕੋਹ ਕੇ ਮਾਰ ਦਿੱਤਾ ਜਾਵੇਗਾ, ਇਸ ਲਈ ਜ਼ਿੰਦਗੀ ਜੀਉਣ ਲਈ ਸਿੱਖੀ ਦਾ ਤਿਆਗ ਕਰ ਦਿਉ।” ਅੱਗੋਂ ਸਾਹਿਬਜ਼ਾਦੇ ਕਹਿਣ ਲੱਗੇ:

“ਦਸਮੇਸ਼ ਪਿਤਾ ਦੇ ਬੱਚੜੇ ਹਾਂ, ਭਾਗਾਂ ਵਾਲੀ ਮਾਂ ਦੇ ਜਣੇ ਹੋਏ ਹਾਂ,
ਉਤੋਂ ਮੱਖਣ ਵਰਗਾ ਮਾਹੌਲ ਨਾ ਸਮਝੀਂ, ਅੰਦਰੋਂ ਫੋਲਾਦ ਦੇ ਬਣੇ ਹੋਏ ਹਾਂ।”

ਤਾਂ ਵਜ਼ੀਰ ਖਾਂ ਕਹਿਣ ਲੱਗਾ, “ਤੁਸੀਂ ਜੇਕਰ ਮੇਰੀ ਗੱਲ ਨਾ ਮੰਨੀ ਤਾਂ ਤੁਹਾਨੂੰ ਸ਼ਹੀਦ ਕਰ ਦਿੱਤਾ ਜਾਵੇਗਾ” ਤਾਂ ਗੁਰੂ ਕੇ ਲਾਲ ਕਹਿਣ ਲੱਗੇ, “ਇਹ ਸ਼ਹਾਦਤਾਂ ਦਾ ਡਰ ਕਿਸੇ ਹੋਰ ਨੂੰ ਦਈਂ, ਅਸੀਂ ਸ਼ਹੀਦੀ ਤੋਂ ਡਰਨ ਵਾਲੇ ਨਹੀਂ। ਅਸੀਂ ਕੌਮ ਤੋਂ ਕੁਰਬਾਨ ਹੋਣਾ ਚੰਗੀ ਤਰ੍ਹਾਂ ਜਾਣਦੇ ਹਾਂ। ਸਾਨੂੰ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਹ ਗੁੜ੍ਹਤੀ ਦਿੱਤੀ ਹੈ ਕਿ :

ਜਉ ਤਉ ਪ੍ਰੇਮ ਖੇਲਣ ਕਾ ਚਾਉ॥
ਸਿਰੁ ਧਰਿ ਤਲੀ ਗਲੀ ਮੇਰੀ ਆਉ॥
ਇਤੁ ਮਾਰਗਿ ਪੈਰੁ ਧਰੀਜੈ॥
ਸਿਰੁ ਦੀਜੈ ਕਾਣਿ ਨਾ ਕੀਜੈ॥
(ਸਲੋਕ ਵਾਰਾਂ ਤੇ ਵਧੀਕ ਮ. 1, ਪੰਨਾ 1412)

ਵਜ਼ੀਰ ਖਾਂ ਕਹਿਣ ਲੱਗਾ, “ਜ਼ੋਰਾਵਰ ਸਿੰਘ, ਔਹ ਵੇਖ ਲੈ ਆਰ ਦੇ ਦੰਦੇ।”
ਤਾਂ ਅੱਗੋਂ ਜੁਆਬ ਸੀ, “ਮਤੀ ਦਾਸ ਦੇ ਸਿਰ ਐ ਜ਼ਾਲਮ, ਇਹ ਦੰਦੇ ਅਜ਼ਮਾ ਕੇ ਵੇਖ ਲਏ।”
ਵਜ਼ੀਰ ਖਾਂ ਫਿਰ ਕਹਿਣ ਲੱਗਾ, “ਸੋਚ ਫਤਿਹ ਸਿੰਘ ਸੋਚ, ਨਹੀਂ ਤਾਂ ਮੱਛੀ ਵਾਂਗੂ ਲੋਹ ਤੇ ਤਲਸਾਂ।”
ਤਾਂ ਅੱਗੋਂ ਜੁਆਬ ਸੀ, “ ਮੇਰੇ ਬਾਬੇ ਅਰਜਨ ਨੇ, ਇਸਤੇ ਵੀ ਅੰਗ ਤੁਲਸਾ ਕੇ ਦੇਖ ਲਏ ਨੇ।”
ਤਾਂ ਵਜ਼ੀਰ ਖਾਂ ਕਹਿਣ ਲੱਗਾ, “ਜ਼ੋਰਾਵਰ ਸਿੰਘ ਦੇਗਾਂ ਵਿੱਚ ਆਲੂਆਂ ਵਾਂਗ ਉਬਾਲੇ ਜਾਸੋ।”
ਅੱਗੋਂ ਜੁਆਬ ਆਇਆ, “ ਗੁਰਸਿੱਖੀ ਲਈ ਭਾਈ ਦਿਆਲੇ ਨੇ, ਕਈ ਉਬਾਲੇ ਖਾ ਕੇ ਦੇਖ ਲਏ ਨੇ।”
ਸਾਹਿਬਜ਼ਾਦੇ ਕਹਿਣ ਲੱਗੇ, “ਤੁਸੀਂ ਜਿੰਨਾ ਮਰਜ਼ੀ ਜ਼ੁਲਮ ਕਰ ਲਉਂ, ਪਰ ਸਾਨੂੰ ਆਪਣੀ ਈਨ ਨਹੀਂ ਮੰਨਵਾ ਸਕਦੇ, ਅਸੀਂ ਕਿਸੇ ਵੀ ਹਾਲਤ ਵਿੱਚ ਸਿੱਖੀ ਨਹੀਂ ਛੱਡਾਂਗੇ।” ਅਸੀਂ ਸਿੱਖ ਹਾਂ ਅਤੇ ਆਪਾ ਮਿਟਾ ਕੇ ਗੁਰੂ ਦੇ ਵਿੱਚ ਲੀਨ ਹੋਵਾਂਗੇ ਕਿਉਂਕਿ ਜੋ ਸਿੱਖ ਹੈ ਉਸਨੇ ਆਪਣਾ ਤਨ,ਮਨ,ਧਨ ਗੁਰੂ ਨੂੰ ਹੀ ਅਰਪਣ ਕਰਨਾ ਹੈ ਅਤੇ ਸਿਰਫ ਗੁਰੂ ਪਾਤਸ਼ਾਹ ਜੀ ਦੇ ਹੁਕਮ ਨੂੰ ਹੀ ਸਤਿ ਸਤਿ ਕਰਕੇ ਮੰਨਣਾ ਹੈ। ਸਾਡਾ ਸਿਧਾਂਤ ਹੈ:

ਤਨੁ ਮਨੁ ਧਨੁ ਸਭੁ ਸਉਪਿ ਗੁਰ ਕਉ ਹੁਕਮਿ ਮੰਨਿਐ ਪਾਈਐ॥ (ਰਾਮਕਲੀ ਮ. 3. ਪੰਨਾ 918)

ਹੁਣ ਦੂਸਰਾ ਤਰੀਕਾ ਵਰਤਿਆ ਜਾਣ ਲੱਗਾ ਅਤੇ ਵਜ਼ੀਰ ਖਾਂ ਗੁਰੂ ਕੇ ਲਾਲਾਂ ਨੂੰ ਲਾਲਚ ਦੇ ਕੇ ਕਹਿਣ ਲੱਗਾ, ਕਿ ਤੁਹਾਨੂੰ ਤਖਤ ਤਾਜ਼ ਮਿਲੇਗਾ। ਤਾਂ ਅੱਗੋਂ ਜੁਆਬ ਸੀ, “ਜੁੱਤੀ ਦੀ ਇੱਕ ਠੋਕਰ ਨਾਲ ਤਖਤ ਤੇ ਤਾਜ਼ ਠੁਕਰਾ ਸਕਦੇ ਹਾਂ,
ਨੀਹਾਂ ਵਿੱਚ ਚਿਣਵਾ ਕੇ ਆਪਾ, ਰੋਮ-ਰੋਮ ਮੁਸਕਰਾ ਸਕਦੇ ਹਾਂ।”

ਵਜ਼ੀਰ ਖਾਂ ਕਹਿਣ ਲੱਗਾ ਕਿ ਤੁਹਾਨੂੰ ਪਤਾ ਨਹੀਂ ਕਿ ਤਖਤ ਤਾਜ ਦੀ ਕੀਮਤ ਕਿੰਨੀ ਹੈ। ਤੁਹਾਨੂੰ ਹੂਰਾਂ ਦੇ ਡੋਲੇ ਮਿਲਣਗੇ। ਪਰ ਸਾਹਿਬਜ਼ਾਦਿਆਂ ਦਾ ਇੱਕੋ ਜੁਆਬ ਸੀ ਕਿ ਸਾਨੂੰ ਆਪਣੀ ਸਿੱਖੀ ਤੋਂ ਵੱਧ ਕੁਝ ਵੀ ਪਿਆਰਾ ਨਹੀਂ। ਸਾਡੀ ਸਿੱਖੀ ਤੋਂ ਕੀਮਤੀ ਸ਼ੈਅ ਦੁਨੀਆਂ ਤੇ ਹੋਰ ਹੋ ਹੀ ਨਹੀਂ ਸਕਦੀ। ਅਸੀਂ ਤੇਰੇ ਰਾਜ ਭਾਗ ਨੂੰ ਸਿੱਖੀ ਸਾਹਮਣੇ ਤੁੱਛ ਸਮਝਦੇ ਹਾਂ।

ਜਦ ਸਫਲਤਾ ਹੱਥ ਨਾ ਲੱਗੀ ਤਾਂ ਅੰਤ ਵਜ਼ੀਰ ਖਾਂ ਨੇ ਕਾਜ਼ੀ ਨਾਲ ਸਲਾਹ ਕਰਕੇ ਫਤਵਾ ਦੇ ਦਿੱਤਾ ਕਿ ਇਹਨਾਂ ਨੂੰ ਨੀਹਾਂ ਵਿੱਚ ਚਿਣ ਦਿੱਤਾ ਜਾਵੇ। ਇੱਕ ਵਾਰ ਫਿਰ ਵਜ਼ੀਰ ਖਾਂ ਨੇ ਜੱਲਾਦਾਂ ਦੇ ਜ਼ਰੀਏ ਲਾਲਾਂ ਨੂੰ ਡਰਾ ਕੇ ਸਿੱਖੀ ਤਿਆਗਣ ਲਈ ਕਿਹਾ। ਜੱਲਾਦ ਕਹਿਣ ਲੱਗੇ ਬੱਚਿਉ, ਤੁਸੀਂ ਮਾਸੂਮ ਜਿੰਦਾਂ ਹੋ, ਵਜ਼ੀਰ ਖਾਂ ਦਾ ਆਖਾ ਮੰਨ ਲਉ, ਅਗੋਂ ਕਹਿਣ ਲੱਗੇ ਅਸੀਂ ਖਾਨਦਾਨੀ ਜੱਲਾਦ ਹਾਂ, ਤੁਹਾਡੇ ਵਰਗੇ ਕਈ ਮਾਰ ਛੱਡੇ ਹਨ। ਧਰਮ ਨੂੰ ਛੱਡ ਦਿਉ ਤਾਂ ਤੁਹਾਡੀ ਜਾਨ ਬਖਸ਼ ਦਿੱਤੀ ਜਾਵੇਗੀ। ਸਾਹਿਬਜ਼ਾਦੇ ਜੋਸ਼ ਵਿਚ ਆ ਕੇ ਕਹਿਣ ਲੱਗੇ, ਤੁਸੀਂ ਵੀ ਸਾਡੀ ਇੱਕ ਗੱਲ ਕੰਨ ਖੋਲ੍ਹ ਕੇ ਸੁਣ ਲਵੋ, “ਜੇ ਤੁਸੀਂ ਖਾਨਦਾਨੀ ਜੱਲਾਦ ਹੋ ਨਾ, ਤਾਂ ਫਿਰ ਅਸੀਂ ਵੀ ਖਾਨਦਾਨੀ ਸ਼ਹੀਦ ਹਾਂ। ਤੁਸੀਂ ਚੁੱਪ ਕਰਕੇ ਆਪਣਾ ਕੰਮ ਕਰੀ ਜਾਵੋ।”

ਅਤੇ ਕਹਿਣ ਲੱਗੇ ਤੂੰ ਸਾਡੇ ਵੰਸ਼ ਦੀ ਰੀਤ ਨਹੀਂ ਸੁਣੀ ਤਾਂ ਸੁਣ:

ਹਮਰੇ ਬੰਸ ਰੀਤਿ ਇਮ ਆਈ। ਸੀਸ ਦੇਤਿ ਪਰ ਧਰਮ ਨਾ ਜਾਈ॥

ਆਖਿਰ ਇਹ ਕਹਿੰਦਿਆਂ :
ਹਮ ਜਾਨ ਦੇਕਰ ਅੋਰੋਂ ਕੀ ਜਾਨ ਬਚਾ ਚਲੇ,
ਸਿੱਖੀ ਕੀ ਨੀਂਵ ਸਿਰੋਂ ਪੇ ਉਠਾ ਚਲੇ।

ਹੱਸਦਿਆਂ-ਹੱਸਦਿਆਂ ਦੋਵੇਂ 6 ਅਤੇ 8 ਸਾਲ ਦੀ ਉਮਰ ਦੇ ਮਾਸੂਮ ਪਰ ਵੱਡੇ ਕਾਰਨਾਮੇ ਕਰਨ ਵਾਲੇ ਗੁਰੂ ਗੋਬਿੰਦ ਸਿੰਘ ਜੀ ਦੇ ਲੱਖਤੇ ਜਿਗਰ ਸ਼ਹੀਦੀਆਂ ਪਾ ਗਏ ਪਰ ਜਾਲਮ ਸਰਕਾਰ ਅਤੇ ਸਿੱਖੀ ਦੇ ਦੁਸ਼ਮਣਾਂ ਦੀ ਗੱਲ ਨਹੀਂ ਮੰਨੀ ਅਤੇ ਉਹਨਾਂ ਦਾ ਸੁਪਨਾ ਪੂਰਾ ਨਾ ਹੋਣ ਦਿੱਤਾ। ਉਸ ਸਮੇਂ ਦਾ ਹਾਲ ਲਿਿਖਆ ਹੈ ਜੋਗੀ ਅੱਲਾ ਯਾਰ ਖਾਂ ਨੇ :

ਠੋਡੀ ਤਕ ਈਂਟੇ ਚੁਨ ਦੀ ਗਈਂ ਮੂੰਹ ਤਕ ਆ ਗਈਂ,
ਬੀਨੀ (ਨੱਕ) ਕੋ ਢਾਪਤੇ ਹੀ ਵੁਹ ਆਖੋਂ ਪਰ ਛਾ ਗਈ।
ਹਰ ਚਾਂਦ ਸੀ ਜਬੀਨ(ਮੱਥਾ) ਕੋ ਘਨ (ਗ੍ਰਹਣ) ਸਾ ਲਗਾ ਗਈ,
ਲਖ੍ਹਤੇ-ਜਿਗਰ (ਜਿਗਰ ਦੇ ਟੋਟੇ) ਗੁਰੂ ਕੇ ਵਹੁ ਦੋਨੋਂ ਛੁਪਾ ਗਈ।
ਜੋਗੀ ਜੀ ਇਸ ਕੇ ਬਾਦ ਹੁਈ ਥੋੜੀ ਦੇਰ ਥੀ,
ਬਸਤੀ ਸਰਹੰਦ ਸ਼ਹਿਰ ਕੀ, ਈਟੋਂ ਕਾ ਢੇਰ ਥੀ।

ਜਦ ਸਾਹਿਬਜ਼ਾਦਿਆਂ ਦਾ ਸ਼ਹਾਦਤ ਦੀ ਖਬਰ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਕੋਲ ਪਹੁੰਚੀ ਤਾਂ ਮਿਰਜਾ ਮੁਹੰਮਦ ਅਬਦੁਲ ਗਨੀ ਲਿਖਦਾ ਹੈ :

ਬੇਟੋਂ ਕੇ ਕਤਲ ਹੋਣੇ ਕੀ ਪਹੁੰਚੀ ਜੂੰ ਹੀ ਖਬਰ।
ਜਾਨਾ ਕਿ ਬਾਪ ਨੇ ਹੂਏ ਕਤਲ ਵੇ ਪਿਸ਼ਰ।
ਸ਼ੁਕਰ ਅਕਾਲ ਪੁਰਖ ਕਾ ਕੀਆ ਤਬ ਉਠਾ ਕੇ ਸਰ।
ਔਰ ਅਰਜ਼ ਕੀ ਕਿ ਬੰਦੇ ਪਰ ਕ੍ਰਿਪਾ ਕੀ ਕਰ ਨਜ਼ਰ।
ਮੁਝਸੇ ਆਜ ਤੇਰੀ ਅਮਾਨਤ ਅਦਾ ਹੁਈ,
ਬੇਟੋਂ ਕੀ ਜਾਂ (ਜਾਨ), ਧਰਮ ਕੀ ਖਾਤਿਰ ਫਿਦਾ ਹੁਈ।

ਠੀਕ ਲਿਿਖਆ ਹੈ ਕਿਸੇ ਸ਼ਾਇਰ ਨੇ :

ਕੋਈ ਕੌਮ ਮਹਿਰਮ ਨੂੰ ਮੰਨਦੀ ਹੈ, ਵੱਡੇ ਦਿਨਾਂ ਦਾ ਕੋਈ ਹੈ ਧਿਆਨ ਧਰਦਾ।
ਦਿਨ ਪੋਹ ਦੇ ਸਾਨੂੰ ਵੀ ਭੁੱਲਦੇ ਨਹੀਂ, ਡਿੱਠਾ ਜਦੋਂ ਦਸਮੇਸ਼ ਨੂੰ ਦਾਨ ਕਰਦਾ।

ਪਰ ਅਤਿ ਅਫਸੋਸ ਕੌਮ ਦੇ ਵਾਰਿਸ ਐ ਨੌਜਵਾਨ ਵੀਰੋ ਅਤੇ ਭੈਣੋਂ ਅੱਜ ਸ਼ੀਸ਼ੇ ਅੱਗੇ ਖਲੋ ਕੇ ਆਪਣੀਆਂ ਸ਼ਕਲਾਂ ਦੇਖੋ ਕਿ ਤੁਸੀਂ ਵਾਕੇਈ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਫਤਿਹ ਸਿੰਘ ਦੇ ਵੀਰ ਅਤੇ ਭੇਣਾਂ ਅਖਵਾਉਣ ਦੇ ਹੱਕਦਾਰ ਹੋ? ਅੱਜ ਤੁਸੀਂ ਆਪਣੇ ਕੇਸ-ਦਾੜ੍ਹੀਆਂ ਕਤਲ ਅਤੇ ਰੋਮਾਂ ਦੀ ਬੇਅਦਬੀ ਕਰ ਕੇ, ਅਤੇ ਨਸ਼ਿਆਂ ਦੇ ਵਿੱਚ ਗਲਤਾਨ ਕਰਕੇ ਆਪਣੇ ਵਿਰਸੇ ਤੋਂ ਦੂਰ ਹੁੰਦੇ ਜਾ ਰਹੇ ਹੋ। ਇੰਨੇ ਅਮੀਰ ਵਿਰਸੇ ਦੀ ਮਾਲਿਕ ਸਿੱਖੀ ਅੱਜ ਗਰੀਬ ਕਿਉਂ ਹੁੰਦੀ ਜਾ ਰਹੀ ਹੈ ? ਜਾਗ ਨੌਜਵਾਨ ਜਾਗ ਸਾਡੇ ਸਿਰ ਤੇ ਉਹਨਾਂ ਮਹਾਨ ਸ਼ਹੀਦਾਂ ਦਾ ਕਰਜ਼ ਹੈ

“ਹਮਰੈ ਮਸਤਕਿ ਦਾਗੁ ਦਗਾਨਾ, ਹਮ ਕਰਜ ਗੁਰੂ ਬਹੁ ਸਾਢੇ॥” (ਪੰਨਾ-171)

ਆ ਜਾ ਵਾਪਿਸ ਅਤੇ ਮੁੜ ਸਾਬਤ ਸੂਰਤ ਅਤੇ ਸਿਰ ਸੋਹਣੀ ਦਸਤਾਰ ਸਜਾ ਕੇ ਸਿੱਖ ਹੋਣ ਤੇ ਮਾਣ ਕਰ। ਅਤੇ ਸਾਹਿਬਜ਼ਾਦਿਆਂ ਦੇ ਵੀਰ ਕਹਾਉਣ ਦਾ ਹੱਕ ਹਾਸਿਲ ਕਰੀਏ। ਆਉ! ਸਾਹਿਬਜ਼ਾਦਿਆਂ ਦੀ ਸਿੱਖਿਆ ਨੂੰ ਹਿਰਦੇ ਵਿੱਚ ਵਸਾਈਏ ਕਿਉਂਕਿ ਉਹ ਕੌਮਾਂ ਹਮੇਸ਼ਾਂ ਜਿਊਂਦੀਆਂ ਰਹਿੰਦੀਆਂ ਹਨ ਜਿੰਨਾ ਦੇ ਪੈਰੋਕਾਰ ਧਰਮ ਲਈ ਕੁਰਬਾਨੀਆਂ ਕਰ ਜਾਂਦੇ ਹਨ :

ਅਮਰ ਰਹਿੰਦੀਆਂ ਜਗ ਤੇ ਉਹ ਕੌਮਾਂ,
ਵਰ ਜਿੰਨ੍ਹਾਂ ਦੇ ਘਾਲਣਾ ਘਾਲਦੇ ਨੇ।
ਛੰਨੇ ਦੇ ਫੜ੍ਹ ਕੇ ਪੁੱਤ ਜਿਸਦੇ,
ਆਪਣੀ ਕੌਮ ਨੂੰ ਅੰਮ੍ਰਿਤ ਪਿਲਾਂਵਦੇ ਨੇ।

-0-

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,