ਚੋਣਵੀਆਂ ਲਿਖਤਾਂ » ਲੇਖ » ਸਾਹਿਤਕ ਕੋਨਾ » ਸਿੱਖ ਇਤਿਹਾਸਕਾਰੀ

ਅਮਲੀ ਸਿਖ-ਜੀਵਨ 

August 18, 2022 | By

– ਪ੍ਰੋ. ਪੂਰਨ ਸਿੰਘ

    ੴ

ਸਤਿਨਾਮੁ 

ਕਰਤਾ ਪੁਰਖੁ 

ਨਿਰਭਉ 

ਨਿਰਵੈਰੁ 

ਅਕਾਲ ਮੂਰਤਿ 

……. ……..

ਖ਼ਾਲਸਾ ਜੀ! ਉਹ ਸਮੇਂ ਲੰਘ ਗਏ, ਖ਼ਾਲਸਾ ਜੀ! ਓਹ ਵਕਤ ਗੁਜ਼ਰ ਗਏ, ਖ਼ਾਲਸਾ ਜੀ! ਉਹ ਦਿਨ ਬੀਤ ਗਏ, ਜਦ ਕੋਈ ਕਹਿੰਦਾ ਸੀ ਕਿ ਗੱਲਾਂ ਨਾਲ ਰੱਬ ਨੂੰ ਰਿਝਾ ਲਿਆ ਹੈ। ਜਦ ਲੋਕੀਂ ਵਿਚਾਰਾਂ ਦੇ ਢੇਰ ਇਕੱਠੇ ਕਰਕੇ ਕਹਿੰਦੇ ਸਨ ਕਿ ਅਸਾਂ ਪਰਮਾਤਮਾ ਨੂੰ ਪਾ ਲਿਆ ਹੈ। ਵੇਦ ਤੇ ਛੇ ਸ਼ਾਸਤਰ ਗੁਜ਼ਰ ਚੁੱਕੇ; ਵੇਦ, ਵੇਦਾਂਤ ਵਿਚ ਮੁੱਕ ਗਏ ਹਨ। ਹੁਣ ਗੱਲਾਂ ਦਾ ਜ਼ਮਾਨਾ ਨਹੀਂ ਰਿਹਾ। ਹੁਣ ਕੰਮ ਦਾ ਜ਼ਮਾਨਾ ਹੈ। 

ਅੱਜ ਜੇ ਕੋਈ ਕਹੇ ਕਿ ਸਾਡਾ ਮਜ਼ਹਬ ਚੰਗਾ ਹੈ, ਤਾਂ ਲੋਕੀਂ ਕਹਿਣਗੇ— ‘ਚਲੇ ਜਾਓ। ਕੋਈ ਕਹੇਗਾ— ‘ਸਾਡੇ ਫ਼ਲਸਫ਼ੇ ਅੱਛੇ ਹਨ।’ ਕਿਹਾ ਜਾਵੇਗਾ— ‘ਚਲੇ ਜਾਓ।’ ਹੁਣ ਮਜ਼ਹਬਾਂ ਦੇ ਝੇੜੇ ਲਾਇਬ੍ਰੇਰੀਆਂ ਵਿਚ ਹੀ ਪਏ ਰਹਿਣਗੇ। ਪੂਜਾ ਦੇ ਢੰਗ ਮੰਦਿਰਾਂ ਦੇ ਦਰਵਾਜ਼ਿਆਂ ਦੇ ਅੰਦਰ ਹੀ ਬੰਦ ਰਹਿਣਗੇ। ਹੁਣ ਫੋਕੇ ਗਿਆਨ ਨੂੰ ਅਲਵਿਦਾ ਕਹਿ ਦਿੱਤਾ ਜਾਵੇਗਾ। ਜੇ ਤੁਸੀਂ ਸਿੱਖੀ ਦਾ ਪ੍ਰਚਾਰ ਕਰਨਾ ਚਾਹੁੰਦੇ ਹੋ, ਤਦ ਨਵੇਂ ਦਿਲ, ਨਵੇਂ ਦਿਮਾਗ ਨਾਲ ਨਵੇਂ ਜ਼ਮਾਨੇ ਨੂੰ ਆਪਣੇ ਕਰਤੱਵਾਂ ’ਤੇ ਦੱਸਣਾ ਪਏਗਾ ਕਿ ਅਸੀਂ ਸਿਖ ਹਾਂ। ਅੱਜ ਚਾਰੇ ਪਾਸਿਆਂ ਤੋਂ ਮੰਗ ਹੋ ਰਹੀ ਹੈ ਤੇ ਇਸ ਗੱਲ ਦੀ ਮੰਗ ਹੋ ਰਹੀ ਹੈ ਕਿ: 

ਦਾਨੁ ਮਹਿੰਡਾ ਤਲੀ ਖਾਕੁ ਜੇ ਮਿਲੈ ਤ ਮਸਤਕਿ ਲਾਈਐ॥ 

ਕੂੜਾ ਲਾਲਚੁ ਛੋਡੀਐ ਹੋਇ ਇਕ ਮਨਿ ਅਲਖੁ ਧਿਆਈਐ॥

(ਆਸਾ ਕੀ ਵਾਰ ਮ: ੧, ਪੰਨਾ ੪੬੮)

ਇਸ ਵੇਲੇ ਕੋਝੇ ਲਾਲਚ ਨੂੰ ਛੱਡਣਾ ਪਏਗਾ। ਸਿੱਖੀ ਦਾ ਉਹ ਪੈਗਾਮ ਜਿਸਦੇ ਵਾਸਤੇ ਸੰਸਾਰ ਤੜਪ ਰਿਹਾ ਹੈ ਤੇ ਪੁਕਾਰ ਕੇ ਕਹਿ ਰਿਹਾ ਹੈ ਕਿ ਖ਼ਾਲਸਾ ਜੀ! ਗੁਰੁ ਬਾਬੇ ਦੇ ਦਰਸ਼ਨ ਕਦ ਕਰਾਉਗੇ? ਗੁਰੂ ਅਰਜਨ ਦੇਵ ਜੀ ਦੇ ਖ਼ਾਲਸਾ ਜੀ! ਕਲਗੀਆਂ ਵਾਲੇ ਦੇ ਸ਼ਬਦ ਤੋਂ ਪੈਦਾ ਕੀਤੇ ਪੰਥ! ਹੇ ਬਾਜ਼ਾਂ ਵਾਲੇ ਦੇ ਸ਼ਬਦ ਤੋਂ ਪੈਦਾ ਕੀਤੇ ਪੰਥ! ਹੇ ਬਾਜ਼ਾਂ ਵਾਲੇ ਦੇ ਰਚੇ ਆਦਰਸ਼ਕ ਖ਼ਾਲਸਾ ਜੀ! ਦੁਨੀਆ ਵਿਲਕ ਰਹੀ ਹੈ। ਇਸ ਨੂੰ ਨਾਮ ਦੇ ਰੰਗ ਵਿਚ ਕਦ ਰੰਗੋਗੇ? ਮੈਨੂੰ ਕੋਈ ਝੱਲਾ ਕਹੇ, ਭਾਵੇਂ ਮੂਰਖ, ਪਰੰਤੂ ਮੇਰਾ ਪੂਰਨ ਵਿਸ਼ਵਾਸ ਹੈ ਕਿ ਪਦਾਰਥ ਵਿਦਿਆ, ਮਾਨਸਿਕ ਤੇ ਵਿਗਿਆਨ ਆਦਿਕ ਵਿਚ ਹੋਈਆਂ ਤਬਦੀਲੀਆਂ ਜਿਨ੍ਹਾਂ ਨਾਲ ਮਨੁੱਖ ਉੱਚ ਕੋਟੀ ਵੱਲ ਜਾ ਰਹੇ ਹਨ; ਦੇ ਫਾਂਉਡਰ (ਸਿਰਜਨਹਾਰੇ) ਗੁਰੂ ਨਾਨਕ ਸਾਹਿਬ ਸਨ। ਗੁਰੂ ਨਾਨਕ ਸਾਹਿਬ ਨੇ ਕਿਹਾ, “ਉਠ। ਓ ਇਨਸਾਨ ਦੇ ਬੱਚੇ ਉਠ!! ਤੇ ਸੱਚੇ ਦਾ ਅਵਤਾਰ ਹੋ, ਉਠ! ਉਠ!! ਹੇ ਮਨੁੱਖ ਦੇ ਬੱਚਾ ਕਰਤਾ ਬਣ; ਮਜ਼ਦੂਰ ਹੋ ਤੇ ਸੁਹਣੱਪ ਨੂੰ ਉਤਪੰਨ ਕਰ, ਕਾਰੀਗਿਰੀ ਵਿਚ ਜਾਨ ਪਾ ਦੇ ਤੇ ਦਸਤਕਾਰੀ ਆਦਿਕ ਕੋਮਲ ਹੁਨਰਾਂ ਦਾ ਸੰਸਾਰ ਵਿਚ ਹੜ ਵਗਾ ਦੇ।” 

“ਉਠ! ਉਠ!! ਮਰਦ ਦੇ ਬੱਚੇ ਨਿਰਭਉ ਹੋ ਜਾ; ਕਿਸੇ ਤੋਂ ਨਾ ਡਰ; ਕਿਸੇ ਦੇ ਨਾਲ ਵੈਰ ਨਾ ਰੱਖ; ਆਪਣੇ ਦਿਲ, ਦਿਮਾਗ ਤੇ ਜਿਸਮ ਵਿਚ ਵਾਹਿਗੁਰੂ ਨੂੰ ਵਸਾ ਕੇ ਅਣਹੋਣੀਆਂ ਗੱਲਾਂ ਨੂੰ ਹੋਣੀਆਂ ਕਰ ਦੱਸ।” ਮੇਰੇ ਖ਼ਿਆਲ ਵਿਚ ‘ਨੈਪੋਲੀਅਨ’ ਇਸ ਅੰਸ਼ ਵਿਚ ਗੁਰੂ ਦਾ ਸਿੱਖ ਸੀ, ਜਿਸ ਵਿਚ ਉਹਨੇ ਕਿਹਾ ਕਿ “ਅਸੰਭਵ ਦਾ ਸ਼ਬਦ ਮੂਰਖਾਂ ਦੀ ਡਿਕਸ਼ਨਰੀ ਵਿਚ ਹੀ ਮਿਲਦਾ ਹੈ।” ਕੰਦ੍ਰਾਂ, ਗ਼ਾਰਾਂ ਤੇ ਪਹਾੜਾਂ ਵਿਚ ਹੁਣ ਲੁਕਣ ਦਾ ਜ਼ਮਾਨਾ ਨਹੀਂ। ਹੁਣ ਕੌਮਾਂ ਵਿਚ ਸੰਘਰਸ਼ ਹੋ ਰਿਹਾ ਹੈ; ਇਸ ਵਿਚ ਗੱਲਾਂ ਨਾਲ ਨਹੀਂ, ਆਪਣੇ ਦਿਲ ਵਿੱਚੋਂ ਸਿੱਖੀ ਵਿਖਾਣੀ ਪਏਗੀ ਤੇ ਓਹ ਲੋਕੀਂ ਤੁਹਾਡੇ ਅੱਗੇ ਸਿਰ ਝੁਕਾ ਦੇਣਗੇ। ਤੁਹਾਨੂੰ ਹੱਥਾਂ ਨਾਲ ਅੰਕਿਤ ਕਰਕੇ ਦੱਸਣਾ ਪਏਗਾ ਤਦ ਦੁਨੀਆ ਸਿੱਖੀ ਨੂੰ ਗ੍ਰਹਿਣ ਕਰੇਗੀ। 

ਗੁਰੂ ਸਾਹਿਬ ਨੇ ਹਠ ਯੋਗ ਛੁਡਾ ਦਿੱਤੇ। ਉਹਨਾਂ ਨੇ ਦੱਸਿਆ ਕਿ ਉੱਚੀ ਤੇ ਸੋਹਣੀ ਚੀਜ਼ ਵੇਖ ਕੇ ਸੁਰਤਿ ਵਿਚ ਜਿਹੜੀ ਇਕਾਗਰਤਾ ਆਉਂਦੀ ਹੈ, ਉਸਦੇ ਨਾਲ ਮਨੁੱਖ ਵੱਡਾ ਹੋ ਜਾਂਦਾ ਹੈ, ਉੱਚਾ ਹੋ ਜਾਂਦਾ ਹੈ। ਸੋ, ਖ਼ਾਲਸਾ ਜੀ! ਗੁਰੂ ਆਦਰਸ਼ ਵਿਚ ਆਪ ਉੱਚੇ ਹੋਵੋ, ਆਪਣੇ ਜਿਸਮ, ਆਪਣੇ ਦਿਲ ਤੇ ਆਪਣੇ ਦਿਮਾਗ਼ ਨੂੰ ਗੁਰੂ ਆਦਰਸ਼ ਵਿਚ ਉੱਚਾ ਕਰਕੇ ਇਕ ਇਕ ਸਵਾ ਲੱਖੀ ਹੋ ਜਾਉ। ਯੂਨਾਨ ਇਕ ਨਿੱਕਾ ਜਿਹਾ ਟਾਪੂ ਹੈ। ਉਹਦੀ ਸੰਸਾਰ ਇਸ ਕਰਕੇ ਇੱਜ਼ਤ ਕਰਦਾ ਹੈ ਕਿ ਉਹ ਬੁੱਤ ਬਣਾਣ ਵਿਚ ਕਮਾਲ ਰੱਖਦਾ ਸੀ। ਇਟਲੀ ਨੂੰ ਸਤਿਕਾਰ ਨਾਲ ਦੁਨੀਆ ਵੇਖਦੀ ਹੈ, ਇਸ ਕਰਕੇ ਕਿ ਉਹ ਸੁੰਦਰਤਾ ਨੂੰ ਬਣਾ ਵਿਖਾਂਦਾ ਹੈ। ਅਸੀਂ ਇਸ ਨਵੇਂ ਯੁਗ ਦੇ ਮੰਦਿਰ ਵਿਚ ਬੁਤ ਬਣਨਾ ਹੈ ਕੇਸਾਂ ਵਾਲਾ, ਜੂੜੇ ਵਾਲਾ, ਜਿਉਂਦਾ ਜਾਗਦਾ, ਇਕ ਇਕ ਨੇ ਸਵਾ ਸਵਾ ਲੱਖੀ ਹੋ ਆਪਣੇ ਆਪ ਨੂੰ ਬਣ ਦੱਸਣਾ ਹੈ। ਜੋ ਕੁਝ ਸੰਸਾਰ ਵਿਚ ਨਵੀਆਂ ਕਾਢਾਂ ਤੇ ਨਵੇਂ ਕੰਮ ਹੋ ਰਹੇ ਹਨ, ਇਹ ਸਤਿਗੁਰੂ ਜੀ ਦੇ ਵਰਕਸ਼ਾਪ ਦੀ ਇਕ ਚੰਗਿਆਰੀ ਹਨ। 

ਸੋ, ਜਦ ਤਕ ਤੁਸੀਂ ਸਤਿਗੁਰ ਜੀ ਦੀ ਵਰਕਸ਼ਾਪ ਵਿੱਚੋਂ ਢਲ ਕੇ ਨਵੇਂ ਨਹੀਂ ਨਿਕਲਦੇ, ਜਦ ਤਕ ਸਤਿਗੁਰੂ ਜੀ ਦੇ ਆਦਰਸ਼ ਵਿਚ ਫ਼ਨਾਹ ਨਹੀਂ ਹੁੰਦੇ, ਤਦ ਤਕ ਤੁਸੀਂ ਦ੍ਵਿਜ, ਦੂਜਨਮੇ ਕਿਕੁਣ ਹੋ ਸਕਦੇ ਹੋ? ਅੰਮ੍ਰਿਤਧਾਰੀ ਕਿਕੁਣ ਹੋ ਸਕਦੇ ਹੋ ਤੇ ਸੰਸਾਰ ਨੂੰ ਸਿੱਖੀ ਦਾ ਸਬਕ ਕਿਕੁਣ ਪੜਾ ਸਕਦੇ ਹੋ? 

ਆਪ ਦੇ ਸਾਹਮਣੇ 50 ਲੱਖ ਰੁਪਏ ਦੇ ਨਾਲ ਟ੍ਰਸਟ ਬਣਾਣ ਦੀ ਵਿਚਾਰ ਰੱਖੀ ਗਈ ਹੈ। ਜੇ ਕਦੀ ਪੰਜ ਲੱਖ ਸਿਖ ਪਰਿਵਾਰ 10/-, 10/- ਰੁਪਏ ਦੇ ਦੇਣ, ਤਦ ਇਹ ਟ੍ਰਸਟ ਅੱਜ ਮੁਕੰਮਲ ਹੋ ਜਾਂਦਾ ਹੈ। ਜਿਸਦੇ ਨਾਲ ਦਸਤਕਾਰੀ, ਜ਼ਰਾਇਤ ਆਦਿਕ ਦੇ ਕੰਮ ਉੱਨਤ ਹੋ ਸਕਦੇ ਹਨ ਤੇ ਸਾਡੀ ਰੋਟੀ ਦਾ ਸਵਾਲ ਬਹੁਤ ਹੱਦ ਤਕ ਹੱਲ ਹੋ ਸਕਦਾ ਹੈ। ਮਜ਼ਹਬੀ ਝਗੜਿਆਂ ਦਾ ਸਵਾਲ ਮਸਜਿਦਾਂ ਤੇ ਮੰਦਿਰਾਂ ਵਿਚ ਮੁਕੇਗਾ, ਕਿੰਤੁ ਸਤਿਗੁਰੂ ਜੀ ਕਹਿੰਦੇ ਹਨ ਕਿ ਤੁਸੀਂ ਆਪਣਾ ਦਿਲ ਬਦਲ ਕੇ ਮੰਦਿਰ ਬਣਾ ਲਉ, ਇਕ ਦੂਜੇ ਦੇ ਜਿਸਮ ਨੂੰ ਮੰਦਿਰ ਸਮਝ ਉਹਦੇ ਵਿਚ ਸਤਿਗੁਰੂ ਜੀ ਦੀ ਜੋਤ ਵੇਖ ਭੁੱਖੇ ਨੂੰ ਰੋਟੀ, ਪਿਆਸੇ ਨੂੰ ਪਾਣੀ ਤੇ ਨੰਗੇ ਨੂੰ ਕੱਪੜਾ ਦੇਵੋ। 

ਸਤਿਗੁਰੂ ਜੀ ਦਾ ਹੁਕਮ ਹੈ ਕਿ ਸੰਸਾਰ ਵਿਚ ਕੋਈ ਭੁੱਖਾ ਨਾ ਰਹੇ। ਕੋਈ ਯਤੀਮ ਨਾ ਰਹੇ। ਜਿਸ ਸਤਿਗੁਰੂ ਦੇ ਦਰਬਾਰੋਂ ਦਰਿਆਵਾਂ ਦੀਆਂ ਮੱਛੀਆਂ ਵੀ ਭੁੱਖੀਆਂ ਨਹੀਂ ਰਹਿਦੀਆ। ਉਹਦੇ ਲੰਗਰ ਵਿਚ ਕੋਈ ਭੁੱਖਾ ਕਿਉਂ ਰਹੇ? 

ਹੁਣ ਦੁਨੀਆ ਬਾਹਰ ਦੇ ਚਿੰਨ੍ਹਾਂ ਤੋਂ ਤਸੱਲੀ ਨਹੀਂ ਪਾਏਗੀ, ਜਗਤ ਗੱਲਾਂ ਨਾਲ ਪਤੀਜੇਗਾ। ਆਪਣੀ ਸਿੱਖੀ ਕਰਨੀ ਨਾਲ ਦੱਸ ਕੇ ਹੀ ਦੂਜਿਆਂ ਦੇ ਦਿਲਾਂ ਵਿਚ ਘਰ ਕਰ ਸਕੋਗੇ। ਇਹ ਮਜ਼ਹਬੀ ਜੰਗ ਤਦ ਜਿੱਤਿਆ ਜਾਵੇਗਾ। ਇਹ ਅਕਾਲੀ ਲਹਿਰ ਹੀ ਫਤਿਹ ਤਦ ਹੀ ਹੋਵੇਗੀ ਤੇ ਜਗਤ ਕਲਗ਼ੀਆਂ ਵਾਲੇ ਗੁਰੂ ਦੇ ਝੰਡੇ ਹੇਠ ਤਦ ਹੀ ਆਵੇਗਾ, ਜਦ ਆਪ ਜ਼ਬਾਨੀ ਗੱਲਾਂ ਨਾਲ ਨਹੀਂ ਬਲਕਿ ਦਿਲ ਦੇ ਵਿੱਚੋਂ ਸਿੱਖੀ ਦੇ ਦਰਸ਼ਨ ਕਰਾਉਗੇ। ਤੇ ਕਹਿ ਸਕੋਗੇ ਕਿ ਸਾਡੀ ਛਾਤੀ ਚੀਰ ਕੇ ਦੇਖ ਲਉ, ਅਸੀਂ ਸਿਖ ਹਾਂ । 

ਕਰਤਾ ਪੁਰਖ ਦਾ ਅਰਥ ਸਮਝ ਕੇ ਕਰਤਾ, ਕਾਰੀਗਰ, ਦਸਤਕਾਰ ਬਣੋ। ਇਹ ਤੁਹਾਨੂੰ ਸਰੀਰ ਵਿਚ ਉੱਚਾ, ਵੱਡਾ ਤੇ ਦਿਲ ਵਿਚ ਆਲਮਗੀਰ ਬਣਾ ਦੇਵੇਗਾ। ਖ਼ਾਲਸਾ ਜੀ! ਸਮਾਂ ਆ ਗਿਆ ਹੈ, ਸਰੀਰ, ਦਿਲ ਤੇ ਦਿਮਾਗ ਵਿਚ ਉੱਚਿਆਂ ਹੋਣ ਦਾ। ਜਦ ਤਕ ਤੁਸੀਂ ਕਰਤਾ ਪੁਰਖ ਦੇ ਆਦਰਸ਼ ਨੂੰ ਜਾਣ ਕੇ ਕੋਮਲ ਹੁਨਰ, ਦਸਤਕਾਰੀ ਅਤੇ ਕਾਰੀਗਰੀ ਵਿਚ ਕਮਾਲ ਹਾਸਲ ਨਹੀਂ ਕਰ ਲੈਂਦੇ; ਜਦ ਤਕ ਤੁਸੀਂ ਦਿਲ ਤੇ ਦਿਮਾਗ ਨੂੰ ਉੱਚਾ ਨਹੀਂ ਕਰ ਲੈਂਦੇ; ਤਦ ਤਕ ਕੁਰਬਾਨੀ ਕਰ ਕੇ ਵੀ ਹਾਰ ਹੈ ਤੇ ਤੁਹਾਡੀਆਂ ਜਿੱਤਾਂ ਵੀ ਹਾਰ ਦੀ ਸ਼ਕਲ ਵਿਚ ਹਨ। 

ਭੈਣੋ ਤੇ ਵੀਰੋ! ਜੀਵਨ ਗੱਲਾਂ ਨਹੀਂ। ਸੁਰਤਿ ਨੂੰ ਇਕਾਗਰ ਕਰਕੇ ਫਤਿਹ ਪਾਣ ਦਾ ਨਾਮ ਜੀਵਨ ਹੈ। ਖਿੰਡੀ ਸੁਰਤਿ ਕੁਝ ਨਹੀਂ ਬਣਾ ਸਕਦੀ। ਸਮੁੰਦਰ ਦੀਆਂ ਲਹਿਰਾਂ ਆਪਣੇ ਕੇਸਾਂ ਦਾ ਜੂੜਾ ਬਣਾ ਲੱਖਾਂ ਜਹਾਜ਼ਾਂ ਨੂੰ ਕਾਗ਼ਜ਼ ਦੀਆਂ ਬੇੜੀਆਂ ਵਾਂਗ ਟੋਟੇ ਟੋਟੇ ਕਰ ਦੇਂਦੀਆਂ ਹਨ। ਤਾਂ ਤੇ ਸੁਰਤ ਨੂੰ ਇਕਾਗਰ ਕਰਕੇ ਇਕੱਠੇ ਹੋ ਜਾਉ ਤੇ ਕਰਤਾ ਪੁਰਖ ਦੇ ਆਦਰਸ਼ ਨੂੰ ਸਮਝ ਕੇ ਗੁਰੂ ਦੇ ਲੰਗਰ ਵਿੱਚੋਂ ਸਭ ਨੂੰ ਤ੍ਰਿਪਤ ਕਰੋ।

 


  • *ਉਪਰੋਕਤ ਲਿਖਤ ਪਹਿਲਾਂ 10 ਜੂਨ 2020 ਨੂੰ ਛਾਪੀ ਗਈ ਸੀ 

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: