ਚੋਣਵੀਆਂ ਲਿਖਤਾਂ » ਲੇਖ

ਫੇਰੂ ਸ਼ਹਿਰ ਦੀ ਜੰਗ: ਜਦੋਂ ਅੰਗਰੇਜ ਖਾਲਸਾ ਫੌਜ ਅੱਗੇ ਹਥਿਆਰ ਸੁੱਟਣ ਕਈ ਤਿਆਰ ਸੀ

December 21, 2020 | By

ਅੱਜ ਦੇ ਦਿਨ 21 ਦਸੰਬਰ 1845 ਨੂੰ ਫੇਰੂ ਸ਼ਹਿਰ ਦੀ ਜੰਗ’ਚ ਅੰਗਰੇਜ਼ਾਂ ਨੇ ਸਿੱਖਾਂ ਅੱਗੇ ਬਿਨਾਂ ਸ਼ਰਤ ਹਥਿਆਰ ਸੁੱਟਣ ਦੀ ਤਿਆਰੀ ਕਰ ਲਈ ਸੀ

ਸਿੱਖਾਂ ਅਤੇ ਅੰਗਰੇਜ਼ਾਂ ਵਿਚਕਾਰ ਦੂਜੀ ਲੜਾਈ ਫੇਰੂ ਸ਼ਹਿਰ ਦੇ ਮੈਦਾਨ’ਚ 21 ਦਸੰਬਰ 1845 ਨੂੰ ਕੜਾਕੇ ਦੀ ਠੰਡ’ਚ ਹੋਈ। ਮੁਦਕੀ ਦੀ ਲੜਾਈ ਤੋੰ ਬਾਅਦ ਖਾਲਸਾ ਫੌਜ ਫੇਰੂ ਸ਼ਹਿਰ ਦੇ ਸਥਾਨ’ਤੇ ਆ ਕੇ ਤੇਜਾ ਸਿੰਘ ਦੀ ਫੌਜ ਨੂੰ ਮਿਲੀ। ਸਿੱਖ ਫ਼ੌਜ, ਤੇਜਾ ਸਿੰਘ ਤੋਂ ਬਿਨਾਂ ਲੜਨਾ ਨਹੀਂ ਸੀ ਚਾਹੁੰਦੀ। ਇਸ ਦਾ ਕਾਰਨ ਇਹ ਸੀ ਕਿ ਸਿੱਖ ਫ਼ੌਜ ਪੂਰੀ ਏਕਤਾ ਅਤੇ ਅਨੁਸ਼ਾਸਨ ਵਿਚ ਰਹਿ ਕੇ ਅੰਗਰੇਜ਼ਾਂ ਨਾਲ ਲੜਨਾ ਚਾਹੁੰਦੀ ਸੀ। ਪਰ ਮੁਦਕੀ ਦੀ ਲੜਾਈ’ਚ ਗ਼ਦਾਰ ਲਾਲ ਸਿੰਘ ਡੋਗਰੇ ਕਰਕੇ ਹੋਈ ਹਾਰ ਕਾਰਨ ਸਿੱਖ ਫੌਜ ਬਹੁਤ ਗੁੱਸੇ’ਚ ਸੀ। ਸਿੱਖ ਫੌਜ ਨੂੰ ਰੋਸ ਸੀ ਲਾਲ ਸਿੰਘ ਨੇ ਸਿੱਖ ਰਾਜ ਪੰਜਾਬ ਨਾਲ ਧੋਖਾ ਕੀਤਾ ਜਿਸ ਕਰਕੇ ਖਾਲਸਾ ਫੌਜ ਦਾ ਨੁਕਸਾਨ ਹੋਇਆ ਅਤੇ ਸਿੱਖ ਰਾਜ ਦੀ ਬੇਇੱਜ਼ਤੀ ਹੋਈ। ਸਿੱਖ ਫੌਜ ਲਾਲ ਸਿੰਘ ਨੂੰ ਇਸੇ ਵਕਤ ਮੌਤ ਦੀ ਸਜਾ ਦੇਣੀ ਚਾਹੁੰਦੀ ਸੀ ਪਰ ਤੇਜਾ ਸਿੰਘ ਨੇ ਮਿੰਨਤ-ਤਰਲਾ ਕਰਕੇ ਉਸ ਨੂੰ ਬਚਾ ਲਿਆ। ਫਿਰ 20 ਦਸੰਬਰ ਨੂੰ ਦੁਬਾਰਾ ਫਿਰ ਤੇਜਾ ਸਿੰਘ ਅਤੇ ਲਾਲ ਸਿੰਘ ਦੀ ਅਗਵਾਈ’ਚ ਫੇਰੂ ਸ਼ਹਿਰ ਦੇ ਮੈਦਾਨ’ਚ ਲੱਗਭਗ ਇੱਕ ਮੀਲ ਲੰਮਾ ਮੋਰਚਾ ਬਣਾ ਲਿਆ ਗਿਆ। ਇੱਥੇ ਸਿੱਖਾਂ ਕੋਲ 100 ਤੋਪਾਂ, ਦਸ ਹਜ਼ਾਰ ਘੋੜਸਵਾਰ ਅਤੇ ਬਾਕੀ 8 ਹਜ਼ਾਰ ਦੇ ਕਰੀਬ ਪੈਦਲ ਫੌਜ ਸੀ।

ਉੱਧਰ 19 ਦਸੰਬਰ ਨੂੰ ਕਸੌਲੀ ਤੋਂ ਹੋਰ ਅੰਗਰੇਜ਼ ਫੌਜ ਵੀ ਜਨਰਲ ਗੱਫ਼ ਨੂੰ ਆ ਮਿਲੀ ਅਤੇ ਉਹਨਾਂ ਫਿਰੋਜ਼ਪੁਰ ਛਾਉਣੀ ਸਰ ਲਿਟਨਰ ਨੂੰ ਮਿਲਣ ਲਈ ਸੁਨੇਹਾ ਭੇਜ ਦਿੱਤਾ। ਅੰਗਰੇਜ਼ ਮੁਦਕੀ ਦੀ ਲੜਾਈ’ਚ ਸਿੱਖਾਂ ਦੇ ਹੱਥ ਦੇਖ ਚੁੱਕੇ ਸਨ ਇਸ ਲਈ ਉਹਨਾਂ ਫੈਸਲਾ ਕੀਤਾ ਜਦੋਂ ਤੱਕ ਸਾਰੀ ਫੌਜ ਇੱਕਠੀ ਨਹੀਂ ਹੁੰਦੀ ਉਦੋਂ ਤੱਕ ਲੜਾਈ ਟਾਲ ਲਈ ਜਾਵੇ। ਪਰ ਸਿੱਖ ਫੌਜ ਬਿਨਾਂ ਦੇਰ ਕੀਤੇ ਫਿਰੋਜ਼ਪੁਰ’ਤੇ ਹਮਲਾ ਕਰਕੇ ਮੁਦਕੀ ਦਾ ਬਦਲਾ ਲੈਣਾ ਚਾਹੁੰਦੀ ਸੀ ਜਿੱਥੇ ਸਿਰਫ਼ ਸੱਤ ਹਜ਼ਾਰ ਅੰਗਰੇਜ਼ ਫੌਜ ਸੀ ; ਫਿਰੋਜ਼ਪੁਰ ਛਾਉਣੀ’ਚ 45 ਲੱਖ ਦਾ ਖ਼ਜਾਨਾ ਅਤੇ ਵੱਡੀ ਗਿਣਤੀ’ਚ ਅਸਲਾ ਬਾਰੂਦ ਸੀ ਜਿਸ ਨੂੰ ਸਿੱਖ ਲੁੱਟਣਾ ਚਾਹੁੰਦੇ ਸਨ ਪਰ ਡੋਗਰੇ ਅੰਗਰੇਜ਼ਾਂ ਨਾਲ ਰਲੇ ਹੋਏ ਸਨ ਉਹਨਾਂ ਇਹ ਹਮਲਾ ਨਹੀਂ ਕਰਨ ਦਿੱਤਾ। 21 ਦਸੰਬਰ ਨੂੰ ਸਰ ਲਿਟਨਰ ਅਤੇ ਜਨਰਲ ਗੱਫ਼ ਦਾ ਮੇਲ ਮਿਸਰੀਵਾਲੇ ਵਿਖੇ ਹੋਇਆ। ਜਨਰਲ ਗੱਫ਼ ਨੂੰ ਡਰ ਸੀ ਕਿ ਮੁਦਕੀ ਦੀ ਸਖ਼ਤ ਲੜਾਈ ਤੋਂ ਬਾਅਦ ਅੰਗਰੇਜ਼ ਫੌਜ ਸਿੱਖਾਂ ਖਿਲਾਫ਼ ਲੜਨ ਨੂੰ ਨਹੀਂ ਮੰਨੇਗੀ ਪਰ ਸਰ ਲਿਟਨਰ ਦੀ ਫੌਜ ਨਾਲ ਮਿਲਣ ਤੋੰ ਬਾਅਦ ਉਹ ਕੁਝ ਹੌਸਲੇ’ਚ ਹੋਏ।

ਜਨਰਲ ਗੱਫ਼ ਨੇ ਖਾਲਸਾ ਫੌਜ ਦੇ ਸਾਹਮਣੇ ਮੋਰਚਾਬੰਦੀ ਸ਼ੁਰੂ ਕਰ ਦਿੱਤੀ; ਉਸ ਨੇ ਚੜ੍ਹਦੇ ਪਾਸੇ ਜਨਰਲ ਹੈਰੀ ਸਮਿੱਥ ਦੀ ਫੌਜ ਖੜੀ ਕੀਤੀ, ਲਹਿੰਦੇ ਪਾਸੇ ਸਰ ਲਿਟਨਰ ਦੀ ਫੌਜ ਅਤੇ ਵਿਚਕਾਰ ਜਨਰਲ ਗਿਲਬਰਟ ਦੀ ਫੌਜ ਸੀ। ਜਨਰਲ ਗੱਫ਼ ਅਤੇ ਲਾਰਡ ਹਾਰਡਿੰਗ ਆਪ ਵੀ ਵਿਚਾਲੇ ਹੀ ਫੌਜ ਨੂੰ ਅਗਵਾਈ ਦੇ ਰਹੇ ਸਨ। ਦੋਵੇਂ ਧਿਰਾਂ ਇੱਕ-ਦੂਜੇ ਦੇ ਸਾਹਮਣੇ ਸਨ; ਮੋਰਚਾਬੰਦੀ ਕਰਦਿਆਂ-ਕਰਦਿਆਂ 21 ਦਸੰਬਰ ਦਾ ਸੂਰਜ ਡਿੱਗਣ ਲੱਗਾ ਅਤੇ ਠੰਡ ਹੱਡਾਂ ਨੂੰ ਜੋੜਨ ਲੱਗੀ। ਐਨੇ ਨੂੰ ਅੰਗਰੇਜ਼ਾਂ ਨੇ ਆਪਣੀਆਂ ਤੋਪਾਂ ਦੇ ਮੂੰਹ ਖੋਲ ਦਿੱਤੇ ਅਤੇ ਜਿਸ ਦਾ ਸਿੱਖਾਂ ਨੇ ਵੀ ਜ਼ਬਰਦਸਤ ਜੁਆਬ ਦਿੱਤਾ। ਅੰਗਰੇਜ਼ ਫੌਜ ਬਹੁਤ ਹੀ ਜੋਸ਼ ਨਾਲ ਲੜੀ ਅਤੇ ਅੱਗੇ ਵੱਧਦੀ ਗਈ। ਉਹਨਾਂ ਨੇ ਸਿੱਖਾਂ ਦੀਆਂ ਛੇ ਤੋਪਾਂ ਖੋਹ ਲਈਆਂ।

ਜਿਸ ਦੇ ਜੁਆਬ’ਚ ਮਾਨਾਂਵਾਲੀਆਂ ਪਲਟਣਾਂ ਅੱਗੇ ਆਈਆਂ ਅਤੇ ਅਜਿਹਾ ਹੱਲਾ ਬੋਲਿਆਂ ਕਿ ਅੰਗਰੇਜ਼ਾਂ ਤੋਂ ਛੇ ਦੀਆਂ ਛੇ ਤੋਪਾਂ ਵਾਪਸ ਲੈ ਲਈਆਂ ਅਤੇ ਜਨਰਲ ਸਮਿੱਥ ਦੀ ਫੌਜ ਨੂੰ ਮੈਦਾਨ’ਚੋਂ ਖਿਦੇੜ ਦਿੱਤਾ। ਉਸ ਤੋਂ ਬਾਅਦ ਸਿੱਖਾਂ ਨੇ ਜੈਕਾਰੇ ਲਗਾਉਂਦੇ ਹੋਏ ਅਜਿਹੇ ਗੋਲੇ ਮਾਰੇ ਕਿ ਅੰਗਰੇਜ਼ਾਂ ਦੀਆਂ ਤੋਪਾਂ ਥੜਿਆਂ ਤੋਂ ਹਲਾ ਦਿੱਤੀਆਂ,ਗੁਦਾਮ ਢਾਹ ਦਿੱਤਾ, ਰਾਸਨ ਵਾਲੇ ਗੱਡੇ ਗੋਲਿਆਂ ਨੇ ਖਿਲਾਰ ਸੁੱਟੇ ਅਤੇ ਬਾਰੂਦ ਨੂੰ ਅੱਗ ਲੱਗ ਗਈ। ਜਿਸ ਕਾਰਨ ਅੰਗਰੇਜ਼ ਘਬਰਾ ਗਏ ਅਤੇ ਸਰ ਲਿਟਨਰ ਦੀ ਫੌਜ ਮੈਦਾਨ ਛੱਡ ਗਈ। ਸਮਿੱਥ ਅਤੇ ਵਾਲਸ ਦੀ ਫੌਜ ਵੀ ਮੈਦਾਨ ਛੱਡਣ ਲਈ ਮਜ਼ਬੂਰ ਹੋ ਗਈ ਅਤੇ ਪਿੱਛੇ ਹੱਟ ਗਈ। ਕਨਿੰਘਮ ਲਿਖਦਾ ਹੈ ਕਿ ਬਟਾਲੀਅਨਾਂ ਭੱਜੀਆਂ ਜਾ ਰਹੀਆਂ ਸਨ ਅਤੇ ਉਹਨਾਂ ਦੇ ਸਿਪਾਹੀ ਇੱਕ-ਦੂਜੇ’ਚ ਰਲ ਗਏ ਅਤੇ ਜਰਨੈਲਾਂ ਨੂੰ ਪਤਾ ਨਹੀਂ ਸੀ ਲੱਗ ਕਿ ਹੋ ਕੀ ਰਿਹਾ ਹੈ? ਅੰਗਰੇਜ਼ ਫ਼ੌਜ ਬਿਨਾਂ ਸ਼ਰਤ ਆਪਣੇ ਆਪ ਨੂੰ ਸਿੱਖ ਫ਼ੌਜ ਦੇ ਹਵਾਲੇ ਕਰ ਦੇਣ ਬਾਰੇ ਵੀ ਸੋਚਣ ਲੱਗ ਪਈ ਸੀ ਅਤੇ ਸਰਕਾਰੀ ਰਿਕਾਰਡ ਨੂੰ ਫੂਕ ਦੇਣ ਦੀਆਂ ਸਕੀਮਾਂ ਵੀ ਬਣਾ ਰਹੀ ਸੀ। ਇਸ ਤੋਂ ਇਲਾਵਾ ਗਵਰਨਰ ਜਨਰਲ ਨੇ ਆਪਣੇ ਬੇਟੇ ਤੇ ਪ੍ਰਾਈਵੇਟ ਸੈਕਟਰੀ ਨੂੰ ਕੁਝ ਸਰਕਾਰੀ ਕਾਗਜ਼ , ਆਪਣਾ ਘੜੀ ਅਤੇ ਆਪਣੀ ਨੈਪੋਲੀਅਨ ਵਾਲੀ ਤਲਵਾਰ ਜੋ ਡਿਊਕ ਆਫ ਵੈਲਿੰਗਟਨ ਵੱਲੋਂ ਤੋਹਫ਼ਾ ਮਿਲੀ ਹੋਈ ਸੀ, ਦੇ ਕੇ ਅੰਬਾਲੇ ਵੱਲ ਚਲੇ ਜਾਣ ਦਾ ਹੁਕਮ ਦੇ ਦਿੱਤਾ ਸੀ।

ਦੂਜੇ ਪਾਸੇ ਖਾਲਸਾ ਫੌਜ ਪੂਰੀ ਚੜਦੀ ਕਲਾ’ਚ ਸੀ ਭਾਵੇਂ ਹਲੇ ਤੱਕ ਤੇਜਾ ਸਿੰਘ ਡੋਗਰੇ ਨੇ ਆਪਣੇ ਫੌਜ ਨੂੰ ਮੈਦਾਨ’ਚ ਨਹੀਂ ਆਉਣ ਦਿੱਤਾ ਸੀ। ਤੇਜਾ ਸਿੰਘ ਆਪਣੀ ਖਾਲਸਾ ਫੌਜ ਨੂੰ ਹੋਰ ਪਾਸੇ ਲਈ ਖੜਾ ਰਿਹਾ ਅਤੇ ਲਾਰਾ ਲਾਉਂਦਾ ਰਿਹਾ ਕਿ ਅੰਗਰੇਜ਼ ਇਸ ਪਾਸੇ ਤੋਂ ਹਮਲਾ ਕਰਨਗੇ। ਚੁਸਤ-ਚਲਾਕ ਡੋਗਰੇ ਸਿੱਖ ਸਿਪਾਹੀਆਂ ਨੂੰ ਅੱਧੇ -ਅੱਧੇ ਵੰਡ ਕੇ ਮਰਵਾਉਣਾ ਚਾਹੁੰਦੇ ਸਨ। ਜੇਕਰ ਤੇਜਾ ਸਿੰਘ ਆਪਣੀ ਫੌਜ ਮੈਦਾਨ’ਚ ਭੇਜ ਦਿੱਤਾ ਤਾਂ ਅੰਗਰੇਜ਼ਾਂ’ਚ ਕੇਵਲ ਗਿਲਬਰਟ ਦੀ ਫੌਜ ਹੀ ਮੈਦਾਨ’ਚ ਬਚੀ ਸੀ ਜਿਸ ਨੂੰ ਅਸਾਨੀ ਨਾਲ ਹਰਾਇਆ ਜਾ ਸਕਦਾ ਸੀ।

21 ਦਸੰਬਰ ਦੀ ਰਾਤ ਨੂੰ ਲਾਰਡ ਹਾਰਡਿੰਗ ਜਿਸ ਨੂੰ ਸਿੱਖ ਟੁੰਡੀ ਲਾਟ ਵੀ ਕਹਿੰਦੇ ਸਨ ਨੇ ਆਪਣੀ ਇੱਕ ਚਿੱਠੀ ਵਿੱਚ ਜ਼ਿੰਦਗੀ ਦੀ ਸਭ ਤੋਂ ਅਣਹੋਣੀ ਰਾਤ ਲਿਖਿਆ ਹੈ। ਲਾਰਡ ਹਾਰਟਿੰਗ ਲਿਖਦਾ ਹੈ ਕਿ ਕੜਾਕੇ ਦੀ ਠੰਡ’ਚ ਸਾਡੇ ਸਿਪਾਹੀ ਭੁੱਖੇ – ਨੰਗੇ ਬੈਠੇ ਸਨ ਅਤੇ ਰਾਤ ਦੇ ਹਨੇਰੇ’ਚ ਸਿੱਖਾਂ ਦੇ ਜੈਕਾਰੇ ਉਹਨਾਂ ਨੂੰ ਹੋਰ ਡਰਾ ਰਹੇ ਸਨ। ਇਸੇ ਤਰਾਂ ਜਨਰਲ ਗਫ਼ ਨੇ ਉਸ ਰਾਤ ਨੂੰ ਬਹੁਤ ਭਿਆਨਕ ਰਾਤ ਲਿਖਿਆ ਹੈ।

ਅੰਗਰੇਜ਼ਾਂ ਦੀ ਫੌਜ’ਚ ਭਾਰਤੀ ਸਿਪਾਹੀ ਲੜਾਈ ਤੋਂ ਜਵਾਬ ਦੇ ਗਏ ਅਤੇ ਗੋਰੇ ਸਿਪਾਹੀ ਮੈਦਾਨ ਛੱਡ ਕੇ ਠੰਡ ਦੇ ਮਾਰੇ ਧੂਣੀਆਂ ਲਗਾ ਕੇ ਬੈਠ ਗਏ। ਅੰਗਰੇਜ਼ ਅਫ਼ਸਰ ਦਿਨ ਚੜਦੇ ਤੋਂ ਪਹਿਲਾਂ ਹੀ ਫਿਰੋਜ਼ਪੁਰ ਵੱਲ ਜਾਣ ਦੀਆਂ ਸਲਾਹਾਂ ਬਣਾਉਣ ਲੱਗੇ। ਪਰ ਦੂਜੇ ਪਾਸੇ ਰਾਤ ਦੀ ਸੀਤ ਲਹਿਰ’ਚ ਵੀ ਸਿੱਖਾਂ ਦੀ ਤੋਪ ਗਰਮ ਸੀ। ਉਹ ਵਾਰ-ਵਾਰ ਗੋਲੇ ਦਾਗ਼ ਰਹੇ ਅਤੇ ਜੈਕਾਰੇ ਲਗਾ ਰਹੇ ਸਨ। ਖਾਲਸਾ ਫੌਜ ਦੇ ਮਨ’ਚ ਮੁਦਕੀ ਦੀ ਹਾਰ ਰੜਕ ਰਹੀ ਸੀ ਅਤੇ ਸਾਰੀ ਰਾਤ ਸਿੱਖ ਸਿਪਾਹੀ ਗੋਲੇ ਦਾਗਦੇ ਰਹੇ।

ਅਗਲੇ ਦਿਨ 22 ਦਸੰਬਰ ਨੂੰ ਲਾਰਡ ਹਾਰਡਿੰਗ ਅਤੇ ਜਨਰਲ ਗੱਫ਼ ਨੇ ਹਾਰੀ ਹੋਈ ਜੰਗ’ਚ ਇੱਕ ਆਖ਼ਰੀ ਹੱਲਾ ਮਾਰਨ ਦਾ ਫੈਸਲਾ ਕੀਤਾ ਅਤੇ ਡੋਗਰਿਆਂ ਨੂੰ ਖਾਲਸਾ ਫੌਜ ਨੂੰ ਰੋਕਣ ਲਈ ਸਨੇਹਾ ਭੇਜਿਆ। ਲਾਰਡ ਹਾਰਡਿੰਗ ਨੇ ਅੰਗਰੇਜ਼ ਫੌਜ’ਚ ਜੋਸ਼ ਭਰਨ ਲਈ ਕਿਹਾ ਕਿ ਰਾਤ ਸਿੱਖਾਂ ਨੇ ਚਾਰ ਹਜ਼ਾਰ ਅੰਗਰੇਜ਼ ਫੌਜੀ ਮਾਰ ਦਿੱਤੇ ਹਨ ਆਪਣੇ ਸਾਥੀਆਂ ਦੀ ਮੌਤ ਦਾ ਬਦਲਾ ਲੈਣ ਲੲੀ ਮੈਦਾਨੇ ਜੰਗ’ਚ ਲੜ ਮਰੋ। ੳੁਹ ਜਾਂ ਤਾਂ ਮਰ ਜਾਣਾ ਅਤੇ ਜਾਂ ਫਿਰ ਮੈਦਾਨ ਜਿੱਤਣਾ ਚਾਹੁੰਦਾ ਸੀ। ਉਹ ਡੋਗਰਿਆਂ ਵਾਂਗ ਗ਼ਦਾਰ ਨਹੀਂ ਸੀ ਜੇਕਰ ਇਸ ਲੜਾਈ’ਚ ਹਰੀ ਸਿੰਘ ਨਲੂਏ ਵਰਗਾ ਜਰਨੈਲ ਸਿੱਖਾਂ ਦੀ ਅਗਵਾਈ ਕਰਦਾ ਹੁੰਦਾ ਤਾਂ ਇਸ ਲੜਾਈ ਨੇ ਪੰਜਾਬ ਦਾ ਇਤਿਹਾਸ ਬਦਲ ਦੇਣਾ ਸੀ।

22 ਦਸੰਵਰ ਨੂੰ ਸਵੇਰੇ ਲਾਲ ਸਿੰਘ ਗਿਣੀ-ਮਿਥੀ ਸਾਜ਼ਿਸ਼ ਅਨੁਸਾਰ ਖਾਲਸਾ ਫੌਜ ਨੂੰ ਵਰਗਲਾ ਕੇ ਅਤੇ ਆਪਣੇ ਨਾਲ ਲੈ ਕੇ ਮੈਦਾਨ ਵਿੱਚੋਂ ਇਕ ਪਾਸੇ ਹੋ ਗਿਆ। ਇਸ ਤਰ੍ਹਾਂ ਅੰਗਰੇਜ਼ਾਂ ਨੂੰ ਸਿੱਖਾਂ ਦਾ ਨੁਕਸਾਨ ਕਰਨ ਦਾ ਪੂਰਾ ਮੌਕਾ ਮਿਲ ਗਿਆ। ਸਵੇਰ ਦੇ ਹਮਲੇ’ਚ ਲਾਰਡ ਹਾਰਡਿੰਗ ਆਪ ਅੱਗੇ ਹੋ ਕੇ ਲੜਿਆ ਜਿਸ ਨਾਲ ਅੰਗਰੇਜ਼ ਫੌਜ ਦਾ ਜੋਸ਼ ਸੱਤਵੇਂ ਅਸਮਾਨ’ਤੇ ਪਹੁੰਚ ਗਿਆ। ਲਾਲ ਸਿੰਘ ਦੀ ਮਾਰੂ ਅਗਵਾਈ ਸਿੱਖਾਂ ਦਾ ਬਹੁਤ ਨੁਕਸਾਨ ਕਰਵਾਉਣ ਲੱਗੀ। ਇਸ ਹੱਲੇ’ਚ ਸਿੱਖਾਂ ਦਾ ਬਹੁਤ ਨੁਕਸਾਨ ਹੋਇਆ। ਲਾਲ ਸਿੰਘ ਡੋਗਰਾ ਫਿਰ ਪਿੱਛੇ ਹੱਟ ਗਿਆ ਅਤੇ ਤੇਜਾ ਸਿੰਘ ਨੇ ਆਪਣੀ ਦਸ ਹਜ਼ਾਰ ਫੌਜ ਨੂੰ ਮੈਦਾਨ’ਚ ਨਾ ਜਾਣ ਦਿੱਤਾ । ਨਤੀਜੇ ਵਜੋੰ ਸਿੱਖ ਫੌਜ ਬੁਰੀ ਤਰਾਂ ਹਾਰਨ ਲੱਗੀ। ਮੈਦਾਨੇ ਜੰਗ ਖਾਲਸਾ ਫੌਜ ਦੀ ਦੁਰਦਸ਼ਾ ਦੇਖ ਕੇ ਤੇਜਾ ਸਿੰਘ ਦੀ ਫੌਜ ਦੇ ਸਿੱਖ ਸਿਪਾਹੀਆਂ ਤੋਂ ਸਹਿਣ ਨਾ ਕਰ ਹੋਇਆ। ਉਹ ਤੇਜਾ ਸਿੰਘ ਤੋਂ ਬਾਗੀ ਹੋ ਕੇ ਮੈਦਾਨ’ਚ ਆ ਗਏ। ਜਦੋਂ ਜੈਕਾਰੇ ਲਾਉਂਦੀ ਇਹ ਫੌਜ ਮੈਦਾਨ’ਚ ਆਈ ਤਾਂ ਪਹਿਲਾਂ ਲੜ ਰਹੇ ਸਿੱਖਾਂ ਨੂੰ ਵੀ ਹੌਸਲਾ ਮਿਲਿਆ ਅਤੇ ਐਸਾ ਹੱਲਾ ਕੀਤਾ ਲੜਾਈ ਦਾ ਪਾਸਾ ਹੀ ਉਲਟ ਦਿੱਤਾ। ਫੌਜ ਕੋਲ ਮੂੰਹ ਰੱਖਣ ਲੲੀ ਤੇਜਾ ਸਿੰਘ ਫਿਰ ਮੈਦਾਨ’ਚ ਆ ਕੇ ਅਗਵਾੲੀ ਕਰਨ ਲੱਗਾ। ਸਿੱਖਾਂ ਨੇ ਅੰਗਰੇਜ਼ ਫੌਜ ਦੇ ਮੈਦਾਨ’ਚੋਂ ਪੈਰ ਉਖਾੜ ਦਿੱਤੇ ਅਤੇ ਅੰਗਰੇਜ਼ਾਂ ਕੋਲ ਗੋਲਾ ਬਾਰੂਦ ਵੀ ਲੱਗਪਗ ਮੁੱਕਣ ਲੱਗਾ। ਸਰ ਲਿਟਨਰ ਦੀ ਫੌਜ ਮੈਦਾਨ ਛੱਡ ਕੇ ਫਿਰੋਜ਼ਪੁਰ ਨੂੰ ਭੱਜ ਗਈ। ਅੰਗਰੇਜ਼ਾਂ ਦੇ ਸਾਰੇ ਮੋਰਚੇ ਹਿਲਾ ਦਿੱਤੇ ਅਤੇ ਸਿਪਾਹੀ ਮੈਦਾਨ ਛੱਡ ਕੇ ਭੱਜ ਤੁਰੇ। ਕੁਝ ਸਮੇਂ’ਚ ਸਿੱਖ ਜਿੱਤ ਵਿਗਲ ਵਜਾ ਸਕਦੇ ਸਨ ਪਰ ਗ਼ਦਾਰ ਡੋਗਰੇ ਬਿਨਾਂ ਗੱਲੋੰ ਮੈਦਾਨ ਛੱਡ ਕੇ ਪਿੱਛੇ ਹੱਟ ਗਏ ਅਤੇ ਖਾਲਸਾ ਫੌਜ ਨੂੰ ਪਿਛਾਂਹ ਹੱਟਣ ਦਾ ਹੁਕਮ ਦਿੱਤਾ। ਤੇਜਾ ਸਿੰਘ ਡੋਗਰਾ ਅਤੇ ਲਾਲ ਸਿੰਘ ਡੋਗਰਾ ਆਪਣੀ ਫੌਜ ਸਣੇ ਜਿੱਤਿਆ ਹੋਇਆ ਮੈਦਾਨ ਛੱਡ ਕੇ ਭੱਜ ਗਿਆ। ਲਾਲ ਸਿੰਘ ਦੀ ਨਿੱਜੀ ਫੌਜ ਦੇ 60 ਤੋਪਚੀ ਲਾਲ ਸਿੰਘ ਦਾ ਹੁਕਮ ਮਨ ਕੇ ਤੋਪਾਂ ਛੱਡ ਕੇ ਭੱਜ ਗਏ। ਸ਼ਾਹ ਮੁਹੰਮਦ ਅਨੁਸਾਰ ਇਸ ਜੰਗ ਵਿਚ ਸਿੱਖ ਫ਼ੌਜ ਦੀ ਹਾਰ ਦਾ ਪ੍ਰਮੁੱਖ ਕਾਰਨ ਫਰੀਦਕੋਟ ਦੇ ਰਾਜੇ ਪਹਾੜਾ ਸਿੰਘ ਦੁਆਰਾ ਸਿੱਖ ਫ਼ੌਜ ਨਾਲ ਕੀਤੀ ਗ਼ਦਾਰੀ ਵੀ ਸੀ। ਪਹਾੜਾ ਸਿੰਘ ਅੰਗਰੇਜ਼ਾਂ ਦਾ ਦੋਸਤ ਸੀ ਅਤੇ ਉਸ ਨੇ ਸਿੱਖ ਫ਼ੌਜ ਦਾ ਿੲਹ ਭੇਤ ਅੰਗਰੇਜ਼ ਫ਼ੌਜ ਨੂੰ ਦੱਸ ਦਿੱਤਾ ਸੀ। ਉਹ ਜਾ ਕੇ ਲਾਰਡ ਹਾਰਡਿੰਗ ਨੂੰ ਮਿਲਿਆ ਅਤੇ ਦੱਸਿਅਾ ਕਿ ਲਾਲ ਸਿੰਘ ਅਤੇ ਤੇਜਾ ਸਿੰਘ ਥੋੜੀ ਜਹੀ ਖਾਲਸਾ ਫੌਜ ਨੂੰ ਛੱਡ ਕੇ ਭੱਜ ਗਏ। ਪਹਾੜਾ ਸਿੰਘ ਦੇ ਸੱਦਣ’ਤੇ ਹਾਰਡਿੰਗ ਨੇ ਭੱਜੇ ਜਾਂਦੇ ਅੰਗਰੇਜ਼ਾਂ ਨੂੰ ਵਾਪਸ ਬੁਲਾ ਲਿਆ ਅਤੇ ਉਹ ਮੈਦਾਨ’ਚ ਫੱਟੜ ਪਾਏ ਸਿੱਖਾਂ ਨੂੰ ਬੇਰਹਿਮੀ ਨਾਲ ਕਤਲ ਕਰਨ ਲੱਗੇ।

ਇਸ ਲੜਾਈ’ਚ 694 ਅੰਗਰੇਜ਼ ਫੌਜੀ ਮਰੇ ਅਤੇ 1721 ਫੱਟੜ ਹੋਏ ਜਿਨਾਂ’ਚ 54 ਅੰਗਰੇਜ਼ ਫੌਜ ਦੇ ਅਫ਼ਸਰ ਸਨ। ਲਗਭੱਗ ਐਨਾ ਕੁ ਨੁਕਸਾਨ ਹੀ ਸਿੱਖ ਫੌਜ ਦਾ ਹੋਇਆ। ਡੋਗਰੇ ਸਿੱਖਾਂ ਦੀਆਂ 70 ਤੋਪਾਂ ਮੈਦਾਨ’ਚ ਹੀ ਛੱਡ ਗਏ। ਿੲਸ ਤਰਾਂ ਜਿੱਤੀ ਹੋੲੀ ਜੰਗ ਗ਼ਦਾਰਾਂ ਨੇ ਹਰਾ ਕੇ ਖਾਲਸਾ ਫੌਜ ਅਤੇ ਪੰਜਾਬ ਦਾ ਬੇਹਿਸਾਬ ਨੁਕਸਾਨ ਕਰਵਾਿੲਅਾ।

ਇਸ ਲੜਾਈ ਬਾਰੇ — ਜੋਸਫ ਡੇਵੀ ਕਨਿੰਘਮ ਲਿਖਦਾ ਹੈ ਕਿ —

“ਸੱਚੀ ਗੱਲ ਤਾਂ ਇਹ ਹੈ ਕਿ ਸਿੱਖ ਫੌਜਾਂ ਨੇ ਅੰਗਰੇਜ਼ਾਂ ਦਾ ਮੂੰਹ ਭੰਨ ਕੇ ਰੱਖ ਦਿੱਤਾ ਸੀ। ਬ੍ਰਿਟਿਸ਼ ਸਾਮਰਾਜ ਦੇ ਇਤਿਹਾਸ ਵਿੱਚ ਸ਼ਾਇਦ ਇਹ ਪਹਿਲਾ ਮੌਕਾ ਸੀ ਜਦੋਂ ਅੰਗਰੇਜ਼ਾਂ ਨੇ ਮੈਦਾਨੇ ਜੰਗ ਵਿੱਚ ਆਪਣੇ ਦੁਸ਼ਮਣ ਦੇ ਸਾਹਮਣੇ ਬਿਨਾਂ ਸ਼ਰਤ ਹਥਿਆਰ ਸੁੱਟਣ ਦੀ ਤਿਆਰੀ ਕੀਤੀ ਹੋਵੇ।”

ਅਤੇ ਅੰਗਰੇਜ਼ ਅਫ਼ਸਰ ਪਾਈਲੀਅਸ ਨੇ ਕਿਹਾ

“ਜੇ ਅਜੇ ਵੀ ਅਸੀਂ ਇਸ ਨੂੰ ਆਪਣੀ ਜਿੱਤ ਮੰਨਦੇ ਹਾਂ ਤਾਂ ਫਿਰ ਹਾਰ ਕਿਸ ਨੂੰ ਆਖਦੇ ਹਨ।”

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।