ਲੇਖ » ਸਾਹਿਤਕ ਕੋਨਾ

ਕਰੋਨਾ: ਪ੍ਰਸ਼ਾਸਨਿਕ ਹਿੰਸਾ ਅਤੇ ਪੰਜਾਬ ਦੇ ਲੋਕਾਂ ਦਾ ਪ੍ਰਤੀਉੱਤਰ

April 15, 2020 | By

A particular problem is the duality of the oppressed: they are contradictory, divided beings, shaped by and existing in a concrete situation of oppression and violence.

It is not the tyrannized who initiate despotism, but the tyrants. It is not the despised who initiate hatred, but those who despise. It is not those whose humanity is denied them who negate humankind, but those who denied that humanity (thusnegating their own as well). Force is used not by those who have become weak under the preponderance of the strong, but by the strong who have emasculated them.

Paulo Freire

ਕਰੋਨਾ ਦੀ ਮਹਾਂਮਾਰੀ ਦੇ ਚਲਦਿਆਂ ਪੰਜਾਬ ਵਿਚ ਬੁਨਿਆਦੀ ਕੀਮਤਾਂ ਵਿਚ ਆ ਰਹੀ ਤਬਦੀਲੀ ਬਾਹਰ ਨਿਕਲ ਰਹੀ ਹੈ। ਕਰੋਨਾ ਦੀ ਮੌਤ ਦੇ ਡਰੋਂ ਪੰਜਾਬ ਵਿਚ ਸਰਕਾਰੀ ਤਾਕਤ ਅਤੇ ਹਿੰਸਾ ਨੂੰ ਜਾਇਜ ਮੰਨਿਆ ਜਾਣ ਲੱਗ ਪਿਆ। ਪੰਜਾਬ ਦੇ ਇਤਿਹਾਸ ਵਿਚ ਸਰਕਾਰੀ ਤਾਕਤ ਦੀ ਨੁਮਾਇਸ਼ ਨੂੰ ਦਮਨ ਜਾਂ ਬਰਬਰਤਾ ਹੀ ਕਿਹਾ ਜਾਂਦਾ ਰਿਹਾ ਹੈ। ਲੋਕਾਂ ਨੂੰ ਇਹ ਪਤਾ ਹੁੰਦਾ ਸੀ ਕਿ ਉਨ੍ਹਾਂ ‘ਤੇ ਰਾਜ ਕਰਨ ਵਾਲੇ ਅਧਿਕਾਰੀ ਕਿਸੇ ਹੋਰ ਹਾਕਮ ਦੇ ਸੂਬੇਦਾਰ-ਮੁਕੱਦਮ ਹਨ, ਲੋਕਾਂ ‘ਤੇ ਉਹ ਪਰਾਏ ਹਾਕਮ ਦਾ ਹੁਕਮ ਲਾਗੂ ਕਰ ਰਹੇ ਹਨ। ਉਹ ਹਾਕਮ, ਸੂਬੇਦਾਰ-ਮੁਕੱਦਮ ਅਤੇ ਆਪਣੇ ਵਿਚ ਫਰਕ ਸਾਫ ਕਰ ਲੈਂਦੇ ਸਨ। ਖੱਬੇ-ਗੱਭੇ-ਸੱਜੇ ਪੱਖੀ ਸਾਰੇ ਵਿਦਵਾਨ ਅਤੇ ਇਤਿਹਾਸਕਾਰ ਪੰਜਾਬ ਦੇ ਕਿਰਦਾਰ ਨੂੰ ‘ਨਾਬਰ’ ਕਹਿੰਦੇ ਰਹੇ ਹਨ। ਬੇਸ਼ਕ ਸਾਰੇ ਪੰਜਾਬੀ ਕਦੇ ਵੀ ਸਰਕਾਰ ਦੇ ਨਾਬਰ ਨਹੀਂ ਰਹੇ। ਬਹੁਤ ਸਾਰੇ ਚਾਕਰੀ ਕਰਨ ਵਾਲੇ ਚਕਰੈਲ ਅਤੇ ਆਮ ਜਿੰਦਗੀ ਜਿਉਣ ਵਾਲੇ ਦੁਨੀਆਦਾਰ ਵੀ ਹੁੰਦੇ ਸਨ ਪਰ ਉਨ੍ਹਾਂ ਨੇ ਆਪਣੇ ਅੰਦਰੋਂ ਸਰਕਾਰ ਦੇ ਦਮਨ ਤੇ ਹਿੰਸਾ ਨੂੰ ਕਦੇ ਠੀਕ ਨਹੀਂ ਕਿਹਾ ਸੀ। ਜੋ ਸਰਕਾਰ ਨਾਲ ਸੁਆਰਥ ਰੱਖ ਕੇ ਕਹਿੰਦਾ ਸੀ ਉਸ ਨੂੰ ਇਤਿਹਾਸ ਵਿਚ ਗੱਦਾਰ ਦਾ ਲਕਬ ਮਿਲਿਆ।

ਪਰ ਹੁਣ ਇਤਿਹਾਸ ਨਾਲੋਂ ਵਿਆਕਰਣ ਬਦਲ ਗਈ ਹੈ। ਸਮਾਜ ਵੰਡਿਆ ਗਿਆ ਹੈ, ਉਸ ਦਾ ਇਕ ਹਿੱਸਾ ਪ੍ਰਸ਼ਾਸ਼ਨਿਕ ਤਾਕਤ ਅਤੇ ਹਿੰਸਾ ਨੂੰ ਸੁਰੱਖਿਆ ਤੇ ਬਚਾਅ ਕਹਿ ਰਿਹਾ ਹੈ ਅਤੇ ਇਕ ਹਿੱਸਾ ਇਸ ਨੂੰ ਦਮਨ ਕਹਿ ਰਿਹਾ ਹੈ। ਸੁਰੱਖਿਆ ਕਹਿਣ ਵਾਲਿਆਂ ਦਾ ਤਰਕ ਹੈ ਕਿ ਇਸ ਨਾਮੁਰਾਦ ਮਹਾਂਮਾਰੀ ਵਿਚ ਲੋਕ ਟਿਕਦੇ ਨਹੀਂ ਅਤੇ ਨਾ ਹੀ ਕਰਫਿਊ ਦੇ ਸਰਕਾਰੀ ਨੇਮਾਂ ਮੁਤਾਬਕ ਪਰਹੇਜ ਕਰ ਰਹੇ ਹਨ। ਉਨ੍ਹਾਂ ਦਾ ਤਰਕ ਹੈ ਪ੍ਰਸ਼ਾਸਨ ਨੂੰ ਅੱਕ ਕੇ ਸਖਤੀ ਕਰਨੀ ਪੈ ਰਹੀ ਹੈ। ਪ੍ਰਸ਼ਾਸਨ ਲੋਕਾਂ ਦਾ ਭਲਾ ਹੀ ਕਰ ਰਿਹਾ ਹੈ। ਲਾਗ ਦੀ ਬਿਮਾਰੀ ਤੋਂ ਬਚਾਅ ਲਈ ਪ੍ਰਸ਼ਾਸਨ ਦੇ ਜਤਨਾਂ ਨਾਲ ਲਗਭਗ ਸਭ ਹੀ ਸਹਿਮਤ ਹਨ। ਰੌਲਾ ਮੁਲਾਜਮਾਂ ਦੇ ਡੰਡੇ ਵਰ੍ਹਨ ਦਾ ਹੈ। ਦਮਨ ਕਹਿਣ ਵਾਲਾ ਹਿੱਸਾ ਕਹਿੰਦਾ ਸਰਕਾਰ ਨੇ ਬਿਨ੍ਹਾ ਅਗਾਊਂ ਜਾਣਕਾਰੀ ਦੇ ਤੱਤਭੜੱਤੀ ਕਰਫਿਊ ਲਾ ਦਿੱਤਾ ਅਤੇ ਪ੍ਰਸ਼ਾਸਨ ਨੇ ਪਹਿਲੇ ਦਿਨ ਹੀ ਸਖਤੀ ਕਰ ਦਿੱਤੀ ਸੀ। ਸਖਤੀ ਵੀ ਏਨੀ ਕਿ ਅਣਮਨੁੱਖੀ ਪੱਧਰ ‘ਤੇ ਲੋਕਾਂ ਨਾਲ ਦੁਰਵਿਹਾਰ ਕੀਤਾ ਜਾ ਰਿਹਾ ਹੈ। ਪ੍ਰਸ਼ਾਸਨ ਦੇ ਏਸ ਦੁਰਵਿਹਾਰ ਦਾ ਕਈ ਥਾਈਂ ਪ੍ਰਤੀਕਰਮ ਵੀ ਹੋਇਆ-ਹਿੰਸਕ ਪ੍ਰਤੀਕਰਮ ਵੀ ਹੋਇਆ। ਲੋਕਾਂ ਵਲੋਂ ਪ੍ਰਸ਼ਾਸਨਿਕ ਮੁਲਾਜਮਾਂ ਦੇ ਹਿੰਸਕ ਰਵੱਈਏ ਦੇ ਜਵਾਬ ‘ਤੇ ਸੁਰੱਖਿਆ ਅਤੇ ਦਮਨ ਕਹਿਣ ਵਾਲੇ ਦੋਵਾਂ ਹਿੱਸਿਆਂ ਦੀਆਂ ਰਾਇਆਂ ਵੱਖੋ-ਵੱਖ ਬਲਕਿ ਵਿਰੋਧੀ ਹਨ।

ਹੁਣ ਇਥੇ ਦੋ-ਦੋ ਵਿਰੋਧੀ ਧਿਰਾਂ ਹਨ। ਇਕ ਡੰਡੇ ਵਰ੍ਹਾਉਣ ਵਾਲਾ ਪ੍ਰਸ਼ਾਸਨ ਅਤੇ ਲੋਕ, ਦੂਜੀ ਪ੍ਰਸ਼ਾਸਨ ਦੇ ਹਿੰਸਕ ਰਵੱਈਏ ਦੇ ਪੱਖੀ ਅਤੇ ਆਲੋਚਕ। ਪਹਿਲਾ ਜੁੱਟ ਹਿੰਸਾ ਦਾ ਕਰਨ-ਕਰਮ ਹੈ ਅਤੇ ਦੂਜਾ ਹਿੰਸਾ ਦੀ ਕਿਰਿਆ ਉੱਪਰ ਚਰਚਾ ਕਰਨ ਵਾਲਾ। ਦੂਜਾ ਜੁੱਟ ਵੀ ਇਕ ਹਿੰਸਾ ਕਰ ਰਿਹਾ ਹੈ, ਇਸ ਨੂੰ ਜੁਬਾਨੀ ਹਿੰਸਾ ਕਹਿੰਦੇ ਹਨ। ਇਹ ਹਿੰਸਾ ਕਰਨ ਨਾਲ ਕਾਨੂੰਨ ਹੱਥ ਵਿਚ ਨਹੀਂ ਆਉਂਦਾ ਬਲਕਿ ਕਾਨੂੰਨ ਹਰੇਕ ਨੂੰ ਆਪਣੀ ਗੱਲ ਰੱਖਣ ਦਾ ਬੁਨਿਆਦੀ ਅਧਿਕਾਰ ਦਿੰਦਾ ਹੈ। ਇਥੇ ਚਰਚਾ ਵਾਲੇ ਜੁੱਟ ਨੂੰ ਸਮਝਣ ਦਾ ਵਧੇਰੇ ਜਤਨ ਹੈ।

ਹਿੰਸਾ ਬਹੁਤ ਮਾੜੀ ਹੈ, ਇਹ ਮਨੁੱਖ ਨੂੰ ਮਨੁੱਖਤਾ ਤੋਂ ਹੇਠਾਂ ਡੇਗਦੀ ਹੈ। ਹਿੰਸਾ ਅਜਿਹੀ ਭੈੜੀ ਅੱਗ ਹੈ ਜੋ ਇਕ ਵਾਰੀ ਲੱਗ ਜਾਵੇ ਤਾਂ ਰੋਕਣੀ ਔਖੀ ਹੋ ਜਾਂਦੀ ਹੈ ਅਤੇ ਰੁਕਦੀ-ਰੁਕਦੀ ਹੀ ਬਹੁਤ ਨੁਕਸਾਨ ਕਰ ਜਾਂਦੀ ਹੈ। ਸਦਾ ਤੋਂ ਹੀ ਸਿਆਣੇ ਬੰਦੇ ਹਿੰਸਾ ਨੂੰ ਘੱਟ ਕਰਨ ਦੇ ਜਤਨ ਵਿਚ ਰਹੇ ਹਨ। ਹਿੰਸਾ ਨੂੰ ਸਮਝਣ ਵਿਚ ਦੋ ਗੱਲਾਂ ਅਹਿਮ ਮੰਨੀਆਂ ਜਾਂਦੀਆਂ ਹਨ, ਇਕ, ਇਹ ਸ਼ੁਰੂ ਕਿਥੋਂ ਹੋਈ ਅਤੇ ਕਿਸ ਨੇ ਕਰੀ; ਦੂਜੀ, ਵੱਧ ਕਿਸ ਨੇ ਕੀਤੀ ਅਤੇ ਘੱਟ ਕਿਸ ਨੇ।

ਕਰੋਨਾ ਦੌਰਾਨ ਹਿੰਸਕ ਘਟਨਾਵਾਂ ਦੇ ਅੰਕੜਿਆਂ ਦੇ ਅਨੁਪਾਤ ਵਿਚ ਲੋਕਾਂ ਦੁਆਰਾ ਕੀਤੇ ਮਾੜੇ ਵਰਤਾਓ ਦੀਆਂ ਘਟਨਾਵਾਂ ਦੀ ਗਿਣਤੀ ਪ੍ਰਸ਼ਾਸਨ ਦੇ ਨਿਰਦਈ ਵਰਤਾਓ ਦੀਆਂ ਘਟਨਾਵਾਂ ਸਾਹਮਣੇ ਨਿਗੂਣੀ ਹੈ। ਇਸ ਦੇ ਬਾਵਜੂਦ ਵੀ ਅਵਾਮ ਦਾ ਵੱਡਾ ਹਿੱਸਾ ਪ੍ਰਸ਼ਾਸਨ ਦੀ ਨਿਰਦਈ ਹਿੰਸਾ ਨੂੰ ਜਾਇਜ ਕਰਾਰ ਦੇਈ ਜਾ ਰਿਹਾ ਹੈ! ਸਿਤਮ ਦੀ ਗੱਲ ਇਹ ਹੈ ਕਿ ਇਸ ਵਿਚੋਂ ਵਧੇਰੇ ਚੰਗਾ ਪੜ੍ਹਿਆ-ਲਿਖਿਆ ਤਬਕਾ ਹੈ ਜੋ ਇਹ ਜਾਣਦੇ ਹਨ ਕਿ ਪ੍ਰਸ਼ਾਸਨ ਵਿਧੀਵਤ ਤਰੀਕੇ ਨਾਲ ਸਿਖਿਅਤ ਹੁੰਦਾ ਹੈ ਅਤੇ ਅਵਾਮ ਨੇ ਜੋ ਕੁਝ ਚੰਗਾ-ਮਾੜਾ ਸਿਖਿਆ ਹੁੰਦਾ ਉਹ ਸਮਾਜਕ ਮਾਹੌਲ ਵਿਚੋਂ ਹੀ ਸਿਖਿਆ ਹੁੰਦਾ। ਉਹ ਇਹ ਵੀ ਜਾਣਦੇ ਹਨ ਕਿ ਅਵਾਮ ਨੇ ਕਰੋਨਾ ਕਰਫਿਊ ਦੌਰਾਨ ਪ੍ਰਸ਼ਾਸਨ ਜਿੰਨੀ ਨਿਰਦਈ ਹਿੰਸਾ ਨਹੀਂ ਕੀਤੀ।

ਇਹ ਜਾਣਦੇ ਹੋਏ ਵੀ ਉਨ੍ਹਾਂ ਦਾ ਜਿਹੜਾ ਪ੍ਰਤੀਉੱਤਰ ਉੱਭਰ ਕੇ ਆ ਰਿਹਾ ਹੈ ਉਹ ਇਕ ਲੰਬੇ ਸਮੇਂ ਦੇ ਗੁਲਾਮ ਸਮਾਜ ਵਰਗਾ ਜਾਪਦਾ ਹੈ। ਬਲਕਿ ਬਿਮਾਰੀ ਦੇ ਪੱਕੀ ਹਾਲਤ ਵਿਚ ਪਹੁੰਚ ਜਾਣ ਵਾਲੇ ਮਰੀਜ ਵਾਲਾ ਵੀ ਕਿਹਾ ਜਾ ਸਕਦਾ ਹੈ? ਪੜ੍ਹੇ ਲਿਖੇ ਸਿਆਣੇ ਲੋਕਾਂ ਦਾ ਇਹ ਪੈਂਤੜਾ ਇਹ ਸੋਚਣ ਲਈ ਮਜਬੂਰ ਕਰਦਾ ਹੈ ਕਿ ਆਮ ਸਮਝ ਬਣਾਉਣ ਦੇ ਵਸੀਲੇ ਵਿਦਿਅਕ ਸੰਸਥਾਵਾਂ, ਖਬਰਖਾਨਾ ਅਤੇ ਫਿਲਮਾਂ ਆਦਿ ਸਭ ਠੀਕ ਨਿਭ ਰਹੀਆਂ ਹਨ?

ਇਕ ਸੋਚਣ ਵਾਲੀ ਗੱਲ ਇਹ ਹੈ ਕਿ ਪ੍ਰਸ਼ਾਸਨ ਦੀ ਸਿਖਲਾਈ ਅਤੇ ਵਰਤਾਓ ਦੇ ਮੁਕੰਮਲ ਨੇਮਾਂ ਵਿਚ ਗਾਲਾਂ-ਦੁੱਪੜਾਂ ਦੀ ਤਾਂ ਕੋਈ ਥਾਂ ਹੀ ਨਹੀਂ। ਅਤੇ ਮੁਲਾਜਮਾਂ ਨੂੰ ਬਿਨ੍ਹਾ ਜਾਨ ਦੇ ਖੌ ਦੇ ਹਥਿਆਰ ਵਰਤਣ ਦੀ ਵੀ ਆਗਿਆ ਨਹੀਂ। ਹਥਿਆਰ ਕਦੋਂ ਅਤੇ ਕਿਵੇਂ, ਕਿਹੜੇ ਨੇਮਾਂ ਤਹਿਤ ਵਰਤਣਾ ਉਨ੍ਹਾਂ ਨੂੰ ਪੂਰਾ ਸਿਖਾਇਆ ਜਾਂਦਾ ਹੈ ਤਾਂ ਵੀ ਮੁਲਾਜਮ ਆਮ ਲੋਕਾਂ ਨੂੰ ਗਾਲਾਂ-ਦੁੱਪੜਾਂ ਕੱਢ ਰਹੇ ਅਤੇ ਹਥਿਆਰ (ਬੇਸ਼ਕ ਡੰਡੇ ਹੀ) ਵਰਤਾ ਰਹੇ ਹਨ। ਇਹ ਸਭ ਕੁਝ ਉਹ ਸਰਕਾਰ ਵਲੋਂ ਮੁਹੱਈਆ ਕਰਵਾਈ ਗਈ ਵਿਧੀਵਤ ਸਿਖਲਾਈ ਦੇ ਬਾਵਜੂਦ ਵੀ ਕਰ ਰਹੇ ਹਨ। ਪਰ ਸਵਾਲ ਇਹ ਹੈ ਕਿ ਗਾਲਾਂ-ਦੁੱਪੜਾਂ ਅਤੇ ਬੇਲੋੜੀ ਕਰੂਰਤਾ ਉਹ ਕਿਥੋਂ ਸਿੱਖ ਗਏ? ਇਸ ਦਾ ਇਕ ਮਤਲਬ ਤਾਂ ਇਹ ਹੈ ਕਿ ਉਹ ਜਿਸ ਸਮਾਜ
ਵਿਚ ਜੰਮੇ, ਪਲੇ ਅਤੇ ਕੰਮ ਕਰ ਰਹੇ ਹਨ ਉਥੋਂ ਸਿੱਖ ਗਏ ਹੋਣਗੇ। ਫਿਰ ਉਹ ਸਮਾਜ ਬਹੁਤ ਬੇਚੈਨ ਹੋਊ ਜਿਥੇ ਉਨ੍ਹਾਂ ਨੂੰ ਇਹ ਵੀ ਪਤਾ ਹੈ ਕਿ ਉਹ ਨਿਸ਼ਕਾਮ ਸੇਵਾ ਨਹੀਂ ਕਾਨੂੰਨ ਦੀ ਨੌਕਰੀ ਕਰ ਰਹੇ ਹਨ, ਜੇ ਗਾਲਾਂ-ਦੁੱਪੜਾਂ ਅਤੇ ਬੇਲੋੜੀ ਕਰੂਰਤਾ ਵਰਗਾ ਗੈਰ-ਕਾਨੂੰਨੀ ਕੰਮ ਕਰ ਕੇ ਕਾਨੂੰਨ ਹੱਥਾਂ ਵਿਚ ਲੈਣਗੇ ਤਾਂ ਉਨ੍ਹਾਂ ਦਾ ਰੁਜਗਾਰ ਖੁੱਸ ਸਕਦਾ ਹੈ ਪਰ ਉਹ ਤਾਂ ਵੀ ਕਰ ਰਹੇ ਹਨ। ਸ਼ਾਇਦ ਉਨ੍ਹਾਂ ਨੂੰ ਕਾਨੂੰਨ ਤੋਂ ਖਤਰਾ ਨਹੀਂ ਜਾਪਦਾ।

ਚਰਚਾ ਵਿਚ ਇਸ ਬਾਰੇ ਕਿਹਾ ਜਾ ਰਿਹਾ ਹੈ ਕਿ ਸਰਕਾਰੀ ਮੁਲਾਜਮ ਵੀ ਤਾਂ ਬੰਦੇ ਹੀ ਹਨ। ਉਨ੍ਹਾਂ ਨੂੰ ਚੌਵੀ ਘੰਟੇ ਡਿਉਟੀ ਕਰਨੀ ਪੈਂਦੀ ਹੈ। ਉਹ ਥੱਕਦੇ-ਅੱਕਦੇ ਵੀ ਹਨ। ਉਨ੍ਹਾਂ ਦੇ ਵੀ ਘਰ ਬਾਰ ਹਨ। ਬਿਮਾਰੀ ਦਾ ਡਰ ਉਨ੍ਹਾਂ ਨੂੰ ਵੀ ਹੈ। ਮੂਰਖਾਂ ਵਰਗੇ ਨਾ ਟਿਕਣ ਵਾਲੇ ਲੋਕਾਂ ਨਾਲ ਜੋਖਮ ਵਿਚ ਲੁੱਝਦੇ-ਲੁੱਝਦੇ ਉਨ੍ਹਾਂ ‘ਤੇ ਦਬਾਅ ਬਣਦਾ ਹੈ। ਇਸ ਦਬਾਅ-ਤਣਾਅ ਵਿਚੋਂ ਉਨ੍ਹਾਂ ਦਾ ਰਵੱਈਆ ਬਦਲ ਜਾਂਦਾ ਹੈ। ਇਹ ਗੱਲ ਬਹੁਤ ਮਹੱਤਵਪੂਰਨ ਹੈ ਕਿ ਤਣਾਅ ਅਤੇ ਕੰਮ ਦਾ ਅਤਿਅੰਤ ਭਾਰ ਮਨੁੱਖ ਦੇ ਰਵੱਈਏ ‘ਤੇ ਅਸਰ ਪਾਉਂਦਾ ਹੈ। ਇਸ ਕਾਰਪੋਰੇਟ ਜਮਾਨੇ ਵਿਚ ਹੋਰ ਵੀ ਅਨੇਕਾਂ ਕਰਮਚਾਰੀਆਂ ਅਤੇ ਲੋਕਾਂ ਉੱਪਰ ਤਣਾਅ ਹੈ। ਜਿਹੜੇ ਲੋਕ ਕਾਰਪੋਰੇਟ ਜਗਤ ਨੂੰ ਜਾਣਦੇ ਹਨ ਉਨ੍ਹਾਂ ਨੂੰ ਪਤਾ ਹੈ ਪਰ ਜਿੱਥੇ ‘ਤੇ ਰਵੱਈਆ ਬਦਲਣ ਨਾਲ ਰੁਜਗਾਰ ਦੇ ਖੁੱਸ ਜਾਣ ਦਾ ਖਤਰਾ ਹੋਵੇ ਉੱਥੇ ਕਿੰਨਾ ਵੀ ਤਣਾਅ ਹੋਵੇ ਬੰਦਾ ਆਪਣੇ ਰਵੱਈਏ ਨੂੰ ਠੀਕ ਰੱਖਣ ਦੀ ਵਾਹ ਲਾਉਂਦਾ ਹੀ ਲਾਉਂਦਾ ਹੈ, ਆਪਣੇ ਰੁਜਗਾਰ ਦੇ ਫਰਜ ਨੂੰ ਪਾਲਣ ਦਾ ਹਰ ਜਤਨ ਕਰਦਾ, ਮਸਲਨ ਕੋਈ ਰਿਸੈਪਸ਼ਨਿਸਟ ਕਿੰਨੇ ਹੀ ਤਣਾਅ ਵਿਚ ਹੋਵੇ ਉਹ ਹੱਸ ਕੇ ਜੀ ਆਇਆਂ ਹੀ ਕਹੇਗਾ ਕਿਉਂਕਿ ਉਸ ਨੂੰ ਪਤਾ ਹੈ ਉਸ ਦੇ ਕੰਮ ਦਾ ਫਰਜ ਹੱਸ ਕੇ ਜੀ ਆਇਆਂ ਆਖਣਾ ਹੀ ਹੈ। ਜੇ ਉਹ ਇਸ ਤੋਂ ਖੁੰਝੂ ਤਾਂ ਰੁਜਗਾਰ ਖੁੱਸ ਸਕਦਾ ਹੈ। ਇਸ ਲਈ ਪ੍ਰਸ਼ਾਸਨਿਕ ਮੁਲਾਜਮਾਂ ‘ਤੇ ਚਾਹੇ ਲੱਖ ਤਣਾਅ ਹੋਵੇ, ਜੇ ਰੁਜਗਾਰ ਖੁੱਸ ਜਾਣ ਦਾ ਭੈ ਹੋਵੇ ਤਾਂ ਏਨੇ ਵੱਡੇ ਪੱਧਰ ‘ਤੇ ਡਾਂਗਾਂ ਲਈ ਹੱਥ ਨਹੀਂ ਉੱਠਣਗੇ ਅਤੇ ਨਾ ਹੀ ਗਾਲਾਂ ਲਈ ਮੂੰਹ ਖੁੱਲ੍ਹਣਗੇ। ਇਸ ਲਈ ਆਪਣੇ ਫਰਜ ਤੋਂ ਬਹੁਤ ਉਲਟ ਇਥੇ ਪ੍ਰਸ਼ਾਸਨ ਦਾ ਰਵੱਈਆ ਹਿੰਸਕ ਅਤੇ ਗਾਲੀ-ਗਲੋਚ ਵਾਲਾ ਹੋਣ ਪਿੱਛੇ ਕੇਵਲ ਤਣਾਅ ਨਹੀਂ ਮਾਲਕਾਂ ਵਲੋਂ ਖੁੱਲ੍ਹੀਆਂ ਡੋਰਾਂ ਵੀ ਹਨ। ਹਿੰਸਾ ਅਤੇ ਗਾਲੀ-ਗਲੋਚ ਬੇਸ਼ੱਕ ਉਹ ਸਮਾਜ ਵਿਚੋਂ ਹੀ ਸਿੱਖੇ ਹਨ ਪਰ ਖੁੱਲ੍ਹਾ ਵਰਤਾਉਣ ਵਿਚ ਸਮਾਜ ਦਾ ਹੱਥ ਨਹੀਂ। ਜੇ ਤਣਾਅ ਕਰ ਕੇ ਰਵੱਈਆ ਬਦਲਣ ਦੀ ਗੱਲ ਹੋਵੇ ਤਾਂ ਇਸ ਵੇਲੇ ਸਭ ਤੋਂ ਵੱਧ ਜੋਖਮ ਤੇ ਤਣਾਅ ਸਿਹਤ ਮਹਿਕਮਾ ਝੱਲ ਰਿਹਾ ਹੈ। ਕੀ ਸਿਹਤ ਕਰਮਚਾਰੀਆਂ ਤੋਂ ਇਸ ਤਰ੍ਹਾਂ ਹੋ ਰਿਹਾ ਜਾਂ ਅਜਿਹਾ ਹੋਣ ਤੇ ਕੀ ਪ੍ਰਤੀਕਰਮ ਹੋਊ? ਜਿਸ ਤਰ੍ਹਾਂ ਪ੍ਰਸ਼ਾਸਨ ਵਲੋਂ ਹਿੰਸਕ ਰਵੱਈਏ ਅਤੇ ਗਾਲੀ-ਗਲੋਚ ਦੀ ਪਹਿਲ ਕੀਤੀ ਗਈ ਹੈ ਇਸ ਨੂੰ ਜਨਮ ਦੇਣ ਵਾਲੇ ਲੋਕ ਜਾਂ ਤਣਾਅ ਨਹੀਂ ਕੋਈ ਹੋਰ ਹੈ।

ਇਹ ਪੱਖ ਵੀ ਹੈ ਕਿ ਉਸੇ ਸਮਾਜ ਵਿਚ ਰਹਿ ਰਹੇ ਲੋਕਾਂ ਵਿਚੋਂ ਕਿਸੇ ਇਕ ਨੇ ਵੀ ਪ੍ਰਸ਼ਾਸਨਿਕ ਅਧਿਕਾਰੀ ਨੂੰ ਗਾਲ-ਦੁੱਪੜ ਕੱਢਣ ਅਤੇ ਕੋਈ ਹਿੰਸਕ ਗਤੀਵਿਧੀ ਕਰਨ ਦੀ ਪਹਿਲ ਨਹੀਂ ਕੀਤੀ, ਅਧਿਕਾਰੀਆਂ ਦੇ ਪਹਿਲ ਕਰਨ ‘ਤੇ ਕੁਝ ਨੇ ਜਵਾਬ ਜਰੂਰ ਦਿੱਤਾ ਹੈ ਅਤੇ ਬਹੁਤਿਆਂ ਨੇ ਉਹ ਵੀ ਨਹੀਂ ਦਿੱਤਾ, ਉਹ ਚੁੱਪ ਕਰ ਕੇ ਕੁੱਟ ਖਾਈ ਗਏ, ਬਚਣ ਲਈ ਭੱਜੀ ਗਏ, ਜਾਂ ਜਿਵੇਂ ਕਰੀ ਗਏ ਉਵੇਂ ਸਹੀ ਗਏ। ਤਰਲੇ ਕਰੀ ਗਏ ਜਾਂ ਜਿਵੇਂ ਅਧਿਕਾਰੀਆਂ ਨੇ ਕਿਹਾ ਸਮਾਜ ਦੇ ਦੁਸ਼ਮਣ ਹੋਣ ਦੀਆਂ ਤਖਤੀਆਂ ਨਾਲ ਤਸਵੀਰਾਂ ਕਰਾਈ ਗਏ ਜਾਂ ਮੁਰਗੇ ਆਦਿ ਪਸ਼ੂ-ਪੰਛੀ ਬਣੀ ਗਏ। ਫਿਰ ਇਸ ਦਾ ਇਕ ਮਤਲਬ ਇਹ ਹੈ ਕਿ ਪ੍ਰਸ਼ਾਸਨਿਕ ਮੁਲਾਜਮਾਂ ਕੋਲ ਲੋਕਾਂ ਨੂੰ ਮੰਦਾ ਬੋਲਣ ਅਤੇ ਕੁੱਟਣ ਦਾ ਸਰੋਤ ਸਮਾਜ ਨਹੀਂ ਕੋਈ ਹੋਰ ਹੈ। ਬਸਤੀਵਾਦੀ ਜਮਾਨੇ ਵਿਚ ਤਾਂ ਇਹ ਸਰੋਤ ਬਸਤੀਕਾਰ ਹਕੂਮਤ ਹੁੰਦੀ ਸੀ। ਹੁਣ ਤਾਂ ਬਸਤੀਕਾਰ ਹਕੂਮਤ ਨਹੀਂ ਸਗੋਂ ਕੁੱਟ ਖਾਣ ਵਾਲੇ ਲੋਕਾਂ ਦੀ ਆਪਣੀਆਂ ਵੋਟਾਂ ਨਾਲ ਚੁਣੀ ਸਰਕਾਰ ਹੈ! ਇਸ ਦਾ ਰਵੱਈਆ ਬਸਤੀਕਾਰ ਵਰਗਾ ਨਹੀਂ ਹੋਣਾ ਚਾਹੀਦਾ ਪਰ ਹੈਰਾਨੀ ਗੱਲ ਹੈ ਇਸ ਸਰਕਾਰ ਦੇ ਪ੍ਰਸ਼ਾਸਨ ਦਾ ਰਵੱਈਆ ਬਸਤੀਵਾਦੀ ਹਕੂਮਤ ਨਾਲ ਮਿਲਦਾ ਜੁਲਦਾ ਹੈ!

ਤਰਲੇ ਕਰਦਿਆਂ, ਸਮਾਜ ਵਿਰੋਧੀ ਹੋਣ ਦੀਆਂ ਤਖਤੀਆਂ, ਤਸੀਹਿਆਂ ਅਤੇ ਜਲੀਲ ਕਰਨ ਦੀਆਂ ਤਸਵੀਰਾਂ ਜਾਂ ਜਿਸ ਅਣਖ ਜਾਂ ਸ਼ਾਨ ਨੂੰ ਰੱਖਣ ਲਈ ਬੰਦਾ ਜਿਉਂਦਾ ਹੈ ਉਸ ਨੂੰ ਤੋੜ ਦੇਣ ਦੀਆ ਤਸਵੀਰਾਂ ਲੋਕਾਂ ਦੇ ਭਿਆਨਕ ਮਹਾਂਮਾਰੀ ਨੂੰ ਨਾ ਸਮਝਣ ਦਾ ਸਿੱਟਾ ਨਹੀਂ ਹਨ ਅਤੇ ਨਾ ਹੀ ਇਹ ਮੁਲਾਜਮਾਂ ਦੇ ਅੱਕ-ਥੱਕ ਜਾਣ ਦਾ ਸਿੱਟਾ ਹਨ। ਜੇ ਕਿਸੇ ਲਈ ਕੇਸ ਗੁਰੂ ਦੀ ਮੋਹਰ ਹਨ ਜਾਂ ਸੇਲੀ ਟੋਪੀ ਕਿਸੇ ਦੀ ਪਰੰਪਰਾ ਹੈ ਤਾਂ ਖਿਲਰੇ ਕੇਸਾਂ ਅਤੇ ਰੁਲਦੀਆਂ ਟੋਪੀਆਂ ਨਾਲ ਬੰਨ੍ਹੇ ਹੱਥਾਂ ਦੀਆਂ ਤਸਵੀਰਾਂ ਹੋਰਾਂ ਨੂੰ ਦੱਸਦੀਆਂ ਹਨ ਕਿ ਕਾਨੂੰਨ ਦੀ ਤਾਕਤ ਕੀ ਹੈ, ਕਾਨੂੰਨ ਨੂੰ ਹੱਥ ਵਿਚ ਲੈਣ ਦਾ ਹਸ਼ਰ ਕੀ ਹੋਵੇਗਾ। ਬਸਤੀਵਾਦ ਵੇਲੇ ਬਸਤੀਕਾਰ ਏਦਾਂ ਕਰਦਾ ਸੀ, ਉਹ ਤਸੀਹਿਆਂ ਅਤੇ ਜਬਰ ਨਾਲ ਲੋਕਾਂ ਨੂੰ ਗੁਲਾਮ ਬਣਾਉਂਦਾ ਸੀ। ਹੁਣ ਭਾਰਤੀ ਲੋਕ ਅਜਾਦ ਹਨ। ਕਰੋਨਾ ਤੋਂ ਬਚਾਅ ਲਈ ਪ੍ਰਸ਼ਾਸਨ ਦੇ ਕਰਮ ਨੂੰ ਠੀਕ ਕਹਿਣ ਵਾਲਾ ਹਿੱਸਾ ਸਮਝਦਾ ਅਜਾਦੀ ਦਾ ਮਤਲਬ ਇਹ ਨਹੀਂ ਕਿ ਲੋਕ ਕਾਨੂੰਨ ਹੱਥ ਵਿਚ ਲੈ ਲੈਣ! ਬੇਸ਼ਕ ਕਿਸੇ ਦੇ ਪੁਰਖਿਆਂ ਨੇ ਸੰਵਿਧਾਨ ਦੇ ਖਰੜੇ ‘ਤੇ ਦਸਤਖਤ ਕੀਤੇ ਹਨ ਚਾਹੇ ਨਹੀਂ, ਕਾਨੂੰਨ ਮੰਨਣਾ ਉਨ੍ਹਾਂ ਲਈ ਜਰੂਰੀ ਹੈ। ਲੋਕਾਂ ਦੀ ਚੁਣੀ ਹੋਈ ਸਰਕਾਰ ਲਈ ਇਹ ਕੰਮ ਸੌਖਾ ਹੋ ਗਿਆ ਹੈ ਕਿਉਂਕਿ ਪੰਜਾਬ ਦੇ ਲੋਕਾਂ ਦਾ ਇਕ ‘ਸਿਆਣਾ, ਸੱਭਿਅਕ ਤੇ ਪੜ੍ਹਿਆ ਲਿਖਿਆ’ ਹਿੱਸਾ ਉਨ੍ਹਾਂ ਦੀ ਲੋਕ ਸੇਵਾ ਵਿਚ ਪ੍ਰਸ਼ਾਸਨ ਦੇ ਨਾਲ ਹੈ। ਉਹ ਕਹਿ ਰਿਹਾ ਹੈ ਕਿ ਮੂਰਖ ਲੋਕ ‘ਡੰਡੇ ਨਾਲ ਹੀ ਠੀਕ ਆਉਂਦੇ ਨੇ’, ਸਰਕਾਰ ਦੀ ਦੂਰ ਦੂਰ ਰਹਿਣ, ਮੂੰਹ ਢਕਣ ਦੀ ਅਤੇ ਘਰੇ ਬੈਠਣ ਦੀ ਗੱਲ ਨਹੀਂ ਮੰਨ ਰਹੇ। ਡੰਡੇ ਨਾਲ ਠੀਕ ਕਰਨਾ ਬੀਤੇ ਵਿਚ ਬਰਬਰ ਰਾਜਾਂ ਦਾ ਕੰਮ ਸੀ, ਹੁਣ ਤਾਂ ਲੋਕਰਾਜ ਹੈ। ਜੇ ਲੋਕ ਡੰਡੇ ਨਾਲ ਹੀ ਠੀਕ ਆਉਣ ਵਾਲੇ ਹਨ ਅਰਥਾਤ ਉਹ ਮੂਰਖ ਹਨ, ਜਿਨ੍ਹਾਂ ਨੂੰ ਆਪਣੇ ਬਚਾਅ ਦੀ ਸੋਝੀ ਨਹੀਂ। ਉਨ੍ਹਾਂ ਨੂੰ ਇਹ ਵੀ ਨਹੀਂ ਪਤਾ ਲੱਗਦਾ ਕਿ ਪ੍ਰਸ਼ਾਸਨ ਉਨ੍ਹਾਂ ਦੇ ਭਲੇ ਲਈ ਹੀ ਰੋਕਾਂ ਲਾ ਰਿਹਾ ਹੈ! ਉਹ ਖੁਦ ਨੂੰ ਜੋਖਮ ਵਿਚ ਪਾ ਰਹੇ ਹਨ ਅਤੇ ਦੂਜਿਆਂ ਲਈ ਵੀ ਖਤਰਾ ਬਣ ਰਹੇ ਹਨ! ਇਸ ਦਾ ਮਤਲਬ ਲੋਕ ਅਸੱਭਿਅਕ ਹਨ ਜਾਂ ਮੂਰਖ ਹਨ। ਫਿਰ ਸਵਾਲ ਇਹ ਹੈ ਕਿ ਇਨ੍ਹਾਂ ਹੀ ਲੋਕਾਂ ਨੂੰ ਸਰਕਾਰ ਚੁਣਨ ਦਾ ਅਧਿਕਾਰ ਕਿਉਂ ਹੈ? ਉਨ੍ਹਾਂ ਨੂੰ ਵੋਟ ਪਾਉਣ ਦਾ ਹੱਕ ਕਿਉਂ ਹੈ? ਜਿਸ ਨੂੰ ਇਹ ਵੀ ਨਹੀਂ ਪਤਾ ਖੁਦ ਦਾ ਬਚਾਅ ਕਿਵੇਂ ਕਰਨਾ ਹੈ ਜਿਸ ਦਾ ਕਿ ਪਸ਼ੂਆਂ ਪੰਛੀਆਂ ਅਤੇ ਜੰਗਲ ਨੂੰ ਵੀ ਪਤਾ ਹੈ। ਫਿਰ ਇਹ ਜੰਗਲ ਤੋਂ ਵੀ ਪਛੜੇ ਹੋਏ ਲੋਕ ਸਰਕਾਰ ਕਿਵੇਂ ਚੁਣ ਸਕਦੇ ਹਨ? ਕੀ ਸਰਕਾਰ ਗਲਤ ਚੁਣੀ ਹੋਈ ਹੈ?

ਇਕ ਗੱਲ ਇਸ ਤੋਂ ਬਿਲਕੁਲ ਉਲਟ ਹੈ, ਸਮਾਜ ਵਿਕਸਤ ਹੋ ਕੇ ਹੀ ਸਮਾਜ ਬਣਿਆ ਹੈ ਤਾਕਤਾਂ ਉਸ ਨੂੰ ਅਸੱਭਿਅਕ ਬਣਾਉਂਦੀਆਂ ਹਨ। ਲੋਕ ਅਸੱਭਿਅਕ ਅਤੇ ਮੂਰਖ ਬਣਾਏ ਗਏ ਹਨ। ਹੁਣ ਦੀ ਸਰਕਾਰ ਦਾ ਰਵੱਈਆ ਬਸਤੀਕਾਰ ਨਾਲ ਮਿਲਦਾ ਜੁਲਦਾ ਹੈ। ਪ੍ਰਸਿੱਧ ਫਰਾਂਸੀਸੀ ਦਾਨਸ਼ਵਰ ਜਾਂ ਪਾੱਲ ਸਾਰਤਰ ਕਹਿੰਦਾ ਕਿ ਬਸਤੀਆਂ ਵਿਚ ਕੀਤੀ ਜਾਣ ਵਾਲੀ ਹਿੰਸਾ ਕੇਵਲ ਉਨ੍ਹਾਂ ਨੂੰ ਗੁਲਾਮ ਬਣਾਉਣ ਲਈ ਹੀ ਨਹੀਂ ਹੁੰਦੀ ਸਗੋਂ ਇਹ ਉਨ੍ਹਾਂ ਨੂੰ ਅਸੱਭਿਅਕ ਬਣਾਉਣ ਦੀ ਕਵਾਇਦ ਹੁੰਦੀ ਹੈ। ਸਭ ਕੁਝ ਉਨ੍ਹਾਂ ਦੀਆਂ ਵਿਰਾਸਤਾਂ ਨੂੰ ਤਹਿਸ ਨਹਿਸ ਕਰਨ ਲਈ ਅਤੇ ਉਨ੍ਹਾਂ ਦੇ ਸਭਿਆਚਾਰ ਨੂੰ ਖਤਮ ਕਰਨ ਲਈ ਹੁੰਦਾ ਹੈ। ਬਸਤੀਕਾਰ ਮੂਲ ਸਮਾਜ ਦੀ ਮੌਤ, ਸਭਿਆਚਾਰਕ ਨੇਸਤੀ ਅਤੇ ਉਸ ਦੇ ਲੋਕਾਂ ਦੇ ਪਥਰਾਅ ਜਾਣ ‘ਤੇ ਏਕਤਾ ਖੜ੍ਹੀ ਕਰਦਾ ਹੈ। ਸਜਾ ਨਾਲ ਲੋਕਾਂ ਨੂੰ ਕਾਬੂ ਕਰਨਾ ਅਤੇ ਉਨ੍ਹਾਂ ਨੂੰ ਦਹਿਲਾਅ ਕੇ ਰੱਖਣਾ ਤਾਕਤ ਦਾ ਕੰਮ ਹੁੰਦਾ ਹੈ। ਬਸਤੀਵਾਦ ਦੀਆਂ ਜੜ੍ਹਾਂ ਨੰਗੀਆਂ ਕਰਨ ਵਾਲਾ ਫਰਾਂਸੀਸੀ ਚਿੰਤਕ ਫਰਾਂਜ ਫੈਨਨ ਕਹਿੰਦਾ ਹੈ ਕਿ ਸਮਾਜਕ ਸ਼ਾਸਨ ਦੇ ਚਿੰਨ੍ਹ- ਪੁਲਸ, ਬੈਰਕਾਂ ਵਿਚ ਬਿਗਲ, ਫੌਜੀ ਤਾਕਤ ਦੇ ਵਿਖਾਵੇ, ਲਹਿਰਾਉਂਦੇ ਝੰਡੇ ਇਕੋ ਵੇਲੇ ਰੋਕਣ ਵਾਲੇ ਅਤੇ ਉਕਸਾਉਣ ਵਾਲੇ (same time inhibitory and stimulating) ਹੁੰਦੇ ਹਨ। ਉਹ ਇਹ ਨਹੀਂ ਕਹਿੰਦੇ ਕਿ‘ਹਿੱਲਣ ਦੀ ਜੁਰਅਤ ਨਾ ਕਰੋ’ ਸਗੋਂ ਇਹ ਕਹਿੰਦੇ ਨੇ ‘ਹਮਲੇ ਲਈ ਤਿਆਰ ਹੋਵੋ’। ਇਸ ਲਈ ਲੋਕਾਂ ਨੂੰ ਮਹਾਂਮਾਰੀ ਤੋਂ ਬਚਾਉਣ ਲਈ ਵਰ੍ਹਾਇਆ ਜਾਣ ਵਾਲਾ ਡੰਡਾ ਉਨ੍ਹਾਂ ਨੂੰ ਪ੍ਰਸ਼ਾਸਨ ਨਾਲ ਟੱਕਰ ਲੈਣ ਲਈ ਉਕਸਾ ਰਿਹਾ ਹੈ।

ਜਿਥੋਂ ਤੱਕ ਲੋਕਾਂ ਦੇ ਮਹਾਂਮਾਰੀ ਤੋਂ ਬਚਾਅ ਨਾ ਕਰਨ ਦੀ ਗੱਲ ਹੈ ਇਹ ਆਮ ਲੋਕਾਂ ‘ਤੇ ਹੀ ਲਾਗੂ ਨਹੀਂ ਹੁੰਦੀ, ਵੱਡੇ ਵੱਡੇ ਅਫਸਰ, ਪ੍ਰਸ਼ਾਸਨਿਕ ਅਧਿਕਾਰੀ, ਪੱਤਰਕਾਰ ਅਦਿ ਸਭ ਉਲੰਘਣਾ ਕਰ ਰਹੇ ਹਨ। ਸਭ ਤੋਂ ਸਿਆਣੀ ਤੇ ਪੜ੍ਹੀ-ਲਿਖੀ ਯੂਨੀਵਰਸਿਟੀ ਪ੍ਰੋਫੈਸਰਾਂ ਜਮਾਤ ਦੇ ਵੀ ਸਰਕਾਰ ਦੇ ਦੂਰ-ਦੂਰ ਰਹਿਣ ਦੇ ਹੁਕਮਾਂ ਤੋਂ ਬਾਅਦ ਵੀ ਇਕੱਠਿਆਂ ਬੈਠਕਾਂ ਕਰਨ ਦੇ ਹਵਾਲੇ ਹਨ। ਪ੍ਰਸ਼ਾਸਨਿਕ ਅਧਿਕਾਰੀਆਂ, ਪੱਤਰਕਾਰਾਂ ਆਦਿ ਦੀਆਂ ਤਾਂ ਤਸਵੀਰਾਂ ਵੀ ਆਮ ਮਿਲਦੀਆਂ ਹਨ। ਇਸ ਲਈ ਬਚਾਅ, ਕਾਨੂੰਨ ਦੀ ਪਾਲਣਾ ਆਦਿ ਮਸਲੇ ਨਹੀਂ ਹਨ, ਕੁਝ ਹੋਰ ਵੀ ਹੈ!

ਪ੍ਰਸ਼ਾਸਨਿਕ ਅਧਿਕਾਰੀਆਂ ਦੀਆਂ ਹਿੰਸਕ ਕਾਰਵਾਈਆਂ ਨੂੰ ਜਾਇਜ ਮੰਨਣ ਵਾਲੇ ਸੱਜਣ ਹਿੰਸਾ ਦਾ ਜਵਾਬ ਦੇਣ ਵਾਲਿਆਂ ਨੂੰ ਤਾਂ ਬੁਰਾ ਭਲਾ ਕਹਿੰਦੇ ਹੀ ਹਨ, ਉਹ ਮੂਕ ਰਹਿ ਕੇ ਬਰਬਰਤਾ ਝੱਲਣ ਵਾਲਿਆਂ ਨੂੰ ਵੀ ਮੰਦਾ-ਚੰਗਾ ਆਖੀ ਜਾ ਰਹੇ ਹਨ। ਜਦਕਿ ਜਵਾਬ ਦੇਣ ਵਾਲਿਆਂ ਅਤੇ ਮੂਕ ਝੱਲਣ ਵਾਲਿਆਂ ਨੇ ਕਿਤੇ ਵੀ ਪਹਿਲ ਨਹੀਂ ਕੀਤੀ। ਹਿੰਸਾ ਦੇ ਸਿਧਾਂਤ ਵਿਚ ਪਹਿਲ ਕਿਸ ਵਲੋਂ ਹੋਈ ਹੈ ਇਸ ਨੂੰ ਮੁਕੰਮਲ ਵਰਤਾਰੇ ਦੀ ਸਮਝ ਲਈ ਬਹੁਤ ਅਹਿਮ ਮੰਨਿਆ ਜਾਂਦਾ ਹੈ। ਬਰਾਜੀਲੀ ਵਿਦਵਾਨ ਅਤੇ ਦਰਸ਼ਨਵੇਤਾ ਪਾਅਲੋ ਫਰੇਰੀ ਆਪਣੀ ਮਕਬੂਲ ਪੁਸਤਕ ‘ਪੇਡਾਗੋਗੀ ਆਫ ਦ ਔਪਰੈਸਡ’ ਵਿਚ ਕਹਿੰਦਾ ਹੈ ਕਿ ਜਦੋਂ ਇਕ ਦੂਜੇ ਨੂੰ ਸੋਸ਼ਤ ਕਰਦਾ ਹੈ ਅਤੇ ਉਸ ਦੇ ਬੰਦੇ ਹੋਣ ‘ਤੇ ਮੁਸ਼ਕਲਾਂ ਖੜ੍ਹੀਆਂ ਕਰਦਾ ਹੈ ਤਾਂ ਉਹ ਦਮਨ ਹੁੰਦਾ ਹੈ। ਦਮਨ ਨਾਲ ਹਿੰਸਾ ਪਹਿਲਾਂ ਹੀ ਸ਼ੁਰੂ ਹੋ ਗਈ ਹੁੰਦੀ ਹੈ। ਉਹ ਕਹਿੰਦਾ ਕਿ ਇਤਿਹਾਸ ਵਿਚ ਕਦੇ ਵੀ ਦਮਿਤਾਂ-ਦਲਿਤਾਂ ਵਲੋਂ ਹਿੰਸਾ ਸ਼ੁਰੂ ਨਹੀਂ ਕੀਤੀ ਗਈ। ਹਿੰਸਾ ਸਥਾਪਤੀ ਤੇ ਪ੍ਰਸ਼ਾਸਨ ਵਲੋਂ ਲੋਕਾਂ ਦੇ ਦਮਨ ਵਿਚੋਂ ਆਰੰਭ ਹੁੰਦੀ ਹੈ ਪਰ ਦਿਖਾਇਆ ਇਹੀ ਜਾਂਦਾ ਹੈ ਕਿ ਲੋਕਾਂ ਨੇ ਹਿੰਸਾ ਕੀਤੀ ਜਦਕਿ ਉਹ ਹਿੰਸਾ ਅਧਿਕਾਰੀਆਂ ਦੇ ਬੋਲਾਂ ਜਾਂ ਡੰਡੇ ਨਾਲ ਪਹਿਲਾਂ ਹੀ ਸ਼ੁਰੂ ਹੋ ਗਈ ਹੁੰਦੀ ਹੈ। ਇਕ ਹੋਰ ਹਵਾਲਾ 06 ਜੂਨ, 1972 ਨੂੰ ਮਿਊਨਿਖ ਉਲੰਪਿਕ ਵੇਲੇ ਫਲਸਤੀਨੀਆਂ ਦੁਆਰਾ ਇਜਰਾਈਲ ਦੇ ਖਿਡਾਰੀਆਂ ਉੱਪਰ ਕੀਤੇ ਹਮਲੇ ਦਾ ਹੈ। ਮੀਡੀਆ ਅਤੇ ਤਾਕਤ ਨੇ ਰੌਲਾ ਪਾਇਆ ਕਿ ਇਹ ਬਹੁਤ ਖਤਰਨਾਕ ਹਿੰਸਾ ਹੈ ਜੋ ਫਲਸਤੀਨੀਆਂ ਨੇ ਕੀਤੀ ਹੈ। ਜਾਂ ਪਾੱਲ ਸਾਰਤਰ ਨੇ ਇਸ ਘਟਨਾ ਉੱਪਰ ਕੇਵਲ ਡੇਢ ਪੰਨੇ ਦੀ ਲਿਖਤ ਨਾਲ ਦੱਸਿਆ ਕਿ ਹਿੰਸਾ ਦੀ ਮਾਂ ਇਜਰਾਈਲ ਹੈ ਜੋ ਫਲਸਤੀਨ ਸਵਾਲ ਨੂੰ ਹੱਲ ਨਹੀਂ ਹੋਣ ਦੇ ਰਿਹਾ। ਜਿਸ ਵਜ੍ਹਾ ਕਰ ਕੇ ਦੋਵਾਂ ਵਿਚ ਲੜਾਈ ਹੈ। ਫਲਸਤੀਨ ਕੋਲ ਇਕੋ ਰਾਹ ਹਿੰਸਾ ਦਾ ਹੈ ਜੋ ਖਤਰਨਾਕ ਜਰੂਰ ਹੈ ਪਰ ਦਮਿਤ ਕਮਜੋਰ ਕੋਲ ਹਿੰਸਾ ਤੋਂ ਬਿਨ੍ਹਾਂ ਕੋਈ ਹੋਰ ਹੱਲ ਹੀ ਨਹੀਂ ਹੈ। ਸਾਰਤਰ ਇੱਥੇ ਹਿੰਸਾ ਦੀ ਮੂਲ ਜੜ੍ਹ ਇਜਰਾਈਲ ਨੂੰ ਮੰਨਦਾ ਹੈ ਪਰ ਬਦਨਾਮ ਫਲਸਤੀਨ ਵਾਲੇ ਕੀਤੇ ਜਾ ਰਹੇ ਸਨ। ਜਸਵੰਤ ਸਿੰਘ ਕੰਵਲ ਨੇ ਇਕੇਰਾਂ 1986 ਵਿਚ ਸੁਸ਼ੀਲ ਮੁਨੀ ਨੂੰ ਕਿਹਾ ਸੀ ‘ਅੱਗ ਬੰਦ ਕਰ ਦੇਵੋ, ਦੁੱਧ ਉੱਬਲਨਾ ਆਪੇ ਬੰਦ ਹੋ ਜਾਵੇਗਾ।’ ਪਰ ਪੰਜਾਬ ਦਾ ‘ਸਿਆਣਾ ਤਬਕਾ’ਕਰੋਨਾ ਤੋਂ ਇੰਨਾ ਭੈਅਭੀਤ ਹੋ ਗਿਆ ਕਿ ਉਹ ਹਿੰਸਾ ਦੀ ਪਹਿਲ ਨੂੰ ਨਹੀਂ ਵੇਖ ਰਿਹਾ। ਜੇ ਹਿੰਸਾ ਦੀ ਸ਼ੁਰੂਆਤ ਨੂੰ ਨਹੀਂ ਸਮਝਿਆ ਜਾਵੇਗਾ ਤਾਂ ਇਹ ਕਦੇ ਵੀ ਖਤਮ ਨਹੀਂ ਹੋਵੇਗੀ। ਅੱਗ ਬੁਝਾਇਆਂ ਤਾਂ ਹੀ ਬੁਝ ਸਕਦੀ ਹੈ ਜੇ ਨਵੀਂ ਲੱਗਣ ਤੋਂ ਰੋਕਿਆ ਜਾਵੇ। ਇਕ ਵਾਰੀ ਇਕ ਕਿਸ਼ਤੀ ਵਿਚ ਮੁੰਡੀਹਰ, ਬਾਂਦਰ ਅਤੇ ਹਾਥੀ ਨਾਲ ਕੁਝ ਲੋਕ ਦਰਿਆ ਪਾਰ ਕਰ ਰਹੇ ਸਨ। ਮੁੰਡੀਹਰ ਨੇ ਬਾਂਦਰ ਛੇੜ ਦਿੱਤਾ, ਬਾਂਦਰ ਨੇ ਹਾਥੀ ‘ਤੇ ਛਾਲ ਮਾਰੀ, ਹਾਥੀ ਹਿੱਲ ਗਿਆ ਤੇ ਕਿਸ਼ਤੀ ਸਣੇ ਸਭ ਡੁੱਬ ਗਏ। ਦੂਰੋਂ ਵੇਖਣ ਵਾਲਿਆਂ ਲਈ ਹਾਥੀ ਨੇ ਕਿਸ਼ਤੀ ਡੁਬੋਈ ਸੀ। ਜਦਕਿ ਜੜ੍ਹ ਬਾਂਦਰ ਵੀ ਨਹੀਂ ਸੀ।

ਲੇਖਕ -ਸਿਕੰਦਰ ਸਿੰਘ
ਇੰਚਾਰਜ, ਪੰਜਾਬੀ ਵਿਭਾਗ
ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫਤਹਿਗੜ੍ਹ ਸਾਹਿਬ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।