ਚੋਣਵੀਆਂ ਲਿਖਤਾਂ » ਲੇਖ » ਸਿੱਖ ਇਤਿਹਾਸਕਾਰੀ » ਸਿੱਖ ਖਬਰਾਂ

ਇਹਨਾਂ ਖੇਤਾਂ ਵਿੱਚ ਡੁੱਲੀ ਹੈ ਰੱਤ ਸਾਡੀ; ਅਣਗੌਲੇ ਮਹਾਂਨਾਇਕਾਂ ਦੀ ਦਾਸਤਾਨ

September 2, 2018 | By

ਗੁਰਚਰਨ ਸਿੰਘ ਨੂਰਪੁਰ
ਜੀਰਾ ਮੋ: 98550-51099

ਸਿਖਰ ਦੀ ਸਰਦੀ ਤੇ ਸ਼ਾਮ ਦਾ ਸਮਾਂ ਸੀ, ਸੰਨ 1845 ਦੇ ਦਸੰਬਰ ਮਹੀਨੇ ਦੀ 18 ਤਰੀਕ, ਜਦੋਂ ਅੰਗਰੇਜੀ ਸਰਕਾਰ ਅਤੇ ਪੰਜਾਬ ਦੀਆਂ ਫੌਜਾਂ ਦਰਮਿਆਨ ਪਿੰਡ ਮੁੱਦਕੀ ਜਿਲਾ ਫਿਰੋਜਪੁਰ ਦੇ ਸਥਾਨ ਤੇ ਦਿਲ ਹੂਲਵਾ ਯੁੱਧ ਹੋਇਆ। ਇੱਕ ਪਾਸੇ ਅੰਗਰੇਜ ਹਕੂਮਤ ਜਿਸ ਦੇ ਰਾਜ ਵਿੱਚ ਕਦੇ ਸੂਰਜ ਅਸਤ ਨਹੀਂ ਸੀ ਹੁੰਦਾ, ਦੁਨੀਆਂ ਦੀ ਸਭ ਤੋਂ ਤਾਕਤਵਾਰ ਫੌਜ। ਦੂਜੇ ਪਾਸੇ ਜਮਰੌਦ (ਅਫਗਾਨਿਸਤਾਨ) ਤੱਕ ਝੰਡਾ ਝਲਾਉਣ ਵਾਲੀ ਸਿੱਖ ਫੌਜ। ਇਹ ਉਹ ਜੰਗ ਸੀ ਜਿਸ ਵਿੱਚ ਹਿੰਦੁਸਤਾਨ ਦਾ ਗਵਰਨਰ ਜਨਰਲ ਲਾਰਡ ਹਾਰਡਿੰਗ ਬੜੀ ਦਿਲਚਸਪੀ ਨਾਲ ਆਪਣੇ ਹੀ ਫੌਜੀ ਜਰਨੈਲ ਹਿਊ ਗੱਫ ਦੇ ਅਧੀਨ ਹੋ ਕੇ ਸਿੱਖ ਫੌਜ ਦੇ ਵਿਰੁੱਧ ਲੜਿਆ। ਉਹ ਜੰਗ ਜਿਸ ਨੂੰ ਕਵੀ ਸ਼ਾਹ ਮੁਹੰਮਦ ਨੇ ਹਿੰਦਸਤਾਨ ਅਤੇ ਪੰਜਾਬ ਦਰਮਿਆਨ ਲੜੀ ਜਾਣ ਵਾਲੀ ਜੰਗ ਕਿਹਾ।

ਅੰਗਰੇਜ ਹਕੂਮਤ ਨੇ ਹਿੰਦੁਸਤਾਨ ਦੀਆਂ ਵੱਡੀਆਂ ਵੱਡੀਆਂ ਰਿਆਸਤਾਂ ਨੂੰ ਆਪਣੇ ਕਬਜੇ ਵਿੱਚ ਲੈ ਲਿਆ ਪਰ ਮਹਾਂਰਾਜਾ ਰਣਜੀਤ ਸਿੰਘ ਵੱਲ ਅੱਖ ਚੁੱਕ ਕੇ ਵੇਖਣ ਦਾ ਉਹਨਾਂ ਦਾ ਅਜੇ ਹੀਆ ਨਹੀਂ ਸੀ ਪੈਂਦਾ। ਜੂਨ 1839 ਵਿੱਚ ਰਣਜੀਤ ਸਿੰਘ ਦੀ ਮੌਤ ਹੋਈ। ਲਾਹੌਰ ਸਰਕਾਰ ਦੀ ਸਥਿਤੀ ਡਾਵਾਂਡੋਲ ਹੋ ਗਈ। ਅੰਗਰੇਜਾਂ ਨੇ ਮੌਕੇ ਦਾ ਫਾਇਦਾ ਚੁਕਦਿਆਂ ਪੰਜਾਬ ਨੂੰ ਆਪਣੇ ਕਬਜੇ ਹੇਠ ਕਰਨ ਲਈ ਜੁਗਤਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ। ਹਿੰਦੁਸਤਾਨ ਦੇ ਗਵਰਨਰ ਜਨਰਲ ਲਾਰਡ ਐਲਨਬਰਾ ਨੂੰ ਤਬਦੀਲ ਕਰਕੇ ਉਹਦੀ ਥਾਂ ਲਾਰਡ ਹਾਰਡਿੰਗ ਦੀ ਨਿਯੁਕਤੀ ਕੀਤੀ ਗਈ। ਲਾਰਡ ਹਾਰਡਿੰਗ ਜੰਗੀ ਮੁਹਿੰਮਾਂ ਲਈ ਮਾਹਿਰ ਮੰਨਿਆ ਜਾਂਦਾ ਸੀ। ਲਾਹੌਰ ਹਕੂਮਤ ਦੀ ਘੇਰਾ ਬੰਦੀ ਕਰਨ ਲਈ ਲੁਧਿਆਣਾ, ਅੰਬਾਲਾ ਅਤੇ ਫਿਰੋਜਪੁਰ ਵਿੱਚ ਅੰਗਰੇਜੀ ਫੌਜ ਦੀਆਂ ਵੱਡੀਆਂ ਬਟਾਲੀਅਨਾ ਉਤਾਰੀਆਂ ਗਈਆਂ। ਪੰਜਾਬ ਦੀ ਫੌਜ ਦਾ ਟਾਕਰਾ ਕਰਨ ਲਈ ਬੰਬਈ ਤੋਂ ਵਿਸ਼ੇਸ਼ ਤੋਪਾਂ ਵੱਡੀ ਗਿਣਤੀ ਵਿੱਚ ਮੰਗਵਾਈਆਂ ਗਈਆਂ। ਫੌਜ ਨੂੰ ਸਤਲੁਜ ਦਰਿਆ ਪਾਰ ਕਰਾਉਣ ਲਈ ਬੰਬਈ ਵਿੱਚ ਹੀ ਮਜਬੂਤ ਬੇੜੇ-ਬੇੜੀਆਂ ਬਣਵਾਏ ਗਏ। ਅੰਗਰੇਜ ਹਕੂਮਤ ਨੇ ਆਪਣੇ ਵਿਸ਼ੇਸ਼ ਜਾਸੂਸ ਭੇਜ ਕੇ ਪੰਜਾਬ ਦੀ ਫੌਜ ਦੇ ਸੈਨਾ ਪਤੀ ਤੇਜਾ ਸਿੰਘ ਅਤੇ ਲਾਹੌਰ ਦਰਬਾਰ ਦੇ ਪ੍ਰਧਾਨ ਮੰਤਰੀ ਲਾਲ ਸਿੰਘ ਨੂੰ ਆਪਣੇ ਨਾਲ ਗੰਢਿਆ। ਕਿਹਾ ਜਾਂਦਾ ਹੈ ਕਿ ਇਸ ਸਮੇਂ ਪੰਜਾਬ ਦੀ ਫੌਜ ਇੰਨੀ ਸ਼ਕਤੀਸ਼ਾਲੀ ਸੀ ਕਿ ਅੰਗਰੇਜ ਉਹਨਾਂ ਨਾਲ ਸਿੱਧੀ ਟੱਕਰ ਲੈ ਕੇ ਜਿੱਤਣ ਦੀ ਸੋਚ ਵੀ ਨਹੀਂ ਸਕਦੇ ਸਨ। ਬਣੀ ਯੋਜਨਾ ਤਹਿਤ ਲਾਲ ਸਿੰਘ ਅਤੇ ਤੇਜਾ ਸਿੰਘ ਨੇ ਸਿੱਖ ਫੌਜ ਨੂੰ ਅੰਗਰੇਜਾਂ ਖਿਲਾਫ ਭੜਕਾਉਣਾ ਸ਼ੁਰੂ ਕਰ ਦਿੱਤਾ ਕਿ ਅੰਗਰੇਜ ਸਾਡੇ ਤੇ ਹਮਲਾ ਕਰਨ ਲਈ ਸਤਲੁਜ ਪਾਰ ਵੱਡੀ ਪੱਧਰ ‘ਤੇ ਜੰਗੀ ਤਿਆਰੀਆਂ ਕਰ ਰਹੇ ਹਨ। ਇਹਨਾਂ ਤਕਰੀਰਾਂ ਦਾ ਅਸਰ ਇਹ ਹੋਇਆ ਕਿ 10-11 ਦਸੰਬਰ 1845 ਨੂੰ ਕਰੀਬ 60,000 ਪੰਜਾਬ ਦੇ ਜਵਾਨਾਂ ਨੇ ਤੇਜਾ ਸਿੰਘ ਦੀ ਅਗਵਾਈ ਹੇਠ ਮੱਖੂ ਕਸਬੇ ਨੇੜਿਓ ਸਭਰਾਵਾਂ ਦੇ ਸਥਾਨ ਤੋਂ ਸਤਲੁਜ ਦਰਿਆ ਪਾਰ ਕੀਤਾ। ਇਸ ਤੋਂ ਦੋ ਦਿਨ ਬਾਅਦ 13 ਦਸੰਬਰ ਨੂੰ ਹਿੰਦੁਸਤਾਨ ਦੇ ਗਵਰਨਰ ਲਾਰਡ ਹਾਰਡਿੰਗ ਨੇ ਮਹਾਂਰਾਜੇ ਦੀ ਫੌਜ ਨਾਲ ਜੰਗ ਦਾ ਐਲਾਨ ਕਰ ਦਿਤਾ। ਲਾਹੌਰ ਫੌਜ ਨੇ ਫਿਰੋਜਪੁਰ ਤੋਂ 15 ਮੀਲ ਦੂਰ ਫਿਰੋਜਸ਼ਾਹ-ਫੇਰੂਸ਼ਹਿਰ ਪਿੰਡਾਂ ਨੇੜੇ ਆਪਣਾ ਕੈਪ ਲਗਾ ਕੇ ਮੋਰਚੇ ਬਣਾਉਣੇ ਸ਼ੁਰੂ ਕਰ ਦਿੱਤੇ। ਅੰਗਰੇਜ ਫੌਜ ਦੇ ਸੈਨਾਪਤੀ ਹਿਊ ਗੱਫ ਨੇ ਸਿੱਖਾਂ ਤੋਂ 4 ਮੀਲ ਦੂਰ ਮੁੱਦਕੀ ਪਿੰਡ ਵਿੱਚ ਡੇਰੇ ਲਾਈ ਬੈਠੀ ਅੰਗਰੇਜੀ ਫੌਜ ਨੂੰ ਸਿੱਖਾਂ ਨਾਲ ਦੋ ਹੱਥ ਕਰਨ ਲਈ ਤਿਆਰ ਕਰਨਾ ਸ਼ੁਰੂ ਕਰ ਦਿੱਤਾ। ਗਦਾਰ ਲਾਲ ਸਿੰਘ ਅਤੇ ਤੇਜਾ ਸਿੰਘ ਜੋ ਅੰਗਰੇਜਾਂ ਦੀ ਬਣਾਈ ਯੋਜਨਾ ਤਹਿਤ ਪੰਜਾਬ ਦੀ ਸ਼ਕਤੀਸ਼ਾਲੀ ਫੌਜ ਨੂੰ ਕਮਜੋਰ ਕਰਨ ਲਈ ਉਕਸਾਅ ਕੇ ਇਧਰ ਲਿਆਏ ਸਨ ਨੇ ਸਿੱਖ ਫੌਜ ਨੂੰ ਦੋ ਹਿੱਸਿਆਂ ਵਿੱਚ ਵੰਡ ਦਿਤਾ। ਲਾਲ ਸਿੰਘ ਅਤੇ ਤੇਜਾ ਸਿੰਘ ਨਹੀਂ ਚਾਹੁੰਦੇ ਸਨ ਕਿ ਸਿੱਖ ਫੌਜ ਸੰਗਠਤ ਰਹਿ ਕੇ ਗੋਰਿਆਂ ਨਾਲ ਲੜੇ। ਇਸੇ ਮਕਸਦ ਨਾਲ 18 ਦਸੰਬਰ ਨੂੰ ਸਵੇਰੇਸਾਰ ਹੀ ਲਾਲ ਸਿੰਘ ਫੌਜ ਦੀ ਇੱਕ ਟੁੱਕੜੀ ਲੈ ਕੇ ਮੁੱਦਕੀ ਪਿੰਡ ਵੱਲ ਵਧਿਆ। ਸ਼ਾਮ 4 ਵਜੇ ਦੇ ਕਰੀਬ ਪਿੰਡ ਦੇ ਲਹਿੰਦੇ ਪਾਸੇ ਪਾਣੀ ਦੀ ਇੱਕ ਖੱਡ ਦੇ ਨੇੜੇ ਲਹੂ ਵੀਟਵੀਂ ਲੜਾਈ ਹੋਈ। ਇਹ ਲੜਾਈ ਭਾਵੇਂ ਕੁਝ ਘੰਟਿਆਂ ਦੀ ਲੜਾਈ ਸੀ ਪਰ ਸਿੱਖ ਫੌਜ ਦੇ ਜਵਾਨ ਇੰਨੀ ਵੀਰਤਾ ਨਾਲ ਲੜੇ ਕਿ ਅੰਗਰੇਜ ਹੈਰਾਨ ਰਹਿ ਗਏ। ਇਤਿਹਾਸਕਾਰਾਂ ਅਨੁਸਾਰ ਅੰਗਰੇਜਾਂ ਨੂੰ ਇਹ ਲੜਾਈ ਬੜੀ ਮਹਿੰਗੀ ਪਈ ਇੱਥੇ ਰੌਬਰਟਸੇਲ, ਸਰ ਜਾਨ ਮੈਕਾਸਕਿਲ, ਆਰ ਹੈਰੀ ਅਤੇ ਬ੍ਰਿਗੇਡੀਅਰ ਬੋਲਟਨ ਵਰਗੇ ਵੱਡੇ ਅੰਗਰੇਜ ਅਫਸਰ ਮਾਰੇ ਗਏ। ਸਿੱਖ ਫੌਜ ਦਾ ਕਾਫੀ ਜਾਨੀ ਨੁਕਸਾਨ ਹੋਇਆ। ਇੱਕ ਅੰਦਾਜੇ ਮੁਤਾਬਕ ਇੱਥੇ 2 ਤੋਂ 3 ਹਜਾਰ ਦੇ ਕਰੀਬ ਸਿੱਖ ਜੰਗ ਦੀ ਭੇਂਟ ਚੜੇ। ਕੁਝ ਇਤਿਹਾਸਕਾਰਾਂ ਨੇ ਇਹ ਗਿਣਤੀ 872 ਦੱਸੀ ਹੈ। ਇਹ ਗਿਣਤੀ ਵੀ ਸ਼ਪਸ਼ਟ ਨਹੀਂ ਹੈ। ਅਫਸੋਸ ਦੀ ਗੱਲ ਇਹ ਹੈ ਕਿ ਆਪਣੀ ਧਰਤੀ ਮਾਂ ਦੀ ਰੱਖਿਆ ਲਈ ਜੂਝਣ ਵਾਲੇ ਇਹਨਾਂ ਸੂਰਬੀਰਾਂ ਚੋਂ ਕਿਸੇ ਇੱਕ ਦਾ ਨਾਮ ਵੀ ਕਿਸੇ ਨੂੰ ਪਤਾ ਨਹੀਂ ਹਨੇਰਾ ਹੋਣ ਤੇ ਅੰਗਰੇਜ ਫੌਜ ਮੈਦਾਨ ਚੋਂ ਪਿਛਾਂਹ ਹਟ ਗਈ ਅਤੇ ਸਿੱਖ ਫੌਜ ਨੂੰ ਵਾਪਸੀ ਦਾ ਹੁਕਮ ਹੋ ਗਿਆ। ਕਸਬਾ ਮੁੱਦਕੀ ਜਿਲਾ ਫਿਰੋਜਪੁਰ ਵਿੱਚ ਉਹ ਪਾਣੀ ਦੀ ਖੱਡ ਅੱਜ ਵੀ ਮੌਜੂਦ ਹੈ ਅੰਗਰੇਜ ਅਫਸਰਾਂ ਦੀ ਕਬਰਾਂ ਵੀ ਕੁਝ ਘਰਾਂ ਵਿੱਚ ਬਣੀਆਂ ਹੋਈਆਂ ਹਨ। ਪਰ ਕਿਸੇ ਇੱਕ ਵੀ ਸਿੱਖ ਸਿਪਾਹੀ ਦੀ ਕਿਤੇ ਕੋਈ ਯਾਦਗਾਰ ਨਹੀਂ। ਪਾਣੀ ਦੀ ਇਹ ਇਤਿਹਾਸਕ ਖੱਡ ਨੇ ਹੁਣ ਗੰਦੇ ਛੱਪੜ ਦਾ ਰੂਪ ਲਿਆ ਹੋਇਆ ਹੈ। ਅਸੀਂ ਆਪਣੇ ਵਿਰਸੇ ਪ੍ਰਤੀ ਕਿੰਨੇ ਲਾ ਪ੍ਰਵਾਹ ਹਾਂ ਇਹਦੀ ਇੱਕ ਸਿਖਰ ਨੂੰ ਇਸ ਇਤਿਹਾਸਕ ਗੰਦੇ ਛੱਪੜ ਦੇ ਰੂਪ ਚੋ ਅੱਜ ਵੀ ਵੇਖਿਆ ਜਾ ਸਕਦਾ ਹੈ। ਇਹੋ ਖੱਡ ਹੈ ਜਿਸ ਬਾਰੇ ਕਵੀ ਸ਼ਾਹ ਮੁਹੰਮਦ ਆਪਣੇ ਕਿੱਸੇ ਵਿੱਚ ਲਿਖਦਾ ਹੈ:-

ਇੱਕ ਪਿੰਡ ਦਾ ਨਾਮ ਜੋ ਮੁੱਦਕੀ ਸੀ, ਉੱਥੇ ਭਰੀ ਸੀ ਪਾਣੀ ਦੀ ਖੱਡ ਮੀਆਂ।
ਘੋੜ-ਚੜ੍ਹੇ ਅਕਾਲੀਏ ਕਰ ਧਾਵਾ, ਝੰਡੇ ਆਣਕੇ ਦਿੱਤੇ ਸੀ ਗੱਡ ਮੀਆਂ।

ਲਾਲ ਸਿੰਘ ਦੀ ਇਕ ਤਸਵੀਰ

ਮੁੱਦਕੀ ਜੰਗ ਤੋਂ ਬਾਅਦ ਤਿੰਨ ਦਿਨ ਤਕ ਤੇਜਾ ਸਿੰਘ ਅਤੇ ਲਾਲ ਸਿੰਘ ਨੇ ਅੰਗਰੇਜਾਂ ਨੂੰ ਤਿਆਰੀ ਕਰਨ ਦਾ ਮੌਕਾ ਦਿੱਤਾ। ਕੁਝ ਇਤਿਹਾਸਕਾਰ ਇਹ ਵੀ ਲਿਖਦੇ ਹਨ ਕਿ ਤੇਜਾ ਸਿੰਘ ਨੇ ਸਤਲੁਜ ਪਾਰ ਕਰਦਿਆਂ ਸਾਰ ਫਿਰੋਜਪੁਰ ਜਾ ਕੇ ਮਿ: ਲਿਟਲਰ ਨੂੰ ਪੁੱਛਿਆ ਕੇ ਮੇਰੇ ਲਈ ਕੀ ਹੁਕਮ ਹੈ ਅਤੇ ਅੰਗਰੇਜ ਅਫਸਰਾਂ ਨੇ ਉਹਨਾਂ ਆਖਿਆ ਕਿ ਉਹ ਆਪਣੀ ਫੌਜ ਨੂੰ ਕੁਝ ਦਿਨਾਂ ਲਈ ਰੋਕ ਕੇ ਰੱਖਣ। ਮੁੱਦਕੀ ਦੀ ਜੰਗ ਤੋਂ ਬਾਅਦ ਤੀਜੇ ਦਿਨ 21 ਦਸੰਬਰ ਨੂੰ ਸਵੇਰ ਹੁੰਦਿਆਂ ਹੀ ਜਨਰਲ ਹਿਊ ਗਫ਼ ਆਪਣੇ ਨਾਲ 10,000 ਸਿਪਾਹੀ ਲੈ ਕੇ ਮਿਸ਼ਰੀ ਵਾਲੇ ਪਿੰਡ ਵਿੱਚ ਪਹੁੰਚ ਗਿਆ। ਅੰਗਰੇਜਾਂ ਨੇ ਮੁੱਦਕੀ ਨੇੜਲੇ ਪਿੰਡ ਲੋਹਾਮ, ਵਾੜਾ ਭਾਈਕਾ, ਸਰਾਂਵਾਲੀ, ਮਿਸ਼ਰੀਵਾਲਾ ਅਦਿ ਪਿੰਡਾਂ ਦੇ ਲੋਕਾਂ ਤੋਂ ਜਬਰਦਸਤੀ ਗੱਡੇ, ਬਲਦ, ਊਠ ਲਏ ਅਤੇ ਇਹਨਾਂ ਨੂੰ ਜੰਗੀ ਸਾਜੋ ਸਮਾਨ ਤੋਪਾਂ ਬਾਰੂਦ ਆਦਿ ਢੋਣ ਲਈ ਵਰਤਿਆ। ਸਥਾਨਕ ਲੋਕਾਂ ਦੀ ਵੀ ਡਰਾ ਧਮਕਾਅ ਕੇ ਇਸ ਕੰਮ ਵਿੱਚ ਮਦਦ ਲਈ ਗਈ। ਲੋਕਾਂ ਵਿੱਚ ਇਹ ਪ੍ਰਚਾਰ ਕੀਤਾ ਗਿਆ ਕਿ ਜਿਹਨਾਂ ਨੇ ਲਾਹੌਰ ਫੌਜ ਦੀ ਮਦਦ ਕੀਤੀ ਉਹਨਾਂ ਦੀਆਂ ਜਮੀਨਾਂ ਜਬਤ ਕਰ ਲਈਆਂ ਜਾਣਗੀਆਂ। ਮਿਸ਼ਰੀ ਵਾਲੇ ਪਿੰਡ ਪਹੁੰਚ ਕੇ ਫਿਰੋਜਪੁਰ ਤੋਂ ਆਉਣ ਵਾਲੀ ਲਿਟਲਰ ਦੀ ਕਮਾਨ ਹੇਠਲੀ ਬਟਾਲੀਅਨ ਦੀ ਉਡੀਕ ਕੀਤੀ ਗਈ । ਦੁਪਹਿਰ ਦੇ ਕਰੀਬ ਇੱਕ ਵਜੇ ਇਹ ਅੰਗਰੇਜ ਸਿਪਾਹੀਆਂ ਦੀ 18000 ਹਜਾਰ ਫੌਜ ਪੰਜਾਬ ਦੀ ਫੌਜ ਨਾਲ ਲੜਨ ਲਈ ਤਿਆਰ ਸੀ।

ਅੰਗਰੇਜ ਫੌਜੀ ਅਫਸਰ ਬਰੂਸ ਜੋ ਇਸ ਜੰਗ ਵਿੱਚ ਆਪ ਵੀ ਲੜਿਆ ਉਹ ਲਿਖਦਾ ਹੈ, “ਹੁਣ 18 ਹਜਾਰ ਫੌਜ ਸਿੱਖ ਫੌਜ ਨਾਲ ਲੜਨ ਲਈ ਤਿਆਰ ਖੜੀ ਸੀ। ਢਲਦਾ ਸੂਰਜ ਮੈਦਾਨ ਉੱਤੇ ਉਹਨਾਂ ਦੇ ਲੰਬੇ ਪ੍ਰਛਾਵੇਂ ਸੁੱਟ ਰਿਹਾ ਸੀ। ਲਹੂ ਲਿਬੜੇ ਰੈਜਮੈਂਟਾਂ ਦੇ ਝੰਡੇ, ਡਰੈਗਨ ਰਜਮੈਂਟ ਦੇ ਸਪਾਹੀਆਂ ਦੀਆ ਲੰਮੀਆ ਲਾਲ ਤੇ ਚਿੱਟੀਆਂ ਕਲਗੀਆਂ ਬੇ ਆਵਾਜ ਹਵਾ ਵਿੱਚ ਝੁਕੀਆ ਪਈਆਂ ਸਨ। ਘਬਰਾਏ ਹੋਏ ਤੇ ਦਬਾਓ ਵਿੱਚ ਆਏ ਫੌਜੀ ਅਰਦਾਸਾਂ ਕਰ ਰਹੇ ਸਨ ਕਿ ਉਹ ਜਿਉਂਦੇ ਬਚ ਨਿਕਲਣ।”

ਇੱਕ ਹੋਰ ਅੰਗਰੇਜ ਕੈਪਟਨ ਜੌਹਨ ਜੋ ਇਸ ਜੰਗ ਵਿੱਚ ਲੜਿਆ 80 ਵੀ ਪਿਆਦਾ ਰਜਮੈਂਟ ਦਾ ਅਫਸਰ ਸੀ ਨੇ ਆਪਣੀ ਡਾਇਰੀ ਵਿੱਚ ਲਿਖਿਆ ਹੈ, “ਚਾਰ ਵਜੇ ਬਿਗਲ ਵੱਜਿਆ, ਉੱਚਾ ਤੇ ਸਾਫ, ਬਟਾਲੀਅਨਾਂ ਨੇ ਲਾਈਨ ਵਿੱਚ ਖਿਲਰ ਕੇ ਨਿੱਕੇ ਨਿੱਕੇ ਦਰਖਤਾਂ ਦੇ ਜੰਗਲ ਚੋਂ ਅੱਗੇ ਵਧਣਾ ਸ਼ੁਰੂ ਕੀਤਾ। ਅਸੀਂ ਮੀਲ ਕੁ ਦੂਰ ਖੁੱਲ੍ਹੀ ਥਾਂ ਵੱਲ ਜਾ ਰਹੇ ਸਾਂ ਜਿਹੜੀ ਸਿੱਖਾਂ ਦੇ ਮੋਰਚਿਆਂ ਤੋਂ 300 ਗਜ ਉਰਾਂਹ ਸੀ। ਛੇਤੀ ਹੀ ਸਾਡੀ ਫੌਜ ‘ਤੇ ਤੋਪਾਂ ਦੀ ਮਾਰ ਸ਼ੁਰੂ ਹੋ ਗਈ। ਸਿੱਖਾਂ ਦੀਆਂ ਤੋਪਾਂ ਦੇ ਗੋਲੇ ਅਤੇ ਗੋਲੀਆਂ ਦਰਖਤਾਂ ਵਿੱਚੋਂ ਦੀ ਘੂਕਦੇ ਆ ਕੇ ਸਾਡੇ ਗਲ ਪੈ ਰਹੇ ਸਨ। ਇਸ ਤੋਂ ਪਹਿਲਾਂ ਕਿ ਸਾਡੇ ਤੋਪਚੀ ਉਹਨਾਂ ਨੂੰ ਆਪਣੀ ਮਾਰ ਹੇਠ ਲਿਆਉਂਦੇ ਉਹਨਾਂ ਦੀਆਂ ਤੋਪਾਂ ਸਾਡੀ ਭਿਆਨਕ ਤਬਾਹੀ ਕਰ ਰਹੀਆਂ ਸਨ।”

ਜਾਰਜ ਬਰੂਸ ਲਿਖਦਾ ਹੈ, “ਲੜਾਈ ਅੰਗਰੇਜਾਂ ਦੇ ਵਿਰੁੱਧ ਜਾ ਰਹੀ ਸੀ। ਅੰਗਰੇਜ ਪਿਆਦਾ ਫੌਜ ਦੇ ਪਿੱਛੇ ਹਟਣ ਤੇ ਸਿੱਖ ਜੈਕਾਰੇ ਛੱਡਦੇ। ਉਹਨਾਂ ਦੀਆਂ ਤੋਪਾਂ ਸਾਡੀਆਂ ਤੋਪਾਂ ਨਾਲੋਂ ਗੋਲੇ ਵੀ ਬਹੁਤੇ ਛੱਡ ਰਹੀਆਂ ਸਨ। ਇਹ ਗੋਲੇ ਅਤੇ ਜੈਕਾਰੇ ਜੰਗ ਦੇ ਰੌਲੇ ਰੱਪੇ ਤੋਂ ਹੋਰ ਉੱਚੇ ਹੋ ਕੇ ਸੁਣੀਦੇ। ਇਸ ਵੇਲੇ ਸੱਜੇ ਪਾਸਿਓ ਜਨਰਲ ਗਿਲਬਰਟ ਦੀਆਂ ਡਵੀਜਨਾਂ ਜਿਹਨਾਂ ਦਾ ਆਗੂ ਗਫ ਸੀ ਅਤੇ ਖੱਬੇ ਵੈਲੇਸ ਦੀਆਂ ਡਵੀਜਨਾਂ ਜਿਹਨਾਂ ਦਾ ਆਗੂ ਹਿੰਦੁਸਤਾਨ ਦਾ ਗਵਰਨਰ ਹਾਰਡਿੰਗ ਸੀ ਨੇ ਨਾਲੋਂ ਨਾਲ ਸਿੱਖਾਂ ਤੇ ਹੱਲਾ ਬੋਲ ਦਿੱਤਾ।” ਉਹ ਲਿਖਦਾ ਹੈ “ਅਸੀਂ ਤੋਪਾਂ ਦੇ ਗੋਲਿਆਂ ਦੀ ਮਾਰ ਸਹਿੰਦੇ ਅੱਗੇ ਵਧੇ। ਸਾਡੀ ਫੌਜ ਦੀ ਤਬਾਹੀ ਲਈ ਬਰੂਦੀ ਸੁਰੰਗਾਂ ਵਿਛਾਈਆਂ ਹੋਈਆਂ ਸਨ ਜੋ ਸਾਡੇ ਪੈਰਾਂ ਹੇਠ ਆ ਕੇ ਫਟਦੀਆਂ। ਕੱਟ ਵੱਡ ਦਾ ਕਹਿਰ ਸੀ ਫਿਰ ਵੀ ਸਾਡੇ ਸਾਥੀਆਂ ਨੇ ਹੱਲਾ ਜਾਰੀ ਰੱਖਿਆ। ਕੱਲੀਆਂ ਸੰਗੀਨਾਂ ਨਾਲ ਉਹ ਸਿੱਖਾਂ ਦੇ ਮੋਰਚਿਆਂ ਤੇ ਟੁੱਟ ਪਏ ਤੇ ਉਹਨਾਂ ਦੀਆ ਅਗਲੀਆਂ ਤੋਪਾਂ ਤੇ ਕਬਜਾ ਕਰ ਲਿਆ। ਸਿੱਖ ਇੱਕ ਪੈਰ ਵੀ ਪਿਛਾਂਹ ਨਾ ਹਟੇ ਸਗੋਂ ਆਪਣੀਆਂ ਤੋਪਾਂ ਕੋਲ ਹੀ ਲੜਦੇ ਸਾਡੇ ਸਾਥੀਆਂ ਨੂੰ ਮਾਰਦੇ ਮਰ ਗਏ। ਅਚਾਨਕ ਬਰੂਦੀ ਸੁਰੰਗਾਂ ਦੇ ਫਟਣ ਨਾਲ ਉਹਨਾਂ ਦੇ ਕੈਂਪਾਂ ਨੂੰ ਅੱਗ ਲੱਗ ਗਈ। ਸਾਡਾ ਅੱਗੇ ਵਧਣਾ ਰੁਕ ਗਿਆ। ਅਸੀਂ ਕੁਝ ਪਿੱਛੇ ਹਟੇ ਗਏ। ਸਿੱਖਾਂ ਦੇ ਮੋਰਚਿਆਂ ਅੱਗੇ ਖਾਈਆਂ ਸਨ ਜੋ ਟਹਿਣੀਆਂ ਤੇ ਪੱਤਿਆਂ ਨਾਲ ਢੱਕੀਆਂ ਹੋਈਆਂ ਸਨ ਅੰਗਰੇਜ ਫੌਜੀ ਉਹਨਾਂ ਵਿੱਚ ਡਿਗਦੇ, ਲਾਹਨਤਾਂ ਪਾਉਂਦੇ, ਗਾਹਲਾਂ ਕੱਢਦੇ ਇੱਕ ਦੂਜੇ ਉੱਤੇ ਡਿੱਗ ਰਹੇ ਸਨ। ਆਪਣੀਆਂ ਬੰਦੂਕਾਂ ਗਲ ਚੋ ਪਾ ਕੇ ਮੁਸ਼ਕਲ ਨਾਲ ਬਾਹਰ ਨਿਕਲਦੇ। ਗਿਲਬਰਟ ਦੀ ਡਵੀਜਨ ਜਿਸ ਦੀ ਕਮਾਨ ਗਫ ਆਪ ਕਰ ਰਿਹਾ ਸੀ, ਦੇ ਸਾਰੇ ਮੱਥੇ ਉੱਤੇ ਦੋਵਾਂ ਪਾਸਿਆਂ ਦੇ ਫੌਜੀ ਗੁੱਥ ਮਗੁੱਥਾ ਹੋਏ। ਛੇਤੀ ਹੀ ਹੇਠਲੀ ਖਾਈ ਤੇ ਇਸ ਦਾ ਉਤਲਾ ਹਿੱਸਾ ਸਿੱਖਾਂ ਹਿੰਦੁਸਤਾਨੀਆਂ ਅਤੇ ਅੰਗਰੇਜਾਂ ਦੀਆਂ ਲਾਸ਼ਾਂ ਨਾਲ ਢੱਕੇ ਗਏ। ਤਰਕਾਲਾਂ ਦੇ ਹਨੇਰੇ ਵਿੱਚ ਜਦੋਂ ਘਮਸਾਨ ਦਾ ਜੰਗ ਮਚ ਰਿਹਾ ਸੀ ਤਾਂ ਇੱਕ ਗੋਲਾ ਸਿੱਖ ਫੌਜ ਦੇ ਅਸਲੇਖਾਨੇ ਵਿੱਚ ਜਾ ਲੱਗਾ। ਬਰੂਦ ਫਟਣ ਲੱਗ ਪਿਆ। ਇੱਕ ਢੇਰ ਪਿਛੋਂ ਦੂਜਾ ਇਸ ਹਫੜਾ ਦਫੜੀ ਦਾ ਫਾਇਦਾ ਉਠਾ ਕੇ ਸਿੱਖਾਂ ਨੇ ਜਿਹੜੇ ਗੋਰੇ ਉਹਨਾਂ ਦੇ ਮੋਰਚਿਆਂ ਵਿੱਚ ਆਣ ਵੜੇ ਸਨ ਸਭ ਨੂੰ ਖਤਮ ਕਰ ਦਿੱਤਾ।” ਇਸ ਤਰਾਂ ਸਿੱਖਾਂ ਨੇ ਆਪਣੇ ਕੈਂਪ ਵਿੱਚ ਅੱਗ ਲੱਗਣ ਦੇ ਬਾਵਜੂਦ ਵੀ ਇੱਕ ਵਾਰ ਫਿਰ ਅੰਗਰੇਜੀ ਫੌਜ ਦੇ ਹੱਲੇ ਨੂੰ ਨਕਾਰਾ ਕਰ ਦਿੱਤਾ। ਪਲਾਂ ਛਿਣਾਂ ਵਿੱਚ ਵੱਡੀ ਗਿਣਤੀ ਵਿੱਚ ਚਲਦੇ ਫਿਰਦੇ ਮਨੁੱਖੀ ਸਰੀਰ ਲਾਸ਼ਾਂ ਦੇ ਢੇਰ ਬਣ ਗਏ। ਲੜਾਈ ਚਾਰ ਵਜੇ ਸ਼ੁਰੂ ਤੇ ਹੋਈ ਹਨੇਰਾ ਹੋਣ ਤਕ ਚਲਦੀ ਰਹੀ।

ਇੱਕ ਵਿਸ਼ਾਲ ਇਲਾਕੇ ਵਿੱਚ ਲੜੀ ਗਈ ਇਸ ਜੰਗ ਬਾਰੇ 50ਵੀਂ ਅੰਗਰੇਜ ਰਜਮੈਂਟ ਦਾ ਲੈਫਟੀਨੈਟ ਬੈਲਰਜ਼ ਜੋ ਜੰਗ ਵਿੱਚ ਸ਼ਾਮਲ ਸੀ ਲਿਖਦਾ ਹੈ-” ਉਹ ਬੜੀ ਡਰਾਉਣੀ ਰਾਤ ਸੀ। ਪਿੰਡ ਦੇ ਇੱਕ ਪਾਸੇ ਇੱਕ ਕੈਂਪ ਸੜ ਰਿਹਾ ਸੀ। ਸੁਰੰਗਾਂ ਸਿੱਕੇ ਤੇ ਬਾਰੂਦ ਨਾਲ ਭਰੀਆਂ ਗੱਡੀਆਂ ਫਟ ਰਹੀਆਂ ਸਨ। ਜਿਹੜੇ ਸਿਪਾਹੀ ਅੱਗਾਂ ਬਾਲਦੇ ਉਹਨਾਂ ਨੂੰ ਬੁਝਾ ਦੇਣ ਲਈ ਉੱਚੀ ਉੱਚੀ ਹੁਕਮ ਸੁਣੀਦੇ। ਸਿੱਖਾਂ ਨੂੰ ਨੇੜੇ ਆਉਣ ਤੋਂ ਰੋਕਣ ਲਈ ਗੋਲੀਆਂ ਦੀ ਵਾਛੜ ਕੀਤੀ ਜਾ ਰਹੀ ਸੀ। ਵੱਡੀਆਂ ਤੋਪਾਂ ਦੀ ਗਰਜ ਅਤੇ ਠਾਹ ਠਾਹ ਲਗਾਤਾਰ ਸੁਣਾਈ ਦੇ ਰਹੀ ਸੀ। ਗੋਲੇ ਲਗਾਤਾਰ ਸ਼ੂਕ ਰਹੇ ਸਨ। ਬਿਗਲ ਵੱਜ ਰਹੇ ਸਨ, ਢੋਲ ਸੁਣੀਦੇ ਸਨ ਤੇ ਦੁਸ਼ਮਣ ਜੈਕਾਰੇ ਛੱਡ ਰਹੇ ਸਨ। ਤ੍ਰੇਹ, ਥਕਾਵਟ ਅਤੇ ਸਰਦੀ ਦਾ ਕੋਈ ਅੰਤ ਨਹੀਂ ਸੀ। ਇਹ ਬੁੱਝਣਾ ਔਖਾ ਸੀ ਕਿ ਜੋ ਫੌਜ ਬਚੀ ਹੈ ਉਹ ਹਾਰੀ ਹੈ ਜਾਂ ਜਿੱਤੀ। ਇਹ ਸਾਰੀਆਂ ਗੱਲਾਂ ਰਾਤ ਨੂੰ ਬੜਾ ਖੌਫਨਾਕ ਬਣਾ ਰਹੀਆਂ ਸਨ।” ਫਿਰੋਜਸ਼ਾਹ ਦੀ ਇਸ ਲੜਾਈ ਵਿੱਚ ਲੜਨ ਵਾਲਾ ਇੱਕ ਹੋਰ ਅੰਗਰੇਜ ਅਫਸਰ ਰਾਬਰਟ ਕਸਟ ਲਿਖਦਾ ਹੈ, “ਅੰਗਰੇਜਾਂ ਵੱਲੋਂ ਫੱਟੜਾਂ ਨੂੰ ਬਚਾਣ ਲਈ ਬਿਨਾਂ ਸ਼ਰਤ ਹਥਿਆਰ ਸੁੱਟ ਦੇਣ ਦੀਆਂ ਤਿਆਰੀਆਂ ਕਰ ਲਈਆਂ ਗਈਆਂ ਸਨ।”

ਇਸ ਲੜਾਈ ਵਿੱਚ ਸ਼ਾਮਲ ਇੱਕ ਹੋਰ ਅੰਗਰੇਜ ਅਫਸਰ ਸਰ ਹੋਪ ਗਰਾਂਟ ਨੇ ਲਿਖਿਆ ਹੈ “ਸੱਚਮੁੱਚ ਹੀ ਉਹ ਰਾਤ ਬੜੀ ਉਦਾਸ ਤੇ ਕੁਸ਼ਗਣੀ ਰਾਤ ਸੀ। ਹਿੰਦੁਸਤਾਨ ਦੇ ਇਤਿਹਾਸ ਵਿੱਚ ਸਾਡੀਆਂ ਜੰਗਾਂ ਦੇ ਇਤਿਹਾਸ ਵਿੱਚ ਇਸ ਤੋਂ ਪਹਿਲਾਂ ਕਦੀ ਅੰਗਰੇਜੀ ਫੌਜ ਦੀ ਐਨੇ ਵੱਡੇ ਪੈਮਾਨੇ ਤੇ ਇਹੋ ਜਿਹੀ ਹਾਰ, ਜਿਸ ਦਾ ਅਰਥ ਬੀ ਨਾਸ ਹੋਣਾ ਹੋਵੇ, ਦੇ ਨੇੜੇ ਕਦੇ ਨਹੀਂ ਸੀ ਅੱਪੜੀ। ਸਿੱਖਾਂ ਨੇ ਦੁਬਾਰਾ ਆਪਣੇ ਸਾਰੇ ਮੋਰਚੇ ਖੋਹ ਲਏ ਸਨ। ਹੰਭੀਆਂ ਹੋਈਆਂ ਤੇ ਆਹੂ ਲੱਥੀਆਂ ਸਾਡੀਆਂ ਡਵੀਜਨਾਂ ਇੱਕ ਵੱਡੇ ਰਕਬੇ ਵਿੱਚ ਬਿਨਾਂ ਆਪਸੀ ਤਾਲ ਮੇਲ ਦੇ ਪਈਆਂ ਸਨ।”

ਲਾਰਡ ਹਾਰਡਿੰਗ ਨੇ ਉਹ ਤਲਵਾਰ, ਜੋ ਯੂਰਪ ਵਿੱਚ ਨਿਪੋਲੀਅਨ ਖਿਲਾਫ ਜੰਗ ਲੜਦਿਆਂ ਉਸ ਨੂੰ ਇਨਾਮ ਵਜੋਂ ਹਾਸਲ ਹੋਈ ਸੀ ਆਪਣੇ ਪੁੱਤਰ ਚਾਰਲਸ ਹਾਰਡਿੰਗ ਨੂੰ ਦੇ ਕੇ ਵਾਪਸ ਮੁੱਦਕੀ ਭੇਜ ਦਿੱਤਾ ਨਾਲ ਇਹ ਹਦਾਇਤ ਕੀਤੀ ਸਾਡਾ ਇੱਥੋਂ ਜਿੱਤ ਕੇ ਨਿਕਲਣਾ ਹੁਣ ਲਗਭਗ ਅਸੰਭਵ ਹੈ। ਜੇਕਰ ਹਾਰ ਹੋ ਗਈ ਤਾਂ ਉਸ ਦੇ ਸਾਰੇ ਨਿੱਜੀ ਕਾਗਜ਼ ਸਾੜ ਦਿੱਤੇ ਜਾਣ। ਅੰਗਰੇਜਾਂ ਦਾ ਗੋਲਾ ਬਾਰੂਦ ਖਤਮ ਹੋ ਗਿਆ ਸੀ। ਹਰ ਪਾਸੇ ਨਿਰਾਸ਼ਤਾ ਦਾ ਆਲਮ ਸੀ। ਅੰਗਰੇਜ ਜਰਨੈਲਾਂ ਨੇ ਆਪ ਮੰਨਿਆ ਕਿ ਸਿੱਖ ਹੈਰਾਨੀਜਨਕ ਵੀਰਤਾ ਨਾਲ ਲੜੇ। ਧਰਤੀ ‘ਤੇ ਦੂਰ ਤਕ ਰੱਤ ਹੀ ਰੱਤ ਹੋ ਗਈ। ਜੰਗ ਵਿੱਚ ਫੱਟੜ ਦੋਹਾਂ ਪਾਸਿਆਂ ਦੇ ਸਿਪਾਹੀ ਕਰਾਹਉਂਦੇ ਬਾਲਾਂ ਵਾਂਗ ਰੋਂਦੇ ਜੰਗੀ ਮੈਦਾਨ ਤੋਂ ਬਾਹਰ ਦੇ ਰੁੱਖਾਂ ਦੀ ਓਟ ਲੈਂਦੇ। ਲਾਸ਼ਾਂ ਦੇ ਉੱਤੋਂ ਦੀ ਰਿੜ ਰਿੜ ਕੇ ਬਚਦੇ ਬਚਾਉਂਦੇ ਪਾਣੀ ਪਾਣੀ ਦੀ ਦੁਹਾਈ ਦਿੰਦੇ। ਹਿੰਦੁਸਤਾਨ ਦਾ ਗਵਰਨਰ ਜਨਰਲ ਲਾਰਡ ਹਾਰਡਿੰਗ ਪੰਜਾਬ ਦੇ ਜਾਇਆਂ ਅੱਗੇ ਗੋਡੇ ਟੇਕਣ ਲਈ ਤਿਆਰ ਹੋ ਗਿਆ। ਮੇਵਾ ਸਿੰਘ, ਮਾਖੇ ਖਾਂ, ਮਜਹਰ ਅਲੀ, ਸ਼ਮਸ਼ੇਰ ਸਿੰਘ, ਰਤਨ ਸਿੰਘ, ਦਲ ਸਿੰਘ ਆਦਿ ਕੁਝ ਨਾਮ ਹਨ ਜੋ ਸਿੱਖ ਫੌਜ ਵੱਲੋਂ ਬੜੀ ਬਹਾਦਰੀ ਨਾਲ ਲੜੇ। ਪੰਜਾਬ ਦੇ ਸੂਰਮੇ ਇੰਨੀ ਬਹਾਦਰੀ ਨਾਲ ਲੜੇ ਕਿ ਇਹਨਾਂ ਯੋਧਿਆਂ ਨੇ ਅੰਗਰੇਜੀ ਫੌਜ ਨੂੰ ਭੈਭੀਤ ਕਰ ਦਿੱਤਾ। ਕਾਲੀ ਹਨੇਰੀ ਠੰਡੀ ਰਾਤ ਵਿੱਚ ਪੰਜਾਬੀ ਸੂਰਮੇ ਜੈਕਾਰੇ ਛੱਡ ਰਹੇ ਸਨ। ਉਹ ਜਾਣਦੇ ਸਨ ਕਿ ਉਹ ਆਪਣੀ ਸਰ ਜ਼ਮੀ ਅਤੇ ਅਖਣ ਗੈਰਤ ਲਈ ਲੜ ਰਹੇ ਹਨ। ਦਰਿਓ ਪਾਰ ਲੰਘ ਕੇ ਉਹਨਾਂ ਨੇ ਅੰਗਰੇਜੀ ਹਕੂਮਤ ਦੀ ਹੈਂਕੜ ਭੰਨ ਦਿੱਤੀ ਸੀ। ਕੈਪਟਨ ਕੁਮਿੰਗ ਲਿਖਦਾ ਹੈ “ਸਾਡੇ ਚੋਂ ਕੋਈ ਵਿਰਲੇ ਹੀ ਹੋਣਗੇ ਜਿਹਨਾਂ ਨੂੰ ਇਹ ਵਿਸ਼ਵਾਸ਼ ਨਾ ਹੋਵੇ ਕਿ ਇਹ ਰਣਭੂਮੀ ਸਾਡੀ ਕਬਰ ਨਹੀਂ ਬਣੇਗੀ।” ਵੱਡੀ ਗਿਣਤੀ ਵਿੱਚ ਮਾਰੀ ਗਈ ਗਈ ਅਤੇ ਫੱਟਣ ਹੋਈ ਅੰਗਰੇਜੀ ਫੌਜ ਤਰਾਹ ਤਰਾਹ ਕਰ ਰਹੀ ਸੀ। ਹੱਡ ਚੀਰਵੀ ਸਰਦੀ ਤੇ ਥਕਾਵਟ ਨਾਲ ਫੌਜ ਇੰਨੀ ਬੇਹਾਲ ਹੋ ਗਈ ਕਿ ਉਹ ਲੜਨਾ ਜਿਵੇਂ ਉਹਨਾਂ ਦੇ ਵੱਸੋਂ ਬਾਹਰੀ ਗੱਲ ਹੋ ਗਈ ਸੀ। ਇਹ ਉਹ ਸਮਾਂ ਸੀ ਜਦੋਂ ਪੰਜਾਬ ਦੇ ਸੂਰਬੀਰਾਂ ਨੇ ਹਿੰਦੁਸਤਾਨ ਦੀ ਕਿਸਮਤ ਲਿਖਣ ਲਈ ਆਪਣਾ ਲਹੂ ਡੋਹਲ ਕੇ ਸ਼ਿਆਹੀ ਤਿਆਰ ਕਰ ਲਈ ਸੀ ਬਸ ਲਿਖਿਆ ਜਾਣਾ ਹੀ ਬਾਕੀ ਸੀ। ਇਤਿਹਾਸ ਦੇ ਇਸ ਅਣਗੌਲੇ ਕਾਂਡ ਸਬੰਧੀ ਕਵੀ ਸ਼ਾਹ ਮੁਹੰਮਦ ਲਿਖਦਾ ਹੈ:-

ਫੇਰੂ ਸ਼ਹਿਰ ਦੇ ਹੇਠ ਜਾ ਖੇਤ ਰੁੱਧੇ, ਤੋਪਾਂ ਚੱਲੀਆਂ ਨੀ ਵਾਂਗ ਤੋੜਿਆਂ ਦੇ।
ਸਿੰਘ ਸੂਰਮੇ ਆਣ ਮੈਦਾਨ ਲੱਥੇ, ਗੰਜ ਲਾਹ ਸੁੱਟੇ ਉਹਨਾਂ ਗੋਰਿਆਂ ਦੇ।

ਅਗਲੇ ਦਿਨ 22 ਦਸੰਬਰ ਨੂੰ ਸੂਰਬੀਰਾਂ ਨੂੰ ਜਾਪਿਆ ਕਿ ਮੈਦਾਨ ਉਹਨਾਂ ਦੇ ਹੱਥ ਵਿੱਚ ਹੈ। ਉਹ ਜਨਰਲ ਹਿਊ ਗੱਫ ਅਤੇ ਲਾਰਡ ਹਾਰਡਿੰਗ ਘੇਰਨ ਲੈਣ ਲਈ ਬੇਤਾਬ ਹੋ ਰਹੇ ਸਨ। ਜਦੋਂ ਪੰਜਾਬ ਦੀ ਹੀ ਨਹੀਂ ਬਲਕਿ ਹਿੰਦੁਸਤਾਨ ਦੀ ਕਿਸਮਤ ਉਹ ਆਪਣੇ ਹੱਥਾਂ ਨਾਲ ਲਿਖ ਸਕਦੇ ਸਨ, ਪੈਦਲ ਅਤੇ ਘੋੜ ਸਵਾਰ ਜਵਾਨ ਹਮਲਾ ਕਰਨ ਲਈ ਅੱਗੇ ਵਧ ਰਹੇ ਸਨ, ਇੱਕ ਜੋਰਦਾਰ ਹਮਲਾ ਹੋਣ ਵਾਲਾ ਸੀ ਤਾਂ ਐਨ ਇਸੇ ਮੌਕੇ ਗਦਾਰ ਤੇਜਾ ਸਿੰਘ ਨੇ ਬਿਗਲਰਾਂ ਨੂੰ ਹੁਕਮ ਕੀਤਾ ਕਿ ਉਹ ਫੌਜ ਨੂੰ ਪਿਛਾਹ ਮੁੜਨ ਦਾ ਬਿਗਲ ਵਜਾਉਣ। ਬਿਗਲ ਵੱਜਿਆ, ਬਿਗਲ ਕਾਹਦਾ ਵੱਜਿਆ ਪੰਜਾਬ ਸਮੇਤ ਹਿੰਦੁਸਤਾਨ ਦੀ ਕਿਸਮਤ ਸੋਂ ਗਈ। ਇਹ ਕਾਲਾ ਵਕਤ ਸੀ ਜਦੋਂ ਦੇਸ਼ ਦੀ ਸਾਲਾਂ ਲੰਮੀ ਗੁਲਾਮੀ ਅਤੇ ਹਜਾਰਾਂ ਸੂਰਬੀਰਾਂ ਦੀ ਕੁਰਬਾਨੀ ਦਾ ਇੱਕ ਵਾਰ ਫਿਰ ਮੁੱਢ ਬੱਝ ਗਿਆ।

ਤਾਰੀਖ ਕੀ ਨਜਰੋਂ ਨੇ ਵੋਹ ਦੌਰ ਭੀ ਦੇਖਾ ਹੈ,
ਲਮਹੋਂ ਨੇ ਖਤਾ ਕੀ ਥੀ ਸਦੀਓ ਨੇ ਸਜਾ ਪਾਈ।

ਇਸ ਤਰਾਂ੍ਹ ਹਜਾਰਾਂ ਸੂਰਬੀਰਾਂ ਦੀ ਕੁਰਬਾਨੀ ਦਾ ਮੁੱਲ ਵੱਟ ਕੇ ਜੇਬਾਂ ਭਰਨ ਵਾਲੇ ਗਦਾਰ ਤੇਜਾ ਸਿੰਘ ਅਤੇ ਲਾਲ ਸਿੰਘ ਦੀ ਖੋਟੀ ਨਿਅਤ ਕਰਕੇ ਇਤਿਹਾਸ ਬਦਲਦਾ-ਬਦਲਦਾ ਰਹਿ ਗਿਆ। ਵਾਪਸੀ ਦੇ ਬਿਗੁਲ ਤੋਂ ਹੈਰਾਨ ਸਿੱਖ ਫੌਜ ਨੇ ਸਤਲੁਜ ਵੱਲ ਚਾਲੇ ਪਾ ਦਿੱਤੇ ਤੇ ਹਾਰੇ ਹੋਏ ਅੰਗਰੇਜ ਜਿੱਤ ਦੀਆਂ ਚਾਂਗਰਾਂ ਮਾਰਨ ਲੱਗ ਪਏ। ਉਸ ਸਮੇਂ ਦਾ ਪੰਜਾਬ ਦਾ ਦਰਵੇਸ਼ ਕਵੀ ਸ਼ਾਹ ਮੁਹੰਮਦ ਖੂਨ ਦੇ ਅੱਥਰੂ ਰੋਇਆ ਉਸ ਲਿਖਿਆ ਸੀ

ਸ਼ਾਹ ਮੁਹੰਮਦਾ ਇੱਕ ਸਰਕਾਰ ਬਾਜੋਂ ਫੋਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ।

ਉਹ ਜੰਗ ਜਿਸ ਨੂੰ ਅੰਗਰੇਜਾਂ ਨੇ battle of royal ਕਿਹਾ, ਦੋ ਕੌਮਾਂ ਦਰਮਿਆਨ ਲੜੀ ਜਾਣ ਵਾਲੀ ਜੰਗ ਦੀ ਅਹਿਮੀਅਤ ਦਿੱਤੀ। ਜੰਗ ਵਿੱਚ 694 ਅੰਗਰੇਜ 1000 ਪੰਜਾਬ ਦੇ ਲੋਕ ਮੌਤ ਦੀ ਭੇਂਟ ਚੜ੍ਹ ਗਏ। ਇਹ ਗਿਣਤੀ ਸਮੇਂ ਦੀ ਅੰਗਰੇਜੀ ਸਰਕਾਰ ਵੱਲੋਂ ਦਰਸਾਈ ਗਈ। ਪਰ ਇਹ ਗਿਣਤੀ ਸਹੀ ਨਹੀਂ ਹੈ ਦੋਹਾਂ ਧਿਰਾਂ ਵੱਲੋਂ ਜੰਗ ਵਿੱਚ ਮਾਰੇ ਗਏੇ ਲੋਕਾਂ ਦੀ ਗਿਣਤੀ ਇਸ ਤੋਂ ਕਿਤੇ ਜਿਆਦਾ ਹੋ ਸਕਦੀ ਹੈ ਪਰ ਸਹੀ ਤੱਥ ਉਜਾਗਰ ਕਰਨੇ ਅੰਗਰੇਜੀ ਸਰਕਾਰ ਦੇ ਪੱਖ ਵਿੱਚ ਨਹੀਂ ਸਨ। ਇਹ ਜਿੱਤੀ ਹੋਈ ਜੰਗ ਦੋ ਗਦਾਰਾਂ ਕਾਰਨ ਪੰਜਾਬ ਦੀ ਧਰਤੀ ਦੇ ਵਾਰਸ ਹਾਰ ਚੁੱਕੇ ਸਨ। ਖਿੰਡੀ ਪੁੰਡੀ ਫੌਜ ਨੇ ਸਤਲੁਜ ਵੱਲ ਦਾ ਰੁੱਖ ਕਰ ਲਿਆ। ਹੁਕਮ ਦੀ ਬੱਧੀ ਫੌਜ ਨੂੰ ਪਹਿਲੇ ਦਿਨ ਹੋਈ ਲੜਾਈ ਵਿੱਚ ਸ਼ਹੀਦ ਹੋਇਆਂ ਦੀਆਂ ਲਾਸ਼ਾਂ ਅਤੇ ਫੱਟੜ ਹੋਏ ਫੌਜੀਆਂ ਨੂੰ ਸੰਭਾਲਣ ਵੀ ਨਾ ਦਿੱਤਾ ਗਿਆ। ਵਾੜਾ ਭਾਈ ਕਾ ਪਿੰਡ ਦੇ ਕੁਝ ਖੇਤ ਹਨ ਜਿਹਨਾਂ ਨੂੰ ਅੱਜ ਵੀ ਲੋਕ ‘ਸਿਰੀਆਂ ਵਾਲਾ ਖੇਤ’ ਆਖਦੇ ਹਨ। ਕਿਹਾ ਜਾਂਦਾ ਹੈ ਕਿ ਇਹਨਾਂ ਖੇਤਾਂ ਵਿੱਚ ਵੱਢੇ ਪਏ ਮਨੁੱਖੀ ਸਿਰ ਜੋ ਵੱਡੀ ਗਿਣਤੀ ਵਿੱਚ ਸਨ ਕਈ ਦਿਨ ਰੁਲਦੇ ਰਹੇ। ਜਖਮੀ ਹੋਏ ਸਿੰਘ ਜਿਹਨਾਂ ਦੀਆਂ ਲੱਤਾਂ ਬਾਹਾਂ ਉੱਡ ਗਈਆਂ ਸਨ ਕਈ ਦਿਨ ਪਾਣੀ ਪਾਣੀ ਪੁਕਾਰਦੇ ਰਹੇ। ਇਸ ਧਰਤੀ ਤੇ ਵਾਪਰੀਆਂ ਦਰਦਨਾਕ ਦਿਲ ਕੰਬਾਊ ਘਟਨਾਵਾਂ ਦਾ ਅੰਦਾਜਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਲੋਕਾਂ ਵਿਚ ਦੰਦ ਕਥਾ ਹੈ ਕਿ ਕਦੇ ਕਦੇ ਇਹਨਾਂ ਇਲਾਕਿਆਂ ਚੋਂ ਅੱਜ ਵੀ ਪਾਣੀ ਪਾਣੀ ਦੀਆਂ ਅਵਾਜਾਂ ਆਉਂਦੀਆਂ ਹਨ। ਇਸ ਤੋਂ ਬਾਅਦ ਅੰਗਰੇਜਾਂ ਅਤੇ ਸਿੱਖਾਂ ਦੀਆਂ ਬੱਦੋਵਾਲ, ਆਲੀਵਾਲ, ਅਤੇ ਸਭਰਾਵਾਂ ਦੀਆਂ ਜੰਗਾਂ ਹੋਈਆਂ। 10 ਫਰਵਰੀ 1846 ਨੂੰ ਸਭਰਾਵਾਂ ਦੀ ਲੜਾਈ ਤੋਂ ਬਾਅਦ ਅੰਗਰੇਜਾਂ ਨੇ ਸਤਲੁਜ ਦਰਿਆ ਨੂੰ ਪਾਰ ਕਰ ਲਿਆ।

ਲੇਖਕ ਯਾਦਗਾਰ ਦੇ ਚਿੰਨ੍ਹ ਵੱਲ ਦੇਖਦਾ ਹੋਇਆ

ਮੁੱਦਕੀ ਅਤੇ ਫਿਰੋਜਸ਼ਾਹ ਆਦਿ ਕੁਝ ਥਾਵਾਂ ਤੇ ਅੰਗਰੇਜ ਹਕੂਮਤ ਵੱਲੋਂ 1870 ਵਿੱਚ ਆਪਣੇ ਸਿਪਾਹੀਆਂ ਦੀ ਯਾਦ ਵਿੱਚ ਲਾਟਾਂ ਉਸਾਰੀਆਂ ਗਈਆਂ ਹਨ। ਮੁੱਦਕੀ ਨੇੜੇ ਅੰਗਰੇਜ ਸਿਪਾਹੀਆਂ ਦੀ ਯਾਦਗਾਰ ‘ਤੇ ਸਾਡੀ ਭਾਰਤ ਸਰਕਾਰ ਵੱਲੋਂ ਇੱਕ ਚੌਕੀਦਾਰ ਵੀ ਨਿਯੁਕਤ ਕੀਤਾ ਹੋਇਆ ਹੈ। ਉਸ ਦੇ ਦੱਸਣ ਮੁਤਾਬਕ ਅੱਜ ਵੀ ਅੰਗਰੇਜ ਆਪਣੇ ਵੱਡੇ ਵਡੇਰਿਆਂ ਦੀਆਂ ਇਹਨਾਂ ਯਾਦਗਾਰਾਂ ਨੂੰ ਸਿਜਦਾ ਕਰਨ ਪੁਜਦੇ ਹਨ। ਦੂਜੇ ਪਾਸੇ ਧਰਤੀ ਮਾਂ ਦੇ ਗੁਮਨਾਮ ਯੋਧਿਆਂ ਜਿਹਨਾਂ ਨੇ ਦੇਸ਼ ਕੌਮ ਲਈ ਆਪਣੀਆਂ ਜਾਨਾਂ ਨਿਛਾਵਰ ਕਰ ਦਿੱਤੀਆਂ ਦੀ ਕੋਈ ਢੁੱਕਵੀਂ ਯਾਦਗਾਰ ਨਹੀਂ ਹੈ।

ਅਫਸੋਸ ਇਹ ਹੈ ਕਿ ਇੱਥੇ ਸ਼ਹੀਦ ਹੋਣ ਵਾਲੇ ਸੂਰਬੀਰਾਂ ਚੋਂ ਕਿਸੇ ਇੱਕ ਦਾ ਵੀ ਨਾਮ ਸਥਾਨਕ ਲੋਕ ਨਹੀਂਂ ਜਾਣਦੇ। 1930 ਵਿੱਚ ਇੱਥੇ ਸ਼ਹੀਦ ਹੋਏ ਸਿੱਖ ਫੌਜੀਆਂ ਦੀ ਯਾਦ ਵਿੱਚ ਇੱਕ ਗੁਰਦਵਾਰਾ ਸ਼ਹੀਦਗੰਜ ਸਾਹਿਬ ਬਣਾਇਆ ਗਿਆ ਸੀ ਅਤੇ ਇਸ ਜੰਗੀ ਸਾਜੋ ਸਮਾਨ ਨੂੰ ਸੰਭਾਲਣ ਲਈ ਪਿੰਡ ਘੱਲ ਖੁਰਦ ਵਿਖੇ ਇੱਕ ਇੱਕ ਅਜੈਬ ਘਰ ਜਿਸ ਦਾ ਉਧਘਾਟਨ ਸੰਜੇ ਗਾਂਧੀ ਨੇ ਆਪਣੇ ਸਮੇਂ ਵਿੱਚ ਕੀਤਾ ਸੀ ਬਣਾਇਆ ਗਿਆ ਹੈ। ਇੱਥੇ ਜੰਗ ਨਾਲ ਸਬੰਧਤ ਕੁਝ ਗਿਣਤੀ ਦੀਆਂ ਤਸਵੀਰਾਂ, ਪਿਸਤੌਲ, ਬੰਦੂਕਾਂ, ਤਲਵਾਰਾਂ, ਨਿੱਕੀਆਂ ਵੱਡੀਆਂ ਕੁਝ ਤੋਪਾਂ ਪਈਆਂ ਹਨ। ਹਰ ਸ਼ੈਅ ਦੀ ਹਾਲਤ ਖਸਤਾ ਹੈ। ਅਜੈਬ ਘਰ ਦੀ ਇਮਾਰਤ ਤੋਂ ਲੈ ਕੇ ਛੱਤਾਂ ਤਕ ਮੁਰੰਮਤ ਨੂੰ ਤਰਸਦੀ ਪਰਤੀਤ ਹੁੰਦੀ ਹੈ। ਅਜੈਬ ਘਰ ਦੇ ਕਰਿੰਦਿਆਂ ਨਾਲ ਗੱਲ ਕੀਤਿਆਂ ਪਤਾ ਲੱਗਾ ਕਿ ਘੱਟ ਹੀ ਲੋਕ ਹਨ ਜੋ ਇਸ ਅਜੈਬ ਘਰ ਨੂੰ ਦੇਖਣ ਆਉਂਦੇ ਹਨ। ਸ਼ਾਇਦ ਸਾਡੀ ਮਨੋਬਿਰਤੀ ਹੀ ਅਜਿਹੀ ਹੈ ਕਿ ਆਪਣੇ ਵਿਰਸੇ ਚੋਂ ਕੁਝ ਸਿੱਖਣਾ ਸਾਡੇ ਵੱਸ ਦੀ ਗੱਲ ਨਹੀਂ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,