ਖਾਸ ਖਬਰਾਂ » ਸਿੱਖ ਖਬਰਾਂ

ਖਾਲਸਾ ਰਾਜ ਦੇ ਮਜ਼ਬੂਤ ਥੰਮ੍ਹ: ਸ਼ਹੀਦ ਬਾਬਾ ਬਿਕਰਮਾ ਸਿੰਘ ਬੇਦੀ

September 8, 2018 | By

-ਪ੍ਰੋ. ਬਲਵਿੰਦਰਪਾਲ ਸਿੰਘ

ਖਾਲਸਾ ਰਾਜ ਦੇ ਮਜ਼ਬੂਤ ਥੰਮ੍ਹ ਬਾਬਾ ਬਿਕਰਮਾ ਸਿੰਘ ਬੇਦੀ ਸਨ, ਜਿਨ੍ਹਾਂ ਨੇ ਉਨੀਵੀਂ ਸਦੀ ਦੇ ਅੱਧ ਵਿਚ ਊਨਾ ਸਾਹਿਬ ਤੋਂ ਅੰਗਰੇਜ਼ਾਂ ਦੇ ਖਿਲਾਫ਼ ਖਾਲਸਾ ਰਾਜ ਨੂੰ ਅਜ਼ਾਦ ਕਰਵਾਉਣ ਲਈ ਸੰਘਰਸ਼ ਲੜਿਆ ਸੀ। ਬਾਬਾ ਬਿਕਰਮਾ ਸਿੰਘ ਜੀ ਦਾ ਜਨਮ ਖਾਲਸਾ ਰਾਜ ਦੇ ਬਾਨੀ ਬਾਬਾ ਸਾਹਿਬ ਸਿੰਘ ਜੀ ਬੇਦੀ ਜਿਨ੍ਹਾਂ ਨੇ ਸੰਨ 1801 ਈਸਵੀ ਦੌਰਾਨ ਮਹਾਰਾਜਾ ਰਣਜੀਤ ਸਿੰਘ ਨੂੰ ਲਾਹੌਰ ਤਖ਼ਤ ‘ਤੇ ਬਿਠਾ ਕੇ ਖਾਲਸਾ ਰਾਜ ਦਾ ਐਲਾਨ ਕੀਤਾ ਸੀ, ਦੇ ਘਰ ਮਾਤਾ ਪ੍ਰੀਤਮ ਕੌਰ ਜੀ ਅਕੋ ਦੀ ਕੁੱਖੋਂ 27 ਫਗਣ ਸੰਮਤ 1869 ਦਿਨ ਸੋਮਵਾਰ ਨੂੰ ਊਨਾ ਸਾਹਿਬ ਵਿਖੇ ਹੋਇਆ। ਬਾਬਾ ਬਿਕਰਮਾ ਸਿੰਘ ਜੀ ਬੇਦੀ ਆਪਣੇ ਮਾਤਾ ਪਿਤਾ ਦੇ ਸਭ ਤੋਂ ਛੋਟੇ ਤੇ ਲਾਡਲੇ ਸਪੁੱਤਰ ਸਨ। ਬਾਬਾ ਬਿਸ਼ਨ ਸਿੰਘ ਜੀ, ਬਾਬਾ ਬਿਕਰਮਾ ਸਿੰਘ ਜੀ ਦੇ ਵੱਡੇ ਅਤੇ ਬਾਬਾ ਤੇਗ ਸਿੰਘ ਜੀ ਵਿਚਕਾਰਲੇ ਭਰਾ ਸਨ।

ਧਾਰਮਿਕ ਤੇ ਰਾਜਸੀ ਵਿਿਦਆ: ਬਾਬਾ ਬੀਰ ਸਿੰਘ ਜੀ ਨੇ ਬਾਬਾ ਬਿਕਰਮਾ ਸਿੰਘ ਜੀ ਬੇਦੀ ਨੂੰ ਆਪਣੀ ਨਿਗਰਾਨੀ ਹੇਠ ਅਰਬੀ, ਫਾਰਸੀ, ਹਿੰਦੀ, ਸੰਸਕ੍ਰਿਤ ਅਤੇ ਗੁਰਮੁਖੀ ਭਾਸ਼ਾਵਾਂ ਤੋਂ ਇਲਾਵਾ ਧਾਰਮਿਕ ਗ੍ਰੰਥਾਂ ਦੀ ਸਿਿਖਆ ਦੇਣ ਦੇ ਨਾਲ-ਨਾਲ ਘੋੜ ਸਵਾਰੀ, ਰਾਜਸੀ ਅਤੇ ਸ਼ਸਤਰ ਵਿਿਦਆ ਦੇ ਕੇ ਨਿਪੁੰਨ ਕਰ ਦਿੱਤਾ। ਰਾਜਸੀ, ਧਾਰਮਿਕ ਵਿਿਦਆ ਦੇਣ ਤੋਂ ਉਪਰੰਤ ਬਾਬਾ ਬੀਰ ਸਿੰਘ ਨੇ ਬਾਬਾ ਬਿਕਰਮਾ ਸਿੰਘ ਜੀ ਨੂੰ ਅੰਮ੍ਰਿਤ ਛਕਾ ਕੇ ਸੰਤ ਸਿਪਾਹੀ ਸਜਾ ਦਿੱਤਾ। 1827 ਈ. ਵਿਚ ਜਦੋਂ ਬਾਬਾ ਬਿਕਰਮਾ ਸਿੰਘ ਬਾਬਾ ਬੀਰ ਸਿੰਘ ਜੀ ਕੋਲੋਂ ਵਿਿਦਆ ਪੂਰੀ ਕਰਕੇ ਊਨਾ ਸਾਹਿਬ ਆ ਗਏ।

ਬਾਬਾ ਬਿਕਰਮਾ ਸਿੰਘ ਜੀ ਬੇਦੀ ਦਾ ਵਿਆਹ : ਸੰਨ 1829 ਈ. ਵਿਚ ਬਾਬਾ ਬਿਕਰਮਾ ਸਿੰਘ ਜੀ ਬੇਦੀ ਦਾ ਵਿਆਹ ਪੰਜਾਬ ਦੇ ਬਹਿਬਲਪੁਰ (ਬੱਸੀ) ਦੇ ਖੱਤਰੀ ਘਰਾਣੇ ਨਾਲ ਸੰਬੰਧਿਤ ਭਾਈ ਕਾਹਨ ਸਿੰਘ ਦੀ ਲੜਕੀ ਨਾਲ ਹੋਇਆ। ਬਾਬਾ ਬਿਕਰਮਾ ਸਿੰਘ ਜੀ ਬੇਦੀ ਦੇ ਦੋ ਸਪੁੱਤਰ ਸਨ, ਬਾਬਾ ਸੂਰਜਾ ਸਿੰਘ ਅਤੇ ਬਾਬਾ ਸੁਜਾਨ ਸਿੰਘ। ਬਾਬਾ ਸੂਰਜ ਸਿੰਘ ਜੀ ਦਾ ਜਨਮ ਸੰਨ 1831 ਈ. ਵਿਚ ਹੋਇਆ ਸੀ ਤੇ ਬਾਬਾ ਸੁਜਾਨ ਸਿੰਘ ਜੀ ਦਾ ਜਨਮ ਸੰਨ 1841 ਈ. ਹੋਇਆ ਸੀ। ਬਾਬਾ ਸੂਰਜ ਸਿੰਘ ਜੀ ਦਾ ਦਿਹਾਂਤ ਸੰਨ 1864 ਈ. ਵਿਚ ਹੋ ਗਿਆ ਸੀ।

ਚੇਲੀਆਂ ਵਾਲੇ ਯੁਧ ਵਿਚ ਬਾਬਾ ਬਿਕਰਮਾ ਸਿੰਘ ਬੇਦੀ

ਇਸ ਸਮੇਂ ਅੰਗਰੇਜ਼ ਸਰਕਾਰ ਨੇ ਬਾਬਾ ਬਿਕਰਮਾ ਸਿੰਘ ਜੀ ਬੇਦੀ ਨੂੰ ਅੰਮ੍ਰਿਤਸਰ ਵਿਚ ਨਜ਼ਰਬੰਦ ਕੀਤਾ ਹੋਇਆ ਸੀ। ਗਿਆਨੀ ਈਸ਼ਰ ਸਿੰਘ ਨਾਰਾ ਅਨੁਸਾਰ ਅੰਗਰੇਜ਼ਾਂ ਨੇ ਬਾਬਾ ਬਿਕਰਮਾ ਸਿੰਘ ਜੀ ਬੇਦੀ ਨੂੰ ਫੜ ਕੇ ਸ੍ਰੀ ਅੰਮ੍ਰਿਤਸਰ ਲਿਜਾ ਕੇ ਉਮਰ ਭਰ ਨਜ਼ਰਬੰਦ ਰੱਖਿਆ ਸੀ। ਪਰ ਸਮਾਂ ਪਾਕੇ ਉਨ੍ਹਾਂ ਦੇ ਸਾਹਿਬਜ਼ਾਦੇ ਬਾਬਾ ਸੁਜਾਨ ਸਿੰਘ ਜੀ ਨੂੰ ਆਨਰੇਰੀ ਮਜਿਸਟਰੇਟੀ ਦਿੱਤੀ ਅਤੇ ਪ੍ਰਵਿੰਸ਼ਲ ਦਰਬਾਰੀ ਬਣਾਇਆ ਸੀ। ਫਿਰ ਸੰਨ 1911 ਦੇ ਦਿੱਲੀ ਦਰਬਾਰ ਤਾਜਪੋਸ਼ੀ ਵੇਲੇ ਬੁਲਾ ਕੇ ਦੁਬਾਰਾ ਸਰਦਾਰ ਸਾਹਿਬ ਦਾ ਖਿਥਾਬ ਦੇ ਕੇ ਅਨੁਸਾਰੀ ਰੱਖਣ ਦਾ ਯਤਨ ਕੀਤਾ ਸੀ।

ਬਾਬਾ ਸਾਹਿਬ ਸਿੰਘ ਬੇਦੀ ਦਾ ਸੰਨ 1834 ਈ: ਦੀ ਰਾਤ ਨੂੰ ਦਿਹਾਂਤ ਹੋ ਗਿਆ। ਉਨ੍ਹਾਂ ਦੀ ਅੰਤਿਮ ਅਰਦਾਸ ਸਮੇਂ ਬਹੁਤ ਸਾਰੀਆਂ ਸੰਗਤਾਂ, ਸਿੱਖ ਸਰਦਾਰ, ਮਹਾਰਾਜਾ ਰਣਜੀਤ ਸਿੰਘ, ਸੇਵਾ ਪੰਥੀ ਭਾਈ ਵਸਤੀ ਰਾਮ, ਭਾਈ ਸ਼ੋਭਾ ਰਾਮ ਅਤੇ ਭਾਈ ਦਇਆ ਸਿੰਘ ਟਕਸਾਲ ਦੇ ਮੁਖੀ ਬਾਬਾ ਬੀਰ ਸਿੰਘ ਨੌਰੰਗਾਬਾਦ ਆਦਿ ਸ਼ਾਮਲ ਹੋਏ। ਬਾਬਾ ਬੀਰ ਸਿੰਘ ਨੇ ਆਪਣੇ ਹੱਥਾਂ ਨਾਲ ਬਾਬਾ ਬਿਕਰਮਾ ਸਿੰਘ ਜੀ ਬੇਦੀ ਦੇ ਸਿਰ ਤੇ ਦਸਤਾਰ ਸਜਾ ਕੇ ਗੁਰੂ ਨਾਨਕ ਵੰਸ਼ਜ਼ ਪੀੜ੍ਹੀ ਦੇ ਮੁੱਖ ਸੇਵਾਦਾਰ ਵਜੋਂ ਮਾਨਤਾ ਦੇ ਦਿੱਤੀ।

ਬਾਬਾ ਬਿਕਰਮਾ ਸਿੰਘ ਜੀ ਦੀ ਸ਼ਖਸ਼ੀਅਤ : ਬਾਬਾ ਬਿਕਰਮਾ ਸਿੰਘ ਜੀ ਬੇਦੀ ਆਪਣੇ ਪਿਤਾ ਦੀ ਤਰ੍ਹਾਂ ਜੰਗਜੂ ਤੇ ਘੋੜ ਸਵਾਰੀ ਵਿਚ ਨਿਪੁੰਨ, ਸ਼ਸਤਰ ਵਿਿਦਆ ਵਿਚ ਨਿਪੁੰਨ ਸਨ। ਆਪ ਖਾਲਸਾ ਪੰਥ ਦੇ ਉੱਚ ਧਾਰਮਿਕ ਆਗੂ ਸਨ, ਬਾਬਾ ਸਾਹਿਬ ਸਿੰਘ ਜੀ ਬੇਦੀ ਤੋਂ ਬਾਅਦ ਆਪ ਦੀ ਖਾਲਸਾ ਰਾਜ ਵਿਚ ਬੜੀ ਮਾਨਤਾ ਸੀ। ਬਾਬਾ ਸਾਹਿਬ ਸਿੰਘ ਜੀ ਬੇਦੀ ਦੇ ਅਕਾਲ ਚਲਾਣੇ ਤੋਂ ਉਪਰੰਤ ਬਾਬਾ ਬਿਕਰਮਾ ਸਿੰਘ ਜੀ ਬੇਦੀ ਕੋਲ 9100 ਸੌ ਘੋੜ ਸਵਾਰ ਅਤੇ 1100 ਦੇ ਲੱਗਭੱਗ ਪੈਦਲ ਸਿਪਾਹੀ ਸਨ।

ਬਾਬਾ ਬਿਕਰਮਾ ਸਿੰਘ ਜੀ ਬੇਦੀ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਆਪਸੀ ਸੰਬੰਧ ਬਹੁਤ ਸੁਖਾਵੇਂ ਸਨ। 1834 ਈ. ਤੋਂ ਬਾਅਦ ਉਹ ਕਈ ਵਾਰ ਬਾਬਾ ਬਿਕਰਮਾ ਸਿੰਘ ਜੀ ਬੇਦੀ ਨੂੰ ਸਤਿਕਾਰ ਦੇਣ ਲਈ ਊਨਾ ਸਾਹਿਬ ਗਏ ਸਨ ਤੇ ਇਥੋਂ ਤੱਕ ਕਿ ਉਨ੍ਹਾਂ ਕੋਲੋਂ ਸਮੇਂ-ਸਮੇਂ ਸਿਰ ਰਾਜਨੀਤਕ ਸਲਾਹ ਵੀ ਲੈਂਦੇ ਸਨ। ਬਾਬਾ ਪ੍ਰੇਮ ਸਿੰਘ ਹੋਤੀ ਅਨੁਸਾਰ ਸ਼ੇਰੇ ਪੰਜਾਬ ਨੇ ਆਪਣੇ ਆਪ ਨੂੰ ਖਾਲਸਾ ਰਾਜ ਦਾ ਵੱਡਾ ਸਲਾਹਕਾਰ ਨੀਯਤ ਕੀਤਾ ਹੋਇਆ ਸੀ। ਡਾ. ਕਿਰਪਾਲ ਸਿੰਘ ਅਨੁਸਾਰ ਸੰਨ 1834 ਈ. ਵਿਚ ਬਾਬਾ ਸਾਹਿਬ ਸਿੰਘ ਜੀ ਬੇਦੀ ਦੇ ਚਲਾਣਾ ਕਰ ਜਾਣ ਤੇ ਬਾਬਾ ਬਿਕਰਮਾ ਸਿੰਘ ਆਪਣੇ ਪਿਤਾ ਦੀ ਗੱਦੀ ‘ਤੇ ਬੈਠੇ, ਭਾਵੇਂ ਉਹ ਬਾਬਾ ਸਾਹਿਬ ਸਿੰਘ ਜੀ ਦੇ ਸਭ ਤੋਂ ਵੱਡੇ ਪੁੱਤਰ ਨਹੀਂ ਸਨ, ਪਰੰਤੂ ਉਨ੍ਹਾਂ ਦੀ ਯੋਗਤਾ ਤੇ ਦਲੇਰੀ ਕਾਰਨ ਬੇਦੀ ਸਾਹਿਬ ਨੇ ਉਨ੍ਹਾਂ ਨੂੰ ਹੀ ਆਪਣਾ ਜਾਨਸ਼ੀਨ ਨਾਮਜ਼ਦ ਕੀਤਾ। ਆਪਣੇ ਪਿਤਾ ਵਾਂਗ ਬਾਬਾ ਬਿਕਰਮਾ ਸਿੰਘ ਲਾਹੌਰ ਦੇ ਸ਼ਾਹੀ ਖਾਨਦਾਨ ਦੇ ਸਿੱਖਿਆ ਦਾਤਾ ਤੇ ਧਾਰਮਿਕ ਆਗੂ ਬਣੇ ਰਹੇ।

ਬਾਬਾ ਬਿਕਰਮਾ ਸਿੰਘ ਵਿਰੁਧ ਡੋਗਰਿਆਂ ਨੇ ਸਾਜ਼ਿਸ਼ ਕਰਨੀ: ਰਾਜਾ ਧਿਆਨ ਸਿੰਘ ਡੋਗਰਾ ਨੇ ਖਾਲਸਾ ਪੰਥ ਵਿਚੋਂ ਬਾਬਾ ਬਿਕਰਮਾ ਸਿੰਘ ਜੀ ਬੇਦੀ ਦੀ ਅਹਿਮੀਅਤ ਘਟਾਉਣ ਲਈ ਉਸ ਨੇ ਉਨ੍ਹਾਂ ਦੇ ਭਤੀਜੇ ਬਾਬਾ ਅਤਰ ਸਿੰਘ ਬੇਦੀ (ਸਪੁੱਤਰ ਬਾਬਾ ਬਿਸ਼ਨ ਸਿੰਘ ਜੀ ਬੇਦੀ) ਨੂੰ ਭੜਕਾਇਆ ਕਿ ਉਹ ਬਾਬਾ ਬਿਕਰਮਾ ਸਿੰਘ ਜੀ ਕੋਲੋਂ ਮਲਸੀਆਂ ਦਾ ਕਿਲ੍ਹਾ ਮੰਗਣ, ਕਿਉਂਕਿ ਇਸ ਉਪਰ ਬਾਬਾ ਬਿਸ਼ਨ ਸਿੰਘ ਜੀ ਦਾ ਅਧਿਕਾਰ ਸੀ। ਇਸ ਸਬੰਧ ਵਿਚ ਉਹ ਉਸ ਦੀ ਫ਼ੌਜੀ ਮਦਦ ਵੀ ਕਰੇਗਾ। ਧਿਆਨ ਸਿੰਘ ਡੋਗਰਾ ਦੀ ਕਪਟ ਨੀਤੀ ਅਨੁਸਾਰ ਬਾਬਾ ਅਤਰ ਸਿੰਘ 3 ਦਸੰਬਰ ਸੰਨ 1839 ਈ. ਦੌਰਾਨ ਆਪਣੇ ਚਾਚੇ ਬਾਬਾ ਬਿਕਰਮ ਸਿੰਘ ਜੀ ਬੇਦੀ ਕੋਲ ਮਲਸੀਆ ਦਾ ਅਧਿਕਾਰ ਖੇਤਰ ਮੰਗਣ ਲਈ ਆ ਗਿਆ। ਬਾਬਾ ਬਿਕਰਮਾ ਸਿੰਘ ਜੀ ਬੇਦੀ ਨੇ ਉਸ ਨੂੰ ਸਮਝਾਇਆ ਕਿ ਮਲਸੀਆਂ ਕਿਲ੍ਹੇ ਤੇ ਉਸ ਦਾ ਕੋਈ ਅਧਿਕਾਰ ਨਹੀਂ, ਕਿਉਂਕਿ ਉਨ੍ਹਾਂ ਦੇ ਪਿਤਾ ਬਾਬਾ ਸਾਹਿਬ ਸਿੰਘ ਜੀ ਬੇਦੀ ਨੇ ਉਸ ਦੇ ਪਿਤਾ ਬਾਬਾ ਬਿਸ਼ਨ ਸਿੰਘ ਜੀ ਨੂੰ ਸਦਾ ਲਈ ਘਰੋਂ ਕੱਢ ਦਿੱਤਾ ਸੀ ਅਤੇ ਸਿਰਫ ਕਲਰ ਰਾਵਲਪਿੰਡੀ ਵਲ ਹੀ ਉਨ੍ਹਾਂ ਨੂੰ ਜਾਗੀਰ ਦਿੱਤੀ ਸੀ। ਪਰ ਫਿਰ ਵੀ ਉਹ ਉਸ ਨੂੰ ਥੋੜਾ ਬਹੁਤ ਹਿੱਸਾ ਹੋਰ ਕਿਸੇ ਜਾਗੀਰ ਵਿਚੋਂ ਦੇ ਦੇਣਗੇ। ਬਾਬਾ ਅਤਰ ਸਿੰਘ, ਬਾਬਾ ਬਿਕਰਮਾ ਸਿੰਘ ਜੀ ਦੀ ਗੱਲ ਸੁਣ ਕੇ ਖਹਿਬੜ ਪਿਆ। ਭਾਈ ਰਾਮ ਸਿੰਘ ਰਾਮਗੜ੍ਹੀਆ ਜੋ ਕਿ ਬਾਬਾ ਬਿਕਰਮਾ ਸਿੰਘ ਜਾ ਦਾ ਅੰਗ ਰੱਖਿਅਕ ਸੀ, ਉਹ ਬਾਬਾ ਜੀ ਦੀ ਬੇਇੱਜ਼ਤੀ ਨੂੰ ਸਹਾਰ ਨਾ ਸਕਿਆ, ਉਸ ਨੇ ਬਾਬਾ ਅਤਰ ਸਿੰਘ ਨੂੰ ਗੋਲੀ ਮਾਰ ਕੇ ਉੱਥੇ ਹੀ ਢੇਰ ਕਰ ਦਿੱਤਾ। ਬਾਬਾ ਬਿਕਰਮਾ ਸਿੰਘ ਜੀ ਬੇਦੀ ਨੂੰ ਇਸ ਗੱਲ ਦਾ ਬਹੁਤ ਦੁਖ ਹੋਇਆ। ਉਨ੍ਹਾਂ ਨੇ ਇਸ ਗੱਲ ਦਾ ਪਛਤਾਵਾ ਕਰਨ ਲਈ ਬਾਬਾ ਅਤਰ ਸਿੰਘ ਦੇ ਪਰਿਵਾਰ ਨੂੰ ਮਲਸੀਆਂ ਵਿਚ ਲੈ ਆਉਂਦਾ ਤਾਂ ਜੋ ਉਨ੍ਹਾਂ ਦੀ ਪਾਲਨਾ ਕੀਤੀ ਜਾ ਸਕੇ। ਰਾਜਾ ਧਿਆਨ ਸਿੰਘ ਡੋਗਰਾ ਦੀ ਸਾਜ਼ਿਸ਼ ਸਿਰੇ ਚੜ੍ਹ ਗਈ, ਉਸ ਨੇ ਮਹਾਰਾਜਾ ਨੌਨਿਹਾਲ ਸਿੰਘ ਦੇ ਕੰਨ ਭਰੇ ਕਿ ਬਾਬਾ ਬਿਕਰਮਾ ਸਿੰਘ ਜੀ ਬੇਦੀ ਨੇ ਆਪਣੇ ਭਤੀਜੇ ਦਾ ਕਤਲ ਕਰਕੇ ਉਸ ਦੇ ਪਰਿਵਾਰ ਨੂੰ ਬੰਦੀ ਬਣਾ ਲਿਆ ਹੈ ਅਤੇ ਉਸ ਦੀ ਜਾਇਦਾਦ ਮਲਸੀਆਂ ਦੇ ਕਿਲ੍ਹੇ ਤੇ ਕਬਜ਼ਾ ਕਰ ਲਿਆ ਹੈ। ਕੰਵਰ ਨੌਨਿਹਾਲ ਸਿੰਘ ਨੇ ਧਿਆਨ ਸਿੰਘ ਡੋਗਰੇ ਦੇ ਕਹਿਣ ‘ਤੇ ਜਨਰਲ ਵੈਨਤੁਰਾ ਦੀ ਅਗਵਾਈ ਵਿਚ ਬਾਬਾ ਬਿਕਰਮਾ ਸਿੰਘ ਜੀ ਬੇਦੀ ਦੇ ਖਿਲਾਫ਼ ਫ਼ੌਜ ਭੇਜੀ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ ਬਾਬਾ ਅਤਰ ਸਿੰਘ ਦੇ ਪਰਿਵਾਰ ਨੂੰ ਆਪਣੀ ਹਿਰਾਸਤ ਵਿਚ ਲੈ ਲਿਆ।

ਜਦੋਂ ਮਹਾਰਾਜਾ ਨੌਨਿਹਾਲ ਸਿੰਘ ਨੂੰ ਬਾਬਾ ਬਿਕਰਮ ਸਿੰਘ ਜੀ ਬੇਦੀ ਕੋਲੋਂ ਇਸ ਘਟਨਾ ਦੀ ਅਸਲੀਅਤ ਬਾਰੇ ਪਤਾ ਲੱਗਾ ਤਾਂ ਉਸ ਨੇ ਬਾਬਾ ਬੇਦੀ ਨੂੰ ਰਿਹਾਅ ਕਰ ਦਿੱਤਾ। ਬਾਬਾ ਬਿਕਰਮਾ ਸਿੰਘ ਜੀ ਬੇਦੀ ਨੇ ਖੁਲਦਿਲੀ ਤੋਂ ਕੰਮ ਲੈ ਕੇ ਬਾਬਾ ਅਤਰ ਸਿੰਘ ਦੇ ਪਰਿਵਾਰ ਨੂੰ 20000 ਰੁਪਏ ਦਿੱਤੇ ਅਤੇ ਨਾਲ ਦੁਬਾਰਾ ਮਲਸੀਆਂ ਕਿਲ੍ਹੇ ਵਿਚ ਰਹਿਣ ਦੀ ਇਜਾਜ਼ਤ ਦੇ ਦਿੱਤੀ। ਪਰ ਕਿਲ੍ਹੇ ਦਾ ਪ੍ਰਬੰਧ ਬਾਬਾ ਬਿਕਰਮਾ ਸਿੰਘ ਜੀ ਦੇ ਕੋਲ ਰਿਹਾ। ਅੱਜ ਵੀ ਬਾਬਾ ਬਿਕਰਮਾ ਸਿੰਘ ਜੀ ਬੇਦੀ ਦੀ ਸੰਤਾਨ (ਬਾਬਾ ਸਰਬਜੋਤ ਸਿੰਘ ਜੀ ਬੇਦੀ) ਇਸ ਤੇ ਕਾਬਿਜ਼ ਹੈ।

ਬਾਬਾ ਬੇਦੀ ਤੇ ਸ਼ੇਰ ਸਿੰਘ : ਧਿਆਨ ਸਿੰਘ ਡੋਗਰੇ ਨੇ ਮਹਾਰਾਜਾ ਖੜਕ ਸਿੰਘ ਤੇ ਨੌਨਿਹਾਲ ਸਿੰਘ ਦਾ ਕਤਲ ਕਰਵਾਉਣ ਤੋਂ ਬਾਅਦ ਉਸ ਨੇ ਖਾਲਸਾ ਰਾਜ ਤੇ ਕਾਬਜ਼ ਹੋਣ ਲਈ ਸ਼ੇਰ ਸਿੰਘ ਅਤੇ ਰਾਣੀ ਚੰਦ ਕੌਰ ਵਿਚਕਾਰ ਖਾਨਾਜੰਗੀ ਕਰਵਾ ਦਿੱਤੀ। ਬਾਬਾ ਬਿਕਰਮਾ ਸਿੰਘ ਜੀ ਬੇਦੀ ਨੇ ਮੌਕੇ ਤੇ ਪਹੁੰਚ ਕੇ ਰਾਣੀ ਚੰਦ ਕੌਰ ਅਤੇ ਸਾਹਿਬਜ਼ਾਦੇ ਸ਼ੇਰ ਸਿੰਘ ਵਿਚ ਸਮਝੌਤਾ ਕਰਵਾ ਕੇ ਡੋਗਰਿਆਂ ਦੀਆਂ ਭਰਾ ਮਾਰੂ ਜੰਗ ਕਰਵਾਉਣ ਦੀਆਂ ਚਾਲਾਂ ਨੂੰ ਨਕਾਮ ਕਰ ਦਿੱਤਾ। 21 ਜਨਵਰੀ ਸੰਨ 1841 ਈ. ਨੂੰ ਬਾਬਾ ਜੀ ਨੇ ਸ਼ੇਰ ਸਿੰਘ ਨੂੰ ਤਿਲਕ ਦੇ ਕੇ ਰਾਣੀ ਚੰਦ ਕੌਰ ਨੂੰ ਜਾਗੀਰ ਦਿਵਾ ਦਿੱਤੀ।

ਅੰਗਰੇਜ਼ਾਂ ਵਿਰੁਧ ਯੁੱਧ : ਡੋਗਰਿਆਂ ਦੀ ਗੱਦਾਰੀ ਅਤੇ ਸੰਧੇਵਾਲੀਆਂ ਦੀ ਸੌੜੀ ਨੀਤੀ ਕਾਰਨ ਖਾਲਸਾ ਰਾਜ ਦੀਆਂ ਨੀਹਾਂ ਖੋਖਲੀਆਂ ਹੋ ਗਈਆਂ। ਨਤੀਜੇ ਵਜੋਂ ਸੰਨ 1845 ਈ. ਨੂੰ ਅੰਗਰੇਜ਼ਾਂ ਨੇ ਖਾਲਸਾ ਰਾਜ ਤੇ ਕਾਬਿਜ਼ ਹੋਣ ਲਈ ਪੰਜਾਬ ਉੱਤੇ ਹਮਲਾ ਕਰ ਦਿੱਤਾ। ਬਾਬਾ ਬਿਕਰਮਾ ਸਿੰਘ ਜੀ ਬੇਦੀ ਨੇ ਪੰਜਾਬ ਨੂੰ ਅੰਗਰੇਜ਼ਾਂ ਦੀ ਬਸਤੀ ਬਣਨ ਤੋਂ ਬਚਾਉਣ ਲਈ ਲੁਧਿਆਣੇ ਲਾਗੇ ਅੰਗਰੇਜ਼ਾਂ ਨਾਲ ਹਥਿਆਰਬੰਦ ਟੱਕਰ ਲਈ। ਭਾਵੇਂ ਗੁਲਾਬ ਸਿੰਘ ਡੋਗਰਾ ਅਤੇ ਪਹਾੜਾ ਸਿੰਘ ਦੀ ਗੱਦਾਰੀ ਕਾਰਣ ਹਾਰ ਹੋਈ, ਪਰ ਬਾਬਾ ਜੀ ਨੇ ਅੰਗਰੇਜ਼ਾਂ ਖਿਲਾਫ ਉਸੇ ਤਰ੍ਹਾਂ ਵਿਦਰੋਹ ਜਾਰੀ ਰੱਖਿਆ। ਅੰਗਰੇਜ਼ਾਂ ਨੇ ਆਪ ਨੂੰ ਲਾਲਚ ਦਿੱਤਾ ਕਿ ਜੇਕਰ ਉਹ ਆਪਣੇ ਹਥਿਆਰ ਜਮਾਂ ਕਰਵਾ ਕੇ ਅੰਗਰੇਜ਼ ਸਰਕਾਰ ਅਧੀਨ ਹੋ ਜਾਣਗੇ ਤਾਂ ਉਨ੍ਹਾਂ ਨੂੰ ਹੋਰ ਜਾਗੀਰਾਂ ਵੀ ਦਿੱਤੀਆਂ ਜਾਣਗੀਆਂ। ਪਰ ਬਾਬਾ ਬਿਕਰਮਾ ਸਿੰਘ ਜੀ ਦੇ ਇਨਕਾਰ ਕਰਨ ਤੇ ਈਸਟ ਇੰਡੀਆ ਕੰਪਨੀ ਦੇ ਜਰਨੈਲ ਲਾਰੰਸ ਨੇ ਊਨਾ ਦੇ ਕਿਲੇ ਉੱਪਰ ਧਾਵਾਂ ਬੋਲ ਦਿੱਤਾ।

ਜਦੋਂ ਅੰਗਰੇਜ਼ਾਂ ਨੇ ਊਨਾ ਸਾਹਿਬ ਵਿਖੇ ਕਿਲੇ ਤੇ ਹਮਲਾ ਕੀਤਾ ਤਾਂ ਉਸ ਸਮੇਂ ਬਾਬਾ ਬਿਕਰਮਾ ਸਿੰਘ ਬੇਦੀ ਦੀ ਮਾਤਾ ਪ੍ਰੀਤਮ ਕੌਰ ਅਕੋ, ਬਾਬਾ ਬਿਕਰਮਾ ਸਿੰਘ ਪਤਨੀ ਅਤੇ ਬਾਬਾ ਬਿਕਰਮਾ ਸਿੰਘ ਬੇਦੀ ਦੇ ਸੈਨਾਪਤੀ ਬਾਬਾ ਸ਼ਮਸ਼ੇਰ ਸਿੰਘ ਰੰਘਰੇਟਾ ਜਿਨ੍ਹਾਂ ਦੀ ਪਾਲਣਾ ਬਾਬਾ ਸਾਹਿਬ ਸਿੰਘ ਜੀ ਬੇਦੀ ਨੇ ਆਪਣੇ ਪੁੱਤਰਾਂ ਵਾਂਗ ਕੀਤੀ ਸੀ ਮੌਜੂਦ ਸਨ।

ਅੰਗਰੇਜ਼ਾਂ ਕੋਲ ਪੰਜ ਹਜ਼ਾਰ ਤੋਂ ਵਧ ਫ਼ੌਜ ਸੀ ਜੋ ਆਧੁਨਿਕ ਸ਼ਸਤਰਾਂ ਨਾਲ ਲੈਸ ਸੀ ਅਤੇ ਦੂਸਰੇ ਪਾਸੇ ਕਿਲੇ ਵਿਚ ਅੱਸੀ ਤੋਂ ਘੱਟ ਖਾਲਸਾ ਫ਼ੌਜ ਸੀ। ਮਾਤਾ ਪ੍ਰੀਤਮ ਕੌਰ ਅੱਕੋ ਨੇ ਅੰਗਰੇਜ਼ਾਂ ਦੀ ਅਧੀਨਗੀ ਮੰਨਣ ਨਾਲੋਂ ਪੰਥ ਦੀ ਸ਼ਾਨ ਲਈ ਲੜ ਕੇ ਮਰਨਾ ਪ੍ਰਵਾਨ ਕਰ ਲਿਆ। ਇਸ ਘਮਸਾਨ ਲੜਾਈ ਵਿਚ ਭਾਵੇਂ ਅੰਗਰੇਜ਼ਾਂ ਦਾ ਕਾਫੀ ਨੁਕਸਾਨ ਹੋਇਆ, ਪਰ ਬਾਬਾ ਸ਼ਮਸ਼ੇਰ ਸਿੰਘ ਰੰਘੇਰਟਾ, ਮਾਤਾ ਪ੍ਰੀਤਮ ਕੌਰ ਅੱਕੋ ਬਾਬਾ ਬਿਕਰਮਾ ਸਿੰਘ ਬੇਦੀ ਦੀ ਪਤਨੀ ਇਸ ਜੰਗ ਵਿਚ ਸ਼ਹੀਦ ਹੋ ਗਏ ਅਤੇ ਬਾਬਾ ਬਿਕਰਮਾ ਸਿੰਘ ਬੇਦੀ ਦੇ ਦੋਵੇਂ ਸਪੁੱਤਰ ਬਾਬਾ ਸੂਰਜ ਸਿੰਘ, ਬਾਬਾ ਸੁਜਾਨ ਸਿੰਘ ਗ੍ਰਿਫਤਾਰ ਕਰ ਲਏ ਗਏ। ਇਸ ਤੋਂ ਉਪਰੰਤ ਊਨਾ ਸਾਹਿਬ ਦੇ ਮਜ਼ਬੂਤ ਕਿਲੇ ਤੋਪਾਂ ਨਾਲ ਢਹਿ ਢੇਰੀ ਕਰ ਦਿੱਤਾ ਗਿਆ। ਭਾਵੇਂ ਅੰਗਰੇਜ਼ਾਂ ਨੇ ਬਾਬਾ ਬਿਕਰਮਾ ਸਿੰਘ ਜੀ ਨੂੰ ਉਨ੍ਹਾਂ ਦੇ ਪੁੱਤਰਾਂ ਨੂੰ ਮਾਰਨ ਦੀ ਧਮਕੀ ਦਿੱਤੀ ਤਾਂ ਜੋ ਉਹ ਅੰਗਰੇਜ਼ਾਂ ਦੀ ਅਧੀਨਗੀ ਪ੍ਰਵਾਨ ਕਰ ਲੈਣ, ਪਰ ਬਾਬਾ ਜੀ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਖਾਲਸਾ ਰਾਜ ਦੀ ਅਜ਼ਾਦੀ ਲਈ ਧਰਮ ਯੁੱਧ ਜਾਰੀ ਰੱਖਿਆ। ਇਸ ਕਿਲ੍ਹੇ ਦੀਆਂ ਢੱਠੀਆਂ ਦੀਵਾਰਾਂ ਅੱਜ ਵੀ ਉਨੀਵੀਂ ਸਦੀ ਦੇ ਸਿੱਖ ਇਤਿਹਾਸ ਦੀਆਂ ਯਾਦਾਂ ਨੂੰ ਤਾਜ਼ਾ ਕਰਦੀਆਂ ਹਨ।

ਯਾਦ ਰਹੇ ਕਿ ਊਨਾ ਸਾਹਿਬ ਦੇ ਇਤਿਹਾਸਕ ਕਿਲੇ ਦੀ ਉਸਾਰੀ ਬਾਬਾ ਸਾਹਿਬ ਸਿੰਘ ਬੇਦੀ ਜੀ ਨੇ ਸੰਨ 1786 ਈਸਵੀ ਨੂੰ ਕਰਵਾਈ ਸੀ। ਇਸ ਦਾ ਸਬੰਧ 117 ਪਿੰਡਾਂ ਦੀਆਂ ਰਿਆਸਤ ਨਾਲ ਹੈ। ਬਾਬਾ ਜੀ ਨੇ ਇਸ ਨੂੰ ਖਾਲਸਾ ਰਾਜ ਦੀ ਸ਼ਕਤੀ ਵਧਾਉਣ ਲਈ ਉਸਾਰਿਆ ਸੀ।

ਬਾਬਾ ਬਿਕਰਮਾ ਸਿੰਘ ਨੇ ਅੰਗਰੇਜ਼ਾਂ ਦੀ ਜ਼ੁਲਮ ਨੀਤੀ ਨਾਲ ਟੱਕਰ ਲੈਣ ਲਈ ਕਰਤਾਰਪੁਰ ਦੇ ਬਾਬਾ ਲੱਧਾ ਸਿੰਘ ਸੋਢੀ, ਬਾਬਾ ਜੋਧ ਸਿੰਘ ਸੋਢੀ, ਬਾਬਾ ਸੁੰਦਰ ਸਿੰਘ ਸੋਢੀ, ਬਾਬਾ ਰਾਮ ਸਿੰਘ ਸੋਢੀ ਨੂੰ ਆਪਣੇ ਨਾਲ ਲੈ ਕੇ ਫ਼ੌਜ ਤੇ ਹਥਿਆਰ ਇਕੱਠੇ ਕਰ ਲਏ। ਇਨ੍ਹਾਂ ਤੋਂ ਇਲਾਵਾ ਨੂਰਪੁਰ ਦੇ ਰਾਜੇ ਦੇ ਵਜੀਰ ਪੁੱਤਰ ਰਾਮ ਸਿੰਘ, ਰਾਜਾ ਸੇਰ ਸਿੰਘ, ਜਸਵਾਨ, ਦਤਾਰਪੁਰ ਤੇ ਕਾਂਗੜੇ ਦੇ ਰਾਜਿਆਂ ਨੂੰ ਨਾਲ ਲੈ ਕੇ ਅੰਗਰੇਜ਼ਾਂ ਨੂੰ ਭਾਰਤ ਵਿਚੋਂ ਕੱਢਣ ਲਈ ਹਮਲਾ ਕਰ ਦਿੱਤਾ। ਪਰ ਹਥਿਆਰਾਂ ਦੀ ਘਾਟ ਕਾਰਣ ਇਸ ਲੜਾਈ ਵਿਚ ਆਪ ਹੀ ਹਾਰ ਹੋਈ।

ਪਰ ਫਿਰ ਵੀ ਹੌਸਲਾ ਨਾ ਹਾਰਿਆ ਅਤੇ ਦਸੰਬਰ 1848 ਈ. ਵਿਚ ਅਟਾਰੀ ਵਾਲੇ ਸਰਦਾਰਾਂ ਨੂੰ ਅੰਗਰੇਜ਼ਾਂ ਦੇ ਖਿਲਾਫ਼ ਧਰਮ ਯੁੱਧ ਕਰਨ ਲਈ ਪ੍ਰੇਰਿਆ। ਅਮੀਰ ਦੋਸਤ ਮੁਹੰਮਦ ਖਾਂ, ਸੁਲਤਾਨ ਮੁਹੰਮਦ ਤੇ ਪੀਰ ਮੁਹੰਮਦ ਧਾਰੀ ਤੋਂ ਇਲਾਵਾ ਰਾਜਪੂਤ ਰਾਜਿਆਂ ਨਾਲ ਗੱਠਜੋੜ ਕਰਕੇ ਅੰਗਰੇਜ਼ਾਂ ਦੇ ਖਿਲਾਫ ਇਕ ਤੱਕੜਾ ਸੰਘਰਸ਼ ਅਰੰਭਿਆ, ਜਿਸ ਨੂੰ ਭਾਰਤ ਦੀ ਅਜ਼ਾਦੀ ਦੀ ਪਹਿਲੀ ਜੰਗ ਕਿਹਾ ਜਾਂਦਾ ਹੈ, ਕਿਉਂਕਿ ਇਸ ਜੰਗ ਵਿਚ ਭਾਰਤ ਦੇ ਹਰ ਫਿਰਕੇ ਦੇ ਲੋਕ ਹਿੰਦੂ, ਸਿੱਖ ਤੇ ਮੁਸਲਮਾਨ ਸਭ ਸ਼ਾਮਲ ਸਨ। ਇਹ ਏਕਤਾ ਬਾਬਾ ਬਿਕਰਮਾ ਸਿੰਘ ਜੀ ਬੇਦੀ ਅਤੇ ਬਾਬਾ ਮਹਾਰਾਜ ਸਿੰਘ ਜੀ ਦੀ ਬਰਕਤ ਸਦਕਾ ਸਿਰੇ ਚੜ੍ਹੀ ਸੀ।

ਚੇਲੀਆਂ ਵਾਲੇ ਅਤੇ ਗੁਜਰਾਤ ਦੀਆਂ ਲੜਾਈਆਂ ਵਿਚ ਬਾਬਾ ਬਿਕਰਮਾ ਸਿੰਘ ਜੀ ਬੇਦੀ, ਬਾਬਾ ਮਹਾਰਾਜ ਸਿੰਘ ਨੇ ਅੰਗਰੇਜ਼ਾਂ ਦੇ ਚੰਗੇ ਦੰਦ ਖੱਟੇ ਕੀਤੇ, ਪਰ ਸੁਲਤਾਨ ਪੀਰ ਮੁਹੰਮਦ ਦੀ ਗੱਦਾਰੀ ਕਾਰਣ ਆਪ ਨੂੰ ਹਾਰ ਖਾਣੀ ਪਈ। ਅਖੀਰ ਹੁਸ਼ਿਆਰਪੁਰ ਕੋਲ ਮੁਖਬਰੀ ਹੋਣ ਤੇ ਅੰਗਰੇਜ਼ ਸਿਪਾਹੀਆਂ ਵਲੋਂ ਗ੍ਰਿਫ਼ਤਾਰ ਕਰ ਲਏ ਗਏ। ਅੰਗਰੇਜ਼ ਸਰਕਾਰ ਨੇ ਇਸ ਤੋਂ ਬਾਅਦ ਵੀ ਆਪ ਨੂੰ ਜਾਗੀਰਾਂ ਦਾ ਲਾਲਚ ਦਿੱਤੇ, ਪਰ ਆਪ ਨੇ ਪੰਥਕ ਹਿੱਤਾਂ ਲਈ ਇਨ੍ਹਾਂ ਜਾਗੀਰਾਂ ਲੈਣ ਤੋਂ ਇਨਕਾਰ ਕਰ ਦਿੱਤਾ ਅਤੇ 13 ਸਾਲ ਅੰਗਰੇਜ਼ਾਂ ਦੇ ਤਸੀਹੇ ਝਲਦੇ ਹੋਏ ਸੰਨ 1863 ਈ. ਨੂੰ ਸ਼ਹਾਦਤ ਪ੍ਰਾਪਤ ਕਰ ਗਏ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,