ਸਿੱਖ ਖਬਰਾਂ

ਸ਼ੇਰਿ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਸੰਸਾਰ ਇਤਿਹਾਸ ਦਾ ਸਭ ਤੋਂ ਮਹਾਨ ਸ਼ਾਸਕ ਐਲਾਨਿਆ

March 18, 2020 | By

ਚੰਡੀਗੜ੍ਹ: ਸੰਸਾਰ ਇਤਿਹਾਸ ਬਾਰੇ ਪ੍ਰਸਿੱਧ ਰਸਾਲੇ ‘ਬੀ.ਬੀ.ਸੀ. ਵਰਲਡ ਹਿਸਟਰੀ ਮੈਗਜ਼ੀਨ’ ਵੱਲੋਂ ਸ਼ੇਰਿ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਸੰਸਾਰ ਇਤਿਹਾਸ ਦਾ ਸਭ ਤੋਂ ਮਹਾਨ ਸ਼ਾਸਕ (ਗਰੇਟ ਲੀਡਰ ਆਫ ਆਲ ਟਾਈਮਜ) ਐਲਾਨਿਆ ਗਿਆ ਹੈ।

ਬੀ.ਬੀ.ਸੀ. ਵਰਲਡ ਹਿਸਟਰੀ ਮੈਗਜ਼ੀਨ ਵੱਲੋਂ ਸੰਸਾਰ ਦੇ ਪ੍ਰਸਿੱਧ ਸ਼ਾਸਕਾਂ ਦੀ ਇੱਕ ਸੂਚੀ ਤਿਆਰ ਕੀਤੀ ਗਈ ਜਿਸ ਵਿਚਲੇ ਨਾਵਾਂ ਦੀ ਚੋਣ ਦੁਨੀਆ ਭਰ ਦੇ ਨਾਮਵਰ ਇਤਿਹਾਸਕਾਰਾਂ ਵੱਲੋਂ ਕੀਤੀ ਗਈ ਸੀ।

ਇਸ ਰਸਾਲੇ ਦੇ ਪੰਜ ਹਜਾਰ ਤੋਂ ਵੱਧ ਪਾਠਕਾਂ ਵੱਲੋਂ ਇਸ ਸੂਚੀ ਵਿਚਲੇ ਸ਼ਾਸਕਾਂ ਵਿੱਚੋਂ ਸਭ ਤੋਂ ਮਹਾਨ ਸ਼ਾਸਕ ਦੀ ਚੋਣ ਕਰਨ ਲਈ ਆਪਣੀ ਰਾਏ ਪ੍ਰਗਟ ਕੀਤੀ।

ਇਸ ਅਮਲ ਤਹਿਤ ਹਿੱਸਾ ਲੈਣ ਵਾਲੇ ਲੋਕਾਂ ਵਿੱਚੋਂ ਸਭ ਤੋਂ ਵੱਧ 38 ਫੀਸਦੀ ਲੋਕਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਇਤਿਹਾਸ ਦਾ ਸਭ ਤੋਂ ਮਹਾਨ ਸ਼ਾਸਕ ਐਲਾਨਿਆ।

ਸ਼ੇਰਿ-ਪੰਜਾਬ ਦੀ ਚੋਣ ਉਹਨਾਂ ਸ਼ਾਸਕਾਂ ਦੀ ਸੂਚੀ ਵਿਚੋਂ ਕੀਤੀ ਗਈ ਹੈ ਜਿਹਨਾਂ ਆਪਣੀ ਸਿਆਸੀ ਤਾਕਤ ਨੂੰ ਲੋਕਾਈ ਦੀ ਭਲਾਈ ਲਈ ਵਰਤਿਆ।

ਇਸ ਸਾਲ ਦੇ ਸ਼ੁਰੂ ਵਿੱਚ ਬੀ.ਬੀ.ਸੀ. ਵਰਲਡ ਹਿਸਟਰੀ ਮੈਗਜੀਨ ਵੱਲੋਂ ਸ਼ੁਰੂ ਕੀਤੇ ਗਏ ਇਸ ਅਮਲ ਤਹਿਤ ਮਹਾਰਾਜਾ ਰਣਜੀਤ ਸਿੰਘ ਦਾ ਨਾਂ ਯੂਨੀਵਰਸਿਟੀ ਆਫ ਅਲਬਾਮਾ ਦੇ ਇਤਿਹਾਸ ਦੇ ਸਹਾਇਕ ਪ੍ਰੋਫੈਸਰ ਮੈਥਿਊ ਲਾਕਵੁੱਡ ਵੱਲੋਂ ਸੁਝਾਇਆ ਗਿਆ ਸੀ।

ਪ੍ਰੋਫੈਸਰ ਮੈਥਿਊ ਲਾਕਵੁੱਡ ਨੇ ਮਹਾਰਾਜਾ ਰਣਜੀਤ ਸਿੰਘ ਬਾਰੇ ਜੋ ਜਾਣਕਾਰੀ ਮੁਹੱਈਆ ਕਰਵਾਈ ਸੀ ਉਸ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਦੀ ਸਖਸ਼ੀਅਤ ਅਤੇ ਖਾਲਸਾ ਰਾਜ ਦੇ ਪ੍ਰਬੰਧ ਨੂੰ ਬੜੇ ਸੁਚੱਜੇ ਤਰੀਕੇ ਬੁਆਨਿਆ ਗਿਆ ਹੈ।

ਪ੍ਰੋ. ਲਾਕਵੁੱਡ ਨੇ ਦੱਸਿਆ ਹੈ ਕਿ ਸ਼ੇਰਿ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਬਹੁਤ ਵਿਸ਼ਾਲ ਅਤੇ ਬਹੁਭਾਂਤੀ ਖਿੱਤੇ ਉੱਤੇ ਸੀ ਅਤੇ ਉਨ੍ਹਾਂ ਦਾ ਪ੍ਰਸ਼ਾਸਨ ਬਹੁਤ ਸੁਚੱਜਾ ਅਤੇ ਸਰਬ-ਸਾਂਝਾ (ਇਨਕਲੂਸਿਵ) ਸੀ; ਜਿਸ ਵਿਚ ਸਿੱਖ, ਮੁਸਲਿਮ, ਹਿੰਦੂ ਅਤੇ ਯਰਪੀ ਸਭ ਸ਼ਾਮਿਲ ਕੀਤੇ ਗਏ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,