ਚੋਣਵੀਆਂ ਲਿਖਤਾਂ » ਲੇਖ » ਸਿੱਖ ਖਬਰਾਂ

ਗੁਰੂ ਗੋਬਿੰਦ ਸਿੰਘ ਦਾ ਖ਼ਾਲਸਾ ਪੰਥ ( ਪ੍ਰੋ.ਪੂਰਨ ਸਿੰਘ )

November 26, 2022 | By

– ਪ੍ਰੋ.ਪੂਰਨ ਸਿੰਘ

ਇਹ ਪੰਥ ਗੁਰੂ ਗੋਬਿੰਦ ਸਿੰਘ ਨੇ ਸਾਜਿਆ। ਇਹ ਉਨ੍ਹਾਂ ਅਣਖੀ ਸੂਰਮਿਆਂ ਦਾ ਕੰਮ ਹੈ ਜਿਹੜੇ ਨਾਮ ਅਤੇ ਸਿਮਰਨ ਵਾਲਾ ਅੰਤਰਮੁਖੀ ਜੀਵਨ ਜਿਊਦੇਂ ਹਨ। ਉਹ,ਉਹ ਹਨ ਜਿਨ੍ਹਾਂ ਦੀ ਮੌਜੂਦਗੀ ਸ਼ਾਤ-ਅੰਮ੍ਰਿਤ ਨਾਲ ਦੁਆਲਾ ਰੰਗ ਦਿੰਦੀ ਹੈ। ਉਹ ਨਾ ਹੀ ਰਾਜ ਚਉਦੇਂ ਹਨ ਅਤੇ ਨਾ ਹੀ ਮੁਕਤੀ, ਕੇਵਲ ਮਨ ਪ੍ਰੀਤ ਚਰਨ ਕਮਲਾਰੇ ਦੀ ਧਾਰਨੀ ਹਨ। ਨਾ ਹੀ ਉਹ ਯੋਗ ਦੀ ਰਹੱਸ-ਪੂਰਨ ਅਤੇ ਨਾ ਹੀ ਮੁਕਤੀ, ਕੇਵਲ ਮਨ ਪ੍ਰੀਤ ਚਰਨ ਕਮਲਾਰੇ ਦੀ ਧਾਰਨੀ ਹਨ। ਨਾ ਹੀ ਉਹ ਯੋਗ ਦੀ ਰਹੱਸ-ਪੂਰਨ ਅਤੇ ਨਾ ਹੀ ਭੋਗ ਦੀ ਵਾਸਨਾ ਪੂਰਨ ਖ਼ੁਸ਼ੀ ਦੇ ਇੱਛਕ ਹਨ, ਉਹ ਤਾਂ ਕੇਵਲ ਉਸ ਦਾ ਪਿਆਰ ਅੰਮ੍ਰਿਤ ਮੰਗਦੇ ਹਨ, ਉਸ ਦੀ ਬਾਣੀ ਦੀ ਸ਼ਬਨਮ ਦੇ ਛਲਕਦੇ ਜਾਮ। ਉਹ ਜੀਵਨ ਦੇ ਦਾਰਸ਼ਨਿਕ ਗ਼ਮਾਂ ਨਾਲ ਭਰੇ ਪੀਤੇ ਪਏ ਹਨ ਅਤੇ ਉਹ ਆਪਣੀ ਪਿਆਸ ਅਤੇ ਸਬ ਦੁਖੀਆਂ ਦੀ ਪਿਆਸ ਬੁਝਾਉਣ ਲਈ ਬੰਬੀਹੇ ਵਾਂਗ ਸਵਾਂਤੀ ਬੂੰਦ ਨੂੰ ਟੇਰਦੇ ਹਨ। ਮਹਿਬੂਬ ਦਾ ਨਾਮ ਜਪਣ ਨਾਲ ਹੀ ਉਹ ਇਸ ਰੂਹਾਨੀ ਸਥਿਤੀ ਨੂੰ ਕਾਇਮ ਰੱਖ ਸਕਦੇ ਹਨ ਅਤੇ ਕਿਉਂਕਿ ਉਨ੍ਹਾਂ ਦੀ ਪਿਆਸ ਅਸੀਮ ਹੈ ਅਤੇ ਜਾਪ, ਪੰਛੀਆਂ ਦੀ ਨਿਰੰਤਰ ਕੂਕ ਵਰਗਾ। ਰੂਹਾਨੀ ਮਰਦਾਨਗੀ ਦਾ ਭੇਦ ਮਹਿਬੂਬ ਪ੍ਰਤਿ ਵਿਗਸਿਆ ਪਿਆਰ ਹੈ ਅਤੇ ਇਹ ਪਿਆਰ ਗੁਰੂ ਬਾਣੀ ਦੇ ਨਿਰੰਤਰ ਪਾਠ ਅਤੇ ਗੁਰੂ ਦਾ ਨਾਮ ਜਪਣ ਵਿਚ ਹੈ।

ਇਸ ਪੰਥ ਦੀ ਰੰਗ ਰੱਤੜੀ ਹਸਤੀ ਬਾਣੀ ਨਾਲ ਜੁੜੀ, ਪਿਆਰ ਵਿਗੁਤੀ, ਸ਼ਕਤੀਸ਼ਾਲੀ ਅਤੇ ਨਿਮਰ, ਨਿਰਭੈ, ਮੌਤ ਨੂੰ ਮਖ਼ੋਲਾਂ ਕਰਦੀ, ਮੌਤ ਨੂੰ ਜੱਫੀਆਂ ਪਊਂਦੀ, ਮਾਲਕ ਦੇ ਨਾਂ ਤੋਂ ਸਦਾ ਨਿਰਸਵਾਰਥ ਜਾਨ ਵਾਰ ਦਿੰਦੀ , ਸ਼ਮ੍ਹਾਂ ਦੁਆਲੇ ਪਰਵਾਨੇ ਵਾਂਗ ਸੜ ਉਠਦੀ, ਨਾਇਕਾਂ ਵਾਂਗ ਜਿਊਂਦੀ, ਚੰਦਰ ਮੰਡਲ ਵਾਂਗ ਚਮਕਦੀ, ਮਸਤੀ ਭਰੀ, ਹਰ ਸਮੇਂ ਮਿਠਤ ਹੁਲਸਾਈ, ਜੀਵਨ ਦੇ ਗਮਾਂ ਤੋਂ ਉਪਰ ਉਠੀ, ਸਰਬਤ ਦਾ ਭਲਾ ਮੰਗਦੀ ਅਤੇ ਨਿਸ਼ਕਾਮ ਵਿਚਰਦੀ ਹੈ, ਛੁਟ ਉਸ ਦੇ ਨਾਮ ਜਪਣ ਤੋਂ। ਸਵਾਸ ਸਵਾਸ ਨਾਮ ਜਪਣਾ, ਸੱਚਾਈ ਹੈ, ਨਿੱਜੀ ਸੱਚਾਈ ਅਤੇ ਗੁਰੂ ਗੋਬਿੰਦ ਦੇ ਖਾਲਸੇ ਲਈ ਸੰਪੂਰਨ ਸੱਚਾਈ।

ਜਿਵੇਂ ਕਿ ਗੁਰੂ ਸਾਹਿਬਾਂ ਫ਼ਰਮਾਇਆ ਹੈ, ਅਹਿਜੀ ਅਗੰਮੀ ਹਸਤੀ ਦੀ ਪਛਾਣ, ਜੋ ਰੱਬ ਵਾਂਗ ਨਿਰਾਕਾਰ ਹੈ, ਮਨ ਮੰਦਰ ਵਿਚ , ਨਾਮ ਦੀ ਜੋਤ, ਜੀਵਨ ਸ਼ਮ੍ਹਾਂ ਨੂੰ ਸਦਾ ਬਲਦਿਆਂ ਰਖਣ ਨਾਲ, ਹੁੰਦੀ ਹੈ। ਜਿਸ ਦੇ ਮਨ ਮੰਦਰ ਵਿਚ ਅਹਿਜੀ ਸ਼ਮ੍ਹਾਂ ਨਿਸਬਾਸਰ ਬਲਦੀ ਰਹੇ, ਉਹ ਸੱਚਾ ਖਾਲਸਾ ਹੈ।

ਉਸ ਜੋਤ ਦਾ ਚਿੰਨ੍ਹਾਤਮਕ ਪ੍ਰਗਟਾਵਾ ਨਾਮ ਜਪਣਾ ਹੈ। ਮਨੁੱਖ ਦੇ ਸਵਾਸ ਉਸ ਨਾਲ ਗੂੰਜਦੇ ਹਨ ਅਤੇ ਰੋਮ ਰੋਮ ਵਿਚ ਉਸ ਦਾ ਅੰਮ੍ਰਿਤ ਭਰਿਆ ਪਿਆ ਹੈ। ਉਪਰਲੀਆਂ ਪਿਪਣੀਆਂ ਹੇਠ ਅੱਖਾਂ ਉਪਰ ਵੱਲ ਅੱਧ ਤਕ ਪੁੱਜ ਜਾਂਦੀਆਂ ਹਨ, ਮੱਥਾ ਅੰਮ੍ਰਿਤ ਭਿੰਨਾ ਹੋ ਜਾਂਦਾ ਹੈ, ਜਿਵੇਂ ਕਿ ਉਹ ਕੋਈ ਸੋਮਾ ਹੋਵੇ ਅਤੇ ਹਜ਼ਾਰਾਂ ਸਾਫ਼ ਚਸ਼ਮੇ ਇਸ ਹਿਮਾਲੀਆ ਵਿਚੋਂ ਹੇਠਾਂ ਨੂੰ ਵਹਿ ਰਹੇ ਹੋਣ, ਜੋ ਕੇਵਲ ਇਕ ਮਨੁੱਖ ਦੀ ਧਰਤ ਨੂੰ ਜ਼ਰਖੇਜ਼ ਨਹੀਂ ਕਰਦੇ, ਸਗੋਂ ਉਹਨਾਂ ਸਾਰਿਆਂ ਦੀ ਨੂੰ ਜੋ ਉਸ ਦੀ ਜ਼ਦ ਵਿਚ ਅਊਂਦੇ ਹਨ। ਖ਼ਾਲਸ ਕਿਸੇ ਝੀਲ, ਸੋਮੇ, ਦਰਿਆ ਵਾਂਗ ਸੁਤੇ ਸਿੱਧਵਿਸ਼ਵ-ਵਿਆਪੀ ਸਦ-ਭਾਵਨਾ, ਸ਼ਾਂਤ ਅਤੇ ਪਿਆਰ ਦੀਆਂ ਝਲਕਾਂ ਮਾਰਨ ਲੱਗ ਪੈਂਦਾ ਹੈ। ਚਾਰੇ ਪਾਸੇ ਚਟਾਕ ਚਾਨਣਾ ਹੋ ਜਾਂਦਾ ਹੈ, ਕੋਈ ਭੂਤ ਪ੍ਰੇਤ ਜਾਂ ਭੈੜੀ ਰੂਹ ਅਹਿਜੀ ਹਸਤੀ ਦੇ ਨੇੜੇ ਨਹੀਂ ਫਟਕ ਸਕਦੀ।

ਉਨ੍ਹਾਂ ਦਾ ਨੀਤੀ-ਸ਼ਾਸਤਰ ਕਿਤਾਬੀ ਨਹੀਂ, ਅਲਹਬਰੇ ਦੇ ਫਾਰਮੂਲਿਆਂ ਦਾ ਵੀ ਨਹੀਂ, ਅਖੌਤੀ ਇਖਲਾਕੀ ਕਰਨੀ ਨੂੰ ਚਤੁਰਾਈ ਨਾਲ ਸਹੀ ਸਿੱਧ ਕਰਨ ਦਾ ਵੀ ਨਹੀਂ। ਉਹ, ਆਪਣੀ ਪਵਿੱਤਰ ਨਿਸ਼ਕਾਮਤਾ ਕਾਰਨ, ਕੁਦਰਤ ਦੀ ਰੂਹ ਨਾਲ ਇਕ ਸੁਰ ਹਨ। ਉਹ ਪਰਬਤ ਹਨ, ਦਰਿਆ ਹਨ, ਬੱਦਲ ਹਨ ਅਤੇ ਫੁੱਲ ਹਨ। ਜਿੱਥੇ ਵੀ ਕੋਈ ਗੁਲਾਬ ਦਾ ਫੁੱਲ ਹੈ, ਉਹ ਖ਼ੁਸਬੂ ਆਲੇ-ਦੁਆਲੇ ਆਪਣੇ ਆਪ ਖਲੇਰ ਦਿੰਦਾ ਹੈ। ਖਾਲਸਾ ਆਪਣੀ ਰੂਹਾਨੀ ਮਿੱਠਤ ਨੂੰ ਧਰਤੀ ਦੇ ਜਿਸ ਕੋਨੇ ਤੇ ਵੀ ਹੋਵੇ, ਵੰਡ ਹੀ ਨਹੀਂ ਦਿੰਦਾ, ਸਗੋਂ ਉਹ ਆਪਣੇ ਆਪ ਨਿਕਲ ਨਿਕਲ ਪੈਂਦੀ ਹੈ, ਇਕ ਜ਼ੋਰਦਾਰ ਸੁਹਿਰਦਤਾ ਨਾਲ। ਉਹ ਸਦਾ ਦਇਆ ਦਾ ਸ਼ਹਿਜਾਦਾ ਹੈ।

ਗੁਰੂ ਅਮਰਦਾਸ ਕਿਸੇ ਵਿਧਵਾ ਦੇ, ਉਸ ਦੇ ਪਤੀ ਦੇ ਸਵਰਗਵਾਸ ਹੋਣ ਤੇ ਪਾਏ ਕੀਰਨੇ ਅਤੇ ਕਿਸੇ ਮਾਂ ਦਾ ਆਪਣੇ ਪੁੱਤਰ ਦੀ ਮੌਤ ਤੇ ਕੀਤਾ ਵਿਰਲਾਪ ਨਹੀਂ ਸਨ ਸੁਣ ਸਕਦੇ। ਅਤੇ ਇਸ ਤਰਾਂ ਹੋਇਆ ਕਿ ਮਾਲਕ ਦੇ ਨਿਵਾਸ ਸਥਾਨ, ਗੋਇੰਦਵਾਲ ਵਿਚ ਉਨ੍ਹਾਂ ਦੇ ਭਰ ਦੇ ਸਮੇਂ ਦੌਰਾਨ ਅਜਿਹੀ ਕੋਈ ਦੁਰਘਟਨਾ ਨਹੀਂ ਹੋਈ। ਗੁਰੂ ਤੇਗ਼ ਬਹਾਦਰ ਮਨੁੱਖੀ ਦੁੱਖਾਂ ਨੂੰ ਬਰਦਾਸ਼ਤ ਨਹੀਂ ਸਨ ਕਰ ਸਕਦੇ; ਉਹਨਾਂ ਦੀ ਬਾਣੀ ਅਥਰੂ ਭਿਜੀ, ਅਸੀਮ ਵੈਰਾਗਮਈ ਹੈ, ਜੇ ਉਸ ਨਾਲ ਦੁੱਖੀ ਮਨੁੱਖ ਨੂੰ ਖ਼ੁਸ਼ੀ ਅਤੇ ਮੁਕਤੀ ਮਿਲ ਸਕੇ। ਗੁਰੂ ਗੋਬਿੰਦ ਸਿੰਘ ਦਾ ਭਾਰਤ ਦੇ ਗੁਲਾਮਾਂ ਪ੍ਰਤਿ ਭਰਮ ਭਾਵਨਾ ਕਾਰਣ ਤਿਆਗ ਵੀ ਅਸੀਮ ਹੈ। ਉਹ ਤਾਂ ਦੁਖੀਆਂ ਦੀ ਹਾਲਤ ਨੂੰ ਸੁਧਾਰਨ ਲਈ ਆਪਣੇ ਰੱਬ ਦੀ ਕੁਰਬਾਨੀ ਵੀ ਦੇ ਦਿੰਦਾ ਹੈ। ਦਸ ਗੁਰੂ ਸਾਹਿਬਾਨ ਅਤੇ ਉਨ੍ਹਾਂ ਦੇ ਸਿੱਖਾਂ ਅਤੇ ਆਪਣੇ ਵਡਿਿਕਆਂ ਦੀ ਰੂਹਾਨੀ ਵਿਰਾਸਤ ਤੋਂ ਮਿਲਦੀ ਪ੍ਰੇਰਣਾ ਅਨੁਸਾਰ ਖਾਲਸਾ ਉਹ ਹੈ, ਜੋ ਉਤਸ਼ਾਹ ਦੀ ਮਸ਼ਾਲ ਜਲਾਈ ਰੱਖਦਾ ਹੈ, ਕਿਸੇ ਸੰਕਲਪ ਖ਼ਾਤਰ ਨਹੀਂ, ਕਿਸੇ ਲਾਭ ਖ਼ਾਤਿਰ ਨਹੀਂ, ਸਗੋਂ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮ ਦੀ ਪਾਲਣਾ ਵਿਚ ਸਹਿਜੇ ਹੀ ਉਸ ਦੇ ਨਾਮ ਸਿਮਰਨ ਵਿਚ ਜੁੜਿਆ ਰਹਿੰਦਾ ਹੈ। ਖਾਲਸਾ ਆਪਣੇ ਰੂਹ ਦੇ ਟਾਂਗੇ ਦਾ ਕੋਚਵਾਨ ਹੈ। ਜਦੋਂ ਸਿਮਰਨ ਦੀ ਜੋਤ ਜਗਦੀ ਹੈ, ਸਿੱਖ ਮਰ ਜਾਂਦਾ ਹੈ। ਜਿਵੇਂ ਰੁੱਖ ਨੂੰ ਬੂਰ ਪੈਂਦਾ ਹੈ, ਉਸ ਤਰਾਂ ਸਿੱਖ ਨਾਮ ਅਤੇ ਸਿਮਰਨ ਦੀ ਖੁਸੀਂ ਨਾਲ ਖੇੜੇ ਤੇ ਆ ਜਾਂਦਾ ਹੈ। ਜਿਵੇਂ ਰੁੱਖ ਚਲਦੀ ਹਵਾ ਨੂੰ ਆਪਣੀ ਉੱਤਮ ਵਸਤੂ ਦੇ ਦਿੰਦਾ ਹੈ, ਇਸ ਤਰਾਂ ਸਿੱਖ ਸਭ ਨੂੰ ਸਰਵਸਵ ਦੇ ਦਿੰਦਾ ਹੈ, ਮੇਰੀ ਅਧਿਆਤਮਕ ਕਰਨੀ ਲਈ, ਮੈਂ ਨਹੀਂ, ਉਹ ਜਿੰਮੇਵਾਰ ਹੈ, ਜੋ ਬਸੰਤ ਸਮੇਂ ਹਰ ਰੁੱਖ ਤੇ ਜੋਬਨ ਲੈ ਆਉਂਦਾ ਹੈ, ਜੋ ਸਾਰਿਆਂ ਨੂੰ ਚਮਕ ਬਖ਼ਸਦਾ ਹੈ। ਮੈਂ ਜੀਵਨ ਭੇਦ ਪਾ ਲਿਆ ਹੈ ਅਤੇ ਮੈਂ ਆਪਣੇ ਆਪ ਨੂੰ ਬੱਦਲ ਦੀ ਟੁੱਕੜੀ ਵਾਂਗ ਰੱਖਦਾ ਹਾਂ, ਉਸ ਦੇ ਆਦੇਸ਼ ਵਿਚ ਵੱਸ ਪੈਂਦਾ ਹਾਂ, ਬਿਜਲੀ ਬਣ ਚਮਕ ਪੈਂਦਾ ਹਾਂ। ਮੇਰੀ ਕਰਨੀ ਮੇਰੇ ਜਜ਼ਬਾਤ ਦੀ ਮੂੰਹ ਬੋਲਦੀ ਤਸਵੀਰ ਹੈ, ਅਜਿਹੀ ਉਸ ਦੀ ਖ਼ੁਸੀਂ ਹੈ। ਸਾਰੇ ਕਾਰਜ, ਮੇਰੇ ਲਈ, ਉਸੇ ਸੁਪਨਮਈ ਲੈਅ ਵਿਚ ਸੈੱਟ ਹਨ, ਅਜਿਹੀ ਉਸ ਦੀ ਰਜ਼ਾ ਹੈ।

ਸੰਸਾਰ ਦੇ ਸੱਚ ਮੇਰੇ ਲਈ ਝੂਠ ਹਨ, ਉਨ੍ਹਾਂ ਲਈ ਨਿਰ-ਵਿਵਾਦ, ਹਨੇਰੇ ਦੇ ਵਿਚਾਰ ਹਨ-ਗੈਰ-ਹਕੀਕੀ, ਭੂਤਾਂ ਵਰਗੇ, ਜਿਨ੍ਹਾਂ ਦੀ ਛਾਇਆ ਤੋਂ ਵੀ ਮੈਨੂੰ ਡਰ ਲੱਗਦਾ ਹੈ ਅਤੇ ਜਿਨ੍ਹਾਂ ਤੋਂ ਵੀ ਮੈਂ ਦੂਰ ਭੱਜਦਾ ਹਾਂ। ਮੇਰੇ ਪੰਥ ਦੇ ਤਾਂ ਮਨੁੱਖਤਾ ਦੇ ਇਤਿਹਾਸ ਵਿਚ ਵਿਰਲੇ ਹੀ ਹਨ ਜਿਹੜੇ ਆਪਣੇ ਆਪ ਨੂੰ ਖ਼ਾਲਸਾ ਅਖਵਾਉਂਦੇ ਹਨ ਪਰ ਅੰਦਰੋਂ ਰੂਹਾਨੀ ਤੌਰ ਤੇ, ਨਿਯਤਨ, ਇਲਹਾਮੀ ਹਨ ਅਤੇ ਅਚੇਤ ਤੌਰ ਤੇ ਗੁਰੂ ਦੇ ਨਹੀਂ ਹਨ, ਦਾ ਨਾਂ ਸੂਚੀ ਵਿਚੋਂ ਕਟ ਦਿੱਤਾ ਗਿਆ ਹੈ। ਉਹਨਾਂ ਸਾਰਿਆਂ ਨੂੰ ਜਿਨ੍ਹਾਂ ਨੂੰ ਰੂਹਾਨੀ ਜੀਵਨ ਦੀ ਖ਼ਾਲਸੇ ਵਾਲੀ ਸਥਿਤੀ ਪ੍ਰਾਪਤ ਹੈ, ਹੀ ਗੁਰੂ ਗੋਬਿੰਦ ਦੇ ਘਰ ਵਿਚ ਥਾਂ ਮਿਲਦੀ ਹੈ ਅਤੇ ਉਹ ਸਾਡੇ ਹਨ। ਪੰਥ ਦਾ ਪਸਾਰਾ, ਹਵਾ, ਪਾਣੀ ਅੱਗ, ਬੱਦਲਾਂ, ਸੂਰਜ ਅਤੇ ਤਾਰਿਆਂ ਵਿਚ ਹੈ। ਮੈਂ ਇਸ ਪਵਿੱਤਰ ਗ੍ਰੰਥ ਦੀ ਜੈ ਜੈਕਾਰ, ਫੁੱਲਾਂ ਦੀਆਂ ਪੱਤੀਆਂ, ਪ੍ਰਕਿਰਤਕ ਨਜ਼ਾਰਿਆਂ ਦੀ ਸੁੰਦਰਤਾ ਤੋਂ ਘੜੇ ਸੰਗੀਤ ਰੂਪੀ ਬੁੱਤਾਂ ਤੋਂ ਸੁਣਦਾ ਹਾਂ। ਬੱਦਲ ਮੇਰੇ ਨਾਲ ਹਮਦਰਦੀ ਕਰਦਾ ਹੈ ਅਤੇ ਸੂਰਜ ਦਾ ਮੇਰੇ ਪ੍ਰਤਿ ਪਿਆਰ ਅਸੀਮ ਅਤੇ ਬਿਨਾਂ ਕਿਸੇ ਸ਼ਰਤ ਤੋਂ ਹੈ। ਮਰਦਾਂ ਅਤੇ ਇਸਤਰੀਆਂ ਦੀ ਸੰਗਤ ਵਿਚ ਇਕ ਵਡੱਪਣ ਹੈ, ਇਕ ਨਾਦਰ ਝਲਕਾਰਾ ਹੈ, ਜੋ ਕਿਸੇ ਇਕੱਲੇ ਵਿਚ ਨਹੀਂ; ਇਕ ਚਮਕਾਰ ਬੱਦਲਾਂ ਦੇ ਇਕੱਠ ਵਿਚੋਂ ਨਿਕਲਣ ਵਾਂਗ ਲੋਕਾਂ ਦੀ ਸੰਗਤ ਵਿਚੋਂ ਨਿਕਲਦਾ ਹੈ। ਇਹਨਾਂ ਸਾਰਿਆਂ ਵਿਚ ਮਾਲਕ ਦੀ ਚਮਕਾਂ ਮਾਰਦੀ ਕਲਗ਼ੀ ਦੀ ਚਮਕ ਹੈ, ਜੋ ਉਹ ਲਾਉਂਦਾ ਹੈ ਅਤੇ ਨੀਲੇ ਘੋੜੇ ਤੇ ਚੜ੍ਹਿਆ ਖ਼ਾਲਸੇ ਦੇ, ਸਿੱਖਾਂ ਦੇ ਘਰੀ ਜਾਂਦਾ ਹੈ।

ਭਾਈ ਵੀਰ ਦੇ ਸ਼ਬਦਾਂ ਵਿਚ ,ਇਸ ਪੰਥ ਦੇ ਸਿਧਾਂਤ ਇਨ੍ਹਾਂ ਪੰਜ ਸ਼ਬਦਾਂ ਵਿਚ ਨਿਹਤ ਹਨ- ਨਾਮ, ਦਾਨ, ਇਸ਼ਨਾਨ, ਕਿਰਤ ਕਰਨਾ ਅਤੇ ਵੰਡ ਛਕਣਾ।”

ਨਾਮ – ਉਸ ਦਾ ਨਾਮ ਜਪਣਾ, ਹਸਤੀ ਦਾ ਰਹੱਸ, ਜਿਸ ਦਾ ਕੋਈ ਨਿੱਜੀ ਮਨੋਰਥ, ਇੱਛਾ ਜਾਂ ਖ਼ੁਦਗਰਜੀ ਨਹੀਂ।
ਪਿਆਰ ਨਾਲ ਸੁਆਰਥ ਤੋਂ ਉਤਾਂਹ ਉੱਠਿਆ ਜਾ ਸਕਦਾ ਹੈ। ਇਸ ਲਈ ਉਸ ਵਿਚ ਰਹਿਣ, ਉਸ ਦਾ ਨਾਮ ਜਪਣ, ਉਸ ਵਿਚ ਫਨਾਹ ਹੋ ਜਾਣ, ਉਸ ਦੇ ਪਿਆਰ ਵਿਚ ਮਨੁੱਖ ਉਹ ਸਾਹਸ ਪ੍ਰਾਪਤ ਕਰਦਾ ਹੈ, ਜੋ ਸਦਾ ਅਗੰਮੀ ਹੈ ਅਤੇ ਨਿਰਸੁਆਰਥ ਹੈ। ਰੂਹ ਦੀ ਅਸਲੀ ਪ੍ਰਕਿਰਤੀ ਨਿਸ਼ਕਾਮਤਾ ਹੈ। ਨਾਮ ਰਾਂਹੀ ਪਹਿਲਾਂ ਆਪਣੇ ਆਪੇ ਦੀ ਪਛਾਣ ਇਸ ਪੰਥ ਦਾ ਜੀਵਨ ਹੈ। ਇਸ ਤਰਾਂ ਇਸ ਸੰਘਰਸ਼ ਮਈ ਭੌਤਿਕ ਸੰਸਾਰ ਵਿਚ ਸਰੀਰਤ ਉੱਦਮ ਰਾਂਹੀ ਰੂਹਾਨੀ ਪ੍ਰਵਿਰਤੀ ਨੂੰ ਬਣਾਈ ਰੱਖਣਾ ਹੈ।

ਦਾਨ: ਦੇਣਾ, ਆਪਣਾ ਸਭ ਕੁਝ ਦੇਣਾ, ਕੁਦਰਤੀ ਹਮਦਰਦੀ ਕਾਰਨ, ਜੀਵਨ ਪ੍ਰਤਿ ਅਸੀਮ ਵਿਚ ਪਰੰਤੂ ਚੁੱਪ ਚਾਪ ਬਿਨਾਂ ਧੱਕੇ, ਬਿਨਾਂ ਜਬਰ, ਫੁੱਲ ਜਾਂ ਦਰਿਆ ਵਾਂਗ ਮਨੁੱਖਤਾ ਦੀ ਭਲਾਈ ਦੇ ਚਾਉ ਨਾਲ। ਇਹ ਉਚਿਆਏ ਜੀਵਨ ਦੀ ਹੀ ਪ੍ਰਵਿਰਤੀ ਹੈ ਜੋ ਬਿਨਾਂ ਜਾਣੇ ਦਿੰਦੀ ਹੈ। ਜਿਵੇਂ ਗਰਮ ਪਦਾਰਥ ਦੁਆਲੇ ਦੇ ਠੰਡਿਆਂ ਪਦਾਰਥਾਂ ਨੂੰ ਸ਼ਕਤੀ ਦੇ ਫ਼ਰਕ ਕਾਰਣ ਹੀ ਆਪਣੇ ਆਪ ਗਰਮਾ ਦਿੰਦੇ ਹਨ, ਇਸ ਤਰਾਂ ਕਰਦਾ ਹੈ ਗੁਰੂ ਗੋਬਿੰਦ ਸਿੰਘ ਦੇ ਪੰਥ ਦਾ ਮੈਂਬਰ।

ਦਾਨ ਦਾ ਭਾਵ ਨਿਰਸੰਦੇਹ, ਗੁਰੂ ਗੋਬਿੰਦ ਦੇ ਪੰਥ ਵਿਚ ਖ਼ੈਰਾਤ ਜਾਂ ਦਾਨ ਦੇਣ ਤੋਂ ਨਹੀਂ । “ਸਭ ਕੁਝ ਗੁਰੂ ਦਾ ਹੈ” ਇਸੇ ਤਰਾਂ ਖ਼ਾਲਸਾ ਮਹਿਸੂਸਦਾ ਹੈ. ‘ਮੇਰਾ ਮੁਝ ਮੇ ਕਿਛ ਨਹੀਂ ਜੋ ਕੁਛ ਹੈ ਸੋ ਤੇਰਾ’। ਓ ਅਜਿਹੀ ਸਨੇਹ ਮਈ ਪ੍ਰਵਿਰਤੀ ਕਿਸੇ ਸਮਾਜਿਕ ਜ਼ਾਬਤੇ ਜਾਂ ਨਿਯਮਾਂ ਅਧੀਨ ਨਹੀਂ ਆਉਂਦੀ। ਇਸ ਵਿਚ ਕੁਝ ਵੀ ਮਕਾਨਕੀ ਨਹੀਂ। ਇਹ ਗਹਿਰਾ ਅਤੇ ਸੰਜੀਵ ਹੈ। ਖ਼ਾਲਸੇ ਦੀ ਖ਼ੈਰਾਤ ਦਰਿਆਂਵਾ ਵਾਂਗ ਉਸ ਦੇ ਆਪੇ ਵਿਚੋਂ ਨਿਕਲ ਤੁਰਦੀ ਹੈ। ਖ਼ਾਲਸਾ ਆਪਣਾ ਆਪਾ, ਆਪਣੀ ਮਿਹਨਤ, ਆਪਣਾ ਹੱਡਮਾਸ, ਆਪਣਾ ਜੀਵਨ ਅਤੇ ਆਪਣੀ ਰੂਹ ਵੀ ਆਪਣੇ ਮਾਲਕ, ਮਹਿਬੂਬ ਤੋਂ ਨਿਛਾਵਰ ਕਰ ਚੁੱਕਾ ਹੈ।

ਇਸ਼ਨਾਨ:- ਸਰੀਰ ਦਾ ਠੰਡੇ ਪਾਣੀ ਨਾਲ ਨਹਾਉਣਾ , ਮਨ ਦਾ ਅੰਮ੍ਰਿਤ ਦੇ ਚਸ਼ਮੇ ਵਿਚ ਅਤੇ ਰੂਹ ਦਾ ਉਸ ਦੇ ਪਿਆਰ ਵਿਚ ਗੋਤਾ ਲਾਉਂਣਾ, ਇਸ਼ਨਾਨ ਹੈ।

ਕਿਰਤ ਕਰਨਾ: ਇਹ ਚਿੰਨ੍ਹਾਤਮਕ ਦਾਨ ਹੈ, ਜੋ ਗੁਰੂ ਗੋਬਿੰਦ ਸਿੰਘ ਦੇ ਪੰਥ ਨੂੰ ਮਿਹਨਤ-ਕਸ਼ਾ ਦੀ ਸਾਰੀ ਲੋਕਾਈ ਨਾਲ ਜੋੜਦਾ ਹੈ। ਗੁਰੂ ਪਾਸ ਕੋਈ ਅਮੀਰ ਨਹੀਂ। ਉਸ ਦੇ ਪੰਥ ਵਿਚ ਕੋਈ ਵਿਹਲੜ ਅਮੀਰ ਨਹੀਂ ਉਸ ਲਈ ਤਾਂ ਕੋਈ ਥਾਂ ਨਹੀਂ ਨਹੀਂ , ਸਾਰਿਆਂ ਨੂੰ ਕਿਰਤ ਕਰਨੀ ਪੈਂਦੀ ਹੈ, ਅੰਨ ਪੈਦਾ ਕਰਨ ਲਈ ਪਸੀੲ ਵੀਟਣਾ ਪੈਂਦਾ ਹੈ, ਲੋਹੇ, ਲਕੜੀ ਅਤੇ ਪੱਥਰ ਵਿਚੋਂ ਨਵੇਂ ਰੂਪ ਘੜਨੇ ਪੈਦੇਂ ਹਨ, ਕੰਮ ਕਰਨਾ , ਕਿਰਤ ਕਰਨੀ ਅਤੇ ਮਿਹਨਤ ਦੀ ਕਮਾਈ ਦਾ ਤਿਆਗ। ਅਤੇ ਇਸ ਸੁਤੇ ਸਿੱਧ ਤਿਆਗ ਕਾਰਣ ਗੁਰੂ ਅਤੇ ਅੱਜ ਦੇ ਕਾਮਗਾਰਾਂ ਵਿਚਾਲੇ ਫ਼ਰਕ ਸਪੱਸ਼ਟ ਹੈ।

ਵੰਡ ਛਕਣਾ: ਕਿਰਤ ਕਮਾਈ ਦੀ ਇਕਸਾਰ ਵੰਡ। ” ਉਹ ਰੋਟੀ ਨਾ ਖਾ, ਜੋ ਤੂੰ ਆਪਣੇ ਖ਼ਾਲਸਾ ਵੀਰ ਨਹੀਂ “ਵੰਡੀ”।

ਗੁਰੂ ਗੋਬਿੰਦ ਸਿੰਘ ਵਰਤਮਾਨ ਯੁਗ ਦੇ ਗੁਰੂ ਹਨ । ਉਹ ਅਵਤਾਰ ਹਨ, ਜਿਨ੍ਹਾਂ ਨੇ ਮਨੁੱਖੀ ਸਮਾਜ ਦੀ ਨਾਮ , ਦਾਨ , ਇਸ਼ਨਾਨ, ਕਿਰਤ ਕਰਨ, ਵੰਡ ਛਕਣ ਦੇ ਅਧਾਰ ਤੇ ਪੰਥ ਦੇ ਰੂਪ ਵਿਚ ਪੁਨਰ ਉਸਾਰੀ ਕੀਤੀ ਹੈ।
ਨਾਮ, ਮੁਕੰਮਲ ਅਤੇ ਸੰਪੂਰਨ ਤਿਆਗ, ਅਤੇ ਸਰੀਰ, ਮਨ ਅਤੇ ਰੂਹ ਦਾ ਅਸੀਮ ਵਿਚ ਇਸ਼ਨਾਨ। ਹਰੇਕ ਮਨੁੱਖ ਮਾਤਰ ਲਈ , ਕਿਰਤ ਕਰਨਾ, ਪੈਦਾ ਕਰਨਾ, ਅਤੇ ਇਸ ਕਮਾਈ ਦਾ ਕਿਸੇ ਨਿਰਾਸ਼ਾਮਈ ਭਾਵਨਾ ਅਧੀਨ ਤਿਆਗ ਨਹੀਂ, ਸਗੋਂ ਦਿਲ ਵਜੋਂ ਇਸ ਕਮਾਈ ਨੂੰ ਆਪਣੇ ਖ਼ਾਲਸਾ ਭਰਾਵਾਂ ਵਿਚ ਵੰਡ ਦੇਣਾ, ਲਾਜ਼ਮੀ ਰੂਹਾਨੀ ਲੋੜ ਹੈ। ਜੇ ਪੰਜਾਬ ਦੇ ਸਿੱਖ ਸਾਨੂੰ ਗੁਰੂ ਗੋਬਿੰਦ ਸਿੰਘ ਦੇ ਮਹਾਨ ਨਿਰਮਲ ਪੰਥ ਦੀ ਮਾੜੀ ਜਿਹੀ ‘ਯਾਦ’ ਦਿਵਾਉਂਦੇ ਹਨ ਤਾਂ ਇਹ ਕੀ ਵੱਡੀ ਗੱਲ ਹੈ, ਜਦੋਂ ਕਿ ਸਾਰਾ ਸੰਸਾਰ ਅੰਦਰੋਂ ਅੰਦਰੇ ਇਸ ਨੂੰ ਅਪਣਾਉਣ ਦੀ ਦਿਲੀ ਇੱਛਾ ਕਰ ਰਿਹਾ ਹੈ।

ਇਥੇ ਗੁਰੂ ਦਾ ਸਾਰੇ ਸੰਸਾਰ ਨੂੰ ਸੱਦਾ ਹੈ ਅਤੇ ਸਾਡੇ ਵਿਚੋਂ ਕੌਣ ਗੁਰੂ ਗੋਬਿੰਦ ਪ੍ਰਤਿ ਸਾਰੇ ਸੰਸਾਰ ਦੇ ਅਸਪੱਸ਼ਟ ਅਤੇ ਅਚੇਤ ਪਰ ਜ਼ੋਰਦਾਰ ਹੁੰਗਾਰੇ ਨੂੰ ਨਹੀਂ ਵੇਖਦਾ ? ਉਸ ਦੀ ਪ੍ਰਤਿਭਾ ਨੂੰ ਸਮਝਣ ਲਈ ਮਨੁੱਖ ਨੂੰ ਸਦੀਆਂ ਲਗਣਗੀਆਂ, ਜਦੋਂ ਉਹ ਗੁਰੂ ਸਾਹਿਬ ਦੇ ਰੂਹਾਨੀ ਪੰਥ ਨੂੰ ਪਾ ਲਵੇਗਾ।

ਯਕੀਨਨ ਭਾਰਤ ਦੇ ਗੁਲਾਮਾਂ ਨੇ ਉਸ ਨੂੰ ਅਜੇ ਤਕ ਨਾ ਹੀ ਸਮਝਿਆ ਅਤੇ ਨਾ ਹੀ ਉਸਦੀ ਪ੍ਰਤਿਭਾ ਨੂੰ ਸਮਝਣ ਦੇ ਯੋਗ ਹਨ। ਉਸ ਦੀ ਮਹਾਨ ਸ਼ਖਤੀਅਤ ਦਾ ਪਰਛਾਵਾਂ ਬਹੁਤ ਦੂਰ ਸਦੀਆਂ ਤੋਂ ਪਰ੍ਹੇ ਤਕ ਪੈਂਦਾ ਹੈ ਅਤੇ ਭਾਰਤ ਦੇ ਅਖੌਤੀ ਮਹਾਨ ਵਿਦਵਾਨ ਜਦੋਂ ਗੁਰੂ ਨੂੰ ਸਮਝਾਉਣ ਦਾ ਮਨ ਬਣਾਉਦੇਂ ਹਨ ਕੇਵਲ ਕੰਡਿਆਂ ਨਾਲ ਝਰੀਟੇ ਜਾਂਦੇ ਹਨ ਅਤੇ ਉਹਨਾਂ ਨੂੰ ਗੁਰੂ ਨਾਨਕ ਜਿੰਨਾ ਰੂਹਾਨੀਅਤ ਵਾਲਾ ਨਾ ਸਮਝ ਕੇ ਛੱਡ ਦਿੰਦੇ ਹਨ। ਇਸ ਤੋਂ ਉਨ੍ਹਾਂ ਦੁਆਲੇ ਪਸਰੇ ਹਨੇਰੇ ਦਾ ਹੀ ਅਨੁਭਵ ਹੁੰਦਾ ਹੈ, ਜੇ ਉਹ ਗੁਰੂ ਗੋਬਿੰਦ ਸਿੰਘ ਵਿਚ ਗੁਰੂ ਨਾਨਕ ਦੇ ਉੱਚੇ ਅਤੇ ਚਮਕਦੇ ਸਿਖਰ ਨੂੰ ਨਹੀਂ ਵੇਖ ਸਕਦੇ। ਯਕੀਨਨ ਉਹ ਵਿਚਾਰਧਾਰਾ ਦੀ ਕ੍ਰਾਂਤੀ ਦੇ ਸ਼ਹਿਨਸਾਹ ਨੂੰ ਨਹੀਂ ਸਮਝ ਸਕੇ। ਉਸ ਦੇ ਇਕ ਇਕ ਨਿਮਰਤਾ ਭਰੇ ਸ਼ਬਦ ਵਿਚ ਵੀ ਅਸੰਖਾਂ ਲਾਟਾਂ ਹਨ, ਜੋ ਬਿਜਲੀ ਵਾਂਗ ਅਸੰਖਾਂ ਸ਼ਮਸ਼ੀਰਾਂ ਹੋ ਟੁੱਟਦੀਆਂ ਹਨ, ਜੋ ਮਨੁੱਖੀ ਹਲੂਲ ਕਰ ਜਾਂਦੀਆਂ ਹਨ, ਨਾਮ ਜਿਸ ਦੇ ਜਪਣ ਨੇ ਕਿਰਤ ਕਰਦੇ ਮਨੁੱਖ ਦੀ ਪਿਆਰ, ਕਿਰਤ ਅਤੇ ਸੰਪੂਰਨ ਤਿਆਗ ਦੀ ਭਾਵਨਾ ਤੇ ਸੰਭਾਵੀ ਸਲਤਨਤ ਦੀ ਬੁਨਿਆਦ ਰੱਖਣੀ ਹੈ।

ਵਿਚਾਰਕਾਂ ਨੇ ਅਜੇ ਦਸ ਗੁਰੂ ਸਾਹਿਬਾਨ ਦੇ ਵਿਚਾਰਾਂ, ਜਿਨ੍ਹਾਂ ਨੂੰ ਪ੍ਰਗਟਾਉਣ ਲਈ ਵਰਤੀ ਗਈ ਬ੍ਰਾਹਮਣੀ ਭਾਸ਼ਾ ਕਾਰਣ ਅਤੇ ਵਿਰੋਧੀ ਬ੍ਰਾਹਮਣੀ ਮਾਹੌਲ, ਜੋ ਸਦਾ ਮਨੁੱਖ ਦੇ ਅਸਲੀ ਸਭਿਆਚਾਰਕ ਵਿਕਾਸ ਵਿਚ ਵਾਧਕ ਰਿਹਾ ਹੈ, ਦੀ ਮਹਾਨਤਾ ਨੂੰ ਸਮਝਣਾ ਹੈ।

ਗੁਰੂ ਸਾਹਿਬਾਂ ਦੀ ਪ੍ਰਤਿਭਾ ਆਪਣੇ ਕ੍ਰਾਂਤੀਕਾਰੀ ਵਿਚਾਰ, ਉਸੇ ਵਿਸ਼ੇਸ ਦੇਸੀ ਭਾਸ਼ਾ ਵਿਚ, ਆਪਣੇ ਵਿਚਾਰਾ ਦਾ ਵਿਰੋਧ ਕਰਦੇ ਹੋਏ, ਪ੍ਰਗਟ ਕਰਦੀ ਹੈ ਅਤੇ ਆਪਣੇ ਵਿਚਾਰਾਂ ਦੇ ਮੱਥੇ ਤੇ ਪਈਆਂ ਪਰਸਪਰ ਕਟਦੀਆ ਲਕੀਰਾਂ ਅਤੇ ਵਿਚਾਰ ਮੰਡਲਾਂ ਨੂੰ ਆਪਣੇ ਜੀਵਨ ਅਤੇ ਕਾਰਨਾਮਿਆਂ ਦੇ ਅਨੁਕਰਨ ਵਿਚ ਅਤੇ ਪਿਆਰ ਅਤੇ ਸੰਪੂਰਨ ਤਿਆਗ ਦਾ, ਜੋ ਪੰਥ ਉਨ੍ਹਾਂ ਸਾਜਿਆ, ਨੂੰ ਪੜ੍ਹਨ ਲਈ ਪਾਠਕ ਤੇ ਛੱਡ ਦਿੰਦੀ ਹੈ। ਮੇਰਾ ਇਹ ਵਿਸ਼ਵਾਸ ਹੈ ਕਿ ਇਕ ਰਾਤ ਵਿਚ ਅਤੇ ਇਕ ਦਿਨ ਵਿਚ ਜਦੋਂ ਗੁਰੂ ਸਾਹਿਬ ਦੇ ਵਿਚਾਰ , ਜੋ ਕਿ ਧਰਮ ਅਤੇ ਜੀਵਨ ਜਾਚ ਸੰਬੰਧੀ ਪੂਰਵੀ ਵਿਚਾਰਾਂ ਵਿਚ ਮੁਕੰਮਲਕ੍ਰਾਂਤੀ ਹਨ, ਵੇਖੇ ਜਾਣ ਅਤੇ ਜੇ ਇਹ ਸੰਪੂਰਨ ਸਾਦਗੀ ਨਾਲ ਅਤੇ ਸੁਯੋਗ ਭਾਸ਼ਾ ਵਿਚ ਬਿਆਨ ਕੀਤੇ ਜਾਣ ਤਾਂ ਗੁਰੂ ਸਾਹਿਬਾਂ ਦੀ ਚੇਤਨਤਾ ਸਤਰੇ ਮਨੁੱਖੀ ਸਭਿਆਚਾਰ ਤੇ ਛਾ ਜਾਵੇਗੀ। ਉਨ੍ਹਾਂ ਦੀ ਵਡਿਆਈਦੀ ਸਾਖੀ ਮਨੁੱਖ ਦੀ ਬਹੁ-ਪੱਖੀ ਉੱਨਤੀ ਦੀਆਂ ਕਈ ਸਦੀਆਂ ਨੇ ਭਰਨੀ ਹੈ। ਮੈਂ ਇਨ੍ਹਾਂ ਵਿਚਾਰਾਂ ਦੀ ਕ੍ਰਾਂਤੀਕਾਰੀ ਭਾਵਨਾ ਬਾਰੇ ਹੋਰ ਕਿਤੇ ਵਿਚਾਰ ਕਰਾਂਗਾ।

ਪਰ ਮੈਂ ਇਥੇ ਕਹਿ ਦੇਣਾ ਚਾਉਂਦਾ ਹਾਂ ਕਿ ਗੁਰੂ ਸਾਹਿਬਾਂ ਦਾ ਧਰਮ, ਨਿਰਸੰਦੇਹ ਕੁਦਰਤ ਅਤੇ ਰੂਹ ਦਾ ਧਰਮ ਹੈ। ਇਹ ਬ੍ਰਾਹਮਣਾਂ ਦੇ ਅਧਿਆਤਮਕ ਅਤੇ ਦਾਰਸ਼ਨਿਕ ਬਕੜਵਾਦ ਤੋਂ ਬਿਲਕੁਲ ਵੱਖਰਾ ਹੈ। ਅੰਤਿਮ ਦਿਮਾਗੀ ਧਾਰਣਾਵਾਂ, ਜਿਹਾ ਕਿ ਬ੍ਰਾਹਮਣੀ ਦਾਰਸ਼ਨਿਕ ਅਨੁਮਾਨਾਂ ਰਾਹੀਂ ਪੇਸ਼ ਕੀਤੀਆਂ ਜਾਂਦੀਆਂ ਹਨ, ਦੁਆਰਾ ਘੜੀ ਹਕੀਕਤ ਨਾਲ ਇਸ ਦਾ ਕੋਈ ਸੰਬੰਧ ਨਹੀਂ। ਇਹ ਧਾਰਣਾਵਾਂ ਮਰ ਚੁੱਕੀਆਂ ਹਨ। ਗੁਰੂ ਸਾਹਿਬਾਂ ਦਾ ਮਜ਼੍ਹਬ ਸੰਖੇਪ ਵਿਚ, ਜੀਵਨ ਜਾਚ, ਅਗੰਮੀ ਜੋਤ ਨੁੰ ਜਗਦੇ ਰੱਖਣ ਦਾ ਹੈ। ਇਹ ਅਧਿਆਤਮਿਕ ਜਾਂ ਧਰਮ ਸ਼ਾਸਤਰਾਂ ਅਨੁਸਾਰ ਹੋਣ ਦੀ ਬਜਾਏ ਵਧੇਰੇ ਕਲਾਮਈ ਹੈ ਅਤੇ ਇਹ ਕਿਰਤ, ਕਾਰੀਗਰੀ ਮਨੁੱਖ, ਕੁਦਰਤ ਅਤੇ ਉਨ੍ਹਾਂ ਦੀ ਘਾੜਤ ਵਿਚਲੇ ਹੁਸਨ ਦੀ ਪ੍ਰਸੰਸਾ ਦੀ ਪ੍ਰਸੰਸਾ ਨਾਲ ਭਰਭੂਰ ਹੈ। ਇਸ ਵਿਚ ਅਸੀਮ ਖੁਸ਼ੀ ਹੈ। ਅਤੇ ਅਸੀਮ ਗ਼ਮ ਵੀ ਹਨ। ਗੁਰੂ ਪ੍ਰਣਾਲੀ ਵਿਚ ਖੁਸ਼ੀ ਜੀਵਨ ਦੇ ਗ਼ਮਾਂ ਦੇ ਰੁੱਖ ਤੇ ਖਿਿੜਆ ਫੁੱਲ ਹੈ। ਜਿਨ੍ਹਾਂ ਨੂੰ ਜੀਵਨ ਵਿਚ ਗ਼ਮ ਦਾ ਇਹਸਾਸ ਪ੍ਰਾਪਤ ਨਹੀਂ ਹੋਇਆ ਉਨ੍ਹਾਂ ਲਈ ਨਿਰੀ ਖੁਸ਼ੀ ਹੌਕੇਂ ਭਰੀ ,ਧੋਖਾ , ਅਤੇ ਟਹਿਣੀਓਂ ਟੁਟੇ ਫੁੱਲ ਦੇ ਮਰਝਾਉਣ ਸਮੇਂ ਦੇ ਰੰਗਾਂ ਵਾਂਗ ਤਤਵਹੀਣ ਹੈ।

ਗੁਰੂ ਗੋਬਿੰਦ ਸਿੰਘ ਦਾ ਖਾਲਸਾ ਪੰਥ ਇਕ ਅਜਿਹਾ ਸੰਘ ਹੈ ਜਿਸ ਵਿਚ ਇਸਤਰੀਆਂ ਖੁਲ੍ਹਾ ਅਤੇ ਬਰਾਬਰ ਦਾ ਭਾਗ ਲੈਂਦੀਆ ਹਨ। ਪੂਰਬ ਦੇ ਇਤਿਹਾਸ ਵਿਚ ਪਹਿਲੀ ਵਾਰੀ ਇਸਤਰੀ ਨੂੰ ਮਰਦਾਂ ਦੇ ਬਰਾਬਰ ਦਾ ਹੱਕ ਮਿਲਿਆ ਹੈ। ਗੁਰੂ ਸਾਹਿਬਾਂ ਵੱਲੋਂ ਰਚੇ ਗਏ ਸਿੱਖ ਸਾਹਿਤ ਵਿਚ ਸਿੱਖਣੀ ਸ਼ਬਦ ਕਿਤੇ ਨਹੀਂ ਮਿਲਦਾ। ਅਨੁਯਾਈ ਜਾਂ ਸਿੱਖ ਲਿੰਗ-ਰਹਿਤ ਨਾਂਵ ਹੈ। ਇਹ ਨਾਮਕਰਨ ਸਭ ਨੂੰ ਦਿੱਤਾ ਜਾਂਦਾ ਹੈ, ਜੋ ਸੰਗਤ ਵਿਚ ਆਉਂਦਾ ਹੈ। ਮੈਂ ਸ਼ਰਮਿੰਦਾ ਹਾਂ ਕਿ ਹਿੰਦੂ ਜਾਏ ਸਿੱਖਾਂ ਦੇ ਪੁਰਾਣੇ ਸਮਾਜਿਕ ਰੁਝਾਨ ਕਾਰਣ ਸਿੱਖਣੀ ਜਾਂ ਸਿੰਘਣੀ ਦੇ ਸ਼ਬਦ ਸ਼ਾਮਲ ਕਰ ਦਿੱਤੇ ਗਏ ਹਨ।

ਬੁੱਧ ਨੇ ਨੇਕ ਅਤੇ ਪਿਆਰੇ ਚੇਲੇ ਆਨੰਦ ਦੇ ਜ਼ੋਰ ਦੇਣ ਤੇ ਨਨਾਂ ਦੀ ਪ੍ਰਨਾਲੀ ਚਲਾਈ। ਅਤੇ ਈਸਾ ਮਸੀਹ ਦੇ ਦੁਆਲੇ ਇਕੱਠੇ ਹੋਏ ਬਹੁਤ ਸਾਰੇ ਪੈਰੋਕਾਰਾਂ ਵਿਚ ਮਹਾਨ ਪੈਰੋਕਾਰ ਫ਼ਲਸਤੀਨ ਦੀਆਂ ਇਸਤਰੀਆਂ ਹਨ। ਪਰ ਇਥੇਂ ਤਾਂ ਪਿਆਰ ਦੇ ਸੇਵਕਾਂ, ਮਰਦਾਂ ਅਤੇ ਇਸਤਰੀਆਂ ਲਈ ਸਿੱਖੀ ਅਤੇ ਪਿਆਰ ਦੇ ਬਰਾਬਰ ਦੇ ਅਧਿਕਾਰਾਂ ਤੇ ਸਮਾਜ ਦੀ ਪੁਨਰ-ਉਸਾਰੀ ਕੀਤੀ ਗਈ ਹੈ। ਗੁਰੂ ਸਾਹਿਬਾਂ ਦਾ ਆਦਰਸ਼ ਲਾਸਾਨੀ ਅਤੇ ਕ੍ਰਾਂਤੀਕਾਰੀ ਹੈ।

ਆਓੁ, ਫਿਰ, ਉਹ ਪੰਜਾਬ ਦੇ ਸਿੱਖ ਨੌਜਵਾਨੋ , ਅਤੇ ਉਸ ਦੇ ਨਾਮ ਤੇ ਸਭ ਕੁਝ ਤਿਆਗ ਕੇ, ਗੁਰੂ ਦਾ ਝੰਡਾ ਬੁਲੰਦ ਅਤੇ ਝੂਲਦਾ ਰੱਖੋ। ਆਉ ਗੁਰੂ ਗੋਬਿੰਦ ਸਿੰਘ ਦੇ ਖ਼ਾਲਸੇ ਬਣੀਏ ਅਤੇ ਇਸ ਜੀਵਨ ਰੂਪੀ ਜੰਗਲ ਦੇ ਕੱਖ-ਕਾਣ ਵਰਗੇ ਅਖਾਉਤੀ ਅਵਤਾਰਾਂ ਦੇ ਫ਼ਿਰਕਿਆਂ, ਸਭਾਵਾਂ ਜਾਂ ਕਲੱਬਾਂ ਦੀ ਹੋ ਰਹੀ ਖੁੰਬਾਂ ਵਰਗੀ ਉਤਪੱਤੀ ਵਿਚ ਸ਼ਾਮਿਲ ਹੋਣ ਤੋਂ ਇਨਕਾਰ ਕਰ ਦਈਏ । ਸਾਡੇ ਤੋਂ ਪਹਿਲਾਂ ਹੋਏ ਖ਼ਾਲਸੇ ਮੌਤੋਂ ਪਰ੍ਹੇ ਰਹਿੰਦੇ ਹਨ। ਉਹ ਸਾਡੀ ਮੱਦਦ ਲਈ ਸਾਡੇ ਪਾਸ ਆਉਂਦੇ ਹਨ, ਜੇ ਅਸੀਂ ਆਪਣਾ ਰੁਖ਼ ਉਨ੍ਹਾਂ ਵੱਲ ਕਰੀਏ ਅਤੇ ਇਮਦਾਦ ਮੰਗੀਏ। ਅਸੀਂ ਅਣਗਿਣਤ ਹਾਂ ਜੇ ਅਸੀਂ ਆਪਣੀ ਰੂਹ ਵਿਚ ਜਾਗੀਏ ਅਤੇ ਬਦੇਹੀ ਹੋ ਜਾਈਏ । ਸਰੀਰ ਨੂੰ ਕੇਵਲ ਵਾਹਨ ਵਾਂਗ ਰਖੀਏ ਜਿਵੇਂ ਕਿ ਇਸ ਸੰਘ ਦੇ ਮਹਾਨ ਸੰਗੀ, ਈਸਾ ਨੇ ਆਪਣੇ ਸਰੀਰ ਬਾਰੇ ਕਿਹਾ ਹੈ ਕਿ ਇਹ ਤਾਂ ਕੇਵਲ ‘ਪਿਤਾ ਦੀ ਰੂਹ’ ਦੇ ਵਾਹਨ ਤੋਂ ਛੁਟ ਕੁਝ ਵੀ ਨਹੀਂ।

ਇਹ ਲੇਖ ਗੁਰੂ ਗੋਬਿੰਦ ਸਿੰਘ ਚੇਅਰ, ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋ ਛਾਪੀ ਕਿਤਾਬ “ਏਕ ਨੂਰ: ਗੁਰੂ ਗੋਬਿੰਦ ਸਿੰਘ ਜੀਵਨ ਅਤੇ ਦਰਸ਼ਨ” ਵਿੱਚੋ ਧੰਨਵਾਦ ਸਹਿਤ ਲਿਆ ਗਿਆ ਹੈ।


*ਉਕਤ ਲਿਖਤ ਪਹਿਲਾ 15 ਜੂਨ 2018 ਨੂੰ ਛਾਪੀ ਗਈ ਸੀ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,