ਖਾਸ ਖਬਰਾਂ » ਪੰਜਾਬ ਦੀ ਰਾਜਨੀਤੀ

ਆਪ ਵਿਧਾਇਕ ਸੰਦੋਆ ‘ਤੇ ਹਮਲਾ ਕਰਨ ਵਾਲੇ ਤਿੰਨ ਗ੍ਰਿਫਤਾਰ; ਪਾਰਟੀ ਵਲੋਂ ਧਰਨਾ ਲਾਉਣ ਦਾ ਐਲਾਨ

June 22, 2018 | By

ਰੂਪਨਗਰ: ਆਮ ਆਦਮੀ ਪਾਰਟੀ ਦੇ ਰੂਪਨਗਰ ਹਲਕੇ ਤੋਂ ਵਿਧਾਇਕ ਅਮਰਜੀਤ ਸਿੰਘ ਸੰਦੋਆ ‘ਤੇ ਬੀਤੇ ਕਲ੍ਹ ਹਮਲਾ ਕਰਨ ਵਾਲੇ ਮਾਈਨਿੰਗ ਮਾਫੀਆ ਨਾਲ ਸਬੰਧਿਤ ਮੁੱਖ ਦੋਸ਼ੀਆਂ ਵਿਚੋਂ ਪੁਲਿਸ ਨੇ ਤਿੰਨ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ ਜਦਕਿ ਦੋ ਮੁੱਖ ਦੋਸ਼ੀ ਫਰਾਰ ਦੱਸੇ ਜਾ ਰਹੇ ਹਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲੀਸ ਥਾਣਾ ਨੂਰਪੁਰ ਬੇਦੀ ਦੇ ਐਸਐਚਓ ਦੇਸਰਾਜ ਨੇ ਦੱਸਿਆ ਕਿ ਇਸ ਘਟਨਾ ਲਈ ਜ਼ਿੰਮੇਵਾਰ ਪੰਜ ਵਿਅਕਤੀਆਂ ’ਚ ਸ਼ਾਮਲ ਅਜਵਿੰਦਰ ਸਿੰਘ, ਮਨਜੀਤ ਸਿੰਘ, ਅਮਰਜੀਤ ਸਿੰਘ, ਕੁਲਵਿੰਦਰ ਸਿੰਘ ਗੋਲਡੀ ਵਾਸੀ ਬੇਈਂਹਾਰਾ ਤੇ ਬਚਿੱਤਰ ਸਿੰਘ ਵਾਸੀ ਭਾਓਵਾਲ ਸਹਿਤ ਦਰਜਨ ਭਰ ਅਣਪਛਾਤੇ ਹਮਲਾਵਰਾਂ ਖ਼ਿਲਾਫ਼ ਇਰਾਦਾ ਕਤਲ ਸਮੇਤ ਕਈ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।

ਪੁਲੀਸ ਨੇ ਪਿੰਡ ਬੇਈਂਹਾਰਾ ਦੇ ਅਜਵਿੰਦਰ ਸਿੰਘ ਦੇ ਤਿੰਨ ਰਿਸ਼ਤੇਦਾਰਾਂ ਨੂੰ ਗ੍ਰਿਫਤਾਰ ਕੀਤਾ ਹੈ, ਜਦੋਂਕਿ ਅਜਵਿੰਦਰ ਅਤੇ ਇੱਕ ਹੋਰ ਮੁਲਜ਼ਮ ਬਚਿੱਤਰ ਸਿੰਘ ਪਿੰਡ ਭਾਉਵਾਲ ਘਟਨਾ ਤੋਂ ਬਾਅਦ ਫਰਾਰ ਹੋ ਗਏ ਹਨ। ਗ੍ਰਿਫਤਾਰ ਮੁਲਜ਼ਮਾਂ ਵਿੱਚ ਜਸਵਿੰਦਰ ਸਿੰਘ ਗੋਲਡੀ, ਮਨਜੀਤ ਸਿੰਘ ਅਤੇ ਅਮਰਜੀਤ ਸਿੰਘ ਸਾਰੇ ਵਾਸੀ ਪਿੰਡ ਬੇਈਂਹਾਰਾ ਸ਼ਾਮਲ ਹਨ। ਪੁਲਿਸ ਨੇ ਉਨ੍ਹਾਂ ਕੋਲੋਂ ਕਾਲੇ ਰੰਗ ਦੀ ਐਕਸਯੂਵੀ ਗੱਡੀ ਅਤੇ 12 ਬੋਰ ਦੀਆਂ ਦੋ ਬੰਦੂਕਾਂ ਵੀ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ।

ਜ਼ਿਕਰਯੋਗ ਹੈ ਕਿ ਰੂਪਨਗਰ ਅਤੇ ਅਨੰਦਪੁਰ ਸਾਹਿਬ ਹਲਕਿਆਂ ਵਿਚ ਵਹਿੰਦੇ ਸਤਲੁੱਜ ਅਤੇ ਸਵਾਂ ਦਰਿਆ ਤੇ ਹੋਰ ਖੱਡਾਂ ਵਿਚ ਪ੍ਰਸ਼ਾਸਨ ਅਤੇ ਸਰਕਾਰ ਦੇ ਨੱਕ ਹੇਠ ਲਗਾਤਾਰ ਨਜਾਇਜ਼ ਮਾਈਨਿੰਗ ਜਾਰੀ ਹੈ ਤੇ ਮਾਈਨਿੰਗ ਮਾਫੀਆ ਨੇ ਰਾਜਨੀਤਕ ਸ਼ੀਹ ਨਾਲ ਇਹਨਾਂ ਕੁਦਰਤੀ ਸਰੋਤਾਂ ਦਾ ਨਾਸ਼ ਮਾਰ ਦਿੱਤਾ ਹੈ। ਇਸ ਦਾ ਬੜਾ ਮਾੜਾ ਅਸਰ ਸਾਹਮਣੇ ਆ ਰਿਹਾ ਹੈ ਕਿ ਨੇੜਲੇ ਇਲਾਕੇ ਦੇ ਖੂਹ ਵੀ ਸੁੱਕ ਗਏ ਹਨ ਤੇ ਜ਼ਮੀਨੀ ਪਾਣੀ ਦਾ ਪੱਧਰ ਲਗਾਤਾਰ ਹੇਠ ਜਾ ਰਿਹਾ ਹੈ। ਇਸ ਰਾਜਨੀਤਕ ਮਾਫੀਆ ਗਠਜੋੜ ਖਿਲਾਫ ਲੋਕਾਂ ਵਿਚ ਗੱਲਾਂ ਆਮ ਸੁਣੀਆਂ ਜਾ ਸਕਦੀਆਂ ਹਨ।

ਬੀਤੇ ਕਲ੍ਹ ਜਦੋਂ ਰੂਪਨਗਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਬੇਂਈਹਾਰਾ ਪਿੰਡ ਵਿਚ ਹੋ ਰਹੀ ਨਜਾਇਜ਼ ਮਾਈਨਿੰਗ ਨੂੰ ਰੋਕਣ ਲਈ ਪਹੁੰਚੇ ਤਾਂ ਵਿਧਾਇਕ ’ਤੇ ਮਾਫੀਆ ਵੱਲੋਂ ਲਾਠੀਆਂ ’ਤੇ ਹੋਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ’ਚ ਗੰਭੀਰ ਰੂਪ ’ਚ ਜ਼ਖ਼ਮੀ ਹੋਏ ਵਿਧਾਇਕ ਸੰਦੋਆ ਨੂੰ ਆਨੰਦਪੁਰ ਸਾਹਿਬ ਦੇ ਭਾਈ ਜੈਤਾ ਜੀ ਸਿਵਲ ਹਸਪਤਾਲ ਵਿੱਚ ਮੁੱਢਲੇ ਇਲਾਜ ਉਪਰੰਤ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ। ਕੁਝ ਦਿਨ ਪਹਿਲਾਂ ਸੰਦੋਆ ਵੱਲੋਂ ਸਤਲੁਜ ਦਰਿਆ ’ਚ ਛਾਪਾ ਮਾਰ ਕੇ ਦਰਜਨ ਦੇ ਕਰੀਬ ਜੇ.ਸੀ.ਬੀ. ਮਸ਼ੀਨਾਂ ਤੇ ਟਿੱਪਰਾਂ ਨੂੰ ਕਾਬੂ ਕਰ ਕੇ ਪੁਲੀਸ ਪ੍ਰਸ਼ਾਸਨ ਹਵਾਲੇ ਕੀਤਾ ਸੀ। ਇਸ ਦੌਰਾਨ ਸੰਦੋਆ ਨੇ ਪੁਲੀਸ ’ਤੇ ਢਿੱਲੀ ਕਾਰਗੁਜ਼ਾਰੀ ਦਿਖਾਉਣ ਦਾ ਦੋਸ਼ ਲਾਇਆ ਸੀ। ਹਮਲਾਵਰਾਂ ’ਚੋਂ ਕੁਝ ’ਤੇ ਕਤਲ ਤੇ ਇਰਾਦਾ ਕਤਲ ਸਹਿਤ ਦਰਜਨ-ਦਰਜਨ ਦੇ ਕਰੀਬ ਅਪਰਾਧਿਕ ਮਾਮਲੇ ਦਰਜ ਹਨ।

ਮੁੱਖ ਮੰਤਰੀ ਵਲੋਂ ਡੀ.ਸੀ ਤੋਂ ਰਿਪੋਰਟ ਤਲਬ:
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖਣਨ ਮਾਫੀਆ ਵਲੋਂ ਆਮ ਆਦਮੀ ਪਾਰਟੀ ਦੇ ਵਿਧਾਇਕ ’ਤੇ ਕੀਤੇ ਹਮਲੇ ਬਾਰੇ ਡਿਪਟੀ ਕਮਿਸ਼ਨਰ ਰੂਪਨਗਰ ਤੋਂ ਰਿਪੋਰਟ ਤਲਬ ਕੀਤੀ ਹੈ। ਇਸ ਘਟਨਾ ਦਾ ਗੰਭੀਰ ਨੋਟਿਸ ਲੈਂਦਿਆਂ ਮੁੱਖ ਮੰਤਰੀ ਨੇ ਸਪਸ਼ਟ ਕੀਤਾ ਹੈ ਕਿ ਕਿਸੇ ਵੀ ਹਾਲਤ ਵਿੱਚ ਸੂਬੇ ’ਚ ਬਦਅਮਨੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਉਨ੍ਹਾਂ ਡਿਪਟੀ ਕਮਿਸ਼ਨਰ ਨੂੰ ਇਸ ਸਬੰਧੀ ਤੱਥਾਂ ਦੀ ਨਿਰਪੱਖ ਜਾਂਚ ਯਕੀਨੀ ਬਣਾਉਣ ਲਈ ਵੀ ਆਖਿਆ ਹੈ। ਉਨ੍ਹਾਂ ਕਿਹਾ ਕਿ ਰੂਪਨਗਰ ਦੇ ਹਮਲੇ ਸਬੰਧੀ ਪੁਲੀਸ ਨੇ ਤੇਜ਼ੀ ਨਾਲ ਕਾਰਵਾਈ ਕਰਦਿਆਂ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਤੇ ਮੁੱਖ ਮੰਤਰੀ ਨੇ ਬਾਕੀ ਸ਼ੱਕੀਆਂ ਨੂੰ ਵੀ ਗ੍ਰਿਫਤਾਰ ਕਰਨ ਲਈ ਆਖਿਆ ਹੈ। ਦੋ ਪੀਐਸਓ ਵੀ ਮੁੱਖ ਮੰਤਰੀ ਦੀ ਨਜ਼ਰ ਵਿੱਚ ਹਨ, ਜੋ ਵਿਧਾਇਕ ਦੀ ਸੁਰੱਖਿਆ ਯਕੀਨੀ ਬਣਾਉਣ ਵਿੱਚ ਨਾਕਾਮ ਰਹੇ। ਉਨ੍ਹਾਂ ਨੂੰ ਪੁਲੀਸ ਲਾਈਨ ਤਬਦੀਲ ਕਰ ਦਿੱਤਾ ਹੈ। ਮੁੱਖ ਮੰਤਰੀ ਨੇ ਡੀਜੀਪੀ ਨੂੰ ਇਸ ਘਟਨਾਕ੍ਰਮ ਵਿੱਚ ਪੀਐਸਓ ਦੀ ਭੂਮਿਕਾ ਦੀ ਜਾਂਚ ਦੇ ਵੀ ਹੁਕਮ ਦਿੱਤੇ ਹਨ।

‘ਆਪ’ ਵੱਲੋਂ ਰੂਪਨਗਰ ਵਿੱਚ ਧਰਨਾ ਅੱਜ:
ਆਪ’ ਨੇ ਇਸ ਘਟਨਾ ਖ਼ਿਲਾਫ਼ ਰੋਪੜ ਵਿਚ ਧਰਨਾ ਮਾਰਨ ਦਾ ਐਲਾਨ ਕਰਦਿਆਂ ਸਰਕਾਰ ਤੋਂ ਪਿਛਲੇ 15 ਸਾਲਾਂ ਤੋਂ ਚੱਲ ਰਹੇ ਰੇਤ ਮਾਫੀਆ ਦੇ ਰਾਜ ਬਾਰੇ ਵ੍ਹਾਈਟ ਪੇਪਰ ਜਾਰੀ ਕਰਨ ਅਤੇ ਇਸ ਦੀ ਪੜਤਾਲ ਸੀਬੀਆਈ ਨੂੰ ਸੌਂਪਣ ਦੀ ਮੰਗ ਕੀਤੀ ਹੈ। ‘ਆਪ’ ਪੰਜਾਬ ਦੇ ਸਹਿ ਪ੍ਰਧਾਨ ਡਾ. ਬਲਬੀਰ ਸਿੰਘ, ਵਿਰੋਧੀ ਧਿਰ ਦੇ ਆਗੂ ਸੁਖਪਾਲ ਖਹਿਰਾ, ਉਪ ਨੇਤਾ ਸਰਵਜੀਤ ਕੌਰ ਮਾਣੂੰਕੇ, ਵਿਧਾਇਕ ਕੰਵਰ ਸੰਧੂ ਤੇ ਹੋਰ ਆਗੂਆਂ ਨੇ ਪੀਜੀਆਈ ਵਿਚ ਸ੍ਰੀ ਸੰਦੋਆ ਦਾ ਹਾਲਚਾਲ ਪੁੱਛਣ ਤੋਂ ਬਾਅਦ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਰੇਤ ਮਾਫੀਆ ਬੇਕਾਬੂ ਹੋ ਚੁੱਕਾ ਹੈ। ਆਮ ਆਦਮੀ ਪਾਰਟੀ ਵੱਲੋਂ 22 ਜੂਨ ਨੂੰ ਸਵੇਰੇ 10 ਵਜੇ ਇੱਥੇ ਮਹਾਰਾਜਾ ਰਣਜੀਤ ਸਿੰਘ ਬਾਗ਼ ਵਿਖੇ ਧਰਨਾ ਦਿੱਤਾ ਜਾਵੇਗਾ। ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਮਾਸਟਰ ਹਰਦਿਆਲ ਸਿੰਘ ਦੀ ਅਗਵਾਈ ਹੇਠ ਅੱਜ ਬੁਲਾਈ ਗਈ ਹੰਗਾਮੀ ਮੀਟਿੰਗ ਵਿੱਚ ਇਹ ਫੈਸਲਾ ਲਿਆ ਗਿਆ। ਮਾਸਟਰ ਹਰਦਿਆਲ ਸਿੰਘ ਨੇ ਦੱਸਿਆ ਕਿ ਧਰਨੇ ਵਿੱਚ ਮੁਕਾਮੀ ਆਗੂਆਂ ਤੋਂ ਇਲਾਵਾ ਪਾਰਟੀ ਹਾਈ ਕਮਾਂਡ ਦੇ ਸਾਰੇ ਆਗੂ ਵੀ ਪਹੁੰਚਣਗੇ। ਉਨ੍ਹਾਂ ਸਮੂਹ ਇਨਸਾਫ਼ ਪਸੰਦ ਲੋਕਾਂ, ਧਾਰਮਿਕ ਅਦਾਰਿਆਂ ਅਤੇ ਬੁੱਧੀਜੀਵੀ ਵਰਗ ਨੂੰ ਇਸ ਧਰਨੇ ਵਿੱਚ ਪਹੁੰਚ ਦੀ ਬੇਨਤੀ ਕੀਤੀ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,