ਚੋਣਵੀਆਂ ਵੀਡੀਓ » ਜਖਮ ਨੂੰ ਸੂਰਜ ਬਣਨ ਦਿਓ... » ਵੀਡੀਓ » ਸਿੱਖ ਖਬਰਾਂ

“ਮਾਸ ਦੇ ਚੀਥੜੇ ਉੱਡੇ ਕੇ ਸਰਾਵਾਂ ਦੀਆਂ ਦੀਵਾਰਾਂ ਨਾਲ ਲੱਗੇ ਹੋਏ ਸਨ” [Audio Article (20)]

June 17, 2022 | By

 

 

– ਸੁਖਵੰਤ ਸਿੰਘ ਜਲਾਲਾਬਾਦ

4 ਜੂਨ ਅੰਮ੍ਰਿਤ ਵੇਲੇ ਜਦੋਂ ਕਿ ਦਰਬਾਰ ਸਾਹਿਬ ਵਿੱਚ ਕੀਰਤਨ ਦੀਆਂ ਮਧੁਰ-ਧੁਨਾਂ ਸੁਣਾਈ ਦੇ ਰਹੀਆਂ ਸਨ, ਅਚਾਨਕ 4 ਵੱਜ ਕੇ 15 ਮਿੰਟ ’ਤੇ ਇੱਕ ਭਾਰੀ ਧਮਾਕਾ ਹੋਇਆ। ਇਸ ਤਰ੍ਹਾਂ ਲੱਗਾ ਜਿਵੇਂ ਇਹ ਧਮਾਕਾ ਸਾਡੇ ਕੋਲ ਹੀ ਹੋਇਆ ਹੈ। ਇਹ ਸਿਗਨਲ ਸੀ ਬੰਬਾਰੀ ਸ਼ੁਰੂ ਕਰਨ ਦਾ ਜੋ ਕਿ ਭਾਰਤ ਦੀ ਫੌਜ ਨੇ ਸਿੱਖਾਂ ਦੇ ਸ਼ੋ੍ਰਮਣੀ ਧਾਰਮਕ ਅਸਥਾਨ ’ਤੇ ਪੂਰੀ ਸਕੀਮ ਦੇ ਨਾਲ ਅਟੈਕ ਕਰ ਦਿੱਤਾ। ਇੱਕਦਮ ਗੋਲਿਆਂ ਉੱਤੇੇ ਗੋਲੀਆਂ ਦਾ ਮੀਂਹ ਵਰ੍ਹਾ ਦਿੱਤਾ। ਅਸੀਂ ਸਾਰੇ ਸਿੰਘ ਇਕਦਮ ਚੌਕੰਨੇ ਹੋ ਗਏ, ਅਸੀਂ ਤਕਰੀਬਨ 20 ਸਿੰਘ ਸਿੰਧੀ ਹੋਟਲ ਉੱਤੇੇ ਜੋ ਕਿ ਲੰਗਰ ਦੇ ਲਾਗੇ ਸੀ, ’ਤੇ ਮੋਰਚਾ ਮੱਲੀ ਬੈਠੇ ਸਾਂ। ਦਿਨ ਚੜ੍ਹਦੇ ਤੀਕ ਸਾਰੇ ਹੀ ਮੋਰਚੇ ਜੋ ਉੱਚੀ ਥਾਂ ਬਣਾਏ ਸਨ, ਤੋਪਾਂ ਦੇ ਗੋਲਿਆਂ ਨਾਲ ਨਸ਼ਟ ਕਰ ਦਿੱਤੇ ਸਨ। ਅਸੀਂ ਜੋ ਹੋਟਲ ਦੇ ਉੱਪਰ ਬੋਰੀਆਂ ਲਾ ਕੇ ਮੋਰਚੇ ਬਣਾਏ ਸਨ ਉਹ ਵੀ ਪੂਰੀ ਤਰ੍ਹਾਂ ਨਸ਼ਟ ਹੋ ਚੁੱਕੇ ਸਨ। ਇਥੇ ਇਹ ਗੱਲ ਵਰਨਣਯੋਗ ਹੈ ਕਿ ਜੋ ਮੋਰਚਾਬੰਦੀ 3 ਤਾਰੀਖ ਤੋਂ ਪਹਿਲਾਂ ਕੀਤੀ ਸੀ ਤੇ ਜਿਸ ਬਾਰੇ ਫੌਜ ਨੂੰ ਪਤਾ ਸੀ ਫੌਜ ਨੇ ਪਹਿਲੇ ਹੱਲੇ ਹੀ ਨਸ਼ਟ ਕਰ ਦਿੱਤੀ। ਸਿਰਫ ਉਹ ਹੀ ਮੋਰਚਾਬੰਦੀ ਕਾਇਮ ਰਹੀ ਜੋ 3 ਤਾਰੀਖ ਤੋਂ ਬਾਅਦ ਇੱਕਦਮ ਬਣਾਈ ਗਈ ਜਿਸ ਬਾਰੇ ਫੌਜ ਨੂੰ ਪਤਾ ਨਹੀਂ ਸੀ। ਜਰਨਲ ਸੁਬੇਗ ਸਿੰਘ ਨੇ ਜਿਹੜੇ ਮੋਰਚੇ 3 ਜੂਨ ਸਾਰੀ ਰਾਤ ਮਿਹਨਤ ਕਰਕੇ ਬਣਾਏ ਉਨ੍ਹਾਂ ਨੇ ਹੀ ਭਾਰਤੀ ਫੌਜ ਦਾ ਸਭ ਤੋਂ ਵੱਧ ਨੁਕਸਾਨ ਕੀਤਾ। ਅਸੀਂ ਥੱਲੇ ਮੰਜ਼ਿਲ ਵਲ ਆ ਕੇ ਅੰਦਰ ਕਮਰਿਆਂ ਵਿਚ ਨਵੇਂ ਮੋਰਚੇ ਬਣਾਏ ਅਤੇ ਉਨ੍ਹਾਂ ਵਿਚ ਸ਼ਸਤਰ ਲੈ ਕੇ ਮੋਰਚੇ ਸੰਭਾਲ ਲਏ ਪਰ ਗੋਲੀ ਇਤਨੀ ਆ ਰਹੀ ਸੀ ਕਿ ਸਾਥੋਂ ਗੋਲੀ ਨਹੀਂ ਸੀ ਚੱਲ ਰਹੀ। ਅਖੀਰ ਸਾਡਾ ਸੰਪਰਕ ਲੰਗਰ ’ਤੇ ਹੋਇਆ। ਭਾਈ ਅਮਰੀਕ ਸਿੰਘ, ਬਾਬਾ ਥਾਰਾ ਸਿੰਘ ਸਾਰੀ ਕਮਾਨ ਕਰ ਰਹੇ ਸਨ। ਇਥੇ ਸਿੰਧੀ ਹੋਟਲ ’ਤੇ ਹੀ ਸਾਨੂੰ ਇਨ੍ਹਾਂ ਮੁਖੀ ਸਿੰਘਾਂ ਨੇ ਸੁਨੇਹਾ ਭੇਜਿਆ ਕਿ ਤੁਸੀਂ ਸਿੰਧੀ ਹੋਟਲ ਛੱਡ ਕੇ ਲੰਗਰ ’ਤੇ ਆ ਜਾਓ। ਸਿੰਧੀ ਹੋਟਲ ’ਤੇ ਕਿਸੇ ਵੇਲੇ ਵੀ ਘੇਰਾ ਪੈ ਸਕਦਾ ਸੀ। ਅਸੀਂ ਤਕਰੀਬਨ 11 ਵਜੇ ਸਿੰਧੀ ਹੋਟਲ ਛੱਡ ਕੇ ਲੰਗਰ ’ਤੇ ਆ ਗਏ। ਲੰਗਰ ’ਤੇ ਇਕੱਠੇ ਹੋ ਕੇ ਸਾਰੇ ਸਿੰਘਾਂ ਨੇ ਵਿਚਾਰ ਕੀਤੀ ਅਤੇ ਸਾਰੇ ਸਿੰਘਾਂ ਨੂੰ ਵੱਖ-ਵੱਖ ਥਾਵਾਂ ’ਤੇ ਤਾਇਨਾਤ ਕਰ ਦਿੱਤਾ। ਮੈਨੂੰ ਨਾਲ ਦੇ ਸਿੰਘਾਂ ਸਮੇਤ ਉੱਚੇ ਬੁਰਜ ’ਤੇ ਡਿਊਟੀ ਦਿੱਤੀ ਗਈ ਪਰ ਜਦੋਂ ਅਸੀ ਸਾਰੇ ਉੱਚੇ ਬੁਰਜ ’ਤੇ ਗਏ ਤਾਂ ਉਥੇ ਗੋਲਿਆਂ ਦਾ ਮੀਂਹ ਵਰ੍ਹ ਰਿਹਾ ਸੀ। ਬੁਰਜ ਸਾਰਾ ਹਿੱਲ ਰਿਹਾ ਸੀ, ਇਸ ਤਰ੍ਹਾਂ ਲਗ ਰਿਹਾ ਸੀ ਕਿ ਕਿਸੇ ਵੇਲੇ ਵੀ ਇਹ ਡਿੱਗ ਸਕਦਾ ਹੈ। ਉਸ ਦੇ ਅੰਦਰ ਮਿੱਟੀ-ਘੱਟੇ ਨਾਲ ਦਮ ਘੁੱਟ ਰਿਹਾ ਸੀ। ਇੱਥੇ ਵੀ ਮੋਰਚਾ ਕਾਮਯਾਬ ਨਹੀਂ ਹੋਇਆ ਅਖੀਰ ਅਸੀਂ ਲੰਗਰ ’ਤੇ ਵਾਪਸ ਆ ਗਏ। ਗੋਲੀ ਇਤਨੀ ਚੱਲ ਰਹੀ ਸੀ ਕਿ ਕਿਸੇ ਵੀ ਪਾਸੋਂ ਮੋਰਚੇ ਵਿੱਚੋਂ ਬਾਹਰ ਨਹੀਂ ਸੀ ਆ ਸਕਦੇ। ਪਰ ਸਾਡੇ ਵੱਲੋਂ ਗੋਲੀ ਉਦੋਂ ਹੀ ਚਲਾਈ ਜਾਂਦੀ ਜਦੋਂ ਕੋਈ ਫੌਜੀ ਨਜ਼ਰ ਪੈਂਦਾ। ਸਾਡੇ ਸਾਰੇ ਸਿੰਘਾਂ ਦਾ ਆਪਸੀ ਸੰਪਰਕ ਸੀ। ਇਕ ਦੂਸਰੇ ਮੋਰਚੇ ਵਿੱਚ ਅਸੀਂ ਚਲੇ ਜਾਂਦੇ ਸਾਂ। ਜੇ ਕਿਸੇ ਕੋਲ ਗੋਲੀ ਸਿੱਕੇ ਦੀ ਕਮੀ ਹੁੰਦੀ ਤਾਂ ਦੇ ਲੈ ਸਕਦੇ ਸੀ। ਪੂਰੀ ਰਾਤ ਂਹਿਗੱਚ ਲੜਾਈ ਹੁੰਦੀ ਰਹੀ ਪਰ ਫੌਜ ਦੀ ਹਿੰਮਤ ਨਹੀਂ ਪਈ ਕਿ ਉਹ ਪੈਦਲ ਅੱਗੇ ਵਧ ਸਕੇ। ਅੱਧੀ ਰਾਤ ਵੇਲੇ ਚਾਰ ਹੈਲੀਕਾਪਟਰ ਦਰਬਾਰ ਸਾਹਿਬ ਉੱਪਰ ਮੰਡਰਾ ਰਹੇ ਸਨ। ਉਨ੍ਹਾਂ ਰਾਹੀਂ ਕਮਾਂਡੋ ਉਤਾਰਨ ਦਾ ਯਤਨ ਕੀਤਾ ਪਰ ਸਿੰਘਾਂ ਨੇ ਥੱਲਿਓਂ ਫਾਇਰਿੰਗ ਕਰਕੇ ਉਨ੍ਹਾਂ ਦੀ ਯੋਜਨਾ ਸਿਰੇ ਨਹੀਂ ਚੜ੍ਹਨ ਦਿੱਤੀ। ਲੰਗਰ ਦੇ ਉੱਪਰ ਵੀ ਇਕ ਹੈਲੀਕਾਪਟਰ ਕਾਫੀ ਚਿਰ ਰੁਕਿਆ ਰਿਹਾ। ਭਾਈ ਅਮਰੀਕ ਸਿੰਘ ਨੇ ਖੁਦ ਐਲ.ਐਮ.ਜੀ. ਲੈ ਕੇ ਇਸ ਉੱਤੇ ਫਾਇਰਿੰਗ ਕੀਤੀ ਅਤੇ ਇਹ ਵੀ ਕਮਾਂਡੋ ਨਹੀਂ ਉਤਾਰ ਸਕੇ। ਅਗਲੇ ਦਿਨ 5 ਤਰੀਕ ਨੂੰ ਲੰਗਰ ਉੱਤੇੇ ਯੋਜਨਾਬੰਦ ਤਰੀਕੇ ਨਾਲ ਫਾਇਰਿੰਗ ਹੋਣ ਲੱਗ ਪਈ। ਸਾਡੀ ਉਪਰਲੀ ਮੰਜ਼ਿਲ ਵਾਲੇ ਮੋਰਚੇ ਫੌਜ ਨੇ ਪੂਰੀ ਤਰ੍ਹਾਂ ਤਬਾਹ ਕਰ ਦਿੱਤੇ ਸਨ। ਕਈ ਸਿੰਘ ਸ਼ਹੀਦ ਹੋ ਗਏ ਸਨ ਤੇ ਕਈ ਫੱਟੜ ਹੋਏ ਪਏ ਸਨ। ਪਰ ਇਥੇ ਇਨ੍ਹਾਂ ਦੀ ਕੋਈ ਮੱਲ੍ਹਮ ਪੱਟੀ ਕਰਨ ਵਾਲਾ ਨਹੀਂ ਸੀ। ਪਰ ਗੁਰੂ ਸਾਹਿਬ ਦੀ ਇਤਨੀ ਕ੍ਰਿਪਾ ਸੀ ਕਿ ਗੋਲੀਆਂ ਨਾਲ ਫੱਟੜ ਹੋਣ ਵਾਲੇ ਸਿੰਘ ਵੀ ਲੜਨ ਵਾਲਿਆਂ ਨੂੰ ਹੌਂਸਲਾ ਦੇ ਰਹੇ ਸਨ ਕਿ ਤਕੜੇ ਹੋ ਕੇ ਲੜੋ। ਸਿੰਘਾਂ ਦੀਆਂ ਲਾਸ਼ਾਂ ਮੋਰਚਿਆਂ ਵਿਚ ਪਈਆਂ ਸਨ ਪਰ ਉੱਥੇ ਸਾਡਾ ਮਨ ਵੀ ਸ਼ਾਇਦ ਪੱਥਰ ਦਾ ਹੋ ਗਿਆ ਸੀ। ਮਨ ਵਿੱਚ ਇਹੋ ਸੀ ਕਿ ਜਿਤਨਾ ਚਿਰ ਸਵਾਸ ਹਨ ਅਸੀਂ ਲੜਨਾ ਹੈ । 5 ਤਰੀਕ ਸ਼ਾਮ ਨੂੰ ਭਾਈ ਅਮਰੀਕ ਸਿੰਘ ਹੁਰਾਂ ਨੇ ਅਕਾਲ ਤਖਤ ਸਾਹਿਬ ਜਾਣ ਦਾ ਪ੍ਰੋਗਰਾਮ ਬਣਾਇਆ। ਅਸੀਂ ਵੀ ਭਾਈ ਸਾਹਿਬ ਨਾਲ ਜਾਣ ਦੀ ਤਿਆਰੀ ਕੀਤੀ ਕਿਉਂਕਿ ਉਥੋਂ ਹੋਰ ਗੋਲੀ-ਸਿੱਕਾ ਲਿਆਉਣ ਦਾ ਪ੍ਰੋਗਰਾਮ ਸੀ। ਅਸੀਂ ਭਾਈ ਸਾਹਿਬ ਨਾਲ ਪ੍ਰਕਰਮਾਂ ਵਿੱਚ ਦੀ ਹੁੰਦੇ ਹੋਏ ਗੋਲੀਆਂ ਦੀ ਬੁਛਾੜ ਤੋਂ ਬੱਚਕੇ ਅਕਾਲ ਤਖਤ ਸਾਹਿਬ ਪਹੁੰਚੇ। ਅੱਗੋਂ ਸਾਨੂੰ ਸੰਤ ਮਹਾਂਪੁਰਸ਼ ਖੜ੍ਹੇ ਮਿਲੇ ਅਸੀਂ ਫਤਹਿ ਬੁਲਾਈ ਸੰਤਾਂ ਨੇ ਭਾਈ ਅਮਰੀਕ ਸਿੰਘ ਹੁਰਾਂ ਤੋਂ ਲੰਗਰ ਵਾਲੇ ਪਾਸੇ ਦਾ ਹਾਲ ਪੁੱਛਿਆ, ਸਾਨੂੰ ਵੀ ਪੁੱਛਿਆ ਕਿ “ਚੜ੍ਹਦੀ ਕਲਾ ਵਿੱਚ ਹੋ”। ਅਸੀਂ ਵੀ ਕਿਹਾ ਕਿ ਅਸੀਂ ਸਾਰੇ ਹੀ ਚੜ੍ਹਦੀ ਕਲਾ ਵਿੱਚ ਹਾ।” ਸੰਤਾਂ ਦੇ ਸਿਰ ’ਤੇ ਪੀਲੀ ਕੇਸੀ ਸੀ ਅਤੇ ਹੱਥ ਵਿੱਚ ਥਾਮਸਨ ਗੰਨ ਸੀ ਅਤੇ ਉਹ ਪੂਰੀ ਚੜ੍ਹਦੀ ਕਲਾ ਵਿੱਚ ਸਨ। ਅਸੀਂ ਦੱਸਿਆਂ ਕਿ ਅਸੀਂ ਗੋਲੀ-ਸਿੱਕਾ ਲੈਣ ਵਾਸਤੇ ਆਏ ਹਾਂ ਉਨ੍ਹਾਂ ਨੇ ਭਾਈ ਰਛਪਾਲ ਸਿੰਘ ਨੂੰ ਕਿਹਾ ਕਿ ਇਨ੍ਹਾਂ ਨੂੰ ਸਾਰਾ ਸਾਮਾਨ ਦਿੱਤਾ ਜਾਵੇ ਸਾਨੂੰ ਰਛਪਾਲ ਸਿੰਘ ਥੱਲੇ ਭੋਰੇ ਵਿੱਚ ਲੈ ਗਏ ਅਤੇ ਗੋਲੀ-ਸਿੱਕਾ ਜਿੰਨਾ ਵੀ ਸਾਥੋਂ ਚੁੱਕਿਆ ਗਿਆ ਲੈ ਕੇ ਵਾਪਸ ਲੰਗਰ ’ਤੇ ਪਹੁੰਚ ਗਏ। ਇਸ ਤੋਂ ਬਾਅਦ ਸਾਡਾ ਸੰਪਰਕ ਅਕਾਲ ਤਖਤ ਸਾਹਿਬ ਤੋਂ ਬਿਲਕੁਲ ਕੱਟਿਆ ਗਿਆ। ਅਸੀਂ ਲੋੜ ਅਨੁਸਾਰ ਗੋਲੀ-ਸਿੱਕਾ ਸਾਰੇ ਸਿੰਘਾਂ ਨੂੰ ਵੰਡ ਦਿੱਤਾ। ਸ਼ਾਮ ਵੇਲੇ ਅਸੀਂ ਤਕਰੀਬਨ ਲੰਗਰ ਉੱਤੇੇ 60-70 ਸਿੰਘ ਸਾਂ। ਚਾਰ ਚੁਫੇਰਿਉਂ ਅੰਧਾਧੰੁਦ ਗੋਲੀ ਚੱਲ ਰਹੀ ਸੀ। ਅਸੀਂ ਬਿਲਕੁਲ ਥੱਲੜੀ ਮੰਜ਼ਿਲ ਵਿਚ ਮੋਰਚੇ ਸੰਭਾਲ ਲਏ। ਹਨੇਰਾ ਹੁੰਦਿਆਂ ਹੀ ਫੌਜ ਨੇ ਤਿੰਨਾਂ ਪਾਸਿਆਂ ਤੋਂ (ਘੰਟਾ ਘਰ ਵਾਲੀ ਡਿਉੜੀ, ਬਾਬਾ ਦੀਪ ਸਿੰਘ ਵਾਲੀ ਡਿਉੜੀ ਤੇ ਲੰਗਰ ਵਾਲੀ ਸਾਈਡ) 400 ਟ੍ਰੇਂਡ ਕਮਾਂਡੋ ਜਿਨ੍ਹਾਂ ਨੂੰ ਸਪੈਸ਼ਲ ਟੇ੍ਰਨਿੰਗ ਦਿੱਤੀ ਗਈ ਸੀ ਅੰਦਰ ਦਾਖਲ ਕੀਤੇ। ਲੰਗਰ ਵਾਲੀ ਸਾਈਡ ਤੋਂ ਅਸੀਂ ਇਕ ਵੀ ਕਮਾਂਡੋ ਅੰਦਰ ਨਹੀਂ ਵੜਨ ਦਿੱਤਾ। ਦੂਸਰੇ ਪਾਸਿਓਂ ਵੀ ਜਿਤਨੇ ਵੀ ਕਮਾਂਡੋ ਅੰਦਰ ਆਏ ਉਨ੍ਹਾਂ ਵਿਚੋਂ ਇੱਕ ਵੀ ਬਚ ਕੇ ਵਾਪਸ ਨਹੀਂ ਗਿਆ। ਜਦੋਂ ਫੌਜ ਨੇ ਵੇਖ ਲਿਆ ਕਿ ਪੈਦਲ ਅਸੀਂ ਅੱਗੇ ਨਹੀਂ ਵਧ ਸਕਦੇ ਤਾਂ ਰਾਤ 11 ਵਜੇ ਟੈਂਕ ਅਤੇ ਬਖਤਰਬੰਦ ਗੱਡੀਆਂ ਸਰਾਂ ਵਾਲੇ ਪਾਸਿਓਂ ਅੰਦਰ ਵਾੜੇ। ਇਹ ਲੰਗਰ ਉੱਤੇੇ ਗੋਲਿਆਂ ਅਤੇ ਗੋਲੀਆਂ ਦਾ ਮੀਂਹ ਵਰ੍ਹਾ ਰਹੇ ਸਨ। ਆਖਰ ਅਸੀਂ ਲੰਗਰ ਦੀ ਪਿਛਲੀ ਸਾਈਡ ਤੋਂ ਬਾਬਾ ਥਾਰਾ ਸਿੰਘ, ਭਾਈ ਸੁਰਿੰਦਰ ਸਿੰਘ, ਭਾਈ ਮੇਜਰ ਸਿੰਘ, ਭਾਈ ਬਲਵਿੰਦਰ ਸਿੰਘ, ਭਾਈ ਸਵਰਨ ਸਿੰਘ, ਭਾਈ ਦਲਬੀਰ ਸਿੰਘ ਆਦਿ ਸਿੰਘਾਂ ਨੇ ਮਿਲ ਕੇ ਵਿਚਾਰ ਕੀਤਾ ਕਿ ਹੁਣ ਸਾਨੂੰ ਲੰਗਰ ਵਾਲੀ ਜਗ੍ਹਾ ਛੱਡ ਕੇ ਅਕਾਲ ਤਖਤ ਸਾਹਿਬ ਜਾਣਾ ਚਾਹੀਦਾ ਹੈ। ਇੱਥੇ ਭਾਈ ਸਵਰਨ ਸਿੰਘ ਨੇ ਅਰਦਾਸ ਵੀ ਕੀਤੀ ਕਿ “ਗੁਰੂ ਸਾਹਿਬ ਜੀਓ! ਸਾਨੂੰ ਬਲ ਬਖਸ਼ੋ ਅਸੀਂ ਇਨ੍ਹਾਂ ਦੁਸ਼ਮਣਾਂ ਨਾਲ ਲੋਹਾ ਲੈ ਸਕੀਏ।” ਰਾਤ ਨੂੰ 1 ਵਜੇ ਅਸੀਂ ਬ੍ਰਹਮਬੂਟਾ ਅਖਾੜੇ ਵਿੱਚ ਦੀ ਪਰਕਰਮਾ ਵੱਲ ਵਧੇ ਤਾਂ ਅੱਗੋਂ ਗੋਲੀਆਂ ਦਾ ਮੀਂਹ ਵਰ੍ਹ ਰਿਹਾ ਸੀ। ਭਾਈ ਸਵਰਨ ਸਿੰਘ ਤੇ ਭਾਈ ਦਲਬੀਰ ਸਿੰਘ ਨਾਲ ਵਾਲੇ ਕਮਰੇ ਨੂੰ ਹੋ ਗਏ। ਇਥੇ ਵੀ ਕਾਫੀ ਸਿੰਘ ਸਨ ਸਾਡੇ ਜਿਨ੍ਹਾਂ ਵਿਚ ਜ਼ਿਆਦਾ ਕਾਰ ਸੇਵਾ ਵਾਲੇ ਸਨ। ਇਥੇ ਇਹ ਵਰਣਨਯੋਗ ਹੈ ਕਿ ਇਹ ਕਾਰ ਸੇਵਾ ਵਾਲੇ ਕੋਈ 35 ਸਿੰਘ ਅਰਦਾਸ ਕਰਕੇ ਤੁਸੇ ਸੀ ਕਿ ਦਰਬਾਰ ਸਾਹਿਬ ਹਮਲੇ ਦੀ ਸੂਰਤ ਵਿੱਚ ਇਹ ਸ਼ਹੀਦ ਹੋਣਗੇ। ਇਨ੍ਹਾਂ ਵਿਚੋਂ ਸਿਰਫ 4 ਸਿੰਘ ਬਚੇ ਜੋ ਸਾਡੇ ਨਾਲ ਬਾਅਦ ਵਿੱਚ ਜੋਧਪੁਰ ਵਿੱਚ ਰਹੇ। ਬਾਕੀ ਸਭ ਸੂਰਮਗਤੀ ਨਾਲ ਜੂਝਦੇ ਹੋਏ ਸ਼ਹੀਦ ਹੋ ਗਏ। ਇਨ੍ਹਾਂ ਦੇ ਮੁਖੀ ਜਥੇਦਾਰ ਬਾਬਾ ਪਹਿਲਵਾਨ ਜਿਨ੍ਹਾਂ ਦਾ ਨਾਂ ਮੈਂ ਭੱੁਲ ਗਿਆ ਹਾਂ ਸਭ ਤੋਂ ਵੱਧ ਦਲੇਰਾਨਾ ਤਰੀਕੇ ਨਾਲ ਲੜੇ। ਸਾਥੋਂ ਭਾਈ ਮੇਜਰ ਸਿੰਘ ਜੀ ਨਾਗੋਕੇ ਵਿਛੜ ਕੇ, ਲੰਗਰ ਲਾਗੇ ਹੀ ਜੋ ਖੂਹ ਵਿੱਚ ਭੋਰਾ ਸੀ ਇਹ ਕੋਈ 5 ਸਿੰਘ ਸੀ ਭੋਰੇ ਵਿੱਚ ਉੱਤਰ ਗਏ। ਮੇਜਰ ਸਿੰਘ ਨੂੰ ਇਸ ਭੋਰੇ ਬਾਰੇ ਪਹਿਲੇ ਹੀ ਜਾਣਕਾਰੀ ਸੀ। ਅਸੀਂ ਇਕ ਦੋ ਵਾਰ ਪਹਲਿਾਂ ਵੀ ਭੋਰੇ ਵਿੱਚ ਗਏ ਸਾਂ। ਉਥੇ ਇਨ੍ਹਾਂ ਨੇ ਰਾਸ਼ਨ-ਪਾਣੀ ਰੱਖਿਆ ਸੀ। ਜਦੋਂ ਬਾਅਦ ਵਿੱਚ ਕੈਂਪਾ ਵਿੱਚ ਗਏ ਤਾਂ ਸਾਨੂੰ ਪਤਾ ਚੱਲਿਆ ਸੀ ਕਿ ਜਦੋਂ 9 ਜੂਨ ਨੂੰ ਗਿਆਨੀ ਜੈਲ ਸਿੰਘ ਦਰਬਾਰ ਸਾਹਿਬ ਆਇਆ ਸੀ ਤਾਂ ਇਸ ਭੋਰੇ ਵਿੱਚੋਂ ਇਸ ਉੱਤੇੇ ਫਾਇਰਿੰਗ ਕੀਤੀ ਗਈ। ਜਿਸ ਦੇ ਨਤੀਜੇ ਵਜੋਂ ਇਸ ਦਾ ਅੰਗ ਰੱਖਿਅਕ ਮਾਰਿਆ ਗਿਆ, ਪਰ ਇਹ ਆਪ ਬਚ ਗਿਆ। ਮੇਜਰ ਸਿੰਘ ਹੁਰਾਂ ਆਖੀਰ ਤਕ ਸੰਘਰਸ਼ ਕੀਤਾ। ਆਖਿਰ ਫੌਜ ਨੇ ਜ਼ਹਿਰੀਲੀ ਗੈਸ ਭੋਰੇ ਵਿੱਚ ਛੱਡ ਕੇ ਉਨ੍ਹਾਂ ਨੂੰ ਸ਼ਹੀਦ ਕੀਤਾ। ਮੇਜਰ ਸਿੰਘ ਦੀ ਨਿਰੰਕਾਰੀ ਗੁਰਬਚਨੇ ਕਾਂਡ ਵਿੱਚ ਵੀ ਅਹਿਮ ਭੂਮਿਕਾ ਸੀ ਜਿਸ ਬਾਰੇ ਆਮ ਸੰਗਤਾਂ ਨੂੰ ਨਹੀਂ ਪਤਾ। ਅਖੀਰ ਜਦੋਂ ਅਸੀਂ ਅਕਾਲ ਤਖਤ ਸਾਹਿਬ ਵੱਲ ਵਧੇ ਤਾਂ ਵੀਹ ਕੁ ਸਿੰਘ ਹੀ ਬਾਕੀ ਬਚੇ ਸਨ। ਬਾਕੀ ਸਾਰੇ ਸਿੰਘ ਸ਼ਹੀਦ ਹੋ ਗਏ। ਅਸੀਂ ਅਕਾਲ ਤਖਤ ਸਾਹਿਬ ਜਾਣ ਦੀ ਬਜਾਏ ਦੁਖ ਭੰਜਨੀ ਬੇਰੀ ਵੱਲ ਵਧੇ ਕਿਉਂਕਿ ਇੱਧਰ ਫਾਇਰਿੰਗ ਘੱਟ ਸੀ। ਦੁੁੱਖ ਭੰਜਨੀ ਬੇਰੀ ਵਿੱਚੋਂ ਬੀਬੀਆਂ ਦੇ ਇਸ਼ਨਾਨ ਕਰਨ ਦਾ ਪੋਣਾ ਹੈ। ਉੱਥੇ ਅਸੀਂ ਸਾਰੇ ਆਪਣੇ ਸ਼ਸਤਰ ਰੱਖ ਦਿੱਤੇ। ਇੱਥੇ ਕੋਈ ਮੋਰਚਾ ਵਗੈਰਾ ਨਹੀਂ ਹੋਣ ਕਰਕੇ ਅਸੀਂ ਲੜ ਨਹੀਂ ਸੀ ਸਕਦੇ। ਇਥੇ ਸਰੋਵਰ ਦਾ ਜਲ ਪੀ ਕੇ ਸਾਰੇ ਸਿੰਘਾਂ ਨੇ ਆਪਣੀ ਪਿਆਸ ਬੁਝਾਈ। ਸਾਡੇ ਕੋਲ ਥੋੜੀਆਂ ਗੋਲੀਆਂ ਹੀ ਬਚੀਆਂ ਸਨ ਬਾਕੀ ਤਕਰੀਬਨ ਖਤਮ ਹੋ ਚੁੱਕੀਆਂ ਸਨ। ਸਿਰਫ ਹਥਿਆਰ ਹੀ ਬਚੇ ਸਨ। ਅੰਮ੍ਰਿਤ ਵੇਲੇ ਤੋਂ ਹੀ ਸਲਾਹ ਬਣਾਉਂਦੇ ਰਹੇ ਕਿ ਸ੍ਰੀ ਅਕਾਲ ਤਖਤ ਸਾਹਿਬ ਕਿਸ ਤਰ੍ਹਾਂ ਜਾਇਆ ਜਾਵੇ? ਕਿਉਂਕਿ ਬਾਬਾ ਥਾਰਾ ਸਿੰਘ ਕਹਿ ਰਹੇ ਸਨ ਕਿ ਅਗਰ ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਪਹੁੰਚ ਜਾਈਏ ਤਾਂ ਉੱਥੇ ਸਾਨੂੰ ਗੋਲੀ-ਸਿੱਕੇ ਦੀ ਕੋਈ ਮੁਸ਼ਕਿਲ ਨਹੀਂ ਆਵੇਗੀ। ਰਾਤ ਭਰ ਟੈਂਕ ਖੜ੍ਹਾ ਸੀ ਜੋ ਲਗਾਤਾਰ ਗੋਲੇ ਵਰ੍ਹਾ ਰਿਹਾ ਸੀ। ਅਸੀਂ ਅੰਦਰ ਪੂਰੀ ਪੁਜ਼ੀਸ਼ਨ ਲੈ ਕੇ ਬੈਠੇ ਸਾਂ ਕਿ ਅਗਰ ਕੋਈ ਇੱਧਰ ਆਇਆ ਤਾਂ ਅਸੀਂ ਮਰਨ ਤੋਂ ਪਹਿਲਾਂ ਵੱਧ ਤੋਂ ਵੱਧ ਦੁਸ਼ਮਣ ਮਾਰ ਕੇ ਹੀ ਮਰਾਂਗੇ। ਭਾਈ ਸੁਰਿੰਦਰ ਸਿੰਘ ਤੇ ਭਾਈ ਬਲਵਿੰਦਰ ਸਿੰਘ ਸਮੇਤ 5 ਸਿੰਘਾਂ ਨੇ ਸਲਾਹ ਬਣਾਈ ਕਿ ਸਰੋਵਰ ਥਾਈਂ ਤੈਰ ਕੇ ਦਰਬਾਰ ਸਾਹਿਬ ਪਹੁੰਚਿਆ ਜਾਵੇ। ਉਪਰੰਤ ਸਿੰਘਾਂ ਨੇ ਸਰੋਵਰ ਥਾਈਂ ਤੈਰਨਾ ਸ਼ੁਰੂ ਕਰ ਦਿੱਤਾ ਪਰ ਅਸੀਂ ਵੇਖਿਆ ਕਿ ਉਨ੍ਹਾਂ ਸਿੰਘਾਂ ਵਿੱਚੋਂ ਕੋਈ ਵੀ ਦਰਬਾਰ ਸਾਹਿਬ ਨਹੀਂ ਪਹੁੰਚਿਆ। ਸਾਰੇ ਸਰੋਵਰ ਵਿੱਚ ਹੀ ਸ਼ਹੀਦ ਕਰ ਦਿੱਤੇ ਗਏ। 6 ਜੂਨ ਸਵੇਰੇ 9-10 ਵਜੇ ਅਚਾਨਕ ਜੈਕਾਰਿਆਂ ਦੀ ਅਵਾਜ਼ ਸੁਣਾਈ ਦਿੱਤੀ। ਅਸੀਂ ਸੋਚਿਆ ਕਿ ਸ਼ਾਇਦ ਬਾਹਰੋਂ ਸੰਗਤ ਆਈ ਹੈ। ਪਰ ਧਿਆਨ ਨਾਲ ਸੁਣਿਆ ਤਾਂ ਇਹ ਜੈਕਾਰਿਆਂ ਦੀ ਆਵਾਜ਼ ਸ੍ਰੀ ਅਕਾਲ ਤਖਤ ਸਾਹਿਬ ਤੋਂ ਆ ਰਹੀ ਸੀ। ਅਕਾਲ ਤਖਤ ਸਾਹਿਬ ਸਾਰਾ ਢਹਿ ਢੇਰੀ ਹੋ ਗਿਆ ਸੀ। ਅਖੀਰ ਸਾਨੂੰ ਬਾਬਾ ਥਾਰਾ ਸਿੰਘ ਨੇ ਕਿਹਾ ਕਿ ਹੁਣ ਟੈਂਕਾਂ ਨਾਲ ਗੋਲੀ ਦਾ ਕੋਈ ਮੁਕਾਬਲਾ ਨਹੀਂ। ਥਾਰਾ ਸਿੰਘ ਦੇ ਕਹਿਣ ਉੱਤੇੇ ਅਸੀਂ ਆਪਣੇ ਹਥਿਆਰ ਜੋ ਬਗੈਰ ਗੋਲੀ ਸਿੱਕੇ ਦੇ ਸਨ ਸਰੋਵਰ ਵਿੱਚ ਸੁੱਟ ਦਿੱਤੇ। ਬਾਬਾ ਥਾਰਾ ਸਿੰਘ ਨੇ ਇੱਥੇ ਅਰਦਾਸ ਕੀਤੀ ਕਿ ਬਾਹਰ ਨਿਕਲ ਕੇ ਸ਼ਹੀਦੀਆਂ ਪਾਵਾਂਗੇ। ਉਨ੍ਹਾਂ ਨੇ ਫਿਰ ਕਿਹਾ ਕਿ ਜੋ ਬਜ਼ੁਰਗ ਹਨ ਉਹ ਸਾਡੇ ਨਾਲ ਆ ਜਾਣ ਅਗਰ ਸਾਨੂੰ ਗ੍ਰਿਫਤਾਰ ਕਰ ਲਿਆ ਤਾਂ ਠੀਕ ਹੈ ਨਹੀਂ ਤਾਂ ਸ਼ਹੀਦੀਆਂ ਤਾਂ ਜ਼ਰੂਰ ਪਾਵਾਂਗੇ। ਮੇਰੇ ਚਾਚਾ ਜੀ ਵੀ ਇਨ੍ਹਾਂ ਦੇ ਨਾਲ ਬਾਹਰ ਨਿਕਲੇ। ਜਿਸ ਵੇਲੇ ਇਹ ਬਾਹਰ ਨਿਕਲੇ ਤਾਂ ਸਾਰੇ ਗੋਲੀਆਂ ਦੇ ਨਾਲ ਸ਼ਹੀਦ ਕਰ ਦਿੱਤੇ। ਅਸੀਂ ਫਿਰ ਵਾਪਿਸ ਉੱਥੇ ਆ ਗਏ ਪਰ ਫੌਜ ਨੂੰ ਪਤਾ ਲੱਗ ਗਿਆ ਸੀ ਕਿ ਹੋਰ ਬੰਦੇ ਇਸ਼ਨਾਨ ਘਰ ”ਚ ਹੀ ਬੈਠੇ ਹਨ। ਉਨ੍ਹਾਂ ਨੇ ਅਨਾਉਂਸਮੈਂਟ ਕਰਨੀ ਸ਼ੁਰੂ ਕਰ ਦਿੱਤੀ ਕਿ ਜੇ ਕੋਈ ਅੰਦਰ ਹੈ ਤਾਂ ਬਾਹਰ ਆ ਜਾਏ ਨਹੀਂ ਤਾਂ ਅਸੀਂ ਗੋਲਿਆਂ ਦੇ ਨਾਲ ਫਾਇਰਿੰਗ ਕਰਨ ਲੱਗੇ ਹਾਂ। ਫਿਰ 10 ਵਜੇ ਅਸੀਂ 15 ਕੁ ਸਿੰਘ ਅਤੇ ਕੁਝ ਸ਼ਰਧਾਲੂ ਸਾਰੇ ਬਾਹਰ ਨਿਕਲੇ ਪਰ ਐਤਕੀਂ ਅੱਗੋਂ ਫਾਇਰਿੰਗ ਫੌਜ ਨੇ ਨਹੀਂ ਕੀਤੀ। ਨਿਕਲਦਿਆਂ ਹੀ ਸਾਡੇ ਉੱਤੇੇ ਡਾਂਗਾਂ ਦਾ ਮੀਂਹ ਵਰ੍ਹਾ ਦਿੱਤਾ। ਇੱਥੇ ਮੇਰੀ ਨਜ਼ਰ ਬਾਬਾ ਥਾਰਾ ਸਿੰਘ ਅਤੇ ਮੇਰੇ ਚਾਚਾ ਜੀ ਦੀਆਂ ਲਾਸ਼ਾਂ ਉੱਤੇੇ ਪਈ ਜੋ ਸ਼ਹੀਦ ਹੋ ਚੁੱਕੇ ਸਨ। ਅਸੀਂ ਵਧੇ ਹੋਏ ਸਵਾਸਾਂ ਕਾਰਨ ਬਚ ਗਏ। ਇੱਥੇ ਸਾਡੀਆਂ ਬਾਹਵਾਂ ਸਿਰ ਦੇ ਪਟਕਿਆਂ ਨਾਲ ਪਿਛਲੇ ਪਾਸੇ ਬੰਨ੍ਹ ਕੇ ਇਤਨੀ ਮਾਰ ਕੁਟਾਈ ਕੀਤੀ ਕਿ ਕਈ ਸਿੰਘ ਜ਼ਖਮਾਂ ਦੀ ਤਾਬ ਨਾ ਸਹਾਰਦੇ ਹੋਏ ਸ਼ਹੀਦ ਹੋ ਗਏ। ਸਾਨੂੰ ਮੰਜੀ ਸਾਹਿਬ ਦੀਵਾਨ ਹਾਲ ਵਾਲੀ ਛਬੀਲ ਵਾਲੇ ਪਾਸੇ ਲੈ ਗਏ ਉਥੇ ਕਾਫੀ ਸਿੰਘ ਅਤੇ ਸ਼ਰਧਾਲੂ ਫੜ੍ਹ ਕੇ ਬਿਠਾਏ ਹੋਏ ਸਨ। ਸਾਨੂੰ ਵੀ ਪ੍ਰਕਰਮਾ ਵਿੱਚ ਉਨ੍ਹਾਂ ਦੇ ਨਾਲ ਹੀ ਬਿਠਾ ਦਿੱਤਾ। ਇੱਥੋਂ ਅਸੀਂ ਫੌਜੀਆਂ ਤੋਂ ਸੁਣਿਆ (ਜੋ ਠੁੱਡੇ ਮਾਰ ਕੇ ਕਹਿ ਰਹੇ ਸਨ) ਕਿ “ਤੁਹਾਡਾ ਭਿੰਡਰਾਂਵਾਲਾ ਟਾਈਗਰ ਮਾਰ ਦਿੱਤਾ ਹੈ ਤੇ ਅਸੀਂ ਲੜਾਈ ਜਿੱਤ ਲਈ ਹੈ।” ਪਰ ਅਸੀਂ ਚੁੱਪ ਸਾਹਮਣੇ ਅਕਾਲ ਤਖਤ ਸਾਹਿਬ ਵੱਲ ਵੇਖ ਰਹੇ ਸਾਂ। ਅਕਾਲ ਤਖਤ ਸਾਹਮਣੇ ਟੈਂਕ ਖੜ੍ਹੇ ਸਨ। ਸਾਡੇ ਬਿਲਕੁਲ ਮਗਰ ਇੱਕ ਟੈਂਕ ਖੜ੍ਹਾ ਸੀ। ਪਰਿਕਰਮਾ ਵਿੱਚ ਜਗ੍ਹਾ-ਜਗ੍ਹਾ ਟੈਂਕ ਖੜ੍ਹੇ ਸਨ। ਕਿਤੋਂ ਵੀ ਫਾਇਰਿੰਗ ਹੁੰਦੀ ਤਾਂ ਇਨ੍ਹਾਂ ਟੈਂਕਾਂ ਤੋਂ ਗੋਲੀਆਂ ਦਾ ਮੀਂਹ ਵਰ੍ਹਾ ਦਿੱਤਾ ਜਾਂਦਾ ਸੀ। ਇੱਥੇ ਹੀ ਸਾਨੂੰ ਸ਼ਾਮ ਪੈ ਗਈ। ਸ਼ਾਮ ਵੇਲੇ ਇੱਕ ਸੀਨ ਜੋ ਅੱਜ ਵੀ ਸਾਡੀਆਂ ਅੱਖਾਂ ਮੂਹਰੇ ਘੁੰਮਦਾ ਹੈ। ਇੱਕ ਬਿਹਾਰੀ ਫੌਜੀ ਬੀੜੀ ਪੀ ਕੇ ਸਰੋਵਰ ਵਿੱਚ ਸੁੱਟ ਰਿਹਾ ਸੀ ਉਸਦੇ ਕੋਲ ਹੀ ਸਰਦਾਰ ਫੌਜੀ ਖੜ੍ਹਾ ਸੀ। ਕਿਉਂਕਿ ਸਰਦਾਰ ਫੌਜੀ ਕਿਤੇ-ਕਿਤੇ ਨਜ਼ਰ ਆ ਰਹੇ ਸੀ। ਸਰਦਾਰ ਫੌਜੀ ਨੇ ਉਸ ਬਿਹਾਰੀ ਨੂੰ ਕਿਹਾ ਕੀ ਬੀੜੀ ਪੀ ਕੇ ਸਰੋਵਰ ਵਿੱਚ ਨਾ ਸੁੱਟ ਪਰ ਉਸਨੇ ਬੀੜੀ ਪੀ ਕੇ ਦੁਬਾਰਾ ਸਰੋਵਰ ਵਿੱਚ ਸੁੱਟੀ ਅਤੇ ਨਾਲ ਹੀ ਕਿਹਾ ਕਿ “ਕਿਆ ਕਰੋਗੇ ਤੁਮ”। ਉਸ ਸਰਦਾਰ ਨੇ ਆਪਣੀ ਕਾਰਬਾਈਨ ਨਾਲ ਉੱਥੇ ਹੀ ਭੁੰਨ ਦਿੱਤਾ। ਉਸ ਟੈਂਕ ਦੇ ਉੱਪਰ ਮਸ਼ੀਨਗੰਨ ਫਿੱਟ ਸੀ ਉਸ ਮਸ਼ੀਨਗੰਨ ਵਾਲੇ ਇੱਕ ਹੋਰ ਬਿਹਾਰੀ ਫੌਜੀ ਨੇ ਉਸ ਸਰਦਾਰ ਫੌਜੀ ਦਾ ਸਰੀਰ ਗੋਲੀਆਂ ਨਾਲ ਭੁੰਨ ਦਿੱਤਾ ਅਤੇ ਉਹ ਤੜਫਦਾ ਹੋਇਆ ਸਰੋਵਰ ਵਿੱਚ ਜਾ ਡਿੱਗਾ। ਥੋੜ੍ਹੇ ਚਿਰਾਂ ਵਿੱਚ ਹੀ ਉਸ ਫੌਜੀ ਦੀ ਲਾਸ਼ ਸਰੋਵਰ ਵਿੱਚ ਤੈਰ ਰਹੀ ਸੀ। ਉਸ ਵੇਲੇ ਬਿਹਾਰੀ ਕੈਪਟਨ ਨੇ ਹੁਕਮ ਦਿੱਤਾ ਕਿ ਇਨ੍ਹਾਂ ਸਾਰਿਆਂ ਉੱਤੇੇ ਟੈਂਕ ਚੜ੍ਹਾ ਕੇ ਇਨ੍ਹਾਂ ਨੂੰ ਮਾਰ ਦਿੱਤਾ ਜਾਵੇ। ਟੈਂਕ ਮੋੜ ਕੇ ਸਾਡੇ ਵੱਲ ਕੀਤਾ ਹੀ ਸੀ ਕਿ ਅਚਾਨਕ ਇੱਕ ਮੁਸਲਮਾਨ ਮੇਜਰ ਉੱਥੇ ਆ ਗਿਆ ਜਿਸਨੇ ਉੱਚੀ ਆਵਾਜ਼ ਵਿਚ ਕਿਹਾ ਕਿ “ਤੁਮ ਕਿਆ ਕਰ ਰਹੇ ਹੋ”। ਉਸ ਟੈਂਕ ਵਾਲੇ ਨੇ ਕਿਹਾ ਕਿ “ਹਮਾਰੇ ਕੈਪਟਨ ਸਾਹਿਬ ਨੇ ਹੁਕਮ ਦੀਆ ਹੈ ਕਿ ਇਨਕੋ ਮਾਰ ਡਾਲੋ।” ਤਾਂ ਉਸ ਮੇਜਰ ਮੁਸਲਮਾਨ ਨੇ ਉਸ ਸਮੇਂ ਕਿਹਾ ਕਿ ਇਨ੍ਹਾਂ ਸਾਰਿਆਂ ਦੀਆਂ ਲਿਸਟਾਂ ਬਣ ਚੁੱਕੀਆਂ ਹਨ। ਅਗਾਂਹ ਕਿਸੇ ਨੇ ਇਨ੍ਹਾਂ ਨੂੰ ਮਾਰਿਆਂ ਤਾਂ ਉਸਦੀ ਜਿੰਮੇਵਾਰੀ ਹੋਵੇਗੀ। ਅਖੀਰ ਉਸਨੇ ਹੁਕਮ ਕਰਕੇ ਉਨ੍ਹਾਂ ਸਾਰੇ ਬਿਹਾਰੀਆਂ ਦੀਆਂ ਡਿਊਟੀਆਂ ਬਦਲ ਕੇ ਨਵੇਂ ਲਗਾ ਦਿੱਤੇ ਅਤੇ ਸਾਡੀਆਂ ਲਿਸਟਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ। ਸਾਡੇ ’ਚੋਂ ਕਈਆਂ ਨੇ ਉਸ ਮੁਸਲਮਾਨ ਮੇਜਰ ਕੋਲੋਂ ਪਾਣੀ ਦੀ ਮੰਗ ਕੀਤੀ। ਪਰ ਅੱਗੋਂ ਇਹੋ ਹੀ ਉੱਤਰ ਮਿਿਲਆ ਕਿ ਤੁਹਾਡੀ ਜਾਨ ਹੀ ਬਚ ਜਾਵੇ ਤਾਂ ਬਹੁਤ ਹੈ। ਸਾਰੀ ਰਾਤ ਸਾਨੂੰ ਉੱਥੇ ਹੀ ਇਸੇ ਹਾਲ ’ਚ ਬਿਠਾਈ ਰੱਖਿਆ। ਰਾਤ ਨੂੰ ਮੇਜਰ ਖੁਦ ਆਪਣੇ ਸਾਥੀਆਂ ਸਮੇਤ ਕਈ ਵਾਰ ਆਇਆ ਅਤੇ ਸਾਡਾ ਹਾਲ-ਚਾਲ ਪੁੱਛ ਕੇ ਗਿਆ। ਸਵੇਰ ਵੇਲੇ ਸਾਨੂੰ ਸਾਰਿਆਂ ਨੂੰ ਖੜ੍ਹੇ ਹੋਣ ਦਾ ਹੁਕਮ ਦਿੱਤਾ ਪਰ ਸਾਰਿਆਂ ਦਾ ਸਰੀਰ ਮਾਰ ਦੇ ਨਾਲ ਟੁੱਟਾ-ਭੱਜਾ ਹੋਣ ਕਰਕੇ ਕਈ ਖੜ੍ਹੇ ਹੁੰਦੇ ਹੀ ਡਿੱਗ ਪੈਂਦੇ ਸਨ। ਪਰ ਉਨ੍ਹਾਂ ਨੂੰ ਹੋਰ ਮਾਰ ਪੈਂਦੀ ਸੀ। ਇੱਥੇ ਸਾਨੂੰ ਲਾਈਨਾਂ ਵਿੱਚ ਲਗਾ ਕੇ ਹੋਰਨਾਂ ਨਾਲ ਦੀਵਾਨ ਹਾਲ ਮੰਜੀ ਸਾਹਿਬ ਵਾਲੇ ਪਾਸੇ ਦੀ ਸਰਾਂ ਦੇ ਵੱਲ ਨੂੰ ਲੈ ਤੁਰੇ। ਅਸੀਂ ਵੇਖ ਰਹੇ ਸਾਂ ਕਿ ਜਗ੍ਹਾ-ਜਗ੍ਹਾ ਸ਼ਰਧਾਲੂਆਂ ਦੀਆਂ ਲਾਸ਼ਾਂ ਖਿਲਰੀਆਂ ਪਈਆਂ ਸਨ ਕਈ ਫੱਟੜ ਪਏ ਉੱਚੀ-ਉੱਚੀ ਕਰਾਹ ਰਹੇ ਸਨ। ਪਰ ਇਥੇ ਕੋਈ ਸੁਣਵਾਈ ਕਰਨ ਵਾਲਾ ਨਹੀਂ ਸੀ। ਫੌਜ ਵਾਲੇ ਸਿਰਫ ਫੌਜੀਆਂ ਦੀਆਂ ਲਾਸ਼ਾਂ ਜਾਂ ਫੱਟੜ ਹੀ ਉਠਾ ਕੇ ਖੜ ਰਹੇ ਸਨ। ਅੱਗੋਂ ਸਰਾਂ ਦੇ ਅਹਾਤੇ ਵਿੱਚ ਜਿਥੇ ਕਿ ਪਹਿਲਾਂ ਹੀ ਹੋਰ ਕਾਫੀ ਸ਼ਰਧਾਲੂ ਫੜ੍ਹ ਕੇ ਬਿਠਾਏ ਹੋਏ ਸਨ (ਤਕਰੀਬਨ 500 ਦੇ ਲਗਭਗ ਬੀਬੀਆਂ-ਬੱਚੇ ਸੀ) ਸਾਨੂੰ ਇਨ੍ਹਾਂ ਸਾਰਿਆਂ ਨਾਲ ਹੀ ਬਿਠਾ ਦਿੱਤਾ ਪਰ ਅਚਾਨਕ ਹੀ ਸਾਡੇ ਉੱਤੇ ਹੈਂਡ ਗਰਨੇਡ ਸੁੱਟਣੇ ਸ਼ੁਰੂ ਕਰ ਦਿੱਤੇ। ਮਿੰਟਾਂ ਵਿਚ ਹੀ ਸਰਾਂ ਦਾ ਅਹਾਤਾ ਖੂਨ ਨਾਲ ਭਰ ਗਿਆ। ਲੋਥਾਂ ਦੇ ਢੇਰ ਲੱਗ ਗਏ। ਨਾਲ ਹੀ ਫੌਜੀ ਫਾਇਰਿੰਗ ਵੀ ਕਰ ਰਹੇ ਸਨ ਕਿ ਕੋਈ ਇਨ੍ਹਾਂ ਵਿੱਚੋਂ ਬਚ ਨਾ ਜਾਵੇ। ਇੱਥੇ ਹੀ ਮੇਰਾ ਇਕ ਸਾਥੀ ਭਾਈ ਰਾਜ ਸਿੰਘ ਸ਼ਹੀਦ ਹੋ ਗਿਆ। ਪਰ ਮੈਂ ਮਾਮੂਲੀ ਫੱਟੜ ਹੋਣ ਉੱਤੇੇ ਫਿਰ ਬਚ ਗਿਆ। ਅਸੀਂ ਲਾਸ਼ਾਂ ਦੇ ਵਿੱਚ ਹੀ ਲਿਟੇ ਰਹੇ। ਕਾਫੀ ਚਿਰ ਪਿਛੋਂ ਜਦੋਂ ਗੋਲੀ ਬੰਦ ਹੋਈ ਤਾਂ ਅਸੀਂ ਸਰਾਵਾਂ ਵਿਚ ਜੋ ਕਮਰੇ ਹਨ ਉਨ੍ਹਾਂ ਵਿੱਚ ਵੜ ਗਏ ਇੱਥੇ ਹੀ ਇਕ ਬੀਬੀ ਜੋ ਗਰਨੇਡ ਨਾਲ ਫੱਟੜ ਸੀ ਅਤੇ ਉਸਦਾ ਛੋਟਾ ਬੱਚਾ ਕੋਲ ਪਿਆ ਉੱਚੀ-ੳੱੁਚੀ ਹੋ ਰਿਹਾ ਸੀ। ਉਸ ਬੀਬੀ ਨੂੰ ਆਪਣੀ ਪਰਵਾਹ ਨਹੀਂ ਸੀ ਤੇ ਉੱਚੀ ਆਵਾਜ਼ ਵਿੱਚ ਆਪਣੇ ਬੱਚੇ ਨੂੰ ਬਚਾਉਣ ਵਾਸਤੇ ਕਹਿ ਰਹੀ ਸੀ। ਪਰ ਥੋੜ੍ਹੇ ਸਮੇਂ ਵਿੱਚ ਹੀ ਗੋਲੀਆਂ ਨੇ ਉਸ ਬੀਬੀ ਤੇ ਬੱਚੇ ਦੀ ਆਵਾਜ਼ ਬੰਦ ਕਰ ਦਿੱਤੀ। ਛੋਟੇ ਛੋਟੇ ਮਾਸੂਮਾਂ ਨੂੰ ਵੀ ਜ਼ਾਲਮਾਂ ਨੇ ਨਹੀਂ ਬਖਸ਼ਿਆ। ਮਾਸ ਦੇ ਚਿਥੜੇ ਉੱਡ ਕੇ ਸਰਾਵਾਂ ਦੀਆਂ ਦੀਵਾਰਾਂ ਨਾਲ ਲੱਗੇ ਹੋਏ ਸਨ। ਕਾਫੀ ਸਮੇ ਬਾਅਦ ਫੌਜ ਨੇ ਫਿਰ ਅਨਾਉਂਸਮੈਂਟ ਕੀਤੀ ਕਿ ਜੋ ਵੀ ਕਮਰਿਆਂ ਵਿੱਚ ਬਚੇ ਹੋਏ ਹਨ ਉਹ ਬਾਹਰ ਆ ਜਾਣ। ਅਸੀਂ ਕਮਰਿਆਂ ਵਿੱਚ ਹੀ ਲਾਸ਼ਾਂ ਪਈਆਂ ਵੇਖੀਆਂ ਗਰਮੀ ਨਾਲ ਸਾਰੀਆਂ ਹੀ ਲਾਸ਼ਾਂ ਬਦਬੋ ਮਾਰ ਰਹੀਆਂ ਸਨ। ਅਸੀਂ ਅਨਾਉਂਸਮੈਂਟ ਸੁਣ ਕੇ ਬਾਹਰ ਆ ਨਿਕਲੇ ਤਾਂ ਅੱਗੋਂ ਜਿੱਥੇ ਹੋਰ ਕਾਫੀ ਸ਼ਰਧਾਲੂ ਬੈਠੇ ਹੋਏ ਸਨ ਇੱਥੇ ਅਸੀਂ ਵੇਖਿਆ ਕਿ ਜੋ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਲੀਡਰ ਸਨ ਉਹ ਵੀ ਬੈਠੇ ਸਨ। ਜੋ ਕਿ ਕਿਤੇ ਪਹਿਲੇ ਹੀ ਆ ਗਏ ਸਨ। ਬਲਵੰਤ ਸਿੰਘ ਰਾਮੂਵਾਲੀਆ ਨੂੰ ਅਸੀਂ ਵੇਖਿਆ ਕਿ ਉਹ ਸਭ ਦੀਆਂ ਲਿਸਟਾਂ ਵਗੈਰਾ ਬਣਾ ਰਿਹਾ ਸੀ। ਇਕ ਵਾਰ ਤਾਂ ਉਸਨੇ ਫੌਜੀ ਅਫਸਰ ਨਾਲ ਗੱਲ ਕਰਨੀ ਚਾਹੀ। ਪਰ ਅੱਗੋਂ ਉਸ ਅਫਸਰ ਨੇ ਜ਼ੋਰ ਦੀ ਥੱਪੜ ਰਾਮੂਵਾਲੀਆ ਦੇ ਮਾਰਿਆ ਅਤੇ ਉਸਦੀ ਪੱਗ ਵੀ ਲਾਹ ਦਿੱਤੀ ਤੇ ਉਹ ਉਥੇ ਹੀ ਸਾਡੇ ਕੋਲ ਥੱਲੇ ਬੈਠ ਗਿਆ ਭਾਵ ਕਿ ਕਿਸੇ ਦੀ ਨਹੀਂ ਸੀ ਚੱਲ ਰਹੀ। ਇੱਥੇ ਪਾਸ ਹੀ ਕਣਕ ਵਾਲੀਆਂ ਬੋਰੀਆਂ ਉੱਤੇੇ ਅਸੀਂ ਸਕੱਤਰ ਐਸ.ਜੀ.ਪੀ.ਸੀ. ਗੁਰਚਰਨ ਸਿੰਘ ਅਤੇ ਬੱਗਾ ਸਿੰਘ ਦੀਆਂ ਲਾਸ਼ਾਂ ਵੇਖੀਆਂ। ਜਿਨ੍ਹਾਂ ਬਾਰੇ ਸਾਨੂੰ ਨਾਲ ਹੀ ਬੈਠੇ ਦੋ ਸਿੰਘਾਂ ਨੇ ਦੱਸਿਆ ਕਿ ਕੁਝ ਸਰਦਾਰ ਫੌਜੀ ਆਏ ਸਨ ਤੇ ਸਾਡੇ ਵਿੱਚੋਂ ਦੋਵਾਂ ਨੂੰ ਉਠਾਲ ਕੇ ਲੈ ਗਏ ਅਤੇ ਸਾਡੇ ਸਾਹਮਣੇ ਹੀ ਉਨ੍ਹਾਂ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ। ਨਾਲ ਹੀ ਇਹ ਵੀ ਕਿਹਾ ਕਿ ਸਾਰੀ ਪੁਆੜੇ ਦੀ ਜੜ੍ਹ ਤਾਂ ਤੁਸੀ ਹੀ ਹੋ। ਇਸ ਤਰ੍ਹਾਂ ਸਰਦਾਰ ਫੌਜੀਆਂ ਉੱਤੇੇ ਵੀ ਬਿਹਾਰੀ ਸ਼ੱਕ ਕਰਦੇ ਸਨ ਕਿ “ਇਨ੍ਹਾਂ ਨੇ ਵੀ ਹਮਾਰੇ ਉਪਰ ਗੋਲੀ ਚਲਾਈ ਹੈ।” ਇਸ ਤਰ੍ਹਾਂ 7 ਜੂਨ ਦੀ ਰਾਤ ਇੱਥੇ ਹੀ ਪੈ ਗਈ। ਸਾਰੀ ਰਾਤ ਸਰਾਂ ਵਿਚੋਂ ਬੱਸਾਂ ਰਾਹੀਂ ਅੰਮ੍ਰਿਤਸਰ ਫੌਜੀ ਕੈਂਪਾਂ ਵਿੱਚ ਢੋਂਦੇ ਰਹੇ। ਅਖੀਰ ਸਾਡੀ ਵਾਰੀ ਵੀ ਆ ਗਈ ਅਤੇ ਸਾਨੂੰ ਵੀ ਇੱਕ ਬੱਸ ਵਿੱਚ ਭਰ ਕੇ ਅੰਮ੍ਰਿਤਸਰ ਫੌਜੀ ਛਾਉਣੀ ਲਿਜਾਇਆ ਗਿਆ। ਇੱਥੇ ਸਾਨੂੰ ਛੋਟੇ ਕਮਰਿਆਂ ਵਿੱਚ ਬੰਦ ਕਰ ਦਿੱਤਾ। ਇਹ ਕਮਰੇ ਅਸਲੇ ਵਾਲੇ ਸਨ ਅਤੇ ਬਹੁਤ ਹੀ ਤੰਗ ਸਨ ਅੰਦਰ ਕੋਈ ਪੱਖਾ ਵਗੈਰਾ ਨਹੀਂ ਸੀ। ਅਤੇ ਪਿਆਸ ਨਾਲ ਇਤਨਾ ਵਿਆਕੁਲ ਹੋਏ ਕਿ ਇੱਥੇ ਹੀ ਕਈ ਬੇਹੋਸ਼ੀ ਨਾਲ ਮਰ ਗਏ। ਭਾਈ ਸੁਨਾਮ ਸਿੰਘ ਮਨਾਵਾਂ ਵੀ ਇੱਥੋਂ ਹੀ ਸ਼ਹੀਦ ਹੋਏ। ਅਸੀਂ ਨੀਮ ਬੇਹੋਸ਼ੀ ਵਿੱਚ ਅੰਦਰ ਪਏ ਰਹੇ ਅਖੀਰ ਸਵੇਰੇ ਜਦੋਂ ਜ਼ਿਆਦਾ ਰੌਲਾ ਪਾਇਆ ਤਾਂ ਦਰਵਾਜ਼ਾ ਖੋਲਿਆ ਪਰ ਅੰਦਰੋਂ ਜਦੋਂ ਤੇਜ਼ੀ ਨਾਲ ਬਾਹਰ ਨਿਕਲੇ ਤਾਂ ਇੱਥੇ ਫਿਰ ਫੌਜ ਨੇ ਫਾਇਰਿੰਗ ਕਰ ਦਿੱਤੀ ਅਤੇ ਪਾਣੀ ਦੀ ਜਗ੍ਹਾ ਗੋਲੀਆਂ ਮਿਲੀਆਂ। ਕਾਫੀ ਸਿੰਘ ਇੱਥੇ ਹੀ ਸ਼ਹੀਦ ਹੋ ਗਏ। ਪਰ ਅਸੀਂ ਅੰਦਰ ਹੀ ਪਏ ਰਹੇ। 8 ਜੂਨ ਨੂੰ ਇੱਥੇ ਇੱਕ ਸਰਦਾਰ ਮੇਜਰ ਨੇ ਆ ਕੇ ਡਿਊਟੀ ਸੰਭਾਲੀ ਉਹ ਸ਼ਾਇਦ ਝਬਾਲ ਇਲਾਕੇ ਦਾ ਸੀ। ਅਤੇ ਜੋ ਬਿਹਾਰੀ ਸਨ ਉਹ ਸਾਰੇ ਬਦਲ ਦਿੱਤੇ ਸਨ। ਉਸਨੇ ਆਉਂਦੇ ਹੀ ਕਿਹਾ ਕਿ ਮੈਂ ਵੀ ਤੁਹਾਡੇ ਵਾਂਗ ਹੀ ਦੁਖੀ ਹਾਂ ਕਿਉਂਕਿ ਮੇਰੇ ਪਿਤਾ ਜੀ ਵੀ ਬਾਬਾ ਖੜਕ ਸਿੰਘ ਹੋਰਾਂ ਕੋਲ ਕਾਰ ਸੇਵਾ ਕਰਦੇ ਸਨ ਤੇ ਉਹ ਵੀ ਉੱਥੇ ਮਾਰੇ ਗਏ ਹਨ ਅਤੇ ਮੈਂ ਉਨ੍ਹਾਂ ਦੀ ਲਾਸ਼ ਲੱਭ ਕੇ ਪਿੰਡ ਸਸਕਾਰ ਕਰਕੇ ਅੱਜ ਹੀ ਆ ਰਿਹਾ ਹਾਂ। ਉਸਨੇ ਕਿਹਾ ਕਿ ਕਿਸੇ ਤਰ੍ਹਾਂ ਅੱਜ ਦਾ ਦਿਨ ਅਤੇ ਰਾਤ ਕੱਢ ਲਵੋ ਕੱਲ੍ਹ ਤੋਂ ਮੈਂ ਤੁਹਾਨੂੰ ਇੱਥੋਂ ਕੱਢਵਾ ਕੇ ਖੁੱਲ੍ਹੀਆਂ ਬੈਰਕਾਂ ਵਿੱਚ ਪਵਾ ਦਿਆਂਗਾ। ਅਖੀਰ ਅਸੀਂ 8 ਜੂਨ ਦਾ ਦਿਨ ਅਤੇ ਰਾਤ ਕੱਢੀ। 9 ਜੂਨ ਨੂੰ ਉਸਨੇ ਆਪਣੇ ਵਾਅਦੇ ਮੁਤਾਬਕ ਸਾਨੂੰ ਖੁੱਲ੍ਹੀਆਂ ਬੈਰਕਾਂ ਵਿੱਚ ਪਾ ਦਿੱਤਾ ਜਿਥੇ ਪੱਖੇ ਵਗੈਰਾ ਲੱਗੇ ਹੋਏ ਸਨ ਤੇ ਇੱਥੇ ਸਾਨੰੁ ਛੋਲੇ ਪੂਰੀਆਂ ਖਾਣ ਵਾਸਤੇ ਦਿੱਤੀਆਂ ਜੋ ਖਾਂਦੇ ਸਾਰ ਹੀ ਸਾਰਿਆਂ ਨੂੰ ਉਲਟੀਆਂ ਸ਼ੁਰੂ ਹੋ ਗਈਆਂ। ਉਸ ਮੇਜਰ ਨੇ ਡਾਕਟਰ ਬੁਲਾਏ ਜਦੋਂ ਡਾਕਟਰਾਂ ਨੇ ਸਾਨੂੰ ਚੈੱਕ ਕੀਤਾ ਤਾਂ ਉਸਨੇ ਕਿਹਾ ਕਿ ਇਨ੍ਹਾਂ ਦੇ ਮਿਹਦੇ ਅੰਦਰ ਗਰਮੀ ਪੈ ਗਈ ਹੈ ਤੇ ਇਨ੍ਹਾਂ ਨੂੰ ਚੌਲਾਂ ਦਾ ਪਾਣੀ ਨਮਕ ਪਾ ਕੇ ਦਿੱਤਾ ਜਾਵੇ। ਅਗਰ ਇਨ੍ਹਾਂ ਨੂੰ ਪਾਣੀ ਪਚ ਗਿਆ ਤਾਂ ਇਹ ਬਚ ਜਾਣਗੇ ਨਹੀਂ ਤਾਂ ਇਹ ਸਾਰੇ ਹੀ ਮਰ ਜਾਣਗੇ ਕਿਉਂਕਿ ਪਿਛਲੇ 4-5 ਦਿਨਾਂ ਤੋਂ ਕੁਝ ਵੀ ਨਹੀਂ ਸੀ ਖਾਧਾ। ਅਖੀਰ ਪਾਣੀ ਸਾਨੂੰ ਪਚਣਾ ਸ਼ੁਰੂ ਹੋ ਗਿਆ। ਫਿਰ ਸਾਨੂੰ ਚੋਲ 2-3 ਦਿਨ ਖਾਣ ਵਾਸਤੇ ਦਿੱਤੇ ਗਏ ਤਾਂ ਸਾਨੂੰ ਵੀ ਮਹਿਸੂਸ ਹੋਇਆ ਕਿ ਅਸੀਂ ਬਚ ਜਾਵਾਂਗੇ। ਫਿਰ ਇਥੇ ਹੀ ਸ਼ਰੂ ਹੋਇਆ ਸ਼ਨਾਖਤਾਂ ਦਾ ਸਿਲਸਿਲਾ। ਸਾਨੂੰ ਲਾਈਨਾਂ ਵਿੱਚ ਲਾ ਕੇ ਇੱਕ ਕਮਰੇ ਲਾਗਿਉਂ ਲੰਘਾਇਆ ਗਿਆ। ਜੋ ਸ਼ਰਧਾਲੂ ਸਨ ਉਨ੍ਹਾਂ ਨੂੰ ਇਕ ਪਾਸੇ ਅਤੇ ਜੋ ਸੰਤਾਂ ਨਾਲ ਰਲੇ ਸਨ ਉਨ੍ਹਾਂ ਨੂੰ ਇਕ ਪਾਸੇ। ਕੋਈ ਸੰਤਾਂ ਦੇ ਨਾਲ ਰਿਹਾ ਖਾਸ ਨਜ਼ਦੀਕੀ ਇਹ ਸ਼ਨਾਖਤ ਕਰਵਾ ਰਿਹਾ ਸੀ। ਬਾਕੀ ਅਸੀਂ ਵੇਖ ਰਹੇ ਸਾਂ ਕਿ ਸਾਰੇ ਸਿੰਘ ਜੋ ਸੰਤਾਂ ਨਾਲ ਰਹੇ ਜਾਂ ਲੜਦੇ ਰਹੇ ਉਹ ਸਾਡੇ ਵਾਲੇ ਪਾਸੇ ਆ ਗਏ ਸੀ ਜਿਨ੍ਹਾਂ ਵਿੱਚੋਂ ਮੁੱਖ ਤੌਰ ਉੱਤੇੇ ਧੰਨਾ ਸਿੰਘ, ਜੋਗਿੰਦਰ ਸਿੰਘ, ਪਰਸਾ ਸਿੰਘ, ਬਲਵਿੰਦਰ ਸਿੰਘ, ਤੇਜਾ ਸਿੰਘ, ਜਰਨੈਲ ਸਿੰਘ ਆਦਿ ਕਾਫੀ ਸਿੰਘ ਸਨ। ਅਸੀਂ ਤਕਰੀਬਨ 60 ਕੁ ਸਿੰਘ ਸਾਂ ਜੋ 2 ਕਮਰਿਆਂ ਵਿੱਚ ਬੰਦ ਸਾਂ ਇੱਥੇ ਇੱਕ ਮਹੀਨਾ ਵੱਖ-ਵੱਖ ਏਜੰਸੀਆਂ ਨੇ ਪੂਰਾ ਜ਼ੋਰ ਲਾਇਆ ਪਰ ਉਨ੍ਹਾਂ ਦੇ ਪੱਲੇ ਕਿਸੇ ਨੇ ਕੁਝ ਨਹੀਂ ਪਾਇਆ। ਅਖੀਰ ਸਾਨੂੰ ਨਾਭਾ ਜੇਲ੍ਹ ਲਿਆਂਦਾ ਗਿਆ। ਇੱਥੇ ਆ ਕੇ ਅਸੀਂ ਸੁਖ ਦਾ ਸਾਹ ਲਿਆ। ਪਰ ਇੱਥੇ ਨਾਭਾ ਜੇਲ੍ਹ ਦੇ ਅੰਦਰ ਹੀ ਅੱਠ ਚੱਕੀਆਂ ਵਿੱਚ ਇਨਟੈਰੋਗੇਸ਼ਨ ਸੈਂਟਰ ਖੋਲ੍ਹ ਲਏ। ਸਾਰੀਆਂ ਏਜੰਸੀਆਂ ਨੇ ਇੱਥੇ ਆ ਕੇ ਫਿਰ ਕੈਂਪਾਂ ਵਾਲਾ ਸਿਲਸਿਲਾ ਸ਼ੁਰੂ ਕਰ ਦਿੱਤਾ। ਇੱਥੇ ਜਦੋਂ ਹਟੇ ਤਾਂ ਸਾਡੇ ਉੱਤੇੇ ਰਿਮਾਂਡਾਂ ਦੀ ਵਾਰੀ ਆਈ ਅਨੇਕਾਂ ਕੇਸ ਸਾਡੇ ਉੱਤੇੇ ਪਾ ਦਿੱਤੇ ਅਤੇ ਦੋ ਸਾਲ ਵਾਸਤੇ ਐਨ.ਐਸ.ਏ(ਟਛਂ) ਲਾ ਦਿੱਤਾ। ਇੱਥੇ ਇਸਤੋਂ ਪਹਿਲਾਂ ਸਾਡੀਆਂ ਮੁਲਾਕਾਤਾਂ ਕਰਵਾਈਆਂ ਗਈਆਂ ਤਾਂ ਸਾਡੇ ਘਰ ਵਾਲਿਆਂ ਨੂੰ ਪਤਾ ਚੱਲਿਆ ਕਿ ਅਸੀਂ ਠੀਕ-ਠਾਕ ਹਾਂ। ਅਜੇ ਰਿਮਾਂਡਾਂ ਤੋਂ ਵਿਹਲੇ ਹੋਏ ਹੀ ਸਾਂ ਕਿ “ਲੱਧਾ ਕੋਠੀ” ਸੰਗਰੂਰ ਸਾਨੂੰ ਫਿਰ ਦੁਬਾਰਾ ਏਜੰਸੀਆਂ ਨੇ ਪੁੱਛ-ਗਿੱਛ ਸ਼ੁਰੂ ਕਰ ਦਿੱਤੀ। 2-3 ਗੱਲਾਂ ਮੁੱਖ ਤੌਰ ਉੱਤੇੇ ਪੁੱਛਦੇ ਸਨ ਕਿ ਸੰਤਾਂ ਕੋਲ ਹਥਿਆਰ ਕਿੱਥੋਂ ਆੳਂਦੇ ਸਨ ਤੇ ਤੁਹਾਡੇ ਵਿੱਚ ਕਿਹੜੇ- ਕਿਹੜੇ ਲੜਾਈ ਲੜਦੇ ਸਨ ਅਤੇ ਜੋ ਐਕਸ਼ਨ ਹੁੰਦੇ ਸਨ ਉਨ੍ਹਾਂ ਵਿੱਚ ਕਿਹੜੇ-ਕਿਹੜੇ ਆਦਮੀ ਸਨ? ਪਰ ਸਾਡਾ ਇਹੋ ਬਿਆਨ ਰਿਹਾ ਕਿ ਅਸੀਂ ਕਿਸੇ ਨੂੰ ਨਹੀਂ ਜਾਣਦੇ ਫਿਰ ਸਾਨੂੰ ਪਤਾ ਲੱਗਾ ਕਿ 60 ਸਿੰਘਾਂ ਨੂੰ ਕਾਲੇ ਪਾਣੀ ਭੇਜਣ ਦੀ ਸਕੀਮ ਹੈ ਅਤੇ ਉਨ੍ਹਾਂ ਦੀਆਂ ਲਿਸਟਾਂ ਵੀ ਬਣ ਚੁੱਕੀਆਂ ਸਨ ਪਰ ਅਚਾਨਕ ਅਕਤੂਬਰ ਵਿੱਚ ਗੁਰੂ ਦੇ ਲਾਲਾਂ ਨੇ ਇੰਦਰਾਂ ਨੂੰ ਸੋਧ ਦਿੱਤਾ ਤਾਂ ਏਜੰਸੀਆਂ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਨਾਭਾ ਜੇਲ੍ਹ ਵਿਚ ਸਿੰਘਾਂ ਦੇ ਚਿਹਰਿਆਂ ਉੱਤੇੇ ਇੱਕ ਅਜੀਬ ਚਮਕ ਦੇਖਣ ਨੂੰ ਮਿਲੀ ਤੇ ਨਾਲ ਹੀ ਖਾਲਸਾਈ ਤਵਾਰੀਖ ਦਾ ਸੱਚ ਵੀ ਸਾਹਮਣੇ ਆਇਆ। ਸ੍ਰੀ ਦਰਬਾਰ ਸਾਹਿਬ ਉੱਤੇੇ ਹਮਲੇ ਕਰਨ ਵਾਲਾ ਤੇ ਜ਼ਿੰਮੇਵਾਰ ਖਾਲਸੇ ਦੇ ਹੱਥੋਂ ਬਚ ਨਹੀਂ ਸਕਿਆ। ਸਾਡੇ ਉੱਤੇੇ ਵੀ ਜੋ ਪਿਛਲੇ ਪੰਜਾਂ ਮਹੀਨਿਆਂ ਤੋਂ ਕਹਿਰ ਹੋ ਰਿਹਾ ਸੀ। ਇਕਦਮ ਬੰਦ ਹੋ ਗਿਆ। ਫਿਰ ਦੁਬਾਰਾ ਨਵੀਆਂ ਲਿਸਟਾਂ ਬਣਾਈਆਂ ਗਈਆਂ। 379 ਬੰਦਿਆਂ ਨੂੰ ਬਂਾਵਤ ਦੇ ਕੇਸ ਵਿੱਚ ਫਿਟ ਕੀਤਾ ਗਿਆ ਅਤੇ ਜੋਧਪੁਰ ਜੇਲ੍ਹ ਜੋ ਸਪੈਸ਼ਲ ਸਾਡੇ ਵਾਸਤੇ ਤਿਆਰ ਕਰਵਾਈ ਸੀ ਭੇਜ ਦਿੱਤਾ ਗਿਆ। ਸਾਨੂੰ ਪਟਿਆਲੇ ਤੋਂ ਹਵਾਈ ਜਹਾਜ਼ ਰਾਹੀਂ ਮੰੂਹ ਉੱਤੇੇ ਬੁਰਕੇ ਪਾ ਕੇ ਲਿਜਾਇਆ ਗਿਆ। ਸਾਡੇ ਨਾਲ ਦੋ ਬੀਬੀਆਂ ਵੀ ਸਨ ਜਿਨ੍ਹਾਂ ਵਿੱਚ ਇੱਕ ਭਾਈ ਰਛਪਾਲ ਸਿੰਘ ਦੀ ਸਿੰਘਣੀ ਸੀ ਤੇ ਦੂਜੀ ਅੰਮ੍ਰਿਤਸਰ ਦੀ ਸੀ। ਜੋਧਪੁਰ ਜੇਲ੍ਹ ਅੰਦਰ ਹੀ ਕੋਰਟ ਬਣਾਈ ਗਈ ਸੀ। ਇੱਥੋਂ ਦਾ ਖਾਣਾ ਖਾ ਕੇ ਸਾਰੇ ਬਿਮਾਰ ਪੈ ਗਏ। ਪਰ ਹੌਲੀ-ਹੌਲੀ ਆਦਤ ਬਣ ਗਈ। ਇੱਥੇ ਅਸੀਂ ਪੰਜ ਸਾਲ ਕੱਟੇ ਤੇ ਅਖੀਰ 1989 ਵਿਚ ਯੂ.ਐਨ.ਓ. ਦੇ ਦਬਾਅ ਕਾਰਨ ਸਾਡੇ ਉੱਤੇੇ ਪਿਆ ਬਗਾਵਤ ਦਾ ਕੇਸ ਵਾਪਸ ਹੋ ਗਿਆ ਤਾਂ ਜਿਨ੍ਹਾਂ ਉੱਤੇੇ ਪੰਜਾਬ ਵਿੱਚ ਕੋਈ ਕੇਸ ਨਹੀਂ ਸੀ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਅਤੇ ਸਾਡੇ ਉੱਤੇੇ ਕੇਸ ਹੋਣ ਕਾਰਨ ਸਾਨੂੰ ਪੰਜਾਬ ਜਲੰਧਰ ਜੇਲ੍ਹ ਤਬਦੀਲ ਕਰ ਦਿੱਤਾ ਗਿਆ ਤੇ ਫਿਰ ਅੰਮ੍ਰਿਤਸਰ ਬਦਲ ਦਿੱਤਾ। ਥੋੜ੍ਹੇ ਸਮੇਂ ਬਅਦ ਮੈਂ ਆਪਣੇ ਕੇਸਾਂ ਵਿੱਚੋਂ ਜ਼ਮਾਨਤ ਕਰਵਾ ਕੇ ਬਾਹਰ ਆ ਗਿਆ। ਸਰਕਾਰ ਨੇ ਅਨੇਕਾਂ ਸਹੂਲਤਾਂ ਦਿੱਤੀਆਂ ਪਰ ਅਸੀਂ ਕੋਈ ਵੀ ਸਹੂਲਤ ਲੈਣ ਤੋਂ ਇਨਕਾਰ ਕਰ ਦਿੱਤਾ। ਇਸਤੋਂ ਉਪਰੰਤ 1990 ਵਿੱਚ ਫਿਰ ਰੂਪੋਸ਼ ਹੋ ਗਏ ਤੇ ਫਿਰ ਦੁਬਾਰਾ ਜੇਲ੍ਹ ਵਿੱਚ ਬੰਦ ਹਾਂ। ਗੁਰੂ ਕ੍ਰਿਪਾ ਕਰੇ ਉਸ ਦਿਨ ਦੀ ਉਡੀਕ ਵਿੱਚ ਹਾਂ ਕਿ ਕੋਈ ਸਹੀ ਆਗੂ ਆਵੇ ਅਤੇ ਪੰਥ ਨੂੰ ਚੜ੍ਹਦੀ ਕਲਾ ਵੱਲ ਲਿਜਾਵੇ।


ਉਪਰੋਕਤ ਲਿਖਤ ਪਹਿਲਾਂ 20 ਜੂਨ 2016 ਨੂੰ ਛਾਪੀ ਗਈ ਸੀ

– 0 –

ਜਖ਼ਮ ਨੂੰ ਸੂਰਜ ਬਣਨ ਦਿਓ …

ਜੂਨ 1984 ਦੇ ਘੱਲੂਘਾਰ ਬਾਰੇ ਇਸ ਖਾਸ ਲੇਖ ਲੜੀ ਤਹਿਤ ਛਪੀਆਂ ਹੋਰ ਰਚਨਾਵਾਂ ਪੜ੍ਹਨ/ਸੁਣ ਲਈ ਇਹ ਪੰਨਾ ਖੋਲ੍ਹੋ …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,