ਸਿਆਸੀ ਖਬਰਾਂ

ਬਾਦਲ ਪ੍ਰੋ. ਭੁੱਲਰ ਦੇ ਮਤੇ ਲਈ ਭਾਜਪਾ ਨੂੰ ਰਾਜ਼ੀ ਕਰਨ ਜਾਂ ਇਸ ਸਿੱਖ ਵਿਰੋਧੀ ਪਾਰਟੀ ਨਾਲੋਂ ਨਾਤਾ ਤੋੜਣ : ਪੰਚ ਪ੍ਰਧਾਨੀ

September 30, 2011 | By

bhullar free bhullarਫ਼ਤਿਹਗੜ੍ਹ ਸਾਹਿਬ (30 ਸਤੰਬਰ, 2011): ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਵਲੋਂ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸ਼ੀ ਦੀ ਸਜ਼ਾ ਰੱਦ ਕਰਵਾਉਣ ਲਈ ਪੰਜਾਬ ਵਿਧਾਨ ਸਭਾ ਵਿੱਚ ਮਤਾ ਪਾਸ ਕਰਵਾਉਣ ਤੋਂ ਪਿੱਛੇ ਹਟ ਜਾਣ ’ਤੇ ਪ੍ਰਤੀਕਰਮ ਪ੍ਰਗਟਾਉਂਦਿਆਂ ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ ਤੇ ਜਥੇਬੰਦਕ ਸਕੱਤਰ ਸ. ਸੰਤੋਖ ਸਿੰਘ ਸਲਾਣਾ ਨੇ ਕਿਹਾ ਕਿ ਬਾਦਲ ਪ੍ਰੋ. ਭੁੱਲਰ ਦੇ ਮੁੱਦੇ ’ਤੇ ਸਿਆਸਤ ਖੇਡ ਰਹੇ ਹਨ। ਉਨ੍ਹਾਂ ਨੂੰ ਚਾਹੀਦਾ ਹੈ ਕਿ ਇਸ ਮਤੇ ਦੀ ਹਿਮਾਇਤ ਕਰਨ ਲਈ ਉਹ ਅਪਣੀ ਸਹਿਯੋਗੀ ਪਾਰਟੀ ਭਾਜਪਾ ਨੂੰ ਰਾਜ਼ੀ ਕਰਨ ਜਾਂ ਫਿਰ ਪੰਜਾਬ ਅਤੇ ਪੰਥ ਦੇ ਹਿੱਤਾਂ ਲਈ ਭਾਜਪਾ ਨਾਲੋਂ ਅਪਣਾ ਨਾਤਾ ਤੋੜ ਲੈਣ। ਭੁੱਲਰ ਦੇ ਮੁੱਦੇ ’ਤੇ ਅਕਾਲੀ ਦਲ ਬਾਦਲ ਦਾ ਅਸਲੀ ਚਿਹਰਾ ਸਿੱਖ ਸੰਗਤਾਂ ਸਾਹਮਣੇ ਨੰਗਾ ਹੋ ਚੁੱਕਾ ਹੈ।ਇਹ ਸਪੱਸ਼ਟ ਹੋ ਚੁੱਕਾ ਹੈ ਕਿ ਕਿ ਅਕਾਲੀ ਦਲ ਬਾਦਲ ਨੇ ਭਾਜਪਾ ਅਤੇ ਆਰ.ਐਸ.ਐਸ. ਦਾ ਮੋਹਰਾ ਬਣ ਕੇ ਅਪਣੀ ਕੁਰਸੀ ਦੀ ਸਲਾਮਤੀ ਲਈ ਸਿੱਖ ਸਿਧਾਂਤਾਂ ਦਾ ਘਾਣ ਕੀਤਾ ਹੈ ਅਤੇ ਅਪਣੇ ਨਿੱਜ਼ੀ ਹਿੱਤਾਂ ਲਈ ਹਮੇਸਾਂ ਪੰਥ ਤੇ ਪੰਜਾਬ ਦੇ ਹਿੱਤ ਭਾਜਪਾ ਵਰਗੇ ਸਿੱਖ ਵਿਰੋਧੀਆਂ ਕੋਲ ਗਿਰਵੀ ਰੱਖੇ ਹਨ। ਉਕਤ ਆਗੂਆਂ ਨੇ ਕਿਹਾ ਕਿ ਪ੍ਰੋ. ਭੁੱਲਰ ਦੀ ਅਪੀਲ ਰਾਸ਼ਟਰਪਤੀ ਵਲੋਂ ਰੱਦ ਕਰ ਦਿੱਤੇ ਜਾਣ ਤੋਂ ਬਾਅਦ ਵੀ ਦੋ ਮਹੀਨਿਆਂ ਤੱਕ ਬਾਦਲਕਿਆਂ ਵਲੋਂ ਚੁੱਪ ਰਹਿਣਾ ਇਨ੍ਹਾਂ ਦੇ ਅਸਲ ਮਨਸ਼ਿਆਂ ਨੂੰ ਜੱਗ ਜ਼ਾਹਰ ਕਰਦਾ ਹੈ।ਪਹਿਲਾਂ ਜਦੋਂ ਪ੍ਰੋ. ਭੁੱਲਰ ਨੇ ਅਪਣੇ-ਆਪ ਨੂੰ ਤਿਹਾੜ ਜੇਲ੍ਹ ਦਿੱਲੀ ਤੋਂ ਪੰਜਾਬ ਦੀ ਕਿਸੇ ਜੇਲ੍ਹ ਵਿੱਚ ਤਬਦੀਲ ਕਰਵਾਉਣ ਦੀ ਅਪੀਲ ਕੀਤੀ ਸੀ ਤਾਂ ਬਾਦਲ ਸਰਕਾਰ ਨੇ ਉਸਨੂੰ ਖ਼ਤਰਨਾਕ ਅੱਤਵਾਦੀ ਤੇ ਪੰਜਾਬ ਦੀ ਸ਼ਾਂਤੀ ਲਈ ਖ਼ਤਰਾ ਦੱਸਦਿਆਂ ਉਨ੍ਹਾਂ ਨੂੰ ਪੰਜਾਬ ਤਬਦੀਲ ਕਰਨ ਦਾ ਵਿਰੋਧ ਕੀਤਾ ਸੀ।ਉਨ੍ਹਾ ਕਿਹਾ ਕਿ ਬਾਦਲਕਿਆਂ ਦੀ ਕਾਰਗੁਜ਼ਾਰੀ ਵੇਖ ਕੇ ਕਿਹਾ ਜਾ ਸਕਦਾ ਹੇ ਕਿ ਇਹ ਪ੍ਰੋ. ਭੁੱਲਰ ਨੂੰ ਖ਼ਤਰਨਾਕ ਅਤਵਾਦੀ ਗਰਦਾਨਣ ਵਾਲੇ ਅਪਣੇ ਹਲਫੀਆਂ ਬਿਆਨ ’ਤੇ ਅਜੇ ਵੀ ਕਾਇਮ ਹਨ ਤੇ ਉਨ੍ਹਾਂ ਦੀ ਸਜ਼ਾ ਰੱਦ ਕਰਵਾਉਣ ਵਿੱਚ ਬਾਦਲਕਿਆਂ ਦੀ ਕੋਈ ਦਿਲਚਸਪੀ ਨਹੀਂ। 1 ਮਈ 2011 ਨੂੰ ਇਸ ਮਸਲੇ ’ਤੇ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਜਥੇਦਾਰ ਅਕਾਲ ਤਖ਼ਤ ਦੀ ਸਰਪ੍ਰਸਤੀ ਹੇਠ ਸਮੁੱਚੀਆਂ ਪੰਥਕ ਪਾਰਟੀਆਂ ਦੀ ਇੱਕ ਮੀਟਿੰਗ ਵਿੱਚ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਪ੍ਰੋ. ਭੁੱਲਰ ਦੀ ਫਾਂਸ਼ੀ ਦੀ ਸਜ਼ਾ ਰੱਦ ਕਰਵਾਉਣ ਲਈ ਪੰਜਾਬ ਦੀਆਂ ਸਮੁੱਚੀਆਂ ਪੰਚਾਇਤਾਂ ਤੋਂ ਮਤੇ ਪਾਸ ਕਰਵਾ ਕੇ ਰਾਸ਼ਟਰਪਤੀ ਨੂੰ ਭੇਜਣ ਦਾ ਵਾਅਦਾ ਕੀਤਾ ਸੀ ਜਿਸ ਵਿੱਚ ਅਕਾਲੀ ਦਲ ਬਾਦਲ ਦੇ ਨੁਮਾਇੰਦੇ ਵੀ ਮੌਜ਼ੂਦ ਸਨ ਪਰ ਅੱਜ ਤੱਕ ਨਾ ਤਾਂ ਅਕਾਲੀ ਦਲ ਬਾਦਲ ਨੇ ਤੇ ਨਾ ਹੀ ਸ੍ਰੋਮਣੀ ਕਮੇਟੀ ਨੇ ਕੋਈ ਇੱਕ ਵੀ ਮਤਾ ਪਾਸ ਕਰਵਾ ਕੇ ਰਾਸ਼ਟਰਪਤੀ ਨੂੰ ਨਹੀਂ ਭੇਜਿਆ। ਪਰ ਮੀਡੀਏ ਵਿੱਚ ਹਮੇਸ਼ਾਂ ਅਪਣੇ ਆਪ ਨੂੰ ਭੁੱਲਰ ਦਾ ਹਿਮਾਇਤੀ ਦਰਸਾ ਕੇ ਸਿੱਖ ਕੌਮ ਨੂੰ ਗੁੰਮਰਾਹ ਕਰਨ ਦੀਆਂ ਕੋਸ਼ਿਸ਼ਾਂ ਅਕਸਰ ਹੋ ਰਹੀਆਂ ਹਨ। ਹੁਣ ਵਿਧਾਨ ਸਭਾ ਵਿੱਚ ਮਤਾ ਪਾਸ ਲਿਆਉਣ ਤੋਂ ਅਪਣਾ ਹੱਥ ਪਿੱਛੇ ਖਿੱਚ ਕੇ ਇਨ੍ਹਾਂ ਨੇ ਅਪਣੇ ਅਸਲ ਮਨਸੂਬੇ ਜ਼ਾਹਰ ਕਰ ਦਿੱਤੇ ਹਨ। ਸਿੱਖ ਪੰਥ ਨੂੰ ਇਨ੍ਹਾਂ ਦੀਆਂ ਕੋਝੀਆਂ ਚਾਲਾਂ ਅਤੇ ਗੁੰਮਰਾਹਕੁੰਨ ਪ੍ਰਚਾਰ ਤੋਂ ਸੁਚੇਤ ਰਹਿਣਾ ਚਾਹੀਦਾ ਹੈ। ਉਨ੍ਹਾਂ ਸਿੱਖ ਪੰਥ ਨੂੰ ਪ੍ਰੋ. ਭੁੱਲਰ ਦੀ ਫਾਂਸ਼ੀ ਦੀ ਸਜ਼ਾ ਰੱਦ ਕਰਵਾਉਣ ਲਈ ਵਿਧਾਨ ਸਭਾ ਵਿੱਚ ਮਤਾ ਪਾਸ ਕਰਵਾਉਣ ਵਾਸਤੇ 3 ਅਕਤੂਬਰ ਨੂੰ ਸਵੇਰੇ 10 ਵਜੇ ਗੁਰਦੁਅਰਾ ਅੰਬ ਸਾਹਿਬ ਫੇਸ 8 ਮੁਹਾਲੀ ਤੋਂ ਵਿਧਾਨ ਸਭਾ ਵਲ ਕੀਤੇ ਜਾ ਰਹੇ ਮਾਰਚ ਵਿੱਚ ਸ਼ਾਮਿਲ ਹੋਣ ਦੀ ਅਪੀਲ ਕੀਤੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,