ਖਾਸ ਖਬਰਾਂ

ਪ੍ਰੋ. ਭੁੱਲਰ ਦੇ ਹੱਕ ਵਿਚ ਮਤੇ ਲਈ ਵਿਧਾਨ ਸਭਾ ਵੱਲ ਮਾਰਚ 3 ਅਕਤੂਬਰ ਨੂੰ

September 29, 2011 | By

ਪੰਚ ਪ੍ਰਧਾਨੀ ਦੇ ਆਗੂ ਜਲੰਧਰ ਪ੍ਰੈਸ ਕਲੱਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ

ਪੰਚ ਪ੍ਰਧਾਨੀ ਦੇ ਆਗੂ ਜਲੰਧਰ ਪ੍ਰੈਸ ਕਲੱਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ

ਪੰਚ ਪਰਧਾਨੀ ਵਲੋਂ ਸ਼੍ਰੋਮਣੀ ਕਮੇਟੀ ਚੋਣਾਂ ਵਿਚ ਸੱਚ ‘ਤੇ ਦ੍ਰਿੜ ਰਹਿਣ ਵਾਲਿਆਂ ਦਾ ਧੰਨਵਾਦ

ਜਲੰਧਰ (29 ਸਤੰਬਰm 2011): ਅਕਾਲੀ ਦਲ ਪੰਚ ਪ੍ਰਧਾਨੀ ਨੇ ਸਿੱਖ ਵੋਟਰਾਂ ਦਾ ਸ਼੍ਰੋਮਣੀ ਕਮੇਟੀ ਚੋਣਾਂ ਵਿਚ ਪੰਚ ਪਰਧਾਨੀ ਦੇ ਉਮੀਦਵਾਰਾਂ ਨੂੰ ਵੱਡਾ ਹੁੰਗਾਰਾ ਦੇਣ ਲਈ ਧੰਨਵਾਦ ਕਰਦਿਆਂ ਕਿਹਾ ਕਿ ਸਰਕਾਰਾਂ ਦੇ ਇੰਨੇ ਦਬਾਵਾਂ ਦੇ ਬਾਵਜੂਦ ਪੰਥ ਦੇ ਸੁਚੇਤ ਹਿੱਸੇ ਨੇ ਸੱਚ ‘ਤੇ ਦ੍ਰਿੜ ਰਹਿ ਕੇ ਕੌਮੀ ਚੇਤਨਾ ਵਿਚ ਆਈ ਖੜੋਤ ਨੂੰ ਤੋੜਿਆ ਹੈ ਜਿਸ ਤੋਂ ਪਾਰਟੀ ਆਸਵੰਦ ਹੈ ਕਿ ਭਵਿੱਖ ਵਿਚ ਇਸ ਚੇਤੰਨਤਾ ਦਾ ਹੋਰ ਵਿਸਥਾਰ ਹੋਵੇਗਾ।ਇਹਨਾਂ ਚੋਣਾਂ ਵਿਚ ਭਾਰਤੀ ਸਟੇਟ ਨੇ  ਵੋਟਾਂ ਬਣਾਉਂਣ ਤੋਂ ਲੈ ਕੇ ਗਿਣਤੀ ਹੋਣ ਤੱਕ ਪੂਰਾ ਦਖਲ ਦੇ ਕੇ ਪੰਥ ਦੀਆਂ ਭਾਵਨਾਵਾਂ ਨੂੰ ਲਤਾੜਿਆ ਤੇ ਗੁਰੂ ਘਰਾਂ ਦਾ ਪ੍ਰਬੰਧ ਕੁਚੱਜੇ ਹੱਥਾਂ ਵਿਚ ਬਣਾਈ ਰੱਖਣ ਲਈ ਦੋਖੀਆਂ ਦਾ ਸਾਥ ਦਿੱਤਾ।ਭਾਰਤੀ ਸਟੇਟ ਵਲੋਂ ਜਿੱਥੇ ਬਾਦਲ ਦਲ ਏ ਟੀਮ ਵਜੋਂ ਵਿਚਰੀ ਉੱਥੇ ਮਾਨ ਦਲ ਨੇ ਮੌਜੂਦਾ ਭ੍ਰਿਸ਼ਟ ਤੇ ਅਨੈਤਿਕ ਪ੍ਰਬੰਧ ਨੂੰ ਹਟਾਉਂਣ ਲਈ ਕੀਤੇ ਗਏ ਯਤਨਾਂ ਵਿਚ ਸ਼ਾਮਲ ਨਾ ਹੋ ਕੇ ਤੇ ਵੱਖਰੇ ਤੌਰ ‘ਤੇ ਉਮੀਦਵਾਰਾਂ ਨੂੰ ਖੜ੍ਹਾ ਕਰਕੇ ਬਾਦਲ ਦੇ ਉਮੀਦਵਾਰਾਂ ਨੂੰ ਜਿਤਾਉਣ ਤੇ ਪੰਥਕ ਉਮੀਦਵਾਰਾਂ ਨੂੰ ਹਰਾਉਂਣ ਲਈ ਭਾਰਤੀ ਸਟੇਟ ਦੀ ਬੀ ਟੀਮ ਵਜੋਂ ਰੋਲ ਨਿਭਾਇਆ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਇੱਥੇ ਪ੍ਰੈਸ ਕਾਨਫਰੰਸ ਵਿਚ ਅਕਾਲੀ ਦਲ ਪੰਚ ਪਰਧਾਨੀ ਦੇ ਕੌਮੀ ਪੰਚ ਤੇ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਕੁਲਵੀਰ ਸਿੰਘ ਬੜਾਪਿੰਡ, ਕੌਮੀ ਪੰਚ ਭਾਈ ਦਇਆ ਸਿੰਘ ਕੱਕੜ, ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ, ਜਨਰਲ ਸਕੱਤਰ ਭਾਈ ਜਸਵੀਰ ਸਿੰਘ ਖੰਡੂਰ ਤੇ ਭਾਈ ਸੰਤੋਖ ਸਿੰਘ ਸਲਾਣਾ ਨੇ ਕੀਤਾ।

ਆਗੂਆਂ ਨੇ ਕਿਹਾ ਕਿ ਅਕਾਲੀ ਦਲ ਪੰਚ ਪਰਧਾਨੀ ਦੇ ਅਹੁਦੇਦਾਰ ਤੇ ਵਰਕਰ ਗੁਰੂ ਗ੍ਰੰਥ ਸਾਹਿਬ ਤੇ ਗੁਰੂ ਪੰਥ ਲਈ ਅਤੇ ਕੌਮੀ ਸੰਘਰਸ਼ ਲਈ ਜੂਝਦੇ ਰਹਿਣਗੇ ।

ਪ੍ਰੋ. ਭੁੱਲਰ ਦੇ ਹੱਕ ਵਿਚ ਮਤੇ ਲਈ ਗੁ: ਅੰਬ ਸਾਹਿਬ, ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਤੋਂ ਵਿਧਾਨ ਸਭਾ ਵੱਲ  ਮਾਰਚ 3 ਅਕਤੂਬਰ ਨੂੰ

ਆਗੂਆਂ ਨੇ ਪੰਜਾਬ ਵਿਧਾਨ ਸਭਾ ਵਿਚ ਬੈਠੀਆਂ ਪਾਰਟੀਆਂ ਨੂੰ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਲਈ 3-4-5 ਅਕਤੂਬਰ ਦੇ ਵਿਧਾਨ ਸਭਾ ਸੈਸ਼ਨ ਵਿਚ ਮਤਾ ਲਿਆਉਂਣ ਦੀ ਅਪੀਲ ਕਰਦਿਆਂ ਕਿਹਾ ਕਿ ਪ੍ਰੋ. ਭੁੱਲਰ ਦੀ ਰਿਹਾਈ ਦਾ ਮੁੱਦਾ ਸਮੁੱਚੀ ਸਿੱਖ ਕੌਮ, ਪੰਜਾਬੀਆਂ ਤੇ ਦੁਨੀਆਂ ਭਰ ਵਿਚ ਵਸਦੇ ਮਨੁੱਖੀ ਅਧਿਕਾਰਾਂ ਨੂੰ ਪਿਆਰ ਕਰਨ ਵਾਲੇ ਲੋਕਾਂ ਦੀਆਂ ਭਾਵਨਾਵਾਂ ਨਾਲ ਜੁੜਿਆ ਹੋਇਆ ਹੈ ਅਤੇ ਇਹੀ ਕਾਰਨ ਹੈ ਕਿ ਵੱਖ-ਵੱਖ ਮੁਲਕਾਂ ਦੀਆਂ ਪਾਰਲੀਮੈਂਟਾਂ ਵਿਚ ਪ੍ਰੋ. ਭੁੱਲਰ ਦੀ ਰਿਹਾਈ ਦੀ ਗੱਲ ਹੋ ਰਹੀ ਹੈ। ਤਾਂ ਫਿਰ ਪੰਜਾਬ ਵਿਧਾਨ ਸਭਾ ਇਸ ਬਾਰੇ ਚੁੱਪ ਕਿਉਂ ਹੈ?

ਪੰਚ ਪਰਧਾਨੀ ਦੇ ਆਗੂਆਂ ਨੇ ਪੰਜਾਬ ਵਿਧਾਨ ਸਭਾ ਵਿਚ ਪ੍ਰੋ. ਭੁੱਲਰ ਦੀ ਰਿਹਾਈ ਦੇ ਹੱਕ ਵਿਚ ਮਤੇ ਲਈ ਵਿਧਾਇਕਾਂ ਨੂੰ ਅਪੀਲ ਕਰਨ ਲਈ 3 ਅਕਤੂਬਰ 2011 ਦਿਨ ਸੋਮਵਾਰ ਨੂੰ ਸਵੇਰੇ 10 ਵਜੇ ਗੁਰਦੁਆਰਾ ਅੰਬ ਸਾਹਿਬ ਮੋਹਾਲੀ ਤੋਂ ਵਿਧਾਨ ਸਭਾ ਵੱਲ ਮਾਰਚ ਕਰਨ ਦਾ ਪ੍ਰੋਗਰਾਮ ਦਿੱਤਾ ਤੇ ਸਮੂਹ ਪੰਥ ਦਰਦੀਆਂ ਨੂੰ ਮਾਰਚ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , ,