
March 26, 2012 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ, ਪੰਜਾਬ (24 ਮਾਰਚ, 2012): ਸਿੱਖ ਸਿਆਸਤ ਨੂੰ ਮਿਲੀ ਤਾਜਾ ਜਾਣਕਾਰੀ ਅਨੁਸਾਰ ਅੱਜ ਪੰਜਾਬ ਦੇ ਮੁੱਖ ਮੰਤਰੀ ਤੇ ਬਾਦਲ ਦਲ ਦੇ ਸਰਪ੍ਰਸਤ ਪਰਕਾਸ਼ ਸਿੰਘ ਬਾਦਲ ਨੇ ਪੰਜਾਬ ਵਿਧਾਨ ਸਭਾ ਵਿਚ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੇ ਮਾਮਲੇ ਵਿਚ ਭਾਰਤ ਦੀ ਰਾਸ਼ਟਰਪਤੀ ਪ੍ਰਤਿਭਾ ਪਾਟਲ ਨੂੰ ਮਿਲਣ ਦੀ ਗੱਲ ਕੀਤੀ ਹੈ।
ਦੱਸਿਆ ਜਾ ਰਿਹਾ ਹੈ ਕਿ ਬਾਦਲ ਨੇ ਅੱਜ ਵਿਧਾਨ ਸਭਾ ਵਿਚ ਇਕ ਪਹਿਲਾਂ ਤੋਂ ਲਿਖਤੀ ਬਿਆਨ ਪੜ੍ਹ ਕੇ ਸੁਣਾਇਆ ਜਿਸ ਵਿਚ ਬਾਦਲ ਨੇ ਵਿਧਾਨ ਸਭਾ ਨੂੰ ਭਰੋਸਾ ਦਵਾਇਆ ਕਿ ਪਟਿਆਲਾ ਦੀ ਕੇਂਦਰੀ ਜੇਲ੍ਹ ਵਿਚ 31 ਮਾਰਚ, 2012 ਨੂੰ ਦਿੱਤੀ ਜਾਣ ਵਾਲੀ ਫਾਂਸੀ ਦੀ ਉਡੀਕ ਕਰ ਰਹੇ ਬਲਵੰਤ ਸਿੰਘ ਰਾਜੋਆਣਾ ਦੇ ਮਮਾਲੇ ਵਿਚ ਪੰਜਾਬ ਸਰਕਾਰ ਹਰ ਫਾਂਸੀ ਰੱਦ ਕਰਵਾਉਣ ਲਈ ਹਰ ਕਾਨੂੰਨੀ ਅਤੇ ਸੰਵਿਧਾਨਕ ਚਾਰਾਜੋਈ ਕਰੇਗੀ ਤਾਂ ਕਿ ਪੰਜਾਬ ਵਿਚ ਅਮਨ ਕਾਨੂੰਨ ਦੀ ਹਾਲਤ ਸਹੀ ਬਣੀ ਰਹੇ।
ਪਰਕਾਸ਼ ਸਿੰਘ ਬਾਦਲ ਨੇ ਪੰਜਾਬ ਵਿਧਾਨ ਸਭਾ ਵਿਚ ਫਾਂਸੀ ਵਿਰੁਧ ਮਤਾ ਪਾਸ ਕਰਨ ਬਾਰੇ ਕੋਈ ਗੱਲ ਨਹੀਂ ਕੀਤੀ। ਇਥੇ ਇਹ ਦੱਸਣਯੋਗ ਹੈ ਕਿ ਕੁਝ ਮਹੀਨੇ ਪਹਿਲਾਂ ਤਮਿਲਨਾਡੂ ਵਿਧਾਨ ਸਭਾ ਨੇ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ ਮਾਰਨ ਦੇ ਦੋਸ਼ਾਂ ਵਿਚ ਫਾਂਸੀ ਦੀ ਸਜਾ ਦਾ ਸਾਹਮਣਾ ਕਰ ਹੈ ਤਿੰਨ ਤਮਿਲਾਂ ਦੀ ਫਾਂਸੀ ਰੱਦ ਕਰਨ ਲਈ ਮਤਾ ਪਾਸ ਕੀਤਾ ਗਿਆ ਸੀ ਤੇ ਪੰਜਾਬ ਦੇ ਲੋਕ ਚਾਹੁੰਦੇ ਹਨ ਕਿ ਪੰਜਾਬ ਵਿਧਾਨ ਸਭਾ ਵੀ ਅਜਿਹਾ ਮਤਾ ਪਾਸ ਕਰਕੇ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਕੇਂਦਰ ਤੱਕ ਪਹੁੰਚਾਏ। ਇਹ ਸਹੀ ਹੈ ਕਿ ਇਹ ਮਤੇ ਕਾਨੂੰਨੀ ਤੌਰ ਉੱਤੇ ਘੱਟ ਹੀ ਮਾਨਤਾ ਰੱਖਦੇ ਹਨ ਤੇ ਇਹ ਜਰੂਰੀ ਨਹੀਂ ਹੈ ਕਿ ਇਨ੍ਹਾਂ ਉਤੇ ਕਾਰਵਾਈ ਕਰਦਿਆਂ ਫਾਂਸੀ ਦੀ ਸਜ਼ਾ ਰੱਦ ਕਰ ਦਿੱਤੀ ਜਾਵੇ ਪਰ ਇਨ੍ਹਾਂ ਮਤਿਆਂ ਦਾ ਆਪਣਾ ਸਿਆਸੀ, ਸਮਾਜਕ ਤੇ ਇਤਿਹਾਸਕ ਮਹੱਤਵ ਹੁੰਦਾ ਹੈ ਕਿਉਂਕਿ ਇਸ ਰਾਹੀਂ ਲੋਕ ਤੰਤਰੀ ਢਾਂਚੇ ਦਾ ਅਹਿਮ ਅੰਗ ਵਿਧਾਨ ਸਭਾ ਆਪਣੇ ਲੋਕਾਂ ਦੀਆਂ ਭਾਵਨਾਵਾਂ ਨੂੰ ਦਸਤਾਵੇਜ਼ੀ ਰੂਪ ਦੇ ਦਿੰਦੀ ਹੈ। ਪੰਜਾਬ ਦੇ ਨਿੱਘਰੇ ਸਿਆਸੀ ਮਹੌਲ ਵਿਚ ਘੱਟ ਹੀ ਆਸ ਹੈ ਕਿ ਬਾਦਲ ਸਰਕਾਰ ਜਾਂ ਪੰਜਾਬ ਦੇ ਵਿਧਾਨਕਾਰ ਭਾਈ ਰਾਜੋਆਣਾ ਦੀ ਫਾਂਸੀ ਰੱਦ ਕਰਵਾਉਣ ਲਈ ਅਜਿਹਾ ਉਪਰਾਲਾ ਕਰਨਗੇ।
Related Topics: Bhai Balwant Singh Rajoana, Punjab Government, ਸ਼੍ਰੋਮਣੀ ਅਕਾਲੀ ਦਲ (ਬਾਦਲ) Shiromani Akali Dal (Badal)