June 10, 2020 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ – ਸਿੱਖ ਸਿਆਸਤ ਦੀ ਅੰਗਰੇਜ਼ੀ ਵਿੱਚ ਖਬਰਾਂ ਦੀ ਵੈਬਸਾਈਟ ‘ਸਿੱਖ ਸਿਆਸਤ ਡਾਟ ਨੈਟ’ ਪੰਜਾਬ ਅਤੇ ਭਾਰਤ ਵਿਚ ਰੋਕੀ ਜਾ ਰਹੀ ਹੈ ਜਦਕਿ ਬਾਕੀ ਸਾਰੀ ਦੁਨੀਆਂ ਵਿਚ ਇਹ ਵੈਬਸਾਈਟ ਨਿਰੰਤਰ ਚੱਲ ਰਹੀ ਹੈ। ਸਿੱਖ ਸਿਆਸਤ ਦੇ ਤਕਨੀਕੀ ਜਥੇ ਨੇ ਪਾਠਕਾਂ ਵੱਲੋ ਇਹ ਵੈਬਸਾਈਟ ਖੋਲ੍ਹਣ ਦੀਆਂ ਕੋਸ਼ਿਸ਼ਾਂ ਦੇ ਨਤੀਜੇ ਦੀ ਨਿੱਠ ਕੇ ਘੋਖ ਕੀਤੀ ਹੈ ਜਿਸ ਤੋਂ ਇਹ ਗੱਲ ਸਾਹਮਣੇ ਆਈ ਹੈ ਭਾਰਤ ਵਿੱਚ ਇੰਟਰਨੈਟ ਕੰਪਨੀਆਂ ਵੈਬਸਾਈਟ ਤੱਕ ਪਹੁੰਚ ਨੂੰ ਰੋਕ ਰਹੀਆਂ ਹਨ। ਪਰ ਸਾਨੂੰ ਕਿਸੇ ਵੀ ਇੰਟਰਨੈਟ ਕੰਪਨੀ ਜਾਂ ਕਿਸੇ ਵੀ ਸਰਕਾਰ ਜਾਂ ਸਰਕਾਰੀ ਅਦਾਰੇ ਜਾਂ ਅਥਾਰਟੀ ਵੱਲੋਂ ਹਾਲੀ ਤੱਕ ਕੋਈ ਵੀ ਜਾਣਕਾਰੀ ਜਾਂ ਨੋਟਿਸ ਨਹੀਂ ਮਿਲਿਆ।
ਦੱਸ ਦੇਈਏ ਕਿ ਸਾਲ ੨੦੧੫ ਵਿੱਚ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਨੇ ਬਰਗਾੜੀ ਬੇਅਦਬੀ ਮਾਮਲੇ ਅਤੇ ਸਾਕਾ ਬਹਿਬਲ ਕਲਾਂ ਤੋਂ ਬਾਅਦ ਕੇਂਦਰ ਦੀ ਸੂਚਨਾ ਤੇ ਪ੍ਰਸਾਰਣ ਵਜ਼ਾਰਤ ਤਹਿ ਬਣੀ ਇਕ ਉੱਚ ਪੱਧਰੀ ਕਮੇਟੀ ਕੋਲ ਸ਼ਿਕਾਇਤ ਕਰਕੇ ਸਿੱਖ ਸਿਆਸਤ ਡਾਟ ਨੈਟ ਉੱਤੇ ਰੋਕ ਲਵਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਉਸ ਕਮੇਟੀ ਨੇ ਸਿੱਖ ਸਿਆਸਤ ਨੂੰ ਆਪਣਾ ਪੱਖ ਪੇਸ਼ ਕਰਨ ਦਾ ਸੱਦਾ ਦਿੱਤਾ ਸੀ। 27 ਅਕਤੂਬਰ 2015 ਨੂੰ ਦਿਲੀ ਦੇ ਇਲੈਕਟਰਾਨਿਕ ਨਿਕੇਤਨ ਵਿਖੇ ਹੋਈ ਇਕੱਤਰਤਾ ਵਿੱਚ ਸਾਡਾ ਪੱਖ ਸੁਣਨ ਤੋਂ ਬਾਅਦ ਕਮੇਟੀ ਨੇ ਸਿੱਖ ਸਿਆਸਤ ਦੇ ਪੱਖ ਨਾਲ ਸਹਿਮਤੀ ਪ੍ਰਗਟਾਈ ਸੀ ਅਤੇ ਪੰਜਾਬ ਸਰਕਾਰ ਤੇ ਪੁਲਿਸ ਦੀ ਸ਼ਿਕਾਇਤ ਉੱਤੇ ਅਮਲ ਨਹੀਂ ਸੀ ਕੀਤਾ। ਪਰ ਇਸ ਵਾਰ ਸਿੱਖ ਸਿਆਸਤ ਨੂੰ ਕੋਈ ਨੋਟਿਸ ਜਾਂ ਪੱਖ ਪੇਸ਼ ਕਰਨ ਲਈ ਸੱਦਾ ਨਹੀਂ ਦਿੱਤਾ ਗਿਆ ਜਿਸ ਦੇ ਮੱਦੇਨਜ਼ਰ ਅਸੀਂ ਇਹ ਸੰਭਾਵਨਾ ਤੋਂ ਇਨਕਾਰ ਨਹੀਂ ਕਰਦੇ ਕਿ ਇਹ ਰੋਕ ਅਣਅਧਿਕਾਰਿਤ ਤਰੀਕੇ ਨਾਲ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਇਹ ਰੋਕ ੬ ਜੂਨ ੨੦੨ ਵਾਲੇ ਦਿਨ ਸਾਡੇ ਧਿਆਨ ਵਿੱਚ ਆਈ ਸੀ ਤੇ ਇਹ ਅੱਜੇ ਤੱਕ ਵੀ ਜਾਰੀ ਹੈ। ਅਸੀਂ ਇਸ ਪਾਬੰਦੀ ਦੇ ਕਾਰਨਾਂ ਦੀ ਸ਼ਨਾਖਤ ਕਰਨ ਤੇ ਇਸ ਦਾ ਹੱਲ ਲੱਭਣ ਲਈ ਜਾਣਕਾਰੀ ਇੱਕਤਰ ਕਰ ਰਹੇ ਹਾਂ ਤੇ ਮੌਜੂਦ ਵੱਖ-ਵੱਖ ਵਿਕਲਪਾਂ ਤੇ ਵਿਚਾਰ ਕਰ ਰਹੇ ਹਾਂ।
ਪਰਮਜੀਤ ਸਿੰਘ
ਸੰਪਾਦਕ
ਸਿੱਖ ਸਿਆਸਤ।
Related Topics: Badal Dal, Capt. Amarinder Singh, Parmjeet Singh Gazi, Punjab Government, Sikh Siyasat, Sikh Siyasat News