ਵਿਦੇਸ਼

ਬਾਦਲ ਖਿਲਾਫ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਕੇਸ ਵਿਦੇਸ਼ਾਂ ਵਿਚ ਅਕਾਲੀ ਦਲ (ਬ) ਦੀ ਸਿਆਸੀ ਮੌਤ ਦਾ ਕਾਰਨ ਬਣਿਆ: ਸਿਖਸ ਫਾਰ ਜਸਟਿਸ

September 11, 2012 | By

ਕੈਲੀਫੋਰਨੀਆ (10 ਸਤੰਬਰ, 2012): ਪੰਜਾਬ ਵਿਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਨ ਵਾਲੇ ਪੁਲਿਸ ਅਫਸਰਾਂ ਦੀ ਪੁਸ਼ਤਪਨਾਹੀ ਕਰਨ ਅਤੇ ਸਿਖਾਂ ਦੇ ਲਗਾਤਾਰ ਹੋ ਰਹੇ ਮਨੁੱਖੀ ਅਧਿਕਾਰਾਂ ਦੇ ਘਾਣ ਦੇ ਮਾਮਲੇ ਨੂੰ ਲੈਕੇ ਕੈਲੀਫੋਰਨੀਆਂ ਦੀਆਂ ਸਮੂਹ ਸਿਖ ਜਥੇਬੰਦੀਆਂ ਅਤੇ ਗੁਰਦੁਆਰਾ ਕਮੇਟੀਆਂ ਦਾ ਇਕ ਵਿਸ਼ਾਲ ਇਕੱਠ ਗੁਰਦੁਆਰਾ ਕਲਗੀਧਰ ਸਲੇਮਾ ਵਿਖੇ ਹੋਇਆ। ਇਕੱਠ ਵਿਚ ਸ਼ਾਮਿਲ ਸਮੂਹ ਜਥੇਬੰਦੀਆਂ ਦੇ ਕਾਰਕੁੰਨਾਂ ਨੇ ਅਹਿਦ ਕੀਤਾ ਕਿ ਪੰਜਾਬ ਵਿਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਨ ਵਾਲਿਆਂ ਦੀ ਪੁਸ਼ਤ ਪਨਾਹੀ ਕਰਨ ਵਾਲੇ ਅਕਾਲੀ ਦਲ ਬਾਦਲ ਦੇ ਆਗੂਆਂ ਨੂੰ ਉ¤ਤਰੀ ਅਮਰੀਕਾ ਵਿਚ ਨਹੀਂ ਆਉਣ ਦਿੱਤਾ ਜਾਵੇਗਾ ਤੇ ਅਕਾਲੀ ਦਲ ਬਾਦਲ ਨੂੰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਨ ਵਾਲਿਆਂ ਦੀ ਪੁਸ਼ਤ ਪਨਾਹੀ ਕਰਨ ਵਾਲੀ ਜਮਾਤ ਦੇ ਤੌਰ ’ਤੇ ਹੀ ਸਿਝਿਆ ਜਾਵੇਗਾ।

ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਸਵੰਤ ਸਿੰਘ ਹੋਠੀ ਨੇ ਕਿਹਾ ਕਿ ਪ੍ਰਬੰਧਕ ਕਮੇਟੀ ਪੀੜਤਾਂ ਦੇ ਨਾਲ ਹਰ ਵਕਤ ਖੜੀ ਹੈ ਤੇ ਕਾਨੂੰਨੀ ਕਾਰਵਾਈ ਵਿਚ ਪੂਰੀ ਮਦਦ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਬਾਦਲ ਸਰਕਾਰ ਵਲੋਂ ਸਿਖਾਂ ਵਿਰੁੱਧ ਕੀਤੀਆਂ ਗਈਆਂ ਜਾਲਮਾਨਾ ਕਾਰਵਾਈਆਂ ਨੂੰ ਕਿ ਦੁਨੀਆ ਭਰ ਵਿਚ ਸਿਖ ਕੌਮ ਦੀ ਕਚਹਿਰੀ ਵਿਚ ਖੜੀਆਂ ਕੀਤੀਆਂ ਜਾਣਗੀਆਂ।

ਇਸ ਮੌਕੇ ਅਕਾਲੀ ਦਲ ਅੰਮ੍ਰਿਤਸਰ ਦੇ ਕੌਮਾਂਤਰੀ ਜਨਰਲ ਸਕੱਤਰ ਜੀਤ ਸਿੰਘ ਆਲੋਅਰਖ, ਰੇਸ਼ਮ ਸਿੰਘ, ਦਲ ਦੇ ਕੈਲੀਫੋਰਨੀਆ ਦੇ ਪ੍ਰਧਾਨ ਕੁਲਜੀਤ ਸਿੰਘ ਨਿਝਰ,ਤਰਸੇਮ ਸਿੰਘ ਟਲਹਿਰੀ, ਬੀਬੀ ਗੁਰਦੀਪ ਕੌਰ, ਮੰਟੀਕਾ ਗੁਰਦੁਆਰਾ ਸਾਹਿਬ ਤੋਂ ਸਰਵਣ ਸਿੰਘ, ਗੁਰਦੁਆਰਾ ਸਟਾਕਟਨ ਸਾਹਿਬ ਤੋਂ ਹਰਨੇਕ ਸਿੰਘ ਅਟਵਾਲ, ਮਨਜੀਤ ਸਿੰਘ ਉਪਲ, ਬਲਵਿੰਦਰ ਸਿੰਘ ਮਿਠੂ, ਸਿਖ ਯੂਥ ਆਫ ਅਮਰੀਕਾ ਦੇ ਜਸਜੀਤ ਸਿੰਘ, ਭਲਿੰਦਰ ਸਿੰਘ ਭਿੰਦਾ ਬੁਲਾਰਿਆਂ ਨੇ ਇਕੱਠ ਵਿਚ ਅਹਿਦ ਲਿਆ ਕਿ ਅਕਾਲੀ ਦਲ ਬਾਦਲ ਦਾ ਕੋਈ ਵੀ ਨੁਮਾਇੰਦਾ ਉਤਰੀ ਅਮਰੀਕਾ ਵਿਚ ਨਹੀਂ ਆਉਣ ਦਿੱਤਾ ਜਾਵੇਗਾ। ਜਿਵੇਂ ਕਾਂਗਰਸ ਪਾਰਟੀ ਨੂੰ ਮਨੁੱਖੀ ਅਧਿਕਾਰਾਂ ਦਾ ਘਾਣ ਕਰਨ ਵਾਲੀ ਰਾਜਸੀ ਪਾਰਟੀ ਵਜੋਂ ਗਰਦਾਨ ਕੇ ਉਸ ਦੇ ਕਾਰਕੁੰਨਾਂ ਨੂੰ ਕਾਨੂੰਨੀ ਕਟਹਿਰੇ ਵਿਚ ਖੜਾ ਕੀਤਾ ਗਿਆ ਹੈ ਉਸੇ ਤਰਜ਼ ’ਤੇ ਅਕਾਲੀ ਦਲ ਬਾਦਲ ਦੇ ਪੰਜਾਬ ਤੋਂ ਆਉਣ ਵਾਲੇ ਕਾਰਕੁੰਨਾਂ ਨੂੰ ਵੀ ਕਾਨੂੰਨੀ ਤੌਰ ’ਤੇ ਜਵਾਬਦੇਹ ਬਣਾਇਆ ਜਾਵੇਗਾ।

ਅਕਾਲੀ ਦਲ ਅੰਮਿਤਸਰ ਦੀ ਸਗਰਗਮ ਮੈਂਬਰ ਬੀਬੀ ਗੁਰਦੀਪ ਕੌਰ, ਜੋ ਕਿ ਬਾਦਲ ਸਰਕਾਰ ਦੀ ਤਸ਼ਦਦ ਦਾ ਸ਼ਿਕਾਰ ਹੋਈ ਹੈ, ਨੇ ਕਿਹਾ ਕਿ ਬਾਦਲ ਤੇ ਕਾਂਗਰਸ ਦੀ ਸਰਕਾਰ ਵਿਚ ਕੋਈ ਫਰਕ ਨਹੀਂ ਹੈ ਤੇ ਬਾਦਲ ਸਰਕਾਰ ਦਾ ਖੂਨੀ ਚਿਹਰਾ ਸਾਰੀ ਸਿਖ ਕੌਮ ਨੂੰ ਪਛਾਣਨਾ ਚਾਹੀਦਾ ਹੈ ਕਿਉਂਕਿ ਔਰਤ ਨੂੰ ਸਿਖ ਧਰਮ ਵਿਚ ਜੋ ਜਗਾਂ ਦਿੱਤੀ ਗਈ ਹੈ ਬਾਦਲ ਸਰਕਾਰ ਨੇ ਉਸ ਔਰਤ ਦੀ ਬੇਪੱਤੀ ਕਰਨ ਵਿਚ ਵੀ ਕੋਈ ਕਸਰ ਨਹੀਂ ਛੱਡੀ।

ਜਗਤਾਰ ਸਿੰਘ ਪਿੰਡ ਗਿਲ ਕੋਠੇ-ਬਰਨਾਲਾ ਜਿਸ ਨੇ ਆਪਣੇ ’ਤੇ ਹੋਏ ਤਸ਼ਦਦ ਕਾਰਨ ਬਾਦਲ ਦੇ ਖਿਲਾਫ ਅਮਰੀਕਾ ਵਿਚ ਕੇਸ ਪਾਇਆ ਹੋਇਆ ਹੈ, ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬਾਦਲ ਸਰਕਾਰ ਉਸ ਦੇ ਪੰਜਾਬ ਵਿਚ ਪਰਿਵਾਰਕ ਮੈਂਬਰਾਂ ਨੂੰ ਲਗਾਤਾਰ ਹਿਰਾਸਤ ਵਿਲ ਰੱਖ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਧੱਕੇਸ਼ਾਹੀਆਂ ਤੇ ਵਧੀਕੀਆਂ ਦਾ ਸਿਖਾਂ ਦੀ ਆਣ ਬਾਣ ਤੇ ਸ਼ਾਨ ’ਤੇ ਕੋਈ ਅਸਰ ਨਹੀਂ ਪੈਣ ਦਿਆਂਗੇ ਤੇ ਬਾਦਲ ਦੇ ਖਿਲਾਫ ਕੇਸ ਨੂੰ ਦ੍ਰਿੜ ਨਿਸਚੈ ਨਾਲ ਲੜਾਂਗੇ।

ਸਿਖਸ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਅਟਾਰਨੀ ਗੁਰਪਤਵੰਤ ਸਿੰਘ ਪੰਨੂ ਨੇ ਬਾਦਲ ਖਿਲਾਫ ਪਾਏ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਕੇਸ ’ਤੇ ਰੋਸ਼ਨੀ ਪਾਉਂਦਿਆਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਵਾਲਾ ਅਕਾਲੀ ਦਲ ਪਿਛਲੇ ਚਾਰ ਦਹਾਕਿਆਂ ਤੋਂ ਜਨਸੰਘ ਦੀ ਸਾਂਝ ਨਾਲ ਸਿੱਖਾਂ ਅਤੇ ਸਿਖੀ ’ਤੇ ਲਗਾਤਾਰ ਵਾਰ ਕਰਦਾ ਆ ਰਿਹਾ ਹੈ। 1971 ਤੋਂ ਲੈਕੇ ਅੱਜ ਤੱਕ ਜਦੋਂ ਵੀ ਬਾਦਲ ਦੀ ਸਰਕਾਰ ਬਣੀ ਹੈ ਸਿੱਖਾਂ ਨੂੰ ਬਾਦਲ ਦੀਆਂ ਗੋਲੀਆਂ ਦਾ ਸ਼ਿਕਾਰ ਬਣਾਇਆ ਗਿਆ ਹੈ। ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਨ ਵਾਲੇ ਪੁਲਿਸ ਅਫਸਰਾਂ ਨੂੰ ਲਗਾਤਾਰ ਉਚੇ ਅਹੁਦਿਆਂ ਨਾਲ ਨਿਵਾਜਿਆ ਜਾ ਰਿਹਾ ਹੈ। ਅਟਾਰਨੀ ਪੰਨੂ ਨੇ ਅੱਗੇ ਕਿਹਾ ਕਿ ਉ¤ਤਰੀ ਅਮਰੀਕਾ ਵਿਚ ਆਉਣ ਵਾਲੇ ਅਕਾਲੀ ਦਲ ਬਾਦਲ ਦੇ ਨੁਮਾਇੰਦੇ ਤੇ ਮਨੁੱਖੀ ਅਧਿਕਾਰਾਂ ਦਾ ਘਾਣ ਕਰਨ ਵਾਲੇ ਪੁਲਿਸ ਅਫਸਰਾਂ ਦੇ ਖਿਲਾਫ ਕੌਮਾਂਤਰੀ ਕਾਨੂੰਨ ਤਹਿਤ ਕੇਸ ਚਲਾਏ ਜਾਣਗੇ।

ਗੁਰਦੁਆਰ ਕਲਗੀਧਰ ਸਲੇਮਾ ਦੇ ਪ੍ਰਧਾਮ ਮਹਿੰਗਾ ਸਿੰਘ ਤੇ ਸਕੱਤਰ ਭੁਪਿੰਦਰ ਸਿੰਘ ਨੇ ਅੱਜ ਦੇ ਇਕੱਠ ਦਾ ਆਯੋਜਨ ਕਰਦਿਆਂ ਸਮੂਹਿਕ ਜਥੇਬੰਦੀਆਂ ਤੇ ਅਮਰੀਕਾ ਦੇ ਗੁਰਦੁਆਰ ਕਮੇਟੀਆਂ ਨੂੰ ਅਪੀਲ ਕੀਤੀ ਕਿ ਸਿਖ ਕੌਮ ਨਾਲ ਹੋਈਆਂ ਬੇਇਨਸਾਫੀਆਂ ਦਾ ਕਾਨੂੰਨੀ ਤੌਰ ’ਤੇ ਇਨਸਾਫ ਲੈਣ ਲਈ ਸਿਖਸ ਫਾਰ ਜਸਟਿਸ, ਅਕਾਲੀ ਦਲ ਅੰਮ੍ਰਿਤਸਰ ਤੇ ਬਾਦਲ ਸਰਕਾਰ ਵਲੋਂ ਕੀਤੇ ਤਸ਼ਦਦ ਦਾ ਸ਼ਿਕਾਰ ਹੋਏ ਪੀੜਤਾਂ ਦੀ ਹਮਾਇਤ ਕਰਨ।

ਸਿਖਸ ਫਾਰ ਜਸਟਿਸ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ, ਸਿਖ ਯੂਥ ਆਫ ਅਮਰੀਕਾ, ਅਮਰੀਕਨ ਸਿਖ ਆਰਗੇਨਾਈਜੇਸ਼ਨ ਅਤੇ ਕੈਲੀਫੋਰਨੀਆ ਦੇ ਵੱਖ ਵੱਖ ਗੁਰਦੁਆਰਾ ਕਮੇਟੀਆਂ ਦੇ ਸੈਂਕੜੇ ਕਾਰਕੁੰਨਾਂ ਨੇ ਅਹਿਦ ਲਿਆ ਕਿ ਸਿਖਸ ਫਾਰ ਜਸਟਿਸ ਨੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤੇ ਪੀੜਤਾਂ ਦੀ ਮਦਦ ਨਾਲ ਜੋ ਕੇਸ ਬਾਦਲ ਖਿਲਾਫ ਪਾਇਆ ਹੋਇਆ ਹੈ ਉਸ ਦੀ ਪੈਰਵਾਈ ਸਮੂਹ ਸਿਖ ਜਥੇਬੰਦੀਆਂ ਤੇ ਗੁਰਦੁਆਰਾ ਕਮੇਟੀਆਂ ਦੀ ਮਦਦ ਨਾਲ ਕੀਤੀ ਜਾਵੇਗੀ। ਉਨ੍ਹਾਂ ਨੇ ਬਾਦਲ ਸਰਕਾਰ ਦੇ ਪੁਲਿਸ ਅਫਸਰਾਂ ਦੇ ਹੱਥੋਂ ਪੀੜਤਾਂ ਨੂੰ ਅਪੀਲ ਕੀਤੀ ਕਿ ਉਹ ਸੰਪਰਕ ਕਰਨ ਤਾਂ ਜੋ ਇਸ ਕੇਸ ਨੂੰ ਅੱਗੇ ਤੋਰਿਆ ਜਾਵੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,