ਸਿਆਸੀ ਖਬਰਾਂ

ਖੇਤੀਬਾੜੀ ਸੰਕਟ ਵਿੱਚ ਬਾਦਲ ਦੀ ਭੂਮਿਕਾ ਖਲਨਾਇਕ ਵਰਗੀ; ਸਾਡੇ ਚੋਣ ਮਨੋਰਥ ਪੱਤਰ ‘ਚ ਹੈ ਹੱਲ: ‘ਆਪ’

September 24, 2016 | By

ਚੰਡੀਗੜ੍ਹ: ਆਮ ਆਦਮੀ ਪਾਰਟੀ ਨੇ ਪੰਜਾਬ ਭਰ ਦੇ ਕਿਸਾਨਾਂ ਅਤੇ ਖੇਤ ਮਜਦੂਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਤਮ-ਹੱਤਿਆ ਦੇ ਰਾਹ ‘ਤੇ ਨਾ ਚੱਲਣ ਅਤੇ ਮੌਜੂਦਾ ਔਖੇ ਹਾਲਾਤਾਂ ਦਾ 6 ਮਹੀਨੇ ਹਿੰਮਤ ਅਤੇ ਸਬਰ-ਸੰਤੋਖ ਨਾਲ ਸਾਹਮਣਾ ਕਰਨ, ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਉਨ੍ਹਾਂ ਦੀ ਸਾਰੀ ਸੱਮਸਿਆਵਾਂ ਨੂੰ ਦੂਰ ਕਰਨ ਲਈ ਦਿਨ-ਰਾਤ ਇੱਕ ਕਰ ਦੇਵੇਗੀ।

ਸ਼ੁੱਕਰਵਾਰ ਨੂੰ ‘ਆਪ’ ਵਲੋਂ ਜਾਰੀ ਸੰਯੁਕਤ ਪ੍ਰੈਸ ਬਿਆਨ ਵਿੱਚ ਪਾਰਟੀ ਦੇ ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਅਤੇ ਸੰਸਦ ਭਗਵੰਤ ਮਾਨ ਅਤੇ ਚੋਣ ਮਨੋਰਥ ਪੱਤਰ ਕਮੇਟੀ ਦੇ ਮੁੱਖੀ ਕੰਵਰ ਸੰਧੂ ਨੇ ਬਠਿੰਡਾ ਜਿਲ੍ਹੇ ਦੇ ਜੀਦਾ ਪਿੰਡ ਦੇ ਮਜ਼ਦੂਰ ਜਗਸੀਰ ਸਿੰਘ ਵਲੋਂ ਕੀਤੀ ਗਈ ਆਤਮ-ਹੱਤਿਆ ਉੱਤੇ ਗਹਿਰਾ ਦੁੱਖ ਪਰਗਟ ਕਰਦੇ ਹੋਏ ਕਿਹਾ ਕਿ ਪਿਛਲੇ ਲੰਬੇ ਸਮੇ ਤੋਂ ਅਖਬਾਰਾਂ ਆਦਿ ਵਿਚ ਇੱਕ ਵੀ ਅਜਿਹਾ ਦਿਨ ਖਾਲੀ ਨਹੀਂ ਜਾ ਰਿਹਾ ਜਿਸ ਵਿਚ ਕਿਸੇ ਕਿਸਾਨ ਜਾਂ ਮਜਦੂਰ ਦੀ ਆਤਮ-ਹੱਤਿਆ ਦੀ ਖਬਰ ਨਾ ਛੱਪੀ ਹੋਵੇ। ਪੰਜਾਬ ਵਰਗੇ ਖੇਤੀਬਾੜੀ ਪ੍ਰਧਾਨ ਪ੍ਰਦੇਸ਼ ਲਈ ਇਸ ਤੋਂ ਵੱਡੀ ਦੁਖਦਾਇਕ ਗੱਲ ਹੋਰ ਕੀ ਹੋ ਸਕਦੀ ਹੈ, ਜਿਸਦਾ ਅੰਨਦਾਤਾ ਪੂਰੇ ਦੇਸ਼ ਦਾ ਢਿੱਡ ਭਰਦਾ ਹੈ ਅਤੇ ਮਾੜੇ ਹਾਲਾਤਾਂ ਦੇ ਕਾਰਨ ਮਜਬੂਰੀਵਸ ਖੁਦ ਆਤਮ-ਹੱਤਿਆ ਕਰਨ ਦੇ ਰਾਹ ਵੱਲ ਨੂੰ ਚੱਲ ਪਿਆ ਹੈ।

ਪੱਤਰਕਾਰ ਤੋਂ ਸਿਆਸਤਦਾਨ ਬਣੇ ਆਮ ਆਦਮੀ ਪਾਰਟੀ ਦੇ ਆਗੂ ਕੰਵਰ ਸੰਧੂ

ਕੰਵਰ ਸੰਧੂ {ਫਾਈਲ ਫੋਟੋ}

ਭਗਵੰਤ ਮਾਨ ਨੇ ਪੰਜਾਬ ਦੇ ਕਿਸਾਨ ਅਤੇ ਖੇਤੀਬਾੜੀ ਸੰਕਟ ਲਈ ਅਕਾਲੀ-ਭਾਜਪਾ ਅਤੇ ਕਾਂਗਰਸ ਨੂੰ ਬਰਾਬਰ ਦਾ ਜ਼ਿੰਮੇਦਾਰ ਦੱਸਦੇ ਹੋਏ ਕਿਹਾ ਕਿ ਪਿਛਲੇ ਇੱਕ ਦਹਾਕੇ ਤੋਂ ਕਾਂਗਰਸ ਅਤੇ ਭਾਜਪਾ ਨੇ ਫਸਲਾਂ ਦਾ ਲਾਭਦਾਇਕ ਮੁੱਲ ਦੇਣ ਦੇ ਨਾਮ ਉੱਤੇ ਵਾਰ-ਵਾਰ ਕਿਸਾਨਾਂ ਨਾਲ ਧੋਖਾ ਕੀਤਾ ਅਤੇ ਵੋਟ ਦੀ ਰਾਜਨੀਤੀ ਕੀਤੀ ਹੈ, ਪਰ ਕਿਸਾਨਾਂ ਦੀ ਆਰਥਿਕ ਹਾਲਤ ਸੁਧਾਰਨ ਵਾਲੀ ਡਾ. ਸਵਾਮੀਨਾਥਨ ਦੀਆਂ ਸਿਫਾਰਿਸ਼ਾਂ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ। ਕਿਸਾਨਾਂ ਦੇ ਨਾਲ ਹੋਏ ਇਸ ਰਾਜਨੀਤਿਕ ਧੋਖੇ ਵਿੱਚ ਪ੍ਰਕਾਸ਼ ਸਿੰਘ ਬਾਦਲ ਦੀ ਭੂਮਿਕਾ ਮੌਕਾਪ੍ਰਸਤ ਖਲਨਾਇਕ ਵਰਗੀ ਰਹੀ ਹੈ, ਜੋ ਵਿਰੋਧੀ ਪੱਖ ਵਿੱਚ ਰਹਿੰਦੇ ਹੋਏ ਡਾ. ਸਵਾਮੀਨਾਥਨ ਦੀਆਂ ਸਿਫਾਰਿਸ਼ਾਂ ਨੂੰ ਲਾਗੂ ਕਰਨ ਦੀ ਮੰਗ ਰੋਜ਼ਾਨਾ ਚੁੱਕਦੇ ਸਨ, ਪਰ ਜਿਵੇਂ ਹੀ ਕੇਂਦਰ ਵਿੱਚ ਭਾਜਪਾ ਦੀ ਨਰਿੰਦਰ ਮੋਦੀ ਸਰਕਾਰ ਸੱਤਾ ਵਿੱਚ ਆਈ, ਆਪਣੀ ਨੂਹ ਹਰਸਿਮਰਤ ਬਾਦਲ ਨੂੰ ਕੇਂਦਰੀ ਮੰਤਰੀ ਬਣਵਾਇਆ ਅਤੇ ਡਾ. ਸਵਾਮੀਨਾਥਨ ਸਮੇਤ ਕਿਸਾਨਾਂ ਨਾਲ ਸਬੰਧਤ ਸਾਰੀਆਂ ਮੰਗਾਂ ਉਤੇ ਚੁਪ ਹੋ ਗਏ।

ਸਭਾ ਮੈਂਬਰ ਭਗਵੰਤ ਮਾਨ(ਫਾਈਲ ਫੋਟੋ)

ਸਭਾ ਮੈਂਬਰ ਭਗਵੰਤ ਮਾਨ(ਫਾਈਲ ਫੋਟੋ)

ਕੰਵਰ ਸੰਧੂ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਅਤੇ ਖੇਤ ਮਜਦੂਰਾਂ ਨੂੰ ਭਰੋਸਾ ਦਿੱਤਾ ਕਿ ਆਮ ਆਦਮੀ ਪਾਰਟੀ ਦੇ ‘ਕਿਸਾਨ ਚੋਣ ਮਨੋਰਥ ਪੱਤਰ’ ਵਿੱਚ ਕਿਸਾਨਾਂ ਅਤੇ ਖੇਤ ਮਜਦੂਰਾਂ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਹੈ, ਕਿਉਂਕਿ ਕਿਸਾਨ ਚੋਣ ਮਨੋਰਥ ਪੱਤਰ ਕਿਸਾਨ ਅਤੇ ਖੇਤ ਮਜਦੂਰਾਂ ਦੇ ਰੂ-ਬ-ਰੂ ਹੋ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਚੰਗੀ ਤਰ੍ਹਾਂ ਜਾਣ ਕੇ ਅਤੇ ਉਨ੍ਹਾਂ ਦੇ ਸੁਝਾਅ ਦੇ ਆਧਾਰ ਉੱਤੇ ਤਿਆਰ ਕੀਤਾ ਗਿਆ ਹੈ। ਕੰਵਰ ਸੰਧੂ ਨੇ ਕਿਹਾ ਕਿ ਕਿਸਾਨ ਮੇਨਿਫੈਸਟੋ ਵਿੱਚ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਸਾਰੇ ਛੋਟੇ ਅਤੇ ਗਰੀਬ ਕਿਸਾਨਾਂ ਅਤੇ ਖੇਤ ਮਜਦੂਰਾਂ ਦੇ ਬੈਂਕ ਕਰਜੇ ਮੁਆਫ ਕਰਨ ਦਾ ਇਕਰਾਰ ਕੀਤਾ ਹੈ। ਇਸ ਤੋਂ ਇਲਾਵਾ ਹਰ ਕਿਸਾਨ ਦੇ ਕਰਜ਼ ਉੱਤੇ ਵਿਆਜ ਮੁਆਫ ਕੀਤਾ ਜਾਵੇਗਾ। ਸੰਧੂ ਨੇ ਇਹ ਵੀ ਗੱਲ ਜੋਰ ਦੇ ਕੇ ਕਹੀ ਕਿ ਦਸੰਬਰ 2018 ਤੱਕ ਪੰਜਾਬ ਦੇ ਹਰ ਕਿਸਾਨ ਨੂੰ ਕਰਜ਼ ਤੋਂ ਮੁਕੱਤ ਕਰ ਦਿੱਤਾ ਜਾਵੇਗਾ ਅਤੇ ਤੱਦ ਤੱਕ ਕਿਸੇ ਵੀ ਕਿਸਾਨ ਤੋਂ ਜਬਰਨ ਕਰਜ਼ਾ ਵਸੂਲੀ ਜਾਂ ਜਮੀਨ-ਜਾਇਦਾਦ ਦੀ ਕੁਰਕੀ ਨਹੀਂ ਹੋਣ ਦਿੱਤੀ ਜਾਵੇਗੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,