ਪੰਜਾਬ ਦੀ ਰਾਜਨੀਤੀ » ਸਿਆਸੀ ਖਬਰਾਂ

ਪੰਜਾਬ ਦੇ ਪਾਣੀਆਂ ਦਾ ਰਾਖਾ ਅਖਵਾਉਣ ਵਾਲੇ ਬਾਦਲ, ਰਾਜਪਾਲ ਕੋਲ ਜਾਣ ਸਮੇਂ ਫਾਇਲ ਲਿਜਾਣਾ ਭੁੱਲੇ

March 16, 2016 | By

ਚੰਡੀਗੜ: ਪੰਜਾਬ ਦਾ ਪਾਣੀ ਹਰਿਆਣਾ ਨੂੰ ਦੇਣ ਵਾਲੀ ਸਤਲੁਜ਼ ਜਮਨਾ ਲਿੰਕ ਨਹਿਰ ਦੀ ਜ਼ਮੀਨ ਕਿਸਾਨਾਂ ਨੂੰ ਵਾਪਸ ਦੇਣ ਲਈ ਕਾਨੂੰਨ ਦਾ ਖਰੜਾ ਪਾਸ ਕਰਕੇ ਪੰਜਾਬ ਦੇ ਪਾਣੀਆਂ ਦਾ ਆਪਣੇ ਆਪ ਨੂੰ ਰਾਖਾ ਅਖਵਾਉਣ ਵਾਲੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਉਸ ਸਮੇਂ ਬੜੀ ਹਾਸੋਹੀਣੀ ਸਥਿਤੀ ਦਾ ਸਾਹਮਣਾ ਕਰਨਾ ਪਿਆ ਜਦੋਂ ਉਹ ਉਕਤ ਬਿੱਲ ਪਾਸ ਕਰਵਾਉਣ ਲਈ ਪੰਜਾਬ ਦੇ ਰਾਜਪਾਲ ਕਪਤਾਨ ਸਿੰਘ ਸੋਲੰਕੀ ਕੋਲ ਗਏ।

ਵਿਧਾਇਕਾਂ ਦੇ ਵਫਦ ਸਮੇਤ ਰਾਜਪਾਲ ਸੋਲੰਕੀ ਨੂੰ ਮਿਲਦੇ ਹੋਏ ਪ੍ਰਕਾਸ਼ ਸਿੰਘ ਬਾਦਲ

ਵਿਧਾਇਕਾਂ ਦੇ ਵਫਦ ਸਮੇਤ ਰਾਜਪਾਲ ਸੋਲੰਕੀ ਨੂੰ ਮਿਲਦੇ ਹੋਏ ਪ੍ਰਕਾਸ਼ ਸਿੰਘ ਬਾਦਲ

ਪ੍ਰਕਾਸ ਸਿੰਘ ਬਾਦਲ ਨੇ ਆਪਣੇ ਵਿਧਾਇਕਾਂ ਦੇ ਵਫਦ ਨਾਲ ਰਾਜਪਾਲ ਪੰਜਾਬ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਨਹਿਰ ਦੀ ਜ਼ਮੀਨ ਕਿਸਾਨਾਂ ਨੂੰ ਵਾਪਸ ਕਰਨ ਸਬੰਧੀ ਪੰਜਾਬ ਵਿਧਾਨ ਸਭਾ ਵੱਲੋਂ ਪਾਸ ਕੀਤੇ ਕਾਨੂੰਨ ਦੇ ਖਰੜੇ ਨੂੰ ਪਾਸ ਕਰਨ ਲਈ ਆਖਿਆ ਤਾਂ ਰਾਜਪਾਲ ਨੇ ਖਰੜੇ ਦੀ ਫਾਈਲ ਮੰਗੀ ਤਾਂ ਪੰਜਾਬ ਦੇ ਪਾਣੀਆਂ ਲਈ ਆਪਣੇ ਖੂਨ ਦਾ ਕਤਰਾ ਕਤਰਾ ਵਹਾਉਣ ਦੇ ਬਿਆਨ ਦੇਣ ਵੱਲੇ ਪ੍ਰਕਾਸ਼ ਸਿੰਘ ਬਾਦਲ ਅਤੇ ਉਨ੍ਹਾਂ ਦੇ ਵਫਦ ਕੋਲ ਖਰੜੇ ਦੀ ਫਾਈਲ ਹੀ ਨਹੀਂ ਸੀ।ਮੁੱਖ ਮੰਤਰੀ ਅਤੇ ਉਨ੍ਹਾਂ ਦੇ ਵਿਧਾਇਕਾਂ ਦੀ ਫੌਜ ਉਕਤ ਖਰੜੇ ਦੀ ਫਾਇਲ ਨੂੰ ਲੈਕੇ ਜਾਣਾ ਹੀ ਭੁੱਲ ਗਈ।

ਹਰਿਆਣਾ ਦੀ ਗਵਰਨਰੀ ਦੇ ਨਾਲ-ਨਾਲ ਪੰਜਾਬ ਦਾ ਵਾਧੂ ਚਾਰਜ ਸੰਭਾਲ ਰਹੇ ਕਪਤਾਨ ਸਿੰਘ ਸੋਲੰਕੀ ਨੇ ਐਸ.ਵਾਈ.ਐਲ ਦੀ ਡੀਨੋਟੀਫੀਕੇਸ਼ਨ ਦੇ ਬਿੱਲ ਤੇ ਮੋਹਰ ਲਾਉਣ ਪ੍ਰਤੀ ਕੋਈ ਹਾਂ-ਪੱਖੀ ਹੁੰਗਾਰਾ ਵੀ ਨਹੀਂ ਭਰਿਆ।

ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਆਗੂ ਚਰਨਜੀਤ ਸਿੰਘ ਚੰਨੀ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ‘ਤੇ ਸਤਲੁਜ ਯਮੁਨਾ ਲਿੰਕ ਨਹਿਰ ਦੀਆਂ ਜ਼ਮੀਨਾਂ ਵਾਪਿਸ ਕਰਨ ਸਬੰਧੀ ਬਿੱਲ ਦੇ ਨਾਂ ‘ਤੇ ਪੰਜਾਬ ਦੇ ਲੋਕਾਂ ਨੂੰ ਧੋਖਾ ਦੇਣ ਦਾ ਦੋਸ਼ ਲਗਾਇਆ ਹੈ, ਅਤੇ ਕਿਹਾ ਕਿ ਬਾਦਲ ਦੀ ਸੰਜ਼ੀਦਗੀ ਦਾ ਪਰਦਾਫਾਸ਼ ਇਸ ਗੱਲ ਨਾਲ ਹੀ ਹੋ ਗਿਆ ਹੈ ਕਿ ਉਹ ਇਸ ਬਿੱਲ ‘ਤੇ ਰਾਜਪਾਲ ਦੇ ਦਸਤਖਤ ਹੀ ਨਹੀਂ ਕਰਵਾ ਸਕੇ। ਉਨ੍ਹਾਂ ਕਿਹਾ ਕਿ ਸਵਾਲ ਇਹ ਹੈ ਕਿ ਬਾਦਲ ਵਿਧਾਇਕਾਂ ਦਾ ਵਫਦ ਲੈ ਕੇ ਕੀ ਕਰਨ ਗਏ ਸਨ, ਜੇ ਉਨ੍ਹਾਂ ਨੇ ਬਿੱਲ ਨਾਲ ਲੈਕੇ ਨਹੀ ਜਾਣਾ ਸੀ, ਜੋ ਕਿ ਕਾਨੂੰਨ ਬਣਨ ਵਾਸਤੇ ਬਹੁਤ ਲਾਜ਼ਮੀ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,