ਸਿੱਖ ਖਬਰਾਂ

ਤਖਤ ਸ਼੍ਰੀ ਹਜ਼ੂਰ ਸਾਹਿਬ ਦੇ ਪ੍ਰਬੰਧਕੀ ਬੋਰਡ ਦੇ ਪ੍ਰਧਾਨ ਦੀ ਨਿਯੁਕਤੀ ਰੱਦ ਕਰਨ ਲਈ ਬਾਦਲ ਨੇ ਮੋਦੀ ਨੂੰ ਲਿਖਿਆ ਪੱਤਰ

April 5, 2015 | By

ਚੰਡੀਗੜ੍ਹ(4 ਅਪ੍ਰੈਲ,2015): ਮਹਾਰਾਸ਼ਟਰ ਦੀ ਭਾਜਪਾ ਸਰਕਾਰ ਵਲੋਂ ਤਖਤ ਸ੍ਰੀ ਹਜ਼ੂਰ ਸਾਹਿਬ ਨਾਦੇੜ ਦੇ ਪ੍ਰਬੰਧਕੀ ਬੋਰਡ ਦੇ ਪ੍ਰਧਾਨ ਦੀ ਕੀਤੀ ਗਈ ਸਿੱਧੀ ਨਿਯੁਕਤੀ ਦਾ ਸਖਤ ਵਿਰੋਧ ਕਰਦਿਆਂ, ਪੰਜਾਬ ਦੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਅੱਜ ਇਥੇ ਕਿਹਾ ਹੈ ਕਿ ਇਹ ਕਾਰਵਾਈ ਜਿੱਥੇ ਸਿੱਖ ਪੰਥ ਦੇ ਅੰਦਰੂਨੀ ਮਾਮਲਿਆਂ ਵਿਚ ਸਿੱਧੀ ਦਖਲਅੰਦਾਜ਼ੀ ਹੈ ਉਥੇ ਸਿੱਖ ਮਰਿਯਾਦਾ ਦੀ ਵੀ ਘੋਰ ਉਲੰਘਣਾ ਹੈ।

ਪ੍ਰਕਾਸ਼ ਸਿੰਘ ਬਾਦਲ ਅਤੇ ਨਰਿੰਦਰ ਮੋਦੀ (ਫਾਇਲ ਫੋਟੋ)

ਪ੍ਰਕਾਸ਼ ਸਿੰਘ ਬਾਦਲ ਅਤੇ ਨਰਿੰਦਰ ਮੋਦੀ (ਫਾਇਲ ਫੋਟੋ)

ਮੁੱਖ ਮੰਤਰੀ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਇਸ ਅਤਿ ਗੰਭੀਰ ਤੇ ਨਾਜ਼ੁਕ ਮਾਮਲੇ ਵਿਚ ਤੁਰੰਤ ਦਖਲਅੰਦਾਜ਼ੀ ਦੀ ਮੰਗ ਕਰਦਿਆਂ ਅੱਜ ਇੱਕ ਪੱਤਰ ਰਾਹੀਂ ਮੰਗ ਕੀਤੀ ਹੈ ਕਿ ਮਹਾਰਾਸ਼ਟਰ ਸਰਕਾਰ ਨੂੰ ਹਦਾਇਤ ਕੀਤੀ ਜਾਵੇ ਕਿ ਪ੍ਰਬੰਧਕੀ ਬੋਰਡ ਦੇ ਪ੍ਰਧਾਨ ਦੀ ਕੀਤੀ ਗਈ ਇਹ ਨਿਯੁਕਤੀ ਰੱਦ ਕਰਕੇ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਦੀ ਕਾਨੂੰਨ ਅਨੁਸਾਰ ਚੋਣ ਕਰਵਾਈ ਜਾਵੇ।ਉਹਨਾਂ ਕਿਹਾ ਕਿ ਮਹਾਰਾਸ਼ਟਰ ਸਰਕਾਰ ਨੇ ਤਖਤ ਸ੍ਰੀ ਹਜ਼ੂਰ ਸਾਹਿਬ ਵਰਗੀ ਮਹਾਨ ਪੰਥਕ ਸੰਸਥਾ ਦੇ ਪ੍ਰਬੰਧਕੀ ਬੋਰਡ ਉੱਤੇ ਆਪਣੀ ਮਰਜ਼ੀ ਦਾ ਪ੍ਰਧਾਨ ਥੋਪਕੇ ਸਿੱਖ ਜਗਤ ਦੀਆਂ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕੀਤਾ ਹੈ।

ਉਹਨਾਂ ਕਿਹਾ ਕਿ ਸਰਕਾਰ ਨੇ ਇੱਕ ਗੈਰ-ਅੰਮ੍ਰਿਤਧਾਰੀ ਵਿਅਕਤੀ ਨੂੰ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਨਿਯੁਕਤ ਕਰਕੇ ਸਿੱਖ ਰਹਿਤ ਮਰਿਯਾਦਾ ਦੀ ਉਲੰਘਣਾ ਕੀਤੀ ਹੈ ।

ਬਾਦਲ ਨੇ ਕਿਹਾ ਕਿ ਮਹਾਰਾਸ਼ਟਰ ਸਰਕਾਰ ਨੇ ਇਹ ਨਿਯੁਕਤੀ ਕਰਨ ਸਮੇਂ ਸਿੱਖ ਪੰਥ ਦੀ ਸ਼੍ਰੋਮਣੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਰਾਇ ਵੀ ਨਹੀਂ ਲਈ ਜਦੋਂ ਕਿ ਇਸ ਸੰਸਥਾ ਦੇ ਚਾਰ ਨੁਮਾਇੰਦੇ ਪ੍ਰਬੰਧਕ ਕਮੇਟੀ ਦੇ ਮੈਂਬਰ ਹਨ।ਉਹਨਾਂ ਕਿਹਾ ਕਿ ਸਿੱਖ ਪੰਥ ਸਰਕਾਰ ਦੀ ਇਸ ਦਖਲਅੰਦਾਜ਼ੀ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰੇਗਾ।

ਜ਼ਿਕਰਯੋਗ ਹੈ ਕਿ ਮਹਾਰਾਸ਼ਟਰ ਦੀ ਬਾਜਪਾ ਸਰਕਾਰ ਨੇ ਆਰ. ਐੱਸ.ਐੱਸ ਦੇ ਨਜ਼ਦੀਕੀ ਮੰਨੇ ਜਾਂਦੇ ਭਾਜਪਾ ਦੇ ਐੱਮ.ਐੱਲ ਏ ਤਾਰਾ ਸਿੰਘ ਨੂੰ ਆਪ-ਹੁਦਰੇ ਢੰਗ ਨਾਲ ਤਖਤ ਸ਼੍ਰੀ ਹਜ਼ੂਰ ਸਾਹਿਬ ਨੰਦੇੜ ਦੇ ਪ੍ਰਬੰਧਕੀ ਬੋਰਡ ਦਾ ਪ੍ਰਧਾਨ ਧਾਪ ਦਿੱਤਾ ਹੈ।ਇਹ ਵਿਅਕਤੀ ਅੰਮ੍ਰਿਤਧਾਰੀ ਨਹੀਂ ਬਲਕਿ ਤਿਲਕਧਾਰੀ ਹੈ।

ਸਿੱਖ ਕੌਮ ਦੇ ਪੰਜਾਂ ਤਖਤਾਂ ਚੋਂ ਇੱਕ ਤਖਤ ਦੇ ਗੁਰਮਤਿ ਦੇ ਧਾਰਨੀ ਵਿਅਕਤੀ ਦੀ ਨਿਯੁਕਤੀ ਦੀ ਬਜ਼ਾਏ ਸਰਕਾਰ ਵੱਲੋਂ ਇੱਕ ਹਿੰਦੂਚਵ ਦੇ ਮੋਹਰੇ ਸਿੱਖ ਨੂੰ ਇਸ ਅਹੁਦੇ ‘ਤੇ ਬਿਠਾਉਣਾ ਸਰਕਾਰ ਦੀ ਸਿੱਖ ਧਰਮ ਪ੍ਰਤੀ ਸੋਚ ਦਾ ਪ੍ਰਤੱਖ ਸਬੂਤ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , ,