January 8, 2016 | By ਮੇਜਰ ਸਿੰਘ
ਚੰਡੀਗੜ੍ਹ: ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਸ਼ੁਕਰਵਾਰ ਨੂੰ ਜਸਟਿਸ ਐਮ. ਐਮ. ਐਸ ਬੇਦੀ ਨੇ ਪਟੀਸ਼ਨਾਂ ’ਤੇ ਸੁਣਵਾਈ ਕਰਦਿਆਂ ਪੰਜਾਬ ਸਰਕਾਰ ਵਲੋਂ 107/151 ਅਤੇ ਦੇਸ਼ ਧਰੋਹ ਦੇ ਕੇਸਾਂ ’ਚ ਜ਼ੇਲ੍ਹਾਂ ’ਚ ਬੰਦ ਕੀਤੇ ਸਰਬੱਤ ਖਾਲਸਾ ਦੇ ਮੁੱਖ ਪ੍ਰਬੰਧਕਾਂ, ਬੁਲਾਰਿਆਂ ਅਤੇ ਥਾਪੇ ਜਥੇਦਾਰਾਂ ਵਿਚੋਂ ਲੁਧਿਆਣਾ ਜ਼ੇਲ੍ਹ ਬੰਦ ਕੀਤੇ ਭਾਈ ਮੋਹਕਮ ਸਿੰਘ ਅਤੇ ਗੁਰਦਾਸਪੁਰ ਜ਼ੇਲ੍ਹ ’ਚ ਬੰਦ ਭੁਪਿੰਦਰ ਸਿੰਘ ਚੀਮਾ ਯੂ ਐਸ ਏ ਦੀ ਪੱਕੀ ਜਮਾਨਤ ਕਰ ਦਿਤੀ ਹੈ ਅਤੇ ਭਾਈ ਗੁਰਦੀਪ ਸਿੰਘ ਬਠਿੰਡਾ ਨੂੰ ਸਿਹਤ ਖ਼ਰਾਬ ਹੋਣ ਕਾਰਨ ਕੱਚੀ ਜਮਾਨਤ ਮਿਲੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਐਡਵੋਕੇਟ ਸਿਮਰਨਜੀਤ ਸਿੰਘ ਅਤੇ ਐਡਵੋਕੇਟ ਗੁਰਵਿੰਦਰ ਸਿੰਘ ਸਿੱਧੂ ਨੇ ਦਸਿਆ ਕਿ ਭੁਪਿੰਦਰ ਸਿੰਘ ਚੀਮਾ ਪੁਤੱਰ ਸੁਖਜੀਤ ਸਿਘ ਕਾਲਾ ਅਫ਼ਗਾਨਾ ਯੂ ਐਸ ਏ ਦਾ ਪੱਕਾ ਵਸਨੀਕ ਹੈ ਜੋ ਵਿਆਹ ਕਰਵਾਉੈਣ ਵਾਸਤੇ ਭਾਰਤ ਆਪਣੇ ਘਰ ਪੰਜਾਬ ਆਇਆ ਹੋਇਆ ਸੀ ਤੇ ਜਿਸਨੇ ਆਪਣੇ ਵਿਆਹ ਲਈ ਵੱਖ ਵੱਖ ਅਖ਼ਬਾਰਾਂ ਵਿਚ ਇਸ਼ਤਿਹਾਰ ਵੀ ਦਿਤਾ ਸੀ ਪਰ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਆਦੇਸ਼ਾਂ ਤੇ ਸਰਬੱਤ ਖਾਲਸਾ ਦੇ ਮੁੱਖ ਪ੍ਰਬੰਧਕਾਂ ਅਤੇ ਬੁਲਾਰਿਆਂ ਅਤੇ ਥਾਪੇ ਗਏ ਜਥੇਦਾਰਾਂ ਸਮੇਤ ਭੁਪਿੰਦਰ ਸਿੰਘ ਚੀਮਾ ਯੂ ਐਸ ਏ ’ਤੇ 107/151 ਅਤੇ ਦੇਸ਼ ਧ੍ਰੋਹ ਵਰਗੇ ਮਾਮਲੇ ਦਰਜ ਕਰਕੇ ਪੰਜਾਬ ਦੀਆਂ ਵੱਖੋ-ਵੱਖਰੀਆਂ ਜ਼ੇਲ੍ਹਾਂ ਵਿਚ ਡੱਕ ਦਿਤਾ ਸੀ। ਜਦਕਿ ਭੁਪਿੰਦਰ ਸਿੰਘ ਚੀਮਾ ਦਾ ਸਰਬਤ ਖਾਲਸਾ ਨਾਲ ਕੋਈ ਸਬੰਧ ਨਹੀਂ ਸੀ।
ਉਨ੍ਹਾਂ ਦਸਿਆ ਕਿ ਭੁਪਿੰਦਰ ਸਿੰਘ ਚੀਮਾ ਨੂੰ ਪੰਜਾਬ ਸਰਕਾਰ ਵਲੋਂ ਝੂਠੇ 107/151 ਅਤੇ ਦੇਸ਼-ਧ੍ਰੋਹ ਦੇ ਮਾਮਲੇ ’ਚ ਫਸਾਏ ਜਾਣ ਦੀ ਅਵਾਜ਼ ਪਟਿਆਲਾ ਤੋਂ ਐਮ ਪੀ ਧਰਮਵੀਰ ਗਾਂਧੀ ਵਲੋਂ ਪਾਰਲੀਮਾਨੀ ਵਿਚ ਵੀ ਚੁੱਕੀ ਗਈ ਸੀ। ਵਕੀਲ ਸਿਮਰਨਜੀਤ ਸਿੰਘ ਨੇ ਦਸਿਆ ਕਿ ਉਨ੍ਹਾਂ ਵਲੋਂ ਸੁਣਵਾਈ ਦੋਰਾਨ ਜਸਟਿਸ ਐਮ.ਐਮ. ਐਸ ਬੇਦੀ ਦੇ ਧਿਆਨ ਵਿਚ ਲਿਆਂਦਾ ਗਿਆ ਕਿ ਸਰਬੱਤ ਖਾਲਸਾ ਸਦਿਆ ਜਾਣਾ ਸਿੱਖਾਂ ਦਾ ਮੁਢਲਾ ਮੌਲਿਕ ਅਧਿਕਾਰ ਹੈ ਅਤੇ 10 ਨਵੰਬਰ 2015 ਨੂੰ ਪਿੰਡ ਚੱਬੇ ਵਿਖੇ ਸਦਿਆ ਗਿਆ ‘‘ਸਰਬੱਤ ਖਾਲਸਾ’’ ਕਿਸੇ ਸਰਕਾਰ, ਸੂਬਾ ਜਾਂ ਕਿਸੇ ਧਰਮ ਦੇ ਖਿਲਾਫ਼ ਨਹੀਂ ਸੀ ਸਗੋਂ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਜਥੇਦਾਰਾਂ ਤੇ ਸਰਕਾਰੀ ਦਬਾਓ ਰਾਹੀਂ ਨਜਾਇਜ ਦਖਲ ਅੰਦਾਜੀ ਅਤੇ ਧਾਰਮਿਕ ਦੁਰਵਰਤੋਂ ਕੀਤੇ ਜਾਣ ਦੇ ਖਿਲਾਫ਼ ਸੀ।
ਉਨ੍ਹਾਂ ਜਸਟਿਸ ਐਮ ਐਮ ਐਸ ਬੇਦੀ ਦੇ ਧਿਆਨ ਵਿਚ ਲਿਆਂਉਦਿਆਂ ਕਿਹਾ ਕਿ ਮੌਲਿਕ ਅਧਿਕਾਰ ਤਹਿਤ ਆਰਟੀਕਲ 19 ਕਿਸੇ ਵੀ ਵਿਅਕਤੀ ਨੂੰ ਆਪਣੇ ਅਜ਼ਾਦੀ ਦੇ ਵਿਚਾਰ ਪ੍ਰਗਟਾਉਣ ਦਾ ਹੱਕ ਹੈ। ਉਨ੍ਹਾਂ ਕਿਹਾ ਕਿ ਭੁਪਿੰਦਰ ਸਿੰਘ ਦਾ ਐਫ਼.ਆਈ. ਆਰ ਵਿਚ ਨਾਂਅ ਵੀ ਬਾਦਲਾਂ ਦੇ ਕਹਿਣ ਤੇ ਦਰਜ਼ ਕੀਤਾ ਗਿਆ ਨਾ ਕਿ ਕਿਸੇ ਆਮ ਵਿਅਕਤੀ ਦੇ ਕਹਿਣ ਤੇ ਕੀਤਾ ਗਿਆ ਇਸਦੇ ਨਾਲ ਹੀ ਕੋਈ ਜਾਂਚ ਵੀ ਨਹੀਂ ਕੀਤੀ ਗਈ। ਦਲੀਲਾਂ ਸੁਣਨ ਉਪਰੰਤ ਜਿਸ ਤੇ ਜਸਟਿਸ ਐਮ ਐਮ ਐਸ ਬੇਦੀ ਨੇ ਫੈਸਲਾ ਲੈਂਦਿਆਂ ਭੁਪਿੰਦਰ ਸਿੰਘ ਸਿੰਘ ਚੀਮਾ ਦੇ ਪੱਕੀ ਜਮਾਨਤ ਦੇ ਹੁਕੱਮ ਦਿਤੇ ਗਏ।
ਇਸ ਮੌਕੇ ਭੁਪਿੰਦਰ ਸਿੰਘ ਚੀਮਾ ਦੇ ਪਿਤਾ ਸ. ਸੁਖਜੀਤ ਸਿੰਘ ਕਾਲਾ ਅਫ਼ਗਾਨਾ ਨੇ ਦਸਿਆ ਕਿ ਉਹ ਜ਼ਿਲ੍ਹਾ ਗੁਰਦਾਸਪੁਰ ਪਿੰਡ ਕਾਲਾ ਅਫ਼ਗਾਨਾ ਦੇ ਰਹਿਣ ਵਾਲੇ ਹਨ ਤੇ ਉਹ ਅਕਾਲੀ ਦਲ ਅੰਮ੍ਰਿਤਸਰ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਅਤੇ ਪੀ.ਏ. ਸੀ ਕਮੇਟੀ ਦੇ ਨੁਮਾਂਇਦੇ ਹਨ ਅਤੇ ਉਨ੍ਹਾਂ ਬੇਟਾ ਗੁਰਵਿੰਦਰ ਸਿੰਘ ਜੋਹਲੀ ਅਕਾਲੀ ਦਲ ਅੰਮ੍ਰਿਤਸਰ ਬਟਾਲਾ ਦਾ ਜ਼ਿਲ੍ਹਾ ਪ੍ਰਧਾਨ ਹੈ ਜਿਸ ਕਾਰਨ ਉਹ ਬਾਦਲਾਂ ਤੇ ਉਨ੍ਹਾਂ ਦੇ ਚਹੇਤਿਆਂ ਦੀਆਂ ਅੱਖਾਂ ਵਿਚ ਰੜਕਦੇ ਹਨ। ਇਹੀ ਕਾਰਨ ਹੈ ਕਿ ਉਨ੍ਹਾਂ ਦੇ ਵਿਦੇਸ਼ ਤੋਂ ਪੰਜਾਬ ਵਿਆਹ ਲਈ ਆਏ ਪੁਤੱਰ ਭੁਪਿੰਦਰ ਸਿੰਘ ਨੂੰ ਝੂਠੇ ਕੇਸ ਵਿਚ ਫਸਾਇਆ ਗਿਆ। ਉਨ੍ਹਾਂ ਕਿਹਾ ਕਿ ਹਾਈਕੋਰਟ ਦੀ ਦਖ਼ਲ ਅੰਦਾਜੀ ਨਾਲ ਉਨ੍ਹਾਂ ਦੇ ਬੇਟੇ ਨੂੰ ਝੂਠੇ ਦੇਸ਼-ਧਰੋਹੀ ਦੇ ਮਾਮਲੇ ਵਿਚੋਂ ਪੱਕੀ ਜਮਾਨਤ ਮਿੱਲਣ ਨਾਲ ਬਾਦਲਕਿਆਂ ਨੂੰ ਵੱਡਾ ਝਟੱਕਾ ਲੱਗਾ ਹੈ ।
ਐਡਵੋਕੇਟ ਪਰਮਿੰਦਰ ਸਿੰਘ ਸੇਖੋਂ ਅਤੇ ਐਡਵੋਕੇਟ ਲਘੂਇੰਦਰ ਸਿੰਘ ਸੇਖੋਂ ਨੇ ਦਸਿਆ ਕਿ ਭਾਈ ਮੋਹਕਮ ਸਿੰਘ ਜਿਨ੍ਹਾਂ ’ਤੇ ਸਰਬੱਤ ਖਾਲਸਾ ਦੇ ਮੁੱਖ ਪ੍ਰਬੰਧਕ ਹੋਣ ਕਾਰਨ 12 ਨਵੰਬਰ 2015 ਥਾਣਾ ਚਾਟੀਵਿੰਡ ’ਚ ਐਫ ਆਈ ਆਰ ਨੰ: 151 ’ਚ 124 ਏ, 153 ਏ, 153ਬੀ, 117,120 ਬੀ ਆਈ ਪੀ ਸੀ ਤੋਂ ਇਲਾਵਾ 13-1 ਅਨਲਾਅਫੁੱਲ ਐਕਟੀਵਿਟੀ ਅਤੇ 66-ਐਫ਼ ਆਈ.ਟੀ ਐਕਟ ਦਾ ਮਾਮਲਾ ਦਰਜ਼ ਕੀਤਾ ਗਿਆ ਸੀ ਅਤੇ ਇਸ ਸਮੇਂ ਲੁਧਿਆਣਾ ਜ਼ੇਲ੍ਹ ਵਿਚ ਬੰਦ ਹਨ ਦੀ ਹਾਈਕੋਰਟ ਨੇ ਪੱਕੀ ਜਮਾਨਤ ਕਰ ਦਿਤੀ ਹੈ।
Related Topics: Bhai Gurdeep Singh Bathinda, Bhai Mohkam Singh, Sarbat Khalsa(2015), United Akali Dal