ਸਿੱਖ ਖਬਰਾਂ

ਸ੍ਰੀ ਹਰਿਮੰਦਰ ਸਾਹਿਬ ਵਿਖੇ ਬੇਅਦਬੀ ਦੀ ਕੋਸ਼ਿਸ਼ ਕਰਨ ਵਾਲੇ ਨੂੰ ਸੋਧਾ

December 18, 2021 | By

ਅੰਮ੍ਰਿਤਸਰ: ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਵਿਖੇ ਅੱਜ ਬੇਅਦਬੀ ਦੀ ਕੋਸ਼ਿਸ਼ ਕਰਨ ਵਾਲੇ ਨੂੰ ਸੋਧਾ ਲਾਏ ਜਾਣ ਦੀ ਜਾਣਕਾਰੀ ਆ ਰਹੀ ਹੈ।

ਸਿੱਖ ਸਿਆਸਤ ਨੂੰ ਸਥਾਨਕ ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਰਹਿਰਾਸ ਸਾਹਿਬ ਦੇ ਪਾਠ ਦੌਰਾਨ ਇਕ ਵਿਅਕਤੀ ਪਿੱਤਲ ਵਾਲਾ ਜੰਗਲਾ ਟੱਬ ਕੇ ਦਾਖਲ ਹੋ ਗਿਆ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਪਈ ਇਕ ਸ੍ਰੀ ਸਾਹਿਬ ਚੁੱਕ ਲਈ। ਇਸ ਤੋਂ ਪਹਿਲਾਂ ਕਿ ਉਹ ਹੋਰ ਕੋਈ ਹਰਕਤ ਕਰਦਾ ਸੇਵਾਦਾਰਾਂ ਵੱਲੋਂ ਉਸ ਨੂੰ ਕਾਬੂ ਕਰ ਲਿਆ ਗਿਆ। ਇਸ ਤੋਂ ਬਾਅਦ ਇਸ ਨੂੰ ਸੱਚਖੰਡ ਸਾਹਿਬ ਬਾਹਰ ਲਿਆ ਕੇ ਇਸ ਨੂੰ ਸੋਧਾ ਲਗਾਇਆ ਗਿਆ। ਜ਼ਿਕਰਯੋਗ ਹੈ ਕਿ ਇਸ ਘਟਨਾ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਦਾ ਸਿੱਧਾ ਪ੍ਰਸਾਰਣ ਚੱਲ ਰਿਹਾ ਸੀ ਜਿਸ ਵਿਚ ਵੀ ਇਹ ਹਰਕਤ ਦਾ ਕੁਝ ਹਿੱਸਾ ਨਸ਼ਰ ਹੋ ਹੋਇਆ ਹੈ। ਭਾਵੇਂ ਕਿ ਸਿੱਖ ਸਿਆਸਤ ਨੂੰ ਆਪਣੇ ਸਰੋਤਾਂ ਤੋਂ ਇਸ ਦੇ ਦ੍ਰਿਸ਼ (ਵੀਡੀਓ) ਮਿਲੇ ਹਨ ਪਰ ਗੁਰੂ ਸਾਹਿਬ ਦੇ ਅਦਬ ਸਤਿਕਾਰ ਦੇ ਮੱਦੇਨਜ਼ਰ ਇਹ ਇੱਥੇ ਸਾਂਝੇ ਨਹੀਂ ਕੀਤੇ ਜਾ ਰਹੇ।

ਖਬਰ ਲਿਖੇ ਜਾਣ ਤੱਕ ਇਸ ਮਾਮਲੇ ਵਿਚ ਵਧੇਰੇ ਵੇਰਵਿਆ ਦੀ ਉਡੀਕ ਕੀਤੀ ਜਾ ਰਹੀ ਸੀ।

ਘਟਨਾ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫਤਰ ਦੇ ਮੁੱਖ ਦਰਵਾਜ਼ੇ ਦੇ ਬਾਹਰ ਸਿੱਖ ਇਕੱਠੇ ਹੋ ਗਏ ਅਤੇ ਮੁਲਾਜਮਾਂ ਵੱਲੋਂ ਦਰਵਾਜ਼ਾ ਅੰਦਰੋਂ ਬੰਦ ਕਰ ਲਿਆ ਗਿਆ।

ਜ਼ਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਵੀ ਇਕ ਵਿਅਕਤੀ ਨੇ ਬੇਅਦਬੀ ਦੀ ਹਰਕਤ ਕੀਤੀ ਸੀ ਜਿਸ ਨੂੰ ਗ੍ਰਿਫਤਾਰ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਸੀ। ਉਸ ਵਿਅਕਤੀ ਦਾ ਸੰਬੰਧ ਡੇਰਾ ਸੌਦਾ ਸਿਰਸਾ ਨਾਲ ਨਿੱਕਲਿਆ ਸੀ।

ਇਸ ਤੋਂ ਬਾਅਦ ਸਿੰਘੂ ਬਾਰਡਰ ਵਿਖੇ ਨਿਹੰਗ ਸਿੰਘਾ ਦੇ ਪੜਾਅ ਵਿਖੇ ਵੀ ਇਕ ਬੇਅਦਬੀ ਦੀ ਘਟਨਾ ਹੋਣ ਉੱਤੇ ਨਿਹੰਗ ਸਿੰਘਾਂ ਵੱਲੋਂ ਬੇਅਦਬੀ ਦੇ ਦੋਸ਼ੀ ਨੂੰ ਸੋਧਾ ਲਗਾਇਆ ਗਿਆ ਸੀ।

ਇਸ ਤੋਂ ਪਹਿਲਾਂ ਸਾਲ 2015 ਵਿਚ ਪੰਜਾਬ ਵਿਚ ਬਿਅਦਬੀ ਦੀਆਂ ਘਟਨਾਵਾਂ ਵਾਪਰੀਆਂ ਹਨ ਜਿਹਨਾਂ ਵਿਰੁਧ ਸਿੱਖ ਜਗਤ ਵੱਲੋਂ ਵਿਆਪਕ ਰੋਸ ਅਤੇ ਰੋਹ ਦਾ ਪ੍ਰਗਟਾਵਾ ਕੀਤਾ ਗਿਆ ਸੀ।

ਜਿੱਥੇ ਪਹਿਲਾਂ ਬੇਅਦਬੀ ਦੀਆਂ ਘਟਨਾਵਾਂ ਚੋਰੀ-ਛੁੱਪੇ ਕੀਤੀਆਂ ਗਈਆਂ ਸਨ ਪਰ ਹਾਲੀਆਂ ਘਟਨਾਵਾਂ ਪ੍ਰਤੱਖ ਤੌਰ ਉੱਤੇ ਵਾਪਰ ਰਹੀਆਂ ਹਨ। ਭਾਵੇਂ ਕਿ ਇਹਨਾ ਬੇਅਦਬੀ ਦੀਆਂ ਪ੍ਰਤੱਖ ਘਟਨਾਵਾਂ ਦੇ ਦੋਸ਼ੀ ਫੜ੍ਹੇ ਜਾ ਸੋਧੇ ਜਾ ਰਹੇ ਹਨ ਪਰ ਇਹ ਗੱਲ ਦਾ ਕੋਈ ਸੁਰਾਗ ਨਹੀਂ ਲੱਗ ਰਿਹਾ ਕਿ ਕੀ ਇਹ ਘਟਨਾਵਾਂ ਕਿਸੇ ਵੱਲੋਂ ਸੂਤਰ ਧਾਰ ਕੀਤੀਆਂ ਜਾ ਰਹੀਆਂ? ਅਤੇ ਜੇਕਰ ਹਾਂ ਤਾਂ ਕਿਸ ਵੱਲੋਂ? ਹਾਲੀਆਂ ਘਟਨਾਵਾਂ ਦੀ ਜਾਂਚ ਬਾਰੇ ਜੋ ਜਾਣਕਾਰੀ ਜਨਤਕ ਤੌਰ ਉੱਤੇ ਸਾਹਮਣੇ ਆਈ ਹੈ ਉਸ ਤੋਂ ਅਜਿਹਾ ਨਹੀਂ ਲੱਗਦਾ ਕਿ ਜਾਂਚ ਏਜੰਸੀਆਂ ਇਹਨਾ ਘਟਨਾਵਾ ਪਿਛਲੇ ਕਿਸੇ ਸੰਭਾਵੀ ਸੂਤਰਧਾਰ ਦਾ ਪਤਾ ਲਗਾਉਣ ਦੀ ਕੋਈ ਕੋਸ਼ਿਸ਼ ਕਰ ਰਹੀਆਂ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: