ਖਾਸ ਖਬਰਾਂ » ਖਾਸ ਲੇਖੇ/ਰਿਪੋਰਟਾਂ

ਜਾਅਲੀ ਫੇਸਬੁੱਕ ਖਾਤਿਆਂ ਤੋਂ ਸਾਵਧਾਨ — ਇਹ ਤੁਹਾਡੀ ਸੋਚ ਨੂੰ ਜਾਅਲੀ ਬਣਾ ਸਕਦੇ ਹਨ

April 15, 2023 | By

ਕੁਝ ਦਿਨ ਪਹਿਲਾਂ ਸਿੱਖ ਨਾਵਾਂ ਵਾਲੇ ਜਾਅਲੀ ਖਾਤਿਆਂ ਬਾਰੇ ਲਿਖਿਆ ਸੀ। ਸੋਚਿਆ ਸੀ ਕਿ ਅਗਲੇ ਦਿਨ ਬੇਨਾਮੀ ਸਫਿਆਂ ਬਾਰੇ ਮੁੱਢਲੀ ਗੱਲ ਸਾਂਝੀ ਕਰਾਂਗਾ। ਪਰ ਉਸ ਦਿਨ ਜਦੋਂ ਸਿੱਖ ਸਿਆਸਤ ਦੇ ਸਫੇ ਉੱਤੇ ਇਕ ਟਿੱਪਣੀ ਵੇਖੀ ਤਾਂ ਉਸ ਪਿੱਛੇ ਛਿਪੇ ਵਰਤਾਰੇ ਬਾਰੇ ਗੱਲ ਸਾਂਝੀ ਕਰਨ ਦਾ ਵਿਚਾਰ ਬਣਿਆ ਹੈ।

ਇਕ ਨਕਲੀ ਆਈ.ਡੀ. ਦਾ ਨਾਮ “Singh Khalsa” ਹੈ। ਇਸ ਨੇ ਅਕਾਲੀ ਫੂਲਾ ਸਿੰਘ ਅਤੇ ਮਹਾਰਾਜਾ ਰਣਜੀਤ ਸਿੰਘ ਦਾ ਚਿੱਤਰ ਪ੍ਰੋਫਾਈਲ ਫੋਟੋ ਵੱਜੋਂ ਲਗਾਇਆ ਗਿਆ ਹੈ। ਇਸ ਨੇ ਸਿੱਖ ਸਿਆਸਤ ਦੇ ਸਫੇ ਉੱਤੇ ਪੰਥ ਸੇਵਕ ਸਖਸ਼ੀਅਤ ਭਾਈ ਦਲਜੀਤ ਸਿੰਘ ਹੋਰਾਂ ਵੱਲੋਂ ਸੰਗਰੂਰ ਵਿਖੇ ਸਥਾਨਕ ਪੰਥ ਸੇਵਕ ਜਥਿਆਂ ਨਾਲ ਕੀਤੀ ਇਕੱਤਰਤਾ ਦੀ ਖਬਰ ਉੱਤੇ ਟਿੱਪਣੀ ਕੀਤੀ ਹੈ ਕਿ “ਪ੍ਰੋ ਪੰਜਾਬ ਨੂੰ ਵੀ ਸੱਦ ਲੈਣਾ ਸੀ”। ਇਸ ਟਿੱਪਣੀ ਵਿਚ ਇਕ ਚੈਨਲ ਦਾ ਨਾਲ ਲਿਖਣ ਦਾ ਕੋਈ ਅਰਥ ਨਹੀਂ ਸੀ ਬਣਦਾ ਪਰ ਫਿਰ ਵੀ ਅਜਿਹਾ ਕੀਤਾ ਗਿਆ ਕਿਉਂਕਿ ਇਹ ਆਈ.ਡੀ. ਬੜੇ ਲੰਮੇ ਸਮੇਂ ਤੋੰ ਸਿੱਖ ਸਖਸ਼ੀਅਤਾਂ ਬਾਰੇ ਝੂਠੀਆਂ ਤੇ ਨਾਕਾਰਾਤਮਿਕ ਗੱਲਾਂ ਫੈਲਾਅ ਰਹੀ ਹੈ ਜਿਸ ਵਿਚ ਭਾਈ ਦਲਜੀਤ ਸਿੰਘ ਜੀ ਦੀ ਪ੍ਰੋ ਪੰਜਾਬ ਚੈਨਲ ਉੱਤੇ ਨਸ਼ਰ ਹੋਈ ਇੰਟਰਵਿਊ ਬਾਰੇ ਦੁਸ਼ ਪ੍ਰਚਾਰ ਕਰਨਾ ਤੇ ਗਲਤ ਪ੍ਰਭਾਵ ਸਿਰਜਣਾ ਵੀ ਇਕ ਹੈ।

ਖੈਰ ਅਜਿਹਾ ਬਹੁਤ ਕੁਝ ਚੱਲ ਰਿਹਾ ਹੈ ਤੇ ਹਰ ਗੱਲ ਬਾਰੇ ਤਾਂ ਨਹੀਂ ਲਿਖਿਆ ਜਾ ਸਕਦਾ ਸੋ ਇਸ ਵਰਤਾਰੇ ਦਾ ਨਕਸ਼ (ਪੈਟਰਨ) ਸਮਝਣ ਲਈ ਹੇਠਾਂ “ਤਰੀਕਾਕਾਰ” ਅਤੇ “ਅਸਰ” ਬਾਰੇ ਨੁਕਤੇ ਸਾਂਝੇ ਕੀਤੇ ਜਾ ਰਹੇ ਹਨ।

***ਤਰੀਕਾਕਾਰ:
੧. ਜੇ ਨਕਲੀ ਆਈ.ਡੀ ਨੇ ਖੁਦ ਸਿੱਖਾਂ ਦਾ ਹਮਦਰਦ ਵਿਖਾਉਣਾ ਹੈ ਤਾਂ ਨਾਮ ਸਿੱਖਾਂ ਵਾਲੇ ਜਾਂ ਸਿੱਖ ਪ੍ਰਤੀਕਾਂ ਵਾਲੇ ਰੱਖੇ ਜਾਂਦੇ ਹਨ ਤੇ ਤਸਵੀਰ ਸਿੱਖ ਨਾਇਕਾਂ ਦੀ ਲਗਾਈ ਜਾਂਦੀ ਹੈ।
੨. ਜੇਕਰ ਸਿੱਖਾਂ ਦਾ ਕਿਸੇ ਦੂਜੀ ਧਿਰ (ਮੰਨ ਲਓ ਖੱਬੇਪੱਖੀਆਂ) ਨਾਲ ਬੇਵਜਹ ਪੇਚਾ ਪਵਾਉਣਾ ਹੈ ਤਾਂ ਆਈ.ਡੀ. ਦਾ ਨਾਮ ਉਹੋ ਜਿਹਾ ਹੋਵੇਗਾ ਅਤੇ ਤਸਵੀਰ ਭਗਤ ਸਿੰਘ ਜਾਂ ਕਰਤਾਰ ਸਿੰਘ ਸਰਾਭੇ ਜਾਂ ਊਧਮ ਸਿੰਘ ਦੀ ਲਗਾਈ ਜਾਂਦੀ ਹੈ। ਜੇਕਰ ਨਕਲੀ ਆਈ.ਡੀ ਨੇ ਦਲਿਤ/ਬਹੁਜਨ ਪੱਖੀ ਹੋਣ ਦਾ ਪ੍ਰਭਾਵ ਸਿਰਜਣਾ ਹੈ ਤਾਂ ਡਾ. ਅੰਬੇਡਕਰ ਜਾਂ ਅਜਿਹੇ ਹੋਰ ਨਾਇਕ/ਸਖਸ਼ੀਅਤ ਦੀ ਤਸਵੀਰ ਲਗਾਈ ਜਾਂਦੀ ਹੈ।
੩. ਜਿਸ ਝੂਠੀ ਗੱਲ ਦਾ ਪ੍ਰਭਾਵ ਸਿਰਜਣਾ ਹੋਵੇ ਵਾਰ-ਵਾਰ ਉਹ ਗੱਲ ਥਾਂ-ਥਾਂ ਤੇ ਟਿੱਪਣੀਆਂ (ਕੁਮੈਂਟਾਂ) ਵਿਚ ਲਿਖੀ ਜਾਂਦੀ ਹੈ।
੪. ਕਈ ਵਾਰ ਲਿਖਣ ਦੀ ਸੁਰ ਅਗਲੇ ਨੂੰ ਖਿਝਾਉਣ ਵਾਲੀ ਹੁੰਦੀ ਹੈ ਪਰ ਕਈ ਵਾਰ ਇੰਝ ਦਰਸਾਉਣ ਲਈ ਕਿ ਬੜੀ ਸੁਹਿਰਦਤਾ ਨਾਲ ਗੱਲ ਹੋ ਰਹੀ ਹੈ ਬੜੇ ਸਲੀਕੇ ਵਾਲੀ ਬੋਲੀ ਵੀ ਵਰਤੀ ਜਾਂਦੀ ਹੈ। ਪਰ ਦੋਵਾਂ ਸੂਰਤਾਂ ਵਿਚ ਗਲਤ ਏਜੰਡਾ ਹੀ ਅੱਗੇ ਵਧਾਇਆ ਜਾ ਰਿਹਾ ਹੁੰਦਾ ਹੈ।
੫. ਇਹ ਆਈ.ਡੀਆਂ ਪਿੱਛੇ ਬਹੁਤੀ ਵਾਰ ਕੋਈ ਗਰੁੱਪ ਹੁੰਦਾ ਹੈ।
੬. ਪੜਤਾਲ ਤੋਂ ਗੱਲ ਸਾਹਮਣੇ ਆਈ ਹੈ ਕਿ ਅਜਿਹੇ ਗਰੁੱਪ ਵਿਚ ਵੱਖ-ਵੱਖ ਮੁਲਕਾਂ ਵਿਚ ਬੈਠੇ ਲੋਕ ਹੁੰਦੇ ਹਨ ਜਿਹੜੇ ਸਮੇਂ-ਸਮੇਂ ਸਿਰ ਉਹੀ ਆਈ ਡੀ ਵਰਤਦੇ ਰਹਿੰਦੇ ਹਨ, ਕਿਉਂਕਿ-
੬-ੳ) ਵਿਵਾਦ ਭੜਕਨ ਮੌਕੇ ਇਹ ਆਈ.ਡੀਆਂ ਤਕਰੀਬ ੨੪ ਘੰਟੇ ਹੀ ਸਰਗਮ ਰਹਿੰਦੀਆਂ ਹਨ।
੬-ਅ) ਇਹਨਾ ਦੀ ਟਿੱਪਣੀ ਸ਼ੈਲੀ ਵਿਚ ਹੁੰਦੇ ਰਹਿੰਦੇ ਬਦਲਾਅ ਤੋਂ ਵੀ ਪਤਾ ਲੱਗ ਜਾਂਦਾ ਹੈ ਇਕ ਤੋਂ ਵੱਧ ਬੰਦੇ ਆਈ.ਡੀ. ਚਲਾ ਰਹੇ ਹਨ।
੭. ਕਈ ਵਾਰ ਇਕ ਨਕਲੀ ਆਈ.ਡੀ. ਕਿਸੇ ਦਾ ਵਿਰੋਧ ਕਰ ਰਹੀ ਹੁੰਦੀ ਹੈ ਤੇ ਦੂਜੀ ਨਕਲੀ ਆਈ.ਡੀ. ਉਸ ਦੀ ਹਿਮਾਇਤ ਵਿਚ ਆ ਜਾਂਦੀ ਹੈ। ਇੰਝ ਵਿਵਾਦ ਭੜਕਾਅ ਦਿੱਤਾ ਜਾਂਦਾ ਹੈ।
੮. ਗਾਲਾਂ ਤੇ ਮਾੜੀ ਸ਼ਬਦਾਵਲੀ ਵਰਤਣ ਵਾਲੀਆਂ ਬਹੁਤੀਆਂ ਆਈ.ਡੀਆਂ ਨਕਲੀ ਹੀ ਹਨ।

***ਅਸਰ:
– ਆਮ ਮਨੁੱਖ ਉੱਤੇ ਸ਼ੋਸ਼ਲ ਮੀਡੀਆ ਪ੍ਰਭਾਵ ਬਹੁਤ ਜਿਆਦਾ ਹੈ।
– ਲੋਕ ਕਾਲੇ ਸ਼ੀਸ਼ੇ (ਮੋਬਾਈਲ ਸਕਰੀਨ) ਵਿਚੋਂ ਦਿਸਦੀ ਗੱਲ ਨੂੰ ਸੱਚ ਮੰਨਦੇ ਹਨ।
– ਬਹੁਤੇ ਆਮ ਲੋਕ ਇਹ ਫਰਕ ਨਹੀਂ ਕਰ ਪਾਉਂਦੇ ਕਿ ਕੁਮੈਂਟ ਕਰਨ ਜਾਂ ਵਿਵਾਦ ਭੜਕਾਉਣ ਵਾਲੀਆਂ ਆਈ.ਡੀਆਂ ਅਸਲੀ ਹਨ ਜਾਂ ਨਕਲੀ।
– ਸੁਹਿਰਦ ਲੋਕ ਬੇਮਤਲਬ ਤੇ ਝੂਠ ਅਧਾਰਤ ਸਵਾਲਾਂ-ਜਵਾਬਾਂ ਵਿਚ ਨਹੀਂ ਉਲਝਦੇ ਜਿਸ ਕਾਰਨ ਫੇਕ ਆਈ.ਡੀਆਂ ਦੇ ਸਰਗਨੇ ਇਹ ਪ੍ਰਭਾਵ ਸਿਰਜਦੇ ਜਾਂਦੇ ਹਨ ਕਿ ਉਹ ਜੋ ਗੱਲ ਕਰ ਰਹੇ ਹਨ ਉਹ ਸੱਚ ਹੈ।
– ਇਸ ਸਿੱਖਾਂ ਦਾ ਸਮਾਂ ਜੋ ਕਿਸੇ ਚੰਗੇ ਪਾਸੇ ਲੱਗ ਸਕਦਾ ਸੀ ਉਹ ਖਰਾਬ ਹੁੰਦਾ ਹੈ।
– ਲੋਕ ਚੰਗੀ ਗੱਲ ਛੱਡ ਕੇ ਮਾੜੀ ਗੱਲ ਵੱਧ ਵੇਖਣ ਲੱਗ ਜਾਂਦੇ ਹਨ।
– ਵਾਰ-ਵਾਰ ਜਦੋਂ ਉਹੀ ਗੱਲ ਕਹੀ ਜਾਂਦੀ ਹੈ ਤਾਂ ਆਮ ਲੋਕਾਂ ਨੂੰ ਝੂਠ ਵੀ ਸੱਚ ਲੱਗਣ ਲੱਗ ਜਾਂਦੇ ਹਨ।
– ਬਹੁਤ ਸਾਰੇ ਬੰਦੇ ਇਹਨਾ ਆਈ.ਡੀਆਂ ਦੇ ਕੁਮੈਂਟਾਂ ਦੇ ਪ੍ਰਭਾਵ ਹੇਠ ਆ ਜਾਂਦੇ ਹਨ ਤੇ ਉਹੀ ਗਲਤ ਤੇ ਮਾੜੀਆਂ ਗੱਲਾਂ ਅੱਗੇ ਆਪ ਕਰਨ ਲੱਗ ਜਾਂਦੇ ਹਨ।
– ਇੰਝ ਸਿੱਖਾਂ ਵਿਚ ਬੇਵਿਸ਼ਵਾਸੀ ਤੇ ਸ਼ੰਕੇ ਦਾ ਮਹੌਲ ਸਿਰਜਿਆ ਜਾਂਦਾ ਹੈ।
– ਸਿੱਖਾਂ ਵਿਚ ਨਾਕਾਰਾਤਮਿਕ (ਨੈਗਟੀਵਿਟੀ) ਵਧਾਈ ਜਾਂਦੀ ਹੈ।
ਹੋਰਨਾਂ ਪੱਖਾਂ ਬਾਰੇ ਅਗਲੇ ਦਿਨਾਂ ਵਿਚ ਪੋਸਟ ਪਾਈ ਜਾਵੇਗੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,