ਖਾਸ ਖਬਰਾਂ

ਸਿੱਖ ਸੰਘਰਸ਼ ਦਾ ਸਿਧਾਂਤਕ ਆਗੂ – ਭਾਈ ਦਲਜੀਤ ਸਿੰਘ: ਸੰਖੇਪ ਜੀਵਤ ਝਾਤ

March 9, 2012 | By

ਚੋਟੀ ਦੇ ਸਾਬਕਾ ਜੁਝਾਰੂ ਆਗੂ ਭਾਈ ਦਲਜੀਤ ਸਿੰਘ ਪਿਛਲੇ ਤਕਰੀਬਨ ਦੋ ਸਾਲਾਂ ਤੋਂ ਅੰਮ੍ਰਿਤਸਰ ਜੇਲ੍ਹ ਵਿਚ ਬੰਦੀ ਜੀਵਨ ਹੰਢਾ ਰਹੇ ਹਨ। ਇਸ ਵੇਲੇ ਉਹ ਕੁੱਲ ਚਾਰ ਮੁਕੱਦਮਿਆਂ ਦਾ ਸਾਹਮਣੇ ਕਰ ਰਹੇ ਹਨ, ਜਿਹਨਾਂ ‘ਚੋਂ ਸਭ ਤੋਂ ਮਸ਼ਹੂਰ ਤੇ ਗੰਭੀਰ ਮੁਕੱਦਮਾ 25 ਸਾਲ ਪਹਿਲਾਂ ਲੁਧਿਆਣਾ ਵਿਖੇ ਪੰਜਾਬ ਨੈਸ਼ਨਲ ਬੈਂਕ ਦੀ ਇਕ ਸ਼ਾਖਾ ਵਿਚ ਮਾਰੇ ਗਏ ਡਾਕੇ ਨਾਲ ਸਬੰਧਤ ਹੈ। ਏਸ਼ੀਆ ਦੇ ਸਭ ਨਾਲੋਂ ਵੱਡੇ ਕਹੇ ਜਾਂਦੇ ਇਸ ਡਾਕੇ ਵਿਚ ਪੌਣੇ ਛੇ ਕਰੋੜ ਦੇ ਕਰੀਬ ਰੁਪਈਏ ਲੁੱਟੇ ਦੱਸੇ ਗਏ ਸਨ। ਇਸ ਡਾਕੇ ਲਈ 20 ਦੇ ਕਰੀਬ ਚੋਟੀ ਦੇ ਸਿੱਖ ਜੁਝਾਰੂਆਂ ਨੂੰ ਦੋਸ਼ੀ ਨਾਮਜ਼ਦ ਕੀਤਾ ਗਿਆ ਸੀ, ਜਿਹਨਾਂ ਵਿਚੋਂ ਜ਼ਿਆਦਾਤਰ ਜੁਝਾਰੂ ਪਹਿਲਾਂ ਹੀ ਲਹਿਰ ਦੇ ਅੱਡ ਅੱਡ ਪੜਾਵਾਂ ‘ਤੇ ਸ਼ਹੀਦ ਹੋ ਗਏ ਸਨ। ਇਹਨਾਂ ਵਿਚ ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਮਥਰਾ ਸਿੰਘ, ਜਨਰਲ ਲਾਭ ਸਿੰਘ, ਚਰਨਜੀਤ ਸਿੰਘ ਚੰਨੀ ਆਦਿ ਪ੍ਰਮੁੱਖ ਨਾਂ ਸ਼ਾਮਲ ਹਨ। ਖਾੜਕੂ ਸੰਘਰਸ਼ ਦੀ ਚੜ੍ਹਤ ਦੇ ਦੌਰ ਵਿਚ ਸਿੱਖ ਕੌਮ ਦੀਆਂ ਸਧਰਾਂ ਤੇ ਉਮੀਦਾਂ ਦੇ ਪ੍ਰਤੀਕ ਬਣ ਕੇ ਉਭਰੇ ਇਹਨਾਂ ਜੁਝਾਰੂ ਸੂਰਮਿਆਂ ਵਿਚੋਂ ਇਸ ਵੇਲੇ ਦੋ ਸੰਗਰਾਮੀਏ-ਭਾਈ ਦਲਜੀਤ ਸਿੰਘ ਤੇ ਭਾਈ ਗੁਰਸ਼ਰਨ ਸਿੰਘ ਗ਼ਾਮਾ-ਹੀ ਇਸ ਮੁਕੱਦਮੇ ਵਿਚ ਸੀ ਬੀ ਆਈ ਵੱਲੋਂ ਲਾਏ ਗਏ ਸੰਗੀਨ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ। ਲੁਧਿਆਣਾ ਦੀ ਵਿਸ਼ੇਸ਼ ਟਾਡਾ ਅਦਾਲਤ ਨੇ ਇਸ ਬਹੁ-ਚਰਚਿਤ ਮੁਕੱਦਮੇ ਦੀ ਸੁਣਵਾਈ ਦੀ ਸਮੁੱਚੀ ਕਾਰਵਾਈ ਮੁਕੰਮਲ ਕਰ ਲੈਣ ਤੋਂ ਬਾਅਦ ਇਸ ਦੇ ਫੈਸਲੇ ਲਈ 1 ਅਗਸਤ ਦੀ ਤਰੀਕ ਮਿਥੀ ਹੈ। ਸਿੱਖ ਕੌਮ ਦੀ ਚੜ੍ਹਦੀ ਕਲਾ ਦੇ ਅਭਿਲਾਸ਼ੀ ਇਸ ਮੁਕੱਦਮੇ ਦੇ ਫੈਸਲੇ ਦਾ ਇੰਤਜ਼ਾਰ ਉਮੀਦ ਅਤੇ ਚਿੰਤਾ ਦੇ ਰਲੇ-ਮਿਲੇ ਭਾਵਾਂ ਨਾਲ ਕਰ ਰਹੇ ਹਨ। ਇਸ ਹਾਲਤ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ (ਪੰਚ ਪਰਧਾਨੀ) ਵੱਲੋਂ ਆਪਣੇ ਨਜ਼ਰਬੰਦ ਚੇਅਰਮੈਨ ਭਾਈ ਦਲਜੀਤ ਸਿੰਘ ਦੇ ਸੰਘਰਸ਼ਮਈ ਜੀਵਨ ਦਾ ਸੰਖੇਪ ਬਿਉਰਾ ਜਾਰੀ ਕੀਤਾ ਗਿਆ ਹੈ। ਆਪਣੇ ਸੂਝਵਾਨ ਪਾਠਕਾਂ ਨੂੰ ਇਕ ਸੰਘਰਸ਼ਸ਼ੀਲ ਤੇ ਪ੍ਰੇਰਨਾਮਈ ਜੀਵਨ ਤੋਂ ਜਾਣੂੰ ਕਰਾਉਣ ਹਿਤ ਅਸੀਂ ਇਥੇ ਇਹ ਬਿਊਰਾ ਛਾਪਣ ਦੀ ਖੁਸ਼ੀ ਹਾਸਲ ਕਰ ਰਹੇ ਹਾਂ -ਸੰਪਾਦਕ।

ਭਾਈ ਦਲਜੀਤ ਸਿੰਘ ਇਕ ਅਜਿਹੇ ਸੰਘਰਸ਼ਸ਼ੀਲ ਆਗੂ ਹਨ ਜਿਨ੍ਹਾਂ ਨੇ ਆਪਣੀ ਸਾਰੀ ਜਵਾਨੀ ਪੰਥ ਦੇ ਲੇਖੇ ਲਾ ਦਿੱਤੀ। ਭਾਈ ਸਾਹਿਬ, ਜੋ ਇਸ ਵੇਲੇ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਚੇਅਰਮੈਨ ਹਨ, ਨੇ ਆਪਣਾ ਸਿਆਸੀ ਜੀਵਨ ਸਿੱਖ ਸਟੂਡੈਂਟਸ ਫੈਡਰੇਸ਼ਨ ਤੋਂ ਸ਼ੁਰੂ ਕੀਤਾ। 12 ਫਰਵਰੀ 1962 ਨੂੰ ਲੁਧਿਆਣਾ ਵਿਚ ਡਾæ ਅਜੀਤ ਸਿੰਘ ਅਤੇ ਸਰਦਾਰਨੀ ਪਲਵਿੰਦਰ ਕੌਰ ਦੇ ਘਰ ਪੈਦਾ ਹੋਏ ਭਾਈ ਸਾਹਿਬ ਬਚਪਨ ਤੋਂ ਹੀ ਧਾਰਮਿਕ ਸਰਗਰਮੀਆਂ ਵਿਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਸਨ। ਉਨ੍ਹਾਂ ਦੇ ਪਿਤਾ ਡਾ. ਅਜੀਤ ਸਿੰਘ (ਸਿੱਧੂ) ਪੰਜਾਬ ਖੇਤੀ ਯੂਨੀਵਰਸਿਟੀ ਲੁਧਿਆਣਾ ਵਿਚ ਪ੍ਰੋਫੈਸਰ ਸਨ ਜੋ ਬਾਅਦ ਵਿਚ ਡੀਨ ਦੇ ਅਹੁਦੇ ਤੋਂ ਸੇਵਾਮੁਕਤ ਹੋਏ। ਭਾਈ ਦਲਜੀਤ ਸਿੰਘ 1984 ਵਿਚ ਦਰਬਾਰ ਸਾਹਿਬ ਅੰਮ੍ਰਿਤਸਰ ਅਤੇ ਪੰਜਾਬ ਦੇ ਹੋਰ ਗੁਰਧਾਮਾਂ ‘ਤੇ ਹੋਏ ਫੌਜੀ ਹਮਲੇ ਅਤੇ ਬਾਅਦ ਵਿਚ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਦਿੱਲੀ ਅਤੇ ਹੋਰਨਾਂ ਥਾਵਾਂ ‘ਤੇ ਹੋਏ ਸਿੱਖ ਕਤਲੇਆਮ ਦੇ ਪ੍ਰਤੀਕਰਮ ਵਿਚ ਸਿੱਖ ਸਟੂਡੈਂਟਸ ਫੈਡਰੇਸ਼ਨ ਵਿਚ ਵਧੇਰੇ ਸਰਗਰਮ ਹੋ ਗਏ। ਸਰਕਾਰੀ ਦਹਿਸ਼ਤ ਕਾਰਨ ਉਨ੍ਹਾਂ ਨੂੰ ਮਈ 1985 ਵਿਚ ਰੂਪੋਸ਼ ਹੋਣਾ ਪਿਆ।

ਸਿੱਖਾਂ ਦੀ ਰੂਹਾਨੀ ਅਤੇ ਰਾਜਨੀਤਕ ਆਜ਼ਾਦੀ ਲਈ ਵਿੱਢੇ ਸੰਘਰਸ਼ ਵਿਚ ਉਨ੍ਹਾਂ ਦੀ ਡੂੰਘੀ ਦਿਲਚਸਪੀ ਅਤੇ ਸਰਗ਼ਰਮੀਆਂ ਸਦਕਾ, ਭਾਈ ਸਾਹਿਬ ਨੂੰ 1988 ਵਿਚ ਸਿੱਖ ਸਟੂਡੈਂਟਸ ਫੈਡਰੇਸ਼ਨ ਦਾ ਪ੍ਰਧਾਨ ਚੁਣਿਆ ਗਿਆ। ਇਸ ਤੋਂ ਪਹਿਲਾਂ ਉਹ ਖੇਤੀ ਯੂਨੀਵਰਸਿਟੀ ਲੁਧਿਆਣਾ ਦੇ ਵੈਟਰਨਰੀ ਕਾਲਜ ਤੋਂ ਬੀ.ਵੀ.ਐਸ਼. ਸੀ ਕਰ ਚੁੱਕੇ ਸਨ। ਸਿੱਖ ਸਟੂਡੈਂਟਸ ਫੈਡਰੇਸ਼ਨ ਵਿਚ ਉਨ੍ਹਾਂ ਨੇ 1992 ਤੱਕ ਸਿੱਖ ਵਿਦਿਆਰਥੀ ਅਤੇ ਨੌਜਵਾਨ ਲਹਿਰ ਦੀ ਅਗਵਾਈ ਕੀਤੀ। ਇਹ ਉਹ ਦੌਰ ਸੀ ਜਦ ਪੰਜਾਬ ਵਿਚ ਸਰਕਾਰੀ ਜ਼ਬਰ ਲੋਕਾਂ ‘ਤੇ ਸੀ। ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਅਤੇ ਤਸੀਹਾ ਕੇਂਦਰਾਂ ਵਿਚ ਕੋਹ ਕੋਹ ਕੇ ਮਾਰਿਆ ਜਾ ਰਿਹਾ ਸੀ।

ਭਾਈ ਸਾਹਿਬ 1990 ਵਿਚ, ਜੁਝਾਰੂ ਸੰਘਰਸ਼ ਨੂੰ ਅਗਵਾਈ ਦੇਣ ਵਾਲੀ ‘ਪੰਜ ਮੈਂਬਰੀ ਪੰਥਕ ਕਮੇਟੀ’ ਦੇ ਮੈਂਬਰ ਬਣੇ। ਉਨ੍ਹਾਂ ਨੂੰ ਅਪਰੈਲ 1996 ਵਿਚ ਭਾਈ ਗੁਰਸ਼ਰਨ ਸਿੰਘ ਗਾਮਾ ਦੇ ਸਮੇਤ ਗ੍ਰਿਫ਼ਤਾਰ ਕਰ ਲਿਆ ਗਿਆ। 14 ਅਪ੍ਰੈਲ 2004 ਤੋਂ 6 ਜੂਨ 2006 ਤੱਕ ਉਹ ਸ਼੍ਰੋਮਣੀ ਖਾਲਸਾ ਦਲ ਦੇ ਪ੍ਰਧਾਨ ਰਹੇ। ਫਿਰ 7 ਜੂਨ 2006 ਤੋਂ 26 ਅਗਸਤ 2007 ਤੱਕ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਮੀਤ ਪ੍ਰਧਾਨ ਰਹੇ। ਅਕਤੂਬਰ 2005 ਵਿੱਚ ਜਮਾਨਤ ਉੱਤੇ ਰਿਹਾਈ ਬਾਅਦ ਇਨ੍ਹਾਂ ਦੀ ਸ਼ਾਦੀ ਬੀਬੀ ਅੰਮ੍ਰਿਤ ਕੌਰ ਨਾਲ ਹੋਈ।

ਭਾਈ ਸਾਹਿਬ ਦੇ ਵਿਦਿਆਰਥੀ ਆਗੂ ਹੁੰਦਿਆਂ ਅਤੇ ਸਿਆਸਤ ਵਿਚ ਸਰਗਰਮੀਆਂ ਦੌਰਾਨ ਪੁਲਿਸ ਵੱਲੋਂ ਉਨ੍ਹਾ ਖਿਲਾਫ਼ 28 ਕੇਸ ਦਰਜ ਕੀਤੇ ਗਏ, ਜਿਨ੍ਹਾਂ ਵਿਚੋਂ 24 ਕੇਸਾਂ ਵਿਚੋਂ ਉਹ ਬਰੀ ਹੋ ਚੁੱਕੇ ਹਨ ਅਤੇ 4 ਕੇਸ ਅਜੇ ਵੱਖ ਵੱਖ ਅਦਾਲਤਾਂ ਵਿਚ ਚੱਲ ਰਹੇ ਹਨ।

ਭਾਈ ਦਲਜੀਤ ਸਿੰਘ 10 ਅਪ੍ਰੈਲ 1996 ਤੋਂ ਲੈ ਕੇ ਹੁਣ ਤੱਕ 7 ਵਾਰ ਜੇਲ੍ਹ ਜਾ ਚੁੱਕੇ ਹਨ ਅਤੇ ਆਖ਼ਰ ਲਗਭਗ ਢਾਈ ਸਾਲ ਜੇਲ੍ਹ ਵਿਚ ਰਹਿਣ ਉਪਰੰਤ ਉਹ 28 ਫ਼ਰਵਰੀ 2012 ਨੂੰ ਹਾਈਕੋਰਟ ਵਲੋਂ ਮਿਲੀ ਜਮਾਨਤ ‘ਤੇ ਰਿਹਾਅ ਹੋ ਗਏ। ਉਹ 10 ਅਪ੍ਰੈਲ 1996 ਤੋਂ 6 ਅਕਤੂਬਰ 2005 ਤੱਕ ਕੋਈ ਇਕ ਦਹਾਕਾ ਜੇਲ੍ਹ ਵਿਚ ਰਹੇ। ਇਸ ਤੋਂ ਬਾਅਦ ਉਨ੍ਹਾਂ ਦੀਆਂ ਸਿਆਸੀ ਅਤੇ ਪੰਥਕ ਸਰਗਰਮੀਆਂ ਕਰਕੇ ਉਨ੍ਹਾਂ ਨੂੰ ਸਮੇਂ ਸਮੇਂ ਹਿਰਾਸਤ ਵਿਚ ਲਿਆ ਗਿਆ। ਆਖ਼ਰੀ ਵਾਰ ਉਨ੍ਹਾਂ ਨੂੰ 27 ਅਗਸਤ 2009 ਨੂੰ ਉਨ੍ਹਾਂ ਖਿਲਾਫ ਦੋ ਤਿੰਨ ਕੇਸ ਦਰਜ ਕਰਕੇ ਗ੍ਰਿਫਤਾਰ ਕੀਤਾ ਗਿਆ ਅਤੇ ਇਨ੍ਹਾਂ ਕੇਸਾਂ ਵਿਚ ਅਜੇ ਅਦਾਲਤੀ ਹਿਰਾਸਤ ਵਿਚ ਹਨ। ਸਭ ਤੋਂ ਪਹਿਲਾਂ 24 ਅਪ੍ਰੈਲ 1996 ਨੂੰ ਭਾਈ ਸਾਹਿਬ ਖਿਲਾਫ ਲੁਧਿਆਣਾ ਦੇ ਫੋਕਲ ਪੁਆਇੰਟ ਥਾਣੇ ਵਿਚ ਅਸਲਾ ਐਕਟ ਤਹਿਤ ਕੇਸ ਕਰਜ ਹੋਇਆ ਜਿਸ ਵਿਚ ਉਹ 10-12-1999 ਨੂੰ ਸੀਜੇਐਮ ਏ ਕੇ ਮਹਿਤਾ ਦੀ ਅਦਾਲਤ ਵੱਲੋਂ ਕੇਸ ਖਾਰਜ ਹੋਣ ਨਾਲ ਬਰੀ ਹੋ ਗਏ। 29 ਅਪ੍ਰੈਲ 1996 ਨੂੰ ਇਸੇ ਥਾਣੇ ਵਿਚ ਉਨ੍ਹਾਂ ਖਿਲਾਫ਼ ਅਸਲਾ ਐਕਟ ਤਹਿਤ ਇਕ ਹੋਰ ਕੇਸ ਦਰਜ ਹੋਇਆ, ਉਸ ਵਿਚ ਵੀ ਭਾਈ ਸਾਹਿਬ 22-12-99 ਨੂੰ ਜੁਡੀਸ਼ੀਅਲ ਮੈਜਿਸਟਰੇਟ ਹਰਪਾਲ ਸਿੰਘ ਦੀ ਅਦਾਲਤ ਵਿਚ ਬਰੀ ਹੋ ਗਏ।

8 ਮਈ 2000 ਨੂੰ ਉਹ ਲੁਧਿਆਣਾ ਦੀ ਇਕ ਹੋਰ ਅਦਾਲਤ ਵੱਲੋਂ ਅਸਲਾ ਐਕਟ ਤਹਿਤ 11 ਅਪ੍ਰੈਲ 1996 ਨੂੰ ਦਰਜ ਇਕ ਹੋਰ ਕੇਸ ਵਿਚੋਂ ਬਰੀ ਹੋ ਗਏ। 12 ਮਈ 1996 ਨੂੰ ਅਸਲਾ ਐਕਟ ਤਹਿਤ ਇਕ ਹੋਰ ਕੇਸ ਰੋਪੜ ਜ਼ਿਲ੍ਹੇ ਦੇ ਨੰਗਲ ਥਾਣੇ ਵਿਚ ਦਰਜ ਕੀਤਾ ਗਿਆ, ਜੋ ਪਟਿਆਲਾ ਦੇ ਐਸਐਸਪੀ ਦੇ ਕਤਲ ਵਿਚ ਵਰਤੀ ਏ ਕੇ-47 ਬੰਦੂਕ ਦੀ ਬਰਮਾਦਗੀ ਬਾਰੇ ਸੀ। ਇਸ ਕੇਸ ਵਿਚ ਵੀ ਭਾਈ ਸਾਹਿਬ 11/3/2000 ਅਨੰਦਪੁਰ ਸਾਹਿਬ ਦੀ ਇਕ ਅਦਾਲਤ ਵਲੋਂ ਬਰੀ ਹੋ ਗਏ। ਜੁਲਾਈ 1985 ਵਿਚ ਭਾਈ ਦਲਜੀਤ ਸਿੰਘ ਖਿਲਾਫ਼ ਟਾਡਾ ਅਤੇ ਹੋਰ ਕਈ ਧਾਰਾਵਾਂ ਤਹਿਤ ਐਸ ਐਸ ਪੀ ਲੁਧਿਆਣਾ ਦੇ ਏ ਪੀ ਪਾਂਡੇ ਦੇ ਇਰਾਦਾ ਕਤਲ ਦਾ ਕੇਸ ਦਰਜ ਕੀਤਾ ਗਿਆ, ਜਿਸ ਵਿਚ ਉਹ 1999 ਵਿਚ ਸੀ ਡੀ ਗੁਪਤਾ ਦੀ ਅਦਾਲਤ ਵੱਲੋਂ ਬਾਇਜ਼ਤ ਬਰੀ ਕਰ ਦਿੱਤੇ ਗਏ। ਇਸੇ ਤਰ੍ਹਾਂ ਜੁਲਾਈ 1985 ਵਿਚ ਉਨ੍ਹਾਂ ਖਿਲਾਫ਼ ਹਰਜੀਤ ਸਿੰਘ ਤੇ ਰਤਨ ਸਿੰਘ ਦੇ ਕਤਲ ਕੇਸ ਸਬੰਧੀ ਐਫ਼ਆਈਆਰ ਦਰਜ ਕੀਤੀ ਗਈ ਅਤੇ ਕਤਲ ਦਾ ਮੁਕੱਦਮਾ ਚਲਾਇਆ ਗਿਆ, ਜਿਸ ਵਿਚ ਭਾਈ ਸਾਹਿਬ ਲੁਧਿਆਣਾ ਦੇ ਸੈਸ਼ਨ ਜੱਜ ਦੀ ਅਦਾਲਤ ਵੱਲੋਂ ਬਰੀ ਹੋ ਗਏ।

8 ਅਗਸਤ 2000 ਨੂੰ ਉਨ੍ਹਾਂ ਖਿਲਾਫ਼ ਦਰਜ ਇਕ ਬੈਂਕ ਡਕੈਤੀ ਦੇ ਕੇਸ ਵਿਚ ਵੀ ਬਰੀ ਹੋ ਗਏ ਜੋ ਫੋਕਲ ਪੁਆਇੰਟ ਲੁਧਿਆਣਾ ਥਾਣੇ ਨਾਲ ਸਬੰਧਤ ਸੀ। ਇਸੇ ਤਰ੍ਹਾਂ ਦਿੱਲੀ ਦੇ ਮੋਤੀ ਨਗਰ ਥਾਣੇ ਵਿਚ ਭਾਈ ਸਾਹਿਬ ਨੂੰ ਲੋਕ ਸਭਾ ਮੈਂਬਰ ਲਲਿਤ ਮਾਕਨ ਦੇ ਕਤਲ ਕੇਸ ਵਿਚ ਨਾਮਜ਼ਦ ਕੀਤਾ, ਜਿਸ ਵਿਚ ਉਹ 7 ਦਸੰਬਰ 1999 ਨੂੰ ਤੀਸ ਹਜ਼ਾਰੀ ਅਦਾਲਤ ਵਿਚ ਬਰੀ ਹੋ ਗਏ। ਦਿੱਲੀ ਵਿਚ ਇਕ ਹੋਰ ਬੈਂਕ ਡਕੈਤੀ ਦੇ ਕੇਸ ਵਿਚ ਉਹ 4 ਜਨਵਰੀ 2001 ਨੂੰ ਦਿੱਲੀ ਦੀ ਪਟਿਆਲਾ ਹਾਊਸ ਅਦਾਲਤ ਵਿਚੋਂ ਬਰੀ ਹੋਏ। ਥਾਣਾ ਦਾਖਾ ਵਿਚ ਉਨ੍ਹਾਂ ਖਿਲਾਫ਼ ਦਰਜ ਇਰਾਦਾ ਕਤਲ ਦੇ ਇਕ ਕੇਸ ਵਿਚ ਉਹ ਲੁਧਿਆਣਾ ਜੁਡੀਸ਼ੀਅਲ ਮੈਜਿਸਟਰੇਟ ਆਰ ਕੇ ਬੇਰੀ ਦੀ ਅਦਾਲਤ ਵੱਲੋਂ ਬਰੀ ਕੀਤੇ ਗਏ। 28 ਮਾਰਚ 1986 ਨੂੰ ਲੁਧਿਆਣਾ ਦੇ ਦਰੇਸੀ ਗਰਾਊਂਡ ਵਿਚ ਹੋਈ ਗੋਲੀਬਾਰੀ ਦੇ ਸਬੰਧ ਵਿਚ ਭਾਈ ਸਾਹਿਬ ਖਿਲਾਫ਼ ਦਰਜ ਅਸਲਾ ਐਕਟ ਤਹਿਤ ਇਕ ਕੇਸ ਵਿਚ ਉਹ ਲੁਧਿਆਣਾ ਦੇ ਸੈਸ਼ਨ ਜੱਜ ਐਸ ਐਸ ਅਰੋੜਾ ਵਲੋਂ ਬਰੀ ਕਰ ਦਿੱਤੇ ਗਏ।

ਲੁਧਿਆਣਾ ਵਿਚ ਹੋਏ ਅਸ਼ੋਕ ਬੇਦੀ ਦੇ ਕਤਲ ਦੇ ਮਾਮਲੇ ਵਿਚ ਭਾਈ ਸਾਹਿਬ ਨੂੰ ਲੁਧਿਆਣਾ ਦੇ ਐਡੀਸ਼ਨਲ ਸੈਸ਼ਨ ਜੱਜ ਦੀ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਸੀ, ਜਿਸ ਵਿਚ ਉਹ ਸੁਪਰੀਮ ਕੋਰਟ ਵਿਚੋਂ ਬਰੀ ਹੋ ਗਏ। ਇਸੇ ਤਰ੍ਹਾਂ ਟਾਡਾ ਤਹਿਤ ਇਕ ਹੋਰ ਕੇਸ ਵਿਚ 13.11.99 ਨੂੰ ਉਹ ਲੁਧਿਆਣਾ ਦੇ ਐਡੀਸ਼ਨਨ ਸੈਸ਼ਨ ਜੱਜ ਦੀ ਅਦਾਲਤ ਵੱਲੋਂ ਬਰੀ ਹੋ ਗਏ। ਪਟਿਆਲਾ ਦੇ ਐਸਐਸਪੀ ਅਤੇ ਐਸਪੀ ਦੇ ਕਤਲ ਸਬੰਧੀ ਉਨ੍ਹਾਂ ਖਿਲਾਫ਼ ਦਰਜ ਪਟਿਆਲਾ ਵਿਚ ਦੂਹਰੇ ਕਤਲ ਦੇ ਕੇਸ ਵਿਚ ਉਹ 6 ਜਨਵਰੀ 2001 ਨੂੰ ਨਾਭਾ ਜੇਲ੍ਹ ਵਿਚ ਵਿਸ਼ੇਸ਼ ਜੱਜ ਜੇ ਐਸ ਚਾਵਲਾ ਵੱਲੋਂ ਬਰੀ ਕੀਤੇ ਗਏ। 4.8.1988 ਵਿਚ ਭਾਈ ਸਾਹਿਬ ਖਿਲਾਫ਼ ਲੁਧਿਆਣਾ ਦੇ ਸਦਰ ਥਾਣੇ ਵਿਚ ਦੇਸ਼ ਧ੍ਰੋਹੀ ਦਾ ਕੇਸ ਦਰਜ ਕੀਤਾ ਗਿਆ, ਜਿਸ ਵਿਚੋਂ ਵੀ ਉਹ ਸਾਫ਼ ਬਰੀ ਹੋ ਗਏ।

ਇਸੇ ਤਰ੍ਹਾਂ ਉਹ ਕਤਲ, ਇਰਾਦਾ ਕਤਲ, ਦੇਸ਼ ਧ੍ਰੋਹੀ, ਖਾੜਕੂਆਂ ਨੂੰ ਸਹਾਇਤਾ ਦੇਣ ਅਤੇ ਲੋਕਾਂ ਦੀਆਂ ਭਾਵਨਾਵਾਂ ਭੜਕਾਉਣ ਬਾਰੇ ਉਨ੍ਹਾਂ ਖਿਲਾਫ਼ ਦਰਜ 23 ਕੇਸਾਂ ਵਿਚੋਂ ਸਮੇਂ ਸਮੇਂ ਵੱਖ ਵੱਖ ਅਦਾਲਤਾਂ ਵੱਲੋਂ ਬਰੀ ਕੀਤੇ ਗਏ। ਭਾਈ ਸਾਹਿਬ ਖਿਲਾਫ਼ ਫ਼ਤਿਹਗੜ੍ਹ ਸਾਹਿਬ ਦੀ ਅਦਾਲਤ ਵਿਚ ਚੱਲ ਰਹੇ, ਇਕ ਕੇਸ ਵਿਚ ਉਨ੍ਹਾਂ ਨੂੰ 29 ਸਤੰਬਰ 2011 ਨੂੰ ਸਾਫ਼ ਬਰੀ ਕਰ ਦਿੱਤਾ ਗਿਆ ਸੀ। ਇਹ ਕੇਸ ਗੁਰਦੁਆਰਾ ਜੋਤੀ ਸਰੂਪ ਵਿਚ ਭੜਕਾਊ ਨਾਹਰੇ ਲਾਉਣ ਨਾਲ ਸਬੰਧਤ ਸੀ। ਇਸਤੋਂ ਇਲਾਵਾ ਖਾੜਕੂਆਂ ਨੂੰ ਸਹਾਇਤਾ ਦੇਣ ਦੇ ਇੱਕ ਹੋਰ ਕੇਸ ਵਿੱਚ ਰੋਪੜ ਦੀ ਇੱਕ ਅਦਾਲਤ ਨੇ ਭਾਈ ਸਾਹਿਬ ਨੂੰ 5 ਜਨਵਰੀ 2012 ਨੂੰ ਬਾਇਜ਼ਤ ਬਰੀ ਕਰ ਦਿੱਤਾ ਸੀ।

ਭਾਈ ਦਲਜੀਤ ਸਿੰਘ ਖਿਲਾਫ਼ 4 ਕੇਸ ਅਜੇ ਵੱਖ ਵੱਖ ਅਦਾਲਤਾਂ ਵਿਚ ਚੱਲ ਰਹੇ ਹਨ। ਇਨ੍ਹਾਂ ਵਿਚ ਇਕ ਲੁਧਿਆਣੇ ਦੇ ਪੰਜਾਬ ਨੈਸ਼ਨਲ ਬੈਂਕ ਵਿਚ ਮਾਰੇ ਗਏ ਬਹੁ-ਚਰਚਿਤ ਡਾਕੇ ਨਾਲ ਸਬੰਧਤ ਹੋ ਜੋ ਲੁਧਿਆਣੇ ਦੇ ਐਡੀਸ਼ਨਲ ਸੈਸ਼ਨ ਜੱਜ ਦੀ ਅਦਾਲਤ ਵਿਚ ਚੱਲ ਰਿਹਾ ਹੈ। ਏਸ਼ੀਆ ਦੇ ਸਭ ਤੋਂ ਵੱਡੇ ਸਮਝੇ ਜਾਂਦੇ ਇਸ ਡਾਕੇ ਨਾਲ ਸਬੰਧਤ ਕੇਸ ਦੇ ਫੈਸਲੇ ਦੀ ਉਡੀਕ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਇਕ ਕੇਸ ਸਿਰਸਾ ਡੇਰਾ ਪ੍ਰੇਮੀ ਲਿਲੀ ਸ਼ਰਮਾ ਦੇ ਕਤਲ ਨਾਲ ਸਬੰਧਤ ਹੈ ਜੋ ਮਾਨਸਾ ਦੇ ਅਡੀਸ਼ਨਲ ਸੈਸ਼ਨ ਜੱਜ ਦੀ ਅਦਾਲਤ ਵਿਚ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , ,