ਸਿਆਸੀ ਖਬਰਾਂ

ਅੱਜ ਵੀ ਦਿੱਲੀ ਤਖ਼ਤ ਨੂੰ ਸਿੱਖਾਂ ਦੀ ਨਿਆਰੀ ਹੋਂਦ-ਹਸਤੀ ਬਰਦਾਸ਼ਤ ਨਹੀਂ : ਅਕਾਲੀ ਦਲ ਪੰਚ ਪਰਧਾਨੀ

June 3, 2012 | By

ਲੁਧਿਆਣਾ (03 ਜੂਨ, 2012): ਅਕਾਲੀ ਦਲ ਪੰਚ ਪ੍ਰਧਾਨੀ ਦੀ ਵੈਬਸਾਈਟ ਉੱਤੇ 31 ਮਈ, 2012 ਨੂੰ ਜਾਰੀ ਕੀਤੇ ਗਏ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ “ਸਿੱਖ ਜੋੜਿਆਂ ਦੇ ਵਿਆਹ ਦਰਜ਼ ਕਰਾਉਂਣ ਲਈ ਅਨੰਦ ਮੈਰਿਜ ਐਕਟ ਵਿਚ ਨਵੀਂ ਮੱਦ ਬਣਾਉਂਣ ਦੇ ਅਮਲ ਨੂੰ ਅਕਾਲੀ ਦਲ ਪੰਚ ਪਰਧਾਨੀ ਸਮਝਦਾ ਹੈ ਕਿ ਇਹ ਅੱਧੀ-ਅਧੂਰੀ ਕਾਰਵਾਈ ਦੇ ਸ਼ੋਰਗੁੱਲ ਵਿਚ ਦਿੱਲੀ ਤਖ਼ਤ ਅਸਲ ਸਿੱਖ ਮੁੱਦਿਆਂ ਤੋਂ ਧਿਆਨ ਹਟਾਉਂਣਾ ਚਾਹੁੰਦਾ ਹੈ।” ਪੰਚ ਪ੍ਰਧਾਨੀ ਦੇ ਚੇਅਰਮੈਨ ਭਾਈ ਦਲਜੀਤ ਸਿੰਘ ਨੇ ਕਿਹਾ ਕਿ ਐਕਟ ਵਿਚ ਨਵੀਂ ਮੱਦ ਬਣਾਉਂਣ ਦਾ ਫੌਰੀ ਕਾਰਨ ਵਿਸ਼ਵ ਭਰ ਵਿਚ ਸਥਾਪਤ ਹੋ ਰਹੀ ਨਿਆਰੀ ਸਿੱਖ ਪਹਿਚਾਣ ਦੇ ਦਬਾਅ ਅਧੀਨ ਦਿੱਲੀ ਤਖ਼ਤ ਵਲੋਂ ਵਿਸ਼ਵ ਭਾਈਚਾਰੇ ਅੱਗੇ ਆਪਣੇ ਧਰਮ ਨਿਰਪੱਖ ਚੇਹਰੇ ਨੂੰ ਬਣਾਉਂਣ ਦਾ ਯਤਨ ਅਤੇ ਕੁਝ ਘਰੇਲੂ ਵੋਟ ਰਾਜਨੀਤੀ ਦੀਆਂ ਮਜਬੂਰੀਆਂ ਹਨ।

ਉਨ੍ਹਾਂ ਕਿਹਾ ਕਿ ਅਕਾਲੀ ਦਲ ਪੰਚ ਪਰਧਾਨੀ ਮੁਤਾਬਕ ਸਿੱਖ ਪਹਿਚਾਣ ਨੂੰ ਮਾਨਤਾ ਦੇਣ ਦੀ ਇਸ ਅਧੂਰੀ ਕਾਰਵਾਈ ਤੋਂ ਇਕ ਵਾਰ ਫਿਰ ਸਪੱਸ਼ਟ ਹੋ ਗਿਆ ਹੈ ਕਿ ਦਿੱਲ਼ੀ ਤਖ਼ਤ ਸਿੱਖਾਂ ਦੀ ਨਿਆਰੀ ਹੋਂਦ-ਹਸਤੀ ਨੂੰ ਬਰਦਾਸ਼ਤ ਨਾ ਕਰਨ ਦੇ ਆਪਣੇ ਪੁਰਾਣੇ ਸਟੈਂਡ ਉੱਤੇ ਹੀ ਖੜ੍ਹਾ ਹੈ। ਦਿੱਲੀ ਤਖ਼ਤ ਜੇਕਰ ਸਿੱਖ ਪੰਥ ਪ੍ਰਤੀ ਸੁਹਿਰਦ ਹੋ ਗਿਆ ਹੁੰਦਾ ਤਾਂ ਉਹਨਾਂ ਨੂੰ ਤੱਟ-ਫੱਟ ਪੰਥ ਦੀ ਨਿਆਰੀ ਹੋਂਦ-ਹਸਤੀ ਨੂੰ ਸਹੀ ਤਰੀਕੇ ਨਾਲ ਸਥਾਪਤ ਤੇ ਵਿਕਸਤ ਹੋਣ ਦੇਣ ਲਈ ਪੰਥ ਨੂੰ ਰਾਜਨੀਤਕ ਆਜ਼ਾਦੀ (ਜਿਸ ਦੇ ਵਾਅਦੇ 1947 ਤੇ ਉਸ ਤੋਂ ਪਹਿਲਾਂ ਕੀਤੇ ਗਏ ਸਨ) ਦੇਣ ਦੀ ਕਵਾਇਦ ਸ਼ੁਰੂ ਕਰਨੀ ਚਾਹੀਦੀ ਸੀ। ਉਹਨਾਂ ਕਿਹਾ ਕਿ ਜੇਕਰ ਹਿੰਦੋਸਤਾਨੀ ਹਾਕਮਾਂ ਕੋਲ ਅਜਿਹਾ ਵੱਡਾ ਇਤਿਹਾਸਕ ਫੈਸਲਾ ਲੈਣ ਦੀ ਸਮੱਰਥਾ ਅਤੇ ਹੌਸਲਾ ਨਹੀਂ ਹੈ ਤਾਂ ਘੱਟੋ-ਘੱਟ ਉਹਨਾਂ ਨੂੰ ਨਿਆਰੀ ਸਿੱਖ ਪਹਿਚਾਣ ਨਾਲ ਸਬੰਧਤ ਮਸਲੇ ਜਿਵੇ ਕਿ ਸੰਵਿਧਾਨ ਦੀ ਧਾਰਾ 25 (2) (ਬੀ) ਵਿਚ ਸੋਧ ਕਰਨ, ਵੱਖਰਾ ਸਿੱਖ ਪਰਸਨਲ ਲਾਅ ਬਣਾਉਂਣ, ਇਕ ਸਰਬ ਹਿੰਦ ਗੁਰਦੁਆਰਾ ਪ੍ਰਬੰਧ ਸਿਰਜਣ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹਿੰਦੋਸਤਾਨੀ ਸੰਸਦ ਤੋਂ ਅਜ਼ਾਦ ਕਰਨ ਦੇ ਨਾਲ ਹੀ ਨਿਆਰੀ ਸਿੱਖ ਪਹਿਚਾਣ ਨੂੰ ਖੋਰਾ ਲਾਉਂਣ ਵਾਲੀਆਂ ਦੇਹਧਾਰੀ ਗੁਰੂ ਡੰਮ ਦੀਆਂ ਦੁਕਾਨਾਂ ਨੂੰ ਦਿੱਤੀ ਜਾਂਦੀ ਸਹਾਇਤਾ ਬੰਦ ਕਰਕੇ ਉਹਨਾਂ ਨੂੰ ਬੰਦ ਕਰਨ ਦੀ ਕਾਰਵਾਈ ਕਰਨ ਦੇ ਨਾਲ-ਨਾਲ ਸਿੱਖ ਪਹਿਚਾਣ ਨਾਲ ਸਬੰਧਤ ਮੁੱਦਿਆਂ ਦੇ ਹੱਲ ਲਈ ਅਕਾਲ ਤਖ਼ਤ ਸਾਹਿਬ ਨਾਲ ਗੱਲਬਾਤ ਸ਼ੁਰੂ ਕਰਨ ਦੀ ਪਹਿਲ ਕਦਮੀ ਕਰਨੀ ਚਾਹੀਦੀ ਸੀ ਤਾਂ ਕਿ ਦਿੱਲੀ ਦੀ ਸੁਹਿਰਦਤਾ ਦਾ ਪੰਥ ਨੂੰ ਅਹਿਸਾਸ ਹੁੰਦਾ।

ਉਹਨਾਂ ਕਿਹਾ ਕਿ ਅਕਾਲੀ ਦਲ ਪੰਚ ਪਰਧਾਨੀ ਦਿੱਲੀ ਤਖ਼ਤ ਦੇ ਅਧੀਨ ਚੱਲਣ ਵਾਲੀਆਂ ਅਜੋਕੀਆਂ ਸਿੱਖ ਜਥੇਬੰਦੀਆਂ ਅਤੇ ਕੁਝ ਵਿਅਕਤੀਆਂ ਦੀ ਗੁਲਾਮ ਮਾਨਸਿਕਤਾ ਉੱਤੇ ਅਫਸੋਸ ਜ਼ਾਹਰ ਕਰਦਾ ਹੈ। ਸਾਨੂੰ ਦੂਜਿਆਂ ਤੋਂ ਖੈਰਾਤ ਮੰਗਕੇ ਖੁਸ਼ ਹੋਣ ਦੀ ਬਜਾਇ ਆਪਣੇ-ਆਪ ਨੂੰ ਦ੍ਰਿੜ ਕਰਨ ਵੱਲ ਧਿਆਨ ਦੇਣਾ ਚਾਹੀਦਾ ਹੈ।

ਉਹਨਾਂ ਕਿਹਾ ਕਿ ਸਾਨੂੰ ਯਾਦ ਹੋਣਾ ਚਾਹੀਦਾ ਹੈ ਕਿ ਪੰਥਕ ਮਸਲਿਆਂ ਨੂੰ ਹੱਲ ਕਰਾਉਂਣ ਲਈ ਲਾਏ ਗਏ ਧਰਮ ਯੁੱਧ ਮੋਰਚੇ ਦੀਆਂ ਹੱਕੀ ਮੰਗਾਂ, ਜੂਨ 84 ਵਿਚ ਦਰਬਾਰ ਸਾਹਿਬ ਉੱਤੇ ਹੋਏ ਹਮਲੇ, ਨਵੰਬਰ 84 ਵਿਚ ਹੋਏ ਸਿੱਖ ਕਤਲੇਆਮ, ਸਿੱਖ ਨੌਜਵਾਨਾਂ ਦੇ ਕਤਲਾਂ ਤੇ ਬੀਬੀਆਂ-ਬਜੁਰਗਾਂ ਦੀ ਬੇਪੱਤੀ ਦਾ ਇਨਸਾਫ ਲੈਣਾ ਅਜੇ ਬਾਕੀ ਹੈ।

ਉਹਨਾਂ ਕਿਹਾ ਕਿ ਦੁਨੀਆਂ ਦੇ ਮੌਜੂਦਾ ਰਾਜਨੀਤਕ ਨਿਜ਼ਾਮ ਛੋਟੇ ਹਨ ਅਤੇ ਨਿਆਰੀ ਸਿੱਖ ਪਹਿਚਾਣ ਵੱਡੀ ਹੈ। ਅਸੀਂ ਅਕਾਲ ਤਖ਼ਤ ਸਾਹਿਬ ਨੂੰ ਅਪੀਲ ਕਰਦੇ ਹਾਂ ਕਿ ਨਿਆਰੀ ਸਿੱਖ ਪਹਿਚਾਣ ਨੂੰ ਮੁਖਾਤਬ ਹੋ ਕੇ ਕਾਨੂੰਨੀ ਖਰੜੇ ਤਿਆਰ ਕਰਨ ਲਈ ਸਿੱਖ ਪੰਥ ਵਿਚ ਆਮ ਸਹਿਮਤੀ ਬਣਾ ਲਈ ਜਾਵੇ ਤਾਂ ਕਿ ਲੋੜ ਅਨੁਸਾਰ ਮੌਜੂਦਾ ਰਾਜਨੀਤਕ ਨਿਜ਼ਾਮ ਨਾਲ ਸਿੱਖ ਪਹਿਚਾਣ ਸਬੰਧੀ ਪੇਸ਼ ਆ ਰਹੀਆਂ ਸਮੱਸਿਆਵਾਂ ਦੇ ਹੱਲ ਲਈ ਸਾਰੀ ਦੁਨੀਆਂ ਦੇ ਸਿੱਖ ਇਕ ਬੱਝਵੀਂ ਸਰਗਰਮੀ ਕਰ ਸਕਣ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , ,