ਸਿੱਖ ਖਬਰਾਂ

1984 ਦੇ ਪੀੜਤ ਸਯੰਕਤ ਰਾਸ਼ਟਰ ਅੱਗੇ ‘ਨਸਲਕੁਸ਼ੀ ਪਟੀਸ਼ਨ’ ਦਾਇਰ ਕਰਨਗੇ

May 20, 2012 | By

ਸਿੱਖ ਨਸਲਕੁਸ਼ੀ 1984 ਤੋਂ ਜਿੰਦਾ ਬਚੀ ਬੀਬੀ ਜਗਦੀਸ਼ ਕੌਰ ਨੂੰ ਮਿਲਦੇ ਹੋਏ ਭਾਈ ਦਲਜੀਤ ਸਿੰਘ, ਚੇਅਰਮੈਨ ਅਕਾਲੀ ਦਲ ਪੰਚ ਪ੍ਰਧਾਨੀ

ਸ਼੍ਰੀ ਅੰਮ੍ਰਿਤਸਰ, ਪੰਜਾਬ (20 ਮਈ 2012): ਜਿਥੇ ਅੱਜ ਜੂਨ 1984 ਵਿਚ ਸ਼ਹੀਦ ਹੋਏ ਸ਼ਹੀਦ ਸੰਤ ਜਰਨੈਲ ਸਿੰਘ ਭਿੰਡਰਾਵਾਲੇ, ਸ਼ਹੀਦ ਭਾਈ ਅਮਰੀਕ ਸਿੰਘ ਸਾਬਕਾ ਪ੍ਰਧਾਨ ਏ ਆਈ ਐਸ ਐਸ ਐਫ, ਸ਼ਹੀਦ ਜਨਰਲ ਸੁਬੇਗ ਸਿੰਘ ਤੇ ਅਨੇਕਾਂ ਹੋਰ ਸ਼ਹੀਦ ਸਿੰਘਾਂ ਦੀ ਯਾਦਗਾਰ ਦਾ ਨੀਂਹ ਪੱਥਰ ਰੱਖਿਆ ਗਿਆ ਉਥੇ ਹੀ ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ (ਪੀਰ ਮੁਹੰਮਦ) ਤੇ ਮਨੁੱਖੀ ਅਧਿਕਾਰ ਸੰਸਥਾ ਸਿਖਸ ਫਾਰ ਜਸਟਿਸ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਤੇ ਹਦਾਇਤਾਂ ਤਹਿਤ ਸਯੰਕਤ ਰਾਸ਼ਟਰ ਅੱਗੇ ਦਾਇਰ ਕੀਤੀ ਜਾਣ ਵਾਲੀ ਨਸਲਕੁਸ਼ੀ ਪਟੀਸ਼ਨ ਦੇ ਸਮਰਥਨ ਵਿਚ ਦਸ ਲੱਖ ਦਸਤਖਤ ਇਕੱਠੇ ਕਰਨ ਲਈ ‘1984 ਹਾਂ ਨਸਲਕੁਸ਼ੀ ਹੈ’ ਲਹਿਰ ਦੀ ਸ਼ੁਰੂਆਤ ਕੀਤੀ ਹੈ।

ਦਸ ਲੱਖ ਦਸਤਖਤਾਂ ਵਾਲੀ ‘1984 ਨਸਲਕੁਸ਼ੀ ਪਟੀਸ਼ਨ’ ਸਮੁੱਚੇ ਵਿਸ਼ਵ ਦੇ ਸਿਖਾਂ ਦੇ ਸਹਿਯੋਗ ਨਾਲ ਏ ਆਈ ਐਸ ਐਸ ਐਫ ਤੇ ਐਸ ਐਫ ਜੇ ਵਲੋਂ ਨਵੰਬਰ 2012 ਵਿਚ ਮਨੁੱਖੀ ਅਧਿਕਾਰਾਂ ਬਾਰੇ ਸਯੁਕਤ ਰਾਸ਼ਟਰ ਹਾਈ ਕਮਿਸ਼ਨ ਅੱਗੇ ਦਾਇਰ ਕੀਤੀ ਜਾਵੇਗੀ। ਇਸ ਪਟੀਸ਼ਨ ਵਿਚ ਮੰਗ ਕੀਤੀ ਜਾਵੇਗੀ ਕਿ ਨਵੰਬਰ 1984 ਦੇ ਪਹਿਲੇ ਹਫਤੇ ਦੌਰਾਨ ਸਮੁੱਚੇ ਭਾਰਤ ਵਿਚ ਸਿਖਾਂ ’ਤੇ ਕੀਤੇ ਗਏ ਯੋਜਨਾ ਬਧ ਤਰੀਕੇ ਨਾਲ ਹਮਲੇ ਦੀ ਖੁਦ ਜਾਂਚ ਕਰਵਾਏ ਇਸ ਨੂੰ ਨਸਲਕੁਸ਼ੀ ਬਾਰੇ ਸਯੰਕਤ ਰਾਸ਼ਟਰ ਕਨਵੈਨਸ਼ਨ ਤਹਿਤ ਨਸਲਕੁਸ਼ੀ ਵਜੋਂ ਮਾਨਤਾ ਦਿੱਤੀ ਜਾਵੇ। ਇੱਥੇ ਦਸਣਯੋਗ ਹੈ ਕਿ ਇਸ ਕਤਲੇਆਮ ਨੂੰ ਭਾਰਤ ਦੀਆਂ ਸਮੇਂ ਸਮੇਂ ਦੀਆਂ ਸਰਕਾਰਾਂ ਸਿਖ ਵਿਰੋਧੀ ਦੰਗੇ ਕਹਿਕੇ ਪ੍ਰਚਾਰਦੀਆਂ ਰਹੀਆਂ ਹਨ।

ਨਵੰਬਰ 1984 ਦੌਰਾਨ ਜਿਸ ਤਰੀਕੇ ਨਾਲ ਸਿਖਾਂ ’ਤੇ ਹਮਲੇ ਕੀਤੇ ਗਏ ਤੇ ਇਸ ਵਿਚ ਹੋਏ ਭਾਰੀ ਜਾਨੀ ਨੁਕਸਾਨ ਅਤੇ ਇਸ ਤੋਂ ਵਿਆਪਕ ਕਬਰਗਾਹਾਂ, ਤਬਾਹ ਕੀਤੇ ਗਏ ਪਿੰਡ, ਸਾੜੇ ਗਏ ਗੁਰਦੁਆਰੇ ਅਤੇ ਸਿਖਾਂ ਦੀ ਅਬਾਦੀ ’ਤੇ ਹੋਏ ਹਮਲਿਆਂ ਦੇ ਤਾਜਾ ਸਬੂਤਾਂ ਦੇ ਆਧਾਰ ’ਤੇ ਉਕਤ ‘1984 ਨਸਲਕੁਸ਼ੀ ਪਟੀਸ਼ਨ’ ਵਿਚ ਦਲੀਲ ਦਿੱਤੀ ਜਾਵੇਗੀ ਕਿ ਨਵੰਬਰ 1984 ਦੌਰਾਨ ਸਿਖਾਂ ’ਤੇ ਉਨ੍ਹਾਂ ਦੀਆਂ ਜਾਇਦਾਦਾਂ ਅਤੇ ਧਾਰਮਿਕ ਸਥਾਨਾਂ ’ਤੇ ਜਾਣ ਬੁਝ ਕੇ ਕੀਤੇ ਗਏ ਹਮਲੇ ਨਸਲਕੁਸ਼ੀ ਅਪਰਾਧ ਸੀ ਜਿਵੇਂ ਕਿ ਨਸਲੁਕੁਸ਼ੀ ਬਾਰੇ ਸਯੰਕਤ ਰਾਸ਼ਟਰ ਕਨਵੈਨਸ਼ਨ ਦਾ ਧਾਰਾ 2 ਵਿਚ ਦਰਜ ਹੈ।

05 ਮਈ 2012 ਨੂੰ ਸ੍ਰੀ ਅਕਾਲ ਤਖਤ ਸਾਹਿਬ ਨੇ ਇਤਿਹਾਸਕ ਹੁਕਮਨਾਮਾ ਜਾਰੀ ਕਰਕੇ ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ ਅਤੇ ਸਿਖਸ ਫਾਰ ਜਸਟਿਸ ਨੂੰ ਹਦਾਇਤ ਕੀਤੀ ਸੀ ਕਿ ਸਯੁੰਕਤ ਰਾਸ਼ਟਰ ਅੱਗੇ ‘1984 ਨਸਲਕੁਸ਼ੀ ਪਟੀਸ਼ਨ’ ਦਾਇਰ ਕੀਤੀ ਜਾਵੇ। ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਦਸਤਖਤਾਂ ਹੇਠ ਜਾਰੀ ਹੁਕਮਨਾਮੇ ਵਿਚ ਸਮੁੱਚੇ ਸਿਖ ਭਾਈਚਾਰੇ ਨੂੰ ਵੀ ਹਦਾਇਤ ਕੀਤੀ ਗਈ ਸੀ ਕਿ ‘1984 ਨਸਲਕੁਸ਼ੀ ਪਟੀਸ਼ਨ’ ਦੇ ਸਮਰਥਨ ਵਿਚ ਦਸ ਲੱਖ ਦਸਤਖਤ ਇਕਠੇ ਕਰਨ ਵਾਲੀ ਲਹਿਰ ਦਾ ਸਮਰਥਨ ਕੀਤਾ ਜਾਵੇ। ਸ੍ਰੀ ਅਕਾਲ ਤਖਤ ਸਾਹਿਬ ਸਿਖਾਂ ਦਾ ਕਤੇਲਆਮ ਕਰਨ ਵਾਲੇ ਦੋਸ਼ੀਆਂ ਖਿਲਾਫ ਕਾਨੂੰਨੀ ਕਾਰਵਾਈ ਦਾ ਸਮਰਥਨ ਕਰ ਰਿਹਾ ਹੈ ਤੇ ਉਸ ਨੇ ਜੁਲਾਈ 2010 ਵਿਚ ਨਵੰਬਰ 1984 ਸਿਖਾਂ ਦੇ ਕਤਲੇਆਮ ਨੂੰ ਪਹਿਲਾਂ ਹੀ ਨਸਲਕੁਸ਼ੀ ਐਲਾਨਿਆ ਹੋਇਆ ਹੈ।

ਫੈਡਰੇਸ਼ਨ (ਪੀਰ ਮੁਹੰਮਦ) ਦੇ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਅਨੁਸਾਰ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਸਯੁੰਕਤ ਰਾਸ਼ਟਰ ਅੱਗੇ ਨਸਲਕੁਸ਼ੀ ਪਟੀਸ਼ਨ ਦਾਇਰ ਕਰਨ ਲਈ ਦਿੱਤੀ ਗਈ ਹਦਾਇਤ ਉਸ ਸਮੇਂ ਆਈ ਹੈ ਜਦੋਂ ਭਾਰਤ ਦੀਆਂ ਸਮੇਂ ਸਮੇਂ ਦੀਆਂ ਸਰਕਾਰਾਂ ਨਵੰਬਰ 1984 ਦੌਰਾਨ ਸਿਖਾਂ ਦੇ ਕਤਲੇਆਮ ਕਰਨ ਵਾਲੇ ਦੋਸ਼ੀਆਂ ਤੇ ਆਗੂਆਂ ਨੂੰ ਸਜ਼ਾ ਦੇਣ ਤੇ ਜਾਂਚ ਕਰਵਾਉਣ ਵਿਚ ਨਾਕਾਮ ਰਹੀਆਂ ਤੇ ਸਰਕਾਰ ਨੇ ਕੇ ਪੀ ਐਸ ਗਿਲ ਵਰਗੇ ਪੁਲਿਸ ਅਧਿਕਾਰੀਆਂ ਨੂੰ ਅਣਅਧਿਕਾਰਤ ਮੁਆਫੀ ਦੇ ਰਖੀ ਹੈ ਜਿਨ੍ਹਾਂ ਨੇ 1984-1998 ਦਰਮਿਆਨ ਫਰਜ਼ੀ ਪੁਲਿਸ ਮੁਕਾਬਲਿਆਂ ਵਿਚ 50,000 ਤੋਂ ਸਿਖਾਂ ਨੂੰ ਮਾਰ ਮੁਕਾਇਆ ਸੀ।

‘1984 ਹਾਂ ਨਸਲਕੁਸ਼ੀ ਹੈ’ ਲਹਿਰ ਦੌਰਾਨ ਏ ਆਈ ਐਸ ਐਸ ਐਫ ਪਟੀਸ਼ਨ ਦੇ ਸਮਰਥਨ ਵਿਚ ਦਸਤਖਤ ਇਕਠੇ ਕਰਨ ਲਈ ਪੰਜਾਬ ਦੇ ਸਾਰੇ ਜ਼ਿਲਿਆਂ ਵਿਚ ਜਾਏਗੀ ਤੇ 1984-1998 ਦਰਮਿਆਨ ਫਰਜ਼ੀ ਪੁਲਿਸ ਮੁਕਾਬਲਿਆਂ ਵਿਚ ਮਾਰੇ ਗਏ ਸਿਖਾਂ ਬਾਰੇ ਜਾਣਕਾਰੀ ਵੀ ਇਕੱਠੇ ਕਰੇਗੀ। ਪੀਰ ਮੁਹੰਮਦ ਨੇ ਕਿਹਾ ਕਿ ਏ ਆਈ ਐਸ ਐਸ ਐਫ ਉਨ੍ਹਾਂ 18 ਰਾਜਾਂ ਦਾ ਵੀ ਦੌਰਾ ਕਰੇਗੀ ਜਿਥੇ ਸਿਖਾਂ ’ਤੇ ਨਵੰਬਰ 1984 ਦੌਰਾਨ ਨਸਲਕੁਸ਼ੀ ਹਮਲੇ ਕੀਤੇ ਗਏ ਸੀ।

ਸਜਣ ਕੁਮਾਰ ਕੇਸ ਦੀ ਮੁਖ ਗਵਾਹ ਬੀਬੀ ਜਗਦੀਸ਼ ਕੌਰ ਦੀ ਅਗਵਾਈ ਵਿਚ ਸਿਖ ਨਸਲਕੁਸ਼ੀ ਦੇ ਪੀੜਤਾਂ ਦਾ ਇਕ ਵਡਾ ਇਕੱਠ ‘1984 ਹਾਂ ਨਸਲਕੁਸ਼ੀ ਹੈ’ ਲਹਿਰ ਵਿਚ ਸ਼ਾਮਿਲ ਹੋਇਆ ਤੇ ਉਨ੍ਹਾਂ ਨੇ ‘1984 ਨਸਲਕੁਸ਼ੀ ਪਟੀਸ਼ਨ’ ਦੇ ਸਮਰਥਨ ਵਿਚ ਦਸ ਲਖ ਤੋਂ ਵਧ ਦਸਤਖਤ ਇਕੱਠੇ ਕਰਨ ਲਈ

ਸਿਖ ਧਰਮ ਦੇ ਪੰਜਾਂ ਤਖਤਾਂ ਵਿਖੇ ਬਾਰੀ ਇਕਠ ਕਰਨ ਦਾ ਪ੍ਰਣ ਕੀਤਾ। ਬੀਬੀ ਜਗਦੀਸ਼ ਕੌਰ ਨੇ ਹੋਰ ਕਿਹਾ ਕਿ ਇਸੇ ਸਬੰਧ ਵਿਚ ‘1984 ਹਾਂ ਨਸਲਕੁਸ਼ੀ ਹੈ’ ਦਾ ਇਕ ਫਲੋਟ ਤਿਆਰ ਕੀਤਾ ਜਾਵੇਗਾ ਜਿਸ ਵਿਚ ਤਖਤਾਂ ’ਤੇ ਕੀਤੇ ਜਾਣ ਵਾਲੇ ਇਕਠਾਂ ਵਿਚ ਸ਼ਾਮਿਲ ਹੋਣ ਲਈ ਸਿਖ ਨਸਲਕੁਸ਼ੀ ਦੇ ਪੀੜਤਾਂ ਤੇ ਵਿਧਵਾਵਾਂ ਨੂੰ ਲੈਕੇ ਜਾਇਆ ਕਰੇਗਾ।

ਬੀਬੀ ਜਗਦੀਸ਼ ਕੌਰ ਦੀ ਅਗਵਾਈ ਵਿਚ 1984 ਸਿਖ ਨਸਲਕੁਸ਼ੀ ਦੇ ਪੀੜਤਾਂ ਤੇ ਵਿਧਵਾਵਾਂ ਦੇ ਨਾਲ ਕਰਨੈਲ ਸਿੰਘ ਪੀਰ ਮੁਹੰਮਦ ਦੀ ਅਗਵਾਈ ਵਿਚ ਏ ਆਈ ਐਸ ਐਸ ਐਫ ਦੇ ਮੈਂਬਰਾਂ ਦਾ ਇਕ ਵਫਦ ਨਵੰਬਰ 2012 ਵਿਚ ਜਨੇਵਾ ਸਵਿਟਜਰਲੈਂਡ ਜਾਏਗਾ ਜਿਥੇ ਸਯੰਕਤ ਰਾਸ਼ਟਰ ਦੇ ਮਨੁੱਖੀ ਅਧਿਕਾਰਾਂ ਬਾਰੇ ਹਾਈ ਕਮਿਸ਼ਨ ਨੂੰ ‘1984 ਨਸਲਕੁਸ਼ੀ ਪਟੀਸ਼ਨ’ ਪੇਸ਼ ਕੀਤੀ ਜਾਵੇਗੀ।

ਨਿਊਯਾਰਕ ਤੋਂ ਜਾਰੀ ਇਕ ਬਿਆਨ ਵਿਚ ਸਿਖਸ ਫਾਰ ਜਸਟਿਸ ਦੇ ਕਾਨੂੰਨ ਸਲਾਹਕਾਰ ਅਟਾਰਨੀ ਗੁਰਪਤਵੰਤ ਸਿੰਘ ਪੰਨੂ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਅਤੇ ਹਦਾਇਤਾਂ ਤਹਿਤ ਸ਼ੁਰੂ ਕੀਤੀ ਗਈ ‘1984 ਹਾਂ ਨਸਲਕੁਸ਼ੀ ਹੈ’ ਲਹਿਰ ਨੂੰ ਅਮਰੀਕਾ, ਕੈਨੇਡਾ ਤੇ ਯੁਰਪੀਨ ਯੂਨੀਅਨ ਦੇ ਦੇਸ਼ਾਂ ਵਿਚ ਲਿਜਾਇਆ ਜਾਵੇਗਾ ਜਿਥੇ ‘1984 ਨਸਲਕੁਸ਼ੀ ਪਟੀਸ਼ਨ ’ ਦੇ ਸਮਰਥਨ ਵਿਚ ਵਧ ਤੋਂ ਵਧ ਦਸਤਖਤ ਇਕੱਠੇ ਕੀਤੇ ਜਾਣਗੇ। ਅਟਾਰਨੀ ਪੰਨੂ ਨੇ ਅੱਗੇ ਕਿਹਾ ਕਿ ਸਿਖ ਭਾਈਚਾਰੇ ਨਾਲ ਵਿਸ਼ਵ ਪੱਧਰ ’ਤੇ ਸੰਪਰਕ ਕਾਇਮ ਕਰਨ ਲਈ ਇਕ ਵੈਬਸਾਈਟ (—) ਵੀ ਸ਼ੁਰੂ ਕੀਤੀ ਜਾਵੇਗੀ ਤੇ ਹੋਰਨਾਂ ਭਾਈਚਾਰਿਆਂ ਤੋਂ ਵੀ ਕੌਮਾਂਤਰੀ ਪੱਧਰ ’ਤੇ ਸਮਰਥਨ ਹਾਸਿਲ ਕੀਤਾ ਜਾਵੇਗਾ ਖਾਸ ਕਰਕੇ ਯਹੂਦੀ ਲੋਕਾਂ ਤੋਂ ਜਿਨ੍ਹਾਂ ਨੂੰ ਨਾਜੀਆਂ ਦੇ ਹਥੋਂ ਨਸਲਕੁਸ਼੍ਰੀ ਦੀ ਮਾਰ ਝਲਣੀ ਪਈ ਸੀ।

ਕਰਨੈਲ ਸਿੰਘ ਪੀਰ ਮੁਹੰਮਦ ਨੇ ਸਿੱਖ ਸਿਆਸਤ ਨੂੰ ਜਾਣਕਾਰੀ ਦਿੱਤੀ ਕਿ ਇਸ ਮੌਕੇ ਉੱਤੇ ਹੋਰਨਾਂ ਤੋਂ ਇਲਾਵਾ ਅਕਾਲੀ ਦਲ ਪੰਚ ਪ੍ਰਧਾਨੀ ਦੇ ਮੁਖੀ ਭਾਈ ਦਲਜੀਤ ਸਿੰਘ ਬਿੱਟੂ, ਦਮਦਮੀ ਟਕਸਾਲ ਦੇ ਸਾਬਕਾ ਮੁੱਖ ਬੁਲਾਰੇ ਭਾਈ ਮੋਹਕਮ ਸਿੰਘ, ਸਿੰਘ ਸਾਹਿਬ ਗਿਆਨੀ ਪਰਤਾਪ ਸਿੰਘ, ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਭਾਈ ਪਰਮਜੀਤ ਸਿੰਘ ਗਾਜ਼ੀ ਤੇ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਵੀ ਹਾਜ਼ਰ ਹੋਏ ਤੇ ਉਨ੍ਹਾਂ ਪਟੀਸ਼ਨ ਉੱਤੇ ਦਸਤਖਤ ਵੀ ਕੀਤੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , ,