ਸਿਆਸੀ ਖਬਰਾਂ » ਸਿੱਖ ਖਬਰਾਂ

ਅਕਾਲੀ ਪਰੰਪਰਾਵਾਂ ਦੀ ਪੁਨਰ ਸੁਰਜੀਤੀ ਲਈ ਸਿੱਖ ਚੇਤਨਾ ਲਹਿਰ ਦੀ ਲੋੜ: ਭਾਈ ਦਲਜੀਤ ਸਿੰਘ

May 24, 2012 | By

ਲੁਧਿਆਣਾ (24 ਮਈ, 2012): ਅਕਾਲੀ ਦਲ ਪੰਚ ਪਰਧਾਨੀ ਦੇ ਚੇਅਰਮੈਨ ਭਾਈ ਦਲਜੀਤ ਸਿੰਘ (ਬਿੱਟੂ) ਨੇ ਅੱਜ ਅਕਾਲੀ ਦਲ ਦੇ ਨਾਂ ਉੱਤੇ ਕੀਤੀ ਜਾ ਰਹੀ ਸਿਧਾਂਤ ਹੀਣ ਅਤੇ ਮੌਕਾ-ਪ੍ਰਸਤ ਸਿਆਸਤ ਬਾਰੇ ਇਕ ਵਿਸਤਾਰਤ ਬਿਆਨ ਰਾਹੀਂ ਗੰਭੀਰ ਟਿੱਪਣੀਆਂ ਕੀਤੀਆਂ ਹਨ ਅਤੇ ਸਿੱਖ ਸਿਆਸਤ ਦੇ ਕਈ ਜਰੂਰੀ ਪੱਖਾਂ ਬਾਰੇ ਆਪਣੀ ਪਹੁੰਚ ਸਾਂਝੀ ਕੀਤੀ ਹੈ।

ਅਕਾਲੀ ਦਲ ਪੰਚ ਪ੍ਰਧਾਨੀ ਦੀ ਵੈਬਸਾਈਟ ਉੱਤੇ ਜਾਰੀ ਕੀਤੇ ਗਏ ਇਸ ਬਿਆਨ ਅਨੁਸਾਰ ਭਾਈ ਦਲਜੀਤ ਸਿੰਘ ਨੇ ਅਕਾਲੀ ਦਲ ਬਾਦਲ ਵਲੋਂ ਸਿੱਖ ਸਿਧਾਤਾਂ ਨੂੰ ਤਿਆਗ ਕੇ ਸਿੱਖ ਮੁੱਦਿਆਂ ਉੱਤੇ ਮੌਕਾਪ੍ਰਸਤ ਤੇ ਥਿੜਕਵੀ ਬਿਆਨਬਾਜੀ ਉੱਤੇ ਟਿੱਪਣੀ ਕਰਦਿਆਂ ਕਿਹਾ ਕਿ ਅਕਾਲੀ ਦਲ ਦੇ ਗਠਨ ਦਾ ਆਧਾਰ ਸਿੱਖ ਸਿਧਾਂਤ ਤੇ ਨੈਤਿਕ ਕਦਰਾਂ-ਕੀਮਤਾਂ ਸਨ ਅਤੇ ਅਕਾਲੀ ਦਲ ਨੇ ਸਿੱਖੀ ਸਿਧਾਂਤਾਂ ਵਿਚ ਦ੍ਰਿੜ ਰਹਿੰਦਿਆਂ ਕੁਰਬਾਨੀਆਂ ਭਰਿਆ ਇਤਿਹਾਸ ਰਚਿਆ ਜਿਸ ਉੱਤੇ ਹਰੇਕ ਸਿੱਖ ਨੂੰ ਮਾਣ ਹੈ ਪਰ ਵਰਤਮਾਨ ਵਿਚ ਅਕਾਲੀ ਦਲ ਬਾਦਲ ਵਲੋਂ ਅਕਾਲੀ ਪਰੰਪਰਾਵਾਂ ਨੂੰ ਪੈਰੀ ਰੋਲਣ ਵਿਚ ਕੋਈ ਕਸਰ ਨਹੀਂ ਛੱਡੀ।

ਉਹਨਾਂ ਕਿਹਾ ਕਿ ਭਾਵੇਂ ਕਿ ਪੰਜਾਬ ਵਿਚ ਦੁਬਾਰਾ ਅਕਾਲੀ ਦਲ ਬਾਦਲ ਨੇ ਆਪਣੀ ਸਰਕਾਰ ਬਣਾ ਲਈ ਹੈ ਪਰ ਇਸ ਨਾਲ ਅਕਾਲੀ ਦਲ ਨੂੰ ਖੋਰਾ ਲੱਗਾ ਹੈ। ਸਿਧਾਂਤਕ ਤੌਰ ‘ਤੇ ਅਕਾਲੀ ਦਲ ਨੂੰ ਪੰਜਾਬ ਦੇ ਗਰੀਬ-ਦਲਤ ਵਰਗ ਨਾਲ ਸਾਂਝ ਵਧਾਉਂਣੀ ਚਾਹੀਦੀ ਸੀ ਪਰ ਇਸ ਦੇ ਬਿਲਕੁਲ ਉਲਟ ਭਾਜਪਾ ਜਿਹੀ ਕੱਟੜ ਬ੍ਰਾਹਮਣਵਾਦੀ-ਸਰਮਾਏਦਾਰ ਪਾਰਟੀ ਨਾਲ ਗਠਜੋੜ ਕਰਕੇ ਉਸਦਾ ਪੰਜਾਬ ਵਿਚ ਪ੍ਰਭਾਵ ਵਧਾਇਆ।

ਉਹਨਾਂ ਕਿਹਾ ਕਿ 20 ਮਈ ਨੂੰ ਜੂਨ 84 ਘੱਲੂਘਾਰੇ ਦੀ ਯਾਦਗਾਰ ਦੇ ਨੀਂਹ ਪੱਥਰ ਰਖਣ ਸਮੇਂ ਅਕਾਲੀ ਦਲ ਬਾਦਲ ਦੀ ਸਮੁੱਚੀ ਲੀਡਰਸ਼ਿਪ ਦਾ ਗੈਰ-ਹਾਜ਼ਰ ਰਹਿਣਾ ਅਕਾਲੀ ਦਲ ਦੀ ਮੌਕਾਪ੍ਰਸਤ ਸਿਆਸਤ ਬਾਰੇ ਦੱਸ ਪਾਉਂਦਾ ਹੈ।ਉਹਨਾਂ ਕਿਹਾ ਕਿ ਅਕਾਲੀ ਦਲ ਬਾਦਲ ਨੇ ਅਕਾਲੀ ਪਰੰਪਰਾਵਾਂ ਨੂੰ ਤਿਅਗਦਿਆਂ ਕਹਿਣੀ-ਕਰਣੀ ਵਿਚ ਢੇਰ ਸਾਰਾ ਫਰਕ ਲੈ ਆਂਦਾ ਹੈ ਜੋ ਕਿ ਸਿੱਖ ਸਿਆਸਤ ਵਿਚ ਇਕ ਖਲਾਅ ਦਾ ਕਾਰਨ ਬਣਿਆ ਹੈ ਜਿਸਦੀਆਂ ਕੁੱਝ ਪਰਤੱਖ ਮਿਸਾਲਾਂ ਹੇਠ ਲਿਖੇ ਅਨੁਸਾਰ ਹਨ:

1. ਕਿ ਇਕ ਪਾਸੇ ਕਾਂਗਰਸ ਨੂੰ ਜੂਨ 84 ਤੇ ਨਵੰਬਰ 84 ਲਈ ਭੰਡਣਾ ਤੇ ਦੂਜੇ ਪਾਸੇ 28 ਸਾਲਾਂ ਤੱਕ ਇਹਨਾਂ ਵੱਡੇ ਦੁਖਾਂਤਾਂ ਲਈ ਸਬੰਧੀ ਕੁੱਝ ਵੀ ਨਾ ਕਰਨਾ।

2. ਇਕ ਪਾਸੇ ਸੰਤ ਜਰਨੈਲ ਸਿੰਘ ਤੇ ਖਾੜਕੂ ਸਿੰਘਾਂ ਨੂੰ ਸ਼ਹੀਦ ਕਹਿਣਾ  ਤੇ ਦੂਜੇ ਪਾਸੇ ਵਿਧਾਨ ਸਭਾ ਵਿਚ ਉਹਨਾਂ ਨੂੰ ਮੁਜਰਿਮ ਕਹਿਣਾ।

3. ਕਿ ਇਕ ਪਾਸੇ ਨਵੰਬਰ 84 ਸਿੱਖ ਕਤਲੇਆਮ ਕਰਨ ਵਾਲੀ ਕਾਂਗਰਸ ਪਾਰਟੀ ਨੂੰ ਤਾਂ ਸਿੱਖਾਂ ਦੀਆਂ ਵੋਟਾਂ ਲੈਣ ਲਈ ਕਾਤਲ ਕਹਿਣਾ ਪਰ ਨਾਲ ਹੀ 2002 ਵਿਚ ਗੁਜਰਾਤ ਵਿਚ ਮੁਸਲਮਾਨਾਂ ਦਾ ਕਤਲੇਆਮ ਕਰਨ ਵਾਲੇ ਨਰਿੰਦਰ ਮੋਦੀ ਦੇ ਸਿਰ ਉੱਤੇ ਪੱਗਾਂ ਬੰਨਣੀਆਂ।

4. ਕਿ ਇਕ ਪਾਸੇ ਜੂਨ 84 ਵਕਤ ਧਰਮੀ ਫੌਜੀਆਂ ਨੂੰ ਬਗਾਵਤ ਕਰਨ ਲਈ ਕਹਿਣਾ ਤੇ ਫਿਰ ਉਹਨਾਂ ਨੂੰ ਵਿਸਾਰ ਦੇਣਾ।

5. ਕਿ ਇਕ ਪਾਸੇ ਅਨੰਦਪੁਰ ਦੇ ਮਤੇ ਦੀ ਪਰਾਪਤੀ ਦੀ ਗੱਲ ਕਰਨੀ ਤੇ ਦੂਜੇ ਪਾਸੇ ਕੇਂਦਰਵਾਦ ਨੂੰ ਵਧਾਉਂਣ ਵਾਲੀ ਭਾਜਪਾ ਦੇ ਅਧੀਨ ਹੋ ਕੇ ਚੱਲਣਾ।

6. ਕਿ ਇਕ ਪਾਸੇ ਯੂ.ਐੱਨ.ਓ ਕੋਲ ਸਿੱਖਾਂ ਨੂੰ ਸਵੈ-ਨਿਰਣੈ ਦਾ ਹੱਕ ਲੈਣ ਲਈ ਮਤਿਆਂ ‘ਤੇ ਦਸਤਖ਼ਤ ਕਰਕੇ ਦੇਣੇ ਪਰ ਦੂਜੇ ਪਾਸੇ ਭਾਰਤ ਦੀ ਏਕਤਾ-ਅਖੰਡਤਾ ਦੇ ਸਭ ਤੋਂ ਵੱਡੇ ਪਹਿਰੇਦਾਰ ਬਣਨਾ।

7. ਕਿ ਇਕ ਪਾਸੇ ਪੰਜਾਬ ਪੁਲਿਸ ਤੇ ਸੁਰੱਖਿਆਂ ਦਸਤਿਆਂ ਵਲੋਂ ਕੀਤੇ ਕਤਲਾਂ ਤੇ ਜੁਲਮਾਂ ਦਾ ਹਿਸਾਬ ਲੈਣ ਦਾ ਕਰਾਰ ਕਰਨਾ ਤੇ ਦੂਜੇ ਪਾਸੇ ਸਿੱਖ ਸੰਗਤਾਂ ਵਲੋਂ ਬਣਾਏ ਪੀਪਲਜ਼ ਕਮਿਸ਼ਨ ਨੂੰ ਭੰਗ ਕਰਕੇ ਕਾਤਲ ਪੁਲਿਸ ਅਫਸਰਾਂ ਨੂੰ ਸਜ਼ਾ ਤੋਂ ਬਚਾ ਕੇ ਤਰੱਕੀਆਂ ਦੇਣੀਆਂ।

8. ਕਿ ਇਕ ਪਾਸੇ ਟਾਡਾ- ਪੋਟਾ ਵਰਗੇ ਕਾਲੇ ਕਾਨੂੰਨਾਂ ਦਾ ਵਿਰੋਧ ਕਰਨਾ ਪਰ ਨਾਲ ਹੀ ਟਾਡਾ-ਪੋਟਾ ਦੇ ਨਵੇਂ ਅਵਤਾਰ ਯੂ.ਏ.ਪੀ ਐਕਟ ਨੂੰ ਪੰਜਾਬ ਵਿਚ ਲਾਗੂ ਕਰਨਾ ਤੇ ਐੱਨ.ਸੀ.ਟੀ.ਸੀ ਦਾ ਪੱਖ ਲੈਕੇ ਇਹਨਾਂ ਨੂੰ ਪੰਜਾਬ ਵਿਚ ਲਾਗੂ ਕਰਨ ਦੀਆਂ ਗੱਲਾਂ ਕਰਨੀਆਂ ਅਤੇ ਪੰਜਾਬ ਜਨਤਕ ਜਾਇਦਾਦ ਦਾ ਨੁਕਸਾਨ ਰੋਕੂ ਕਾਨੂੰਨ, 2010 ਅਤੇ ਪੰਜਾਬ ਵਿਸ਼ੇਸ਼ ਸੁਰੱਖਿਆ ਟੁਕੜੀ ਬਿੱਲ, 2010 (Punjab Prevention of Damage to Public and Private Property Act, 2010 ਅਤੇ Punjab Special Security Group Bill, 2010) ਪਾਸ ਕਰਨੇ।

9. ਕਿ ਇਕ ਪਾਸੇ ਪੰਜਾਬੀ ਨੂੰ ਪ੍ਰਫੁੱਲਤ ਕਰਨ ਲਈ ਐਕਟ ਬਣਾਉਣੇ ਪਰ ਨਾਲ ਹੀ ਪੰਜਾਬੀ ਨੂੰ ਹਿੰਦੀ ਤੇ ਅੰਗਰੇਜ਼ੀ ਦੇ ਅਧੀਨ ਕਰਨ ਦੀ ਨੀਤੀ ‘ਤੇ ਅਮਲ ਕਰਨਾ।

10. ਕਿ ਇਕ ਪਾਸੇ ਦਰਿਆਈ ਪਾਣੀਆਂ ਨੂੰ ਬਚਾਉਂਣਹ ਦੀ ਗੱਲ ਕਰਨੀ ਪਰ ਦੂਜੇ ਪਾਸੇ ਕਾਂਗਰਸ ਨਾਲ ਰਲ ਕੇ ਹਰਿਆਣਾ, ਦਿੱਲੀ, ਰਾਜਸਥਾਨ ਨੂੰ ਦਰਿਆਈ ਪਾਣੀ ਪੱਕੇ ਤੌਰ ‘ਤੇ ਦੇਣ ਲਈ ਪੰਜਾਬ ਵਿਧਾਨ ਸਭਾ ਵਿਚ ਸਰਬ ਸੰਮਤੀ ਨਾਲ ਮਤਾ ਪਾਸ ਕਰਨਾ।

11. ਕਿ ਇਕ ਪਾਸੇ ਪੰਜਾਬ ਨੂੰ ਖੁਸਹਾਲ ਤੇ ਖਜਾਨੇ ਭਰੇ ਹੋਣ ਦੀ ਗੱਲ ਕਰਨਾ ਦੂਜੇ ਪਾਸੇ ਕੇਂਦਰ ਸਰਕਾਰ ਕੋਲੋਂ ਫੰਡ ਲੈਣ ਲਈ ਲਿਲਕੜੀਆਂ ਕੱਢਣੀਆਂ।

12. ਕਿ ਇਕ ਪਾਸੇ ਪੰਜਾਬ ਸਿਰ ਖਾੜਕੂਵਾਦ ਸਮੇਂ ਚੜ੍ਹੇ ਕਰਜ਼ੇ ਨੂੰ ਮੁਆਫ ਕਰਾਉਂਣ ਨੂੰ ਆਪਣੀ ਪ੍ਰਾਪਤੀ ਦੱਸਣਾ ਪਰ ਦੂਜੇ ਪਾਸੇ ਕੇਂਦਰ ਤੋਂ ਦੁਬਾਰਾ-ਦੁਬਾਰਾ ਕਰਜ਼ਾ ਮੁਆਫ ਕਰਨ ਦੀ ਬਿਆਨਬਾਜ਼ੀ ਕਰਨੀ।

13. ਕਿ ਇਕ ਪਾਸੇ ਡੇਰਾਵਾਦ ਨੂੰ ਨੱਥ ਪਾਉਂਣ ਦੀ ਗੱਲ ਕਰਨੀ ਪਰ ਵਿਵਹਾਰ ਵਿਚ ਡੇਰੇਦਾਰਾਂ ਅੱਗੇ ਗੋਡੇ ਟੇਕਣੇ ਤੇ ਉਹਨਾਂ ਨੂੰ ਪ੍ਰਫੁੱਲਤ ਕਰਨਾ।

14. ਕਿ ਇਕ ਪਾਸੇ ਕਿਸਾਨਾਂ ਦੇ ਸਭ ਤੋਂ ਵੱਧ ਹਿੱਤਕਾਰੀ ਕਹਾਉਂਣਾ ਪਰ ਨਾਲ ਹੀ ਕਿਸਾਨੀ ਦੇ ਉਜਾੜੇ ਤੇ ਖੁਦਕੁਸ਼ੀਆਂ ਉੱਪਰ ਆਪਣੇ ਮਹਿਲ ਉਸਾਰਨੇ।

15. ਕਿ ਇਕ ਪਾਸੇ ਕੇਂਦਰ ਦੀ ਧੱਕੜ ਤੇ ਲੋਟੂ ਆਰਥਿਕ ਨੀਤੀ ਨੂੰ ਭੰਡਣਾ ਤੇ ਦੂਜੇ ਪਾਸੇ ਉਸੀ ਹੀ ਨੀਤੀ ਨੂੰ ਸਿਦਕਦਿਲੀ ਨਾਲ ਅਮਲ ਕਰਨਾ।

16. ਕਿ ਇਕ ਪਾਸੇ ਨਸ਼ਿਆਂ ਨੂੰ ਰੋਕਣ ਦੀਆਂ ਗੱਲਾਂ ਕਰਨੀਆਂ ਪਰ ਨਸ਼ਿਆਂ ਨੂੰ ਸਰਕਾਰੀ ਖਜ਼ਾਨਾ ਭਰਨ ਲਈ ਵਰਤਣਾ ਤੇ ਨਸ਼ਿਆਂ ਦੇ ਸੌਦਾਗਰਾਂ ਨੂੰ ਸਰਪ੍ਰਸਤੀ ਦੇਣੀ।

17. ਕਿ ਇਕ ਪਾਸੇ ਪੰਜਾਬ ਦੇ ਹਰ ਵਾਸੀ ਨੂੰ ਸਿੱਖਿਆ ਤੇ ਸਿਹਤ ਦੇਣ ਦੀ ਗੱਲ ਕਰਨੀ ਪਰ ਅਮਲ ਵਿਚ ਇਹ ਮੁਢਲੀਆਂ ਸਹੂਲਤਾਂ ਨੂੰ ਅਮੀਰਾਂ ਤੱਕ ਸੀਮਤ ਕਰਕੇ ਗਰੀਬਾਂ ਨੂੰ ਇਹਨਾਂ ਤੋਂ ਵਾਂਝਿਆਂ ਕਰਨਾ।

18. ਕਿ ਇਕ ਪਾਸੇ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦੇ ਦਮਗਜ਼ੇ ਮਾਰਨੇ ਪਰ ਖੁਦ ਸਾਰੀ ਟੇਕ ਹੀ ਭ੍ਰਿਸ਼ਟਾਚਾਰ ‘ਤੇ ਰੱਖਣੀ।

ਭਾਈ ਦਲਜੀਤ ਸਿੰਘ ਨੇ ਕਿਹਾ ਕਿ ਅਕਾਲੀ ਦਲ ਦੇ ਸੰਵਿਧਾਨ ਵਿਚ ਇਹ ਦਰਜ਼ ਸੀ ਕਿ ਜੇਕਰ ਕਦੇ ਅਕਾਲੀ ਦਲ ਦੀ ਸਰਕਾਰ ਬਣ ਵੀ ਜਾਵੇ ਤਾਂ ਅਕਾਲੀ ਦਲ ਦਾ ਪ੍ਰਧਾਨ ਕਦੇ ਵੀ ਕੋਈ ਸਰਕਾਰੀ ਅਹੁਦਾ ਨਹੀਂ ਲਵੇਗਾ ਪਰ ਹੁਣ ਸਰਕਾਰ ਤੇ ਪਾਰਟੀ ਦੇ ਬਹੁਤੇ ਪ੍ਰਮੁੱਖ aਹੁਦੇ ਹੀ ਪ੍ਰਧਾਨ ਦੇ ਆਪਣੇ ਰਿਸ਼ਤੇਦਾਰਾਂ ਕੋਲ ਹਨ। ਉਹਨਾਂ ਕਿਹਾ ਕਿ ਅਕਾਲੀ ਦਲ ਦਾ ਮੱਖ ਮਨੋਰਥ ਸਿੱਖਾਂ ਦੇ ਹਿੱਤਾਂ ਲਈ ਕੰਮ ਕਰਨ ਦਾ ਸੀ ਪਰ ਹੁਣ ਤਾਂ ਅਕਾਲੀ ਦਲ ਦੀ ਹਾਲਤ ਇਹ ਹੈ ਕਿ ਇਸਨੇ ਧਰਮ ਯੁੱਧ ਮੋਰਚੇ ਦੀਆਂ ਉਹਨਾਂ ਹੱਕੀ ਮੰਗਾਂ ਨੂੰ ਵਿਸਾਰ ਦਿੱਤਾ ਹੈ ਜਿਹਨਾਂ ਹੱਕੀ ਮੰਗਾਂ ਨੂੰ ਆਧਾਰ ਬਣਾ ਕੇ ਦਿੱਲੀ ਸਰਕਾਰ ਨੇ ਜੂਨ 84 ਘੱਲੂਘਾਰਾ ਕੀਤਾ ਸੀ। ਹੁਣ ਪੰਥ ਦੇ ਹਿੱਤਾਂ ਨਾਲੋਂ ਲੀਡਰਾਂ ਦੇ ਹਿੱਤ ਮੂਹਰੇ ਹਨ। ਅੱਜ ਟਹਸਾਲੀ ਅਕਾਲੀਆਂ ਤੇ ਕੁਰਬਾਨੀ ਕਰਨ ਵਾਲੇ ਸਿੱਖਾਂ ਦੀ ਕੋਈ ਵੁੱਕਤ ਨਹੀਂ, ਹੁਣ ਤਾਂ ਪੈਸੇ ਤੇ ਸੱਤਾ ਨੂੰ ਹੀ ਸਭ ਕੁਝ ਬਣਾ ਦਿੱਤਾ ਗਿਆ ਹੈ। ਅਕਾਲੀ ਜਥੇਦਾਰ ਜੋ ਕਦੇ ਸਦਾਚਾਰ ਤੇ ਸੰਘਰਸ਼ ਦੇ ਪ੍ਰਤੀਕ ਸਨ ਅੱਜ ਲੋਕਾਂ ਵਿਚ ਉਹਨਾਂ ਦੀ ਇੱਜ਼ਤ ਘੱਟ ਗਈ ਹੈ। ਅਕਾਲੀ ਦਲ ਦੇ ਸਿਧਾਂਤ ਤੇ ਸੱਭਿਆਚਾਰ ਨੂੰ ਵੱਡਾ ਖੋਰਾ ਲੱਗ ਚੁੱਕਾ ਹੈ।

ਉਹਨਾਂ ਕਿਹਾ ਕਿ ਮੌਜੁਦਾ ਨਾਜ਼ੁਕ ਸਥਿਤੀ ਵਿਚ ਅਕਾਲੀ ਪਰੰਪਰਾਵਾਂ ਦੀ ਪੁਨਰ ਸੁਰਜੀਤੀ ਲਈ ਸਿੱਖ ਚੇਤਨਾ ਲਹਿਰ ਉਸਾਰਨ ਦੀ ਲੋੜ ਹੈ ਅਤੇ ਇਸ ਲਈ ਅਕਾਲੀ ਵਰਕਰਾਂ ਤੇ ਜਥੇਦਾਰਾਂ ਨੂੰ ਸੁਚੇਤ ਹੋਣਾ ਪਵੇਗਾ ਅਤੇ ਇਹ ਤਾਂ ਹੀ ਹੋ ਸਕੇਗਾ ਜੇਕਰ ਅਸੀਂ ਗੁਰੂ ਗ੍ਰੰਥ ਤੇ ਗੁਰੂ ਪੰਥ ਨੂੰ ਸਮਰਪਤ ਹੋਵਾਂਗੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,